Siharfian : Budh Singh

ਸੀਹਰਫੀਆਂ : ਬੁਧ ਸਿੰਘ

ਅਲਫ ਅਸਾਂ ਵਲਿ ਆਵੀਂ ਜਾਨੀ ! ਦਰਦਾਂ ਥੀਂ ਦਰਮਾਂਦੀ ।
ਸਿਕਦੇ ਨੈਣ ਕਲੇਜਾ ਧੜਕੇ, ਸਿਰ ਕੜਕੇ ਬਿੱਜ ਦੁੱਖਾਂ ਦੀ ।
ਦੇ ਗਲ ਲਤ ਕੁਠੀਸਾਂ ਬ੍ਰਿਹੋਂ, ਮੈਂਡੀ ਕਾਈ ਨ ਪਾਰ ਵਸਾਂਦੀ ।
ਬੁਧ ਸਿੰਘ ਦਿਲਬਰ ਆਣ ਮਿਲਾਵੋ, ਨਹੀਂ ਜ਼ਹਿਰ ਕਹਿਰ ਦਾ ਖਾਂਦੀ ।

ਬੇ ਬਹੁਤ ਦਿਨ ਗੁਜ਼ਰੇ ਸਾਈਆਂ, ਮੈਂ ਡਿਠਿਆਂ ਮੂੰਹ ਦਿਲਬਰ ਦਾ ।
ਸੀਨਾ ਮਈਤੇ ਭਾਹਿ ਇਸ਼ਕ ਦੀ, ਮੈਂ ਚੁਘਦੇ ਨੈਣ ਅਤਰ ਦਾ ।
ਇਸ਼ਕ ਕਬਾਬ ਕਬਾਬ ਕਲੇਜਾ, ਬ੍ਰਿਹੋਂ ਭੁੰਨ ਭੁੰਨ ਬੇਰੇ ਧਰਦਾ ।
ਬੁਧ ਸਿੰਘ ਸ਼ੌਕ ਜ਼ਹਿਰ ਦਾ ਪਿਆਲਾ, ਜੋ ਪੀਂਦਾ ਸੋ ਮਰਦਾ ।

ਤੇ ਤਨ ਭਾਹਿ ਇਸ਼ਕ ਦੀ ਲੋਕੋ, ਮੈਂ ਤੱਤੀ ਤੜ ਤੜ ਭੁਜਦੀ ।
ਚਸ਼ਮਾਂ ਗੌਹਰ ਬਾਝ ਬੁਝੇਂਦੀ, ਮੈਨੂੰ ਜਿਉਂ ਜਿਉਂ ਜ਼ਾਲਮ ਲੁਝਦੀ ।
ਪੁਛ ਹਕੀਮ ਫਹੀਮਾਂ ਥੱਕੀ, ਭੋਰਾ ਵੇਦਨ ਮੂਲ ਨ ਸੁਝਦੀ ।
ਬੁਧ ਸਿੰਘ ਦਿਲਬਰ ਜਾਂ ਗਲ ਲਾਵੇ, ਲਾਟ ਬ੍ਰਿਹੁੰ ਦੀ ਬੁਝਦੀ ।

ਸੇ ਸਾਬਤ ਸ਼ਮਸ਼ੀਰ ਸ਼ੌਕ ਦੀ, ਸਾਨੂੰ ਸ਼ਾਹ ਰਗ ਦੇ ਵਿਚ ਅਟਕੀ ।
ਦਿਲਬਰ ਹੋਇ ਬੇਦਰਦ ਚਲਾਈ, ਸੀਨਾ ਕਟਕ ਕਲੇਜਾ ਖਟਕੀ ।
ਜ਼ਾਲਮ ਜ਼ੁਲਮ ਕੀਤੋਈ ਡਾਢਾ, ਬ੍ਰਿਹੋਂ ਬਾਜ ਲਵੇ ਜਿਉਂ ਪਟਕੀ ।
ਬੁਧ ਸਿੰਘ ਦਿਲਬਰ ਦਰ ਦਰਮਾਂਦੀ, ਮੈਂ ਹੋਇ ਰਹੀ ਬਟ ਨਟਕੀ ।

ਜੀਮ ਜੰਜ਼ੀਰੀ ਜ਼ੁਲਫ ਦਿਲ ਕੈਦੀ, ਜੈਂਦੀ ਲਟਕ ਕਟਕ ਹੁਇ ਲੁਟਦੀ ।
ਹਿਕਮਤਿ ਹੁਕਮ ਸੁ ਹੋਸ਼ ਨ ਰਹਿੰਦਾ, ਜਦੋਂ ਆਣ ਮੁਹੱਬਤ ਜੁਟਦੀ ।
ਲਖ ਚਰਾਗ ਅਕਲ ਗੁਲ ਥੀਏ, ਜਾਂ ਬ੍ਰਿਹੋਂ ਅੰਨ੍ਹੇਰੀ ਛੁਟਦੀ ।
ਬੁਧ ਸਿੰਘ ਹਾਲ ਹਕੀਕਤਿ ਹਿਜਰੇ, ਤੋੜਾ ਜੋੜਿਉਂ ਨਰਦ ਜਯੋਂ ਫੁਟਦੀ ।

ਹੇ ਹੋਣ ਹਬੀਬ ਨਸੀਬ ਅਸਾਂ ਦੇ, ਜਾਂ ਚਸਨ ਮਾਰ ਖਜ਼ਾਨੀ ।
ਰੋਸ਼ਨ ਤਬਾ ਚਰਾਗ ਜੁ ਥੀਂਦੇ, ਬੁਤ ਰੁਖ ਸਰਮਾਹ ਯਗ਼ਾਨੀ ।
ਹੁਸਨ ਗੁਲਿਸਤਾਂ ਬਵਦ ਮੁਅਤਰ, ਗੁਲ ਚੂੰ ਬੁਲਬੁਲ ਸਾਨੀ ।
ਬੁਧ ਸਿੰਘ ਲੈਲੀ ਮਨ ਚੂੰ ਮਜਨੂੰ, ਜਾਨ ਕਰਾਂ ਕੁਰਬਾਨੀ ।

ਖੇ ਖੰਜਰ ਮਹਿਬੂਬ ਦੀਆਂ ਮਿਜ਼ਗਾਂ, ਖੂਨ ਨੈਣ ਕਟਾਰੇ ਭਾਰੇ ।
ਪੇਚੀ ਨਜ਼ਰ ਸਰੋਹੀ ਵਾਂਹਦੀ, ਜ਼ੁਲਫ ਫ਼ਿਰੰਗੀ ਤੁਪਕਾਂ ਧਾਰੇ ਮਾਰੇ ।
ਖਿਆਲੀ ਖਾਲ ਢਾਲ ਸਿਰ ਲਟ ਦੀ, ਹੁਸਨ ਅਗਨੀ ਕਹਿਰ ਕਰਾਰੇ ਲਾਰੇ ।
ਬੁਧ ਸਿੰਘ ਆਸ਼ਕ ਘਾਇਲ ਥੀਏ, ਇਕ ਦੇਖਣ ਦੇ ਮਤਵਾਰੇ ਪਿਆਰੇ ਮਾਰੇ ।

ਦਾਲ ਦਰੇੜ ਇਸ਼ਕ ਦੀ ਡਾਢੀ, ਜਿਨ ਮਜਨੂੰ ਚੂਰਨ ਕੀਤਾ ।
ਰਾਂਝਾ ਜੋਗੀ ਤੇ ਯੂਸਫ ਬਰਦਾ, ਪੁੰਨੂੰ ਨਾਉਂ ਨ ਘਰ ਦਾ ਲੀਤਾ ।
ਸੋਹਣੀ ਡੁਬ ਮੁਈ ਵਿਚ ਨੈਂ ਦੇ, ਮਨਸੂਰ ਸੂਲੀ ਚਾਇ ਸੀਤਾ ।
ਬੁਧ ਸਿੰਘ ਮਜਲ ਅਜਲ ਦੀ ਵਸਦਾ, ਜਿਨ ਸ਼ੌਕ ਜ਼ਾਹਰ (ਜ਼ਹਿਰ) ਚੁਖ ਪੀਤਾ ।

ਜ਼ਾਲ ਜਮਾਲ ਸਮੈਂ ਦਿਲਬਰ ਦੇ, ਤਿਥੇ ਰੋਇ ਪਤੰਗ ਸੁ ਲੜਦੇ ।
ਬੁਲਬੁਲ ਬਾਗ ਅਸੀਰੇ ਬੀਚ, ਨੈਣ ਨੈਣਾਂ ਨਾਲ ਅੜਦੇ ।
ਸ਼ੌਕ ਸਨਾਹ ਪਹਿਨ ਦਿਲ ਸਾਬਤ, ਆਸ਼ਕ ਟੁਕ ਟੁਕ ਹੋਇ ਸੁ ਲੜਦੇ ।
ਬੁਧ ਸਿੰਘ ਤੇਗ ਇਸ਼ਕ ਦੀ ਕੁੱਠੇ, ਸੇ ਜਾਇ ਬਹਿਸ਼ਤੀਂ ਚੜ੍ਹਦੇ ।

੧੦

ਰੇ ਰੌਸ਼ਨ ਰੁਖ ਦੇਖ ਮਹਿਬੂਬਾਂ, ਮੈਂ ਥੀਂਦੀ ਬਾਗ ਫਜ਼ਰ ਦਾ ।
ਖੂਬੀ ਖਾਸ ਖਜ਼ਾਨਾ ਲਧਾ, ਜਾਂ ਤੋੜਿਆ ਕੁਲਫੁ ਕੁਫਰ ਦਾ ।
ਖਾਸ ਖਿਆਲ ਥੀਏ ਦੁਖ ਮੈਂਡੇ, ਮਨ ਲੀਤਾ ਰਾਹੁ ਸਬਰ ਦਾ ।
ਬੁਧ ਸਿੰਘ ਹਾਜਤ ਹੋਰ ਨ ਰਹਿੰਦੀ, ਮੈਂ ਡਿਠੋ ਮੁੰਹ ਦਿਲਬਰ ਦਾ ।

੧੧

ਜੇ ਜਰਵਾਣਾ ਮਹਿਬੂਬ ਵੰਞੇਦਾ, ਮੈਂ ਤੱਤੀ ਮੂਲ ਨ ਰੁਸਦੀ ।
ਹੋਇ ਗੁਮਾਰਾ ਰਹੀ ਸਾਈਆਂ, ਮੈਂ ਬਿਆਕਲੀ ਕਿਉਂ ਮੁਸਦੀ ।
ਜਾਵੋ ਨੀ ਕੋਈ ਮੋੜ ਲਿਆਵੋ, ਹੁਣ ਜਿੰਦ ਪਈ ਸੀ ਖੁਸਦੀ ।
ਬੁਧ ਸਿੰਘ ਦਿਲਬਰ ਦਰਦ ਨ ਮੂਲੈ, ਅਨੀ ਮੈਂ ਭਾਹਿ ਇਸ਼ਕ ਦੀ ਲੁਝਦੀ ।

੧੨

ਸੀਨ ਸਖੀ ਸੁਖ ਸੇਜੇ ਸੁੱਤੀ, ਸ਼ਹੁ ਪੁੰਨੂੰ ਨਾਲ ਅਜਬ ਦੇ ।
ਕੈਫ ਖੁਆਰ ਸੰਸਾਰ ਨ ਲੱਧੀ, ਲੁਟ ਲੀਤੀ ਧਾੜ ਅਜਲ ਦੇ ।
ਘਿਨਿ ਜੁਲੇ ਸਹੁ ਪੁੰਨੂੰ ਰੁਠੀ, ਦਿਨ ਪੁੰਨੇ ਮਰਗ ਸਬਬ ਦੇ ।
ਬੁਧ ਸਿੰਘ ਸਚ ਸਨੇਹ ਸੱਸੀ ਦਾ, ਜਾ ਮਿਲਿਆ ਪਾਕ ਮਜ਼ਬ ਦੇ ।

੧੩

ਸੀਨ ਸਹੂਰ ਨ ਰਹਿਆ ਸੱਸੀ, ਸਿਰ ਕੱਸੀ ਤੇਗ ਹਿਜਰ ਦੀ ।
ਗਸਤ ਬਗਸ਼ਤ ਬਸਹਿਰਾ ਕਰਦੀ, ਜਿਥੇ ਤਪਦੀ ਰੇਤ ਕਹਿਰ ਦੀ ।
ਪੁੜਨ ਬਬੂਲ ਵਿਸੂਲੀ ਸੂਲਾਂ, ਦਿਲ ਉਠੇ ਹੂਲਕ ਮਰਦੀ ।
ਬੁਧ ਸਿੰਘ ਦੇਖ ਸੱਸੀ ਦਾ ਹੀਲਾ, ਜੇਹੜੀ ਮਰਨੋਂ ਮੂਲ ਨ ਡਰਦੀ ।

੧੪

ਸੁਆਦ ਸਮਾਲ ਨ ਰਹੀਆ ਮੈਨੂੰ, ਜਾ ਸੁਤੀ ਛੋਡਿ ਸਿਧਾਏ ।
ਸੁਖ ਸਲਾਹ ਨ ਮੈਂਥੀ ਪੁਛੀ, ਨਾ ਹਸ ਵਿਦਾ ਕਰਾਏ ।
ਭੜਕੀ ਭਾਹ ਵਿਛੋੜੇ ਵਾਲੀ, ਤਾਂ ਮੈਂ ਰੋ ਰੋ ਹਾਲ ਵਞਾਏ ।
ਬੁਧ ਸਿੰਘ ਬਾਝ ਸੋਹਣੇ ਦੇ ਸੱਸੀ, ਮੈਂ ਕਿਉਂ ਕਰ ਜੀਵਾਂ ਮਾਏ ।

੧੫

ਸੁਆਦ ਸਬੂਤ ਤਬੂਤ ਸੱਸੀ ਦਾ, ਗਰਕ ਜ਼ਿਮੀਂ ਸ਼ੁਧ ਅਕਸਰ ।
ਦਿਲਬਰ ਬਾਂ ਦਿਲ ਬਾਹਮ ਗਰਦ ਚੂੰ ਕਿ ਤਰਾ ਬਤਯਸਰ ।
ਸਿਫਤ ਮੁਬਾਰਕ ਦਿਹਦ ਮਲਾਇਕ, ਸਿਜਦਾ ਕੁਨਦ ਸਯਤਸਰ ।
ਬੁਧ ਸਿੰਘ ਸੱਸੀ ਇਸ਼ਕ ਰਸਾਨਦ, ਬਰਨ ਤਬਕਹ ਅਫਸਰ ।

੧੬

ਜ਼ੁਆਦ ਜਮਾਯਕ ਨਜ਼ਰ ਨਿਆਯਦ, ਜਾਨਾ ਜਾਨ ਤਰਸਦੀ ।
ਇਸ਼ਕ ਮੁਦਾਮ ਨ ਰਸਕ ਗੁਲਿਸਤਾਂ, ਚਸ਼ਮ ਵਾਰ ਚਮਸਦੀ ।
ਇਸ਼ਕ ਕਤਾਬੁ ਬੁਖਾਨ ਦਹਰਦਮ, ਨਾਮ ਮਹਿਬੂਬ ਸਮਸ਼ਦੀ ।
ਬੁਧ ਸਿੰਘ ਚਸ਼ਮ ਬੁਲਬੁਲ ਖਾਹਸ਼, ਰੁਖ ਰੁਲ ਗੁਲ ਦਰਸ ਦੀ ।

੧੭

ਤੋਇ ਤਦਬੀਰ ਅਸੀਰ ਜੁਲਫ ਦਿਲ, ਸੋਹਣਾ ਪਾਇ ਜੰਜ਼ੀਰ ਸੁ ਕਸਦਾ ।
ਝੜਦੇ ਗੁਲ ਗੁਲਾਬੀ ਰੁਖ ਥੀਂ, ਰੁਖ ਗੁਲ ਗੁਲ ਬਿਰਸਦਾ ।
ਚਸ਼ਮ ਚਰਾਗ਼ ਤਫੈਲ ਸਕਰਦੇ, ਮੈਂਡਾ ਦੁਖ ਅੰਧੇਰਾ ਨਸਦਾ ।
ਬੁਧ ਸਿੰਘ ਮੁਖ ਮਹਿਬੂਬੀ ਮੁਲਾਹ, ਭੋਰਾ ਜਿਨ ਡਿਠਾ ਸੋ ਫਸਦਾ ।

੧੮

ਜੋਇ ਜ਼ਰਾ ਦਿਲ ਜ਼ਮਾਨਾ ਥੀਂਦੀ, ਚੁਖ ਲਗ ਚਟਕ ਲਟਕ ਦੀ ।
ਸੁਖ ਜਵਾਹਰ ਦਸਤ ਵਜਾਏ, ਦੁਖ ਲੀਤੀ ਫਾੜ ਫਟਕ ਦੀ ।
ਮਾਹੀ ਆਬ ਥੀਆਂ ਦਿਲ ਮਾਹੀ, ਬਿਨ ਮਾਹੀ ਦੇ ਜਾਨ ਪਟਕ ਦੀ ।
ਬੁਧ ਸਿੰਘ ਸਚ ਸ਼ਹੀਦ ਸਲੇਟੀ, ਜਿਸ ਪੇਟੀ ਸਾਂਗ ਖਟਕਦੀ ।

੧੯

ਐਨ ਇਲਤ ਤੈਂਡੀ ਰਾਂਝਾ, ਚਿਤ ਮੰਝ ਯੁਰਾਯਤ ਕੀਤਾ ।
ਤੂਖਬਰੇਜ਼ੀ ਨਾਮ ਮਹਿਬੂਬਾਂ, ਨੈਣ ਗੇੜੇ ਹਰਿਸ਼ਟ ਪੀਤਾ ।
ਖੁਦੀ ਤਕੱਬਰ ਪੁਟ ਸੁਟੇ ਜੜ ਥੀਂ, ਹਥ ਸ਼ੌਕ ਕੁਦਾਲਾ ਲੀਤਾ ।
ਬੁਧ ਸਿੰਘ ਜਬਜਬਦਾਰ ਬਰਾਮਦ, ਜਾ ਤਰਸ ਕਮਾਣਾ ਸੀਤਾ ।

੨੦

ਗੈਨ ਗੁਲਾਬ ਖੁਲ੍ਹੇ ਗੁਲ ਨਰਗਸ, ਰੁਖਸਾਰ ਨੈਣ ਦਿਲਬਰ ਦੇ ।
ਪੇਚਾ ਇਸ਼ਕ ਜ਼ੁਲਫ ਮਧੋਦੇ, ਦੰਦ ਚੰਬੇ ਦਾਣ ਅਨਰ ਦੇ ।
ਸੀਨਾ ਸਾਰ ਚਸ਼ਮਨ ਸੇਉ ਠੋਡੀ, ਕਦ ਨਾਫੀ ਚੁਸਮਾਂ ਅਨਰ ਦੇ ।
ਬੁਧ ਸਿੰਘ ਬਾਗ ਮਹਿਬੂਬ ਸ਼ਗੁਫਤਾ, ਤਿਥੈ ਆਸ਼ਕ ਸੈਲ ਸੁ ਕਰਦੇ ।

੨੧

ਫੇ ਫਰਿਆਦ ਸੁਣੀ ਮੇਹੀਵਾਲਾ, ਮੈਂ ਰੁੜ੍ਹਦੀ ਲਹਿਰ ਕਹਿਰ ਦੀ ।
ਕਚਾ ਘੜਾ ਨ ਜਾਤੇ ਕੱਚੀ, ਨ ਮੈਂ ਲੀਤੀ ਸਾਰ ਨ ਸਰ ਦੀ ।
ਘੁੰਮਣਘੇਰ ਕੁਫਰ ਦੇ ਘੇਰੀ, ਜਿਥੇ ਬੇੜੀ ਤਰਨੋਂ ਡਰਦੀ ।
ਬੁਧ ਸਿੰਘ ਡੁਬ ਮੋਈਆ ਸਰ ਸੋਹਣੀ, ਪਰ ਤਾਂਘ ਨ ਛੁਟੀ ਦਿਲਬਰ ਦੀ ।

੨੨

ਕਾਫ ਕੁਫਾਰ ਕਹਿਰ ਦੀ ਸਰਦੀ, ਦੂਯਾ ਕਾਂਗ ਕਹਿਰ ਦੀ ਕੜਕੇ ।
ਢਹਿ ਢਹਿ ਪੈਣ ਮਣ ਮੁਹੀਯਾਂ, ਜਿਥੇ ਪੰਖ ਨ ਪੰਖੀ ਫੜਕੇ ।
ਲਖ ਸੈਸਾਰ ਕੁਮੈ ਜਲ ਬੁਲ੍ਹਣੀ, ਜੈਂ ਡਿਠਿਆਂ ਈ ਦਿਲ ਧੜਕੇ ।
ਬੁਧ ਸਿੰਘ ਮਾਰ ਛਲਾਂਗ ਪਈ ਸੋਹਣੀ, ਜਿਥੇ ਵੰਞ ਨ ਚਪਾ ਹੜਕੇ ।

੨੩

ਕਾਫ ਕਰਾਰ ਨ ਥੀਂਦਾ ਮਾਏ, ਮੈਂ ਦਰਦ ਪੁੰਨੂੰ ਦੇ ਮਰਸਾਂ ।
ਚੜ੍ਹਸਾਂ ਦੁਖ ਬ੍ਰਿਹੋਂ ਦੀ ਸੂਲੀ, ਮਨਸੂਰ ਜਿਵੇਂ ਦਿਲ ਕਰਸਾਂ ।
ਤਪੈ ਰੇਤ ਤਿਥੈ ਥਲਮਾਰੂ, ਉਥੈ ਜੀਉ ਧਾਣਾਂ ਭੁੰਨ ਸਰਸਾਂ ।
ਬੁਧ ਸਿੰਘ ਡਰਸਾਂ ਮੂਲ ਨ ਭਰਸਾਂ, ਹਭ ਦੁਖ ਅਨੀ ਮੈਂ ਸਿੰਧ ਸਬਾਹੀ ਤਰਸਾਂ ।

੨੪

ਗਾਫ ਗੁਨਾਹ ਹੋਇਆ ਕੀ ਮੈਂਥੀ, ਸਾਕੂੰ ਹੱਸ ਨ ਆਇ ਬੁਲਾਵੈ ।
ਜਾਂ ਹੱਸ ਬੋਲਾਂ ਤਾਂ ਫਿਰ ਝਿੜਕੇ, ਮੈਨੂੰ ਤੱਤੀ ਨੂੰ ਫਿਰ ਫਿਰ ਤਾਵੈ ।
ਤੁਹਿ ਜੇਹਾ ਕੋਈ ਹੋਰ ਨ ਮੈਨੂੰ, ਜੈ ਟੁਕ ਫੇਰਾ ਪਾਵੈ ।
ਬੁਧ ਸਿੰਘ ਭਾਹ ਤਦਾਹੀਂ ਬੁਝਸੀ, ਜਾਂ ਲੈ ਪਿਆਰਾ ਗਲ ਲਾਵੈ ।

੨੫

ਲਾਮ ਲਹਾਂ ਸੋ ਵਖਤ ਨ ਮਾਏ, ਮੈਂ ਨਿਜ ਜੰਮੀ ਕਿਉਂ ਲਾਈਆਂ ।
ਸੁਖ ਘੜੀ ਇਕ ਸਯਤ ਨਾਹੀਉਂ, ਅਖੀਂ ਜਿਗਰੇ ਖੂਨ ਰੰਗਾਈਆਂ ।
ਹਾਰ ਸਿੰਗਾਰ ਡਰਾਵੇਂ ਲਗਦੇ, ਸੁੰਞੇ ਇਸ਼ਕ ਅਸਾਂ ਨਾਲ ਚਾਈਆਂ ।
ਬੁਧ ਸਿੰਘ ਸੋਹਣੇ ਸੱਜਣ ਕੋਲੋਂ, ਮੈਂ ਜੇਹੀਆਂ ਲਖ ਘੁਮਾਈਆਂ ।

੨੬

ਮੀਮ ਮਿਕਰਾਂਜਦ ਮਿਯਰਮ ਕਹਿਕੈ, ਸੋਹਣਾ ਜੇ ਬਦਲਾਂ ਕੀ ਕਟਦਾ ।
ਅਬਰੂੰ ਤਾਨ ਕਮਾਨ ਕਮਾਨੀ, ਨੈਣ ਤੀਰ ਕਹਿਰ ਥੀਂ ਪਟਦਾ ।
ਕੁਚਲ ਟਕੋਰ ਫੁਜਾਟੀ ਪੱਟੀ, ਲਮਲ ਮਜ਼ਾ ਚੁਖ ਠਟਦਾ ।
ਬੁਧ ਸਿੰਘ ਘਾਇਲੇ ਥੀਂਦੇ ਚੰਗੇ, ਹਭ ਦਰਦ ਦਿਲਾਂ ਥੀਂ ਹਟਦਾ ।

੨੭

ਨੂੰਨ ਨਿਗ੍ਹਾ ਇਕ ਤੈਂਡੀ ਰਾਂਝਾ, ਮੈਂਡੀ ਜਾਂ ਅਫਜ਼ਾਇ ਕਰੇਂਦੀ ।
ਬਾਗੇ ਇਰਮ ਜਹਾਨ ਸ਼ੁਗੁਫ਼ਤਾ, ਜਾਂ ਰੁਖ ਗੁਲ ਚੁਖ ਦਰਸੇਂਦੀ ।
ਦਾਇਮ ਦਰਦ ਦਿਲਾਂ ਥੀਂ ਨਸਦੇ, ਹਮ ਵਸਦੇ ਸਦਕੇ ਲੈਂਦੀ ।
ਬੁਧ ਸਿੰਘ ਸਿਆਲ ਜੰਜਾਲੋਂ ਛੁਟੀ, ਹਭ ਹੁਟੀ ਚਾਹ ਮਨੇਂਦੀ ।

੨੮

ਵਾਉ ਵਬਾਲ ਸੱਸੀ ਸਿਰ ਜੋੜੀ, ਹੰਢੇ ਥਲੀਂ ਰੁਲੇਂਦੀ ।
ਜਿਉਂ ਜਿਉਂ ਖੋਜ ਪੁੰਨੂੰ ਦਾ ਲਹਿੰਦੀ, ਤਿਉਂ ਤਿਉਂ ਭਾਹ ਬਲੇਂਦੀ ।
ਸਿਰ ਥੀਂ ਵਾਲ ਮੁਠੀ ਭਰ ਪੁਟਦੀ, ਦਿਲ ਉਠਦੀ ਪੀੜ ਢਹੇਂਦੀ ।
ਬੁਧ ਸਿੰਘ ਤਾਂਘ ਸੱਜਣ ਦੀ ਸੱਸੀ, ਧਰ ਸੱਸੀ ਨਾਉਂ ਕੂਕੇਂਦੀ ।

੨੯

ਹੇ ਹੁਣ ਹੈਫ ਕੀਤੋਨੇ ਹੋਤਾਂ, ਜਿਨ੍ਹਾਂ ਮੇਹਰ ਦਿਲਾਂ ਵਿਚ ਨਾਹੀਂ ।
ਅਚਾਚੇਤ ਅਤੇ ਵਖਤ ਸੁਬ੍ਹਾ ਦੇ, ਮੈਂ ਲੁਟ ਲੀਤੀ ਸਾਬ(ਸਾਫ) ਗੁਨਾਹੀਂ ।
ਘਿੰਨ ਜੁਲੇ ਸਹੁ ਪੁੰਨੂੰ ਮੈਂਡਾ, ਮੇਰੇ ਅੰਦਰ ਭੜਕਣ ਭਾਹੀਂ ।
ਬੁਧ ਸਿੰਘ ਇਸ਼ਕ ਸਲਾਮਤ ਖੜਸਾਂ, ਨ ਮੁੜਸਾਂ ਕਦਮ ਪਿਛਾਹੀਂ ।

੩੦

ਹੇ ਹੁਣ ਆਖ ਕਰਾਂ ਕੀ ਮਾਈ, ਸਾਕੂੰ ਜਾਨੀ ਛੋਡ ਸਿਧਾਏ ।
ਪਰਸੋਂ ਆਖ ਗਏ ਮੁੜ ਆਵਣ, ਕਈ ਦਿਨ ਮਹੀਨੇ ਲਾਏ ।
ਤਪਣ ਸਿਕਣ ਤੇ ਦਿਲ ਖਿਚਣ, ਇਹ ਪੇਸ ਤੱਤੀ ਦੇ ਆਏ ।
ਬੁਧ ਸਿੰਘ ਭਾਗ ਤਦਾਹਾਂ ਜਾਗਣ, ਜਾਂ ਲੈ ਸੋਹਣਾ ਗਲ ਲਾਏ ।

੩੧

ਅਲਫ਼ ਅਸੀਰ ਜੰਜ਼ੀਰ ਜ਼ੁਲਫ ਦਿਲ, ਪਾਇ ਸੋਹਣੇ ਕੀਤਾ ।
ਜਾਦੂ ਪਾਇ ਨੈਣਾਂ ਦੇ ਸਾਨੂੰ, ਚਿਤ ਚੇਟਕ ਚਾਇ ਖਸ ਲੀਤਾ ।
ਜਾਮਾ ਪਾੜ ਸੁਖਾਂ ਦਾ ਜ਼ਾਲਮ, ਗਲ ਦੁਖ ਪਿਰਾਹਣੁ ਸੀਤਾ ।
ਬੁਧ ਸਿੰਘ ਸ਼ਰਮ ਸਲਾਹੁ ਕਥਾਈਂ, ਜਾਂ ਦਿਤਾ ਇਸ਼ਕ ਪਲੀਤਾ ।

੩੨

ਅਲਫ ਆਰਾਮ ਨ ਥੀਂਦਾ ਜਾਨੀ, ਬਿਨ ਡਿਠੇ ਮੁਖ ਤੇਰੇ ।
ਸੂਲਾਂ ਦਰਦਾਂ ਤੇ ਲੈ ਲੈ ਕਰਦਾ, ਸਾਕੂੰ ਆਣ ਪਾਏ ਨੀ ਘੇਰੇ ।
ਬਖਸ਼ ਗੁਨਾਹ ਨ ਦਾਹ ਅਸਾਂ ਕੂੰ, ਵੇ ਮੈਂ ਮਰਸਾਂ ਸੰਝ ਸਵੇਰੇ ।
ਬੁਧ ਸਿੰਘ ਸਯਾਲ ਨਿਹਾਲ ਤਾਂ ਥੀਵੇ, ਜਾਂ ਗਲ ਲਗਾਂ ਤੇਰੇ ।

੩੩

ਹਮਜਾ ਹੀਰ ਅਸੀਰ ਇਸ਼ਕ ਦੀ, ਘਰ ਖੇੜੇ ਪਈ ਤਸਕਦੀ ।
ਲਗਾ ਘਾਉ ਕਲੇਜੇ ਕਾਰੀ, ਤਨ ਸਾਰੇ ਪੀੜ ਚਸਕਦੀ ।
ਉਠਨ ਸੂਲ ਘਟਾ ਕਰ ਹੂਲਾ, ਸਿਰ ਬਿਜਲ ਦੁਖ ਲਸ਼ਕਦੀ ।
ਬੁਧ ਸਿੰਘ ਬਾਝ ਤਬੀਬ ਹਬੀਬਾਂ, ਬਿਨਸੀਬਾਂ ਸਿਆਲ ਸਿਸਕਦੀ ।

੩੪

ਯੇ ਯਕ ਰੰਗ ਹੋਈ ਸਾਂ ਰਾਂਝਾ, ਮੈਂਡੇ ਹਭੇ ਦੁਖ ਨਸਾਏ ।
ਦਾਯਮ ਦਰਦ ਦਿਲਾਂ ਥੀ ਨੱਠੇ, ਸੁਖ ਸਾਥੀ ਸੱਜਣ ਪਾਏ ।
ਖਿੜਦੇ ਬਾਗ ਬਹਿਸ਼ਤਾਂ ਜਿਹਦੇ, ਸਿਰ ਮਾਂਗ ਸੰਧੂਰ ਭਰਾਏ ।
ਬੁਧ ਸਿੰਘ ਸਿਆਲ ਜੰਜਾਲੋਂ ਛੁਟੀ, ਦੁਖ ਸੁਟੀ ਪੰਡ ਸਬਾਏ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ