Punjabi Poetry : Bari Nizami

ਪੰਜਾਬੀ ਕਲਾਮ/ਕਵਿਤਾ : ਬਰੀ ਨਿਜ਼ਾਮੀ

1. ਗੱਲ ਕਰ ਕੋਈ ਪੀਣ ਪਿਲਾਵਣ ਦੀ

ਗੱਲ ਕਰ ਕੋਈ ਪੀਣ ਪਿਲਾਵਣ ਦੀ
ਰੁੱਤ ਲੰਘ ਨਾ ਜਾਵੇ ਸਾਵਣ ਦੀ

ਮੈਂ ਓਹਲੇ ਬਹਿ ਕੇ ਪੀ ਲਾਂਗਾ
ਕੀ ਲੋੜ ਏ ਰੌਲਾ ਪਾਣ ਦੀ
ਰੁੱਤ ਲੰਘ ਨਾ ਜਾਵੇ ਸਾਵਣ ਦੀ
ਗੱਲ ਕਰ ਕੋਈ ਪੀਣ ਪਿਲਾਵਣ ਦੀ

ਉਹ ਰੁਸਿਆ -ਰੁਸਿਆ ਲੱਗਦਾ ਏ
ਕੋਈ ਕਰ ਤਰਕੀਬ ਮਨਾਵਣ ਦੀ
ਰੁੱਤ ਲੰਘ ਨਾ ਜਾਵੇ ਸਾਵਣ ਦੀ
ਗੱਲ ਕਰ ਕੋਈ ਪੀਣ ਪਿਲਾਵਣ ਦੀ

ਮੈਂ ਜ਼ਿੰਦਗੀ ਗਹਿਣੇ ਰੱਖ ਸਕਦਾਂ
ਦਸ ਕੀਮਤ ਜਾਮ ਉਠਾਵਣ ਦੀ
ਰੁੱਤ ਲੰਘ ਨਾ ਜਾਵੇ ਸਾਵਣ ਦੀ
ਗੱਲ ਕਰ ਕੋਈ ਪੀਣ ਪਿਲਾਵਣ ਦੀ

ਇਹ ਕਿਣ-ਮਿਣ ਬਰੀ ਨਿਜ਼ਾਮੀ ਜੀ
ਝੜੀ ਲੱਗ ਗਈ ਹੋਸ਼ ਭੁਲਾਵਣ ਦੀ
ਰੁੱਤ ਲੰਘ ਨਾ ਜਾਵੇ ਸਾਵਣ ਦੀ
ਗੱਲ ਕਰ ਕੋਈ ਪੀਣ ਪਿਲਾਵਣ ਦੀ

2. ਵਿਗੜ ਗਈ ਏ ਥੋੜ੍ਹੇ ਦਿਨਾਂ ਤੋਂ

ਵਿਗੜ ਗਈ ਏ ਥੋੜ੍ਹੇ ਦਿਨਾਂ ਤੋਂ
ਦੂਰੀ ਪਈ ਏ ਥੋੜ੍ਹੇ ਦਿਨਾਂ ਤੋਂ

ਤੇਰੇ ਹੁੰਦਿਆਂ ਪੀਂਦੇ ਨਹੀ ਸਾਂ
ਪੀਣੀ ਪਈ ਏ ਥੋੜ੍ਹੇ ਦਿਨਾਂ ਤੋਂ

ਚੰਨ ਜਿਹਾ ਮੁੱਖੜਾ ਨਜ਼ਰ ਨੀ ਆਉਂਦਾ
ਰੁੱਤ ਸੁਰਮਈ ਏ ਥੋੜ੍ਹੇ ਦਿਨਾਂ ਤੋਂ

ਸ਼ਾਮ ਸਵੇਰੇ ਆ ਜਾਂਦੇ ਸਨ
ਖ਼ਬਰ ਨਾ ਲਈ ਏ ਥੋੜ੍ਹੇ ਦਿਨਾਂ ਤੋਂ

ਦਿਲ ਮਰਜਾਣਾ ਹੁਣ ਤੱਕ ਡਰਦਾ
ਚੋਟ ਤਾਂ ਸਹੀ ਏ ਥੋੜ੍ਹੇ ਦਿਨਾਂ ਤੋਂ

ਸੁੱਖ ਸੁਨ੍ਹੇੜਾ ਕੋਈ ਨੀ ਆਉਂਦਾ
ਆਸ ਤੇ ਢਈ ਏ ਥੋੜ੍ਹੇ ਦਿਨਾਂ ਤੋਂ

ਇੱਕ ਦਿਨ 'ਬਰੀ' ਹੱਲ ਹੋ ਜਾਣੀ
ਮੁਸ਼ਕਿਲ ਜਹੀ ਏ ਥੋੜ੍ਹੇ ਦਿਨਾਂ ਤੋਂ

3. ਨੀ ਇਸ਼ਕ ਦੇ ਪਿੱਛੇ ਨਾ ਪਓ ਸੱਸੀਏ

ਨੀ ਇਸ਼ਕ ਦੇ ਪਿੱਛੇ ਨਾ ਪਓ ਸੱਸੀਏ
ਨੀ ਤੂੰ ਛੱਡਦੇ ਇਸ਼ਕ ਦਾ ਖਹਿੜਾ
ਬਾਲਾਂ ਵਾਂਗਰ ਜ਼ਿਦ ਨਾ ਕਰ ਤੂੰ
ਇਸ਼ਕ ਦਾ ਰਾਹ ਏ ਭੈੜਾ

ਸਿਖਰ ਦੁਪਹਿਰਾਂ ਵਾਵ-ਰੋਲੇ
ਅਤੇ ਮਾਰੂਥਲ ਦੇ ਪੈਂਡੇ
'ਬਰੀ ਨਿਜ਼ਾਮੀ' ਕਹਿਣ ਸਿਆਣੇ
ਇਸ਼ਕ ਦਾ ਰੋਗ ਅਵੇੜਾ.....

ਨੀ ਊਠਾਂ ਵਾਲੇ ਟੁਰ ਜਾਣਗੇ
ਫੇਰ ਲੱਭਦੀ ਫਿਰੇਂਗੀ ਹਾਣੀ
ਨੀ ਸੱਸੀਏ ਜਾਗਦੀ ਰਹੀਂ
ਰਾਤ ਅੱਜ ਦੀ ਨੀਂਦ ਨਾ ਮਾਣੀ
ਨੀ ਊਠਾਂ........

ਪੈਰ ਪੈਰ ਤੇ ਪੈਣ ਭੁਲੇਖੇ
ਇਹ ਹੈ ਇਸ਼ਕ ਦੁਆਰਾ
ਤੂੰ ਅੱਲ੍ਹੜ ਮੁਟਿਆਰ ਅੰਯਾਣੀ
ਤੇਰਾ ਰੂਪ ਕੁਵਾਰਾ

ਨੀ ਫੁੱਲਾਂ ਜਿਹੇ ਮੁੱਖੜੇ ਤੇ
ਕਿਤੇ ਸਿਖਰ ਦੁਪਹਿਰ ਨਾ ਤਾਣੀਂ
ਨੀ ਸੱਸੀਏ ਜਾਗਦੀ ਰਹੀਂ
ਰਾਤ ਅੱਜ ਦੀ ਨੀਂਦ ਨਾ ਮਾਣੀ
ਨੀ ਊਠਾਂ.......

ਵਿੱਚ ਝਨਾਂ ਦੇ ਸੋਹਣੀ ਡੁੱਬ ਗਈ
ਰਾਤ ਕਬਾਬਾਂ ਵਾਲੀ
ਤੇਰੇ ਨਾਲ ਵੀ ਇੰਝ ਨਾ ਹੋਵੇ
ਰਾਤ ਸ਼ਰਾਬਾਂ ਵਾਲੀ

ਨੀ ਵੇਲਾ ਗਿਆ ਹੱਥ ਨਾ ਆਵੇ
ਤੂੰ ਵੇਲਾ ਆਪ ਪਛਾਣੀ
ਨੀ ਸੱਸੀਏ ਜਾਗਦੀ ਰਹੀਂ
ਰਾਤ ਅੱਜ ਦੀ ਨੀਂਦ ਨਾ ਮਾਣੀ
ਨੀ ਊਠਾਂ.......

ਇਸ਼ਕ ਦੀ ਰਾਹੋਂ ਖੁੰਝੇ ਜਿਹੜੇ
ਪੈਂਦੇ ਲੰਮੀਆਂ ਵਾਟਾਂ
ਮਰਨ ਤੀਕ ਨਾ ਮਗਰੋਂ ਲਹਿੰਦੀਆਂ
ਇਸ਼ਕ ਦੀਆਂ ਇਹ ਚਾਟਾਂ

ਨੀ ਛਮ ਛਮ ਬੱਦਲਾਂ ਵਾਂਗੂੰ
ਕਿਤੇ ਅੱਖੀਆਂ 'ਚੋਂ ਵੱਸ ਪਏ ਨਾ ਪਾਣੀ
ਨੀ ਸੱਸੀਏ ਜਾਗਦੀ ਰਹੀਂ
ਰਾਤ ਅੱਜ ਦੀ ਨੀਂਦ ਨਾ ਮਾਣੀ
ਨੀ ਊਠਾਂ.......

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰੀ ਨਿਜ਼ਾਮੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ