Punjabi Poetry : Akram Rehan

ਪੰਜਾਬੀ ਕਲਾਮ/ਕਵਿਤਾ : ਅਕਰਮ ਰਿਹਾਨ

1. ਸਾਡੇ ਵਿਹੜੇ ਉੱਗੀਆਂ ਬੇਰੀਆਂ

ਸਾਡੇ ਵਿਹੜੇ ਉੱਗੀਆਂ ਬੇਰੀਆਂ
ਤਾਹੀਓਂ ਵੱਟੇ ਮਾਰੇ ਜੱਗ
ਸਾਡੇ ਸਿਰ ਤੋਂ ਖੁੱਲ੍ਹ ਕੇ ਬੇਲੀਆ
ਸਾਡੇ ਗਲ 'ਚ ਆ ਗਈ ਪੱਗ

ਸਾਡੇ ਵਿਹੜੇ ਵੱਸੀਆਂ ਬਾਰਿਸ਼ਾਂ
ਸਾਡੀ ਚੋਵੇ ਕੱਚੀ ਛੱਤ
ਸਾਡਾ ਘਰ ਨਾ ਢਾਵ੍ਹੀਂ ਪਾਣੀਆਂ
ਇਹਦੀ ਨੀਂਹ ਵਿੱਚ ਸਾਡੀ ਰੱਤ

ਸਾਡੇ ਵਿਹੜੇ ਸਾਡਾ ਬਾਬਲਾ
ਭਾਵੇਂ ਆਖੇ ਸਾਨੂੰ ਪੁੱਤ
ਸਾਡੀ ਮਾਂ ਨੂੰ ਪੈਂਦੇ ਹੌਲ ਨੀ
ਸਾਡੀ ਜਿਸ ਵੇਲੇ ਕਰਦੀ ਗੁੱਤ

ਸਾਡੇ ਵਿਹੜੇ ਆਇਆ ਵੈਦ ਨੀ
ਸਾਨੂੰ ਪੁੱਛਦਾ ਸਾਡੇ ਦੁੱਖ
ਸਾਡੇ ਪੀਲੇ ਮੂੰਹ ਨੀ ਵੇਖਦਾ
ਸਾਨੂੰ ਕੋਹਿਆ ਕੜਮੀ ਭੁੱਖ

ਸਾਡੇ ਵਿਹੜੇ ਧੁਖੀਆਂ ਧੂਣੀਆਂ
ਸਾਡੇ ਸੜਦੇ ਅੱਲ੍ਹੜ ਚਾਅ
ਸਾਡੀ ਅੱਖੀਂ ਕੋਸੇ ਨੀਰ ਵੇ
ਸਾਡੇ ਸੀਨੇ ਅੰਦਰ ਤਾਅ

ਸਾਡੇ ਵਿਹੜੇ ਆਈ ਈਦ ਨੀ
ਸਾਨੂੰ ਅੰਬੋ ਮਲਿਆ ਸੱਕ
ਸਾਡੇ ਤਨ ਤੇ ਲੀਰਾਂ ਪਾਟੀਆਂ
ਸਾਡੇ ਬੁੱਚੇ ਕੰਨ ਤੇ ਨੱਕ

ਸਾਡੇ ਵਿਹੜੇ ਦੱਸ ਵੇ ਮਾਲਿਕਾ
ਸਾਨੂੰ ਕਿਸ ਦਿਨ ਲੱਭਣਾ ਰੱਜ
ਸਾਡੇ ਖਾਲੀ ਰੋਣ ਭਰੋਲੜੇ
ਸਾਡੇ ਵੈਣ ਕਰੇਂਦੇ ਛੱਜ

2. ਅੰਨ੍ਹੀਆਂ ਉਂਗਲਾਂ ਗੋਟੀ ਤੇ

ਅੰਨ੍ਹੀਆਂ ਉਂਗਲਾਂ ਗੋਟੀ ਤੇ
ਜਾ ਡਿੱਗੀਆਂ ਨੇ ਖੋਟੀ ਤੇ

ਰੂਪ ਕਦੇ ਵੀ ਆਇਆ ਨਈਂ
ਕਿਸਮਤ ਕਾਲ ਕਲੋਟੀ ਤੇ

ਮਾਂ ਦੀ ਜੁੱਤੀ ਪੂਰੀ ਸੂ
ਨਾਂ ਦੀ ਏ ਹੁਣ ਛੋਟੀ ਤੇ

ਮਰਚਾਂ ਧਰ ਕੇ ਖਾਨੇ ਆਂ
ਤੇਰੀ ਸਸਤੀ ਰੋਟੀ ਤੇ

ਤੇਰੇ ਵਿੱਚੋਂ ਲੱਭੇਗੀ
ਜੇ ਲੱਭਣੀ ਊਂ ਝੋਟੀ ਤੇ

3. ਸ਼ੀਸ਼ੇ ਨਾਲ ਨਾ ਗੱਲਾਂ ਕਰ

ਸ਼ੀਸ਼ੇ ਨਾਲ ਨਾ ਗੱਲਾਂ ਕਰ
ਅਪਣੇ ਨਾਲ ਨਾ ਗੱਲਾਂ ਕਰ

ਕਸਮੇਂ ਸੋਹਣਾ ਲੱਗਨਾ ਏਂ
ਗੁੱਸੇ ਨਾਲ ਨਾ ਗੱਲਾਂ ਕਰ

ਤੂੰ ਵੀ ਮੁੱਕਰ ਜਾਵੇਂਗਾ
ਦਾਅਵੇ ਨਾਲ ਨਾ ਗੱਲਾਂ ਕਰ

ਹਾਕਮ ਕੰਨੋਂ ਬੋਲਾ ਏ
ਬੋਲੇ ਨਾਲ ਨਾ ਗੱਲਾਂ ਕਰ

ਮੈਂ ਕੀ ਤੇਰਾ ਲੱਗਨਾਂ ਵਾਂ
ਮੇਰੇ ਨਾਲ ਨਾ ਗੱਲਾਂ ਕਰ

4. ਅੰਨ੍ਹਾ ਮੂਰਾ ਸ਼ਹਿਰ ਏ ਕਾਕਾ

ਅੰਨ੍ਹਾ ਮੂਰਾ ਸ਼ਹਿਰ ਏ ਕਾਕਾ
ਭਾਵੇਂ ਦਿਨ ਦਾ ਪਹਿਰ ਏ ਕਾਕਾ

ਇਸ਼ਕ ਘੜੇ ਦਾ ਮਿੱਠਾ ਪਾਣੀ
ਪੀ ਨਾ ਬੈਠੀਂ ਜ਼ਹਿਰ ਏ ਕਾਕਾ

ਓਹਦੀ ਆਪਣੀ ਮੌਜ ਏ ਤੇ ਫਿਰ
ਸਾਡੀ ਆਪਣੀ ਲਹਿਰ ਏ ਕਾਕਾ

ਐਵੇਂ ਅੱਖ ਨਈਂ ਸਿੰਮਦੀ ਰਹਿੰਦੀ
ਪਲਕਾਂ ਪਿੱਛੇ ਨਹਿਰ ਏ ਕਾਕਾ

5. ਜਿਹੜੇ ਅੱਗੇ ਹੁੰਦੇ ਨੇ

ਜਿਹੜੇ ਅੱਗੇ ਹੁੰਦੇ ਨੇ
ਫਾਹੇ ਲੱਗੇ ਹੁੰਦੇ ਨੇ

ਮਾਵਾਂ ਭਾਣੇ ਲਿੱਸੇ ਵੀ
ਪੁੱਤਰ ਜੱਗੇ ਹੁੰਦੇ ਨੇ

ਸੋਚ ਏ ਡੇਰੇਦਾਰਾਂ ਦੀ
ਕੰਮੀ ਢੱਗੇ ਹੁੰਦੇ ਨੇ

ਕਾਕਾ! ਫ਼ਿਕਰਾਂ ਕੀਤੇ ਨੇ
ਧੁੱਪੇ ਬੱਗੇ ਹੁੰਦੇ ਨੇ ?