Punjabi Poetry : Amarjit Chandan

ਪੰਜਾਬੀ ਕਵਿਤਾ : ਅਮਰਜੀਤ ਚੰਦਨ

1. ਤੇਹ

ਤੇਹ ਉਹ ਬੋਲ ਜਿਸਦਾ ਕੋਈ ਨਾ ਸਾਨੀ

ਕੋਈ ਜੋ ਮੈਨੂੰ ਤੇਹ ਕਰਦਾ ਹੈ
ਜਿਸ ਨੂੰ ਮੇਰੀ ਤੇਹ ਹੈ ਲੱਗੀ
ਪਾਣੀ ਵੀ ਬਿਨ ਤੇਹ ਦੇ ਕਾਹਦਾ ਪਾਣੀ

ਤੇਹ ਤਾਂ ਦਿਲ ਨੂੰ ਪੈਂਦੀ ਖੋਹ ਹੈ
ਜਿਸ ਨੂੰ ਕੋਈ ਦਿਲ ਵਾਲ਼ਾ ਭਰਦਾ

ਤੇਹ ਉੜਦਾ ਟਿਕਿਆ ਪੰਛੀ
ਜਿਸਦੇ ਪੈਰ ਨਾ ਥੱਲੇ ਲੱਗਦੇ
ਤੇਹ ਤਾਂ ਉਸ ਪੰਛੀ ਦਾ ਸਾਹ ਹੈ
ਤੇਹ ਤਾਂ ਉਸ ਦੀ ਛਾਂ ਹੈ ਖੰਭ ਵਲ੍ਹੇਟ ਕੇ ਬੈਠੀ

ਤੇਹ ਤਾਂ ਉਹਦਾ ਨਾਂ ਹੈ
ਜਿਸ ਨੂੰ ਲਿਆਂ ਮੂੰਹ ਮਿੱਠਾ ਹੋਵੇ
ਮਿੱਠੀ ਜਿਸਦੀ ਅੱਖਾਂ ਮੁੰਦ ਕੇ ਚੇਤੇ ਕਰਦਾਂ

ਤੇਹ ਅਪਣੇ ਆਪ ਨਾ' ਗੱਲਾਂ ਕਰਨਾ ਹਉਮੈ ਹਰਨਾ
ਸੱਜਣ ਨੂੰ ਤੱਕਣਾ ਹੌਲ਼ੇ ਹੌਲ਼ੇ
ਤੇਹ ਹਵਾ ਨੂੰ ਪਾਈ ਜੱਫੀ

2. ਪਰਦੇਸੀਆਂ ਦੀ ਦੀਵਾਲੀ

ਪਰਦੇਸੀਆਂ ਨਥਾਵਿਆਂ ਦੀ ਇਹ ਵੀ ਕੀ ਦੀਵਾਲੀ ਹੈ।
ਕਾਲ਼ੀ ਭਿੱਜੀ ਰਾਤ ਖੜ੍ਹੀ ਦਰਾਂ 'ਤੇ ਸਵਾਲੀ ਹੈ।

ਸਾਊ ਪੁਤ ਰਾਮ ਜੀ ਤਾਂ ਚਲੇ ਗਏ ਸੀ ਘਰ ਨੂੰ।
ਕਮਾਊ ਪੁਤ ਮੁੜੇ ਨਹੀਂ ਹਾਲੇ ਤਾਈਂ ਘਰ ਨੂੰ।

ਬਾਰਾਂ ਦੇ ਹਜ਼ਾਰਾਂ ਹੋਏ, ਭੁੱਲੀ ਸਾਰੀ ਗਿਣਤੀ।
ਨਿਤ ਦੇਸ ਦੂਰ ਹੁੰਦਾ, ਹੁੰਦੀ ਨਹੀਂ ਮਿਣਤੀ।

ਦੀਵੇ ਕਾਹਤੋਂ ਬਾਲ਼ਦੇ ਜੇ ਬਨੇਰੇ ਨਹੀਂ ਘਰ ਦੇ,
ਬਗਾਨੇ ਕੋਰੇ ਦਿਲ ਕਦੇ ਦੁੱਖ ਨਹੀਓਂ ਹਰਦੇ।

ਪੀ ਕੇ ਦਾਰੂ ਖੇੜਦੇ, ਜੀਣ ਦਾ ਕੀ ਪੱਜ ਹੈ।
ਕੌਣ ਜਾਣੇ ਕਿਹੜੀ ਘੜੀ, ਕਲ੍ਹ ਹੈ ਨਾ ਅੱਜ ਹੈ।

ਜਿਥੇ ਮੇਰਾ ਵਾਸਾ ਉਥੇ ਕੰਧ ਹੈ ਨਾ ਦਰ ਹੈ।
ਏਸੇ ਨੂੰ ਮੈਂ ਜਾਣਿਆ ਘਰੋਂ ਦੂਰ ਘਰ ਹੈ।

ਪਰਦੇਸੀਆਂ ਨਥਾਵਿਆਂ ਦੀ ਇਹ ਵੀ ਕੀ ਦੀਵਾਲੀ ਹੈ।
ਕਾਲ਼ੀ ਭਿੱਜੀ ਰਾਤ ਖੜ੍ਹੀ ਦਰਾਂ 'ਤੇ ਸਵਾਲੀ ਹੈ।

3. ਕੁੜੀ ਤੇ ਨ੍ਹੇਰੀ

ਇਹ ਕੁੜੀ ਨ੍ਹੇਰੀ ਤੋਂ ਬਹੁਤ ਡਰਦੀ ਹੈ
ਕਹਿੰਦੀ ਹੈ
ਨ੍ਹੇਰੀ ਆਏਗੀ
ਸਾਰੇ ਗੰਦ ਪੈ ਜਾਏਗਾ
ਅਮਲਤਾਸ ਦੇ ਸੋਹਣੇ ਸੋਹਣੇ ਫੁੱਲ ਝੜ ਜਾਣਗੇ
ਰੁੱਖਾਂ ਦੇ ਟਾਹਣੇ ਟੁੱਟ ਜਾਣਗੇ
ਪੰਖੇਰੂ ਮਰ ਜਾਣਗੇ

ਇਹ ਕੁੜੀ ਨਹੀਂ ਜਾਣਦੀ
ਨ੍ਹੇਰੀ ਆਏਗੀ
ਨਾਲ਼ ਵਰਖਾ ਲਿਆਏਗੀ
ਸਾਰੇ ਠੰਢ ਵਰਤ ਜਾਏਗੀ
ਅਮਲਤਾਸ ਦੀਆਂ ਨਾੜਾਂ ਵਿੱਚ
ਨਵਾਂ ਤਾਜ਼ਾ ਖ਼ੂਨ ਦੌੜੇਗਾ

ਅਗਲੀ ਰੁੱਤੇ
ਫੁੱਲ ਹੋਰ ਸੋਹਣੇ ਹੋਣਗੇ
ਹੋਰ ਗੂਹੜੇ ਪੀਲ਼ੇ
ਇਹ ਕੁੜੀ ਨਹੀਂ ਜਾਣਦੀ

4. ਦੋਹੜੇ

ਅਪਣੀ ਆਸ ਦਾ ਆਸਰਾ ਹੁੰਦਾ, ਦੂਜੇ ਦੀ ਕੀ ਕਰਨੀ ਆਸ
ਦੂਜੇ ਦਾ ਦੁੱਖ ਦੂਣਾ ਹੁੰਦਾ, ਅਪਣਾ ਦੁੱਖ ਤਾਂ ਆਪਣੇ ਪਾਸ

ਦੂਰ ਦੁਮੇਲਾਂ ਢੋਲਕ ਵੱਜਦਾ, ਖਿੱਚਿਆ ਅਪਣੇ ਵੱਲ ਨੂੰ ਸਾਜ਼
ਨੇੜੇ ਜਾ ਕੇ ਜਦ ਸੁਣਿਆ ਤਾਂ, ਉਹ ਤਾਂ ਨਿਕਲੀ ਦਿਲ ਦੀ ਵਾਜ

ਸੋਚ ਕੇ ਦੇਖੋ, ਹਿਜਰ ਹੀ ਰੱਬ ਹੈ, ਹਿਜਰ ਹੈ ਆਦਿ-ਜੁਗਾਦਿ
ਹਉਕੇ ਵਾਂਙੂ ਮੁੱਕਦਾ ਬੰਦਾ, ਲੈ ਕੇ ਦਿਲ ਵਿਚ ਯਾਦ

ਸੂਰਜ ਦਾ ਦੀਵਾ ਬਲ਼ੇ, ਹੱਥ ਵਿਚ ਗਗਨੁ ਦਾ ਥਾਲ
ਨਾਨਕ ਸ਼ਾਇਰ ਏਵ ਕਰਤ ਹੈ, ਆਰਤੀ ਸ੍ਰੀ ਅਕਾਲ

5. ਨਜਮ ਹੁਸੈਨ ਸੱਯਦ ਦੇ ਨਾਂ

ਹਮਸ਼ੀਰ ਹਮਸੁੱਖ਼ਨ ਭਰਾਵਾ
ਆਪਾਂ ਇੱਕੋ ਮਾਂ ਦੇ ਪੁੱਤ ਹਾਂ
ਅਪਣਾ ਕੀ ਵੰਡਿਆ ਹੈ
ਆਪਾਂ ਕੁਝ ਨ੍ਹੀਂ ਵੰਡਣਾ-

ਵਤਨ ਦੀਆਂ ਰਗਾਂ 'ਚ ਵਗਦਾ ਪਾਣੀ
ਰੂਹ ਵਿਚ ਵਸਦੀ ਮਾਂ ਦੀ ਬੋਲੀ
ਪਾਕਪਟਨ ਨਨਕਾਣਾ ਤਖ਼ਤ ਲਹੌਰੀ
ਰਾਵੀ ਕੰਢੇ ਨਚਦਾ ਪੂਰਨ
ਸਤਲੁਜ ਕੰਢੇ ਮਚਦਾ ਭਗਤਾ
ਮੀਆਂ ਮੀਰ ਦਾ ਸੰਗ ਬੁਨਿਆਦੀ

ਆਪ ਸਵਾਲੀ ਆਪ ਹੀ ਦਾਤੇ
ਭਰੀਆਂ ਅੱਖੀਂ, ਖ਼ਾਲੀ ਹੱਥੀਂ
ਕੀ ਰੱਖਣਾ ਤੇ ਕੀ ਵੰਡਣਾ ਹੈ

ਹਮਸ਼ੀਰ ਹਮਸੁਖ਼ਨ ਭਰਾਵਾ
ਵੰਡਣਾ ਤਾਂ ਵੰਡਣਾ ਕਈ ਕੁਝ ਵੰਡਣਾ
ਕੀ ਕੁਝ ਵੰਡਣਾ –
ਦੁੱਖ ਸੁੱਖ ਵੰਡਣਾ
ਦਿਲ ਦਾ ਲਹੂ
ਨੇਰ੍ਹੇ ਦੇ ਵਿਚ ਜਗਦੀ ਜੋਤੀ
ਵੰਡ ਕੇ ਛਕਣਾ ਰਿਜ਼ਕ ਹਯਾਤੀ
ਇਲਮ ਕਿਤਾਬਾਂ
ਕਲਮ ਤੇ ਕਾਗ਼ਜ਼ ਸਭ ਨੂੰ ਵੰਡਣਾ

ਹਮਸ਼ੀਰ ਹਮਸੁਖ਼ਨ ਭਰਾਵਾ
ਆਪਾਂ ਇਕੋ ਮਾਂ ਦੇ ਪੁਤ ਹਾਂ

6. ਲਾਲ

(ਬ੍ਰਿਟਿਸ਼ ਲਾਇਬ੍ਰੇਰੀ ਲੰਦਨ ਵਿਚ
ਗ਼ਦਰ ਲਹਿਰ ਦੀਆਂ ਮਿਸਲਾਂ ਵਾਚਦਿਆਂ)

ਜੋਗੀ ਬੈਠਾ ਮਿੱਟੀ ਫੋਲ਼ੇ
ਇਹ ਜਾਣਦਿਆਂ ਵੀ
ਨਹੀਂ ਲੱਭਣੇ ਲਾਲ ਗੁਆਚੇ
ਸਦੀ ਪੁਰਾਣੀ ਕਿੰਨੀਆਂ ਪੁਸ਼ਤਾਂ
ਲੇਖੇ ਲੱਗੀਆਂ
ਤਕਦੀਰ ਨਾ ਬਦਲੀ ਲੋਕਾਂ ਦੀ

ਫੋਲ਼ੇ ਕਾਗ਼ਜ਼ ਧੁਖਦੇ ਅੱਖਰ
ਲਾਲ ਮਾਤਾ ਦੇ ਜ਼ੰਜੀਰਾਂ ਨੂੰ ਕੱਟਣੇ ਨੂੰ
ਫਿਰਦੇ ਦੇਸ ਦੇਸਾਂਤਰ ਪੇਸ਼ ਨਾ ਜਾਂਦੀ
ਤੋੜ ਕੇ ਮੋਹ ਦੇ ਸੰਗਲ਼
ਤੁਰ ਪਏ ਜੰਗਲ਼ ਰਸਤੇ
ਮੁਲਕੋ ਮੁਲਕ ਸ਼ਹਿਰ ਤੋਂ ਸ਼ਹਿਰ

ਰਤਨ ਸਿੰਘ ਸੰਤੋਖ ਸੁਤੰਤਰ
ਦਾਦਾ ਮੀਰ ਕੁਰਬਾਨ ਇਲਾਹੀ
ਰਾਮ ਕ੍ਰਿਸ਼ਨ ਰੁੜ੍ਹਿਆ ਜਾਂਦਾ ਆਮੂ ਦਰਿਆ ਅੰਦਰ

ਨਾ ਕਾਗ਼ਜ਼ ਨਾ ਅੱਖਰ ਦੱਸਦੇ
ਬੇਵਤਨੇ ਦਾ ਦਿਲ ਕਿੰਜ ਧੜਕਦਾ
ਕਿੰਜ ਤੜਫਦਾ ਚੇਤੇ ਕਰਕੇ
ਮਾਪੇ ਪਿੰਡ ਤੇ ਬੇਲੀ

ਕੌਣ ਭਤੀਜਾ ਤਾਂਘ ਮਿਲਣ ਦੀ ਲੈ ਕੇ ਫਾਂਸੀ ਚੜ੍ਹਿਆ
ਰਹਿੰਦਾ ਸੱਤ ਸਮੁੰਦਰਾਂ ਪਾਰ ਹੈ ਚਾਚਾ
ਤਸਵੀਰ ਦੇ ਪਿੱਛੇ ਨਹਿਰੂ ਲਿਖਿਆ -
ਇਹ ਮੂਰਤ ਉਸ ਉੱਚੇ ਦਾ ਸੱਚਾ ਪਰਛਾਵਾਂ ਹੈ
ਵਤਨ ਦੀ ਧਰਤੀ ਉੱਤੇ ਪੈਂਦਾ

ਮੂਰਤ ਅੰਦਰ ਸਿੰਘ ਅਜੀਤ
ਬਣਿਆ ਬੈਠਾ ਹਸਨ ਖ਼ਾਨ ਈਰਾਨ ਦਾ ਵਾਸੀ
ਕਦੀ ਤਾਂ ਬੋਲੇ ਫ਼ਾਰਸ ਤੁਰਕੀ ਕਦੇ ਸਪੇਨੀ
ਪਰ ਤੱਕਦੀ ਅੱਖ ਪੰਜਾਬੀ ਹੈ

ਨਹਿਰੂ ਸਰਕਾਰੇ-ਦਰਬਾਰੇ ਕਹਿੰਦਾ -
ਇਸਨੂੰ ਅਪਣੇ ਘਰ ਜਾਣ ਦਾ
ਮਾਂ ਦੇ ਪੈਰੀਂ ਪੈ ਕੇ ਮਰ ਜਾਣ ਦਾ ਹੱਕ ਤਾਂ ਦੇਵੋ

ਨਾ ਕਾਗ਼ਜ਼ ਨਾ ਅੱਖਰ ਦੱਸਦੇ
ਕਿਹੜਾ ਖ਼ਿਆਲ ਸੀ ਜਿਹੜਾ ਹਰਦਮ ਨਾਲ਼ ਓਸਦੇ ਰਹਿੰਦਾ ਸੀ
ਕਿਸਦੇ ਨਾਮ ਸਹਾਰੇ ਉਹ ਦਰਦ ਹਿਜਰ ਦਾ ਸਹਿੰਦਾ ਸੀ

ਜੋਗੀ ਬੈਠਾ ਮਿੱਟੀ ਫੋਲ਼ੇ
ਇਹ ਜਾਣਦਿਆਂ ਵੀ
ਨਹੀਂ ਲੱਭਣੇ ਲਾਲ ਗੁਆਚੇ
ਸਦੀ ਪੁਰਾਣੀ ਕਿੰਨੀਆਂ ਪੁਸ਼ਤਾਂ ਲੇਖੇ ਲੱਗੀਆਂ
ਤਕਦੀਰ ਨਾ ਬਦਲੀ ਲੋਕਾਂ ਦੀ

7. ਸਫ਼ਰ

ਗੱਡੀ ਦੀ ਬਾਰੀ ਦੇ ਸ਼ੀਸ਼ੇ `ਤੇ,
ਮੈਂ ਸਿਰ ਰੱਖਿਆ ਹੈ
ਬਾਰੀ ਠੰਢੀ-ਠਾਰ ਜਿਉਂ
ਬਰਫ਼ੀਲੀ ਰੁੱਤੇ ਸੱਜਣ ਹੱਥ ਮਿਲ਼ਾਇਆ
ਜਾਂ ਪਿਆਰੀ ਦੇ ਠੰਢੇ ਕੰਨ ਨੂੰ
ਨੱਕ ਦੀ ਬੁੰਬਲ਼ ਛੁਹਵੇ
ਜਾਂ ਤਾਪ ਚੜ੍ਹੇ 'ਚ ਬਲ਼ਦੇ ਮੱਥੇ
ਮਾਂ ਨੇ ਹੱਥ ਰੱਖਿਆ ਹੈ

ਸਾਰੇ ਜੱਗ ਦੀਆਂ ਗੱਡੀਆਂ ਦਾ ਖੜਕਾ ਇੱਕੋ ਜਿਹਾ
ਆਖ਼ਿਰ ਦੇਰ ਸਵੇਰੇ
ਇੱਕੋ ਥਾਂ `ਤੇ ਜਾ ਕੇ ਮੁੱਕ ਜਾਂਦਾ ਹੈ

8. ਚਿਹਰਾ

ਇਹ ਚਿਹਰਾ ਝਟਪਟ ਪਛਾਣੋਂ
ਇਹਨੇ ਹੁਣੇ ਹੀ ਰੂਪ ਬਦਲਣਾ ਹੈ
ਹਨ੍ਹੇਰੇ ਵਿੱਚ ਇਹ ਆਪਣੀਆਂ ਅੱਖਾਂ
ਉਂਗਲਾ ਨਾਲ਼ ਵਟਾ ਲੈਂਦਾ ਹੈ
ਉਸ ਤੋਂ ਪਿੱਛੋਂ
ਆਪਣੀਆਂ ਉਂਗਲਾਂ ਬੁੱਲ੍ਹਾਂ ਨਾਲ਼ ਵਟਾ ਲੈਂਦਾ ਹੈ

ਇਹ ਰੰਗਾਂ ਦਾ ਜਾਦੂਗਰ
ਕਈ ਰੰਗ ਕੰਬਾ ਸਕਦਾ ਹੈ
(ਜਿਸ ਵਿਚ ਕਮਸਿਨ ਕੱਕੀ ਲੂਈ ਦਾ ਰੰਗ ਵੀ ਸ਼ਾਮਲ ਹੈ)

ਇਹ ਨੈਣਾ ਦਾ ਸੌਦਾਗਰ
ਕਈ ਪਲਕਾਂ ਦੀਆਂ ਪਰਤਾਂ ਸਾਂਭੀ ਬੈਠਾ ਹੈ
ਹਰ ਪਲਕ ਸਵੇਰ ਦੀ ਖ਼ੁਦਕੁਸ਼ੀ-
ਰੋਜ਼ ਜਿਸਦਾ ਆਫ਼ਤਾਬ ਸੌਦਾ ਕਰੇ

ਇਹ ਚਿਹਰਾ ਝਟਪਟ ਪਛਾਣੋਂ
ਇਹਨੇ ਹੁਣੇ ਹੀ ਰੂਪ ਬਦਲਣਾ ਹੈ
ਯਾਦ ਰੱਖੋ
ਵਕਤ ਦਾ ਦੂਜਾ ਐਡੀਸ਼ਨ ਕਦੇ ਪ੍ਰਕਾਸ਼ਤ ਨਹੀਂ ਹੁੰਦਾ।
(ਫਰਵਰੀ ੧੯੬੯-'ਕੌਣ ਨਹੀਂ ਚਾਹੇਗਾ ਵਿੱਚੋਂ')

9. ਉਹ

ਉਹ ਆ ਰਿਹਾ ਹੈ
ਉਹ ਆਵੇਗਾ
ਉਸ ਦੇ ਹੱਥ ਬੰਦੂਕ ਹੋਵੇਗੀ
ਜਿਸ ਨੂੰ ਉਹ ਮਧੁਰ-ਰਾਗਣੀਆਂ ਦਾ ਸਾਜ਼ ਕਹਿੰਦਾ ਹੈ

ਜਲਾਵਤਨ ਬੋਲਾਂ ਨੂੰ ਉਨ੍ਹਾਂ ਦਾ ਵਤਨ ਮਿਲੇਗਾ
ਇੱਕ ਨਹੀਂ
ਦੋ ਨਹੀਂ
ਕਿੰਨੇ ਹੀ ਵਿਅਤਨਾਮਾਂ ਵਿੱਚ

ਇਹ ਗੱਲ
ਅੱਜ ਰਾਤ ਬੌਣੇ ਚੰਨ ਨੇ
ਥੱਕੀ ਹੋਈ ਪਾਇਲ ਨੂੰ ਦੱਸੀ
ਇਸ ਵਿਸ਼ਵਾਸ ਨਾਲ਼-
ਕਿ ਉਹ ਉੱਚੀਆਂ ਚਿਮਨੀਆਂ ਨੂੰ ਬੌਣਾ ਕਰ ਕੇ ਛੱਡੇਗਾ
ਕਿ ਉਸ ਦੀ ਪੈਛੜ ਇਹ ਸੁਨੇਹਾ ਲੈ ਕੇ
ਉਸ ਦੇ ਰਿਸ਼ਮਈ ਕੰਨਾਂ ਤੱਕ ਖ਼ੁਦ ਚਲ ਕੇ ਆਈ ਹੈ
ਕਿ ਉਹ ਫਰਿਸ਼ਤਾ ਉਸ ਪੜਾਅ 'ਤੇ ਹੈ
ਜਿੱਥੋਂ ਨਜ਼ਰ ਦੱਸ ਨਹੀਂ ਸਕਦੀ
ਕਿ ਕੋਈ ਆਉਂਦਾ ਹੈ ਜਾਂ ਜਾਂਦਾ ਹੈ
ਤੇ ਕਿਸੇ ਦੀ ਆਮਦ ਦਾ ਭਰਮ
ਬਣਦਾ ਤੇ ਟੁੱਟਦਾ ਹੈ

(ਤਾਂ) ਪਾਇਲ 'ਚ ਛਣਕਦੀਆਂ
ਉੱਲੂ ਦੀਆਂ ਅੱਖਾਂ ਨੇ
ਝਟ ਉਸ ਬਾਜ਼ ਦਾ ਸੁਪਨਾ ਚਿਤਵਿਆ
ਜਿਸ ਦੇ ਇੱਕ ਹੱਥ ਤੀਰਾਂ ਦਾ ਗੁੱਛਾ ਹੈ
ਇੱਕ ਹੱਥ ਹਰੀ-ਕਚੂਚ ਕਿਸੇ ਰੁੱਖ ਦੀ ਟਾਹਣੀ
ਤੇ ਜਿਸ ਦੇ ਪਰਾਂ ਤੇ ਜੜੇ ਹੋਏ ਪੰਜਾਹ ਸਿਤਾਰੇ

ਪਰ ਅਸੀਂ
ਜੋ ਉਸ ਦੀ ਪੈੜ ਦੀ ਮਿੱਟੀ 'ਚੋਂ ਉੱਗੇ ਫੁੱਲ ਹਾਂ
ਉਹਦਾ ਇੰਤਜ਼ਾਰ ਭੁੱਲ ਬੈਠੇ
ਤੇ ਬਾਦਬਾਨਾਂ 'ਤੇ ਖ਼ੁਦ ਲਿਖਕੇ ਅੱਖਰ
ਸੋਨੇ ਦੇ ਤੋਤੇ ਪਾਸੋਂ
ਇਹ ਅਖਵਾਉਂਦੇ ਰਹੇ :
"ਸਮੁੰਦਰ ਨੱਚ ਰਿਹਾ ਹੈ,
ਇਹਦੇ ਵਿੱਚ ਛਾਲ ਨਾ ਮਾਰੋ।"

ਸਾਥੋਂ ਚੋਰੀ
ਤੋਤੇ ਨੇ ਕਈ ਵਾਰ ਲਹਿਰਾਂ ਤੋਂ ਪੁੱਛਿਆ :
ਮੁਰਗਾਬੀਆਂ ਨੂੰ ਕਿਸੇ ਨੇ ਤਰਨਾ ਸਿਖਾਇਆ ਹੈ?
ਲਹਿਰਾਂ ਹੱਸਦੀਆਂ ਤੇ ਦੱਸਦੀਆਂ :
ਮੁਰਗਾਬੀਆਂ ਨੂੰ ਕਿਸ ਤਰਨਾ ਸਿਖਾਇਆ ਹੈ?

ਉਹ ਆਵੇਗਾ
ਭਵਿੱਖ ਸਾਡੇ ਕਦਮਾਂ 'ਚ ਹੋਵੇਗਾ
ਸਰਫਰੋਸ਼ੀ ਦੀ ਤਮੰਨਾ
ਅਗਾਂਹ ਤੁਰੇਗੀ…
(ਮਈ ੧੯੬੯-'ਕੌਣ ਨਹੀਂ ਚਾਹੇਗਾ ਵਿੱਚੋਂ')

10. ਇੱਕ ਇਸ਼ਤੇਹਾਰ: ਵਹਿਸ਼ਤ ਦਾ, ਸਿਆਸਤ ਦਾ

ਤਸਵੀਰਾਂ 'ਚ ਕੈਦ ਪਲਾਂ ਦਾ ਕੋਈ ਮੁਕਤੀਦਾਤਾ ਨਹੀਂ

ਸੌਖੀ ਤਰ੍ਹਾਂ ਮਾਸ ਚੁੰਢਣ ਲਈ ਲੁੰਗੀ ਖਿੱਚ ਰਿਹਾ ਕੁੱਤਾ
ਇੰਝ ਹੀ ਖਿੱਚਦਾ ਰਹੇਗਾ
ਬੇਹਯਾ ਗੋਲੀਆਂ ਨਾਲ਼ ਵਿੰਨ੍ਹੀਆਂ ਕਿੰਨੀਆਂ ਨੰਗੀਆਂ ਲਾਸ਼ਾਂ
ਬੇਤਰੱਦਦ ਚੂੰਡੇ ਜਾਵਣ ਲਈ ਇੰਝ ਹੀ ਪਈਆਂ ਰਹਿਣਗੀਆਂ
ਦਿਲ ਤੇ ਰੁਕਿਆ ਹੱਥ
ਇੰਝ ਹੀ ਰੁਕਿਆ ਰਹੇਗਾ

ਤਸਵੀਰਾਂ 'ਚ ਕੈਦ ਪਲਾਂ ਦਾ ਕੋਈ ਮੁਕਤੀਦਾਤਾ ਨਹੀਂ

ਕਦੋਂ ਤੱਕ ਇਹ ਮਹਾਂ-ਵਿਲੰਬ
ਇਸ਼ਤਿਹਾਰ ਬਣਿਆ ਰਹੇਗਾ ਵਹਿਸ਼ਤ ਦਾ, ਸਿਆਸਤ ਦਾ?

ਆਖ਼ਰੀ ਸਾਹ ਅਟਕਿਆ ਹੋਇਆ
ਕੈਮਰੇ ਦੀ ਕ-ਲਿ-ਕ ਵਿੱਚ
ਜਾਂ ਮੇਰੇ ਦਸਤਖ਼ਤਾਂ ਦੇ ਆਖਰੀ ਹਰਫ਼ ਵਿੱਚ
ਜੋ ਮੈਂ ਕੀਤੇ ਸਨ ਇਸ ਅਹਦਿ ਦੇ ਨਾਂ 'ਤੇ
ਕਿ ਮੌਤ ਨੂੰ ਜ਼ਿੰਦਗੀ ਦੇ ਹਾਣ ਦੀ ਹੋਣ ਨਹੀਂ ਦੇਣਾ-

ਇੱਕ ਦਿਨ ਇਹ ਹਰਫ਼ ਡਿੱਗੇਗਾ ਦੁੱਧ ਦੇ ਦੰਦ ਵਾਂਙ
ਤੇ ਖੁੱਭ ਜਾਏਗਾ ਮੌਤ ਦੇ ਪਿੰਡੇ ਵਿੱਚ

ਚੰਦ ਤਾਂ ਫਿਰ ਵੀ ਚਮਕੇਗਾ-
ਨੈਣਾਂ ਵਿੱਚ
ਗੀਤਾਂ ਵਿੱਚ
ਲੋਰੀਆਂ ਵਿੱਚ…

ਸਾਡੇ ਸੁਪਨੇ
ਵਕਤ ਦੀ ਕੁਕੜੀ ਦੇ ਪਰਾਂ ਹੇਠ ਪਏ ਆਂਡੇ
ਇਨ੍ਹਾਂ ਖ਼ਬਰਾਂ ਤਸਵੀਰਾਂ ਤੇ ਫਿਲਮਾਂ ਨੂੰ ਆਪਾਂ
ਕਿਸੇ ਨਾ ਕਿਸੇ ਤਰ੍ਹਾਂ ਆਂਡੇ ਬਣਾ ਲਈਏ
ਗੋਲ ਗੋਲ, ਚਿੱਟੇ ਚਿੱਟੇ
ਤੇ ਕੁੜਕ ਬੈਠੀ ਕੁਕੜੀ ਦੇ ਪਰਾਂ ਹੇਠ ਰੱਖ ਦਈਏ।
(ਅਗਸਤ ੧੯੭੧-'ਕੌਣ ਨਹੀਂ ਚਾਹੇਗਾ ਵਿੱਚੋਂ')

11. ਕੌਣ ਨਹੀਂ ਚਾਹੇਗਾ

(ਹਰਭਜਨ ਤੇ ਸੁਰਿੰਦਰ ਨੂੰ)

ਕੌਣ ਨਹੀਂ ਚਾਹੇਗਾ
ਆਪਣੇ ਦਿਲਦਾਰਾਂ ਦੀ ਮਹਿਫ਼ਲ 'ਚ ਬੈਠ
ਕਸ਼ਮੀਰੀ ਚਾਹ ਦੀਆਂ ਚੁਸਕੀਆਂ ਲੈਣਾ
ਬ੍ਰੈਖਤ ਦੀਆਂ ਕਵਿਤਾਵਾਂ ਪੜ੍ਹਨੀਆਂ
ਤੇ ਕਵਿਤਾ ਨੂੰ ਜ਼ਿੰਦਗੀ ਤੇ ਜ਼ਿੰਦਗੀ ਨੂੰ ਕਵਿਤਾ
ਬਣਾਉਣ ਬਾਰੇ ਸੋਚਣਾ…

ਕੌਣ ਨਹੀਂ ਚਾਹੇਗਾ
ਕਿਸੇ ਆਦਿਵਾਸੀ ਕੁੜੀ ਦੇ ਹੱਥੋਂ ਮਹੂਏ ਦੀ ਸ਼ਰਾਬ ਪੀਣੀ
ਲੋਰ 'ਚ ਆਪਣੀ ਪਹਿਲੀ ਮੁਹੱਬਤ
ਜਾਂ ਮਨ-ਪਸੰਦ ਰੰਗਾਂ ਦੀਆਂ ਗੱਲਾਂ ਕਰਨੀਆਂ
ਜਾਂ ਇਸ ਸਾਦੀ ਜਿਹੀ ਸਚਾਈ ਬਾਰੇ
ਕਿ ਤਵਾਇਫ ਅੱਖਾਂ 'ਚ ਵੀ ਹੰਝੂ ਹੁੰਦੇ ਨੇ
ਤੇ ਇਨ੍ਹਾਂ ਹੰਝੂਆ ਦਾ ਰਿਸ਼ਤਾ
ਜ਼ਮੀਨ ਉੱਤੇ ਕੰਬਦੇ ਪੋਟਿਆ ਨਾਲ਼ ਪਾਏ
ਪੂਰਨਿਆ ਜਿਹਾ ਹੁੰਦਾ ਹੈ…

ਕੌਣ ਨਹੀਂ ਚਾਹੇਗਾ
ਸਾਈਕਲ ਤੇ ਲੰਮੀ ਵਾਟ
ਟੁੱਟੀ ਸਲੇਟ ਜਿਹੇ ਬਚਪਨ
ਤੇ 'ਲੋਹੇ ਦੇ ਥਣ' ਜਿਹੀ ਜ਼ਿੰਦਗੀ ਬਾਰੇ ਗੱਲਾਂ ਕਰਨਾ
ਬਸ ਹਸ ਛੱਡਣਾ
ਤੇ ਵਾਟ ਦਾ ਛੋਟੇ ਹੁੰਦੇ ਜਾਣਾ…

ਕੌਣ ਨਹੀਂ ਚਾਹੇਗਾ
ਉਨ੍ਹਾਂ ਘੜੀਆਂ ਉੱਤੇ ਫ਼ਾਇਰ ਕਰਨੇ
ਜੋ ਸਾਡਾ ਨਹੀਂ
ਵਕਤ ਦੇ ਵਣਜਾਰਿਆਂ ਦਾ ਸਮਾਂ ਦੱਸਦੀਆਂ ਹਨ…
ਕੌਣ ਨਹੀਂ ਚਾਹੇਗਾ
ਰੁਕੇ ਪਾਣੀਆਂ ਜਿਹੀ ਸਾਡੀ ਇਹ ਜ਼ਿੰਦਗਾਨੀ
ਬਣ ਜਾਏ ਫਿਰ ਸਾਗਰ ਦੀਆਂ ਛੱਲਾਂ

ਕੌਣ ਨਹੀਂ ਚਾਹੇਗਾ?…
(ਜਲੰਧਰ ਜੇਲ੍ਹ, ਸਤੰਬਰ ੧੯-'ਕੌਣ ਨਹੀਂ ਚਾਹੇਗਾ ਵਿੱਚੋਂ')

12. ਮਾਂ

ਹੰਝੂਆਂ-ਭਿੱਜੇ ਮਾਂ ਦੇ ਬੋਲ-
ਤੂੰ ਪੁੱਤ ਉਦਾਸ ਨਾ ਹੋਵੀਂ
ਤੂੰ ਕੋਈ ਚੋਰ ਉਚੱਕਾ ਤਾਂ ਨਹੀਂ
ਤੂੰ ਏ ਇੱਕ ਕੌਮਿਨਿਸਟ।
('ਕੌਣ ਨਹੀਂ ਚਾਹੇਗਾ ਵਿੱਚੋਂ')

13. ਵਿਹੜੇ 'ਚ ਬਰੋਟਾ

(ਇਹ ਕੇਹੇ ਸਮੇਂ ਨੇ
ਕਿ ਰੁੱਖਾਂ ਬਾਰੇ ਗੱਲ ਕਰਨੀ ਵੀ ਗੁਨਾਹ ਹੈ-ਬ੍ਰੈਖਤ)

ਵਿਹੜੇ 'ਚ ਉੱਗੇ
ਬੋਹੜ ਦੇ ਨਿੱਕੇ ਬੂਟੇ ਸੰਗ ਮੈਂ ਦਿਨੇ ਰਾਤ ਪਿਆਂ ਬਾਤਾਂ ਪਾਵਾਂ
ਤੂੰ ਏਂ ਸਾਡੇ ਸੁਪਨੇ ਵਰਗਾ
ਜਿਦ੍ਹੀ ਤਾਬੀਰ ਬੜੀ ਲੰਮੇਰੀ
ਕੌਣ ਮਾਣੇਗਾ ਤੇਰੀਆਂ ਠੰਢੀਆਂ ਛਾਵਾਂ
ਨਾ ਤੂੰ ਜਾਣੇ ਨਾ ਮੈਂ ਜਾਣਾ

ਕਿਹੜਾ ਪੰਛੀ ਨਾਲ਼ ਤੇਰੇ ਰਲ ਗੀਤ ਗਾਏਗਾ
ਖਿਜ਼ਾਵਾਂ ਤੇ ਰੁੱਤ ਬਹਾਰ ਦੇ ਨਗਮੇ
ਨਾਂ ਤੂੰ ਜਾਣੇ ਨਾ ਮੈਂ ਜਾਣਾ

ਤੇਰੇ ਨਿੱਕੇ ਪੱਤਰਾਂ ਵਿੱਚ ਧੜਕ ਰਹੀ ਹੈ
ਆਵਣ ਵਾਲੇ ਕੱਲ੍ਹ ਦੀ ਛਾਂ
ਇਕਲਾਪੇ ਦੀ ਧੁੱਪ ਦਾ ਲੂਹਿਆ
ਆਪਣੇ ਕੱਲ੍ਹ ਨੂੰ ਮਾਣ ਰਿਹਾ ਮੈਂ ਏਸ ਹੇਠਾਂ
ਇਹ ਤਾਂ ਤੈਥੋਂ ਲੁਕਿਆ ਨਹੀਂ ਹੈ
ਸੁਪਨਕਾਰ ਕਈ ਅੱਖੀਆਂ
ਤੇਰੇ ਵਰਗੇ ਮੇਰੇ ਵਰਗੇ ਸੁਪਨੇ ਉਣ ਰਹੀਆਂ ਹਨ
ਕੁਝ ਦੈਂਤ ਇਨ੍ਹਾਂ ਨੂੰ ਕੋਹ ਰਹੇ ਨੇ ਭਰੇ ਬਜ਼ਾਰੀਂ
ਪਰ ਉਨ੍ਹਾਂ ਦਾ ਵੱਸ ਨਾ ਚੱਲੇ

ਤੇਰੇ ਵਾਂਙੂੰ ਜੜ੍ਹਾਂ ਇਨ੍ਹਾਂ ਦੀਆਂ ਮਿੱਟੀ ਵਿੱਚ ਹਨ
ਜੁੱਗਾਂ ਜੇਡੀਆਂ ਲੰਮੀਆਂ
ਕੋਈ ਇਨ੍ਹਾਂ ਨੂੰ ਉਖਾੜ ਨਹੀਂ ਸਕਦਾ

ਆਖ਼ਰ ਮਿੱਟੀ ਕਿੰਨਾ ਲਹੂ ਜੀਰ ਸਕੇਗੀ
ਆਖ਼ਰ ਮਿੱਟੀ ਬੋਲ ਪਈ ਹੈ

ਤੇਰੇ ਵਰਗਾ ਸੁਪਨਾ ਤੱਕਦੀਆਂ
ਮੇਰੀਆਂ ਅੱਖੀਆਂ
ਇਕ ਦਿਨ ਸੌਂ ਜਾਣਗੀਆਂ
ਪਰ ਇਹ ਸੁਪਨਾ ਜਾਗਦਾ ਰਹਿਸੀ

ਤੂੰ ਹੋਏਂਗਾ
ਮੈਂ ਹੋਵਾਂਗਾ
ਸਭ ਹੋਵਣਗੇ

(ਅੰਮ੍ਰਿਤਸਰ ਜੇਲ੍ਹ, ਅਕਤੂਬਰ ੧੯੭੨-
'ਕੌਣ ਨਹੀਂ ਚਾਹੇਗਾ ਵਿੱਚੋਂ')

14. ਸਾਂਭ ਕੇ ਰੱਖੀ ਚੀਜ਼

ਸਾਂਭ ਕੇ ਰੱਖੀ ਚੀਜ਼ ਨੂੰ ਦੇਖ ਲੱਗਦਾ ਹੈ ਕਿ ਮੈਂ
ਹਾਂ ਕਿ ਮੇਰਾ ਵੀ ਕੋਈ ਹੈ ।
ਸਾਂਭ ਕੇ ਰੱਖੀ ਚੀਜ਼ ਮੈਨੂੰ ਚੇਤੇ ਕਰਾਉਂਦੀ ਹੈ ਕਿ ਤੂੰ
ਨਹੀਂ ਏਂ, ਤੇਰਾ ਤਾਂ ਕੋਈ ਨਹੀਂ ।
ਸਾਂਭ ਕੇ ਰੱਖੀ ਚੀਜ਼ ਮੈਨੂੰ ਸੁਣਾਉਤ ਕਰਦੀ ਹੈ --
ਤੂੰ ਸਾਂਭ ਕੇ ਰੱਖਣ ਵਾਲੀ ਚੀਜ਼
ਨਹੀਂ ਤੇਰਾ ਪੱਕਾ ਸਰਨਾਵਾਂ ਕੋਈ ਨਹੀਂ ।
ਸਾਂਭ ਕੇ ਰੱਖੀ ਚੀਜ਼ ਮੇਰੀ ਛਾਤੀ 'ਤੇ ਪਿਆ ਮਣਾਂ- ਮੂੰਹੀਂ ਭਾਰ ਹੈ ।
ਸਾਂਭ ਕੇ ਰੱਖੀ ਚੀਜ਼ ਕਦੇ ਨਾ ਮੁੱਕਣ ਵਾਲਾ ਤਰਲਾ ਹੈ
ਨਾ ਭੁੱਲਣ ਦਾ ।
ਸਾਂਭ ਕੇ ਰੱਖੀ ਚੀਜ਼ ਸਮਝਾਉਂਦੀ ਹੈ -- ਮੇਰੇ ਵੱਲ ਦੇਖ, ਸਭ
ਕੁਝ ਇਥੇ ਰਹ ਜਾਣਾ ਹੈ ।
ਸਾਂਭ ਕੇ ਰੱਖੀ ਚੀਜ਼ ਸਮੇਂ ਦੀ ਕੁੱਖ ਵਿਚ ਪਈ ਹੈ ਮੁੜ ਜੰਮਣ
ਦੀ ਉਡੀਕ ਕਰਦੀ ।
ਸਾਂਭ ਕੇ ਰੱਖੀ ਚੀਜ਼ ਵਹਿੰਦੇ ਪਾਣੀ 'ਚ ਪਿਆ ਪੱਥਰ ਹੈ।
ਸਾਂਭ ਕੇ ਰੱਖੀ ਚੀਜ਼ ਕਿਸੇ ਦੀ ਗੁਆਚੀ ਹੋਈ ਚੀਜ਼ ਹੈ ।
ਸਾਂਭ ਕੇ ਰੱਖੀ ਚੀਜ਼ ਕਿਸੇ ਦੀ ਸੁੱਟੀ ਹੋਈ ਚੀਜ਼ ਹੈ ।
ਸਾਂਭ ਕੇ ਰੱਖੀ ਚੀਜ਼ ਕਿਸੇ ਤੋਂ ਵਿਛੜੀ ਹੋਈ ਚੀਜ਼ ਹੈ ।
ਸਾਂਭ ਕੇ ਰੱਖੀ ਚੀਜ਼ ਦੇਖ ਮੈਂ ਸੋਚਦਾ ਹਾਂ --
ਇਹ ਸਾਂਭ ਕੇ ਰੱਖਣ ਵਾਲੀ ਚੀਜ਼ ਨਹੀਂ, ਪਰ ਫੇਰ
ਵੀ ਸਾਂਭੀ ਰੱਖਦਾ ਹਾਂ ।
ਸਾਂਭ ਕੇ ਰੱਖੀ ਚੀਜ਼ ਕਦੇ ਵੀ ਕੰਮ ਨਹੀਂ ਆਉਂਦੀ, ਪਰ
ਹੁੰਦੀ ਕੰਮ ਦੀ ਹੈ ।
ਸਾਂਭ ਕੇ ਰੱਖੀ ਚੀਜ਼ ਕਦੇ ਨਹੀਂ ਮਿਲ਼ਦੀ ।

15. ਸਾਈਕਲ

ਸਿਖਰ ਦੁਪਿਹਰੇ , ਸਾਹਮਣੀ ਹਵਾ ਵਿੱਚ ਸਾਈਕਲ ਚਲਾਉਂਦਿਆਂ
ਤੁਸੀਂ ਮਹਿਸੂਸ ਕਰਦੇ ਹੋ, ਸੜਕ ਜਿਵੇਂ ਕਾਲੀ ਦਲ-ਦਲ ਹੈ
ਜਿਸ ਵਿੱਚ ਖੁੱਭਦਾ ਹੀ ਜਾ ਰਿਹੈ, ਤੁਹਾਡਾ ਸਾਈਕਲ

ਸਾਈਕਲ ਚਲਾਉਂਦਿਆਂ
ਤੁਸੀਂ ਲੱਖ ਲੱਖ ਸ਼ੁਕਰ ਕਰਦੇ ਓ
ਤੁਹਾਡੀ ਕੀਮਤ ਇੱਕ ਸਕੂਟਰ ਜਮਾਂ ਪੇਟਰੌਲ ਅਲਾਊਂਸ ਨਹੀਂ ਪਈ
ਜਾਂ ਸੈਂਕੜੇ ਅਖਬਾਰਾਂ ਦੀ ਰੱਦੀ ਦੇ ਬਰਾਬਰ ਤੁਸੀਂ ਤੁਲੇ ਨਹੀਂ

ਸਾਈਕਲ ਚਲਾਉਂਦਿਆਂ
ਤੁਸੀਂ ਕਾਮਰੇਡ ਵਿੱਦਿਆ ਰਤਨ ਨੂੰ ਯਾਦ ਕਰਦੇ ਓ
ਜੋ ਕਮਿਊਨਸਟ ਪਾਰਟੀ ਦੀ ਸਟੇਜ ਤੇ ਸਾਈਕਲ ਬਾਰੇ ਲਿਖੀ
ਲੰਬੀ ਕਿਵਤਾ ਸੁਣਾਉਂਦਾ ਹੁੰਦਾ ਸੀ
ਓਹਦੇ ਦੋਵੇਂ ਹੱਥ ਨਹੀਂ ਸਨ
ਹੁਣ ਤਾਂ ਮੁੱਦਤ ਹੋ ਗਈ ਵਿੱਦਿਆ ਰਤਨ ਬਾਰੇ ਵੀ ਕੁਝ ਸੁਣਿਆਂ
ਤੇ ਅਚਾਨਕ ਖਹਿਸਰ ਕੇ ਲੰਘੀ ਕਾਰ ਨੂੰ
ਤੁਸੀਂ ਗਾਹਲ ਕੱਢ ਸਕਦੇ ਓ
ਤਬਕਾਤੀ ਨਫਰਤ ਦੇ ਤਿਓਹਾਰ ਵਜੋਂ

ਸਾਈਕਲ ਚਲਾਉਂਦਿਆਂ, ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਇਕੱਲੇ ਨਹੀਂ ਹੋ,
ਇਸ ਪਿਆਰੀ ਮਾਤ ਭੂਮੀ ਦੇ ਦੋ ਕਰੋੜ ਸਾਈਕਲ ਸਵਾਰ ਤੁਹਾਡੇ ਨਾਲ ਹਨ
ਫੈਕਟਰੀਆਂ ਦੇ ਮਜਦੂਰ, ਦਫਤਰਾਂ ਦੇ ਕਲਰਕ ਬਾਦਸ਼ਾਹ
ਫੇਰੀਆਂ ਵਾਲੇ, ਸਕੂਲਾਂ ਕਾਲਜਾਂ ਦੇ ਪਾੜ੍ਹੇ
ਹੋਰ ਤਾਂ ਹੋਰ ਸਾਇਕਲ ਚੋਰ ਵੀ

ਸਾਈਕਲ ਚਲਾਉਂਦਿਆਂ, ਤੁਸੀਂ ਜਮਾਤੀ ਨਫਰਤ ਹੋਰ ਤੇਜ ਕਰਦੇ ਓ
ਸਾਈਕਲ ਚਲਾਉਂਦਿਆਂ, ਤੁਸੀਂ ਅਗਾਂਹਵਧੂ ਹੁੰਦੇ ਓ
ਪੂੰਜੀਵਾਦ ਦੇ ਇਸ ਅੰਤਿਮ ਦੌਰ ਵਿੱਚ
ਸਾਈਕਲ ਚਲਾਉਂਦਿਆਂ, ਤੁਸੀ ਸੋਚਦੇ ਓ
ਪੈਦਲ ਲੋਕ ਤੁਹਾਡੇ ਬਾਰੇ ਕੀ ਸੋਚਦੇ ਹੋਣਗੇ

16. ਮੈਂ ਨਹੀਂ ਆਖ ਸਕਦਾ

ਮੈਂ ਸ਼ਰਮਸਾਰ ਹਾਂ
ਤੇਰੀਆਂ ਅੱਖਾਂ 'ਚ ਅੱਖਾਂ ਪਾਉਣ ਦੀ ਹਿੰਮਤ ਨਹੀਂ
ਮੈਂ ਨਹੀਂ ਆਖ ਸਕਦਾ

ਕਿ ਤੇਰਿਆਂ ਨੈਣਾਂ ਨੇ, ਮੇਰੀਆਂ ਰਾਤਾਂ ਦੀ ਨੀਂਦ ਚੋਰੀ ਕਰ ਲਈ ਸੀ
ਕਿ ਮੇਰੇ ਸੁਪਿਨਆਂ ਨੂੰ ਮੱਲੀ ਰੱਖਿਆ ਸੀ, ਤੇਰੀਆਂ ਯਾਦਾਂ ਨੇ
ਕਿ ਸਾਰੀ ਵਾਟ, ਮੈਂ ਕੱਲਾ ਤੇਰੇ ਨਾਲ ਗੱਲਾਂ ਰਿਹਾ ਕਰਦਾ
ਕਿ ਮੇਰਾ ਹਰ ਸਾਹ, ਹੁੰਗਾਰਾ ਸੀ ਤੇਰੀ ਹਰ ਬਾਤ ਦਾ
ਕਿ ਤੇਰੇ ਬਾਝੋਂ ਜੀਣਾ, ਹਰ ਪਲ ਕਿਆਮਤ ਸੀ

ਇਹ ਕੋਈ ਕਹਿਣ ਦੀਆਂ ਗੱਲਾਂ ਨਹੀਂ.
ਫੇਰ ਮੈਂ ਕਿਉਂ ਸ਼ਰਮਸਾਰ ਹਾਂ
ਤੇਰੀਆਂ ਅੱਖਾਂ 'ਚ ਅੱਖਾਂ ਪਾਉਣ ਦੀ ਹਿੰਮਤ ਨਹੀਂ

17. ਅਪੋਲੋ ਮੰਦਿਰ ਡਿਡਿਮ

(ਤੁਰਕੀ ਦੇ ਸ਼ਹਿਰ ਇਜ਼ਮਿਰ ਕੋਲ਼ ਡਿਡਿਮ ਵਿੱਚ ੨੨ ਜੁਲਾਈ
੨੦੦੬ ਨੂੰ ਲਿਖਾਰੀਆਂ ਦੇ ਹੋਏ ਆਲਮੀ ਜੋੜ ਮੇਲੇ ਵੇਲੇ ਲਿਖੀ)
ਜਗਦਾ ਸੀ ਸੰਝ ਦਾ ਤਾਰਾ

ਅਪੋਲੋ ਮੰਦਿਰ ਦੇ ਅੰਬਰ 'ਤੇ
ਤਣਿਆ ਚੰਦੋਆ
ਉੱਚੇ-ਉੱਚੇ ਪੱਥਰ ਥੰਮ੍ਹਾਂ ਚੁੱਕਿਆ

ਦੂਰ-ਦਰਾਜ਼ੋਂ ਆਣ ਜੁੜੇ ਸਨ
ਲਿਖਾਰੀ ਸ਼ਬਦ ਪੁਜਾਰੀ ਪ੍ਰੇਮ ਭਿਖਾਰੀ
ਮੰਦਰ ਦੇ ਖੰਡਰਾਂ ਦੇ ਅੰਦਰ
ਅਰਜ਼ ਗੁਜ਼ਾਰੀ ਗਾਈ ਆਰਤੀ
ਧਿਆਨ ਧਰਾਇਆ
ਜਿਨ ਗੁਮਨਾਮ ਕਿਰਤੀਆਂ ਜਾਨ ਗੁਆਈ
ਜੋੜ-ਜੋੜ ਕੇ ਪੱਥਰ-ਪੱਥਰ ਵਰ੍ਹਿਆਂ-ਬੱਧੀ
ਤਿੰਨ ਸਾਲ ਹਜ਼ਾਰਾਂ ਪਹਿਲਾਂ

ਲਿਖਾਰੀ ਸ਼ਬਦ ਪੁਜਾਰੀ ਕੀਤੀ ਰਚਨਾ
ਹਰ ਕਵਿਤਾ ਮੰਦਿਰ ਹੈ
ਹਰ ਕਵੀ ਹੈ ਕਿਰਤੀ
ਕਰਦਾ ਰਚਨਾ ਜੋੜ-ਜੋੜ ਕੇ ਅੱਖਰ-ਅੱਖਰ
ਇਹ ਕਵਿਤਾ ਦਾ ਮੰਦਿਰ ਬਿਨ ਬਾਰੀ ਬੇਦਰ ਹੈ
ਖੁੱਲ੍ਹਦਾ ਦਸੋ ਦਿਸ਼ਾਵਾਂ
ਜਿਸਦੀ ਆਸਮਾਨ ਹੀ ਛੱਤ ਹੈ

ਸਾਰਾ ਵੇਲਾ ਰਹੀ ਚੂਕਦੀ ਨਿੱਕੜੀ ਚਿੜੀਆ
ਦੋ ਪੰਛੀ ਉੜਦੇ ਦੇਖਣ ਦਰਸ ਨਜ਼ਾਰਾ
ਖੰਭ ਖੰਭਾਂ ਨੂੰ ਛੁਹੰਦੇ ਚੁੰਮਦੇ

ਇਹ ਸਭ ਕੁਝ ਦੇਖ-ਦੇਖ ਕੇ
ਹੋਰ ਵੀ ਲਿਸ਼ਕਣ ਲੱਗਾ
ਸੰਝ ਦਾ ਤਾਰਾ

(ਦਸੋ ਦਿਸ਼ਾਵਾਂ=ਭਾਰਤੀ ਫ਼ਲਸਫ਼ੇ ਵਿਚ ਚਾਰ ਨਹੀਂ,
ਦਸ ਸਿਮਤਾਂ ਮੰਨੀਆਂ ਜਾਂਦੀਆਂ ਹਨ । ਅਪੋਲੋ
ਯੂਨਾਨੀਆਂ ਦਾ ਸੂਰਜ ਤੇ ਦਾਨਾਈ ਦਾ ਦੇਵਤਾ ਹੈ)

18. ਰੱਬ ਦੀਆਂ ਘੜੀਆਂ ਦਾ ਅਜਾਇਬਘਰ

ਘੜਿਆਲ ਪਏ ਸਨ ਘਰ ਅਜੂਬੇ ਅੰਦਰ
ਮੋਏ ਸਮੇਂ ਦੇ ਪਿੰਜਰ
ਸਦੀਆਂ ਪਹਿਲਾਂ ਵੱਜਿਆ ਕਰਦੇ ਚੜ੍ਹੇ ਕਲੀਸੇ

ਪਿੰਡ ਦਰਵੱਜੇ
ਘੰਟੇਘਰ ਵਿਚ
ਕਰਦੇ ਖ਼ਬਰਾਂ:
ਜਾਗਦੇ ਰਹਿਣਾ ਰੱਬ ਦੇ ਬੰਦਿਓ
ਭੁੱਲਣਾ ਨਾਹੀਂ
ਹਰ ਵੇਲਾ ਹੈ ਸਿਮਰਨ ਵੇਲਾ

ਯਸੂਦੁਆਰੇ
ਚਾਬੀ ਦਿੰਦੇ ਭਗਤਜਨ ਰਲ਼ ਕੇ
ਦੂਹਰੇ ਹੋ ਕੇ
ਜਿਉਂ ਪੱਠੇ ਕੁਤਰੇ ਟੋਕਾ
ਟੁੱਕ ਟੁੱਕ ਸੁੱਟਦਾ
ਪਲ ਪਲ ਛਿਣ ਛਿਣ

ਧੁੱਪ ਤੇ ਜਲਥਲ ਰੇਤ-ਘੜੀ ਨਾ' ਜਦ ਗੱਲ ਬਣੀ ਨਾ
ਬੰਦੇ ਗੱਡਿਆ ਲੋਹਾ ਤਾਂਬਾ
ਪਾਈ ਗਰਾਰੀ ਕੱਸ ਕਮਾਣੀ
ਹਿੱਲਣ ਲੱਗੀ ਜਿਉਂ ਪਾਰਾ ਕੰਬੇ
ਦਿਲ ਧੜਕੇ ਹੈ

ਘੜੀਆਂ ਕੀ ਸਨ
ਲਗਦਾ ਸੀ ਜਿਉਂ ਮੰਜੇ ਡੱਠੇ
ਸੇਰੂ ਪਾਵੇ ਦੇ ਵਿਚ ਫਸਿਆ
ਪਾਵਾ ਸੇਰੂ ਦੇ ਵਿਚ
ਦੰਦਾ ਦੰਦੇ ਦੇ ਵਿਚ ਅੜਿਆ
ਵਕਤ ਨਾ ਖੜ੍ਹਿਆ
ਭੁਰ ਗਏ ਦੰਦੇ

ਗੁਨਹੀਂ ਭਰਿਆ
ਦਾਨਾ ਬੀਨਾ ਦਾਨਿਸ਼ਵਰ
ਬੈਠਾ ਰਾਵਣ ਬੰਦਾ
ਬੰਨ੍ਹ ਕੇ ਕਾਲ਼ ਪਾਵੇ ਦੇ ਨਾਲ਼
ਕਾਲ਼ ਤੁੜਾ ਕੇ ਸੰਗਲ਼ ਨੱਸਾ
ਗੇੜੇ ਕੱਢਦਾ ਰਾਮ ਦੀ ਲੀਲਾ
ਪਿੰਡਾ ਕਾਲ਼ਾ ਮੋਢੇ ਭਾਲਾ ਲਹੂ ਦਾ ਰੰਗਿਆ
ਖ਼ਲਕਤ ਵੇਂਹਦੀ ਚੁੱਪ ਕਰਕੇ
ਕੁਛ ਡਰ ਕੇ ਵੀ

ਚਾਰੇ ਪਾਸੇ ਘੜੀਆਂ ਪਈਆਂ
ਚਿਰ ਦਾ ਖੜ੍ਹਿਆ ਕਮਾਦ ਵੇਲਣਾ
ਨਿਤ ਨਪੀੜੀ ਜਾਂਦਾ ਬੰਦਾ
ਇਕ ਨਾ ਅੱਧਾ ਤਿੰਨ ਵੇਲਣੇ
ਚੇਤੇ ਆਇਆ ਚਲੇ ਘੁਲਾੜੀ
ਬਾਂਦਰ ਬੈਠਾ ਗੰਨੇ ਲਾਉਂਦਾ
ਬਣ ਕੇ ਬੀਬਾ ਘਰ ਦਾ ਕਾਮਾ

ਹੱਸਦੇ-ਹੱਸਦੇ ਗੱਡਿਆਂ ਜਿੱਡੀਆਂ ਘੜੀਆਂ ਤਕ ਕੇ
ਦੇਰ ਹੋਈ ਘਰਾਂ ਨੂੰ ਪੁੱਜੇ ਘੜੀ ਨਾ' ਬੱਝੇ
ਸੌਂ ਗਏ ਗੱਲਾਂ ਕਰਦੇ ਕਰਦੇ
ਗੁੱਟਾਂ ਉੱਤੋਂ ਲਾਹ ਕਰ ਘੜੀਆਂ॥

(ਡੈਨਮਾਰਕ ਦੇ ਸ਼ਹਿਰ ਆਰਹੂਸ ਦੇ ਗਾਮਲਬਿਅੂ
(ਯਾਨੀ ਪੁਰਾਣਾ ਪਿੰਡ) ਵਿਚ ਚਰਚ ਦੇ ਘੜਿਆਲਾਂ ਦਾ ਅਜਾਇਬਘਰ ਹੈ)

ਨਿੱਕੀਆਂ ਕਵਿਤਾਵਾਂ
1. ਪਰੀ

ਹੱਥ ਵਿਚ ਫੁੱਲ ਫੜੀ
ਪਰੀ ਬਾਗ ਵਿਚ ਖੜ੍ਹੀ
ਕੌਣ ਦੇਸੋਂ ਆਈ ਡਾਰੋਂ ਬਿਛੜੀ

2. ਖੋਪੇ

ਬੋਤੇ ਦੀ ਭਟਕਣ ਕੱਜਣ ਖ਼ਾਤਰ
ਬੰਦੇ ਖੋਪਾ ਘੜਿਆ ਫੁੱਲ ਸਿਤਾਰੇ ਜੜਿਆ
ਤੇ ਅਪਣੇ ਬੰਨ੍ਹ ਲਈ ਨਾਮ ਦੀ ਪੱਟੀ

3. ਸ਼ਿੰਗਾਰਦਾਨੀ

ਵਿਚ ਮੱਥੇ ਟਿੱਕਾ ਧਿਆਨ ਦਾ
ਗੂੜ੍ਹਾ ਰੰਗ ਦੰਦਾਸੜਾ
ਤੇ ਬਹੁਤੇ ਮਿੱਠੜੇ ਬੋਲ।

4. ਸੁਰਮੇਦਾਨੀ

ਸੁਰਮੇਦਾਨੀ –
ਖ਼ਿਆਲ ਦੀ ਅੱਖ ਵਿਚ ਸੁਰਮਾ
ਅੱਖ ਵਿਚ ਜਾਗਦਾ ਸੁਪਨਾ

5. ਥਾਪੀ

ਕਾਪੜ ਬੀਬੀ ਧੋਂਵਦੀ
ਤਾਲ ਥਪਤਾਲ ਦੇ ਨਾਲ਼
ਨਿਰਮਲ ਲੀੜੇ ਪਹਿਨ ਕਰ ਖਿੜਦੇ ਉਹਦੇ ਬਾਲ

6. ਦਰਾਤ

ਰਿਜਕ ਚੀਰੇ ਦਾਤਰੀ,
ਕੰਦ-ਮੂਲ ਬੰਦ ਬੰਦ ਕੱਟਦੇ
ਪੈਰੀਂ ਡਿੱਗਣ ਬੀਬੀ ਦੇ ਹੱਸਦੇ

7. ਬੁੱਧ ਵਿਸ਼ਰਾਮ

ਕਿਸ ਬਿਧ ਸੁਪਨੇ ਕੀਲਿਆ
ਕਿਹੜੇ ਪਏ ਖ਼ਯਾਲ
ਹੁਣੇ ਬੁੱਧ ਜੀ ਉੱਠਣਾ ਦੱਸਣਾ ਸਾਰਾ ਹਾਲ

8. ਸਿਲ

ਪੱਥਰ ਲੱਗਿਆ ਧਰਮਸਾਲ
ਵਿੱਛੜੇ ਚਿਤ ਵਸਾਂਵਦਾ
ਦੋ ਕਰ ਜੋੜ ਧਿਆਨ ਧਰ

9. ਬੋਤੇ ਦੀਆਂ ਝਾਂਜਰਾਂ

ਸੋਚਣ ਪਈਆਂ ਝਾਂਜਰਾਂ
ਬੋਤੇ ਨੂੰ ਨਾ ਲੱਗੀਆਂ
ਉਮਰਾਂ ਸਾਡੀਆਂ

10. ਦਰਪਣ

ਅੱਖ ਪਲਕਾਰੇ ਬਟਣ ਦਬਾਇਆ
ਫੋਟੋ ਮਨ ਵਿਚ ਉਤਰੀ
ਚਾਰੇ ਪਾਸੇ ਦਰਪਣ ਦਰਪਣ

11. ਪੈਨਸਿਲ

ਪੈਨਸਿਲ ਛਿੱਲੀ
ਫੁੱਲ ਬਣੇ
ਲਿਖਤ ਏਸਦੀ ਰੂਹ

12. ਉਡੀਕ

ਤਰਸਣ ਖ਼ਾਲੀ ਕੁਰਸੀਆਂ
ਮੇਜ਼ ਕਰੇਂਦੇ ਯਾਦ
ਟਿਕੀਆਂ ਕੂਹਣੀਆਂ

13. ਚਿੜੀ

ਚਿੜੀ ਚੁੰਝ ਭਰੀ
ਬੁਝੀ ਤ੍ਰਿਖਾ ਜਸ ਗਾਂਵਦੀ
ਨਦੀ ਦਾ ਵਧਿਆ ਨੀਰ

14. ਪਰਵਾਸ

ਉਤਰੇ ਆ ਪਰਦੇਸੀ
ਘੋੜੇ ਢੋ ਨਾ ਸਕਦੇ
ਫਿਕਰਾਂ ਵਾਲ਼ੀ ਪੰਡ

15. ਗੱਡਿਆ ਘੋੜਾ

ਗੱਡਿਆ ਘੋੜਾ ਕਾਠ ਦਾ
ਉੱਤੇ ਬੱਚਾ ਹੈ ਅਸਵਾਰ
ਲੰਘੇ ਦਿੱਲੀ ਦੱਖਣ ਪਾਰ

16. ਮਿੱਠੀ ਮਹਿਕ

ਮਿਹਨਤ ਸੋਨੇ ਰੰਗਲੀ…
ਪੱਤ ਵਿਚ ਧੁੱਪ ਘੁਲ਼ ਰਹੀ
ਦੁੱਗਣੀ ਹੋਏ ਮਿਠਾਸ

17. ਖਿਡੌਣਾ

ਲੱਦਿਆ ਮਾਲ ਖਿਡੌਣੇ…
ਵੱਡਿਆਂ ਲਈ ਸੁਨੇਹੜੇ
ਨਿੱਕਿਆਂ ਲਈ ਖ਼ਵਾਬ

18. ਕੰਧ ਕਸੀਦਾ

ਇਕ ਐਸੀ ਕੰਧ ਉਸਾਰੀ
ਵਿਚ-ਵਿਚ ਰੱਖੀਆਂ ਮੋਰੀਆਂ
ਵੇਖਣ ਨੂੰ ਧੁੱਪ ਚਾਲ
ਉੱਤੇ ਕੰਧ ਕਸੀਦਾ ਕੱਢਿਆ
ਚਾਨਣ ਧਾਗੇ ਨਾਲ

19. ਘੜਾ

ਘੜੇ ਭੱਜਣਾ ਅਖ਼ੀਰ
ਤਿਵੇਂ ਦਿਲ ਟੁੱਟਣਾ

20. ਛਿੱਕੂ

ਖ਼ਾਲੀ ਛਿੱਕੂ
ਰੱਜਿਆ ਟੱਬਰ

(ਇਸ ਰਚਨਾ 'ਤੇ ਕੰਮ ਜਾਰੀ ਹੈ)