Punjabi Poetry : Waryam Singh Sandhu

ਪੰਜਾਬੀ ਕਵਿਤਾਵਾਂ : ਵਰਿਆਮ ਸਿੰਘ ਸੰਧੂ


ਸ਼ਹੀਦ ਦਾ ਬੁੱਤ

ਨੀਵੀਆਂ ਧੌਣਾਂ ਤੇ ਥਿੜਕਦੇ ਕਦਮਾਂ ਵਾਲੇ ਹਜ਼ੂਮ ਨੂੰ ਸਾਹਮਣੇ ਤੱਕ ਕੇ ਸ਼ਹੀਦ ਦੇ ਬੁੱਤ ਨੇ ਤਿੜਕਦੇ ਹੋਠਾਂ 'ਚੋਂ ਕਿਹਾ: ਮੇਰੇ ਬੁੱਤ ਨੂੰ ਤੁਸੀਂ,ਜੇ ਬੁੱਤ ਬਣ ਕੇ ਵੇਖਦੇ ਰਹਿਣਾ ਤਾਂ ਮੈਨੂੰ ਭੰਨ ਦੇਵੋ, ਤੋੜ ਦੇਵੋ, ਤੇ ਮਿੱਟੀ 'ਚ ਮਿਲਾ ਦੇਵੋ। ਜਿਸ ਮਿੱਟੀ 'ਚ ਮੈਂ ਤਲਵਾਰ ਬਣ ਕੇ ਉੱਗਣਾ ਸੀ ਤੇ ਦਹਿਕਦੇ ਅੰਗਿਆਰ ਵਾਂਗੂੰ ਕਾਲੀਆਂ ਰਾਤਾਂ 'ਚ ਅੱਗ ਦਾ ਫੁੱਲ ਬਣ ਕੇ ਸੀ ਖਿੜਨਾ ਮੇਰੇ ਬੁੱਤ ਦੀ ਛਾਂਵੇਂ ਜੋ ਨੇਤਾ, ਤੁਹਾਡੀਆਂ ਅੱਖਾਂ 'ਚ ਮਿੱਠੇ ਜ਼ਹਿਰ ਭਿੱਜੇ ਤੀਰ ਮਾਰ ਕੇ ਹਟਿਆ ਇਸੇ ਦੇ ਤੀਰ ਕਦੀ ਮੇਰੀ ਛਾਤੀ 'ਚ ਵੱਜੇ ਸਨ ਪਰ ਤੁਸੀਂ ਓ ਭੋਲਿਓ ਲੋਕੋ! ਸ਼ਬਦਾਂ ਦਾ ਗੇੜ ਸਮਝ ਨਹੀਂ ਪਾਏ ਸਗੋਂ ਇਸ ਨੂੰ ਰੁੱਤਾਂ ਦੇ ਗੇੜ ਵਾਂਗੂੰ ਸਮਝ ਬੈਠੇ ਹੋ। ਇਹੋ ਹੀ ਲੋਕ ਨੇ ਜੋ ਕਿਸੇ ਗਲ ਵਿੱਚ, ਕਦੀ ਫ਼ਾਂਸੀ ਦਾ ਰੱਸਾ ਨੇ ਪਾਉਂਦੇ ਤੇ ਵਕਤ ਬੀਤ ਜਾਵਣ 'ਤੇ ਓਸੇ ਹੀ ਗਲ ਵਿੱਚ ਫੁੱਲਾਂ ਦੇ ਹਾਰ ਪਾਉਂਦੇ ਨੇ ਇਹੋ ਈ ਹੱਥ ਨੇ ਜਿਨ੍ਹਾਂ ਮੇਰੀ ਲਹੂ ਭਿੱਜੀ ਮਿੱਟੀ ਦੇ ਜ਼ੱਰੇ ਪੋਟਿਆਂ ਨਾਲ ਚੁਣ ਕੇ ਮੈਨੂੰ ਕਰ ਲਿਆ ਧਰਤ ਤੋਂ ਅੱਡਰਾ ਤੇ ਥੱਪ ਕੇ ਓਸ ਮਿੱਟੀ ਨੂੰ ਮੇਰੇ ਬੁੱਤ ਉੱਤੇ ਮੇਰੀ ਰੂਹ ਨੂੰ ਉਸ ਦੇ ਖੋਲ ਅੰਦਰ ਕੈਦ ਕਰ ਦਿੱਤਾ ਜਿੱਥੇ ਉਹ ਤੜਪਦੀ ਰਹੀ ਫੜਫੜਾਂਉਂਦੀ ਰਹੀ ਤੇ ਹਰ ਸਾਲ ਜੱਲਾਦ ਦੇ ਹੱਥੋਂ ਸ਼ਰਧਾਂਜਲੀ ਦੇ ਫੱਟ ਖਾਂਦੀ ਰਹੀ ਵਿਲਕਦੀ ਰਹੀ, ਵੇਖਦੀ ਰਹੀ ਕਿ ਮੇਰੇ ਬੋਲਾਂ ਨੂੰ ਮੁਲੰਮਾ ਲਾ ਕੇ ਪੁਸਤਕਾਂ ਵਿੱਚ ਕੈਦ ਕਰ ਦਿੱਤਾ ਗਿਆ ਸੀ ਤੇ ਕੇਵਲ ਸਜਾਵਟ ਲਈ ਸਜਾ ਦਿੱਤੀ ਗਈ ਸੀ ਅਜਾਇਬ ਘਰ ਵਿੱਚ ਮੇਰੀ ਤਲਵਾਰ ਤੇ ਤੁਸੀਂ ਸਾਰੇ ਬਣਾ ਦਿੱਤੇ ਗਏ ਸਾਓ ਚਿੜੀਆ ਘਰ ਦੇ ਜਨੌਰ ਜੋ ਉਦੋਂ ਤੋਂ ਲੈ ਕੇ ਹੁਣ ਤੱਕ ਵੇਖਦੇ ਪਏ ਹੋ ਪੱਥਰ ਦੀਆਂ ਅੱਖਾਂ ਨਾਲ ਮੇਰੇ ਪੱਥਰ ਦੇ ਬੁੱਤ ਵੱਲੇ ਪਰ ਮੇਰੇ ਬੁੱਤ ਨੂੰ ਤੁਸੀਂ ਜੇ ਬੁੱਤ ਬਣ ਕੇ ਵੇਖਦੇ ਰਹਿਣਾ ਤਾਂ ਮੈਨੂੰ ਭੰਨ ਦੇਵੋ, ਤੋੜ ਦੇਵੋ, ਤੇ ਮਿੱਟੀ 'ਚ ਮਿਲਾ ਦੇਵੋ। (1971)

ਨਾ ਰੋ!

ਨਾ ਰੋ ਐਵੇਂ ਦੀਦੇ ਨਾ ਗਾਲ! ਘੁੱਟ ਲੈ ਦੰਦਾਂ 'ਚ ਫ਼ਰਕਦੇ ਹੋਠਾਂ ਦੀ ਪੀੜ, ਸਾਂਭ ਲੈ ਗਲ 'ਚ ਖਿੱਲਰੇ ਵਾਲ! ਨਾ ਰੋ ਐਵੇਂ ਦੀਦੇ ਨਾ ਗਾਲ। ਕਿੰਨਾ ਕੁ ਚਿਰ ਅੱਖਾਂ 'ਚ ਅੱਥਰੂ ਲੈ ਕੇ ਤੇ ਕੋਠੇ 'ਤੇ ਚੜ੍ਹ ਕੇ ਵੇਖੇਂਗੀ ਜਾਂਦੇ ਪਰਦੇਸੀ ਦੀ ਕੰਡ! ਕਿੰਨਾ ਕੁ ਚਿਰ ਚੁੱਕੇਂਗੀ ਸਿਰ 'ਤੇ ਸੁੱਤੇ ਹੋਏ ਦਿਨ ਤੇ ਜਾਗਦੀਆਂ ਰਾਤਾਂ ਦੀ ਪੰਡ। ਹੈਰਾਨ ਨਾ ਹੋ! ਉਹ ਕਵੀ ਤੇਰਾ ਕੁਝ ਨਹੀਂ ਲੱਗਦਾ, ਜੋ ਰੇਡੀਓ 'ਤੇ ਜਾ ਕੇ ਤੇਰੇ ਭੁੱਖੇ ਬਾਪੂ ਦੇ ਖੇਤਾਂ 'ਚ ਨੱਚਦੀ ਹਰੀ ਕ੍ਰਾਂਤੀ ਨੂੰ ਤੱਕਦਾ ਹੈ। ਜਿਸ ਨੂੰ ਧਰਤੀ ਦੇ ਚੱਪੇ ਚੱਪੇ 'ਤੇ ਡੁੱਲ੍ਹਾ ਖ਼ੂਨ ਨਹੀਂ ਦਿੱਸਦਾ, ਜੋ ਤਿਰੰਗੇ 'ਚ ਮੁਸਕਰਾਉਂਦੀ ਸ਼ਾਂਤੀ ਨੂੰ ਤੱਕਦਾ ਹੈ ਉਹ ਕਵੀ ਤੇਰਾ ਕੁਝ ਨਹੀਂ ਲੱਗਦਾ। ਉਹ ਤਾਂ ਹੱਸਦਾ ਹੈ ਤੈਨੂੰ ਸ਼ਰਾਬੀ ਸੇਠ ਦੀਆਂ ਅੱਖਾਂ 'ਚ ਡੁੱਬਦਿਆਂ ਤੱਕ ਕੇ। ਉਂਜ ਉਹ ਵੀ ਸੱਚਾ ਹੈ! ਕਾਰ ਦੀ ਪਿਛਲੀ ਸੀਟ 'ਤੇ ਜਦੋਂ ਤੇਰੀਆਂ ਅੱਖਾਂ 'ਚ ਚੁਭਦੀਆਂ ਹਨ ਸ਼ਰਾਬੀ ਸਮਗਲਰ ਦੀਆਂ ਮੁੱਛਾਂ ਤੇ ਕਾਰ ਦੇ ਅਗਲੇ ਟਾਇਰਾਂ ਹੇਠ ਤੇਰੇ ਵਿਚਲੀ ਔਰਤ ਆਟੇ ਦਾ ਪੀਪਾ ਫੜ੍ਹੀ ਕੁਚਲੀ ਜਾਂਦੀ ਹੈ; ਉਹ ਉਦੋਂ ਲੈ ਰਿਹਾ ਹੁੰਦਾ ਹੈ 'ਪਦਮਸ਼੍ਰੀ' ਵਗ਼ੈਰਾ ਦਾ ਖ਼ਿਤਾਬ ਤੇ ਉਤਰਵਾ ਰਿਹਾ ਹੁੰਦਾ ਹੈ, ਪ੍ਰਧਾਨ ਮੰਤਰੀ ਦੇ ਨਾਲ ਫ਼ੋਟੋ। ਇੰਜ ਉਸ ਨੂੰ ਤੇਰਾ ਪਤਾ ਵੀ ਕੀ ਹੋਣਾ ਹੈ! ਤੇ ਉਸ ਤੇਰੇ ਲਈ ਕੀ ਰੋਣਾ ਹੈ! ਉਂਜ ਉਹ ਵੀ ਸੱਚਾ ਹੈ! ਨਾ ਰੋ, ਏਥੇ ਤਾਂ ਅਜੇ ਆਪਣੇ ਵੰਡੇ ਦਾ ਆਪੇ ਹੀ ਹੂੰਗਣਾ ਪੈਂਦਾ ਅਜੇ ਤਾਂ ਤੋਤਾ ਵੀ ਅੱਖਾਂ 'ਚ ਅੱਖ ਪਾਉਣੋਂ ਸ਼ਰਮ ਖਾਂਦਾ ਹੈ। ਜ਼ਖ਼ਮੀ ਸੀਨੇ ਵਾਲਾ ਹਾਰ ਜਦੋਂ ਆਣ ਟਿਕਦਾ ਹੈ ਚਿੱਟ-ਕੱਪੜੀਏ ਨੇਤਾ ਦੀ ਕਾਲੀ ਧੌਣ ਉਤੇ ਤਾਂ ਫ਼ੁੱਲਾਂ ਦੀ ਮਹਿਕ ਵੀ ਭਰ ਆਉਂਦੀ ਹੈ ਅੱਖਾਂ 'ਚ ਅੱਥਰੂ। ਪਰ ਕਿੰਨਾ ਕੁ ਚਿਰ ਰੋਏਂਗੀ ਧੂੰਏਂ ਦੇ ਪੱਜ? ਏਦਾਂ ਕਿਸੇ ਡਾਚੀ ਦਾ ਖ਼ੁਰਾ ਨਹੀਂ ਦਿੱਸਣਾ। ਐਵੇਂ ਚੁੱਲ੍ਹੇ ਦੀ ਠੰਡੀ ਸਵਾਹ 'ਤੇ ਔਂਸੀਆਂ ਪਾ ਕੇ ਉਂਗਲਾਂ ਨਾ ਲੂਹ ਤੇਰਾ ਨੰਗੇਜ ਕੱਜਣ ਕਿਸੇ ਕ੍ਰਿਸ਼ਨ ਨਹੀਂ ਆਉਣਾ, ਕਿਉਂਕਿ ਤੂੰ ਕਿਸੇ ਪੰਚਾਲ ਦੇ ਰਾਜੇ ਦੀ ਧੀ ਦ੍ਰੋਪਦੀ ਨਹੀਂ। ਉਂਜ ਵੀ ਕ੍ਰਿਸ਼ਨ ਦਰਯੋਧਨ ਦੀ ਕਾਰ ਵਿਚ ਬਹਿ ਕੇ ਉਦਘਾਟਨ ਸਮਾਰੋਹ ਦੀ ਰਸਮ ਅਦਾ ਕਰਨ ਗਿਆ ਹੋਇਆ ਹੈ ਤੇ ਸਾਰੀਆਂ 'ਭਾਰਤੀ ਸਾੜ੍ਹੀਆਂ' ਸਟੋਰਾਂ ਵਿਚ ਭੇਜ ਦਿੱਤੀਆਂ ਗਈਆਂ ਹਨ; ਤਾਂ ਕਿ ਉਨ੍ਹਾਂ 'ਤੇ ਲਾਏ ਜਾ ਸਕਣ 'ਮੇਡ ਇਨ ਜਾਪਾਨ' ਦੇ ਲੇਬਲ। ਨਾ ਰੋ, ਕਿ ਰੋਇਆਂ ਕਦੀ ਧਰਤੀ ਦੇ ਪਿੰਡੇ 'ਤੋਂ ਮੈਲ ਨਹੀਂ ਧੁਪਦੀ ਰੋਇਆਂ ਕਦੀ ਗਏ ਨਹੀਂ ਮੁੜਦੇ ਰੋਇਆਂ ਕਦੀ ਰਾਹਾਂ ਦੇ ਰੋੜੇ ਨਹੀਂ ਰੁੜ੍ਹਦੇ ਜ਼ਿੰਦਗੀ 'ਚੋਂ ਮਨਫ਼ੀ ਹੋਏ ਦਿਨ ਫ਼ੇਰ ਨਹੀਂ ਜੁੜਦੇ। ਨਾ ਰੋ ਐਵੇਂ ਦੀਦੇ ਨਾ ਗਾਲ! ਘੁੱਟ ਲੈ ਦੰਦਾਂ 'ਚ ਫ਼ਰਕਦੇ ਹੋਠਾਂ ਦੀ ਪੀੜ ਸਾਂਭ ਲੈ ਗਲ 'ਚ ਖਿੱਲਰੇ ਵਾਲ! (1979)

ਮੈਨੂੰ ਖ਼ਿਮਾ ਕਰਨਾ

ਮੈਨੂੰ ਖ਼ਿਮਾ ਕਰਨਾ ਮੈਂ ਦੇਸ਼ ਦੀਆਂ ਹੱਦਾਂ ਤੇ ਬਣੇ ਖ਼ਤਰੇ ਸਬੰਧੀ ਕਵਿਤਾ ਨਹੀਂ ਲਿਖ਼ ਸਕਿਆ ਨਾ ਹੀ ਲਹੂ ਮਾਸ ਦੇ ਸੰਦਾਂ ਦੇ ਹੱਥੀਂ ਫੜੇ ਲੋਹ-ਹਥਿਆਰਾਂ ਦੀ ਸਿਫ਼ਤ ਕੀਤੀ ਹੈ। ਮੈਨੂੰ ਖ਼ਿਮਾ ਕਰਨਾ ਮੇਰੇ ਬੋਲਿਆਂ ਕੰਨਾਂ 'ਤੇ ਤੁਹਾਡਾ 'ਦੂਰ-ਦਰਸ਼ੀ ਰੌਲਾ' ਅਸਰ-ਅੰਦਾਜ਼ ਨਹੀਂ ਹੋਇਆ। ਪੈਰਾਂ ਹੇਠਲੇ ਫੁੱਟਪਾਥ ਤੋਂ ਲੈ ਕੇ ਸਿਰ 'ਤੇ ਖੜੋਤੀ ਕਈ ਮੰਜ਼ਿਲਾਂ ਉਚੀ ਇਮਾਰਤ ਤੋਂ ਅੱਗੇ ਮੇਰੀ 'ਸੀਮਿਤ ਨਜ਼ਰ' ਨਹੀਂ ਪਹੁੰਚੀ। ਖ਼ਿਮਾ ਕਰਨਾ ਇਨ੍ਹਾਂ 'ਦੋਸ਼ੀ ਨਿਗਾਹਾਂ' ਨੂੰ ਆਪਣੇ ਦੁਆਲੇ ਵਗੀਆਂ ਰੇਖਾਵਾਂ 'ਚੋਂ ਆਪਣੇ ਹੱਥਾਂ ਦੀ ਰੇਖ ਨਹੀਂ ਲੱਭੀ ਨਾ ਹੀ ਆਪਣਾ ਦੇਸ਼ ਦਿਸਿਆ ਹੈ ਬਹੁਤ ਚਿਰ ਹੋਇਆ ਹੁਣ ਸਰ੍ਹੋਆਂ ਨੂੰ ਫੁੱਲ ਨਹੀਂ ਲੱਗੇ। ਨਾ ਹੀ ਪਿੰਡ ਦੀ ਕਿਸੇ ਕਿਆਰੀ ਵਿਚ ਗੁਲਾਬ ਖਿੜਿਆ ਹੈ। ਸ਼ਹਿਰ ਵਿਚ ਤਪਦਿੱਕੀ ਧੂੰਆਂ ਛੱਡਦੀ ਕਾਰਖ਼ਾਨੇ ਦੀ ਚਿਮਨੀ ਚੌਰਾਹੇ 'ਚ ਗੱਡੀ ਸਲੀਬ ਦਿੱਸਦੀ ਹੈ, ਮੈਨੂੰ ਤਾਂ ਦਿੱਸਦੇ ਹਨ ਸ਼ਰਾਬੀ ਪਿਓ ਦੀਆਂ ਅੱਖਾਂ ਦੇ ਲਾਲ ਡੋਰੇ ਮਾਂ ਦੇ ਪਿੰਡੇ 'ਤੇ ਸਿਆੜਾਂ ਜਿਹੀਆਂ ਲਾਸਾਂ ਮੈਨੂੰ ਤਾਂ ਦਿੱਸਦਾ ਹੈ ਸਹਿਕਾਰੀ ਬੈਂਕ ਦੇ ਕਰਜ਼ੇ ਦਾ ਨਾਗ਼ ਜੋ ਮੇਰੇ ਸਿਰ 'ਤੇ ਛਾਂ ਕੀਤੀ ਮੈਨੂੰ ਉਠਣ ਨਹੀਂ ਦਿੰਦਾ ਤੇ ਔਧਰ ਖ਼ੇਤ ਮੇਰੇ ਨੂੰ ਕਿਸੇ ਦਾ ਮਾਲ ਡੱਫ਼ ਚੱਲਿਆ। ਮੈਨੂੰ ਤਾਂ ਖ਼ਤਰਾ ਹੈ ਇੱਕ ਰੋਟੀ ਦੀ ਬੁਰਕੀ ਨੇ ਮੇਰੇ ਤਨ ਦਾ ਮਾਸ ਖਾ ਲੈਣਾਂ ਪਰ ਤੁਸੀਂ ਦੂਜੇ ਕੁ ਦਿਨ ਸੰਕਟ ਸੁਣਾ ਕੇ, ਖ਼ਤਰਾ ਬਣਾ ਕੇ ਸਾਡੀਆਂ ਹੀ ਉਂਗਲਾਂ ਸੰਗ ਸਾਡਾ ਸੰਘ ਘੁੱਟਦੇ ਹੋ। ਪਰ ਇਸ ਖ਼ਤਰੇ ਦੀ ਕਾਲਖ਼ ਵਿਚ ਮੇਰੇ ਲਈ ਖ਼ਤਰਾ ਨਹੀਂ ਲੱਗਦਾ ਸਗੋਂ ਇੱਕ ਬੋਲ ਮਘਦਾ ਹੈ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਜਦੋਂ ਨਿਰਦੋਸ਼ ਬੰਦੇ 'ਤੇ ਕੋਈ ਹੈ ਚੱਲਦੀ ਗੋਲੀ ਜ਼ਖ਼ਮ ਮੇਰੀ ਛਾਤੀ 'ਚ ਹੁੰਦਾ ਹੈ। (1972)

ਕਿਸ ਨੂੰ ਉਡੀਕਦੇ ਹੋ

ਕਿਸ ਨੂੰ ਉਡੀਕਦੇ ਹੋ? ਗੋਬਿੰਦ ਨੇ ਹੁਣ ਪਟਨੇ 'ਚੋਂ ਨਹੀਂ ਆਉਣਾ! ਮਸਤਕ ਤੋਂ ਹੱਥ ਤੱਕ ਇਹੋ ਹੀ ਰਸਤਾ ਕੇਸਗੜ੍ਹ ਦੇ ਮੈਦਾਨ ਨੂੰ ਜਾਂਦਾ ਹੈ। ਮੌਸਮ ਦੀ ਪੁੱਛਦੇ ਹੋ? ਤਾਂ ਸੁਣੋ! (ਉਂਜ ਮੌਸਮ ਸੁਣੀਦਾ ਨਹੀਂ, ਵੇਖੀਦਾ ਹੈ) ਇਹ ਮੌਸਮ ਹੈ ਜਦ ਕੁਝ ਤਲੀਆਂ ਵਿਚ ਸੀਸ ਉਗਣੇ ਨੇ ਤੇ ਬਦਲਣੀ ਹੈ ਦੂਜੀਆਂ ਤਲੀਆਂ ਦੀ ਰੇਖ। ਵਹਿਮ ਨਾ ਕਰੋ ਤੱਕੜੀ 'ਚ ਨੁਕਸ ਹੈ ਤੁਹਾਡਾ ਮਾਸ ਹੌਲਾ ਨਹੀਂ। ਭੁੱਖਾ ਆਦਮੀ ਜੀਵੇ ਜੇ ਥੋੜ੍ਹੇ ਦਿਨ ਮੁਸ਼ਕਿਲ ਨਾਲ ਤਾਂ ਖ਼ਾਲੀ ਢਿੱਡ ਵਾਲੇ ਭਾਸ਼ਣ ਫ਼ਿਰ ਜੀਣਗੇ ਕਿੰਨਾ ਕੁ ਚਿਰ? ਸਾਡੀਆਂ ਕਬਰਾਂ ਸਨ ਉਨ੍ਹਾਂ ਦੇ ਮੱਥੇ ਦੇ ਵੱਟ ਅਸੀਂ ਹੁਣ ਉਠ ਕੇ ਤੁਰ ਪਏ ਉਹ ਸਾਨੂੰ ਭੂਤ ਕਹਿੰਦੇ ਨੇ ਵਿਚਾਰੇ! ਸੱਚ ਕਹਿੰਦੇ ਨੇ। ਇਹ ਬਦਲਦੇ ਅਰਥਾਂ ਦਾ ਮੌਸਮ ਕਲਮ ਦੇ ਉਸ ਸਫ਼ਰ ਦਾ ਸੂਚਕ ਉਡੀਕ ਰਹੇ ਜਿਸ ਨੂੰ ਜ਼ਫ਼ਰਨਾਮੇ ਦੇ ਤੜਪਦੇ ਕਾਗ਼ਜ਼। ਤੇ ਜੇ ਸਫ਼ਰ ਦਾ ਮੌਸਮ ਹੈ ਤਾਂ ਕਿਸ ਨੂੰ ਉਡੀਕਦੇ ਹੋ? ਗੋਬਿੰਦ ਨੇ ਹੁਣ ਪਟਨੇ 'ਚੋਂ ਨਹੀਂ ਆਉਣਾ! (1971)

ਕਤਲ

ਮੈਂ ਜਦ ਵੀ ਕਤਲ ਹੋਇਆ ਹਾਂ ਮੇਰਾ ਕੱਦ ਹੋਰ ਵਧਿਆ ਹੈ ਮੈਨੂੰ ਕੱਟ ਕੇ ਆਪਣੇ ਜੇਡਾ ਨੀਵਾਂ ਕਰ ਲੈਣ ਦੀ ਤੁਹਾਡੀ ਹਰ ਸਾਜਿਸ਼ ਨਾਕਾਮ ਰਹਿ ਗਈ ਹੈ। ਮੇਰਾ ਸਿਰ ਕਾਇਮ ਦਾ ਕਾਇਮ ਕਦਮ ਧਰਤੀ 'ਤੇ ਜੰਮੇ ਐਹ ਜੋ ਖ਼ੂਨ ਡੁੱਲ੍ਹਿਆ ਹੈ ਇਹ ਤਾਂ ਰੁੱਤ ਆਵਣ 'ਤੇ ਕੇਵਲ ਬਰਫ਼ ਪਿਘਲੀ ਹੈ। ਮੇਰੀ ਛਾਤੀ 'ਤੇ ਹੱਥ ਧਰ ਕੇ ਮੇਰੇ ਮਰਨ ਦਾ ਯਕੀਨ ਕਰਦੇ ਹੋ ਪਰ ਮੈਂ ਤਾਂ ਧੜਕਦਾ ਹਾਂ ਲੋਕਾਂ ਦੇ ਦਿਲ ਵਿਚ। ਜੇ ਝੁਕੀ ਹੋਈ ਕਮਰ ਮੇਰੀ ਕਮਾਨ ਬਣ ਗਈ ਹੈ। ਇਹ ਅੱਖ ਤੀਰ ਬਣ ਗਈ ਹੈ ਤੇ ਬਾਂਹ ਕਿਰਪਾਨ ਬਣ ਗਈ ਹੈ। ਤਾਂ ਇਹ ਕੋਈ ਜਾਦੂ ਤਾਂ ਨਹੀਂ ਹੋਇਆ ਬੱਸ ਏਨੀ ਗੱਲ ਹੈ ਕੇਵਲ ਮੈਂ ਜਿਊਂਦੇ-ਜੀ ਨਹੀਂ ਮੋਇਆ। ਜਾਦੂ ਤਾਂ ਤੁਸੀਂ ਕੀਤਾ ਹੈ ਜਿਨ੍ਹਾਂ ਰੇਸ਼ਮੀ ਜ਼ੁਲਫ਼ਾਂ ਤੇ ਨਰਗਸੀ ਅੱਖਾਂ ਦੇ ਸਹਾਰੇ ਲੋਕਾਂ ਨੂੰ ਜਿਊਂਦਿਆਂ ਰੱਖਿਆ ਤੇ ਏਨਾਂ ਚਿਰ ਖਾਲੀ ਬੋਰੀ ਨੂੰ ਸਿੱਧਾ ਖੜਾ ਰੱਖਣ ਦਾ ਦੰਭ ਕੀਤਾ ਹੈ। ਜਾਦੂ ਤਾਂ ਤੁਸੀਂ ਕੀਤਾ ਹੈ। ਜਿਨ੍ਹਾਂ ਸਾਡੀਆਂ ਜੀਭਾਂ ਨੂੰ ਕੱਟ ਕੇ 'ਪਵਿੱਤਰ ਪੁਸਤਕ' ਦੇ ਸਫ਼ਿਆਂ 'ਚ ਸੀਤਾ ਹੈ। ਤੇ ਸਾਡੀਆਂ 'ਅਪਵਿੱਤਰ ਮੰਗਾਂ' ਦਾ ਹਮੇਸ਼ਾਂ ਲਹੂ ਪੀ ਕੇ ਆਪਣੇ ਆਪ ਨੂੰ ਦਿਓਤਾ ਜ਼ਾਹਰ ਕੀਤਾ ਹੈ ਜਾਦੂ ਤਾਂ ਤੁਸਾਂ ਕੀਤਾ ਹੈ। ਹੁਣ ਮੇਰੇ ਖ਼ਿਲਾਫ਼ ਡੌਂਡੀ ਕੀ ਪਿੱਟਦੇ ਹੋ? ਮੈਂ ਖ਼ੁਦ ਆਪ ਮੰਨਦਾ ਹਾਂ ਤੁਹਾਡੀ ਹੱਥਾਂ ਦੀ ਸਾਰੀ ਸਫ਼ਾਈ ਮੈਂ ਹੁਣ ਜਾਣ ਲੀਤੀ ਹੈ ਤੇ ਕੱਟੀਆਂ ਜੀਭਾਂ ਨੂੰ ਖ਼ਬਰ ਕੀਤੀ ਹੈ, ਓ! ਅਣਖ ਦੇ ਕੇ ਜਾਨਾਂ ਬਚਾਵਣ ਵਾਲਿਓ! ਅੱਜ ਜਾਨ ਦੇ ਕੇ ਅਣਖਾਂ ਬਚਾਵਣ ਦਾ ਵਕਤ ਆਇਆ ਹੈ। ਤੁਸੀਂ ਬੌਖ਼ਲਾ ਕੇ ਵਕਤ ਦੀ ਧੌਣ 'ਤੇ ਤਲਵਾਰ ਧਰਦੇ ਹੋ। ਇੰਜ ਆਪਣੇ ਭਾਣੇ ਮੈਨੂੰ ਕਤਲ ਕਰਦੇ ਹੋ। ਪਰ- ਮੈਂ ਜਦ ਵੀ ਕਤਲ ਹੋਇਆ ਹਾਂ ਮੇਰਾ ਕੱਦ ਹੋਰ ਵਧਿਆ ਹੈ। (1971)

ਨਪੁੰਸਕ ਸ਼ਾਇਰੀ ਦੇ ਨਾਂ

ਇਹ ਕੇਹਾ ਪ੍ਰਸ਼ਨ ਹੈ 'ਦੋਸਤੋ' (! ?) ਇਹ ਜਾਣਦਾ ਹੋਇਆ ਵੀ ਕ ਤੁਸੀਂ ਕੀ ਹੋ! ਮੈਂ ਪੁੱਛਦਾ ਹਾਂ, ਜਦ 'ਉਸ' ਮਰਦ ਨੇ ਮੱਥੇ ਦੀ ਰੇਖਾ ਸ਼ਮਸ਼ੀਰ 'ਤੇ ਵਾਹੀ ਤਾਂ ਜਿਨ੍ਹਾਂ ਪਾਗ਼ਲ ਕਿਹਾ ਉਸ ਨੂੰ ਕਿਤੇ ਤੁਸੀਂ ਉਹ ਤਾਂ ਨਹੀਂ? ਉਂਜ ਉਸ ਨੂੰ ਗੁਰੂ ਵੀ ਕਹਿ ਸਕਦੇ ਹੋ ਕਿਉਂਕਿ ਤੁਸੀਂ ਗੁਰੂਆਂ ਦੇ ਵੀ ਗੁਰੂ ਹੋ। ਇਹ ਕੇਹੀ ਅੱਖ ਹੈ 'ਦੋਸਤੋ' (? !) ਜੋ ਉਡਵਾਇਰ ਦਾ ਖ਼ੂਨ ਵਗਦਾ ਤੱਕ ਕੇ ਤਾਂ ਰੋ ਉਠੀ ਹੈ ਪਰ ਜੱਲ੍ਹਿਆਂਵਾਲੇ ਦੀ ਹਿੱਕ 'ਚੋਂ ਸਿੰਮਦਾ ਖ਼ੂਨ ਜਿਸ ਨੂੰ ਨਜ਼ਰ ਨਹੀਂ ਆਉਂਦਾ। ਇਹ ਕੇਹੀ ਸ਼ਾਇਰੀ ਹੈ 'ਅਰੋਗ ਵਕਤਾਂ' ਦੀ ਜੋ ਆਪਣੇ ਤਨ ਦੀ ਤਪਦਿਕ ਨੂੰ ਕੋਈ ਫ਼ਤਵਾ ਦੇਣ ਤੋਂ ਸੰਗਦੀ ਹੈ ਤੇ ਜਿੱਥੇ ਇਨਾਮਾਂ, ਖ਼ਿਤਾਬਾਂ ਦੇ ਜਰਾਸੀਮਾਂ ਦੀ ਖ਼ਰਾਇਤ ਮਿਲਦੀ ਹੈ ਉਨ੍ਹਾਂ ਦਰਾਂ 'ਤੇ ਕਾਸਾ ਫੜ੍ਹ ਕੇ ਕੁੱਬੇ ਲੱਕ ਦਿਨ ਰਾਤ ਖੰਘਦੀ ਹੈ ਤੇ ਮੰਗਦੀ ਹੈ। ਇਹ ਕੇਹੀ ਨਪੁੰਸਕ ਸੋਚ ਹੈ ਸ਼ਾਇਰੋ! ਜੋ ਮੁਰਦੇ ਅਤੇ ਸ਼ਹੀਦ ਦਾ ਅੰਤਰ ਮਿਟਾ ਕੇ ਹਰ ਅੰਤਰ ਨੂੰ ਨਿਰੰਤਰ ਕਾਇਮ ਰੱਖਣਾ ਚਾਹੇ ਤੇ 'ਉਸ ਦੇ ਘਰ ਤੋਂ ਆਪਣੀ ਘਰਵਾਲੀ ਦੇ ਘਰ ਤੱਕ' ਜਿਸ ਦਾ ਸਫ਼ਰ ਮੁੱਕ ਜਾਵੇ ਇਹ ਕੇਹੀ ਨਪੁੰਸਕ ਸੋਚ ਹੈ ਸ਼ਾਇਰੋ! ਸ਼ਾਇਰੋ! ਸ਼ਾਇਰੀ ਤਾਂ ਆਪ ਸੂਰਜ ਹੈ ਇਹ ਕਬਰਾਂ 'ਤੇ ਜਗਦੇ ਦੀਵੇ 'ਚੋਂ ਚਾਨਣ ਨਹੀਂ ਲੱਭਦੀ। ਜਾਓ! ਪਹਿਲਾਂ ਧੜ 'ਤੇ ਸੀਸ ਪੈਦਾ ਕਰ ਕੇ ਆਓ ਤੇ ਐਵੇਂ ਸ਼ਾਇਰੀ ਦੇ ਨਾਂ ਨੂੰ ਲਾਜ ਨਾ ਲਾਓ! ਸ਼ਾਇਰੀ ਤਾਂ ਆਪ ਸੂਰਜ ਹੈ। (1971)

ਗੁਰ ਦੇ ਘਰ ਵਿਚ ਕਾਹਦਾ ਡਰ!

ਸੂਰਜ, ਤਾਰਾ ਆਪਣਾ ਘਰ ਇਸਤੋਂ ਸੋਹਣਾ ਅੰਬਰਸਰ ਅੰਬਰਸਰ ਸਿਫ਼ਤੀ ਦਾ ਘਰ ਅੰਬਰਸਰ ਵਿਚ ਗੁਰ ਦਾ ਘਰ ਗੁਰ ਦੇ ਘਰ ਵਿਚ ਕਾਹਦਾ ਡਰ! ਬਚਪਨ ਵਿਚ ਜਦ ਗੁਰ-ਘਰ ਜਾਣਾ ਅੰਮ੍ਰਿਤ-ਬਾਣੀ ਮਨ ਵਿਚ ਘੁਲਣੀ ਸਵਾਦ ਸਵਾਦ ਹੋ ਜਾਣਾ ਅਚਨਚੇਤ ਨਜ਼ਰਾਂ ਨੇ ਉਠਣਾ ਪਰਿਕਰਮਾ ਵਿਚ ਲਿਖਿਆ ਪੜ੍ਹਨਾ "ਜੇਬ ਕਤਰਿਆਂ 'ਤੇ ਗੱਠੜੀ ਚੋਰਾਂ ਤੋਂ ਬਚੋ ਜੀ।" ਸਹਿਮ ਕੇ ਇਕ ਦਮ ਬਾਪੂ ਦੀ ਉਂਗਲ ਫੜ ਲੈਣੀ ਆਸੇ ਪਾਸੇ ਡਰ ਕੇ ਤੱਕਣਾ ਹਰ ਇਕ ਬੰਦਾ ਲੱਗਣਾ ਜੇਬ-ਤਰਾਸ਼ ਗਠੜੀ ਚੋਰ "ਬਾਪੂ ਛੇਤੀ ਚੱਲੀਏ ਏਥੋਂ" ਬਾਪੂ ਹੱਸਣਾ ਨਾਲੇ ਦੱਸਣਾ "ਗਠੜੀ ਚੋਰ ਵੀ ਏਥੇ ਬੇਸ਼ੱਕ ਨਾਲੇ ਜੇਬ-ਤਰਾਸ਼ ਐਪਰ ਬਾਬਾ ਨਜ਼ਰ ਵੀ ਦੇਂਦਾ ਜਿਹੜੀ 'ਠੱਗ' ਤੇ 'ਸੱਜਣ' ਵਿਚਲਾ ਫਰਕ ਪਛਾਣੇ ਆਪਾਂ ਅੰਨ੍ਹਿਆਂ ਏਥੋਂ ਆਪਣੀ ਨਜ਼ਰ ਗਵਾਚੀ ਲੈਣੀ ਤੂੰ ਨਾ ਡਰ ਹਰਿਮੰਦਰ ਵਿਚ ਕਰ ਹਰਿ ਹਰਿ।" ਮੰਨ ਲਈ ਬਾਪੂ ਦੀ ਗੱਲ ਕੱਢਣਾ ਚਾਹਿਆ ਮਨ 'ਚੋਂ ਡਰ ਲੱਭਦੇ ਰਹਿਣਾ ਨਜ਼ਰ ਗਵਾਚੀ ਗੁਰ ਦੀ ਦਿੱਤੀ ਨਜ਼ਰ ਨੇ ਤੱਕਿਆ ਜੇਬ-ਤਰਾਸ਼ ਕੇਵਲ ਓਹ ਨਾ ਜਿਨ੍ਹਾਂ ਦੀਆਂ ਤਸਵੀਰਾਂ ਲੱਗੀਆਂ ਵਿਚ ਡਿਓੜ੍ਹੀ ਸਰਾਂ ਰਾਮਦਾਸ ਗੁਰ ਗੁਰ ਦੀ ਦਿੱਤੀ ਨਜ਼ਰ ਨੇ ਤੱਕਿਆ ਖੜੇ ਡਿਓੜ੍ਹੀ ਦਰਸ਼ਨੀ ਨਾਨਕ ਤੇ ਮਰਦਾਨਾ ਹੱਸਦੇ ਦੂਰ ਖਲੋ ਕੇ ਬਾਣੀ ਸੁਣਦੇ ਨਾਲੇ ਆਪਣਾ ਬਾਣਾ ਤੱਕਦੇ ਬਰਛੇ ਵਾਲਾ ਸਿੰਘ ਵੇਖ ਕੇ ਇਕ ਦੂਜੇ ਨੂੰ ਲੱਗਦਾ ਏ ਕੁਝ ਪੁੱਛਦੇ-ਦੱਸਦੇ ਚਾਰ-ਚੁਫ਼ੇਰੇ ਸੁਰ ਤੇ ਸ਼ਬਦ ਦੀ ਅੰਮ੍ਰਿਤ ਵਰਸ਼ਾ ਰੋਮ ਰੋਮ ਵਿਚ ਘੁਲਦਾ ਰਸ ਸੰਗਤ ਸੁਣਦੀ ਗੁਰ ਦਾ ਜਸ ਫਿਰ ਦਿਨ ਆਏ ਐਸੇ, ਏਥੇ ਲਿਸ਼ਕਣ ਲੱਗ ਪਈਆਂ ਤਲਵਾਰਾਂ ਬੋਲਣ ਲੱਗ ਪਏ ਹਥਿਆਰ ਅੰਦਰਵਾਰ ਤੇ ਬਾਹਰਵਾਰ ਗੂੰਜਣ ਲੱਗ ਪਈ ਲਲਕਾਰ ਵਧਣ ਲੱਗਾ ਖੜਕਾਰ ਅੱਖਾਂ ਵਿਚ ਵੱਜੀ ਲਿਸ਼ਕਾਰ ਧੁੰਦਲੀ ਹੋ ਗਈ ਨਜ਼ਰ ਤੇ ਹੁਣ ਪਤਾ ਨਾ ਚੱਲੇ ਕਿਹੜੀ ਤਰਫ਼ ਉਲਾਰ ਏਧਰਲੇ ਸਿੰਘ? ਓਧਰਲੀ ਸਰਕਾਰ? ਸਹਿਮ ਗਿਆ ਮੈਂ ਸਹਿ-ਪਰਿਵਾਰ ਹੁਣ ਜਦ ਜਾਂਦਾ ਅੰਬਰਸਰ ਆਉਂਦਾ ਡਰ ਲੈ ਕੇ ਮੁੜਦਾ ਮਨ 'ਤੇ ਭਾਰ ਇੱਕ ਦਿਨ ਉਠਿਆ ਜ਼ਹਿਰੀ ਧੂੰਆਂ ਦੋ-ਪਾਸੀਂ ਹੋਈ ਗੜ ਗੜ ਅਪਣੇ ਹੀ ਜਦ ਆਪਣਿਆਂ 'ਤੇ ਆਏ ਚੜ੍ਹ ਅੰਬਰਸਰ ਵਿਚ ਨਾਵ੍ਹਣ ਆਇਆ ਬਾਪੂ ਡੁੱਬਿਆ ਹੋਰ ਪਤਾ ਨਹੀਂ ਕਿੰਨੇ ਸੁਪਨੇ ਲਹੂ ਦੇ ਸਾਗਰ ਡੁੱਬੇ ਤੱਤੀ ਲੋਹ ਦੇ ਹੇਠਾਂ ਪਿਆ ਬਾਰੂਦ ਬਲੇ ਨਰਕ-ਕੁੰਡ ਵਿਚ ਧੂ ਧੂ ਕੁੱਲ੍ਹ ਪੰਜਾਬ ਜਲੇ ਕਿਸੇ ਦਾ ਵਿਹੜਾ ਛਮ ਛਮ ਅੱਥਰੂ ਰੋਂਦਾ ਕਿਸੇ ਦਾ ਖੇੜਾ ਖਿੜ ਖਿੜ ਕਰ ਕੇ ਹੱਸਦਾ ਗੁੰਮ ਗਿਆ ਪਤਾ ਨਹੀਂ ਕਿਧਰੇ ਸਭ ਦਾ ਸਾਂਝਾ ਘਟ-ਘਟ ਵੱਸਦਾ ਹਰ ਦਰ ਘਰ 'ਤੇ ਛਾਏ ਕਾਲ ਦੇ ਪ੍ਰਛਾਵੇਂ ਜੜ੍ਹ ਤੋਂ ਸੁੱਕਣ ਲੱਗੇ ਰੁੱਖੜੇ ਘਣਛਾਵੇਂ ਜਾਗਦਿਆਂ ਤੇ ਸੁੱਤਿਆਂ ਸਾਹਵੇਂ ਮੌਤ ਖੜੀ ਚਾਰੇ ਪਾਸੇ ਧੂੰਆਂ-ਧੂੰਆਂ ਗਹਿਰ ਚੜ੍ਹੀ ਉਸ ਧੂੰਏ ਵਿਚ ਨਜ਼ਰ ਗਵਾਚੀ ਰੋਮ ਰੋਮ ਵਿਚ ਬਹਿ ਗਿਆ ਡਰ ਉਸ ਦਿਨ ਤੋਂ ਮੈਂ ਲੱਭਦਾ ਫਿਰਦਾਂ ਕਿੱਥੇ ਹੈ ਮੇਰੇ ਗੁਰ ਦਾ ਘਰ? ਅਜੇ ਵੀ ਏਥੇ ਅਕਸਰ ਹੀ ਤਲਵਾਰਾਂ ਲਿਸ਼ਕਣ ਪੱਗਾਂ ਲੱਥਣ ਵੇਖ ਕੇ ਸਭ ਕੁਝ ਬਾਣੀ ਸੁਣਦੇ ਮਾਸੂਮਾਂ ਦੇ ਬੁੱਲ੍ਹਾਂ 'ਤੇ ਮੁਸਕਾਨਾਂ ਸਿਸਕਣ ਅਜੇ ਵੀ ਏਥੇ ਖੜੇ ਡਿਓੜ੍ਹੀ ਦਰਸ਼ਨੀ ਨਾਨਕ ਤੇ ਮਰਦਾਨਾ ਹੱਸਦੇ ਦੂਰ ਖਲੋ ਕੇ ਬਾਣੀ ਸੁਣਦੇ ਨਾਲੇ ਆਪਣਾ ਬਾਣਾ ਤੱਕਦੇ ਬਰਛੇ ਵਾਲਾ ਸਿੰਘ ਵੇਖ ਕੇ ਇਕ ਦੂਜੇ ਨੂੰ ਲੱਗਦਾ ਏ ਕੁਝ ਪੁੱਛਦੇ-ਦੱਸਦੇ ਹੁਣ ਵੀ ਜਦ ਅੰਬਰਸਰ ਜਾਵਾਂ ਮਨ ਸਮਝਾਵਾਂ ਅੰਬਰਸਰ ਸਿਫ਼ਤੀ ਦਾ ਘਰ ਅੰਬਰਸਰ ਵਿਚ ਗੁਰ ਦਾ ਘਰ ਗੁਰ ਦੇ ਘਰ ਵਿਚ ਕਾਹਦਾ ਡਰ!

ਚਿਰ ਹੋਇਆ ਕਵਿਤਾ ਨਹੀਂ ਆਈ

ਚਿਰ ਹੋਇਆ ਕਵਿਤਾ ਨਹੀਂ ਆਈ। ਮਨ ਓਦਰਿਆ, 'ਵਾਜ ਲਗਾਈ। ਹੇ ਕਵਿਤਾ! ਤੂੰ ਕਿਉਂ ਨਹੀਂ ਆਉਂਦੀ? ਕਿਉਂ ਨਹੀਂ ਆਈ।!!! ਕਵਣੁ ਸੁ ਦੇਸ ਜਹਾਂ ਤੂੰ ਵੱਸਦੀ, ਕਵਣੁ ਸੁ ਮੰਡਲ ਉਤਾਰਾ! ਕਵਣੁ ਸਮੁੰਦਰੀਂ ਲਾਈ ਚੁੱਭੀ, ਕਵਣੁ ਆਕਾਸ਼ ਪਸਾਰਾ! ਕਿਹੜੇ ਅੰਬਰੀਂ ਉਡ ਗਈ ਮੇਰੇ ਖੰਭ ਚੁਰਾ ਕੇ! ਰਿੜ੍ਹਦੀ ਹੋਈ ਉਡਾਰੀ ਮੇਰੀ, ਰੋਈ ਜਾਵੇ, ਚੁੱਪ ਕਰਾ ਦੇ, ਆ ਕੇ, ਗਲ ਨਾਲ ਲਾ ਕੇ। ਠੁਰ ਠੁਰ ਕਰਦੀ ਜਿੰਦ ਨੂੰ, ਥੋੜਾ ਨਿੱਘਾ ਕਰ ਦੇ, ਲਫ਼ਜ਼ਾਂ ਦੇ ਕੁਝ ਕੱਪੜੇ ਪਾ ਕੇ । ਸੱਚ ਜਾਣੀ ਹੁਣ ਤੇਰੇ ਬਾਝੋਂ, ਮਨ ਰਹਿੰਦਾ ਹੈ ਭਾਰਾ। ਧੌਣ ਧਰਾ ਵਿਚ ਜਾਵੇ ਧਸਦੀ, ਸੌਂ ਗਿਆ ਹੈ ਲਲਕਾਰਾ। ਵੈਣ ਅਤੇ ਕਿਲਕਾਰੀ ਅੰਦਰੇ ਗੁੰਗੇ ਹੋਏ। ਕਿੰਨੇ ਹਾਸੇ ਕਿੰਨੇ ਰੋਣੇ, ਪੱਥਰ ਬਣ ਗਏ। ਤੂੰ ਹੀ ਦੱਸ ਹੁਣ, ਕੀਹਦੇ ਗਲ ਲੱਗ ਬੰਦਾ ਰੋਏ! ਆ ਮੇਰਾ ਮਨ ਹਲਕਾ ਕਰ ਦੇ, ਅੱਥਰੂਆਂ ਨੂੰ ਗਟ ਗਟ ਪੀ ਲੈ ਤੇ ਹਾਸੇ ਦੀਆਂ ਫੁੱਟੀਆਂ ਫੜ ਲੈ ਪੱਥਰ ਚੁੱਕ ਲੈ, ਕੰਡੇ ਚੁਣ ਲੈ ਫੁੱਲਾਂ ਦੇ ਨਾਲ ਵਿਹੜਾ ਭਰ ਦੇ। ਰਿਸ਼ਤੇ ਰੋਂਦੇ, ਚੁੱਪ ਕਰਾ ਦੇ ਬਲਦੀ ਰੂਹ ਤੇ ਸੜਦੇ ਸੁਪਨੇ ਠੰਢ ਵਰਤਾ ਦੇ ਭੱਠੀ ਹੇਠੋਂ ਅੱਗ ਬੁਝਾ ਦੇ ਨੇਰ੍ਹੇ ਮਨ ਵਿਚ ਤਾਰੇ ਜੜ ਦੇਹ ਕਾਲੇ ਅੱਖਰ ਸੋਨਾ ਕਰ ਦੇਹ

ਲਿਖੀਆਂ ਚਿੱਠੀਆਂ ਕਿਤੇ ਨਾ ਪੁੱਜੀਆਂ

ਸਾਰੀ ਸਾਰੀ ਰਾਤ ਜਾਗ ਕੇ ਲਿਖੀਆਂ ਚਿੱਠੀਆਂ ਰੈਣ ਵਿਹਾਜੀ ਨੀਂਦ ਵਿਹਾਜੀ ਉਮਰ ਵਿਹਾਜੀ ਮੁੱਕੀ ਬਾਜ਼ੀ ਲਿਖੀਆਂ ਚਿੱਠੀਆਂ ਕਿਤੇ ਨਾ ਪੁੱਜੀਆਂ ਕਿਸੇ ਨਾ ਪਾਈਆਂ ਕਿਤੇ ਨਾ ਪਾਈਆਂ ਚਿੱਠੀਆਂ ਸੁੱਟੀਆਂ ਮਨ ਦੀ ਬਾਉਲੀ ਘੁਲ ਗਏ ਅੱਖਰ ਹੌਲੀ ਹੌਲੀ ਜਲ-ਥਲ ਅੰਦਰ ਚਿੱਠੀਆਂ ਉਡੀਆਂ ਅੰਬਰ ਅੰਦਰ ਚਿੱਠੀਆਂ ਤਰੀਆਂ ਸੱਤ ਸਮੁੰਦਰ ਪਰ ਨਾ ਕਦੀ ਟਿਕਾਣੇ ਪੁੱਜੀਆਂ ਉਡਦੀਆਂ ਚਿੱਠੀਆਂ ਜਿਸ ਵੀ ਫੜੀਆਂ ਉਡ ਉਡ ਪੜ੍ਹੀਆਂ ਹਰ ਇਕ ਨੂੰ ਬੱਸ ਏਹੋ ਜਾਪੇ, "ਇਹ ਚਿੱਠੀਆਂ ਨੇ ਮੈਨੂੰ ਲਿਖੀਆਂ।" ਪਰ ਮੈਂ ਤਾਂ ਸਨ ਤੈਨੂੰ ਲਿਖੀਆਂ ਲਿਖੀਆਂ ਚਿੱਠੀਆਂ ਕਿਤੇ ਨਾ ਪੁੱਜੀਆਂ ਕਿਸੇ ਨਾ ਪਾਈਆਂ ਕਿਤੇ ਨਾ ਪਾਈਆਂ

ਕਵਿਤਾ ਆਈ ਵਰ੍ਹਿਆਂ ਪਿਛੋਂ

(ਕੁਝ ਸਮਾਂ ਪਹਿਲਾਂ ਅਤਿ ਦੇ ਸੰਕਟ ਤੇ ਦੁੱਖ ਵਾਲੇ ਵੈਰਾਗੇ ਦਿਨਾਂ ਵਿਚ ਲਗ ਭਗ ਤੀਹ ਸਾਲ ਬਾਅਦ ਆਈ ਪਹਿਲੀ ਕਵਿਤਾ ਦਾ ਅੱਧੀ ਰਾਤ ਵੇਲੇ ਮਿਲਾਪ ਕੁਝ ਇਸ ਅੰਦਾਜ਼ ਵਿਚ ਹੋਇਆ) ਅੱਧੀ ਰਾਤੀਂ ਪੋਲੇ ਪੋਲੇ ਪੈਰੀਂ ਤੁਰਦੀ ਕਵਿਤਾ ਆਈ ਵਰ੍ਹਿਆਂ ਪਿੱਛੋਂ ਪਹਿਲੀ ਨਜ਼ਰੇ ਝੱਟ ਪਛਾਣੀ ਹੋਇਆ ਕੀ ਦਹਾਕੇ ਗੁਜ਼ਰੇ ਇੱਕ ਦੂਜੇ ਨੂੰ ਮਿਲਿਆਂ; ਆਪਣੇ ਆਪ ਨੂੰ ਮਿਲਿਆਂ ਵੀ ਤਾਂ ਵਰ੍ਹੇ ਗੁਜ਼ਰ ਗਏ! ਅਚਨਚੇਤ ਆਈ ਨੂੰ ਤੱਕ ਕੇ ਪਹਿਲਾਂ ਡਰਿਆ, ਮਮਤਾ ਭਿੱਜੇ ਬੋਲ ਸੁਣੇ ਤਾਂ ਮੋਹ ਉਮਡਿਆ, ਮਨ ਵੀ ਭਰਿਆ ਵਿੰਹਦੀ ਪਈ ਸਾਂ ਕਿੰਨਾ ਚਿਰ ਤੱਕ ਮੇਰੇ ਬਾਝੋਂ ਸਾਰ ਸਕੇਂਗਾ! ਮੈਂ ਵੀ ਆਵਾਂ ਉਦੋਂ ਉਦੋਂ ਜਦ ਮੇਰੇ ਆਪਣੇ ਜੀਆਂ ਉੱਤੇ ਭਾਰ ਦੁੱਖਾਂ ਦਾ ਬਹੁਤਾ ਵਧ ਜੇ। ਉਸਨੇ ਬਾਂਹ ਵਧਾ ਕੇ ਮੇਰੇ ਮੱਥੇ 'ਤੇ ਹੱਥ ਧਰਿਆ। ਪਤਾ ਨਹੀਂ ਕੀ ਜਾਦੂ ਕਰਿਆ। ਮੱਥੇ ਅੰਦਰ ਮੱਚਦਾ ਜੰਗਲ ਠੰਡਾ ਹੋਇਆ, ਜੰਮਿਆਂ ਪਿਆ ਹਿਮਾਲਾ ਖੁਰਿਆ। ਅੱਖੀਆਂ ਵਿਚੋਂ ਛਮ ਛਮ ਹੋਈ ਵਰਖ਼ਾ। ਪਲਕੋਂ ਝਰਦੀ ਆਬਸ਼ਾਰ ਵਿਚ ਸੁਪਨੇ ਰਿਮ-ਝਿਮ ਲਿਸ਼ਕੇ ਅੰਦਰ-ਬਾਹਰ ਝਿਲ-ਮਿਲ,ਜਗ-ਮਗ ਅੱਧੀ ਰਾਤੀਂ ਸੂਰਜ ਚੜ੍ਹਿਆ ਪੀਂਘ ਹੁਲਾਰੇ 'ਤੇ ਸਤਰੰਗੀ ਪੈਰ ਛੂਹਣ ਪੱਤਿਆਂ ਨੂੰ ਮੁੜ ਮੁੜ ਪਲ ਪਲ ਪਿੱਛੋਂ ਸੁਣਦੀ ਖੜ ਖੜ ਆਉਂਦੀ ਜਾਵੇ ਪੀਲੇ ਪੱਤਿਆਂ 'ਤੇ ਹਰਿਆਵਲ ਤਪਦੇ ਥਲ ਵਿਚ ਹੋ ਗਈ ਜਲ ਥਲ ਖੜਸੁੱਕ ਰੁੱਖ ਨੇ ਪੁਰੇ ਦੀ ਵਾ ਨੂੰ ਹੋਠੀਂ ਲਾਇਆ ਦਰਦ-ਰੰਝਾਣੀ ਵੰਝਲੀ ਵੱਜਣ ਲੱਗੀ ਫੁੱਲਾਂ ਅਪਣਾ ਰੰਗ ਚੜ੍ਹਾਇਆ ਸ਼ਬਦਾਂ ਉੱਤੇ ਸ਼ਿਅਰਾਂ ਦੀ ਇਕ ਰੰਗਲੀ ਮਹਿਫ਼ਿਲ ਸੱਜਣ ਲੱਗੀ ਨਾਲ ਲਾਡ ਦੇ ਆਖਣ ਲੱਗੀ: ਬੋਲਾਂ ਉੱਤੇ ਪਾਣ ਚਾੜ੍ਹ ਕੇ ਕਰੜ੍ਹੇ ਰੰਗ ਦੀ ਚਿਹਰੇ ਉਤੇ ਝਾਲ ਫੇਰ ਕੇ ਸਬਰ-ਸਬੂਰੀ ਬਾਹਰੋਂ ਚਿੱਤ ਅਡੋਲ-ਅਬੋਲ ਵਿਖਾਈ ਜਾਣਾ ਸਾਰਾ ਜ਼ੋਰ ਲਗਾ ਕੇ ਰੋਕ ਰੋਕ ਵਰ੍ਹਿਆਂ ਤੋਂ ਰੱਖੇ ਅੱਥਰੂਆਂ ਨੂੰ ਮੱਥੇ ਵਿਚ ਪਥਰਾਈ ਜਾਣਾ ਕਿਧਰ ਦੀ ਮਰਦਾਵੀਂ ਸ਼ੇਖ਼ੀ! ਇਹ ਤਾਂ ਤੇਰਾ ਭਰਮ-ਭੁਲੇਖਾ ਨਾਲ ਰੋਣ ਦੇ ਬੰਦਾ ਕਿਧਰੇ ਮਰਦਾ ਤਾਂ ਨਹੀਂ ਹਰਦਾ ਤਾਂ ਨਹੀਂ ਲੋੜ ਲੜਨ ਦੀ ਭੁੱਲ ਨਹੀਂ ਜਾਂਦੀ ਸੇਕ ਲੜਨ ਦਾ ਠਰਦਾ ਤਾਂ ਨਹੀਂ ਕੱਲ੍ਹਾ ਤਾਂ ਨਹੀਂ ਜਿਸਦਾ ਮਨ ਪਰਦੇਸੀ ਹੋਇਆ ਬੰਦਾ ਏਂ ਤੂੰ ਪੱਥਰ ਤਾਂ ਨਹੀਂ ਮੇਰੇ ਮੋਢੇ 'ਤੇ ਸਿਰ ਰੱਖ ਕੇ ਰੋ ਸਕਦਾ ਏਂ ਗਾ ਸਕਦਾ ਏਂ ਆਪਣੇ ਦਿਲ ਦਾ ਸਾਰਾ ਦਰਦ ਸੁਣਾ ਸਕਦਾ ਏਂ ਮਿੱਤਰ ਪਿਆਰੀ ਕਵਿਤਾ ਤਾਈਂ ਹਾਲ ਮੁਰੀਦ ਦਾ ਕਹਿਣਾ ਕਾਹਦਾ ਮਿਹਣਾ!

ਦਿਲ ਸੀ ਦਿੱਲੀ ਧੜਕਦਾ

(ਕਵਿਤਾ ਦੇ ਪਾਠਕਾਂ ਲਈ ਵਰ੍ਹਿਆਂ ਬਾਅਦ ਇਕ ਅਧੂਰੀ ਕਵਿਤਾ ਦੀ ਸ਼ਕਲ ਵਿਚ ਮੇਰਾ ਕਵੀ ਰੂਪ ਹਾਜ਼ਰ ਹੈ।) ਦਿਲ ਸੀ ਦਿੱਲੀ ਧੜਕਦਾ, ਮੈਨੂੰ ਪੁੱਛਾਂ ਪੁੱਛੇ ਪਸ਼ੌਰ। ਇਕ ਬਾਂਹ ਅੰਬਰਸਰ ਸੀ, ਤੇ ਦੂਜੀ ਬਾਂਹ ਲਾਹੌਰ। ਮੇਰੇ ਪਾਣੀ ਬਾਣੀ ਬੋਲਦੇ, ਕਲਮਾਂ ਪੜ੍ਹਨ ਪਹਾੜ। ਹਿਰਨ ਸਾਂ ਭਰਦਾ ਚੁੰਗੀਆਂ, ਰਾਹ ਵਿਚ ਵੱਟ ਨ ਵਾੜ। ਅੱਖਰ ਪਾਕਿ ਕੁਰਾਨ ਦੇ, ਮਸਜਿਦ ਵਿਚ ਆਜ਼ਾਨ। ਹਰਿਮੰਦਰ ਹਰਿ ਵੱਸਦਾ, ਗੀਤਾ ਵਿਚ ਭਗਵਾਨ। ਭਾਈ, ਪੰਡਿਤ, ਮੌਲਵੀ, ਬੋਲ ਹੋਏ ਹਲਕਾਨ। ਜ਼ੋਰ ਲਾ ਲਿਆ ਦੁਸ਼ਮਣਾਂ, ਮਰਿਆ ਨਾ ਇਨਸਾਨ। ਹੋਣੀ ਮੇਰੇ ਨਾਲ, ਪਰ, ਕੀਤਾ ਕੀ ਖਿਲਵਾੜ। ਸਾਉਣ ਸੌਂ ਗਏ ਸੁੱਤਿਆਂ, ਬਲਦੇ ਰਹਿ ਗਏ ਹਾੜ। ਦੁਸ਼ਮਣ ਅੰਗ ਅੰਗ ਕੱਟਿਆ, ਜਾਮਾ ਲਹੂ ਲੁਹਾਨ। ਇਕ ਦੂਜੇ ਗਲ ਮਿਲਣ ਲਈ, ਮੇਰੇ ਟੋਟੇ ਤੜਫ਼ੀ ਜਾਣ। (ਮੇਰੇ) ਖੰਭ ਕੁਤਰ ਲਏ ਉਤਲਿਆਂ, (ਮੇਰਾ) ਖੁੱਸ ਗਿਆ ਅਸਮਾਨ। ਕੀ ਹਾਂ, ਪਤਾ ਨਾ ਚੱਲਿਆ, ਮਿੱਟੀ ਕਿ ਇਨਸਾਨ? ਉੱਚੇ ਬੁਰਜ ਲਾਹੌਰ ਦੇ, ਡਿੱਗ ਪਏ ਗਸ਼ ਖਾ। ਭਰ ਭਰ ਅੱਖਾਂ ਡੁਲ੍ਹੀਆਂ, ਸਭ ਸੁੱਕ ਗਏ ਦਰਿਆ। ਧਰਮ ਦਿਲਾਂ 'ਚੋਂ ਨਿਕਲ ਕੇ ਸਿਰਾਂ ਤੇ ਹੋਇਆ ਸਵਾਰ। ਉਠ ਗਈ ਸਭਾ ਮਲੇਸ਼ ਦੀ, ਫਿਰ ਵੀ ਕੂੜ ਪਸਾਰ। ਕੁਰਖ਼ੇਤਰ ਵਿਚ ਭਟਕਦਾਂ, ਮੇਰਾ ਜਾਮਾ ਲਹੂ-ਲੁਹਾਨ। ਮੈਂ 'ਕੱਲ੍ਹਾ ਭੋਗਾਂ ਹੋਣੀਆਂ, ਮੇਰਾ ਕੋਈ ਨਹੀਂ ਰਥਵਾਨ। ਦਿੱਲੀ ਦੁੱਲੇ ਮਾਰਦੀ, ਮੱਚਿਆ ਪਿਆ ਕੁਹਰਾਮ। ਬਾਹਵਾਂ ਵੱਢਣ ਆਪ ਨੂੰ, ਸੌਂ ਗਈ ਲਾਲ ਸਲਾਮ। (ਮੇਰੀ) ਚੌੜੀ ਛਾਤੀ ਖੋਖਲੀ, (ਵਿਚ) ਹੈ ਨਹੀਂ ਜਾਨ-ਪਰਾਣ ਸਭ ਸੁਪਨੇ ਮੇਰੇ ਰਾਂਗਲੇ ਜਾਇ ਸੁੱਤੇ ਜੀਰਾਣ।

ਆ ਬੁੱਲ੍ਹਿਆ! ਕੁਝ ਗੱਲਾਂ ਕਰੀਏ!

(4 ਫ਼ਰਵਰੀ ਦੀ ਹੋਣੀ ਦੇ ਨਾਂ!) ਆ ਬੁੱਲ੍ਹਿਆ! ਕੁਝ ਗੱਲਾਂ ਕਰੀਏ ਤੂੰ ਪੁੱਛੇਂ ਮੈਂ ਦੱਸਾਂ। ਕਦੀ ਤਾਂ ਉਚੀ ਉਚੀ ਰੋਵਾਂ ਕਦੀ ਮੈਂ ਖਿੜ ਖਿੜ ਹੱਸਾਂ। ਮਸਜਿਦ ਢਹਿ ਗਈ ਮੰਦਿਰ ਢੱਠਾ ਹੋਰ ਵੀ ਕਈ ਕੁਝ ਢਹਿੰਦਾ ਬੰਦਿਆਂ ਦੇ ਦਿਲ ਮਲਬਾ ਹੋ ਗਏ ਰੱਬ ਨਹੀਂ ਓਥੇ ਰਹਿੰਦਾ। ਔਰੰਗਜ਼ੇਬ ਜਦ ਜਿੱਤਣਾ ਚਾਹਵੇ ਪੂਰੇ ਮੁਲਕ ਦੀ ਬਾਜ਼ੀ ਸੜਕਾਂ ਉੱਤੇ ਸਾੜੇ ਤੇਰਾ ਤੇਗ਼ ਬਹਾਦਰ ਗਾਜ਼ੀ। ਧਰਮਸਾਲ ਦੇ ਸਭ ਧੜਵਾਈ ਠਾਕਰਦਵਾਰੇ ਦੇ ਠੱਗ ਮਸੀਤਾਂ ਵਿਚਲੇ ਕੂੜ-ਕੁਸੱਤੀਏ ਹੋ ਬੈਠਣ ਇੱਕਮੱਤ ਆਸ਼ਕ ਬਿਟ ਬਿਟ ਵਿੰਹਦੇ ਰਹਿ ਗਏ ਹੋਏ ਅਲੱਗ-ਥਲੱਗ। ਮਾਲਕ ਦਾ ਹਿਤ ਪਾਲਣ ਵਾਲੇ ਬਾਜ਼ੀ ਲੈ ਗਏ ਕੁੱਤੇ ਕਈ ਸਾਲ ਹੁਣ ਲੈਣਗੇ ਮੌਜਾਂ ਜਾ ਮਹਿਲਾਂ ਵਿਚ ਸੁਤੇ ਆਸ਼ਕ ਆਪਣੇ ਕਰਮੀਂ ਹੀ ਹੁਣ ਸੌਣਗੇ ਰੂੜੀਆਂ ਉੱਤੇ ਆਪਣੀ ਹੋਣੀ ਆਪ ਵਿਹਾਜੀ ਸੌ ਸੌ ਖਾਣਗੇ ਜੁੱਤੇ ਆ ਬੁੱਲ੍ਹਿਆ! ਕੁਝ ਗੱਲਾਂ ਕਰੀਏ! (2017)

  • ਮੁੱਖ ਪੰਨਾ : ਕਾਵਿ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ