Punjabi Poetry : A H Atif

ਪੰਜਾਬੀ ਕਲਾਮ/ਕਵਿਤਾ : ਏ ਐੱਚ ਆਤਿਫ਼

1. ਬਹਿ ਕੇ ਰੋਵਾਂ ਕਿਉਂ ਦਰਿਆ ਦੀ ਕੁੱਖਲ ਛਾਣੀ ਉੱਤੇ

ਬਹਿ ਕੇ ਰੋਵਾਂ ਕਿਉਂ ਦਰਿਆ ਦੀ ਕੁੱਖਲ ਛਾਣੀ ਉੱਤੇ,
ਫੜੇ ਨਾਂ ਜਾਂਦੇ ਤਰਦੇ ਹੋਏ ਪਰਛਾਵੇਂ ਪਾਣੀ ਉੱਤੇ।

ਖੋਜੀ ਬਣਕੇ ਏਸ ਧਰਤੀ ਦੀਆਂ ਨਵੀਆਂ ਪਰਤਾਂ ਖੋਲੋ,
ਬਣ ਜਾਓ ਸਰਨਾਵਾਂ ਜੱਗ ਦੀ ਨਵੀਂ ਕਹਾਣੀ ਉੱਤੇ।

ਬੇਕਦਰੇ ਮਾਹੌਲ ਦੇ ਪਾਰੋਂ ਮੁੜ ਬੂਹੇ ਆ ਬੈਠੀ,
ਆਪਣਾ ਆਪ ਵੀ ਵੇਚਕੇ ਲਾਇਆ ਸੀ ਮਰਜਾਣੀ ਉੱਤੇ।

ਪਿੱਲੀਆਂ ਇੱਟਾ ਅੰਦਰੋਂ ਅੰਦਰੀ ਖੁਰ ਕੇ ਖਿਲਰ ਜਾਵਣ,
ਲੱਖ ਪਲਸਤਰ ਕਰਦੇ ਰਹੀਏ ਕੰਧ ਪੁਰਾਣੀ ਉੱਤੇ।

ਨਵੇਂ ਨਵੇਂ ਰੁੱਖ ਲਾਉਣ ਦੀ 'ਆਤਿਫ' ਜੇ ਆਦਤ ਨਾ ਪਾਈ,
ਇੱਕ ਦਿਨ ਸੌ ਸੌ ਆਲ੍ਹਣਾ ਹੋਸੀ ਇੱਕ ਇੱਕ ਟਾਣ੍ਹੀ ਉੱਤੇ।

2. ਕੱਚੀ ਉਮਰੇ ਸੋਚ ਅਯਾਣੀ ਉੱਲਰ ਉੱਲਰ ਜਾਵੇ

ਕੱਚੀ ਉਮਰੇ ਸੋਚ ਅਯਾਣੀ ਉੱਲਰ ਉੱਲਰ ਜਾਵੇ
ਓਹਦੇ ਵੱਲੇ ਆਪ ਕਹਾਣੀ ਉੱਲਰ ਉੱਲਰ ਜਾਵੇ

ਸਾਂਝੀ ਕੰਧ ਤੋ ਕਿਹਦੇ ਲਈ ਏ ਗਜ਼ਰੇ ਵਾਲੀ ਬਾਂਹ
ਜੀਵੇਂ ਫੁੱਲ ਪਰੁੱਤੀ ਟਾਹਣੀ ਉੱਲਰ ਉੱਲਰ ਜਾਵੇ

ਇੰਨੀ ਨਾਜ਼ੁਕ ਸਹਿ ਨਾ ਸੱਕੇ ਖਸ਼ਬੋ ਦਾ ਵੀ ਭਾਰ
ਏਸੇ ਲਈ ਤੇ ਰਾਤ ਦੀ ਰਾਣੀ ਉੱਲਰ ਉੱਲਰ ਜਾਵੇ

ਪੁੱਗਣ ਵੇਲੇ ਹੱਥ ਮੇਰੇ ਤੇ ਅੱਜ ਵੀ ਹੱਥ ਏ ਅਪਣਾ
ਉਹਦੇ ਵੱਲੇ ਇੱਕ ਇੱਕ ਹਾਣੀ ਉੱਲਰ ਉੱਲਰ ਜਾਵੇ

ਲਾਡਾਂ ਪਿੱਟੇ ਦੁੱਖ ਮੇਰੇ ਵੱਲ 'ਆਤਫ਼' ਇੰਝ ਆਉਂਦੇ ਨੇ
ਨੀਵੇਂ ਪਾਸੇ ਜਿਵੇਂ ਪਾਣੀ ਉੱਲਰ ਉੱਲਰ ਜਾਵੇ

3. ਹੜ੍ਹ ਦੇ ਪਾਣੀ ਨੂੰ

ਕੀ ਆਖਾਂ ਹੜ੍ਹ ਦਿਆ ਪਾਣੀਆਂ
ਤੇਰੇ ਦੀਦਿਆਂ ਵਿਚ ਨਾ ਡਰ
ਇਕ ਪਲ ਵਿਚ ਲੈ ਗਿਉਂ ਰੋੜ੍ਹ ਕੇ
ਕਈ ਹੱਸਦੇ ਵੱਸਦੇ ਘਰ
ਸੀ ਖਿੜ ਖਿੜ ਹੱਸਦੇ ਵੱਸਦੇ
ਸਾਡੇ ਕਸਬੇ ਸ਼ਹਿਰ ਗਰਾਂ
ਇਹ ਚਿੱਤ ਸੀ ਦੋਜ਼ਕ ਹੋਵਣੀ
ਸਾਡੀ ਜ਼ਨਤ ਵਰਗੀ ਥਾਂ
ਤੇ ਕੀ ਹਸ਼ਰ ਮਚਾਇਆ ਵੈਰੀਆ
ਅੱਜ ਕੰਨੀ ਪਏ ਨਾ 'ਵਾਜ਼
ਤੂੰ ਲਾਸ਼ਾਂ ਖਾਰੇ ਚਾੜ੍ਹੀਆਂ
ਤੇ ਮਿੱਟੀ ਕੀਤੇ ਦਾਜ
ਅਸੀਂ ਡੌਰੂੰ ਭੌਰੂੰ ਹੋ ਗਏ
ਤੂੰ ਘੇਰਿਆ ਅਚਨਚੇਤ
ਅੱਜ ਮਿੱਟੀ ਮਿੱਟੀ ਹੋ ਗਏ
ਸਾਡੇ ਸੋਨੇ ਰੰਗੇ ਖੇਤ
ਸਾਡਾ ਚੰਨ ਤੇ ਸੂਰਜ ਡੁੱਬਿਆ
ਸਾਡੇ ਸਿਰ ਤੇ ਨੇਰ੍ਹ ਅਜ਼ਾਬ
ਅਜ ਕੰਧਾ ਹੇਠਾਂ ਆ ਗਏ
ਸਾਡੇ ਤਰਸੇਵੇਂ ਦੇ ਖ਼ਾਬ
ਅਸੀਂ ਤਾਬਿਰਾਂ ਕੀ ਭਾਲ਼ੀਏ
ਸਾਡੇ ਭੁੱਖੋਂ ਬਿਲਖਣ ਬਾਲ
ਤੈਨੂੰ ਅੱਲ੍ਹਾ ਪੁੱਛੇ ਵੈਰੀਆ
ਜੋ ਕੀਤੀ ਸਾਡੇ ਨਾਲ
ਅਸੀਂ ਉਂਝ ਤੇ ਹਿੰਮਤਾਂ ਵਾਲੜੇ
ਸਾਨੂੰ ਲੇਖਾਂ ਦਿੱਤੀ ਹਾਰ
ਸਾਡੇ ਸਿਰ ਤੋਂ ਅੰਬਰ ਤਿਲਕਿਆ
ਸਾਡੇ ਪੈਰਾਂ ਹੇਠਾਂ ਗਾਰ
ਹੱਥ ਪੈਰ ਬਥੇਰੇ ਮਾਰੀਏ
ਪਰ ਚੱਲੇ ਨਾ ਕੋਈ ਵਾਹ
ਅਸੀਂ ਲੇਖੋਂ ਹੱਥਲ਼ ਹੋ ਗਏ
ਸਾਡੇ ਹਾਕਮ ਬੇਪਰਵਾਹ
ਵੇ ਪਾਣੀਆ ਬੇਇਤਬਾਰਿਆ
ਤੈਨੂੰ ਇੰਨੀ ਵੀ ਨਾ ਸੁੱਝ
ਕਰਬਲ਼ 'ਚ ਆਪ ਨਾ ਦਿਸਿਓਂ
ਅੱਜ ਦਿਸਣ ਨਾ ਦੇਵੇਂ ਕੁੱਝ

4. ਠੇਠ ਅਮਨ ਦੇ ਠੇਕੇਦਾਰੋ

ਠੇਠ ਅਮਨ ਦੇ ਠੇਕੇਦਾਰੋ
ਸੁੱਖ ਹਯਾਤੀ ਦੇ ਝਾਂਸੇ ਵਿਚ ਸੜਕਾਂ ਉੱਤੇ
ਪੱਥਰਾਂ ਦੀ ਥਾਂ ਮਜ਼ਲੂਮਾਂ ਦੀਆਂ ਲਾਸ਼ਾਂ ਧਰ ਕੇ
ਲੁੱਕ ਦੀ ਥਾਂ ਤੇ ਲਹੂ ਨਾ ਛਿੜਕੋ
ਤਾਕਤ ਦੇ ਬਲਡੋਜ਼ਰ ਹੇਠਾਂ
ਨਾਂ ਸ਼ਹਿਰਾਂ ਦੇ ਸ਼ਹਿਰ ਲਤਾੜੋ
ਇਛਿਆ ਧਾਰੀਓ
ਸਿਰ ਘੁੱਗੀਆਂ ਦੇ ਆਲ੍ਹਣੇ ਧਰ ਕੇ
ਵਾਵ੍ਹਾਂ ਦੇ ਵਿਚ ਜ਼ਹਿਰ ਨਾਂ ਘੋਲ਼ੋ
ਇਹ ਨਾ ਭੁੱਲੋ
ਜਿਹੜੀ ਰਾਤ ਜ਼ੁਲਮ ਦੇ ਪਾਰੋਂ
ਮਜ਼ਲੂਮਾਂ ਦੇ ਵਿਹੜੇ ਲੱਥੀ
ਏਸ ਤ੍ਰਠੀ ਰਾਤ ਦੀ ਕੁੱਖੋਂ
ਅਣਖ਼ ਪਰੁੱਚੀ ਪਹੁ ਫੁੱਟਣੀ ਏ
ਸਾਂਝ ਦਾ ਇਹਾ ਸੂਰਜ ਚੜ੍ਹਨਾ
ਮਜ਼ਲੂਮਾ ਨੇ ਕੱਠਿਆਂ ਹੋ ਕੇ
ਲਾਸ਼ਾਂ ਨਈਂ ਫਿਰ ਸਿਰ ਚੁੱਕਣੇ ਨੇ
ਫਿਰ ਨੱਸਣ ਦਾ ਰਾਹ ਨਈਂ ਲੱਭਣਾ
ਇੱਕ ਵੀ ਮੰਗਵਾਂ ਸਾਹ ਨਈਂ ਲੱਭਣਾ