Punjabi Poetry : Wahid
ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ : ਵਾਹਿਦ
1. ਇਸ ਅਦਾਲਤ ਦਾ ਹੁਣ ਇਹ ਸਿਤਮ
ਇਸ ਅਦਾਲਤ ਦਾ ਹੁਣ ਇਹ ਸਿਤਮ ਵੀ ਜਰਨਾ ਪੈਣਾ। ਬੋਲਣਾ ਸੱਚ ਜੇ ਤਾਂ ਖ਼ੁਦ ਸਿੱਧ ਵੀ ਕਰਨਾ ਪੈਣਾ। ਲੰਘਣੇ ਪੈਣੇ ਨੇ ਉਹਦੇ ਜ਼ੁਲਮ ਦੇ ਤਪਦੇ ਥਲ ਵੀ, ਫਿਰ ਉਹਦੇ ਖ਼ੌਫ਼ ਦੇ ਦਰਿਆ ਨੂੰ ਵੀ ਤਰਨਾ ਪੈਣਾ। ਜ਼ਿੰਦਗੀ ਕੀ ਹੈ ਕਿ ਤਸਵੀਰ ਬਣਾਉਣੀ ਖ਼ੁਦ ਦੀ, ਨਾ ਮਿਲੇ ਰੰਗ ਤਾਂ ਫਿਰ ਖ਼ੂਨ ਵੀ ਭਰਨਾ ਪੈਣਾ। ਓਹੀ ਈਸਾ ਹੈ ਜੋ ਚੜ੍ਹਿਆ ਸੀ ਕਿਸੇ ਯੁੱਗ ‘ਚ ਸਲੀਬ, ਇਸ ਪਰਖ ਦੇ ਸਮੇਂ ਉਸ ਨੂੰ ਵੀ ਉਤਰਨਾ ਪੈਣਾ। ਸੁਣਿਐ ਕਿ ਉਸ ਨੂੰ ਵੀ ਰੱਬ ਹੋਣ ਦਾ ਹੋਇਆ ਹੈ ਭਰਮ, ਫਿਰ ਤਾਂ ਹੁਣ ਰੱਬ ਦੇ ਨਾਂ ਤੋਂ ਵੀ ਮੁਕਰਨਾ ਪੈਣਾ।
2. ਖ਼ਾਲੀ ਜੇਬ ਹੁਣ ਏਥੇ ਵੀ ਵੜਦੇ
ਖ਼ਾਲੀ ਜੇਬ ਹੁਣ ਏਥੇ ਵੀ ਵੜਦੇ ਨੂੰ ਡਰ ਲੱਗਦਾ ਹੈ। ਰਿਸ਼ਤੇ ਵਿਚ ਭਾਵੇਂ ਇਹ ਮੇਰਾ ਆਪਣਾ ਘਰ ਲੱਗਦਾ ਹੈ। ਕਿਸ ਪਾਪੀ ਦਾ ਪਹਿਰਾ ਹੈ ਇਹ ਕੈਸਾ ਜਗਤ-ਰਵੀਰਾ, ਜੀਣਾ, ਜੀਣ ਤੋਂ ਵੱਧ ਕੇ ਹੁਣ ਇਕ ਯੁੱਧ-ਖੇਤਰ ਲੱਗਦਾ.. ਇਸ ਦੇ ਹੇਠਾਂ ਦੂਣੇ ਪਲਣੇ ਖ਼ਾਬ ਅਜ਼ਾਦੀ ਵਾਲੇ, ਸੀਨੇ ਵੱਜੀ ਸੱਟ ਦਾ ਹੁਣ ਨੀਲ ਵੀ ਅੰਬਰ ਲੱਗਦਾ ਹੈ। ਆਪੋ ਆਪਣੀ ਸਮਝ ਹੈ ਸਭ ਦੀ ਆਪੋ ਆਪਣਾ ਜਜ਼ਬਾ, ਮੈਨੂੰ ਫੁੱਲ ਦਾ ਖਿੜਨਾ ਵੀ ਬੁੱਧ ਦਾ ਸੂਤਰ ਲੱਗਦਾ ਹੈ। ਦਿਲ ਰੱਖਣ ਦੀ ਗੱਲ ਜੁਦਾ ਹੈ ਪਰ ਸੱਚ ਤਾਂ ਹੈ ਏਨਾ, ਮੈਨੂੰ ਤੇਰੇ ਤੋਂ ਅੱਜ ਵੀ ਆਪਾ ਸੁੰਦਰ ਲੱਗਦਾ ਹੈ।
3. ਫੁੱਲ ਵਾਂਗ ਖਿੜ ਪਿਆ ਗ਼ਮ
ਫੁੱਲ ਵਾਂਗ ਖਿੜ ਪਿਆ ਗ਼ਮ, ਪਲਿਆ ਜੋ ਨਾਗ ਵਾਂਗੂੰ। ਦਿਲ ਖੁੱਲ੍ਹ ਰਿਹਾ ਹੈ ਮੇਰਾ, ਬੱਚੇ ਦੀ ਜਾਗ ਵਾਂਗੂੰ। ਹੈ ਦਾਗ਼ਦਾਰ ਸੂਰਜ, ਤੇ ਲੀਰੋ-ਲੀਰ ਚਾਨਣ, ਸਮਿਆਂ ਦਾ ਸੰਖ ਗੂੰਜੇ ਬੇਵਕਤ ਰਾਗ ਵਾਂਗੂੰ। ਮੈਂ ਬਲਦੀਆਂ ਇਹ ਅੱਖਾਂ ਖ਼ੁਦ ਆਪ ਮੁੰਦੀਆਂ ਨੇ, ਹਰ ਕੋਈ ਦਿਸਣ ਲੱਗਿਐ ਮੋਮੀ ਚਿਰਾਗ਼ ਵਾਂਗੂੰ। ਕੁਝ ਉਡਣੇ ਸੱਪ ਮਿਲੇ ਸੀ ਜ਼ਹਿਰਾਂ ਸੀ ਅੱਗ ਜਿਹੀਆਂ, ਹੁੰਦਾ ਸੀ ਮੈਂ ਵੀ ਪਹਿਲਾਂ ਚੰਦਨ ਦੇ ਬਾਗ ਵਾਂਗੂੰ। ਰਿਸ਼ਤੇ, ਮੁਕਾਮ, ਖ਼ੁਸ਼ੀਆਂ, ਦੁੱਖਾਂ, ਡਰਾਂ ਨੂੰ ਲੰਘ ਕੇ, ਮੈ ਲੱਭਿਆ ਹੈ ਖ਼ੁਦ ਨੂੰ ਆਪਣੇ ਸੁਰਾਗ ਵਾਂਗੂੰ। ਇਕ ਉਮਰ ਤੱਕ ਮੈਂ ਅਪਣੇ ਫਿਰ ਆਪ ਵੈਣ ਪਾਏ, ਇਕ ਸ਼ਾਮ ਉਸਨੇ ਗਾਇਆ ਮੈਨੂੰ ਸੁਹਾਗ ਵਾਂਗੂੰ।
4. ਹੋਈ ਮਿੱਟੀ ਦੀ ਜੋ ਦੁਰਗਤ
ਹੋਈ ਮਿੱਟੀ ਦੀ ਜੋ ਦੁਰਗਤ ਜ਼ਮੀਨਾਂ ਜਾਗ ਪਈਆਂ ਨੇ। ਲਈ ਕਿਰਤਾਂ ਨੇ ਅੰਗੜਾਈ ਜ਼ਮੀਰਾਂ ਜਾਗ ਪਈਆਂ ਨੇ। ਇਹ ਜੋ ਕਾਲੀਨ ਮਖ਼ਮਲ ਦੇ, ਨਿਹੱਕੇ ਰੇਸ਼ਮੀ ਲੀੜੇ, ਇਹਨਾਂ ਦੀ ਖਹਿ ‘ਚ ਆਖ਼ਰ ਸਖ਼ਤ ਲੀਰਾਂ ਜਾਗ ਪਈਆਂ ਨੇ। ਜਿਵੇਂ ਕੋਈ ਦਿਸ਼ਾ ਮਿਲ ਜਾਂਦੀ ਭਟਕੇ ਹੋਏ ਪੈਰਾਂ ਨੂੰ, ਕੁਝ ਏਦਾਂ ਖੇਤ ਬੰਨਿਆਂ ‘ਚੋਂ ਵਹੀਰਾਂ ਜਾਗ ਪਈਆਂ ਨੇ। ਕੋਈ ਬੁੱਲ੍ਹਾ ਹਵਾ ਦਾ ਐਸਾ ਆਇਆ ਹੈ ਕਿ ਨੀਂਦਰ ‘ਚੋਂ, ਨਵੇਂ ਸਮਿਆਂ ਦੇ ਦੁੱਲ੍ਹੇ ਤੇ ਇਹ ਹੀਰਾਂ ਜਾਗ ਪਈਆਂ ਨੇ। ਬੜਾ ਰੁਲ਼ੀਆਂ ਨੇ ਥਾਂ-ਥਾਂ, ਦਰ-ਬਦਰ ਪੱਗਾਂ ਅਤੇ ਚੁੰਨੀਆਂ, ਲਹੂ ਵਿਚ ਫੇਰ ਤੋਂ ਤੱਤੀਆਂ ਤਸੀਰਾਂ ਜਾਗ ਪਈਆਂ ਨੇ। ਬਣੇ ਖ਼ਾਮੋਸ਼ ਸੱਧਰਾਂ ਦੀ ਜੋ ਵੀ ਆਵਾਜ਼ ਇਸ ਵੇਲੇ, ਉਹਨਾਂ ਸ਼ਬਦਾਂ ਦੀਆਂ ਸੁੱਤੀਆਂ ਲਕੀਰਾਂ ਜਾਗ ਪਈਆਂ ਨੇ।
5. ਗੁਆ ਕੇ ਭਾਲਦਾ ਫਿਰ
ਗੁਆ ਕੇ ਭਾਲਦਾ ਫਿਰ ਲੱਭ ਕੇ ਗੁਆਉਂਦਾ ਹੈ। ਉਹ ਪਿਆਰ ਤੋਂ ਅਗਾਂਹ ਖੌਰੇ ਕੀ ਹੋਰ ਚਾਹੁੰਦਾ ਹੈ। ਮੇਰੇ ਖ਼ਿਲਾਫ਼ ਹੀ ਇਕ ਜੰਗ ਚੱਲ ਰਹੀ ਹੈ ਮੇਰੀ, ਉਹ ਕੋਈ ਅਕਸ ਮੇਰਾ ਮੈਨੂੰ ਇਉਂ ਦਿਖਾਉਂਦਾ ਹੈ ਜਨੂੰਨ ਜੀਣ ਦਾ ਏਨਾ, ਹੈ ਜਦ ਤੋੰ ਇਸ਼ਕ ‘ਚ ਉਹ, ਮੇਰੇ ਤੋੰ ਵੱਧ ਮੇਰੇ ਸੁਪਨੇ ਉਹੀ ਸਜਾਉਂਦਾ ਹੈ ਅਜੀਬ ਰਾਜ਼ ਕਿ ਮੈਂ ਆਸਮਾਨ ਹਾਂ ਜਿਸਦਾ, ਉਹ ਮੈਨੂੰ ਝੱਖੜਾਂ ਵਿਚ ਉੱਡਣਾ ਸਿਖਾਉਂਦਾ ਹੈ ਦਿਖਾ ਰਿਹਾ ਹਾਂ ਮੈਂ ਜਿਸਨੂੰ ਕਿਸੇ ਹੁਨਰ ਵਾਂਗੂ, ਉਹ ਮੈਨੂੰ ਆਪਣੇ ਡਰ ਦੀ ਤਰ੍ਹਾਂ ਛੁਪਾਉਂਦਾ ਹੈ। ਅਜੀਬ ਦਿਲ ਇਹ ਕਿ ਬੇਚੈਨ ਹੈ ਉਹ ਜਾਣਨ ਨੂੰ.. ਮੇਰੇ ਸਕੂਨ ਲਈ ਉਹ ਜੋ ਸੱਚ ਲੁਕਾਉੰਦਾ ਹੈ....
6. ਇਹ ਆਪਣੇ ਲਈ ਵੀ ਹੈ ਚੜ੍ਹਦੀ ਕਲਾ
ਇਹ ਆਪਣੇ ਲਈ ਵੀ ਹੈ ਚੜ੍ਹਦੀ ਕਲਾ ਤੇ ਹੈ ਫ਼ਸਲਾਂ ਤੇ ਨਸਲਾਂ ਬਚਾਵਣ ਲਈ ਵੀ। ਇਹ ਮਸਲਾ ਨਹੀਂ ਆਉਣ ਵਾਲੇ ਹੀ ਕਲ੍ਹ ਦਾ, ਇਹ ਚਿੰਤਾ ਹੈ ਵਿਰਸਾ ਸੰਭਾਲਣ ਲਈ ਵੀ। ਇਹ ਧੁੱਪਾਂ ਤੇ ਛਾਵਾਂ ਦੀ ਕੀਮਤ ਪਵੇ ਜੋ, ਇਹ ਧੀਆਂ ਤੇ ਮਾਵਾਂ ਕੀਮਤ ਪਵੇ ਜੋ, ਇਹ ਸੁਪਨੇ ਤੇ ਜਜ਼ਬੇ ਜਾਂ ਹੁਨਰਾਂ ਤੋਂ ਪਹਿਲਾਂ, ਇਹ ਅਹੁਦੇ ਤੇ ਨਾਵਾਂ ਦੀ ਕੀਮਤ ਪਵੇ ਜੋ, ਇਹ ਗਿਰਿਆ ਜੋ ਬੰਦਾ ਹੁਣ ਆਪਣੇ ਕੱਦ ਤੋਂ, ਇਹ ਹੰਭਲਾ ਹੈ ਡਿੱਗਿਆਂ ਦੇ ਉੱਠਣ ਲਈ ਵੀ। ਇਹ ਤਰਕਾਂ-ਵਿਤਰਕਾਂ ਤੇ ਸਹਿਮਤ, ਅਸਹਿਮਤ, ਕਿਧਰ ਗੁੰਮ ਗਈ ਹੈ ਉਹ ਜੀਵਨ ਦੀ ਆਦਤ ਬਹੁਤ ਕੁਝ ਹੈ ਉਗਣਾ ਜ਼ਮੀਨਾਂ ਚੋਂ ਏਥੇ, ਗਿਲੇ, ਸ਼ਿਕਵੇ, ਰੋਸੇ, ਮੁਹੱਬਤ, ਬਗ਼ਾਵਤ, ਕਿ ਬੀਜਾਂ ਨੂੰ ਆਪਣੀ ਇਹ ਹਉਂਮੇ ਗੁਆ ਕੇ, ਕਿ ਗਲ਼ਣਾ ਤਾਂ ਪੈਣਾ ਹੈ ਉੱਗਣ ਲਈ ਵੀ। ਜੋ ਕਿਰਤਾਂ ਦੇ ਹੱਕ ਇਹ ਦਬਾ ਕੇ ਨੇ ਰੱਖੇ, ਜੋ ਜਾਗੀਰ ਆਪਣੀ ਬਣਾ ਕੇ ਨੇ ਰੱਖੇ। ਇਹ ਲੋਕਾਂ ਨੇ ਬਖ਼ਸ਼ੇ ਨੇ ਲੋਕਾਂ ਦੀ ਖ਼ਾਤਰ, ਇਹ ਜੋ ਤਾਜ ਸਿਰ ‘ਤੇ ਸਜਾ ਕੇ ਨੇ ਰੱਖੇ. ਜਿਹਨਾਂ ਨੇ ਇਹ ਸਿਰ ‘ਤੇ ਸਜਾਏ ਸੀ ਤੇਰੇ, ਉਹ ਅੱਕੇ ਪਏ ਨੇ ਉਛਾਲਣ ਲਈ ਵੀ। ਹਨੇਰੇ ਹੀ ਦੀ ਕੁੱਖੋਂ ਸੂਰਜ ਨੇ ਉੱਗਣਾ, ਫਿਰ ਉਸ ਨੇ ਹੀ ਕਾਲਖ ਦੇ ਅੰਬਰ ਨੂੰ ਜਿੱਤਣਾ, ਇਹ ਲੋਕਾਂ ਨੂੰ ਲੜਨਾ ਤੇ ਮਰਨਾ ਵੀ ਆਉਂਦੈਂ ਕਿ ਤਖ਼ਤਾਂ ਨਾਲ ਆਉਂਦਾ ਹੈ ਖੜ੍ਹ ਕੇ ਮੜਿਕਣਾ, ਇਹ ਮੁੱਕਣੇ ਨਾ ਝੁੱਕਣੇ ਨਾ ਮਿਟਣੇ ਮਿਟਾਇਆਂ, ਯਤਨ ਲੱਖ ਹੋਏ ਨੇ ਮਿਟਾਵਣ ਲਈ ਵੀ...
7. ਇਹ ਸਭ ਐਵੇਂ ਨਹੀਂ
ਇਹ ਸਭ ਐਵੇਂ ਨਹੀਂ, ਇਹ ਜੀਣ ਤੇ ਹੈ ਥੀਣ ਦਾ ਮਸਲਾ ਇਹ ਤਖਤੋਂ ਨਾਬਰੀ ਦੀ ਮੁੱਢ ਕਦੀਮੋਂ ਪਿਰਤ ਦਾ ਜਜ਼ਬਾ। ਕਿ ਸਿਰ ਚੜ੍ਹ ਬੋਲਦਾ ਹੈ ਹਰ ਕਿਸੇ ਦੇ ਕਿਰਤ ਦਾ ਜਜ਼ਬਾ। ਸਿਰਾਂ ਵਿਚ ਉਠ ਰਹੀ ਹੈ ਏਕਤਾ ਦੀ ਸੁਰਤ ਦਾ ਜਜ਼ਬਾ। ਇਹ ਕਲਮੇ ਪੜ੍ਹਦਿਆਂ ਦਾ ਹੈ ਅਤੇ ਹੈ ਅੰਮ੍ਰਿਤ ਦਾ ਜਜ਼ਬਾ। ਕਿ ਕਣ ਕਣ ਵਿਚ ਜਿਹਨੇ ਹੈ ਨਾਬਰੀ ਦਾ ਬੀਜ ਬੋ ਦਿੱਤਾ, ਇਹ ਹੈ ਕਿਰਸਾਨ ਤੇ ਕਿਰਤੀ ਦੀ ਸਾਂਝੀ ਕਿਰਤ ਦਾ ਜਜ਼ਬਾ. ਜੋ ਕੱਚੇ ਢਾਰਿਆਂ ਲਲਕਾਰਿਆ ਜਾ ਰਾਜ ਭਵਨਾ ਨੂੰ. ਕਹੀ ਤੇ ਖੁਰਪਿਆਂ ਨੇ ਪੁੱਟਣਾ ਤਖਤਾਂ ਦੇ ਗ਼ਬਨਾਂ ਨੂੰ ਹੈ ਭਾਵੇਂ ਹੋਸ਼ ਵਿਚ ਕੋਈ ਜਾਂ ਹੈ ਮਦਹੋਸ਼, ਰਲਿਆ ਹੈ। ਬਜ਼ੁਰਗਾਂ ਦੇ ਤਜਰਬੇ ਦਾ ਇਹਦੇ ਵਿਚ ਹੋਸ਼ ਰਲਿਆ ਹੈ। ਜੁਆਨੀ ਦਾ ਜੋ ਹਾਲੇ ਸਧ ਰਿਹੈ ਉਹ ਜੋਸ਼ ਰਲਿਆ ਹੈ। ਸਜ਼ਾ ਕੱਟਦਾ ਬਿਨਾਂ ਜੁਰਮੋੰ ਜੋ ਹਰ ਨਿਰਦੋਸ਼ ਰਲਿਆ ਹੈ। ਕਿ ਮੱਠਾ ਪੈ ਗਿਆ ਸੀ ਜੋ ਮਸ਼ੀਨੀ ਦੌਰ ਵਿਚ ਆ ਕੇ, ਉਹ ਕੁਰਬਾਨੀ ਦਾ ਜਜ਼ਬਾ ਤੇ ਅਣਖ ਦਾ ਜੋਸ਼ ਰਲਿਆ ਹੈ। ਇਹ ਕਾਲਾ, ਲਾਲ, ਨੀਲਾ ਤੇ ਕਿਤੇ ਇਹ ਕਣਕ-ਵੰਨਾ ਹੈ ਇਹ ਜਿਹੜਾ ਲੋਕ ਰੋਹ ਹੈ ਨਾ, ਬੜਾ ਹੀ ਵੰਨ ਸੁਵੰਨਾ ਹੈ। ਅਣ ਆਈ ਤੁਰ ਗਿਆਂ ਦਾ ਏਸ ਵਿਚ ਵਿਰਲਾਪ ਸ਼ਾਮਲ ਹੈ। ਇਹਦੇ ਵਿਚ ਭੁੱਖਿਆਂ ਢਿੱਡਾਂ ਦਾ ਵੀ ਸੰਤਾਪ ਸ਼ਾਮਲ ਹੈ। ਇਹਦੇ ਵਿਚ ਖੇਤੋਂ ਦਿੱਲੀ ਤੱਕ ਮਿਣਿਆ ਮਾਪ ਸ਼ਾਮਲ ਹੈ। ਸ਼ਹੀਦੀ ਪਾ ਗਿਆ ਹੱਦ ‘ਤੇ ਜੋ ਉਸ ਦਾ ਬਾਪ ਸ਼ਾਮਲ ਹੈ। ਕਿਸੇ ‘ਕੱਲੇ ਦੁਕੱਲੇ ਦਾ ਨਹੀਂ ਹੈ ਦਰਦ ਇਸ ਅੰਦਰ. ਇਹਦੇ ਵਿਚ ਪਿਸ ਰਿਹੇ ਹਰ ਸ਼ਖਸ ਦਾ ਸੰਤਾਪ ਸ਼ਾਮਲ ਹੈ... ਇਹ ਮਸਲਾ ਰਹਿ ਗਿਆ ਨਾ ਸਿਰਫ਼ ਹੁਣ ‘ਕੱਲੇ ਕਿਸਾਨਾਂ ਦਾ ਇਹ ਮਸਲਾ ਬਣ ਗਿਆ ਖੇਤੀ ‘ਤੇ ਟਿਕੀਆਂ ਲੱਖਾਂ ਜਾਨਾਂ ਦਾ। ਹੁਣ ਅੱਖਾਂ ਮੀਟ, ਬੁੱਲ ਸੀ ਲਓ ਇਹ ਸੰਸਦ ਦੀ ਹਿਦਾਇਤ ਹੈ. ਨਹੀਂ ਮੰਨਦੀ ਪਰ ਐਸੀ ਧੌਂਸ ਇਹ ਲੋਕਾਂ ਦੀ ਪੰਚਾਇਤ ਹੈ। ਨੇ ਏਧਰ ਹੌਸਲੇ ਜੇ ਓਧਰ ਪੈਸੇ ਦੀ ਹਿਮਾਇਤ ਹੈ। ਹਮੇਸ਼ਾ ਜੂਝਦੇ ਮੁਖ-ਵਾਕ ਤੇ ਜੋ ਪਾਕ-ਆਇਤ ਹੈ. ਕੋਈ ਸਮਝਾਓ ਵੇਲੇ ਦੇ ਇਹ ਗੱਲ ਹਾਕਮ ਨੂੰ ਜਾ ਕੇ ਹੁਣ, ਵਿਚਾਰਾਂ ਵਾਸਤੇ ਸਿਰ ਦੇਣ ਦੀ ਸਾਡੀ ਰਿਵਾਇਤ ਹੈ। ਤੁਰੇ ਜੋ ਕਾਫ਼ਲੇ ਖੇਤਾਂ ‘ਚੋਂ ਰਾਹ ਵਿਚ ਰੁਕਣ ਵਾਲੇ ਨਈਂ.. ਕਿ ਕਟ ਸਕਦੇ ਨੇ ਸਿਰ ਪਰ ਤਖ਼ਤ ਮੂਹਰੇ ਝੁਕਣ ਵਾਲੇ ਨਈਂ
8. ਬੇਖ਼ੌਫ਼ ਹੋ ਕੇ ਬੋਲ
ਬੇਖ਼ੌਫ਼ ਹੋ ਕੇ ਬੋਲ ਤੇ ਦੁਬਿਧਾ ‘ਚੋਂ ਬਾਹਰ ਆ, ਰਣ ਭੱਖ ਪਿਆ ਹੈ ਕਿਰਤ ਦਾ, ਆ ਮੇਰੇ ਯਾਰ ਆ। ਮੱਥੇ ‘ਤੇ ਭਾਰ ਹੈ ਇਹ ਜੋ ਤਖ਼ਤਾਂ ਦਾ ਥਾਪੜਾ, ਇਹ ਫਾਲਤੂ ਦਾ ਬੋਝ ਹੈ ਰੂਹ ਤੋਂ ਉਤਾਰ ਆ। ਵੱਟਾਂ ਪਹਾੜ ਜੇਡ ਨੇ ਦਰਿਆ ਜਿਹੇ ਨੇ ਖਾਲ, ਗਿੱਠ ਭਰ ਕੇ ਕਣਕ ਦੇ ਵੀ ਨੇ ਅੱਜ ਹੌਸਲੇ ਕਮਾਲ. ਉਗਿਆ ਹਰੇਕ ਖੇਤ ‘ਚ ਵਿਰਸਾ ਪੰਜਾਬ ਦਾ, ਚੰਡੀ ਦਾ ਪਾਠ ਹੈ ਤੇ ਕਿਤੇ ਸੁਰ ਰਬਾਬ ਦਾ। ਪੰਨਾ ਉਹ ਜਿਸ ਕਿਤਾਬ ਦਾ ਮੁੜਿਆ ਸੀ ਦੇਰ ਤੋਂ, ਬਾਬੇ-ਜਵਾਨ ਦੇਖ ਓਹੀ ਪੜ੍ਹਨ ਫੇਰ ਤੋਂ। ਰਗ-ਰਗ ਰੰਜ ਦੌੜਦਾ ਲੈਂਦਾ ਕਚੀਚੀਆਂ, ਕਿਰਤਾਂ ਨੇ ਹੁਣ ‘ਤੀਂ ਝੱਲੀਆਂ ਕਿੰਨੀਆਂ ਵਧੀਕੀਆਂ। ਵਾਹਣਾਂ ‘ਚ ਜਿਹੜੇ ਬੋਏ ਸੀ ਕਿਰਤਾਂ ਨੇ ਵਲਵਲੇ, ਉਹ ਜ਼ਿੰਦਗੀ ਦਾ ਚਾਅ ਤੁਰੇ ਨੇ ਬਣ ਕੇ ਕਾਫ਼ਲੇ, ਸਾਫ਼ੇ ਗਲ਼ੋਂ ਉਤਾਰ ਕੇ ਕੱਫ਼ਨ ਬਣਾ ਲਏ. ਖੇਤਾਂ ਨੇ ਤੇਰੇ ਸ਼ਹਿਰ ਆ ਕੇ ਡੇਰੇ ਲਾ ਲਏ। ਏਕਾ ਇਹ ਹੱਕ ਸੱਚ ਦਾ, ਕਿਰਤੀ ਕਿਸਾਨ ਦਾ, ਧੱਕਿਆ ਜੋ ਹਾਸ਼ੀਏ ‘ਤੇ ਸੀ ਓਸੇ ਜਹਾਨ ਦਾ. ਜਿੱਤ ਹਾਰ ਦਾ ਨਹੀਂ ਇਹ ਤਾਂ ਮਸਲਾ ਹੈ ਲੜਨ ਦਾ, ਰਣ ਭੱਖ ਪਿਆ ਹੈ ਕਿਰਤ ਦਾ ਵੇਲਾ ਹੈ ਖੜ੍ਹਨ ਦਾ।
9. ਲਹੂ ‘ਚ ਰੰਜ ਨੇ ਕਰਵਟ ਕੋਈ ਲਈ
ਲਹੂ ‘ਚ ਰੰਜ ਨੇ ਕਰਵਟ ਕੋਈ ਲਈ ਕਿ ਨਹੀਂ। ਤੇਰੀ ਜ਼ਮੀਰ ਨੂੰ ਤੇਰੀ ਇਹ ਚੁੱਪ ਚੁਭੀ ਕਿ ਨਹੀੰ। ਇਹ ਸਲਤਨਤ ਹੈ ਬੜੀ ਤੰਗ, ਕਾਫੀਏ ਤੋਂ ਵੀ, ਤੂੰ ਕੋਈ ਨਜ਼ਮ ਅਨਲ ਹੱਕ ਦੀ ਲਿਖੀ ਕਿ ਨਹੀ। ਉਹ ਜੋ ਇਕ ਪਲ ‘ਚ ਪਲਟ ਸਕਦੇ ਸੀ ਕਈ ਸਦੀਆਂ, ਸਮੇਟੇ ਨੇ ਵਕਤ ਨੇ ਉਹ ਵੀ ਮਹਾਂਰਥੀ ਕਿ ਨਹੀਂ। ਦਬੇ ਉਹ ਹੁਣ ਕਿਤੇ ਡੂੰਘੇ ਇਮਾਰਤਾਂ ਹੇਠਾਂ, ਕਦੀ ਸੀ ਰੱਬ ਨੂੰ ਛੂੰਹਦੇ ਅਰਾਵਲੀ ਕਿ ਨਹੀਂ। ਇਹ ਬੋਧ ਬਿਰਖ ਤੋਂ ਅੱਗੇ ਹੈ ਹੁਣ ਸਲੀਬ ਕੋਈ, ਕਿ ਜਿਸ ‘ਤੇ ਪਰਖਣੀ ਸਿੱਖਿਆ ਖਰੀ ਹੈ ਵੀ ਕਿ ਨਹੀਂ। ਉਹ ਜੋ ਮਸੀਤ ਦੇ ਮਲਬੇ ‘ਚ ਦੱਬ ਗਿਆ ਅੱਲਾਹ, ਉਦ੍ਹੀ ਅਜ਼ਾਨ ਕਿਸੇ ਸੰਖ ‘ਚੋੰ ਸੁਣੀ ਕਿ ਨਹੀਂ।
10. ਮਿਟਾਉਣਾ ਖ਼ੁਦ ਨੂੰ ਆਪਣੇ ਆਪ ਦਾ
ਮਿਟਾਉਣਾ ਖ਼ੁਦ ਨੂੰ ਆਪਣੇ ਆਪ ਦਾ ਵਿਸਥਾਰ ਵੀ ਕਰਨਾ, ਕਿ ਰਹਿਣਾ ਦਾਇਰਿਆਂ ਵਿਚ ਵੀ ਤੇ ਉਸਨੂੰ ਪਿਆਰ ਵੀ ਕਰਨਾ। ਜਿਦ੍ਹੇ ਪੱਤਣ ਰਵਾਇਤੀ ਨੇ ਤੇ ਪਾਣੀ ਇਸ਼ਕ ਵਿਚ ਭਿੱਜੇ, ਉਦ੍ਹੇ ਵਿਚ ਡੁੱਬਣਾ ਵੀ ਹੈ ਤੇ ਉਸਨੂੰ ਪਾਰ ਵੀ ਕਰਨਾ ਰਹੇ ਜੇ ਹਾਂ ‘ਚ ਹੀ ਇਉਂ ਹਿਲਦੇ ਤਾਂ ਇਹ ਸਿਰ ਨਹੀਂ ਰਹਿਣੇ, ਆ ਜਾਵੇਂ ਮੇਰਿਆਂ ਲੋਕਾਂ ਨੂੰ ਹੁਣ ਇਨਕਾਰ ਵੀ ਕਰਨਾ। ਰਹੇ ਅੱਖਾਂ ਹੀ ਵਿਚ ਜੇਕਰ ਤਾਂ ਡਰ ਨੈ ਜ਼ਹਿਰਵਾ ਦਾ ਵੀ, ਜੋ ਬਿਹਤਰ ਜਿਊਣ ਦੇ ਨੇ ਖ਼ਾਬ ਉਹ ਸਕਾਰ ਵੀ ਕਰਨਾ। ਮੇਰੇ ਇਸ ਜ਼ਹਿਨ ਖ਼ਾਤਰ ਵੈਦ ਨੇ ਇਉਂ ਸਾਜ਼ਸ਼ਾਂ ਰਚਦੇ. ਦਵਾ ਦਾਰੂ ਵੀ ਕਰਨਾ ਤੇ ਇਹਨੂੰ ਬੀਮਾਰ ਵੀ ਕਰਨਾ। ਇਹ ਦਿੱਲੀ ਬੇਦਿਲੀ ਹੈ ਜਿਸਦਾ ਮਕਸਦ ਹੈ ਕੁਝ ਏਦਾਂ ਦਾ, ਕੋਈ ਵੀ ਵਿਹਲਾ ਨਈਂ ਛੱਡਣਾ ਅਤੇ ਬੇਕਾਰ ਵੀ ਕਰਨਾ ।