Punjabi Poetry : Anant Prakash Udasin

ਪੰਜਾਬੀ ਕਵਿਤਾਵਾਂ : ਅਨੰਤ ਪ੍ਰਕਾਸ਼ ਉਦਾਸੀਨ

1. ਅਜਬ ਬਹਾਰ ਦਿਖਾਈ ਸੱਜਨਾ

ਅਜਬ ਬਹਾਰ ਦਿਖਾਈ ਸੱਜਨਾ, ਜੋ ਡਿੱਠੀ ਆਖ ਨਾ ਸੱਕਾਂ ।
ਰਗ ਰਗ ਦੇ ਵਿੱਚ ਧਸਿਆ ਜਾਨੀ, ਮੈਂ ਬਿਟ ਬਿਟ ਬੈਠੀ ਤੱਕਾਂ ।
ਮੋਤੀ ਚੋਗ ਲਧੀ ਹੁਣ ਹੰਸਾਂ, ਮੈਂ ਬੁੱਕੀ ਬੁੱਕੀ ਫੱਕਾਂ ।
ਨੈਨਾਂ ਅਜਬ ਖ਼ੁਮਾਰੀ ਫ਼ਕਰ, ਨਿਤ ਵੇਂਹਦੀ ਮੂਲ ਨਾ ਥੱਕਾਂ ।

2. ਅਜ ਅਸਾਂ ਤੇ ਸਾਈਂ ਤੁੱਠਾ

ਅਜ ਅਸਾਂ ਤੇ ਸਾਈਂ ਤੁੱਠਾ, ਸਭ ਡਿਠਾ ਸਾਈਂ ਸਾਈਂ ।
ਹੈ ਭਰਪੂਰ ਹਜ਼ੂਰ ਹਮੇਸ਼ਾ, ਹੁਣ ਕੀ ਕੱਢਾਂ ਕੀ ਪਾਈਂ ।
ਬੂੰਦੋਂ ਸਾਗਰ ਨੂਰ ਬਨਾਇਆ, ਸਿਰ ਪਾ ਜ਼ਾਤ ਇਲਾਹੀ ।
ਫ਼ਕਰ ਅਜੇਹਾ ਮਿਲਿਆ ਸਾਨੂੰ, ਜੇ ਵਿਛੁੜੇ ਨਹੀਂ ਕਦਾਈਂ ।

3. ਅਲਫ਼ੋਂ ਬੇ ਨ ਹੋ ਡਿਠੋਈ

ਅਲਫ਼ੋਂ ਬੇ ਨ ਹੋ ਡਿਠੋਈ, ਤੂੰ ਅਲਫ਼ੋਂ ਅਲਫ਼ ਸਿਞਾਪੇ ।
ਐਨ ਉਤੇ ਖ਼ੁਦ ਨੁਕਤਾ ਹੋ ਕੇ, ਗ਼ੈਨ ਸ਼ਕਲ ਹੋ ਜਾਪੇ ।
ਆਪ ਤਰਾਜੂ ਆਪੇ ਤੋਲਾ, ਆਪੇ ਹਰ ਸ਼ੈ ਮਾਪੇ ।
ਗ਼ੈਰ ਬਗ਼ੈਰ ਤੂੰਹੇਂ ਹਕ ਫ਼ਕਰ, ਖ਼ੁਦ ਸੂਰਤ ਬਿਟ ਬਿਟ ਤਾਕੇ ।

4. ਅਸੀਂ ਤੁਹਾਡੇ ਲਾਇਕ ਨ ਥੇ

ਅਸੀਂ ਤੁਹਾਡੇ ਲਾਇਕ ਨ ਥੇ, ਪਰ ਚਾ ਕਬੂਲ ਕੀਤੋ ਈ ।
ਅਖੀਆਂ ਤਰਸ ਤਰਸ ਥਕ ਗਈਆਂ, ਅਜ ਪੜਦਾ ਚਾ ਚਕਿਓ ਈ ।
ਵੇਖਣ ਸਾਰ ਹੋਈ ਮਸਤਾਨੀ, ਜਦ ਮੈਨੂੰ ਕੀਲ ਲਇਓ ਈ ।
ਤਰਸ ਪਿਓ ਈ ਵਲ ਸਾਡੇ, ਫ਼ਕਰ ਜਾਂ ਦਰ ਆਨ ਖਲੋਈ ।

5. ਬੇਦਰਦਾ ਨਹਿ ਦਰਦ ਵੰਡੇਦਾ

ਬੇਦਰਦਾ ਨਹਿ ਦਰਦ ਵੰਡੇਦਾ, ਕਿਉਂ ਭਾਰ ਫਧੇ ਨੀ ਭਾਰੇ ।
ਖ਼ਾਨਿਓਂ ਢੋ, ਚਾ ਹੋ ਅਗੇਰੇ, ਲਾ ਛਾਤੀ ਠਾਰ ਪਿਆਰੇ ।
ਤੁਸਾਂ ਨੂੰ ਮਾਨ ਹੁਸਨ ਦਾ ਵੱਡਾ, ਅਸੀਂ ਕੁੱਠੇ ਦਰਦ ਤੁਮਾਰੇ ।
ਫ਼ਕਰ ਸਮੁੰਦਰ ਥੀਣ ਨ ਊਣੇ, ਜੇ ਕੀੜੀ ਪਿਆਸ ਨਿਸਾਰੇ ।

6. ਬੀਚ ਜ਼ਬਾਨ ਜ਼ਬਾਨ ਭੀ ਤੂੰਹਾਂ

ਬੀਚ ਜ਼ਬਾਨ ਜ਼ਬਾਨ ਭੀ ਤੂੰਹਾਂ, ਤੇ ਅੱਖੀਂ ਦੇ ਵਿੱਚ ਅੱਖੀਂ ।
ਕੰਨਾਂ ਦੇ ਵਿੱਚ ਕੰਨ ਹੋ ਸੁਣਨਾ ਏਂ, ਤੇ ਬੱਖੀ ਦੇ ਵਿੱਚ ਬੱਖੀ ।
ਸਭ ਅੰਗਾਂ ਵਿੱਚ ਅੰਗ ਹੋ ਡਟਿਓਂ, ਤੇ ਭੱਖਣ ਦੇ ਵਿੱਚ ਭੱਖੀ ।
ਰੋਸ਼ਨ ਤੇਰਾ ਜ਼ਾਹਿਰ ਫ਼ਕਰ, ਗੁਝੀ ਅਗ ਨਾ ਰਹਿੰਦੀ ਕੱਖੀਂ ।

7. ਬੁੱਕਲ ਦੇ ਵਿੱਚ ਨਿਕਲ ਆਇਓ

ਬੁੱਕਲ ਦੇ ਵਿੱਚ ਨਿਕਲ ਆਇਓ ਜਿਹੜਾ ਛਪਿਆ ਨਾਹੀਂ ਕਦਾਈਂ ।
ਝਲਕ ਤੇਰੀ ਨੇ ਝੱਲਾ ਕੀਤਾ, ਤੇ ਭੁਲ ਗਈ ਸਭ ਚਤੁਰਾਈ ।
ਮੁਦਤਾਂ ਦਾ ਤੂੰ ਵਾਕਫ ਆਹੇਂ, ਇਹ ਕੀ ਰਮਜ਼ ਸਿਖਾਈ ।
ਕਾਹਰੀ ਜਾਦੂ ਪਾਇਆ ਈ ਫ਼ਕਰ, ਸਰ੍ਹਿਓਂ ਹਥ ਜਮਾਈ ।

8. ਚਾਰੋਂ ਤਰਫ਼ ਤੇਰਾ ਮੁੱਖ ਸਾਈਂ

ਚਾਰੋਂ ਤਰਫ਼ ਤੇਰਾ ਮੁੱਖ ਸਾਈਂ, ਤੇਰੀ ਕੰਡ ਨ ਕਿਧਰੇ ਦਿੱਸੇ ।
ਜਿਨ੍ਹਾਂ ਲੱਧੋ ਤਿਨ੍ਹਾਂ ਅੰਦਰੋਂ ਲਧੋ, ਜੋ ਤਰਫ਼ ਤੇਰੀ ਵਲ ਵਿੱਸੇ ।
ਵਸਲ ਤੇਰੇ ਦੀ ਝਾਕੀ ਜਿਨ੍ਹਾਂ, ਉਨ੍ਹਾਂ ਛੋੜੇ ਕੂੜੇ ਕਿੱਸੇ ।
ਅਚਰਜ ਖੇਲ ਤੇਰੀ ਇਹ ਫ਼ਕਰ, ਜਿਸ ਜਤਾਇਆ ਈ ਜਾਤਾ ਤਿੱਸੇ ।

9. ਦਿਲ ਹੁਜਰੇ ਵਿੱਚ ਝਾਕੀ ਦੇ ਕੇ

ਦਿਲ ਹੁਜਰੇ ਵਿੱਚ ਝਾਕੀ ਦੇ ਕੇ, ਮੇਰੀ ਹੋਸ਼ ਜਹਾਨ ਭੁਲਾਈ ।
ਸੂਰਤ ਦੇ ਵਿੱਚ ਸੂਰਤ ਮਿਲ ਗਈ, ਭੇਦ ਨਾ ਰਖਿਓ ਕਾਈ ।
ਬੁਝ ਗਈ ਭਾਹ ਨਾ ਡਾਹ ਕਲੇਜੇ, ਜਬ ਤੇਰੀ ਸੂਰਤ ਪਾਈ ।
ਵਸਲ ਸ਼ਰਾਬ ਪੀਆ ਰਜ ਫ਼ਕਰ, ਹੁਣ ਗ਼ੈਰਾਂ ਨਹੀਂ ਸਮਾਈ ।

10. ਇਸ਼ਕ ਤੇਰੇ ਨੇ ਫੂਕ ਮੁਆਤਾ

ਇਸ਼ਕ ਤੇਰੇ ਨੇ ਫੂਕ ਮੁਆਤਾ, ਜਾਰੇ ਨੀ ਸਭ ਪੜਦੇ ।
ਤੇਰੇ ਵਸਲ ਦੀ ਖੋਲ ਸੁਰਾਹੀ, ਹਰਦਮ ਪਿਆਲੇ ਭਰਦੇ ।
ਅੰਗਾਂ ਦੇ ਵਿੱਚ ਅੰਗ ਮਿਲਾ ਕੇ, ਤਾਰੀ ਉਲਟੀ ਤਰਦੇ ।
ਬੋਲ ਜ਼ਬਾਨ ਨਾ ਪਹੁੰਚੇ ਫ਼ਕਰ, ਨਹੀਂ ਤਾਂ ਗੱਲਾਂ ਰਜ ਰਜ ਕਰਦੇ ।

11. ਜਦ ਦੀ ਸੂਰਤ ਤੇਰੀ ਦੇਖੀ

ਜਦ ਦੀ ਸੂਰਤ ਤੇਰੀ ਦੇਖੀ, ਤਦ ਦੀ ਮੈਂ ਰਜ ਗਈਆਂ ।
ਸੈ ਪਰ ਕੀ ਹੁਣ ਹੋਸ਼ ਨ ਕੋਈ, ਸਭ ਤੇਰਾ ਰੂਪ ਦਸਈਆਂ ।
ਜੋ ਰਲੀਆਂ ਸਰਸੈ ਲੈ ਨਾਰੀ, ਸੋ ਖ਼ੁਸ਼ੀਆਂ ਅਜ ਭਈਆਂ ।
ਜਮ ਜਮ ਇਸ਼ਕ ਤੁਹਾਡਾ ਫ਼ਕਰ, ਜਿਸ ਆ ਕਰ ਖਬਰਾਂ ਦਈਆਂ ।

12. ਕੁਨ ਫ਼ਯਕੂਨੋ ਆਵਾਜ਼ ਕੀਤੋ ਈ

ਕੁਨ ਫ਼ਯਕੂਨੋ ਆਵਾਜ਼ ਕੀਤੋ ਈ, ਕੋਈ ਅਸਾਂ ਸਲਾਹ ਨਾ ਦਿੱਤੀ ।
ਮੁੜ ਕੇ ਖ਼ਬਰ ਨਾ ਲਈ ਅਸਾਡੀ, ਜੋ ਨਾਲ ਅਸਾਡੇ ਬੀਤੀ ।
ਖੇਲ ਖਿਲਾਰ ਕਿਨਾਰੇ ਹੋਇਓਂ, ਇਹ ਗਲ ਨਾ ਚੰਗੀ ਕੀਤੀ ।
ਸਿਰ ਸਿਰ ਬਾਜ਼ੀ ਲਾਈ ਫ਼ਕਰ, ਕੋ ਹਾਰੇ ਕੋ ਜਿੱਤੀ ।

13. ਕੁਨ ਫ਼ਯਕੂਨੋ ਕੁਨ ਕੀਤੋ ਈ ਆਪੇ

ਕੁਨ ਫ਼ਯਕੂਨੋ ਕੁਨ ਕੀਤੋ ਈ ਆਪੇ, ਕੋਈ ਸਾਡਾ ਦੋਸਤ ਨਾਹੀਂ ।
ਲੁਹੜਨਾ ਤੂੰ ਤੇ ਲੁਹੜ ਪੈ ਅਸੀਂ, ਇਹ ਅਪੁੱਠੀ ਨੈਂ ਵਹਾਈ ।
ਨ ਇਨਸਾਫ਼ ਤੇ ਬੇਇਨਸਾਫ਼ੀ, ਇਹ ਗਲ ਜਚਦੀ ਨਾਹੀਂ ।
ਨਖ਼ਰੇਬਾਜ਼ ਕਰਨ ਏ ਨਖ਼ਰੇ, ਤੇਰੇ ਨਾਲ ਬਰੋਬਰੀ ਨਾਹੀਂ ।

14. ਮੈਂ ਰੋਵਾਂ ਤਾਂ ਨਾਲੇ ਰੋਂਦਾ

ਮੈਂ ਰੋਵਾਂ ਤਾਂ ਨਾਲੇ ਰੋਂਦਾ, ਮੈਂ ਹੱਸਾਂ ਤਾਂ ਹੱਸੇ ।
ਸੌਵਾਂ ਜਾਗਾਂ ਤਾਂ ਨਾਲੇ ਉਹ ਭੀ, ਜੇ ਨੱਸਾਂ ਤਾਂ ਨੱਸੇ ।
ਖਾਵਾਂ ਖਾਵੇ, ਬੋਲਾਂ ਬੋਲੇ, ਜਦ ਦੱਸਾਂ ਤਦ ਦੱਸੇ ।
ਉਸ ਬਿਨ ਕੁਝ ਨਾ ਹੋਂਦਾ ਫ਼ਕਰ, ਪਰ ਇਸ਼ਕ ਫਾਹੀ ਵਿੱਚ ਫੱਸੇ ।

15. ਮਿਸਲ ਮੰਜੀਠੀ ਰੰਗਤ ਮਿਲਿਓਂ

ਮਿਸਲ ਮੰਜੀਠੀ ਰੰਗਤ ਮਿਲਿਓਂ, ਕੋਈ ਲੂੰ ਨਾ ਛਡਿਓ ਖ਼ਾਲੀ ।
ਪਤੇ ਪਤੇ ਵਿੱਚ ਜ਼ਿਕਰ ਤੁਸਾਡਾ, ਅਤੇ ਹਰ ਰੰਗ ਦੇ ਵਿੱਚ ਲਾਲੀ ।
ਤੇਰੇ ਜਲਵੇ ਦੀਆਂ ਧੁੰਮਾਂ ਪਈਆਂ, ਵਿੱਚ ਅਕਾਸ਼ ਪਤਾਲੀ ।
ਕੁਰਬਾਨ ਵੰਞਾਂ ਤੁਧ ਮੁਖੜੇ, ਫ਼ਕਰ ਕੋਈ ਤੇਰੀ ਸ਼ਕਲ ਨਿਰਾਲੀ ।

16. ਨਾਲ ਝਝੂਣੈ ਚਾ ਜਗਾਇਆ ਈ

ਨਾਲ ਝਝੂਣੈ ਚਾ ਜਗਾਇਆ ਈ, ਹੁਣ ਅੱਖੀਂ ਉਘੜ ਗਈਆਂ ।
ਨਾ ਹੁਣ ਖ਼ਾਬ ਨਾ ਆਲਮ ਖ਼ਾਬੀ, ਨਾ ਆਤਣ ਦੀਆਂ ਸਈਆਂ ।
ਮੇਲ ਵਿਛੋੜਾ ਆਖ ਨਾ ਸਕਾਂ, ਜਾਂ ਮੈਂ ਤੂੰ ਇਕ ਭਈਆਂ ।
ਦਫ਼ਤਰ ਗੁੰਮ ਹੋਏ ਹੁਣ ਫ਼ਕਰ, ਕੁਰਾਨ ਕਿਤਾਬਾਂ ਚਈਆਂ ।

17. ਨ ਤੂੰ ਮਿਲਨਾ ਏਂ ਵੇਦ ਕੁਰਾਨੀ

ਨ ਤੂੰ ਮਿਲਨਾ ਏਂ ਵੇਦ ਕੁਰਾਨੀ, ਨ ਤੂੰ ਗੰਗਾ ਮੱਕੇ ।
ਨ ਤੂੰ ਮਿਲਨਾ ਏਂ ਬਰਤ ਨਿਮਾਜ਼ੀ, ਨ ਤੂੰ ਰੋਜ਼ੇ ਰੱਖੇ ।
ਨ ਤੂੰ ਮਸਜਿਦ ਠਾਕਰ ਦੁਆਰੇ, ਨਾ ਮੁਫ਼ਤੀ, ਨਾ ਟੱਕੇ ।
ਫ਼ਜ਼ਲ ਤੇਰੇ ਨੂੰ ਮਿਲਨਾ ਏਂ ਫ਼ਕਰ, ਜਾਂ ਪੜਦਾ ਆਪਣਾ ਚੱਕੇਂ ।

18. ਪੱਟੀ ਪ੍ਰੇਮ ਪੜ੍ਹਾਈ ਐਸੀ

ਪੱਟੀ ਪ੍ਰੇਮ ਪੜ੍ਹਾਈ ਐਸੀ, ਜਿਸ ਜਗ ਦੀ ਪੱਟੀ ਮੇਸੀ ।
ਤੇਰੇ ਬਾਝੋਂ ਹੋਰ ਨਾ ਦਿੱਸੇ, ਤੇ ਤੂੰ ਹੈਂ ਸਭਨੀ ਵੇਸੀਂ ।
ਲਾ-ਸ਼ਰੀਕ ਪੁਰ-ਨੂਰ ਹਮੇਸ਼ਾਂ ਤੁਧ ਵਿੱਚ ਨਾ ਕਮੀ ਬੇਸ਼ੀ ।
ਮਿਹਰ ਨਿਗਾਹ ਤੇਰੀ ਜਿਸ ਫ਼ਕਰ, ਉਹ ਖ਼ੁਦ ਨੂੰ ਖ਼ੁਦ ਵਿੱਚ ਪੇਸੀ ।

19.ਰੋਂਦੀ ਰੋਂਦੀ ਨੂੰ ਚੁਪ ਕਰਾ ਕੇ

ਰੋਂਦੀ ਰੋਂਦੀ ਨੂੰ ਚੁਪ ਕਰਾ ਕੇ, ਸੀਨੇ ਨਾਲ ਲਗਾਇਓ ਈ ।
ਅਪਨੇ ਘਰ ਦਾ ਭੇਤ ਅਸਾਨੂੰ, ਸਭੋ ਆਪ ਲਖਾਇਓ ਈ ।
ਮੈਂ ਮੇਰੀ ਦਾ ਢੇਰ ਬਰੂਦੀ, ਇਸ਼ਕੇ ਚਿਣਗ ਉਡਾਇਓ ਈ ।
ਇਸ਼ਕ ਵਿਚੋਲਾ ਪਾ ਕੇ ਫ਼ਕਰ, ਅਪਨਾ ਆਪ ਲਖਾਇਓ ਈ ।

20. ਸਈਆਂ ਪੁੱਛਣ ਹਾਲਤ ਤੇਰੀ

ਸਈਆਂ ਪੁੱਛਣ ਹਾਲਤ ਤੇਰੀ ਹੁਣ ਹਾਲ ਦੱਸਾਂ ਕੀ ਤੇਰਾ ।
ਮੈਂ ਹੋਵਾਂ, ਤਾਂ ਮੈਂ ਕੁਝ ਦਸਾਂ, ਇੱਥੇ ਨਾਮ ਨਿਸ਼ਾਨ ਨਾ ਮੇਰਾ ।
ਮੈਂ ਮੇਰੀ ਨੂੰ ਗੁਮ ਕੀਤੋਈ, ਤੇ ਮੈਂ ਵਿੱਚ ਲਾਇਆ ਈ ਡੇਰਾ ।
ਸੁੱਖਾਂ ਖਾਣ ਲਭੀ ਹੁਣ ਫ਼ਕਰ, ਜਾਂ ਇਸ਼ਕੇ ਕੀਤਾ ਫੇਰਾ ।

21. ਸ਼ਾਦੀ ਗ਼ਮੀ ਉਨ੍ਹਾਂ ਨੂੰ ਕੇਹੀ

ਸ਼ਾਦੀ ਗ਼ਮੀ ਉਨ੍ਹਾਂ ਨੂੰ ਕੇਹੀ, ਜਿਨ੍ਹਾਂ ਮੁਖ ਤੇਰੇ ਵੱਲ ਕੀਤਾ ।
ਇਕ ਪਲ ਮੌਤ ਵਿਛੋੜਾ ਦਿੱਸੇ, ਜਿਨ੍ਹਾਂ ਦਿਲ ਤੇਰੇ ਵਿੱਚ ਸੀਤਾ ।
ਹਰ ਸ਼ੈ ਚੈਨ ਉਨ੍ਹਾਂ ਨੂੰ ਹੋਈ, ਤੇਰੇ ਹੋ ਕੇ ਤੈਨੂੰ ਲੀਤਾ ।
ਮਿਲ ਗਏ ਅਸਲ ਖ਼ਜ਼ਾਨੇ, ਫ਼ਕਰ ਹੋਇ ਪਤਤ ਪੁਨੀਤਾ ।

22. ਸ਼ਾਹ ਰਗ ਤੇ ਨਜ਼ੀਕ ਬਤੈਨਾ ਏਂ

ਸ਼ਾਹ ਰਗ ਤੇ ਨਜ਼ੀਕ ਬਤੈਨਾ ਏਂ, ਤੇ ਫੜਨ ਨਾ ਦੇਨਾ ਏਂ ਪੱਲਾ ।
ਸਾਧ ਲੁਕਾਏਂ ਤੇ ਚੋਰ ਲੁਕਾਏਂ, ਤੂੰ ਦਿਸਨਾ ਏਂ ਯਾਰ ਦੁਗੱਲਾ ।
ਜਿਨ੍ਹਾਂ ਦੇ ਦਿਲ ਖ਼ਾਲੀ ਵੇਹਨਾ ਏਂ, ਵਿੱਚ ਬਹਿਨਾ ਏਂ ਮਾਰ ਪਥੱਲਾ ।
ਦੂਜਾ ਦੇਖ ਨ ਸਕੇਂ ਫ਼ਕਰ, ਤੂੰ ਹਿਲਿਓਂ ਰਹਿਣ ਇਕੱਲਾ ।

23. ਸੂਰਤ ਵੇਖ ਨਾ ਰੱਜਾਂ ਤੇਰੀ

ਸੂਰਤ ਵੇਖ ਨਾ ਰੱਜਾਂ ਤੇਰੀ, ਭਾਵੇਂ ਲੂੰ ਲੂੰ ਨੈਣ ਬਣਾਈ ।
ਦਿਲ ਹੁਜਰੇ ਵਿਚ ਸ਼ਕਲ ਤੇਰੀ ਤੋਂ, ਮੈਂ ਜੀਵੜਾ ਘੋਲ ਘੁਮਾਈ ।
ਕੀ ਵਾਰਾਂ ਜੇ ਸਭ ਕੁਝ ਤੂੰ ਹਾਂ, ਮੈਂ ਇਹ ਭੀ ਆਖ ਲਜਾਈ ।
ਅੱਵਲ ਅਖ਼ਰ ਇਕ ਤੂੰ ਫ਼ਕਰ, ਏਹ ਜਾਤਾ ਨਾਲ ਗਵਾਹੀ ।

24. ਸੁਤੀ ਸੁਤੀ ਨੂੰ ਚਾ ਜਗਾਇਆ ਈ

ਸੁਤੀ ਸੁਤੀ ਨੂੰ ਚਾ ਜਗਾਇਆ ਈ, ਕਾਈ ਸੀਟੀ ਮਾਰ ਅਵੱਲੀ ।
ਹਰ ਸ਼ੈ ਯਾਰ ਦਿਦਾਰ ਤੁਸਾਡਾ, ਹੁਣ ਲੁਕਸੇਂ ਕਿਹੜੀ ਗਲੀ ।
ਅਖੀਂ ਦੇ ਵਿੱਚ ਅਖੀਂ ਲਗੀਆਂ, ਮੈਂ ਹਰਦਮ ਦੇਖਾਂ ਖਲੀ ।
ਅਜਬ ਦਿਦਾਰ ਦਿਖਾਇਆ ਈ ਫ਼ਕਰ, ਮੈਂ ਆਖ ਨਾ ਸਕਾਂ ਝਲੀ ।

25.ਤੇਰੇ ਅਮਲ ਦੀਆਂ ਰਖ ਉਡੀਕਾਂ

ਤੇਰੇ ਅਮਲ ਦੀਆਂ ਰਖ ਉਡੀਕਾਂ, ਜੀਵੇ ਖ਼ਲਕਤ ਸਾਰੀ ।
ਜਿਨ੍ਹਾਂ ਭਰ ਭਰ ਪਿਆਲੇ ਪੀਤੇ, ਤਿਨ ਕਿਉਂ ਨਾ ਚੜ੍ਹੇ ਖ਼ੁਮਾਰੀ ।
ਗੁਝਾ ਰਾਜ਼ ਹੋਇਆ ਜਦ ਜ਼ਾਹਿਰ ਤਾਂ ਖ਼ੁਸ਼ੀਆਂ ਹੋਈਆਂ ਭਾਰੀ ।
ਜ਼ਬਾਨ ਖ਼ਮੋਸ਼ ਹੋਈ ਹੁਣ ਫ਼ਕਰ, ਵਾਹ ਵਾਹ ਤੇਰੀ ਯਾਰੀ ।

26. ਤੂੰ ਹੈਂ ਇਸ਼ਕ ਤੇ ਆਸ਼ਕ ਤੂੰਹਾਂ

ਤੂੰ ਹੈਂ ਇਸ਼ਕ ਤੇ ਆਸ਼ਕ ਤੂੰਹਾਂ, ਤੇ ਤੂੰ ਮਹਿਬੂਬ ਪਿਆਰਾ ।
ਤੂੰ ਰਸੀਆ ਤੇ ਰਸ ਭੀ ਤੂੰ ਹਾਂ, ਤੂੰ ਹੈਂ ਰਾਵਨ ਹਾਰਾ ।
ਤੂੰ ਹੈਂ ਵਸਲ ਵਿਛੋੜਾ ਤੂੰ ਹਾਂ, ਤੇ ਤੂੰ ਹੌਲਾ ਤੂੰ ਭਾਰਾ ।
ਤੇਰੇ ਬਾਝ ਹੂਆ ਨਹੀਂ ਹੋਸੀ, ਇਹ ਫ਼ਕਰ ਖ਼ੂਬ ਵਿਚਾਰਾ ।

27. ਤੂੰ ਹੀ ਮੈਂ ਵਿੱਚ ਲੁਕ ਰਿਹਾ ਸੀ

ਤੂੰ ਹੀ ਮੈਂ ਵਿੱਚ ਲੁਕ ਰਿਹਾ ਸੀ, ਮੈਂ ਦੀ ਸ਼ਕਲ ਬਨਾ ਕੇ ।
ਅਬ ਹੁਣ ਮੈਨੂੰ ਗੁਮ ਕੀਤੋਈ, ਅਪਣਾ ਆਪ ਜਣਾ ਕੇ ।
ਕੌਡੀ ਕਨੂ ਲਾਲ ਬਣਾਇਆ ਈ, ਐਨਲਹਕ ਸੁਣਾ ਕੇ ।
ਚੜ੍ਹਿਓ ਚੰਨ ਮੁਬਾਰਕ ਫ਼ਕਰ, ਮੇਰੇ ਦਿਲ ਹੁਜਰੇ ਵਿੱਚ ਆ ਕੇ ।

28. ਤੂੰ ਮੇਰਾ ਮੈਂ ਤੇਰੀ ਸਾਈਂ

ਤੂੰ ਮੇਰਾ ਮੈਂ ਤੇਰੀ ਸਾਈਂ, ਅਜ ਤੂੰ ਮੈਂ ਇਕ ਪਛਾਤੀ ।
ਜ਼ਾਤ ਜਦੋਂ ਖੁਦ ਜ਼ਾਤ ਨਿਹਾਰੀ, ਤਾਂ ਸਾਰੇ ਇਕਾ ਜਾਤੀ ।
ਤੇਲ ਤੂੰ ਹੈਂ ਰੁਸ਼ਨਾਈ ਤੂੰ ਹੈਂ, ਤੂੰ ਡੀਵਾ ਤੂੰ ਬਾਤੀ ।
ਫ਼ਕਰ ਨਿਗਾਹ ਤੇਰੀ ਤੂੰ ਡਿਠਾ, ਤਾਂ ਠੰਢੀ ਹੋਈ ਛਾਤੀ ।

29. ਤੁਧ ਡਿਠੇ ਮੈਂ ਸਭ ਕੁਝ ਡਿੱਠਾ

ਤੁਧ ਡਿਠੇ ਮੈਂ ਸਭ ਕੁਝ ਡਿੱਠਾ, ਤੇ ਤੁਧ ਮਿਲਿਆਂ ਸਭ ਮਿਲਿਆ ।
ਤੁਧ ਵਸ ਕੀਤੇ ਸਭ ਵਸ ਹੋਈ, ਤੁਧ ਡਿਠਿਆਂ ਦਿਲ ਖਿਲਿਆ ।
ਤੇਰਾ ਮੁਝ ਕੋ ਮੇਰਾ ਤੁਝ ਕੋ, ਜੀਵੜਾ ਦੇਖ ਨ ਹਿਲਿਆ ।
ਇਸ਼ਕੇ ਪੌਣ ਲਗੀ ਜਦ ਫ਼ਕਰ, ਤਾਂ ਪੋਤ ਅਸਾਡਾ ਠਿਲਿਆ ।

30. ਜ਼ਾਹਿਰ ਬਾਤਨੇ ਤੂੰਹਾਂ ਦਿਸੇਂ

ਜ਼ਾਹਿਰ ਬਾਤਨੇ ਤੂੰਹਾਂ ਦਿਸੇਂ, ਤੇ ਦੇਖਨ ਵਾਲਾ ਤੂੰਹਾਂ ।
ਤੂੰ ਦਿਸੇਂ ਤਾਂ ਸਭ ਕੁਝ ਦਿਸੇ, ਤੂੰ ਸਭਸੇ ਦਾ ਸੂੰਹਾਂ ।
ਵਾਲ ਤੇਰੇ ਵਿੱਚ ਖ਼ਲਕਤ ਸਾਰੀ ਤੂੰ ਡਟਿਓਂ ਈਹਾਂ ਊਹਾਂ ।
ਉਨਸਰ ਸ਼ਕਲ ਤੇਰੀ ਇਕ ਫ਼ਕਰ, ਤੂੰ ਹੀ ਸਮਾਇਆ ਹੈਂ ਰੂਹਾਂ ।