Punjabi Poetry : Chanan Singh Jethuwalia

ਪੰਜਾਬੀ ਕਵਿਤਾਵਾਂ : ਚੰਨਣ ਸਿੰਘ ਜੇਠੂਵਾਲੀਆ

1. ਆਪ-ਮੁਹਾਰੀਆਂ-੧

ਹੁਸਨ ਇਸ਼ਕ ਦੀ
ਸਾਂਝ ਹੈ ਧੁਰ ਤੋਂ,
ਏਹੋ ਰੰਗਦੀ ਰੁਚੀਆਂ ਸਾਰੀਆਂ !

ਰੂਪ ਫਬਨ ਵੱਲ
ਤਕ ਤਕ ਖੀਵੀਆਂ
ਹੋਣ ਪ੍ਰੀਤਾਂ ਕੁਆਰੀਆਂ !!

ਹੱਸ ਹੱਸ ਆਪਾ
ਵਾਰ ਦੇਣ !
ਦੇ ਆਪਾ ਗਈਆਂ ਮਾਰੀਆਂ !!

ਆਖ ਸਜਣ
ਕੀ ਵੱਸ ਕਿਸੇ ਦੇ
ਐਉਂ ਹੋਣ ਜੇ ਆਪ-ਮੁਹਾਰੀਆਂ !

2. ਆਪ-ਮੁਹਾਰੀਆਂ-੨

ਨੈਣ ਨੈਣਾਂ ਵਲ
ਤਕ ਤਕ ਰਸਦੇ,
ਤੇ ਰਜ ਰਜ ਚੜ੍ਹਨ ਖ਼ੁਮਾਰੀਆਂ !

ਨੈਣ ਨੈਣਾਂ ਨੂੰ
ਘਾਇਲ ਕਰਦੇ,
ਤੇ ਨੈਣ ਹੀ ਕਰਦੇ ਦਾਰੀਆਂ !

ਨੈਣ ਨੈਣਾਂ ਵਿਚ
ਜਾ ਜਾ ਬਹਿੰਦੇ,
ਤੇ ਨੈਣ ਹੀ ਲਾਉਂਦੇ ਯਾਰੀਆਂ !

ਆਖ ਸੱਜਣ
ਕੀ ਵੱਸ ਕਿਸੇ ਦੇ,
ਐਉਂ ਹੋਣ ਜੇ ਆਪ-ਮੁਹਾਰੀਆਂ !

3. ਆਪ-ਮੁਹਾਰੀਆਂ-੩

ਉਰਿਉਂ ਉਰੇ ਤੋਂ
ਪਰਿਉਂ ਪਰੇ ਤਕ
ਡਾਢੀਆਂ ਪਰਦੇਦਾਰੀਆਂ !
ਕਿਉਂ ਰਖੀਆਂ ਨੇ
ਫੇਰ ਹੁਸਨ ਨੇ
ਥਾਂ ਥਾਂ ਖੁਲ੍ਹੀਆਂ ਬਾਰੀਆਂ ?
ਇਸ਼ਕ ਨਿਮਾਣਾ
ਤਕ ਤਕ ਤੜਪੇ !
ਵਿੱਥਾਂ ਨਾ ਜਾਣ ਸਹਾਰੀਆਂ !
ਵੇਖ ਸਜਨਾ
ਇੱਕੇ ਐਨਾਂ ਪਰਦਾ !
ਇੱਕੇ ਝਾਤੀਆਂ ਆਪ-ਮੁਹਾਰੀਆਂ !!!

4. ਕਿਰਪਾਣ-੧

ਕਿਰਪਾਣ ਆਈ ! ਕਿਰਪਾਣ ਆਈ !!
ਸਿਰ ਲੱਥਣ, ਲੋਥਾਂ ਢਹਿਣ ਪਈਆਂ !
ਰਤ ਨਿਕਲ ਤਤੀਰੀਆਂ ਵਹਿਣ ਪਈਆਂ !
ਇਨਸਾਨਾਂ ਦੇ ਵਿਚ ਹੈਵਾਨਾਂ ਦੇ
ਜਜ਼ਬਿਆਂ ਨੂੰ ਭੜਕਾਣ ਆਈ !
ਸਿਰ ਲੈ ਸਰਦਾਰ ਬਣਾਣ ਆਈ !
ਔਹ ਵੇਖ ਲਵੋ ਕਿਰਪਾਣ ਆਈ !!

ਤਕ ਕਰਨੀਆਂ ਏਹ ਕਿਰਪਾਣ ਦੀਆਂ
ਕੀ ਰਿਧੀਆਂ ਤੇ ਕੀ ਸਿਧੀਆਂ ਸਭ
ਆ ਆ ਕੇ ਪੈਰੀਂ ਢਹਿਣ ਪਈਆਂ !!
ਹੰਕਾਰ ਹਿਰਸ ਚਮਕਾਣ ਆਈ !
ਤੇ ਵੈਰ ਵਿਰੋਧ ਵਧਾਣ ਆਈ !
ਇਨਸਾਨਾਂ ਨੂੰ ਭਰਮਾ ਭਰਮੂ
ਸ਼ੈਤਾਨੀ ਰਾਹੇ ਪਾਣ ਆਈ !!
ਸਰਦਾਰੀਆਂ ਨਸ਼ਟ ਕਰਾਣ ਆਈ !!
ਔਹ ਵੇਖ ਲਵੋ ਕਿਰਪਾਣ ਆਈ !!

5. ਕਿਰਪਾਣ-੨

ਕਿਰਪਾਣ ਆਈ ! ਕਿਰਪਾਣ ਆਈ !!
ਵੱਢ ਸਿਰ ਨੂੰ ਫੇਰ ਜੁਆ ਦੇਣਾ !
ਜਨ ਸੇਵਾ ਦੇ ਵਿਚ ਲਾ ਦੇਣਾ !
ਮੋਇਆਂ ਨੂੰ ਅਮਰ ਕਰਾਣ ਆਈ !
ਇਕ ਕਰਾਮਾਤ ਦਿਖਲਾਣ ਆਈ !!
ਔਹ ਵੇਖ ਲਵੋ ਕਿਰਪਾਣ ਆਈ !

ਅਪਣੀ ਨਾ ਘਰ ਦੀ ਰੱਖ ਲਈ-
ਨਾ ਮੁਲਕ ਨ ਸ਼ਾਹ ਦੇ ਪੱਖ ਲਈ-
ਕੇਵਲ ਮਜ਼ਲੂਮ ਦੀ ਰੱਖ ਲਈ-
ਹੱਥ ਵਿਚ ਤਲਵਾਰ ਫੜਾਣ ਆਈ !
ਕਿਰਪਾਣ ਸਜਾ ਇਨਸਾਨਾਂ ਨੂੰ
ਨਿਸ਼ਕਾਮ ਭਾਵ ਸਿਖਲਾਣ ਆਈ !
ਸਚ ਮੁਚ ਸਰਦਾਰ ਬਣਾਣ ਆਈ !
ਔਹ ਵੇਖ ਲਵੋ ਕਿਰਪਾਣ ਆਈ !

ਜੋ ਸਿਪਾਹੀ ਕੇਵਲ ਰੱਬ ਦਾ ਹੈ
ਕੁਝ ਉਸ ਨੂੰ ਇਸ ਵਿਚ ਲਭਦਾ ਹੈ,
ਤੇ ਉਸ ਨੂੰ ਈ ਖੰਡਾ ਫਬਦਾ ਹੈ:
ਫ਼ਰਜ਼ ਉਸ ਨੂੰ ਯਾਦ ਕਰਾਣ ਆਈ !
ਸਿਰ ਦੇਣ ਲੈਣ ਸਿਖਲਾਣ ਆਈ !
ਔਹ ਵੇਖ ਲਵੋ ਕਿਰਪਾਣ ਆਈ !!

6. ਇਹ ਸੁਫ਼ਨਿਆਂ ਉਹਲੇ ਕੌਣ ਨੀ

ਦਿਨ ਦੀਵੀਂ ਸੁਫ਼ਨੇ ਆਉਣ ਨੀ,
ਇਹ ਸੁਫ਼ਨਿਆਂ ਉਹਲੇ ਕੌਣ ਨੀ ?

ਤਾਂਘਾਂ ਬਣ ਨੈਣਾਂ ਵਿਚ ਬਹਿੰਦੇ
ਬਣ ਦਿਲਗੀਰੀਆਂ ਜੀ ਵਿਚ ਰਹਿੰਦੇ
ਆਪੇ ਤੋਂ ਗੁੰਮ ਹੋ ਹੋ ਜਾਈਏ
ਸੁਖ ਦਾ ਮਿਲੇ ਨਾ ਸੌਣ ਨੀ
ਇਹ ਸੁਫ਼ਨਿਆਂ ਉਹਲੇ ਕੌਣ ਨੀ ?

ਕਛਦੇ ਫ਼ਿਰਦੇ ਆਲਮ ਸਾਰੇ
ਗਾਹ ਮਾਰੇ ਚੰਨ, ਸੂਰਜ, ਤਾਰੇ
ਟੋਲ ਟੋਲ ਰਚਨਾ ਦੀਆਂ ਖੂੰਜਾਂ
ਸੁੱਤੀਆਂ ਕਲਾਂ ਜਗਾਉਣ ਨੀ
ਇਹ ਸੁਫ਼ਨਿਆਂ ਉਹਲੇ ਕੌਣ ਨੀ ?

ਚੁਪ ਚੁਪੀਤੇ ਕਿਤਿਓਂ ਆਵਣ
ਮਲਕ ਮਲਕੜੇ ਉਘੜੀ ਜਾਵਣ
ਟੋਂਹਦੇ ਫਿਰਨ ਦਿਲਾਂ ਦੀਆਂ ਨਾੜਾਂ
ਰੌਲਾ ਰਤਾ ਨਾ ਪਾਉਣ ਨੀ
ਇਹ ਸੁਫ਼ਨਿਆਂ ਉਹਲੇ ਕੌਣ ਨੀ ?

ਸੁਤਿਆਂ ਕੋਲੋਂ ਲੰਘ ਲੰਘ ਜਾਂਦੇ
ਜਾਗਦਿਆਂ ਨੂੰ ਕਿਉਂ ਤੜਪਾਂਦੇ
ਲਖ ਫੜੀਏ ਕਿਉਂ ਹੱਥ ਨਾ ਆਵਣ ?
ਜਾ ਅੰਬਰਾਂ ਤੇ ਭੌਣ ਨੀ !
ਇਹ ਸੁਫ਼ਨਿਆਂ ਉਹਲੇ ਕੌਣ ਨੀ ?

ਮਚਲੇ ਬਣ ਬਣ ਤਕਦੇ ਰਹਿੰਦੇ
ਵਿੰਹਦਿਆਂ ਵਿੰਹਦਿਆਂ ਏ ਲੁਕ ਬਹਿੰਦੇ
ਖ਼ਬਰੇ ਮੁੜ ਕਿਉਂ ਆਪੂੰ ਆ ਕੇ ?
ਮੇਰੇ ਨੈਣਾਂ ਵਿਚ ਸਮੌਣ ਨੀ !
ਇਹ ਸੁਫ਼ਨਿਆਂ ਉਹਲੇ ਕੌਣ ਨੀ ?

7. ਰੰਗਣਾਂ ਪਿਆਰ ਦੀਆਂ

ਕਦੀ ਨਾ ਦਿਲ ਤੋਂ ਲਹਿਣੀਆਂ
ਰੰਗਣਾਂ ਪਿਆਰ ਦੀਆਂ ।

ਰੱਬ ਦੀ ਕੁੱਖ ਦੀਆਂ ਜਗਾਈਆਂ ਹੋਈਆਂ,
ਰੂਪ ਰੰਗ ਵਿਚ, ਆਈਆਂ ਹੋਈਆਂ,
ਲੁਕੀਆਂ ਕਦੇ ਨਾ ਰਹਿਣੀਆਂ
ਰੰਗਣਾਂ ਪਿਆਰ ਦੀਆਂ ।

ਪਿਆਰ ਬਿਨਾਂ, ਰੂਹ ਨੇ ਨਹੀਂ ਰਜਣਾ,
ਹੁਣ ਜੇ ਨਹੀਂ, ਸੁਖ, ਨਾ ਸਹੀ ਸਜਣਾ,
ਕਦੀ ਤਾਂ ਸਮਝੇ ਪੈਣੀਆਂ
ਰੰਗਣਾਂ ਪਿਆਰ ਦੀਆਂ ।

ਦਿਲ ਮੰਨੀਏਂ ਜਦ ਸਾਖੀ ਦਿਲ ਦਾ,
ਦਿਲ ਹਿੱਲੇ ਤਾਂ ਸਭ ਜਗ ਹਿੱਲਦਾ,
ਅੱਖੀਆਂ ਨੇ ਅੱਖੀਆਂ ਤੋਂ ਲੈਣੀਆਂ
ਰੰਗਣਾਂ ਪਿਆਰ ਦੀਆਂ ।

ਜੁਗਾਂ ਜੁਗਾਂ ਤੋਂ, ਰਸਦੀਆਂ ਆਈਆਂ,
ਲੁਕ ਲੁਕ ਦਿਲੀਂ, ਵੱਸਦੀਆਂ ਆਈਆਂ,
ਓੜਕ ਜਿੱਤ ਵਿੱਚ ਰਹਿਣੀਆਂ
ਰੰਗਣਾਂ ਪਿਆਰ ਦੀਆਂ ।

ਨਾ ਵੈਰੀ, ਨਾ ਰਹੂ ਬਿਗਾਨਾ,
ਆਉਂਦਾ ਪਿਆ ਏ, ਉਹ ਜ਼ਮਾਨਾ,
ਰੱਬ ਦੀ ਥਾਂ ਤੇ ਬਹਿਣੀਆਂ
ਰੰਗਣਾਂ ਪਿਆਰ ਦੀਆਂ ।

ਕਦੀ ਨਾ ਦਿਲ ਤੋਂ ਲਹਿਣੀਆਂ
ਰੰਗਣਾਂ ਪਿਆਰ ਦੀਆਂ ।

8. ਸਾਡਾ ਮਿਲਨ ਮੁਹਾਲ ਵੇ ਮਾਹੀਆ

ਸਾਡਾ ਮਿਲਨ, ਮੁਹਾਲ ਵੇ ਮਾਹੀਆ,
ਸਾਡਾ ਮਿਲਨ, ਮੁਹਾਲ ਵੇ !
ਕਿਸੇ ਮੁਲ ਵੀ, ਅਸੀਂ ਧਰਤ ਨਾ ਤਜੀਏ,
ਤੂੰ ਅਰਸ਼ੋਂ ਬਿਨਾ, ਬੇ ਹਾਲ ਵੇ !
ਰਚ ਰਚ ਬਹਿਨਾਂ ਏਂ, 'ਹੂਰਾਂ ਪਰੀਆਂ'
ਸੁਅਰਗਾਂ ਦੇ, ਲਾਉਨਾਂ ਏਂ ਜਾਲ ਵੇ !
ਸਾਹ ਸੁਕੌਣੀਆਂ, ਸਾਡੀਆਂ ਘਾਲਾਂ !
ਸਾਨੂੰ, ਆਪਣੇ ਜਿਹਾਂ ਦੀ ਭਾਲ ਵੇ !
ਸਾਥੋਂ ਇਹ ਛੁਟਣੇ, ਮੁਹਾਲ ਵੇ ਮਾਹੀਆ!
ਤੈਨੂੰ ਉਹ ਛਡਣੇ, ਮੁਹਾਲ ਵੇ ਮਾਹੀਆ !
ਸਾਡਾ ਮਿਲਨ, ਮੁਹਾਲ ਵੇ ਮਾਹੀਆ,
ਸਾਡਾ ਮਿਲਨ, ਮੁਹਾਲ ਵੇ !

9. ਨਿਰਮਲ ਜੀਵਨ

ਨਰਕ ਸੁਅਰਗ
ਨਾ ਮੁਕਤੀ ਯਾਰੋ
ਜਿੰਦ ਦਾ ਮਕਸਦ
ਥੀਵਣਾ
ਕਸ਼ਮਕਸ਼ਾਂ ਸਭ
ਠੰਡੀਆਂ ਤੱਤੀਆਂ
ਮੰਗਦੀਆਂ ਨਹੀਂ
ਪਰਚੀਵਣਾ
ਕਦਮ ਕਦਮ ਤੇ ਪਏ ਝਲਕਾਰਾ
ਲਈ ਅਗਾਂਹ ਨੂੰ
ਜਾਂਦਾ
ਸੱਚ ਤੇ ਪਿਆਰ ਜਦ ਇਕਮਿਕ ਹੁੰਦੇ
ਉਪਜੇ ਨਿਰਮਲ
ਜੀਵਣਾ

10. ਭਿੰਨੀ ਰੈਣ

ਸ਼ਫ਼ਕਾਂ ਬਣ ਬਣ ਡੁਲ੍ਹ ਗਈ ਲਾਲੀ !
ਸੂਰਜ ਓੜਕ ਪਿਠ ਵਿਖਾਲੀ !
ਰਚਨਾਂ ਜਾਪੇ ਖ਼ਾਲੀ ਖ਼ਾਲੀ :
ਆ ਗਈ ਤਾਰਿਆਂ ਭਰੀ
ਰੈਣ ਨੀਂਦ ਕੇਰਦੀ !

ਝੂਮਾਂ ਸੁਪਨ ਦੇਸ਼ ਤੋਂ ਆਈਆਂ-
ਸੁਰਤਾਂ ਰਤਾ ਰਤਾ ਉਂਘਣਾਈਆਂ-
ਹੋਈਆਂ ਹੋਰੋ ਹੋਰ ਖ਼ੁਦਾਈਆਂ-
ਫਿਰਦੀ ਸੁਫਣੇ ਕੇਰਦੀ
ਰੈਣ ਤਾਰਿਆਂ ਭਰੀ !

ਕੋਈ ਹੌਲੇ ਹੌਲੇ ਆਏ !
ਐਦਾਂ ਜੋਤਨਾਂ ਲਰਜ਼ਾਏ:
ਜਲਵਾ ਝੱਲਿਆ ਨਾ ਜਾਏ !
ਭਜ ਗਈ ਨੂਰ ਕੇਰਦੀ
ਰੈਣ ਤਾਰਿਆਂ ਭਰੀ !

11. ਬੇਸ਼ਰਮ ਦਿਲ

ਸਾਕੀ ਮਸਤ ਸ਼ਬਾਬ ਹੋਏ,
ਹੋਏ ਫਬੀ ਹੋਈ ਗੁਲਜ਼ਾਰ ਉ ਯਾਰ !
ਊਦੇ ਕਾਲੇ ਬੱਦਲਾਂ ਵਿੱਚੋਂ
ਪੈਂਦੀ ਹੋਏ ਫੁਹਾਰ ਉ ਯਾਰ !
ਨਾਜ਼ ਨਿਆਜ਼ ਹੋਣ ਮਦ-ਮੱਤੇ:
ਹੋਵਣ ਚੁਹਲ ਮਲ੍ਹਾਰ ਉ ਯਾਰ !
ਚੰਨ ਮੁਖੜੇ ਤੇ ਉਲਝ ਉਲਝ ਕੇ
ਜ਼ੁਲਫ਼ ਹੋਏ ਦੋ ਤਾਰ ਉ ਯਾਰ !
ਜਜ਼ਬੇ ਦਿਲ ਦੇ ਤੜਪਨ ਪਏ,
ਤੇ ਛਿੜ ਪਏ ਬੋਸ ਕਨਾਰ ਉ ਯਾਰ !
ਚੋਲੀ ਢਿਲਕੇ, ਚੁਨੀ ਖਿਸਕੇ,
ਗ਼ਜ਼ਬ ਦਾ ਹੋਏ ਨਿਖਾਰ ਉ ਯਾਰ !
ਜੱਫੀਆਂ ਪੈਣ ਵਲਵਲੇ ਉਛਲਨ,
ਡੁਲ੍ਹ ਡੁਲ੍ਹ ਪਏ ਪਿਆਰ ਉ ਯਾਰ !
ਮੌਜਾਂ ਮਿਲਨ ਜੇ ਐਹੋ ਜਹੀਆਂ
ਕੈਸੀ ਬਣੇ ਬਹਾਰ ਉ ਯਾਰ !
ਦਿਲ ਬੇਸ਼ਰਮ ਜੇ ਫਿਰ ਵੀ ਤੜਪੇ
ਲਾਅਨਤ ਪਾਓ ਹਜ਼ਾਰ ਓ ਯਾਰ !!!

12. ਪੰਜਾਬੀ ਭਰਾ ਨੂੰ

ਕੀ ਹੋ ਪੁੱਛਦੇ
ਅਸੀਂ ਪੰਜਾਬੀਆਂ ਦੀ !
ਕਦੀ ਦੇਵਤੇ ਅਸੀਂ ਅਖਾਉਣ ਵਾਲੇ !
ਦੇਸ਼ ਸਪਤ ਸਿੰਧੂ ਨੂੰ
ਵਸਾਉਣ ਵਾਲੇ
ਵੇਦਾਂ ਵੇਦ ਅੰਗਾਂ ਨੂੰ ਰਚਾਉਣ ਵਾਲੇ !
ਕੱਠੇ ਬੈਠ
ਝਗੜੇ ਨਿਪਟਾਉਣ ਵਾਲੇ
ਲੋਕ ਰਾਜ ਦੀ ਜਾਚ ਸਿਖਾਉਣ ਵਾਲੇ !
ਸੋਹਣੀ ਸੱਭਯਤਾ ਦੀ
ਨੀਂਹ ਪਾਉਣ ਵਾਲੇ
ਸਾਰੇ ਹਿੰਦ ਨੂੰ ਸਾਊ ਬਣਾਉਣ ਵਾਲੇ !
ਤਿਆਗ ਬ੍ਰਿਤੀ ਵਿਚ
ਸਿਦਕ ਯਕੀਨ ਰਖਕੇ
ਸੱਚ ਦੀ ਖੋਜ ਵਿਚ ਉਮਰਾ ਲੰਘਾ ਦੇਂਦੇ !
ਹਾਰ ਜਿੱਤ ਤੋਂ ਵੀ
ਅੱਗੇ ਜਾਣ ਖ਼ਾਤਰ
ਆਢੇ ਰੱਬ ਦੇ ਨਾਲ ਵੀ ਲਾ ਦੇਂਦੇ !!

ਅੱਜ ਅਸੀਂ ਯਾਰੋ
ਐਨੇ ਅੜਬ ਹੋ ਗਏ
ਫੋਕੀ ਟੈਂਸ ਤੇ ਹੈਂਕੜ ਵਿਖਾਉਂਦੇ ਹਾਂ !
ਘਰ ਵਿਚ ਬੈਠ
ਨਾ ਕਦੀ ਵਿਚਾਰ ਕਰਦੇ !
ਬੁਰਦਾਂ ਚਾਰ ਯਾਰੀ ਵਿਚ ਲਾਉਂਦੇ ਹਾਂ !!
ਝੁਗੇ ਜ਼ਿਦਾਂ ਦੇ ਵਿੱਚ
ਬਰਬਾਦ ਕਰਦੇ,
ਝੂਠ ਬੋਲਦੇ, ਗੱਲ ਵਧਾਉਂਦੇ ਹਾਂ !
ਗੱਲ ਗੱਲ ਉੱਤੇ
ਮੰਦੀ ਗਾਲ ਦੇਂਦੇ,
ਉਇ ਉਇ ਆਖਦੇ ਇਜ਼ਤਾਂ ਲਾਹੁੰਦੇ ਹਾਂ !!
ਪੈਣਾ ਗੱਲ ਨਿਗੂਣੀ ਤੇ
ਲੜਨ ਐਵੇਂ :
ਥੋੜੀ ਗੱਲ ਤੇ ਡਾਂਗ ਵਿਖਾ ਦੇਣਾਂ !
ਘਰ ਵਿੱਚ ਛੱਡਣਾਂ ਨਾ
ਹੱਥੋਂ ਡਾਂਗ ਸੋਟਾ,
ਮਸਨਦ ਗ਼ੈਰ ਦੇ ਲਈ ਵਿਛਾ ਦੇਣਾਂ !!

"ਬਣਕੇ ਘੇਸਲੇ
ਲੂਤੀਆਂ ਲਾਉਣ ਵਾਲੇ,
ਪਾਟਕ ਆਪਣੇ ਦੇਸ਼ ਵਿੱਚ ਪਾਉਣ ਵਾਲੇ"
"ਕਿਸੇ ਰਕਮ ਤੇ ਵੀ
ਕੋਈ ਮੁੱਲ ਲੈ ਲਏ,
ਵੱਟਾ ਦੇਸ਼ ਤੇ ਕੌਮ ਨੂੰ ਲਾਉਣ ਵਾਲੇ"
"ਘਰ ਵਿੱਚ ਵੜੇ ਹੋਏ
ਗ਼ੈਰ ਦੇ ਪੈਰ ਚੁੰਮਣ,
ਬਾਹਰ ਜਰਮਨ ਦੀ ਬੂਥੀ ਭੁਆਉਣ ਵਾਲੇ"
ਕੀ ਕੀ
ਸਰੇ ਬਾਜ਼ਾਰ ਨਾ ਕਹਿਣ ਸਾਨੂੰ,
ਲੋਕੀਂ ਮੂੰਹ ਤੇ ਖਰੀਆਂ ਸੁਣਾਉਣ ਵਾਲੇ !!
ਹੈ ਤਾਂ ਠੀਕ
ਪੰਜਾਬੀ ਏ ਮਰਦ ਡਾਢਾ,
ਹੋਣੀ ਏਸ ਦੀ ਗ਼ਜ਼ਬ ਦੀ ਸ਼ਾਨ ਦੀ ਏ !
ਐਪਰ ਸੱਚ ਆਖਾਂ
ਖ਼ਸਲਤ ਅੱਜ ਏਹਦੀ
ਗਿਰੇ ਹੋਏ ਇਕ ਪੱਕੇ ਗ਼ੁਲਾਮ ਦੀ ਏ !!

13. ਟੱਪਲਾ

ਰੁਤ ਪਈ ਜੋਬਨ ਨੂੰ ਤੋਲੇ,
ਫੁਲ ਬੁਕ ਭਰ ਭਰ ਕੇ ਡੋਲ੍ਹੇ !
ਕੁਦਰਤ ਰਸ ਰੰਗ ਵਿਚ ਬੋਲੇ :
ਲੋਕੀ ਗਾਉਂਦੇ ਨੇ ਢੋਲੇ !

ਆ ਗਏ ਅੰਬਾਂ ਤੇ ਖੇੜੇ,
ਛਲ ਗਏ ਕੋਇਲ ਨੂੰ ਜੇਹੜੇ !
ਮੁੜ ਮੁੜ ਕਰਦਾ ਜੇ ਝੇੜੇ-
ਭੌਰਾ ਕਲੀਆਂ ਨੂੰ ਛੇੜੇ !

ਆ ਗਈ ਲੋਕਾਂ ਦੀ ਹੋਲੀ :
ਬਣ ਗਈ ਥਾਂ ਥਾਂ ਤੇ ਟੋਲੀ,
ਭਰ ਭਰ ਰੰਗਾਂ ਦੀ ਝੋਲੀ
ਆਖਣ "ਹੋਲੀ ਏ ਹੋਲੀ"

ਜਿਤਨਾਂ ਜਿਸ ਜਿਸ ਤੋਂ ਸਰਿਆ
ਹੋਇਆ ਹੱਸ ਹੱਸ ਕੇ ਹਰਿਆ !
ਜੀਅੜਾ ਜੀ ਜੀ ਦਾ ਠਰਿਆ !
ਜੀ ਪਿਆ ਮੁਰਦਾ ਵੀ ਮਰਿਆ !!

ਲੋਕੀਂ ਹਨ ਐਸ਼ਾਂ ਕਰਦੇ
ਇਕ ਅਸੀਂ ਆਂ ਹੌਕੇ ਭਰਦੇ !
ਜਰਦੇ ਆਂ ਪਰ ਨਹੀਂ ਸੀ ਕਰਦੇ !!
ਕਰਦੇ ਆਂ ਗੱਲ ਡਰਦੇ ਡਰਦੇ !!

ਦਿਸਦੇ ਦੇ ਵਿਚ ਲੁਕ ਲੁਕ ਕੇ
ਲੁਕ ਲੁਕ ਕੇ, ਟੱਪਲਾ ਦੇ ਦੇ !
ਛਲਨਾਂ ਬਣ ਆਲੇ ਭੋਲੇ !!
ਜੇਕਰ ਇਹ ਗੱਲ ਇਉਂ ਨਹੀਂ ਏ
ਤਾਂ ਇਹ ਰੌਲਾ ਏ ਕਿਸ ਲੇਖੇ ?

14. ਪੰਜਾਬਣ ਰੂਪਮਤੀ

ਕਿਉਂ ਪੰਜਾਬਣ ਰੂਪਮਤੀ
ਪਈ ਖੜੀ ਸੁਆਰੇ ਜ਼ੁਲਫ਼ਾਂ ?
ਜ਼ਿੱਲਤ ਦੇ ਵਿਚ ਖ਼ੁਦ-ਆਰਾਈ !!
ਵੇਖ ਵੇਖ ਮੈਂ ਕਲਪਾਂ ।

ਜਿਸ ਪੰਜਾਬਣ ਮਾਂ ਦੀ ਕੁੱਖੋਂ
ਗਾਰਗੀਆਂ ਸਨ ਆਈਆਂ ।
ਪੋਰਸ ਵਰਗਿਆਂ ਦੁਧ ਚੁੰਘ ਜਿਸ ਦਾ
ਜੱਗ ਵਿਚ ਧੁੱਮਾਂ ਪਾਈਆਂ !
ਅਣਖ ਹੀਣ ਅੱਜ ਵੇਖ ਓਸ ਨੂੰ
ਬੇਵਸ ਹੋ ਹੋ ਡੁਸਕਾਂ !
ਪਰ ਪੰਜਾਬਣ ਰੂਪਮਤੀ
ਪਈ ਖੜੀ ਸੁਆਰੇ ਜ਼ੁਲਫ਼ਾਂ !!

ਪਰਮ ਪਰਾ ਤੋਂ ਕਈ ਤੀਵੀਆਂ
ਦੁਨੀਆਂ ਵਿਚ ਪਰਵਰੀਆਂ
ਪਰ ਪੰਜਾਬਣ ਮਾਂ ਦੀ ਕੁੱਖੋਂ
ਰੂਹ ਦੀਆਂ ਤਪਤਾਂ ਠਰੀਆਂ-
ਤਾਂਘ ਪੰਜਾਂ ਦਰਿਆਵਾਂ ਦੀ
ਬਣ ਬਣ ਕੇ ਤ੍ਰੀਮਤ ਆਈ !
ਆਦਰਸ਼ਾਂ ਦੀਆਂ ਖ਼ੁਸ਼ਕ ਡਾਲੀਆਂ
ਕਰ ਗਈ ਹਰੀਆਂ ਭਰੀਆਂ !

ਕਿਤੇ ਪੰਜਾਬਣ ਉਪਨਿਸ਼ਦਾਂ ਵਿਚ
ਰਿਸ਼ੀਆਂ ਵਾਂਗੂੰ ਚਮਕੀ !
ਨਿਰੁਕਤ ਨਿਘੰਟੂ ਲਿਖਣਹਾਰ ਦੀ
ਮਾਂ ਬਣ ਕਿਧਰੇ ਦਮਕੀ !
ਜ਼ਿਕਰ ਉਨ੍ਹਾਂ ਦਾ ਲੈ ਆਏ ਦਿਲ ਵਿਚ
ਇਕ ਹਿਲ-ਜੁਲ ਤੂਫ਼ਾਨੀ !
ਲੁਤਫ਼ ਕਿਰਕਰਾ ਕਰਦੇ, ਕਰਦੇ
ਬੇਸੁਆਦ ਜ਼ਿੰਦਗਾਨੀ !
ਯਾਦ ਆਉਣ ਜਦ ਓਹ ਸਜਣੀਆਂ
ਬਿਹਬਲ ਹੋ ਹੋ ਤੜਪਾਂ
ਪਰ ਪੰਜਾਬਣ ਰੂਪਮਤੀ
ਪਈ ਖੜੀ ਸੁਆਰੇ ਜ਼ੁਲਫ਼ਾਂ !!

15. ਬੁਲਬੁਲਾ

ਅੱਗਾ ਪਿੱਛਾ ਕੁੱਝ ਨਾ
ਪਰ, ਸ਼ਾਨ ਖ਼ੁਦਾ ਦੀ !
ਗਠੜੀ ਬੱਨ੍ਹਕੇ ਬੁਲਬੁਲਾ
ਤੁਰ ਪਿਆ ਹਵਾ ਦੀ !!
ਲਹਿਰਾਂ ਤੇ ਅਸਵਾਰੀਆਂ !
ਪਰਵਾਹ ਨਹੀਂ ਰਾਹ ਦੀ !
ਪਈ ਫ਼ਨਾ ਪਰ ਵੇਖਦੀ
ਰਾਹ ਉਸਦੇ ਸਾਹ ਦੀ !!

16. ਜੀ ਨਾਲ

ਰਹੂ ਨੇਕੀ ਬਦੀ
ਜਾਂ ਕੁਛ ਵੀ ਨਾ
ਛੱਡ ਭਲਿਆ ਇਹ ਵਿਚਾਰ ਤੂੰ !
ਰਹੁ ਸੱਚਾ
ਅਪਣੇ ਆਪ ਨਾਲ,
ਕਰ ਦਸਾਂ ਨਵ੍ਹਾਂ ਦੀ ਕਾਰ ਤੂੰ !
ਹਰ ਗੱਲੇ
ਦਿਲ ਨੂੰ ਸੂਤ ਰੱਖ,
ਕਰ ਸਾਰਿਆਂ ਨਾਲ ਪਿਆਰ ਤੂੰ !
ਦੋਇਂ ਗੱਲਾਂ
ਓੜਕ ਇਕ ਨੀ !
ਹੱਸ ਜਿਤ ਜਿਤ, ਹੱਸ ਹੱਸ ਹਾਰ ਤੂੰ !!

17. ਇਨਕਾਰ ਇਕਰਾਰ

ਇਨਕਾਰ ਨਿਰਾ,
ਇਕਰਾਰ ਨਿਰਾ,
ਦੋਏਂ ਹਾਲਤਾਂ ਹਨ ਦੁਸ਼ਵਾਰ ਜਹੀਆਂ !
ਸਾਡੇ ਜੀ ਨੂੰ ਲਗਦੀਆਂ ਭਾਰ ਜਹੀਆਂ !!

ਇਨਕਾਰੋਂ ਅੱਗੇ,
ਇਕਰਾਰੋਂ ਅੱਗੇ,
ਕੁਝ ਗੱਲਾਂ ਹਨ ਅਸਰਾਰ ਜਹੀਆਂ :
ਸਾਨੂੰ ਓਹ ਵੀ ਚੁਭਦੀਆਂ ਖ਼ਾਰ ਜਹੀਆਂ !!

ਜ਼ਰਾ ਹੋਰ ਅਗਾਂਹ,
ਜ਼ਰਾ ਹੋਰ ਅਗਾਂਹ,
ਲੰਘ ਥਾਵਾਂ ਨਾਹਮਵਾਰ ਜਹੀਆਂ,
ਖੁਲ੍ਹ ਜਾਣ ਫ਼ਜ਼ਾਵਾਂ ਪਿਆਰ ਜਹੀਆਂ !!

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ