Punjabi She'r : Ajit Singh Gobindgarhia

ਪੰਜਾਬੀ ਸ਼ੇਅਰ : ਅਜੀਤ ਸਿੰਘ ਗੋਬਿੰਦਗੜ੍ਹੀਆ

1. ਸ਼ੇਰ ਪਿੰਜਰੇ 'ਚ ਵੀ ਚਾਹੇ ਜਾਣ ਡੱਕੇ

ਸ਼ੇਰ ਪਿੰਜਰੇ 'ਚ ਵੀ ਚਾਹੇ ਜਾਣ ਡੱਕੇ ਪਰ ਇੱਜੜਾਂ ਦੇ ਵਾਂਗੂ ਕਦੇ ਤੁੰਨੇ ਨਾ ਜਾਣ
ਸ਼ਿਕਾਰ ਕਰਕੇ ਚਾਹੇ ਲਾਹ ਲੈਣ ਖੱਲਾਂ ਪਰ ਭੇਡਾਂ ਵਾਂਗੂ ਸ਼ੇਰ ਕਦੇ ਮੁੰਨੇ ਨਾ ਜਾਣ

2. ਮਹਿੰਗੇ ਮੁੱਲ ਮਿਲੀ ਆ ਸਰਦਾਰੀ ਸਿੰਘਾਂ ਨੂੰ

ਮਹਿੰਗੇ ਮੁੱਲ ਮਿਲੀ ਆ ਸਰਦਾਰੀ ਸਿੰਘਾਂ ਨੂੰ ਅੱਜ ਕੌਡੀਆਂ ਦੇ ਵੱਟੇ ਵਟਾਈ ਜਾਂਦੇ ਨੇ
ਪੱਗਾਂ ਦੁਮਾਲਿਆਂ ਨਾਲ ਸੋਭਦੇ ਨੇ ਸਿੰਘ ਪਾ ਟੋਪੀਆਂ ਤੇ ਸੈਲਫੀਆਂ ਲਾਹੀ ਜਾਂਦੇ ਨੇ
ਜਿਹੜੀ ਧੌਣ ਨਾ ਸੀ ਝੁਕੀ ਕਦੇ ਜਾਬਰਾਂ ਅੱਗੇ ਹੁਣ ਨਾਈਆਂ ਮੂਹਰੇ ਬੈਠ ਝੁਕਾਈ ਜਾਂਦੇ ਨੇ
ਕੜੇ ਪੱਗ ਦਾ ਮੁਕਾਬਲਾ ਨਹੀਂ ਕੋਈ ਜਿਹਨੂੰ ਫੋਕੇ ਫੈਸ਼ਨਾਂ 'ਚ ਗਵਾਈ ਜਾਂਦੇ ਨੇ

3. ਨਿਰਾਲੀ ਸਿੰਘਾਂ ਦੀ ਏ ਚਾਲ ਜੱਗ ਤੋਂ

ਯੁੱਧ ਦੁਨੀਆਂ ਵਿੱਚ ਹੋਏ ਲੱਖਾਂ ਪਰ ਸਿੰਘਾਂ ਯੁੱਧ ਕੀਤੇ ਬੇਮਿਸਾਲ ਜੱਗ ਤੋਂ
ਲਸ਼ਕਰ ਬੇਹਿਸਾਬ ਕਈ ਆਏ ਚੜ੍ਹਕੇ ਸਿੰਘ ਗਿਣਤੀ ਦੇ ਈ ਲੜੇ ਬਾਕਮਾਲ ਜੱਗ ਤੋਂ
ਡੋਲੇ ਨਾ ਜੇਰੇ ਦੇਖ ਵਹਿਸ਼ੀ ਮੰਜ਼ਰ ਰਿਹਾ ਚਿਹਰੇ ਤੇ ਵੱਖਰਾ ਜਲਾਲ ਜੱਗ ਤੋਂ
'ਗੋਬਿੰਦਗੜ੍ਹੀਆ' ਜੂਝਣ ਜੰਗਾਂ 'ਚ ਬਾਜ਼ ਬਣ ਕੇ ਜਾਂਬਾਜ਼ ਗੋਬਿੰਦ ਸਿੰਘ ਦੇ ਲਾਲ ਜੱਗ ਤੋਂ
ਨਿਰਾਲੀ ਸਿੰਘਾਂ ਦੀ ਏ ਚਾਲ ਜੱਗ ਤੋਂ

4. ਰਣ ਤੱਤੇ ਬੰਦੂਕਾਂ ਬੋਲਦੀਆਂ ਨੇ

ਰਣ ਤੱਤੇ ਬੰਦੂਕਾਂ ਬੋਲਦੀਆਂ ਨੇ ਸੂਰੇ ਕਰਦੇ ਨਾ ਗੱਲ ਜਬਾਨਾਂ ਨਾਲ
ਮਹਿੰਗੇ ਮੁੱਲ ਟਾਕਰੇ ਨਿਬੜਦੇ ਨੇ ਓ ਗੋਬਿੰਦ ਸਿੰਘ ਦੇ ਫੌਜੀ ਜਵਾਨਾਂ ਨਾਲ

5. ਤੇਰੇ ਖੰਡੇ ਨੇ

ਤੇਰੇ ਖੰਡੇ ਨੇ ਜਿਹਨਾਂ ਦੇ ਮੂੰਹ ਮੋੜੇ ਅੱਜ ਫੇਰ ਸਾਨੂੰ ਲਲਕਾਰਦੇ ਨੇ
ਬਾਜਾਂ ਵਾਲ਼ਿਆ ਬਾਜ ਤੇਰੇ ਮੁੱਕਦੇ ਨਹੀਂ ਖੰਭ ਤਿੱਤਰਾਂ ਦੇ ਅੱਜ ਵੀ ਖਿਲਾਰਦੇ ਨੇ

6. ਸ਼ੌਕ ਜਾਨੋਂ ਵੱਧ ਸਿੰਘਾਂ ਨੇ ਦੋ ਰੱਖੇ

ਸ਼ੌਕ ਜਾਨੋਂ ਵੱਧ ਸਿੰਘਾਂ ਨੇ ਦੋ ਰੱਖੇ ਇੱਕ ਘੋੜਾ ਤੇ ਬੁਲਟ ਨੂੰ ਪਿਆਰ ਕਰਦੇ
ਬੁਲਟਾਂ ਦੇ ਪਵਾਉਣੇ ਇਹ ਗਿੱਝੇ ਨਹੀਂ ਪਟਾਕੇ ਵੈਰੀਆਂ ਦੇ ਪਵਾ ਕੇ ਨੇ ਸ਼ਿਕਾਰ ਕਰਦੇ
ਧੌਣਾਂ ਘੁੰਮਦੀਆਂ ਦੇਖ ਸਰਦਾਰਾਂ ਨੂੰ ਜਦੋਂ ਨਿਕਲਦੇ ਨੇ ਠਾਠ ਨਾਲ ਸਵਾਰ ਕਰਦੇ
ਮੁੱਲ ਸਿੰਘਾਂ ਦੇ ਸ਼ੌਕ ਦਾ ਨਈਂ ਪੈਂਦਾ ਨਾ ਸੌਦੇਬਾਜੀ ਕਦੇ ਸਰਦਾਰ ਕਰਦੇ
ਨਾ ਸੌਦੇਬਾਜੀ ਕਦੇ ਦਿਲਦਾਰ ਕਰਦੇ

7. ਕਹਿੰਦੇ ਨੇ ਰੱਬ

ਕਹਿੰਦੇ ਨੇ ਰੱਬ ਸਰਬ ਨਿਗਾਹਾਰ ਪਰ ਲਗਦਾ ਕਰ ਨਹੀਂ ਕੁਝ ਸਕਦਾ,
ਕਹਿੰਦੇ ਨੇ ਰੱਬ ਸਰਬ ਰਚੇਤਾ ਪਰ ਲਗਦਾ ਹਲ ਨਹੀਂ ਸੁਝ ਸਕਦਾ,
ਕਹਿੰਦੇ ਨੇ ਰੱਬ ਸਰਬ ਰਖਵਾਰਾ ਪਰ ਲਗਦਾ ਤੁਰਤ ਨਹੀਂ ਪੁੱਜ ਸਕਦਾ,
ਕਹਿੰਦੇ ਨੇ ਰੱਬ ਸਰਬ ਕਿਰਪਾਲੂ ਪਰ ਲਗਦਾ ਭਲੇ 'ਚ ਨਹੀਂ ਰੁਝ ਸਕਦਾ,
ਕਹਿੰਦੇ ਨੇ ਰੱਬ ਸਰਬ ਗਿਆਨੀ ਪਰ ਲਗਦਾ ਹੋਣੀ ਨਹੀਂ ਬੁਝ ਸਕਦਾ,
ਕਹਿੰਦੇ ਨੇ ਰੱਬ ਸਰਬ ਜਰਵਾਣਾ ਅਜੀਤ ਸਿੰਘਾ ਲੜ ਨਹੀਂ ਲੁਝ ਸਕਦਾ।