Punjabi Poetry/Majhan : Bihari

ਮਾਝਾਂ : ਬਿਹਾਰੀ

ਦਰਦ ਪਿਆਰੇ ਦੇ ਘਾਇਲ ਕੀਤੀ, ਮਨ ਤਨ ਹੀ ਨਿਤ ਜਾਂਦੀ ।
ਕਰਿ ਕਰਿ ਰਹੀ ਇਲਾਜ ਘਨੇਰੇ, ਨਿਤ ਪੀੜ ਕਲੇਜਾ ਖਾਂਦੀ ।
ਪੀੜ ਕਲੇਜਿਓਂ ਨਿਕਲ ਵੈਂਦੀ, ਗੁਝੀ ਰਹੈ ਨੈਣਾਂ ਦੀ ।
ਗੋਬਿੰਦ ਸਿੰਘ ਪਿਆਰੇ ! ਸੋ ਸਾਲਾਹੀਂ, ਜਿ ਲਹਿੰਦੇ ਖਬਰ ਦਿਲਾਂ ਦੀ ।

ਲਟਕ ਤੁਸਾਡੀ ਮੈਂ ਲੋਟਨ ਕੀਤੀ, ਫਿਰਾਂ ਲੁਟੀਂਦੀ ਰਾਹੀਂ ।
ਤਾਗਤਿ ਕੱਢ ਖੜੀ ਵਿਛੋੜੇ, ਮੈਂ ਕੱਤਾਂ ਕੈਂ ਦੀ ਬਾਹੀਂ ।
ਜਾਂ ਸਵਾਂ ਤਾਂ ਤੂੰ ਨਾਲੇ ਸਵੇਂ, ਜਾਂ ਚਲਨਾਂ ਉਠਿ ਰਾਹੀਂ ।
ਗੁਰੂ ਗੋਬਿੰਦ ਸਿੰਘ ! ਜਬ ਭੀਤਰ ਵੇਖਾਂ, ਤੂੰ ਹੈ ਹੈਂ ਮੈਂ ਨਾਹੀਂ ।

ਆਸ਼ਕ ਨਾਲ ਬਰੋਬਰ ਕੇਹੀ, ਜਿਸ ਧੜ ਹੈ ਸਿਰੁ ਨਾਹੀਂ ।
ਉਹ ਰਹਿਣ ਪਲਕਾਂ ਦੇ ਮਾਰੂ, ਜਿਉਂ ਸੂਰੇ ਰਣ ਮਾਂਹੀਂ ।
ਗਲੀਆਂ ਵਿਚ ਫਿਰੈਂ ਚੁਪ ਕੀਤੇ, ਤਲੀਆਂ ਭੜਕਨ ਭਾਹੀਂ ।
ਨਵੀਂ ਖੰਡੀਂ ਥਰਥਲ ਬਿਹਾਰੀ, ਜਾਂ ਆਸ਼ਕ ਕੱਢਣ ਆਹੀਂ ।

ਤੀਰਾਂ ਕੋਲੋਂ ਤਿਖੀਆਂ ਪਲਕਾਂ, ਜ਼ਾਲਮ ਕਰਨ ਤਕਬੀਰਾਂ ।
ਕਾਮਣਹਾਰੀ ਕਾਮਣ ਪਾਏ, ਏਹੁ ਤਨ ਕੀਤਾ ਲੀਰਾਂ ।
ਮਹਿਬੂਬਾਂ ਦੀ ਏਹਾ ਵਹਿਦਤ, ਲੂੰ ਲੂੰ ਦੇਂਦੀ ਸੀਰਾਂ ।
ਮਹਿਬੂਬਾਂ ਦੇ ਘਾਉ ਬਿਹਾਰੀ, ਸਹਿਣੇ ਪਏ ਫਕੀਰਾਂ ।

ਜਿਨ੍ਹਾਂ ਬਾਝਹੁ ਘੜੀ ਨ ਜੀਵਾਂ, ਹੁਣ ਉਨ ਕਉ ਭਏ ਮਹੀਨੇ ।
ਸਿਕ ਮਹਿਬੂਬਾਂ ਕੈਬਰ ਲਾਇਆ, ਗਰਕ ਗਿਆ ਵਿਚ ਸੀਨੇ ।
ਆਹੀਂ ਨਾਲਿ ਨ ਨਿਕਲ ਵੈਂਦਾ, ਸੁੰਞੇ ਜੀਅ ਕਮੀਨੇ ।
ਤਨ ਦੀਆਂ ਤਪਤਾਂ ਮਿਟਨ ਬਿਹਾਰੀ, ਜਾਂ ਮਿਲਸਨ ਯਾਰ ਨਗੀਨੇ ।

ਸਾਰ ਸਮਾਲ ਸਵਾਂ ਗੁਣ ਤੈਂਡੇ, ਮੈਂ ਕੂੰ ਸੁਤਿਆਂ ਸਵਣ ਨ ਦੇਂਦੇ ।
ਲੋਕ ਜਾਣੈ ਏਹੁ ਦੁਵੈ ਜੁੜੀਆਂ, ਮੈਂ ਕੂੰ ਤਤੋ ਤਾਇ ਤਵੈਂਦੇ ।
ਸਿੰਨਿਆਂ ਹੋਇਆਂ ਕੱਖਾਂ ਵਾਂਗੂੰ, ਧੁਖ ਧੁਖ ਢਾਂਢ ਬਲੇਂਦੇ ।
ਕਹੁ ਗੋਬਿੰਦ ਸਿੰਘ ਨੈਣਾਂ ਦੀ ਗੱਲ, ਰੋਇ ਦੇਂਦੇ ਪਰ ਨਾਲ ਨ ਵੈਂਦੇ ।

ਜਾਂ ਹਸੈ ਤਾਂ ਮਿਠਾ ਲਗੈ, ਰੁਸੈ ਤਾਂ ਖਰਾ ਪਿਆਰਾ ।
ਜਿਉਂ ਜਿਉਂ ਬੂੰਦ ਪੀਵਤ ਹੈ ਚਾਤ੍ਰਿਕ, ਸੀਤਲ ਹੋਇ ਮੰਝਾਰਾ ।
ਜਾਂ ਦਿਸੈ ਤਾਂ ਚਾਨਣ ਥੀਵੈ, ਬਿਨੁ ਡਿਠਿਆਂ ਅੰਧਿਆਰਾ ।
ਅੱਖੀਂ ਕਣ ਨਾ ਸਹਿਨ ਬਿਹਾਰੀ, ਵਿਚ ਮਿੱਤ ਸਮਾਵੈ ਸਾਰਾ ।

ਬਿੰਦ੍ਰਾਬਨ ਦੀਆਂ ਠੰਢੀਆਂ ਛਾਵਾਂ, ਮੋਰੀਂ ਰੁਣ ਝੁਣ ਲਾਇਆ ।
ਕਢਿ ਕਲੇਜਾ ਕੋਇਲੇ ਕੀਤਾ, ਕੋਈ ਦਾਦਰੁ ਦੁੰਦੁ ਰਚਾਇਆ ।
ਬਿਜਲੀ ਲਸ਼ਕੈ ਤੇ ਘਨੀਅਰ ਗਰਜੈ, ਮੇਰਾ ਸੁੱਤਾ ਪ੍ਰੇਮ ਜਗਾਇਆ ।
ਇਕਸੁ ਮੁਰਲੀ ਵਾਲੇ ਬਾਝ ਬਿਹਾਰੀ, ਸਾਨੂੰ ਖੂਨੀ ਸਾਵਣ ਆਇਆ ।

ਰੱਤੀ ਪ੍ਰੇਮ ਜਿਨ੍ਹਾਂ ਦੇ ਅੰਦਰਿ, ਬਿਨਾ ਸ਼ਰਾਬੋਂ ਖੀਵੈ ।
ਅਠਿ ਪਹਿਰ ਮਹਿਲੀਂ ਚਾਨਣ ਉਥੇ, ਬਲਨ ਪ੍ਰੇਮ ਦੇ ਦੀਵੈ ।
ਜੇਹੀ ਲਾਇਨ ਤੋੜ ਨਿਬਾਹਨਿ, ਸਫਲ ਤਿਨ੍ਹਾਂ ਦਾ ਜੀਵੈ ।
ਹਰਿ ਅੰਮ੍ਰਿਤ ਸੰਤਾਂ ਦੇ ਮੁਖੁ ਵਰਸੈ, ਗੁਰਮੁਖ ਹੋਇ ਸੁ ਪੀਵੈ ।

੧੦

ਅਚਨ ਚੇਤਿਆਂ ਤੇ ਚੁਪ-ਚੁਪਾਤਿਆਂ, ਲੱਗੀਆਂ ਪ੍ਰੇਮ-ਨਿਗਾਹਾਂ ।
ਝੱਲਾਂ ਦੇ ਵਿਚ ਫਿਰਾਂ ਕੁਕੇਂਦੀ, ਹੱਥ ਘੱਤੀ ਵਿਚ ਕਾਹਾਂ ।
ਅਗੇ ਭੀ ਪ੍ਰੇਮ ਸੁ ਹੋਂਦਾ ਆਹਾ, ਕਿ ਲੱਗਾ ਦੋਸ਼ ਅਸਾਹਾਂ ।

੧੧

ਘੜੀ ਨਿਹਾਲੀ ਵਾਟ ਮਿਤ੍ਰਾਂ ਦੀ, ਜੋ ਕੋਈ ਆਖੈ ਆਵੈ ।
ਸਾਰਾ ਦਿਹੁ ਨਿਹਾਰਦੇ ਗੁਜ਼ਰੈ, ਮੈਂ ਕੂੰ ਦੁਖੀ ਰੈਣਿ ਵਿਹਾਵੈ ।
ਜਿਸ ਕਮਮ ਨੂੰ ਮੈਂ ਹੱਥ ਲਗਾਈਂ, ਸੋ ਕੰਮ ਖਾਵਣ ਧਾਵੈ ।
ਸ਼ਾਂਤਿ ਮਿਲਨ ਸੁ ਲੁੜੀਂਦੇ ਸੱਜਣ, ਸਾਡੀ ਤਾਂ ਦਿਲਗੀਰੀ ਜਾਵੈ ।

੧੨

ਦਿਤੀ ਕੰਡ ਨ ਜਾਹਿ ਪਿਆਰਿਆ ! ਮੈਂ ਤੇਰੇ ਦਰਦ ਰੰਞਾਣੀ ।
ਘੰਡਾ ਹੇੜੇ ਦੀ ਹਰਨੀ ਵਾਂਗੂੰ, ਬਾਣ ਗਰਕ ਗਿਆ ਸਣ ਕਾਨੀ ।
ਤਾਗਤਿ ਕੱਢਿ ਖੜੀ ਵਿਛੋੜੇ, ਮੈਂ ਤੁਟੀ ਫਿਰਾਂ ਪਰਾਣੀ ।
ਗਲ ਵਿਚ ਪੱਲੂ ਸਤਿਗੁਰ ਵਾਲਾ, ਮੈਂ ਅਰਦ ਬਜ਼ਾਰ ਵਿਕਾਣੀ ।

੧੩

ਯਾਰ ਯਾਰਾਂ ਕੋਲੋਂ ਵਿਦਿਆ ਮੰਗਦੇ, ਆਖ ਦਿਖਾ ਕਿਆ ਕਰੀਐ ।
ਸਿਰੁ ਨੂੰ ਕਟਿ ਰਿਸਾਲੁ ਬਣਾਈਐ, ਪੇਸ਼ਿ ਮਿਤ੍ਰਾਂ ਦੀ ਧਰੀਐ ।
ਜੇ ਸਿਰ ਦਿਤੇ ਰਾਜ਼ੀ ਥੀਵਨ, ਸਿਰੁ ਦੇਂਦਿਆਂ ਕਿਉਂ ਡਰੀਐ ।
ਸਿਰ ਸਦਕੇ ਕੁਰਬਾਣ ਬਿਹਾਰੀ, ਜੇ ਵਿਚੁ ਨਿਗਾਹਾਂ ਦੇ ਮਰੀਐ ।

੧੪

ਲੋਹਾ ਵਸ ਪਿਆ ਉਸਤਾਦਾਂ, ਮਲਿ ਦਲਿ ਕੀਤਾ ਕਾਹੀਂ ।
ਜਾਂ ਮੁਖ ਦੇਖਣ ਲਾਇਕ ਥੀਆ, ਤਾਂ ਸਭ ਲੋਕ ਸਲਾਹੀਂ ।
ਤੂੰ ਹੀ ਮੈਂਡਾ ਸਜਣ ਪੜਦੇ ਕੱਹਣ, ਜਿਨਿ ਓੜਕ ਪ੍ਰੀਤਿ ਨਿਬਾਹੀ ।
ਦਿਲ ਦੇ ਮਹਿਰਮ ਨਾਲ ਬਿਹਾਰੀ, ਭੀਖ ਮੰਗਣੁ ਪਾਤਸ਼ਾਹੀ ।

੧੫

ਕਲਰ ਧਾਨ ਨ ਹੋਨੀ ਕਬਹੂੰ, ਜੇ ਕੋਟਕੁ ਬਦਲ ਬਰਖਾਨੇ ।
ਤਨ ਮਨੁ ਚਿਤ ਦੇਈਏ ਸਭ ਅਪਣਾ, ਲਲਚੀ ਕਬਹੂ ਨ ਅਘਾਨੇ ।
ਅਪਰਾਧੀ ਨ ਰਹੇ ਅਪਰਾਧਹੁੰ, ਸੁਨਿ ਸੁਨਿ ਬੇਦ ਪੁਰਾਨੇ ।
ਅਗਨਿ ਪਾਣੀ ਦੀ ਆਂਚ ਬਿਹਾਰੀ, ਮੋਠੁ ਕਠੋਰੁ ਨ ਮਾਨੇ ।

੧੬

ਪ੍ਰੇਮ ਪਿਕਾਮ ਲਗਾ ਤਨ ਅੰਦਰ, ਕਰਕ ਕਲੇਜੇ ਨੂੰ ਆਵੈ ।
ਅੰਦਰ ਵੰਞਿ ਸ਼ਨਾਖਤੁ ਹੋਇਆ, ਰੱਤੁ ਪੀਵੈ ਮਾਸ ਖਾਵੈ ।
ਸੱਦਹੁੰ ਵੈਦ ਦਿਖਾਲਹੁ ਨਾੜੀ, ਉਹ ਗਰਕ ਗਇਆ ਗਰਕਾਵੈ ।
ਸੁਰੰਗ ਪੈਕਾਮੁ ਨ ਕੱਢਹੁ ਮੂਲੇ, ਮਤੁ ਦਰਦ ਭੀ (ਨਾਲਿ) ਨਿਕਲ ਜਾਵੈ ।

੧੭

ਜਾਨੀ ਮੇਰਾ ਮੈਂ ਜਾਨੀ ਦਾ, ਜਾਨੀ ਬਾਝੁ ਬਿਗਾਨੀ ।
ਜਾਨੀ ਲਾਇਆ ਕਰਕ ਕਲੇਜੇ, ਤਾਂ ਕੀਤੀ ਦਰਦ ਦਿਵਾਨੀ ।
ਜਾਨੀ ਬਾਝੁ ਮੈਂ ਘੜੀ ਨ ਜੀਵਾਂ, ਜਾਨੀ ਫਿਰੈ ਗੁਮਾਨੀ ।
ਜਬ ਜਾਨੀ ਤਬ ਜਾਨ ਬਿਹਾਰੀ, ਜਾਨਿ ਜਾਨਿ ਵਿਚ ਜਾਨੀ ।

੧੮

ਮਨਿ ਮਹਿਤਾਬੁ ਜੋਤਿ ਤਿਨ੍ਹਾਂ ਨੂੰ, ਅੱਖੀ ਬਲਨ ਮਸਾਲਾਂ ।
ਜਿਨ੍ਹਾਂ ਸਾਡਾ ਮਨੁ ਤਨੁ ਲੀਤਾ, ਬਾਝੁ ਤਿਨ੍ਹਾਂ ਕਿਉਂ ਜਾਲਾਂ ।
ਲਗੀ ਮੁਹਬਤ ਪਿਆ ਵਿਛੋੜਾ, ਪਲੁ ਪਲੁ ਤੂੰਹੀ ਸਮਾਲਾਂ ।
ਆਹੀਂ ਦੇ ਲਿਖ ਲੇਖ ਬਿਹਾਰੀ, ਦਰਗਹਿ ਜਾਇ ਦਿਖਾਲਾਂ ।

੧੯

ਨਿਕੜਿਆਂ ਹੋਂਦਿਆਂ ਦੀ ਪਈ ਮੁਹੱਬਤ, ਹੋਈ ਬੰਦ ਦਿਲਾਂ ਨੂੰ ।
ਸਿਕਨ ਅੱਖੀਂ ਤੇ ਮਨ ਝੂਰੇ, ਮਿਤ੍ਰਾਂ ਵਿਛੜਿਆਂ ਨੂੰ ।
ਰਤਿਆ ਹੋਇਆਂ ਦਿਲਾਂ ਵਿਛੋੜਿਨ, ਪਉਸੀ ਸਬਰ ਤਿਨ੍ਹਾਂ ਨੂੰ ।
ਜੀਵਦਿਆਂ ਨ ਮਿਲਿਨ ਬਿਹਾਰੀ, ਕੀ ਕਰਸਨ ਯਾਦ ਮੁਇਆਂ ਨੂੰ ।

੨੦

ਆਖ ਦਿਖਾ ਸਭਰਾਈਏ ਹੀਰੇ ! ਤੁਧ ਰਾਂਝਨ ਕਿਤ ਗੁਣ ਪਾਇਆ ।
ਲਾਹਿ ਅਦਬੁ ਵੜੀ ਵਿਚ ਅੱਤਣ, ਕਮਲੀ ਆਪ ਸਦਾਇਆ ।
ਰਾਜੁ ਹੋਇਕੈ ਪੀਆ ਪਿਆਲਾ, ਤੈਂਡਾ ਸ਼ਹੁ ਮੁਕਲਾਊ ਆਇਆ ।
ਸਾਰੀ ਉਮਰ ਢੂੰਢੇਦਿਆਂ ਗੁਜ਼ਰੀ, ਵਿਚੇ ਹੀ ਸ਼ਹੁ ਪਾਇਆ ।

੨੧

ਆਸ਼ਕ ਮਾਣੂੰ ਰਹੈ ਨ ਗੁਝਾ, ਜੇ ਸਤਰ ਮੈਲਾ ਹੋਵੈ ।
ਮਾਰਿਆ ਗਰਜ਼ ਫਿਰੈ ਡੁਗਲਾਂਦਾ, ਤਨ ਝੂਰੈ ਮਨੁ ਰੋਵੈ ।
ਜਿਥੇ ਨਜ਼ਰ ਚੰਗੇਰੀ ਹੋਵੈ, ਉਥੇ ਜਾਇ ਖਲੋਵੈ ।
ਉਸ ਆਸ਼ਕ ਨੂੰ ਮੈਲ ਨ ਲਗੈ, ਜੁ ਹੱਡ ਪਲੀਤ ਨ ਹੋਵੈ ।

੨੨

ਤੂ ਲਿਖਿ ਕੈ ਪਤੀਆ ਲੈ ਆਇਓ, ਊਧੋ ਅਸੀਂ ਪ੍ਰੇਮ ਦਰਦਿ ਦੁਖ ਭਰੀਆਂ ।
ਤੂ ਬਿਦਰਦੁ ਤੈਨੂੰ ਦਰਦੁ ਨ ਕੋਈ, ਅਸੀਂ ਕਵਨ ਵਖਤ ਦੀਆਂ ਖੜੀਆਂ ।
ਮੁਰਲੀ ਵਾਲੇ ਵਸਿ ਕਰ ਲੀਤੀਆਂ, ਸਿਰਿ ਪਾਇ ਪ੍ਰੇਮ ਦੀਆਂ ਜੜੀਆਂ ।
ਸੇ ਕਿਉਂ ਮਲਨਿ ਬਿਭੂਤੁ ਬਿਹਾਰੀ, ਜਿਨਿ ਸਿਰਿ ਸੋਹਾਗ ਦੀਆਂ ਧੜੀਆਂ ।

੨੩

ਜਿਉਂ ਜਿਉਂ ਜਾਨੀ ਮੈਨੂੰ ਚਲਣ ਸੁਣਾਏ, ਤਿਉਂ ਤਿਉਂ ਸੋਗ ਭਰੀਵਾਂ ।
ਇਸੇ ਸੋਗ ਤੁਸਾਡੇ ਕੋਲੋਂ, ਨ ਮੈਂ ਮਰਾਂ ਨ ਜੀਵਾਂ ।
ਅੰਦਰੁ ਪਾਟ ਥੀਆ ਟਵੀਰਾ, ਟੁਕ ਟੁਕ ਕੇਹੜਾ ਸੀਵਾਂ ।
ਮੈਨੂੰ ਲੈ ਚਲੁ ਨਾਲਿ ਬਿਹਾਰੀ, ਤੋੜੇ ਖ਼ਿਦਮਤਦਾਰ ਸਦੀਵਾਂ ।

੨੪

ਖਾਸੇ ਬਾਝੁ ਨ ਰਹਿਨ ਦਲਿਦ੍ਰੀ, ਜਿਉਂ ਸੂਮ ਨ ਰੱਜਦਾ ਮਾਲੋਂ ।
ਪਾਣੀ ਬਾਝਿ ਦਰਿਆਉ ਨ ਰੱਜਨ, ਜਿਵੇਂ ਦ੍ਰਖਤ ਨ ਰੱਜਦਾ ਟਾਲੋਂ ।
ਰਯਤਿ ਬਾਝਿ ਪਾਤਿਸ਼ਾਹ ਨ ਰੱਜਨ, ਜਿਵੇਂ ਫਕਰ ਨ ਰੱਜਦਾ ਹਾਲੋਂ ।
ਇਸ ਭਤਿ ਨਵਾਂ ਸਨੇਹੁ ਬਿਹਾਰੀ, ਨੈਣ ਨ ਰੱਜਨਿ ਭਾਲੋਂ ।

੨੫

ਭੁਖ ਜੇਡੁ ਜ਼ਹਮਤਿ ਨਹੀਂ ਕੋਈ, ਅੰਨੁ ਜੇਡੁ ਨਹੀਂ ਦਾਰੂ ।
ਕਾਮ ਜੇਡੁ ਕਮਲਾ ਨਹੀਂ ਕੋਈ, ਅੱਗੁ ਜੇਡੁ ਨਹੀਂ ਚਾਰੂ ।
ਪਉਨ ਜੇਡੁ ਕੋਈ ਧਾਵਾ ਨਾਹੀਂ, ਕਾਲ ਜੇਡੁ ਨਹੀਂ ਮਾਰੂ ।
ਪਾਪ ਜੇਡੁ ਕੋਈ ਡੂੰਘਾ ਨਾਹੀਂ, ਧਰਮੁ ਜੇਡੁ ਨਹੀਂ ਤਾਰੂ ।

੨੬

ਕੂੜ ਜੇਡਾ ਕੋਈ ਦੁਸ਼ਮਨ ਨਾਹੀ, ਸਚੁ ਜੇਡਾ ਨਹੀਂ ਸਜਣ ।
ਜੇਡੁ ਵਿਛੋੜੇ ਮਉਤ ਨ ਕਾਈ, ਮਿਲਨੇ ਜੇਡ ਨ ਰੱਜਣ ।
ਸਤਿਗੁਰ ਕੇ ਪਰਸਾਦਿ ਬਿਹਾਰੀ, ਜਿਸ ਸਿਮਰਣ ਤਿਸ ਰੱਜਣ ।

੨੭

ਰਾਮੁ ਵਿਸਾਰਿਓ ਕਿਤੁ ਭਰਵਾਸੈ, ਤੈਨੂੰ ਕੇਹਾ ਗੁਮਾਨ ਪਇਓ ਰੀ ।
ਲਾਲਚ ਲਗਿਕੈ ਜਨਮੁ ਗਵਾਇਓ, ਖੁਦੀ ਖ਼ਰਾਬ ਕਿਤੋਈ ।
ਜਾਂ ਜਮ ਆਵੀ ਪਕੜਿ ਚਲਾਵੀ, ਤੈਂਡਾ ਭਾਈ ਬੰਧੁ ਨ ਕੋਈ ।
ਸਤਿਗੁਰ ਕੇ ਪ੍ਰਸਾਦਿ ਬਿਹਾਰੀ, ਤੈਂਡੀ ਹਰਿ ਸਿਮਰਨ ਗਤਿ ਹੋਈ ।

੨੮

ਸਤਰ ਜੋਰੁ ਕੀਤੇ ਦਰਿਆਈਂ, ਰਾਹੀਂ ਰੇਤ ਰਿਸਾਨੀ ।
ਅੰਗੁਲੀਆਂ ਕਟਿ ਕਲਮ ਕਰੇਹੀ, ਨੈਣ ਕਰੀਂ ਮਸਵਾਨੀ ।
ਦਿਲ ਦਾ ਟੁਕੜਾ ਕਾਗਦ ਕਰੀਐ, ਹੰਝੂ ਕਰੀਐ ਪਾਨੀ ।
ਲਿਖ ਹਕੀਕਤ ਯਾਰਾਂ ਭੇਜੀ, ਮੈਂ ਰੋ ਰੋ ਹਰਫ਼ ਪਛਾਨੀ ।

੨੯

ਸਭੇ ਖੂਹ ਭਰ ਮਥੁਰਾ ਦੇ, ਸੌ ਭੇਜੇ ਕਿਸ਼ਨ ਸਨੇਹੇ ।
ਆਪ ਨ ਆਵੈ ਤੇ ਲਿਖ ਨ ਭੇਜੇ, ਓਹੁ ਕੇ ਜਾਣਾਂ ਹਰਿ ਕੇਹੇ ।
ਕਾਨੇ ਖੁਟੇ ਕਿ ਮਸੁ ਨਿਖੁਟੀ, ਕੇ ਕਾਗਦ ਖਾਧੇ ਲੇਹੇ ।
ਕੇ ਲਿਖਣਹਾਰ ਨਾ ਮਿਲਮੁ ਬਿਹਾਰੀ, ਜੋ ਪਤੀਆਂ ਲਿਖ ਦੇਹੇ ।

੩੦

ਨਿਕਲਿ ਬਾਣ ਗਏ ਦੁਸੱਲੂ, ਜੋ ਕਸ ਮਾਰੇ ਨੇਹੀ ।
ਅਗੇ ਫੱਟ ਚਿਮਾਂਦੇ ਆਹੇ, ਹੁਣ ਲੱਗਾ ਵਿਚਿ ਦੇਹੀ ।
ਰੱਤੀ ਰੱਤ ਰਗਾਂ ਵਿਚ ਨਾਹੀਂ, ਤੋੜੇ ਦੇਖੋ ਪਾਇ ਵਲੇਹੀ ।
ਇਸ ਵਿਛੋੜੇ ਦੀ ਪੀੜ ਬਿਹਾਰੀ, ਸਜਰੀ ਨ ਥੀਂਦੀ ਬੇਹੀ ।

੩੧

ਹਿਕ ਦਿਨ ਮਾਹੀ ਮੈਂ ਅੰਦਰ ਸੁੱਤੀ, ਮੈਂਡੀ ਸ਼ਾਮ ਹਿਲਾਈ ਖਿੜਕੀ ।
ਖਿੜਕੀ ਹਿਲੀ ਤੇ ਧਮਕ ਪਹੁਤੀ, ਤੁਟੀ ਕੰਨ ਦੀ ਲੁੜਕੀ ।
ਅੰਦਰ ਮਾਊਂ ਗਾਲ੍ਹੀ ਦਿਤੀਆਂ, ਬਾਹਰਿ ਬਾਬਲ ਝਿੜਕੀ ।
ਸ਼ਾਮ ਸਲੋਣੇ ਦੀ ਲਟਕ ਬਿਹਾਰੀ, ਅਸਾਂ ਰੋਂਦਿਆਂ ਚਾਟੀ ਰਿੜਕੀ ।

੩੨

ਬੇਪਰਵਾਹੀ ਤੇ ਅਸਲਮਸਤੀ, ਮਹਿਤਾਬਾਂ ਕਉ ਸੁੰਹਦੀ ।
ਸੁੰਹਦੀ ਸਹਿਜ ਸੁਹਾਰਿਆਂ ਤਾਈਂ, ਦਰਦਵੰਦਾਂ ਨੂੰ ਕੁੰਹਦੀ ।
ਇਹ ਦਿਲ ਮੈਂਡੀ ਤੈਂਡੇ ਕਾਰਣਿ, ਰਾਤੀ ਡੀਹਾਂ ਲੁੰਹਦੀ ।
ਅਜਣੁ ਸਿਕ ਨ ਗਈ ਬਿਹਾਰੀ, ਸੱਜਣ ਤੁਸਾਡੇ ਮੁੰਹ ਦੀ ।

੩੩

ਆਹਿ ਦਰਦ ਮਤ ਮਾਰੋ ਕੋਈ, ਤੀਨ ਲੋਕ ਜਲਿ ਜਾਏ ।
ਆਹ ਦਰਦ ਤੈ ਪੰਖੀ ਡਰਦੇ, ਸੁਣ ਆਕਾਸ਼ ਡਰਾਏ ।
ਆਹ ਦਰਦ ਤੇ ਧਰਤੀ ਕੰਬੇ, ਮਤ ਉਲਟੀ ਨਦੀ ਵਹਾਏ ।
ਧੰਨ ਆਸ਼ਕ ਦੀ ਆਹ ਬਿਹਾਰੀ, ਜਿਥੇ ਆਹਿ ਸਮਾਏ ।

੩੪

ਆਸ਼ਕ ਆਸ਼ਕ ਸਭ ਕੋਈ ਆਖੇ, ਸਿਰ ਟੇਢੀ ਪਗੜੀ ਧਰ ਕੇ ।
ਸਿਰ ਥੈ ਪਰੇ ਸਿਦਕ ਦਾ ਡੇਰਾ, ਸਭ ਮੁੜ ਆਇਨ ਡਰ ਕੇ ।
ਮਾਣ ਮਣੀ ਤੇ ਖੁਦੀ ਤਕੱਬਰ, ਕੋਈ ਨ ਰਹਿਓ ਜਰ ਕੇ ।
ਸਜਣਾਂ ਦੇ ਉਚ ਮਹਿਲ ਬਿਹਾਰੀ, ਕੋਈ ਆਸ਼ਕ ਪਹੁਤਾ ਮਰ ਕੇ ।

੩੫

ਮੀਰ ਪੀਰ ਸਭ ਵਸ ਕਰ ਲੀਤੇ, ਕਾਲ ਕਹਿਰ ਦਿਆਂ ਤਬਰਾਂ ।
ਸਭਨਾ ਦੇ ਸਿਰਿ ਏਕੋ ਜੇਹੀ, ਮਉਤ ਗਰੀਬਾਂ ਗਬਰਾਂ ।
ਕਾਜ਼ੀ ਪੰਡਤ ਤੈ ਫਾਨੀ ਦੇ, ਇਕਿ ਸੇਵਨਿ ਇਕ ਕਬਰਾਂ ।
ਦੇਖਿ ਬਿਹਾਰੀ ਓਨਾਂ ਸੰਗ ਕੇਹੀ ਵਰਤੀ, ਵਤ ਨ ਆਈਆਂ ਖਬਰਾਂ ।

੩੬

ਜੰਗਲਿ ਬੇਲੇ ਜਿਉਂ ਡਉਂ ਲਗਾ, ਕਦੇ ਨ ਥੀਂਦਾ ਮੱਠਾ ।
ਡੀਹੀਂ ਰਾਤੀਂ ਸਿਕ ਅਕਿਹੀ, ਜੋਰੁ ਨੈਣਾਂ ਦਾ ਲੱਥਾ ।
ਮਿਤ੍ਰਾਂ ਕੋਲੋਂ ਮੁਖ ਨ ਮੋੜਾਂ, ਜੇ ਸਉ ਲੋਕ ਅਕੱਠਾ ।
ਯਾਰ ਅਸਾਡਾ ਆਹਿ ਬਿਹਾਰੀ, ਸੁਣਿਕੈ ਦੋਜ਼ਕੁ ਨੱਠਾ ।

੩੭

ਅਸੀਂ ਸਿਕ ਤੁਸਾਡੀ ਆਏ, ਤੁਸਾਂ ਰਖਾਏ ਪੜਦੇ ।
ਲੋਕਾਂ ਦੀ ਬਦਨਾਵੀਂ ਕੋਲੋਂ, ਅਸੀਂ ਡਰਦੇ ਅਰਜ਼ ਨ ਕਰਦੇ ।
ਆਸ਼ਕ ਸੁਟਿ ਘਤੇ ਵਿਚ ਦੋਜ਼ਕ, ਦੋਜ਼ਕ ਨੋ ਲੈ ਤਰਦੇ ।
ਜੇ ਸਉ ਸਠਿ ਵਗਨ ਤਲਵਾਰੀਂ, ਅਸੀਂ ਆਈ ਬਾਝੁ ਨ ਮਰਦੇ ।

੩੮

ਕਰ ਮਸਲਤ ਆਕੀ ਗੜ੍ਹ ਲੀਚਨ, ਮਸਲਤ ਲੋਹੇ ਭੰਨੇ ।
ਕਰ ਮਸਲਤ ਦਰੀਆਉ ਤਰੀਵਨ, ਸਪ ਕੀਚਨ ਦੰਦ ਭੰਨੇ ।
ਸਭ ਕਿਛੁ ਮਸਲਤ ਵੱਸ ਬਿਹਾਰੀ, ਇਸ਼ਕ ਨ ਮਸਲਤ ਮੰਨੇ ।

੩੯

ਹਾਏ ! ਮੁਹੱਬਤ ਕੇਹੀ ਲਾਈ, ਮੇਰੇ ਸੀਨੇ ਅੰਦਰ ਰੜਕੇ ।
ਜਿਉਂ ਜਿਉਂ ਦੇਖਾਂ ਬਾਗ ਮਾਹੀ ਦਾ, ਮੇਰੇ ਅੰਦਰ ਆਤਸ਼ ਭੜਕੇ ।
ਅੰਬੜੀ ਝਿੜਕੇ ਮੈਨੂੰ ਬਾਬਲ ਮਾਰੇ, ਵੀਰ ਬੁਲਾਵਣ ਲੜ ਕੇ ।
ਇਸ ਵਿਛੋੜੇ ਦੀ ਆਤਸ਼ ਕੋਲੋਂ, ਦਮ ਨਿਕਲ ਜਾਏ ਸੜ ਸੜ ਕੇ ।

੪੦

ਮੇਹਨਤ ਕੀਤੀ ਸਫਲੀ ਸਾਈ, ਜੋ ਰਹੇ ਜੀ ਸੰਗੇ ।
ਜੋ ਪਦ ਪਾਇਨ ਅਸਥਿਰ ਹੋਵੇ, ਸੋ ਕਿਆ ਫਿਰ ਫਿਰ ਮੰਗੇ ।
ਸਭ ਆਸਾਂ ਸਭ ਕਾਮਨਾ ਤਜ ਕਰ, ਆਤਮ ਹਰ ਰੰਗ ਰੰਗੇ ।
ਸੇਈ ਸਾਧ ਸੋਈ ਸੰਤ ਬਿਹਾਰੀ, ਜਿਸ ਮਾਇਆ ਮੋਹ ਨ ਡੰਗੇ ।

੪੧

ਅਪਣਾ ਆਪ ਮਾਰ ਨਿਰਮਲ ਹੋਇ, ਸਾਹਿਬ ਦੇ ਰੰਗ ਰੱਤੇ ।
ਜੀਵਤ ਮੋਏ ਮੋਏ ਸੇ ਜੀਵੇ, ਨਿਹਚਉ ਜਾਨਉ ਸੱਤੇ ।
ਸਭ ਸਿਉਂ ਆਪ ਕਉ ਘੱਟ ਸਦਾਇਨ, ਦੁਰਲਭ ਤਿਨ ਕੀ ਮੱਤੇ ।
ਸੋਈ ਸੰਤ ਸੋ ਭਗਤ ਬਿਹਾਰੀ, ਜਿਨ੍ਹਾਂ ਹਉਮੈ ਕੀਤੀ ਹੱਤੇ ।

੪੨

ਸਾਹਿਬ ਸਮਰਥ ਸੁਖਾਂ ਦਾ ਦਾਤਾ, ਸਭ ਦੇਵੈ ਸੁਖ ਅਣਮੰਗੇ ।
ਸਭਹੂੰ ਕੇ ਹਿਰਦੇ ਮਹਿ ਰਵਿਆ, ਸਭਸੇ ਦੇ ਹੈ ਸੰਗੇ ।
ਕਿਰਪਾ ਕਰਿ ਜਿਨ ਭਜਨ ਸਿਖਾਇਆ, ਸੇ ਸਾਚੇ ਰੰਗ ਰੰਗੇ ।
ਹੋਏ ਘਰ ਦੇ ਦਾਸ ਬਿਹਾਰੀ, ਜੋ ਛਾਪੇ ਤੇਰੇ ਦੰਗੇ ।

੪੩

ਸਾਧ ਸੰਗਤਿ ਦਾ ਜਿਸ ਰਸੁ ਆਇਆ, ਸੋ ਮਿਲ ਮਾਣੇ ਰਲੀਆਂ ।
ਜਿਉਂ ਬ੍ਰਿਖ ਸਾਥ ਫੁਲ ਫਲ ਪਾਕੇ, ਅਜਬ ਟਾਸੀਆਂ ਫਲੀਆਂ ।
ਬਚਨ ਜਥਾਰਥ ਵਰਖਾ ਹੋਵੇ, ਢਲ ਢੁਲ ਸਾਖਾਂ ਪਲੀਆਂ ।
ਜਾਇ ਪਹੁੰਚਹਿ ਖਸਮ ਬਿਹਾਰੀ, ਸ਼ਾਹਾਂ ਡਾਲੀਆਂ ਘੱਲੀਆਂ ।

੪੪

ਤਨ ਹਿਮਆਣੀ ਦੇ ਵਿਚਿ ਪਾਇਆ, ਸੁਇਨਾ ਰੂਪਾ ਸਾਸਾ ।
ਰਾਤ ਦਿਵਸ ਵਿਚ ਕੱਢ ਕੱਢ ਲੈਵਨ, ਪਲ ਪਲ ਕਰਨ ਬਿਨਾਸਾ ।
ਪਵੈ ਨ ਹਿਕ, ਤੇ ਨਿਕਲਣ ਬਹੁਤੇ, ਤਿਸ ਰਹਿਣ ਦਾ ਕੀਆ ਭਰਵਾਸਾ ।
ਐਸੇ ਗੜ੍ਹ ਮਹਿ ਬੈਠਿ ਬਿਹਾਰੀ, ਹੂਆ ਕਹਾਂ ਮਵਾਸਾ ।

੪੫

ਭਾਹਿ ਲਗੀ ਮੈਨੂੰ ਦ੍ਰਿਸ਼ਟੀ ਆਈ, ਜਿਉਂ ਦਾਵਾਨਲ ਤ੍ਰਿਣ ਜਾਲੇ ।
ਕਾਲ ਬਲੀ ਸਭ ਜਗ ਚੁਣ ਮਾਰਿਆ, ਤਪੇ ਤਪੀਸ਼ਰ ਨਾਲੇ ।
ਅਚਨਚੇਤ ਸਿਰ ਬੰਬ ਬਜਾਵੈ, ਵਿਣ ਦਿਤਿਆਂ ਕਾਗਲ ਕਾਲੇ ।
ਇਕ ਹਰਿਜਨ ਇਸ ਸਿਉਂ ਬਚੇ ਬਿਹਾਰੀ, ਹੋਰ ਕੀਤੀ ਕਾਲ ਹਵਾਲੇ ।

੪੬

ਜਗ ਵਿਚ ਧੁੰਮ ਪਈ ਸੂਮਾਂ ਦੀ, ਕੋਈ ਕਰਮ ਨ ਭਲਾ ਕੀਤੋ ਨੇ ।
ਅਪਣੇ ਆਪ ਕਉ ਦੁਖ ਦੇਇ ਦੇਇ, ਇਕਠਾ ਧਨ ਕੀਤੋ ਨੇ ।
ਜਿਉਂ ਮਖੀਆਂ ਮਾਖਿਉਂ ਬਹੁ ਕੀਤੀ, ਇਕ ਆਇ ਕਰ ਘਿੰਨ ਗਇਓ ਨੇ ।
ਸੂਮ ਮਰ ਹੋਏ ਸਰਪ ਬਿਹਾਰੀ, ਇਹ ਫਲ ਪੱਲੂ ਪਇਓ ਨੇ ।

੪੭

ਜਿਨ੍ਹਾਂ ਅਦਲ ਮਨ ਊਪਰਿ ਕੀਤਾ, ਤਿਨ ਕਾ ਅਦਲ ਜਗ ਮੰਨੇ ।
ਜਿਸਕਾ ਮਨ ਅਪਣਾ ਹੈ ਮੂਰਖ, ਤਿਸ ਸਿਖ ਕੋਈ ਨ ਘਿੰਨੇ ।
ਆਪ ਖਾਇ ਜੋ ਸਾਗਾ ਅਲੌਨਾ, ਸੋ ਦਾਨ ਕਿ ਦਏ ਸੁਵੰਨੇ ।
ਜਗ ਅਸਮੇਧੁ ਕਿਉਂ ਕਰੇ ਬਿਹਾਰੀ, ਜੋ ਆਪ ਦਰੇ ਦਰ ਪਿੰਨੇ ।

੪੮

ਜੇ ਕੋਈ ਹਿਕ ਵੇਰੀ ਮੁਲ ਲੇਵੈ, ਉਹ ਉਸਦਾ ਹੋ ਚੁਕਿਆ ।
ਮੈਂ ਤੈਨੂੰ ਲਖ ਵੇਰ ਮੁਲ ਲੀਤਾ, ਭੀ ਤੇਰਾ ਹੋਇ ਨ ਮੁਕਿਆ ।
ਗੁਨਾਹਗਾਰ ਵਡ ਲੂਣ ਹਰਾਮੀ, ਸੇਵਾ ਸਿਮਰਨ ਥੀਂ ਲੁਕਿਆ ।
ਕੂਕਰ ਕਨੂੰ ਮੈਂ ਘਟ ਬਿਹਾਰੀ, ਅਪਣੇ ਸਾਹਿਬ ਅਗੇ ਨ ਝੁਕਿਆ ।

੪੯

ਘਟ ਘਟ ਦੇ ਵਿਚ ਢਾਂਢੀ ਬਾਲੀ, ਇਸ ਤ੍ਰਿਸ਼ਨਾ ਰਾਖਸ਼ਿਆਣੀ ।
ਪਾਇ ਕਰ ਡੋਰ ਸਗਲ ਦੇ ਗਲ ਵਿਚ, ਨਚਾਏ ਕਪਿ ਪ੍ਰਾਣੀ ।
ਮਾਨਸ ਤੇ ਇਸ ਗਧਾ ਬਣਾਇਆ, ਲਦ ਧੰਦਾ ਬੋਝ ਸਤਾਣੀ ।
ਇਕ ਹਰਿਜਨ ਸਿਉਂ ਡਰੇ ਬਿਹਾਰੀ, ਹੋਰ ਜੀਤੀ ਚਾਰੇ ਖਾਣੀ ।

੫੦

ਅੰਮਾ ਨੀ ! ਹਉਂ ਮਰਦੀ ਵੰਞਾਂ, ਮੈਂਡੇ ਉਠਨ ਸੂਲ ਕਲੇਜੇ ।
ਬਿਰਹੁ ਕਸਾਈ ਅੰਦਰ ਵੜਿਆ, ਕੀਤੀ ਰੇਜ਼ੇ ਰੇਜ਼ੇ ।
ਜਿਸ ਦਿਨ ਦੀ ਘਰ ਖੇੜਿਆਂ ਆਂਦੀ, ਸੁਖਿ ਨ ਸੁੱਤੀ ਸੇਜੇ ।
ਤਿਨ੍ਹਾਂ ਵਿਟਹੁ ਕੁਰਬਾਣੁ ਬਿਹਾਰੀ, ਜੋ ਚਾਕ ਅਸਾਥੇ ਭੇਜੇ ।

੫੧

ਪੀਰਾਂ ਬਾਝੁ ਮੁਰੀਦੁ ਨ ਸੋਹਨਿ, ਥੰਮਾਂ ਬਾਝ ਨ ਕੜੀਆਂ ।
ਪੁਤ੍ਰਾਂ ਬਾਝੁ ਨ ਸੋਹਨਿ ਮਾਵਾਂ, ਲਖ ਹੀਰੇ ਮੋਤੀ ਜੜੀਆਂ ।
ਕੰਤਾਂ ਬਾਝੁ ਨ ਸੋਹਨਿ ਨਾਰੀ, ਤੋੜੇ ਹੋਵਨ ਹੂਰਾਂ ਪਰੀਆਂ ।
ਸੋ ਕਿਉਂ ਮਲਨ ਬਿਭੂਤ ਬਿਹਾਰੀ, ਜਿਨ੍ਹਾਂ ਸਿਰ ਸੁਹਾਗ ਦੀਆਂ ਧੜੀਆਂ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ