ਅੰਬ ਪੱਕੇ
ਨਿਵੀਆਂ ਟਾਹਣੀਆਂ
ਚੌਕੀਦਾਰ ਚੇਤੰਨ
ਅੱਸੂ ਦੀ ਰੁੱਤ
ਆਗਾਂ ਦੀ ਖਸਰ ਖਸਰ
ਠਾਰ ਗਿਆ ਬੁੱਲ੍ਹਾ
ਕਣਕ ਦੇ ਹਰੇ ਖੇਤ
ਵਿਚ ਸਰੋਂ ਦੇ ਕਿਆਰੇ ਦੀ
ਕਾਰ ਚੋਂ ਉਤਰ ਫੋਟੋ ਖਿਚੇ
ਮੱਸਿਆ ਦੀ ਰਾਤ
ਸਾਇਕਲ ਚਲਾਵੇ
ਡਾਇਨੇਮੋ ਦਾ ਚਾਨਣ
ਹੁਸੜ ਗਰਮ ਸ਼ਾਮ
ਵਕਤ ਤੋਂ ਪਹਿਲਾਂ ਛੁਪਿਆ
ਸੂਰਜ ਬੱਦਲਾਂ ਵਿੱਚ
ਟੋਭੇ ਦਾ ਸ਼ਾਂਤ ਪਾਣੀ
ਡਿੱਗਿਆ ਸੁੱਕਾ ਪੱਤਾ
ਹਿੱਲਿਆ ਸੂਰਜ
ਬਚਪਨ
ਕੰਨ ਉੱਤੇ ਗਲਾਸ ਰਖ
ਸੁਣੇ ਸ਼ਾਂ-ਸ਼ਾਂ
ਅੰਬਰ ਮਟਮੈਲਾ
ਸੀਟੀਆਂ ਮਾਰਦੀ ਹਨੇਰੀ
ਲਿਫੇ ਰੁਖ
ਧੀਆਂ ਧਿਆਣੀਆਂ
ਰੋੜਿਆਂ ਸੰਗ ਖੇਡਣ
ਹਿੱਗਾ
ਕਸੀਦਾ ਕਢਦੀ
ਸੂਈ ਉਂਗਲੀ ਦੇ ਫੁਲ ਚ
ਚਾਦਰ ਸੂਹੀ
ਸਿਖਰ ਦੁਪਹਿਰ
ਕਪਾਹ ਚੁਗਦੀਆਂ
ਤਾਂਬੇ ਰੰਗੀਆਂ
ਕਪਾਹ ਦਾ ਖੇਤ
ਟੀਂਡੇ ਦੇ ਬੁਲ੍ਹ ਚੋਂ ਲਮਕੇ
ਚਿੱਟਾ ਫੁੱਲ
ਨਵੀਂ ਕਰੂੰਬਲ
ਝਾੜੀਆਂ ਓਹਲੇ
ਕੁੱਤਾ ਸੁੰਘੇ
ਕਲੰਦਰ ਦੀ ਡੁਗ ਡੁੱਗ
ਨਚਦੇ ਬੰਦਰ ਦੇ ਪੈਰਾਂ ‘ਚ
ਡਿਗਦੇ ਸਿੱਕੇ
ਡੰਗਰ ਚਾਰਦੇ ਦੇ
ਚੁਭਿਆ ਕੁਸੰਭੀ ਦਾ ਕੰਡਾ
ਟੁੱਟੇ ਛਿੱਤਰ ਵਿਚੋਂ
ਕੰਤ ਸਿਪਾਹੀ ਤੋਰ
ਚੁੰਨੀ ਨਾਲ ਪੂੰਝੇ ਅਥਰੂ
ਬਰੂਹਾਂ ਚ ਖੜੀ
ਲੌਢਾ ਵੇਲਾ
ਕਿੱਕਰ ਤੋਂ ਉੱਡੇ ਤੋਤੇ
ਕਿਰੇ ਪੀਲੇ ਫੁੱਲ
ਮੀਂਹ ਨਾਲ਼ੇ ਗੜ੍ਹੇ
ਕੀੜਿਆਂ ਦੇ ਖੰਭ
ਬੱਤੀ ਕੋਲ਼ ਝੜੇ
ਕੇਸੂ ਦਾ ਦਰਖਤ…
ਦੂਰ ਟਿੱਬੀ ‘ਤੇ ਖੜ੍ਹਾ
ਲਾਲ ਛਤਰੀ ਤਾਣੀ
ਪਿੰਡੋ ਬਾਹਰ ਤਲਾਅ 'ਚ
ਸੂਰਜ ਮਾਰੇ ਲਿਸ਼ਕੋਰਾਂ
ਕਾਵਾਂ ਘੇਰੀ ਕੋਇਲ
ਅਨੋਭ੍ੜ ਮੁਟਿਆਰ
ਵਾੜੇ ਚੋਂ ਤੋੜੇ ਖਰਬੂਜ਼ੇ
ਮਿਠੀ ਮਿਠੀ ਵਾਸ਼ਨਾ
ਖਿਹ ਕੇ ਉੱਡਿਆ ਪੰਛੀ
ਘੁੰਮੇਟਣੀ ਖਾਂਦੇ ਡਿੱਗੇ
ਪੱਤਾ ਤੇ ਖੰਭ
ਹਵੇਲੀ ਦੀ ਛੱਤ ਤੋਂ
ਕਿਰੇ ਮੋਰ ਦੇ ਖੰਭ
ਸੰਤੂ ਦਾ ਕੋਠਾ ਚਮਕਿਆ
ਖੱਡਾ ਪੱਟ ਦੱਬਣ
ਟੀਕੇ ਸਰਿੰਜਾਂ ਖਾਲੀ ਪੱਤੇ
ਖੇਡ ਮੇਲੇ ਪਿਛੋਂ
ਗੜ੍ਹੇਮਾਰੀ
ਕਿਸਾਨ ਵੇਖੇ ਅੰਦਰ ਬਾਹਰ
ਲਾਸ਼ਾਂ ਹੀ ਲਾਸ਼ਾਂ
ਪਰਛਾਵੇਂ ਲੰਬੇ
ਪੱਤ ਹੀਣ ਟਾਹਲੀਆਂ ਤੇ
ਲਟਕੀਆਂ ਗਿਲਝਾਂ
ਕੱਲ ਸ਼ਾਮ ਦਾ ਗੁੰਮਸ਼ੁਦਾ
ਕਰਜ਼ੇ ਚ ਡੁੱਬਿਆ
ਨਹਿਰ ਚ ਤਰੇ
ਬੋਹੜ ਤੋਂ ਡਿੱਗੀਆਂ ਗੋਲ੍ਹਾਂ
ਚੱਕ ਖਾਣ ਨੂੰ ਦਿਲ ਕਰੇ
ਬੇਟੇ ਤੋਂ ਡਰਾਂ
ਕਾਲੀ ਘਟਾ
ਉਡਦੇ ਬਗਲੇ
ਚਿੱਟੀ ਲਕੀਰ
ਮਿੱਟੀ ਦਾ ਘਰ
ਆੜੀਆਂ ਢਾਹਿਆ
ਕੱਲਾ ਬੈਠਾ ਰੋਵੇ
ਚੰਦ ਦੀ
ਤੂਤ ਦੇ ਪੱਤਿਆਂ ਚੋਂ ਛਣੀ
ਧਰਤੀ ਡੱਬ ਖੜੱਬੀ
ਪਖੇ ਚ ਵੱਜਿਆ
ਖੰਭਾ ਨਾਲ ਭਰਿਆ ਕਮਰਾ
ਉੱਡਿਆ ਲੰਡਾ ਚਿੜਾ
ਚੜ੍ਹੀ ਸਵੇਰ
ਕਾਵਾਂ ਘੇਰਿਆ
ਭਟਕਿਆ ਚੁਗਲ
ਪਾਸਾ ਪਰਤਿਆ
ਮੰਜੀ ਦੀਆਂ ਖੋਚਲੀਆਂ ਚੂਲਾਂ
ਚੀਕੀਆਂ ਚੂੰ -ਚੂੰ
ਕਪਾਹ ਦਾ ਖੇਤ
ਚਿੜੀ ਦੇ ਭਾਰ ਨਾਲ ਝੁਕੀ
ਫੁੱਲਾਂ ਵਾਲੀ ਛਟੀ
ਖਾਲ ਟੱਪਿਆ
ਪਾਣੀ ਚ ਬਹਿ ਗਈ
ਝਾਂਜਰ ਦੀ ਛਣਕਾਰ
ਗਰਦ ਭਰੇ
ਝਿੜੀ ਦੇ ਰੁਖ ਨਿਖਰੇ
ਸਾਉਣ ਦਾ ਛਰਾਟਾ
ਮੇਲਾ ਵਿਛੜਿਆ
ਖੱਟੀ ਚੁੰਨੀ ਵਾਲੀ ਸਹਿਲਾਵੇ
ਚੀਚੀ ਵਾਲਾ ਛੱਲਾ
ਗਰਮੀ
ਟਿੰਡ ਕਢਾਈ
ਪੈਣ ਠੋਲੇ
ਨਵੀ ਵਿਆਹੀ ਲੰਘੀ
ਝਾਂਜਰ ਛਣਕਾ ਕੇ
ਜੇਠ ਬਣਿਆ ਡਰਨਾ
ਸ਼ਾਮ ਦਾ ਘੁਸਮੁਸਾ
ਬਾਪ ਡੰਗਰ ਅੰਦਰ ਕਰੇ
ਮੁੰਡਾ ਖੋਲੇ ਡੱਟ
ਛਤਰੀ ਵਾਲੀ ਡੇਕ ਤੇ
ਚਿੜੀਆਂ ਦੀ ਚ੍ਹਚੜੋਲ
ਹੇਠਾਂ ਚਰਖੇ ਦੀ ਘੂਕ
ਨੀਂਦ ਦੀ ਲੋਰ ਚ ਪਾਵੇ
ਬਲਦਾਂ ਗਲ ਪੰਜਾਲੀ
ਟਹਿਕਣ ਤਾਰੇ
ਲੋਢਾ ਵੇਲਾ
ਕਿੱਕਰ ਤੋਂ ਉੱਡੇ ਤੋਤੇ
ਕਿਰੇ ਪੀਲੇ ਫੁੱਲ
ਸਿਖਰ ਦੁਪਹਿਰ
ਵਿਹੜੇ ‘ਚ ਖਿੜੀ
ਦੁਪਹਿਰਖਿੜੀ
ਝੀਥਾਂ ਚੋਂ ਰੋਸ਼ਨੀ
ਉੱਡਦੇ ਧੂੜ ਦੇ ਕਣ
ਨਿਆਣਾ ਪਕੜੇ
ਹਿੱਲੇ ਟਾਹਲੀ ਦੇ ਪੱਤੇ
ਪਖੀ ਝਲਦਾ ਆਖੇ ਬਾਬਾ
ਬਈ ਬਦਲ ਗਿਆ ਪਹਿਰਾ
ਪਰਿੰਦੇ ਪਰਤੇ…
ਨਿਆਣੇ ਕਰਨ
ਪੁੱਗ ਦਾ ਪੁਗਾਟਾ
ਟੱਲੀ ਦੀ ਟਨ ਟਨ
ਧਾਹਾਂ ਮਾਰ ਰੋਵੇ ਬੇਬੇ
ਵੇਖ ਪਾਟੀ ਚਿਠੀ
ਕਪਾਹ ਦੁਆਲੇ
ਤਿਲਾਂ ਦੇ ਪਿਆਜ਼ੀ ਫੁੱਲ
ਮੰਡਰਾਉਂਦੇ ਭੰਵਰੇ
ਬੋੜੇ ਖੂਹ ਤੇ
ਖੜਕੀਆਂ ਸ਼ਰੀਂਹ ਫਲੀਆਂ
ਮਖਿਆਲੀ ਸੁਗੰਧ
ਟੋਭੇ ਦਾ ਨਿਤਰਿਆ ਪਾਣੀ
ਝਿਲਮ੍ਲਾਉਂਦੇ ਅੱਕ ਦੇ ਫੁੱਲ
ਸ਼ਾਂਤ ਖੜਾ ਬਗਲਾ
ਚੰਨ ਦੀ ਚਾਨਣੀ
ਨਲਕੇ ਥੱਲੇ ਨਹਾਉਂਦਾ ਵੇਖੇ
ਪਾਟੀ ਬਿਆਈ
ਕਰੂੰਬਲਾਂ ਫੁੱਟੀਆਂ
ਬਦਾਮੀ ਸਰਕੜੇ ਦਾ ਝੜਿਆ
ਚਾਂਦੀ ਰੰਗਾ ਬੂਰ
ਚੇਤ ਮਹੀਨਾ
ਮਖਿਆਲੇ ਲੀਲੂ ਬੇਰ
ਪਿਛੇ ਚਮਕੇ ਮਹੂਆ
ਘਾਹ ਖੋਤਦੀ
ਮਥੇ ਤੋਂ ਮੁੜ੍ਹਕਾ ਚੋ
ਠੋਡੀ ਤੇ ਲਮਕਿਆ
ਤਿਖੀ ਧੁੱਪ ਮਾਰੇ ਸੇਲੇ
ਗੋਡੀ ਕਰਦੇ ਦੇ ਚੋਵੇ
ਧਰਾਲੀਂ ਮੁੜ੍ਹਕਾ
ਲ੍ਹਾਮ ਨੂੰ ਜਾਂਦਾ
ਮੂਕਾ ਲਾਹ ਪੁਲ ਦੀ ਠਲ ਤੇ
ਜੁੱਤੀ ਝਾੜੇ
ਝੜੀ ਚ ਡਿੱਗਿਆ ਕੋਠਾ
ਕੰਧਾ ਤੇ ਸਲਾਮਤ
ਫੁੱਲ ਤੇ ਮੋਰ
ਲਿਸ਼ਕਿਆ
ਖੜਸੁੱਕ ਰੁੱਖ
ਚਾਣਚੱਕ ਮੀਂਹ
ਬਰਕਰਾਰ
ਝੁਰੜੀਆਂ ਭਰੇ ਚਿਹਰੇ ਤੇ
ਕੋਕੇ ਦੀ ਲਿਸ਼ਕੋਰ
ਢਲਦੀ ਸ਼ਾਮ…
ਮੈਲ਼ੇ ਲੀੜੈ ਲੂਸੇ ਚਿਹਰੇ
ਸਿਰ ਤੇ ਪੰਡਾਂ
ਅੱਤ ਦੀ ਗਰਮੀ
ਤਿਖੜ ਦੁਪਹਿਰੇ ਵਾਵਰੋਲੇ
ਚ ਉੱਡਿਆ ਨਿੱਕ ਸੁੱਕ