Punjabi Poetry : Vikas Kumar

ਪੰਜਾਬੀ ਕਵਿਤਾਵਾਂ : ਵਿਕਾਸ ਕੁਮਾਰ

1. ਕਦੇ ਕਦੇ ਉਹ

ਕਦੇ ਕਦੇ ਉਹ
ਆਪਣੇ ਨਰਮ ਪੋਟਿਆਂ ਨਾਲ
ਚੰਨ ਦੀਆਂ ਰਿਸ਼ਮਾਂ ਨੂੰ ਸਹਿਲਾਉਂਦੀ
ਤੇ ਉਹਨਾਂ ਨੂੰ
ਇੱਕ ਇੱਕ ਕਰ
ਮੇਰੇ ਪਿੰਡੇ 'ਤੇ
ਇੰਝ ਧਰਦੀ
ਜਿਵੇਂ ਕਵਿਤਾ ਸਿਰਜਦੀ ਹੋਵੇ
ਸ਼ਾਲਾ......
ਉਸਦੀ ਸਿਰਜੀ ਕਵਿਤਾ
ਮੇਰੇ ਰੋਮ ਰੋਮ ਵਿੱਚ
ਇੰਝ ਜਿਉਂਦੀ ਹੈ
ਜਿਵੇਂ
ਮੇਰੇ ਸਾਹ .......

2. ਮੈਂ ਜਦੋਂ ਵੀ

ਮੈਂ
ਜਦੋਂ ਵੀ
ਹਵਾ ਵਿੱਚ ਲਹਿਰਾਉਂਦੇ
ਉਸਦੇ ਸ਼ਬਦਾਂ ਨੂੰ
ਆਪਣੀ ਤਨ 'ਤੇ ਲਪੇਟ ਲੈਂਦਾ
ਉਹ ਹੌਲੀ ਜਿਹੀ
ਖੁਸ਼ਬੋ ਦੇ ਸੀਨੇ 'ਤੇ
ਆਪਣੇ ਬੁੱਲ੍ਹਾਂ ਦਾ ਨਿੱਘ ਉਲੀਕ ਦਿੰਦੀ
ਤੇ ਚੰਨ ਨੂੰ ਤੱਕਣ ਲੱਗ ਜਾਂਦੀ...

3. ਉਸਨੇ ਸੁਚਤਮ ਨਾਲ

ਉਸਨੇ
ਸੁਚਤਮ ਨਾਲ
ਮੈਨੂੰ ਛੋਹਿਆ
ਤੇ ਮੇਰੇ ਅੰਦਰ
ਇੱਤਰ ਵਾਂਗ ਫੈਲ ਗਈ
ਮੈਂ ਜਿਵੇਂ ਹੀ ਉਸਨੂੰ
ਆਪਣੇ ਸਾਹਾਂ ਨਾਲ ਜੋੜ ਕੇ
ਕਾਇਨਾਤ ਵਿੱਚ ਘੋਲਣਾ ਚਾਹਿਆ
ਉਹ ਇਕਦਮ ਗੁਆਚ ਗਈ
ਤੇ ਮੈਂ ਹੈਰਾਨ ਹੋਇਆ
ਇਸ ਸਭ ਨੂੰ
ਸਮਝਣ ਦਾ ਯਤਨ ਕਰਦਾ ਰਿਹਾ
ਕਈ ਵਾਰ ਆਵਾਜ਼ਾਂ ਮਾਰੀਆਂ
ਪਰ ਸਭ ਕੁੱਝ ਮੌਨ ਸੀ
ਤੇ ਅਚਾਨਕ
ਉਸਨੇ ਇੱਕ ਰੁੱਖ ਪਿੱਛੋਂ
ਮੈਨੂੰ ਵੇਖਿਆ
ਤੇ ਹੁੰਗਾਰਾ ਭਰਿਆ
ਹੌਲੀ ਹੌਲੀ ਮੇਰੇ ਵੱਲ ਆਈ
ਮੇਰੇ ਕੁੱਝ ਬੋਲਣ ਤੋਂ ਪਹਿਲਾਂ ਹੀ
ਉਸਨੇ ਮੇਰੇ ਮੱਥੇ 'ਤੇ
ਆਪਣੇ ਬੁੱਲ੍ਹਾਂ ਦੀ ਕੋਸੀ ਠਾਰ ਨੂੰ
ਇੰਝ ਧਰਿਆ ਜਿਵੇਂ
ਸੂਰਜ ਦੀਆਂ ਰਿਸ਼ਮਾਂ
ਨਦੀਆਂ ਦੇ ਪਾਣੀ ਨੂੰ
ਚੁੰਮ ਰਹੀਆਂ ਹੋਣ
ਮੈਂ ਮੌਨ ਹੋਇਆ
ਉਸਨੂੰ ਆਪਣੀ ਗਲਵਕੜੀ ਵਿੱਚ ਲੈ
ਸ਼ਾਂਤ ਝੀਲ ਵਾਂਗ
ਸ਼ੀਤਲ ਹੋ ਗਿਆ
ਤੇ ਉਹ ਮੇਰੇ ਅੰਦਰ
ਹਮੇਸ਼ਾ ਹਮੇਸ਼ਾ ਲਈ ਆ ਬੈਠੀ ....

4. ਤੇਰੇ ਸ਼ਬਦਾਂ ਤੋਂ ਪਰੇ

ਤੇਰੇ ਸ਼ਬਦਾਂ ਤੋਂ ਪਰੇ
ਤੇਰੇ ਕਰਾਰਾ ਤੋਂ ਅੱਗੇ
ਜੋ ਸੱਚ ਖੜਿਆ ਏ
ਮੈਂ ਉਸਦਾ ਸੁਆਦ ਜਾਣਦਾ ਹਾਂ....

ਮੈਨੂੰ ਪਤਾ ਹੈ

ਤੇਰੇ ਤੇ ਮੇਰੇ ਵਿਚਕਾਰ
ਜੋ ਬਚਿਆ ਹੈ
ਉਹ ਤੇਰੇ 'ਤੇ ਭਾਰੂ ਹੈ.....

ਚੰਨ ਦੇ ਕਾਤਲ ਨੂੰ
ਤੂੰ ਰੋਜ ਵੇਖਦੀ ਏ
ਘਰ ਦੇ ਸ਼ੀਸ਼ੇ ਅੱਗੇ
ਵਾਲ ਵਾਉਂਦੇ ਹੋਏ .....

ਤੇਰੇ ਨਾਲ ਸ਼ਿਕਾਇਤਾਂ ਬਹੁਤ ਨੇ
ਪਰ ਕੁੱਝ ਵੀ ਨਹੀਂ ਕਹਿਣਾ ਚਾਹੁੰਦਾ
ਸਭ ਮੇਰੇ ਅੰਦਰ ਰਹੇਗਾ
ਰੰਗਾਂ ਵਾਂਗ ਉਕਰਿਆ....

5. ਸ਼ਬਦਾਂ ਦੇ ਬਲਦੇ ਭਾਂਬੜ

ਸ਼ਬਦਾਂ ਦੇ ਬਲਦੇ ਭਾਂਬੜ
ਮੈਂ ਆਪਣੇ ਅੰਦਰ
ਜ਼ਜ਼ਬ ਕਰਦਾ ਰਿਹਾ
ਪਰ ਉਨ੍ਹਾਂ ਦੇ ਸੇਕ 'ਚੋਂ ਉੱਠੀ
ਰਾਖ ਦੀ ਹਨੇਰੀ
ਮੇਰੇ ਬੁੱਲ੍ਹਾਂ 'ਤੇ
ਇੰਝ ਆਉਣ ਬੈਠੀ
ਜਿਵੇਂ ਮੈਂ ਕੋਈ ਬੁੱਤ ਹੋਵਾਂ
ਗੁੰਗਾ,
ਪਰ ਚੱਲਦਾ ਫਿਰਦਾ ਬੁੱਤ

6. ਜਿੰਦਗੀ ਵਿੱਚ

ਜਿੰਦਗੀ ਵਿੱਚ
ਰੰਗ ਭਰਣੇ
ਔਖੇ ਨਹੀਂ ਸਨ
ਪਰ ਕੋਈ ਵੀ ਰੰਗ
ਉਸਦੇ ਮੇਚ ਦਾ ਨਾ ਹੋਇਆ

7. ਇੱਕ ਅਗਿਆਤ ਸਫ਼ਰ

ਇੱਕ ਅਗਿਆਤ ਸਫ਼ਰ ਨੇ
ਮੇਰੇ ਪੈਰਾਂ ਨੂੰ
ਹੌਲੀ ਜਿਹੀ ਚੁੰਮਿਆ
ਤੇ ਮੈਂ
ਮੋਹ ਦੀਆਂ ਤੰਦਾਂ ਵਿੱਚ ਬੱਝਿਆ
ਇਸ ਸਫ਼ਰ ਨੂੰ
ਆਪਣਾ ਮੁਕਦਰ ਮੰਨ
ਤੁਰਦਾ ਰਿਹਾ
ਮੰਜਿਲ ਧੁੰਦਲੀ
ਪਰ ਸਫ਼ਰ ਦਾ ਮੋਹ
ਮੇਰੇ ਅੰਦਰ
ਜਿਉਣ ਦੀ ਤਾਂਘ ਭਰੀ ਰੱਖਦਾ
ਅਚਾਨਕ ਇੱਕ ਦਿਨ
ਰਸਤਾ ਇੱਕ ਮੌੜ ਤੋਂ ਬਾਅਦ
ਰੁੱਕ ਗਿਆ
ਤੇ ਮੇਰਾ ਸਫ਼ਰ
ਬਿਨਾਂ ਮੈਨੂੰ ਦਸਿਆ
ਮੁੱਕ ਗਿਆ
ਇੰਝ ਲਗਿਆ ਜਿਵੇਂ
ਜਿਉਣ ਦੀ ਤਾਂਘ ਮੁੱਕ ਗਈ ਹੋਵੇ
ਕਾਸ਼..!
ਇਹ ਸਫ਼ਰ
ਕਦੇ ਨਾ ਮੁਕਦਾ
ਤੇ ਮੈਂ ਮੁਸਾਫਿਰ ਬਣ
ਤਮਾਮ ਉਮਰ
ਰਾਹਾਂ ਦੇ ਲੇਖੇ ਲਾ ਦਿੰਦਾ
ਹੁਣ ਵਾਪਿਸ ਪਰਤਣਾਂ
ਸਾਹਾਂ ਨੂੰ ਰੋਕਣ ਜਿਹਾ ਹੈ

8. ਅੱਜ

ਅੱਜ....!
ਇੰਝ ਲਗਿਆ
ਜਿਵੇਂ
ਸੂਰਜ ਦੀ ਇੱਕ ਰਿਸ਼ਮ
ਮੇਰੇ ਅੰਦਰ
ਉਤਰਦੀ ਉਤਰਦੀ
ਤਿੜਕ ਗਈ ਹੋਵੇ

9. ਉਂਝ

ਉਂਝ....
ਤੂੰ ਜਦੋਂ ਕੁਝ ਨਹੀਂ ਕਹਿੰਦੀ
ਮੌਨ ਰਹਿੰਦੀ ਏ
ਮੈਂ ਸਭ ਸੁਣ ਲੈਂਦਾ ਹਾਂ
ਕਦੇ ਕਦੇ
ਤੂੰ ਵੀ
ਸ਼ਬਦਾਂ ਤੋਂ ਪਾਰ ਜਾਕੇ
ਮੇਰੇ ਮੌਨ ਨੂੰ ਸੁਣਿਆ ਕਰ

10. ਰੁੱਖ ਦੀ ਮੌਤ

ਤੁਸੀਂ....!!!
ਤਰੱਕੀਆਂ ਦੇ ਰਾਹ ਲੱਭੇ
ਕੀਮਤਾਂ....!!!
ਸਾਡੀਆਂ ਜਿੰਦ ਜਾਨ ਬਣੀਆਂ
ਮੈਨੂੰ ਪੋਟਾ ਪੋਟਾ ਕਰ
ਕਈ ਹਿੱਸਿਆਂ ਵਿੱਚ ਵੰਡਿਆ ਗਿਆ
ਵੇਖਦਿਆਂ ਵੇਖਦਿਆਂ
ਮੈਂ ਇੱਕ ਵਿਰਾਟ ਰੁੱਖ ਤੋਂ
ਲੱਕੜੀ ਦੇ ਕੁਝ ਟੋਟੇ ਹੋ ਗਿਆ
ਮੇਰੀ ਵਿਸ਼ਾਲ ਦੇਹ ਨੂੰ
ਧਰਤੀ ਵੀ ਗੱਲ ਲਾ ਰੋਈ
ਤੇ ਮਨੁੱਖ ਨੇ
ਆਰਿਆਂ ਨਾਲ
ਮੇਰੇ ਪਿੰਡਾਂ ਚਿਰ ਦਿਤਾ
ਮੈਂ ਮਰਦਿਆਂ ਮਰਦਿਆਂ
ਧਰਤੀ ਨੂੰ ਆਪਣੀ ਦਾਸਤਾਨ ਸੁਣਾਈ
ਧਰਤੀ ਬੋਲੀ
ਮੈਂ ਸਭ ਜਾਣਦੀ ਹਾਂ
ਤੂੰ ਮੇਰੀ ਕੁੱਖੋਂ ਜੰਮਿਆਂ
ਮੇਰਾ ਹੀ ਲਾਡਲਾ ਸੈਂ
ਤੂੰ ਸ਼ਾਇਦ ਨਹੀਂ ਜਾਣਦਾ
ਇਹ ਮਨੁੱਖ
ਬਹੁਤ ਮਤਲਬੀ ਹੈ
ਜਦੋਂ ਇਸਨੂੰ ਕਿਸੇ ਦੀ ਲੋੜ ਨਹੀਂ ਹੁੰਦੀ
ਤਾਂ ਇਹ ਨਵੇਂ ਵੱਲ ਭੱਜਦਾ ਹੈ
ਤੇ ਪੁਰਾਣੇ ਦੀ ਲੀ ਚੜ੍ਹ ਜਾਣਾ ਲਾਜਮੀ ਹੈ
ਮੇਰੀ ਕੁੱਖੋਂ ਜੰਮੇ
ਲੱਖਾਂ ਹੀ ਤੇਰੇ ਵਰਗੇ
ਸਾਊ ਪੁੱਤਾਂ ਨੂੰ
ਇਹ ਮਨੁੱਖ ਤਰੱਕੀਆਂ ਦੇ ਨਾਂ 'ਤੇ
ਬਲੀ ਚਾੜ੍ਹ ਚੁੱਕਿਆ ਹੈ
ਆ ਵੇਖ ਅੱਜ ਕੋਈ ਕਵੀ
ਰੁੱਖ ਹੋਣਾ ਨਹੀਂ ਲੋਚਦਾ
ਪਰ ਇਹ ਆਪ ਭੁੱਲ ਗਿਆ ਹੈ ਕਿ
ਇਸਨੇ ਜੋ ਕੁਦਰਤੀ ਵਰਤਾਰੇ ਵਿੱਚ
ਇਹ ਅਸੰਤੁਲਨ ਪੈਦਾ ਕੀਤਾ ਹੈ
ਇੱਕ ਦਿਨ ਇਹ
ਮਨੁੱਖ ਨੂੰ ਹੀ ਨਿਗਲ ਜਾਵੇਗਾ
ਇਹਨਾਂ ਕਹਿ ਧਰਤੀ
ਭੁੱਬਾਂ ਮਾਰ ਰੋਣ ਲੱਗ ਪਈ

11. ਸ਼ਬਦਾਂ ਦੇ ਇੱਕ ਝੁੰਡ ਨੇ

ਸ਼ਬਦਾਂ ਦੇ ਇੱਕ ਝੁੰਡ ਨੇ
ਮੇਰੇ ਆਲੇ ਦੁਆਲੇ
ਘੇਰਾ ਪਾਇਆ ਏ
ਅੱਜ ਮੈਂ
ਸ਼ਬਦਾਂ ਦੀ ਕੈਦ ਨੂੰ ਹੰਢਾਇਆ
ਜਾਣਦਾ ਹਾਂ ਕਿ
ਤੂੰ ਕਹੇਗੀ
ਸ਼ਬਦ ਤਾਂ ਆਜ਼ਾਦ ਕਰਦੇ ਨੇ
ਤੇ ਮੈਂ
ਤੇਰੀਆਂ ਸਾਰੀਆਂ ਗੱਲਾਂ ਸੁਣਕੇ ਵੀ
ਕੁੱਝ ਨਹੀਂ ਕਹਾਂਗਾ
ਮੌਨ ਰਹਾਂਗਾ .....

12. ਨਦੀ ਦੇ ਉਸ ਪਾਰ

ਨਦੀ ਦੇ ਉਸ ਪਾਰ
ਉਹ ਜੋ
ਰੁੱਖਾਂ ਦਾ ਝੁੰਡ ਹੈ
ਸੁਣਿਆ ਹੈ ਕਿ
ਰਾਤ ਨੂੰ ਚੰਨ
ਜਿਵੇਂ ਹੀ ਉਹਨਾਂ ਨੂੰ ਛੋਹਦਾ ਏ
ਉਨ੍ਹਾਂ 'ਤੇ ਉਗ ਆਉਂਦੇ ਨੇ
ਸੁਫਨੇ
ਜਿਵੇਂ ਤੂੰ ਪਾਉਣਾ ਚਾਹੁੰਦੀ ਏ ਉਹਨਾਂ ਨੂੰ
ਮੈਂ ਵੀ ਚਾਹੁੰਦਾ ਹਾਂ
ਚੱਲ ਆ
ਦੋਨੋਂ ਚਲਦੇ ਆਂ
ਨਦੀ ਦੇ ਉਸ ਪਾਰ
ਫਿਰ ਰੁੱਖਾਂ ਤੋਂ
ਬਹੁਤ ਸਾਰੇ ਸੁਫਨੇ ਝਾੜ ਲਈ
ਆਪਣੀ ਜੇਬਾਂ 'ਚ ਭਰ ਲਈ
ਚੱਲ ਆ
ਹੁਣ ਚਲਦੇ ਆਂ .....

13. ਆ ਵੇਖ

ਆ ਵੇਖ
ਸ਼ਬਦਾਂ ਤੋਂ ਪਾਰ ਦੇ ਬੋਲ
ਚੁੱਪ ਚੁਪੀਤੇ
ਮੇਰੇ ਨੈਣੀਂ ਆ ਵੱਸੇ ਨੇ
ਤੇ ਤੈਨੂੰ ਦਸ ਰਹੇ ਨੇ
ਉਹ ਸਭ
ਜੋ ਮੈਂ
ਅੰਦਰ ਸਮੋਈ ਬੈਠਾ ਹਾਂ
ਹੁਣ ਤੂੰ
ਸਭ ਚੁੱਪ ਚੁਪੀਤੇ ਪੜ੍ਹ ਲੈ
ਤੇ ਹੌਲੀ ਜਿਹੀ
ਧਰ ਦੇਈਂ
ਮੇਰੇ ਮੱਥੇ ਤੇ
ਚੰਨ ਦੀ ਸ਼ੀਤਲਤਾ
ਅਤੇ ਸੂਰਜ ਦਾ ਨਿੱਘ .......

14. ਸੱਚੀ ....

ਸੱਚੀ ....
ਹੱਦਾਂ ਤੋਂ ਪਾਰ ਦੀ ਮੁਹੱਬਤ
ਜਦੋਂ ਹੱਦਾਂ ਵਿੱਚ ਰਹਿ
ਕਰਣੀ ਪੈਂਦੀ ਹੈ ਤਾਂ
ਆਪਣਾ ਆਪ
ਬਹੁਤੇ ਵਾਰੀ ਮਰਿਆ ਜਾਪਦਾ
ਪਰ
ਤੇਰੀ ਇੱਕ
ਮਿੱਠੀ ਜਿਹੀ ਤੱਕਣੀ
ਗਲ ਤਕ
ਜਿਉਣ ਲਈ ਪ੍ਰੇਰਦੀ ਏ .....

15. ਪਿੰਡ ਦੀ ਸੱਥ ਵਿੱਚ

ਪਿੰਡ ਦੀ ਸੱਥ ਵਿੱਚ ਲੱਗਿਆ
ਉਹ ਰੁੱਖ
ਅਕਸਰ ਜਦੋਂ ਵੀ ਇੱਕਲਾ ਹੁੰਦਾ
ਮੈਨੂੰ ਆਵਾਜ਼ ਮਾਰਦਾ
ਸ਼ਾਇਦ ਸਾਥ ਦੀ ਭੁੱਖ
ਹਾਲੇ ਵੀ ਜਿੰਦਾ ਹੈ
ਉਸ ਅੰਦਰ .......

16. ਤੇਰਾ ਹੱਥ ਫੜ

ਤੇਰਾ ਹੱਥ ਫੜ
ਜਦ ਵੀ ਮੈਂ
ਰਾਤ ਦੀ ਬੁੱਕਲ 'ਚ ਬੈਠਦਾ ਆ
ਤਾਰੇ ਤੇਰੇ ਆਲੇ ਦੁਆਲੇ
ਘੇਰਾ ਬਣਾ ਲੈਂਦੇ ਨੇ
ਤੇ ਤੂੰ ਉਹਨਾਂ ਦੀ ਰੋਸ਼ਨੀ 'ਚ
ਖਿੜੇ ਫੁੱਲ ਵਾਂਗ ਮੁਸਕਰਾ ਉਠਦੀ ਏ
ਫਿਰ ਮੈਂ ਆਪਣੇ ਬੁੱਲਾਂ ਦੀ
ਕੋਸੀ ਠਾਰ
ਤੇਰੇ ਮੱਥੇ 'ਤੇ ਰੱਖ ਦੇਣਾ
ਤਾਂ ਹੌਲੀ ਜਿਹੀ ਚੰਨ
ਆ ਜਾਂਦਾ ਏ
ਮੇਰੇ ਚੁੰਮਣ ਨੂੰ ਸਜਦਾ ਕਰਨ
ਤੂੰ ਆਪਣੇ ਨਿੱਘੇ ਅਹਿਸਾਸ ਨਾਲ
ਮੇਰੇ ਚਹਿਰੇ ਨੂੰ ਫੜ ਲੈਂਦੀ ਏ
ਆਪਣੀਆਂ ਹਥੇਲੀਆਂ 'ਚ
ਤੇ ਤੇਰੇ ਸਾਹਾਂ ਦੀ ਮਹਿਕ
ਮੇਰੇ ਅੰਦਰ ਭਰ ਦਿੰਦੀ ਏ
ਜੀਵਨ ਦੇ ਅਨਮੋਲ ਰੰਗ
ਆਪਾਂ ਦੋਵੇ ਗੁਵਾਚ ਜਾਣੇ ਆ
ਇਸ ਸਾਰੀ ਕਾਇਨਾਤ 'ਚ
ਬਣ ਕੇ ਹਵਾ ਦੇ ਬੁਲੇ
ਤੇ ਸਵੇਰ ਤੱਕ ਵੰਡਦੇ ਆ
ਕੁਦਰਤ ਦੇ ਹਰ ਜ਼ਰੇ ਨੂੰ
ਇਸ਼ਕੇ ਦੇ ਰੰਗ ...........

17. ਸਾਹਾਂ ਦੀ ਤਸਬੀਹ

ਸਾਹਾਂ ਦੀ ਤਸਬੀਹ 'ਤੇ
ਤੇਰਾ ਨਾਂ ਉਕਰ ਆਇਆ ਹੈ
ਸ਼ਾਇਦ ਮੈਂ
ਤੈਨੂੰ ਇਸ਼ਕ ਕਰਨ ਲਗ ਪਿਆ ਹਾਂ
ਤੈਨੂੰ ਕੀ ਲੱਗਦਾ ਹੈ ਕਿ
ਹੋਰ ਇਸ਼ਕ ਕਿਸਨੂੰ ਕਹਿੰਦੇ ਨੇ ...???
ਆ ਵੇਖ
ਤੇਰੇ ਸਾਹਾਂ ਦੀ ਖੁਸ਼ਬੋਈ ਨੇ
ਮੇਰੇ ਆਲੇ ਦੁਆਲੇ
ਇੱਕ ਘੇਰਾ ਬਣਾਇਆ ਹੋਇਆ ਹੈ
ਜਿਵੇਂ ਤੂੰ ਆਪ ਇਤਰ ਵਾਂਗ
ਮੇਰੇ ਅੰਦਰ ਉਤਰ ਗਈ ਹੋਵੇਂ
ਸੱਚੀ ਹੁਣ ਸਾਹ ਲੈਣਾ
ਪਹਿਲਾਂ ਨਾਲੋਂ ਵੀ ਜਿਆਦਾ
ਹਸੀਨ ਲੱਗਦਾ ਹੈ
ਮਰਜਾਣੀਏ.....

18. ਮੈਂ ਲਫ਼ਜ਼ਾਂ ਨੂੰ

ਮੈਂ ਲਫ਼ਜ਼ਾਂ ਨੂੰ
ਹੌਲੀ ਜਿਹੀ ਪੁੱਛਿਆ ਕਿ
ਗੀਤ, ਗ਼ਜ਼ਲ ਤੇ ਕਵਿਤਾ........
ਇਹਨਾਂ ਦਾ ਸਿਰਨਾਵਾਂ ਕੀ ਹੈ..?
ਉਹਨਾਂ ਮੇਰੇ ਅੰਦਰ ਝਾਕਿਆ
ਤੇ ਮੁਸਕਰਾਉਂਦੇ ਹੋਏ
ਮੇਰੇ ਮੱਥੇ 'ਤੇ ਉਕਰ ਗਏ
ਬਣਕੇ ਤੇਰਾ ਨਾਂ
ਸੱਚੀ ਤੂੰ ਤਾਂ
ਨਿਰੀ ਮੁਹੱਬਤ ਜਿਹੀ ਏਂ ....

19. ਹਨੇਰਾ ......

ਹਨੇਰਾ ......
ਹੌਲੀ ਜਿਹੀ
ਰੁੱਖਾਂ ਦੇ ਸਿਰ 'ਤੇ
ਪੱਬ ਧਰਦਾ
ਅਚਾਨਕ
ਕੁੱਝ ਕੁ ਪਲਾਂ ਵਿੱਚ
ਧਰਤੀ ਦੀ ਹਿੱਕ 'ਤੇ ਫੈਲ ਗਿਆ
ਦਰਵਾਜ਼ੇ ਦੀ ਕੁੰਡੀ
ਦਹਲੀਜ਼ ਦੀ ਰਾਖੀ ਲਈ
ਲਟਕਣਾ ਛੱਡ
ਚੌਕੀਦਾਰੀ ਕਰਨ ਲਗ ਗਈ
ਦੀਵੇ.....
ਬਾਹਾਂ ਫੈਲਾ
ਚਾਰ ਚੁਫੇਰੇ
ਆਪਣਾ ਚਾਨਣ ਵੰਡਣ ਲਗੇ
ਕਿਤਾਬ ਪੜ੍ਹਦਿਆਂ ਪੜ੍ਹਦਿਆਂ
ਤੂੰ ਇੱਕ ਪਾਤਰ ਦਾ ਲੜ ਫੜ
ਮਲੋ ਮਲੀ
ਮੇਰੇ ਅੰਦਰ ਆ ਉਤਰਿਆ
ਸੱਚ ਦਸਾਂ
ਤੈਨੂੰ ਰੋਕ ਪਾਉਣਾ
ਮੇਰੇ ਵੱਸ ਦੀ ਗੱਲ ਨਹੀਂ
ਤੂੰ ਤਾਂ ਸਾਹਾਂ ਵਾਂਗ ਲੱਗਦਾ ਏਂ

20. ਕਮਲੀਏ...!!

ਕਮਲੀਏ...!!
ਤੂੰ ਨਹੀਂ ਜਾਣਦੀ
ਤੇਰੀ ਚੁੱਪ ਵੇਲੇ ਦੇ
ਮੱਧਮ ਸਾਹਾਂ ਦੀ ਖੁਸ਼ਬੋਈ
ਮੇਰੇ ਸਾਹਾਂ ਨੂੰ
ਆਪਣੀ ਗਲਵਕੜੀ 'ਚ ਲੈ ਲੈਂਦੀ ਹੈ
ਤੇ ਮੈਂ ਤੇਰੇ ਰੰਗ ਵਿੱਚ ਰੰਗਿਆ
ਪੈਰੀ ਇਸ਼ਕੇ ਦੇ ਘੁੰਗਰੂ ਪਾ
ਥਈਆ ਥਈਆ ਕਰਦਾ.....
ਕਦੇ ਤਿੱਤਲੀ ਵਾਂਗ
ਫੁੱਲਾਂ ਨੂੰ ਗੱਲ ਲਾਉਣਾ...
ਕਦੇ ਰੰਗਾਂ ਨੂੰ ਪਿੰਡੇ ਉਤੇ ਮੱਲ
ਅੰਬਰ 'ਤੇ ਇੰਦਰਧਨੁਸ਼ ਵਾਂਗ ਫੈਲ ਜਾਣਾ...
ਕਦੇ ਨਦੀ ਦੇ ਵੇਹੜੇ
ਉਤਰ ਜਾਣਾ
ਬਣਕੇ ਰਿਸ਼ਮ ਦਾ ਇੱਕ ਟੁਕੜਾ...
ਕਦੇ ਚੰਨ ਦੀ ਚਮਕ ਨਾਲ
ਹਨੇਰੇ ਦੀ ਪਿੱਠ ਉਪਰ
ਲਿਖ ਦੇਣਾ
ਤੇਰੇ ਮੇਰੇ ਸਾਥ ਦੇ
ਸਾਹਾਂ ਦੀ ਕਹਾਣੀ...
ਹੁਣ ਤੂੰ ਹੀ ਦੱਸ
ਤੂੰ ਕੁਝ ਬੋਲਣਾ ਚਾਹੁੰਦੀ ਏਂ ਕਿ
ਬਣਨਾ ਚਾਹੁੰਦੀ ਏਂ
ਮੇਰੀ ਹਾਨਣ......

21. ਹਵਾਂ ਜਦੋਂ ਰੁਮਕ ਕੇ

ਹਵਾਂ ਜਦੋਂ ਰੁਮਕ ਕੇ
ਮੇਰੇ ਕੋਲ ਦੀ ਲੰਘਦੀ
ਧੁੱਪ ਜਦੋਂ
ਪੱਤਿਆਂ ਦੇ
ਗੱਲ ਲਗ
ਨਿੰਮਾਂ ਨਿੰਮਾਂ ਹੱਸਦੀ....
ਚਾਨਣੀ ਜਦੋਂ
ਹੌਲੀ ਜਿਹੀ
ਨਦੀ ਦੇ ਪਿੰਡੇ 'ਤੇ
ਆਪਣਾ ਨਾਂ ਲਿਖਦੀ .....
ਫੁੱਲ ਜਦੋਂ
ਸ਼ਬਨਮ ਨੂੰ ਮਿਲ
ਮਿੱਠਾ ਮਿੱਠਾ ਸ਼ਰਮਾਉਂਦੇ .....
ਸੱਚੀ ਮੈਨੂੰ
ਛਣ ਛਣ ਕਰ ਗਾਉਂਦੇ
ਤੇਰੀਆਂ ਝੁੱਮਕੀਆਂ ਦੇ ਬੋਲ ਯਾਦ ਆਉਂਦੇ
ਹਾਏ...!!
ਤੂੰ ਤੇ ਤੇਰੀਆਂ ਝੁੱਮਕੀਆਂ ........

22. ਤੂੰ....!!!

ਤੂੰ....!!!
ਸ਼ਾਇਦ ਨਹੀਂ ਜਾਣਦੀ ਕਿ
ਤੇਰੇ ਅੰਦਰ ਦੀ ਕਸਤੂਰੀ
ਇੰਨੀ ਮਹਿਕਦੀ ਹੈ
ਕਿ
ਤੂੰ........ ਆਪ
ਇਸ਼ਕ ਦੇ ਹਰ ਹਰਫ਼ ਦੀ
ਹਿੱਸੇਦਾਰ ਬਣ ਜਾਂਦੀ ਏਂ......

23. ਕਮਲੀਏ..ਤੂੰ ਸੱਚ ਕਿਹਾ

ਕਮਲੀਏ........
ਤੂੰ ਸੱਚ ਕਿਹਾ
ਭਰੇ ਪਿਆਲੇ ਜੇ ਡੁਲ੍ਹ ਜਾਂਦੇ ਨੇ
ਤਾਂ ਕੁਝ ਮੇਰੀਆਂ ਲਕੀਰਾਂ ਦਾ ਹੀ
ਕਸੂਰ ਹੋਵੇਗਾ !
ਪਰ ਚੱਲ ਆ
ਆਪਾਂ ਦੋਵੇਂ ਮਿਲਕੇ
ਇਹਨਾਂ ਲਕੀਰਾਂ ਨੂੰ ਸਵਾਰੀਏ
ਤੇ ਡੁਲ੍ਹਦੇ ਪਿਆਲਿਆਂ ਨੂੰ
ਬੁੱਲਾਂ ਤਕ ਲੈ ਜਾਈਏ
ਲਫ਼ਜ਼ਾਂ ਦੀ ਸਾਂਝ ਨੂੰ
ਜਜ਼ਬਾਤਾਂ ਦੇ ਜਿਸਮਾਂ ਤੋਂ ਪਾਰ
ਰੂਹਾਂ ਦੇ ਵੇਹੜੇ
ਫੁੱਲਾਂ ਵਾਂਗ ਖਿੜਨਾ ਲਾਈਏ
ਵੇਖੀ ਫਿਰ ਮੇਰਾ ਖਿਆਲ
ਖੁਸ਼ਬੂ ਵਾਂਗ ਤਿਰ ਜਾਣ ਦੀ ਜਗ੍ਹਾ
ਤੇਰੇ ਅੰਦਰ ਹੀ
ਉੱਗ ਜਾਵੇਗਾ
ਬਣਕੇ ਰੁੱਖ
ਹਰ ਸਾਹ
ਖੁਸ਼ਬੋਈ ਨਾਲ ਭਰਿਆ
ਲਫ਼ਜ਼ ਤੇਰੇ ਅਗੇ
ਆਪ ਸਿਜਦਾ ਕਰਨਗੇ
ਤੇ ਆਪਾਂ
ਹੱਥ ਫੜ
ਅੰਬਰੀ ਕਿਕੱਲੀਆਂ ਪਾਉਂਦੇ
ਰੱਬ ਨੂੰ ਆਪਣੇ ਨਾਲ
ਇਸ਼ਕ਼ 'ਚ ਰੰਗਣਾ ਸਿਖਾਵਾਂਗੇ
ਚੱਲ ਆ
ਹੁਣ ਆਪਾਂ ਚਲੀਏ ......!!!

24. ਮੇਰੀ ਫ਼ਕੀਰੀ

ਮੇਰੀ ਫ਼ਕੀਰੀ ...
ਤੇਰੀ ਅਮੀਰੀ ...
ਦੋਵੇਂ ਮੇਲ ਨਹੀਂ ਖਾਂਦੇ
ਜਾ ਵੇ ਸੱਜਣਾਂ ਜਾ
ਤੇਰੇ ਰਾਹ ਕੁਝ ਹੋਰ
ਮੇਰੇ ਕੁਝ ਹੋਰ ਨੇ
ਮੈਨੂੰ ਚਾਅ ਹੈ
ਮੁੱਠੀਆਂ ਭਰ ਭਰ
ਚਾਨਣ ਵੰਡਣ ਦਾ
ਤੇ ਤੂੰ ਵਪਾਰੀ
ਘੁੱਪ ਹਨੇਰਿਆਂ ਦਾ .........

25. ਕੰਧਾਂ ਦੀ ਮਿੱਟੀ

ਕੰਧਾਂ ਦੀ ਮਿੱਟੀ ......
ਕਈ ਰੰਗ ਬਦਲ ਚੁਕੀ ਹੈ
ਪਰ ਤੇਰਾ ਨਾਂ
ਹਰ ਰੰਗ 'ਚ ਜਿਉਂਦਾ ਹੈ
ਸੱਚੀ ......
ਤੂੰ ਤਾਂ ਨਿਰੀ
ਮੁਹੱਬਤ ਵਰਗੀ ਏਂ......

26. ਕੁਝ ਵੀ ਚੋਰੀ ਨਹੀਂ

ਕੁਝ ਵੀ ਚੋਰੀ ਨਹੀਂ
ਆਪਾਂ ਦੋਨਾਂ ਵਿਚਕਾਰ
ਆ ਵੇਖ......
ਮੇਰੇ ਸਾਹਾਂ 'ਚ ਲਿਪਟੀ
ਤੇਰੇ ਸਾਥ ਦੀ ਖੁਸ਼ਬੋਈ
ਸਭ ਪਾਸੇ ਇਸ਼ਕੇ ਦੇ ਰੰਗ ਵੰਡੀ ਜਾਂਦੀ ਹੈ
ਤੂੰ ਭਾਵੇਂ ਪਾਣੀ ਨੂੰ ਨਿਚੋੜ
ਤੇ ਭਾਵੇਂ ਧੁੱਪ ਨੂੰ
ਪਿੰਡੇ 'ਤੇ ਮਲ ਕੇ ਵੇਖ ਲੈ
ਭਾਵੇਂ ਚੰਨ ਨੂੰ
ਆਪਣੀ ਬੁੱਕਲ 'ਚ ਲੁੱਕੋ ਲੈ
ਵੇਖੀਂ ਸਭ ਆਪਣੇ ਸਾਥ ਦੀ ਹਾਮੀ ਭਰਨਗੇ
ਤੈਨੂੰ ਇੱਕ ਗਲ ਹੋਰ ਦਸਦਾਂ
ਝੀਲ ਦਾ ਉਹ ਸ਼ਾਂਤ ਪਾਣੀ ਵੀ
ਤੇਰੀਆਂ ਪੰਜੇਬਾਂ ਦੇ ਗੀਤ ਗਾਉਂਦਾ ਹੈ
ਮੈਂ ਕਈ ਵਾਰੀ
ਇਸਦੇ ਕਿਨਾਰੇ ਬੈਠ
ਤੇਰੀ ਆਮਦ ਦੀ ਛਣ ਛਣ ਸੁਣੀ ਹੈ
ਹੁਣ ਇਹ ਨਾ ਆਖੀਂ ਕਿ
ਮੈਂ ਨਿਰਾ ਕਮਲਾ ਹਾਂ
ਜੋ ਲਫਜਾਂ ਦੇ ਜਾਦੂ ਨਾਲ
ਤੇਰੀ ਮੁਸਕਾਨ ਨੂੰ ਖਿੜਨਾ ਲਾਉਂਦਾ ਹਾਂ
ਤੇ ਤੇਰੇ ਚਿਹਰੇ 'ਤੇ ਲਾਲੀ ਵੇਖਣ ਲਈ
ਤੈਨੂੰ ਖਤਾਂ ਦੀਆਂ ਬਾਤਾਂ
ਹਵਾ ਤੇ ਪਾਣੀ ਦੇ ਰਾਹੀ ਪਾਉਂਦਾ ਹਾਂ
ਸਚ ਇਹ ਹੈ ਕਿ
ਕੁਝ ਵੀ ਚੋਰੀ ਨਹੀਂ
ਆਪਾਂ ਦੋਨਾਂ ਵਿਚਕਾਰ .........

27. ਕਮਲਿਆ...!!!

ਕਮਲਿਆ...!!!
ਤੂੰ ਆਪ ਤਾਂ ਕਰ ਲੈਂਦਾ ਏਂ
ਮੈਨੂੰ ਆਪਣੇ ਹਾਣ ਦਾ
ਫਿਰ ਹੌਲੀ ਜਿਹੀ
ਮੇਰੀ ਮੁੱਠੀ 'ਚ ਭਰ ਜਾਣਾ ਏਂ
ਸ਼ਬਨਮ ਦੀਆਂ ਬੂੰਦਾਂ ਜਿਹਾ ਹਸਦਾ
ਲਫਜਾਂ ਦਾ ਬਾਗ਼.......
ਤੇ ਮੈਂ ਜਿਵੇਂ ਹੀ ਮੁੱਠੀ ਖੋਲਦੀ ਹਾਂ
ਮੇਰੇ ਹੱਥੋਂ ਖਿਸਕ
ਹਵਾ ਵਿੱਚ ਖਿਲਰ ਜਾਂਦੇ ਨੇ
ਇਹ ਲਫਜ਼
ਤੇ ਵੇਖਦਿਆਂ ਹੀ ਵੇਖਦਿਆਂ
ਸਾਰਾ ਅੰਬਰ
ਮਹਿਕ ਉਠਦਾ ਹੈ
ਆਪਣੇ ਸਾਥ ਦੀ ਖੁਸ਼ਬੋਈ ਨਾਲ .....
ਉਹ ਤੇਰਾ
ਮੱਥੇ 'ਤੇ ਲੀਤਾ ਚੁੰਮਣ
ਚੰਨ ਦੀਆਂ ਰਿਸ਼ਮਾ ਨੂੰ
ਨੰਗੇ ਪੈਰੀ
ਮੇਰੇ ਅੰਦਰ ਇੰਝ ਉਤਰ ਦਿੰਦਾ ਹੈ
ਜਿਵੇਂ ਚੰਨ
ਮੇਰੇ ਅੰਦਰ ਹੀ ਰਹਿੰਦਾ ਹੋਵੇ ......
ਜਦੋ ਤੇਰੇ ਸਾਹ
ਮੇਰਾ ਸਾਹਾਂ ਨੂੰ
ਆਪਣੇ ਨਿਘ ਦੀ ਗਲਵਕੜੀ 'ਚ ਲੈਂਦੇ ਨੇ
ਤੇ ਸਾਰੀ ਕਾਇਨਾਤ
ਮੇਰੇ ਪੈਰਾਂ 'ਚ ਪੰਜੇਬ ਬਣ
ਛਣ ਛਣ ਕਰਨ ਲਗ ਜਾਂਦੀ ਹੈ .....
ਹੁਣ ਤੂੰ ਹੀ ਦਸ
ਮੈਂ ਭਲਾ ਕਿਵੇਂ ਸਿਖਾਉਂਦੀ ਆ
ਮੁਹੱਬਤ ਨੂੰ ਜਿਉਣਾ
ਇਹ ਤਾਂ ਸਭ
ਤੂੰ ਕਰਦਾ ਏਂ ...............

28. ਕਮਲੀਏ ......

ਕਮਲੀਏ ......
ਇਹ ਕਹਿਣ ਦੀ
ਕੋਈ ਲੋੜ ਨਹੀਂ
ਕਿ ਜਿਵੇਂ ਕਹੇਂਗਾ
ਤੇਰੀ ਯਾਦ 'ਚ ਵੱਸ ਜਾਵਾਂਗੀ

ਅੱਛਾ....!
ਹੋਰ ਕਿ ਕਹਾਂ ਫਿਰ...?

ਕੁਝ ਨਾ ਕਹਿ
ਬਸ ਮੇਰੀ ਧੜਕਨ ਨੂੰ ਸੁਣ

ਕਮਲਾ ਨਾ ਹੋਵੇ
ਉਹ ਤਾਂ ਮੈਂ ਹਰ ਵੇਲੇ ਸੁਣਦੀ ਆ
ਆ ਵੇਖ ਮੇਰੇ ਅੰਦਰ ਵੀ
ਤੇਰਾ ਨਾਂ ਗੂੰਜਦਾ ਹੈ

ਹਾਏ...
ਤੇਰੀਆਂ ਇਹੋਂ ਗਲਾਂ
ਮੇਰੇ ਅੰਦਰ ਉਤਰ ਜਾਂਦੀਆ ਨੇ

ਆਹੋ ਜੀ ਆਹੋ ..
ਗਲਾਂ ਆਪ ਬਣਾਉਂਦਾ ਏਂ
ਤੇ ਕਹਿੰਦਾ ਮੈਨੂੰ ਏਂ
ਭਾਲਾ ਖਰਾਬ ਏਂ ਤੂੰ

ਕਮਲੀਏ ......
ਤੇਰੇ ਹੀ ਸ਼ਬਦ ਨੇ
ਜੋ ਮੈਨੂੰ ਇੰਝ
ਪੱਬਾਂ ਭਾਰ ਕਰ ਦਿੰਦੇ ਨੇ

ਆ ਵੇਖ ...
ਫਿਰ ਮੇਰਾ ਨਾਂ ਲੈਕੇ
ਆਪ ਸਭ ਕੁਝ ਕਹਿ ਜਾਂਦਾ ਏਂ

ਸਚ ਦਸਾਂ
ਸਭ ਕੁਝ ਤੇਰਾ ਹੀ ਹੈ
ਇਹ ਸ਼ਬਦ ਵੀ
ਇਹ ਬੋਲ ਵੀ
ਮੈਂ ਵੀ .............

ਹਾਏ .....!!!
ਸਾਰਿਆ ਸਾਮਣੇ
ਇੰਝ ਸਚ ਨਾ ਬੋਲ
ਮੈਨੂੰ ਸੰਗ ਲਗਦੀ ਹੈ.......

29. ਮੈਂ ਤੇ ਮੇਰੀ ਦੇਹ

ਮੈਂ ਤੇ ਮੇਰੀ ਦੇਹ
ਸਮੇ ਦੀ ਮਾਰ ਨਾਲ
ਖੁਦ ਨੂੰ
ਮਹਿਫੂਜ ਨਹੀਂ ਸਮਝ ਰਹੇ ਸੀ
ਮੇਰੀ ਚੰਮ
ਹੌਲੀ ਹੌਲੀ
ਭੁਰ ਕੇ ਲਹਿ ਰਹੀ ਸੀ
ਅਚਾਨਕ
ਕੁਝ ਇਨਸਾਨਾਂ ਨੇ
ਮੈਨੂੰ ਛੋਹ ਕੇ ਵੇਖਿਆ
ਤੇ ਮੇਰੀ ਪੀੜਾ ਨਾਲ
ਉਹਨਾਂ ਦੀਆਂ ਅੱਖੀਆਂ ਨਮ ਹੋ ਗਈਆਂ
ਉਹਨਾਂ ਨੇ ਮੇਰੇ ਇਕਲੇਪਣ ਨੂੰ
ਮੇਰੀ ਹਾਲਤ ਦਾ ਜਿੰਮੇਵਾਰ ਮੰਨ ਲਿਆ
ਤੇ ਮੇਰੀ ਤੰਦਰੁਸਤੀ ਲਈ
ਮੈਨੂੰ ਨਵਾਂ ਰੂਪ ਦੇਣ ਦਾ ਯਤਨ ਕੀਤਾ
ਹੌਲੀ ਹੌਲੀ ਮੇਰੀ ਦੇਹ ਸਵਾਰੀ
ਮੈਨੂੰ ਰੰਗਾਂ ਨਾਲ ਰੰਗ
ਮੇਰੀ ਦੇਹ 'ਤੇ ਕਈ
ਤਸਵੀਰਾਂ ਉਕੇਰ ਦਿਤੀਆਂ
ਮੈਂ ਵੇਖਦੇ ਹੀ ਵੇਖਦੇ
ਮਾਨਵਤਾ ਦੀ ਮੂਰਤ ਬਣ ਗਿਆ
ਦੋਸਤੋ ਮੈਂ ਉਹੀ
ਸੁਕ ਚੁਕਿਆ ਰੁੱਖ ਹਾਂ
ਜੋ ਹੁਣ ਤੁਹਾਡੇ ਲਈ
ਭਾਈਚਾਰੇ ਦੇ ਸੁਨੇਹੇ ਵੰਡਦਾ
ਇਹ ਸਭ ਰੰਗਾਂ ਦਾ ਕੰਮ ਨਹੀਂ
ਸਗੋਂ ਤੁਹਾਡੇ ਹੱਥਾਂ ਦੀ ਛੋਹ ਨਾਲ
ਮਿਲਿਆ ਮੁਹੱਬਤ ਦਾ ਅਸਰ ਹੈ
ਮੈਨੂੰ ਹੁਣ ਗਲ ਲਗਾ ਕੇ ਵੇਖੋ
ਮੈਂ ਯਕੀਨਣ ਤੁਹਾਡੇ ਅੰਦਰ
ਸਕੂਣ ਭਰਾਂਗਾ
ਮੁਹੱਬਤ ਭਰਾਂਗਾ ..........

30. ਮੈਨੂੰ ਇਹ ਸੁਨੇਹਾ

ਮੈਨੂੰ ਇਹ ਸੁਨੇਹਾ
ਹਵਾਵਾਂ ਹੱਥੀ ਆਇਆ ਸੀ
ਕਿ ਤੂੰ ਮੇਰੀ ਸਵੇਰ ਮਹਿਕਾਉਣ ਲਈ
ਰਾਤ ਤੇ ਆਸਮਾਂ ਨੂੰ
ਚੁਣਿਆ ਹੈ
ਮੇਰੀ ਸੋਹਣੀਏ.....
ਮੈਂ ਰਾਤ ਦਾ ਹੀ ਆਪਣੇ ਵੇਹੜੇ 'ਚ ਬੈਠਾ ਹਾਂ
ਕਿਥੇ ਕੋਈ ਸ਼ਬਨਮ ਦੀ ਬੂੰਦ
ਮੈਥੋ ਜਾਇਆ ਨਾ ਹੋ ਜਾਵੇ
ਤੇ ਮੈਂ ਆਪਣੀਆਂ ਬਾਹਾਂ ਦਾ ਖੇਤਰਫਲ
ਆਪਣੀ ਹੋਂਦ ਨਾਲੋ ਉਚਾ ਚੁਕ
ਤੇਰੀ ਹਰ ਦੁਆ ਨੂੰ
ਆਪਣੀ ਗਲਵਕੜੀ 'ਚ ਸਮੋ ਲਿਆ
ਤੇ ਆਪਣਾ ਮੱਥਾ ਆਸਮਾਂ ਵੱਲ ਕਰ
ਤੇਰਾ ਹਰ ਚੁੰਮਣ
ਸ਼ਿੰਗਾਰ ਵਾਂਗ ਸਜਾ ਲਿਆ
ਸਚ ਜਾਣੀ
ਇਹੋ ਜਿਹੀ ਸਜਰੀ ਸਵੇਰ ਲਈ
ਮੈਂ ਜਾਗ ਸਕਦਾ ਹਾਂ
ਇਕ ਦੋ ਰਾਤਾਂ ਨਹੀਂ ਬਲਕਿ
ਪੂਰੀ ਉਮਰ
ਬਸ ਤੂੰ ਇੰਝ ਹੀ ਮਹਿਕਾਉਂਦੀ ਰਹੀ
ਮੇਰੀ ਸਵੇਰ ਨੂੰ ....

31. ਤੈਨੂੰ ਇੱਕ ਗੱਲ ਦਸਾਂ ..?

ਤੈਨੂੰ ਇੱਕ ਗੱਲ ਦਸਾਂ ..?

ਹਾਂ ਦੱਸ .....

ਤੇਰੀ ਯਾਦ ਆਉਂਦਿਆ ਹੀ
ਅਕਸਰ ਬਦਲ ਜਾਂਦਾ ਏਂ
ਮੇਰੀਆਂ ਅੱਖੀਆਂ ਦਾ ਮੌਸਮ ...

ਝੱਲਾ ਜਿਹਾ....
ਤੂੰ ਪਤਾ ਨਹੀਂ ਕੀ ਕੀ
ਸ਼ਬਦਾਂ ਨਾਲ ਕਹਿੰਦਾ ਰਹਿੰਦਾ ਏਂ

ਮੈਂ ਕੌਣ ਹੋਣਾ, ਕੁਝ ਕਹਿਣ ਵਾਲਾ
ਇਹ ਤਾਂ ਤੇਰਾ ਮੌਨ ਹੋਣਾ ਹੀ
ਮੈਨੂੰ ਸਭ ਸਿਖਾ ਦਿੰਦਾ ਏਂ

ਕਮਲਿਆ ....
ਮੈਂ ਕੌਣ ਹੁਣੀ ਆਂ
ਤੈਨੂੰ ਕੁਝ ਸਿਖਾਉਣ ਵਾਲੀ

ਆਪਣੀ ਚੁੱਪ ਤੋ ਪੁੱਛ
ਜੋ ਮੇਰੇ ਅੰਦਰ ਉਗਾ ਦਿੰਦੀ ਏਂ
ਅਨਗਿਣਤ ਸ਼ਬਦਾਂ ਦੇ ਬਾਗ

ਹਾਏ ਰੱਬਾ....
ਇਹ ਤਾਂ ਨਿਰਾ ਹੀ
ਸ਼ੁਦਾਈ ਹੋ ਗਿਆ ਹੈ

ਹਾਂ ਜੀ......
ਇੱਕ ਸ਼ੁਦੈਨ ਨੇ
ਮੈਨੂੰ ਆਪਣੇ ਹਾਣ ਦਾ ਕਰ ਲਿਆ ਏਂ....

32. ਕੁਝ ਲਫਜ਼

ਕੁਝ ਲਫਜ਼
ਤੈਨੂੰ ਵੇਖ ਕੇ
ਆਪੇ ਹੀ
ਚੁੱਪ ਹੋ ਜਾਂਦੇ ਨੇ
ਕੁਝ ਲਫਜ਼
ਤੇਰੇ ਲਈ
ਆਪੇ ਹੀ
ਬੋਲ ਉਠਦੇ ਨੇ
ਸੱਚ ਦੱਸਾਂ ਤਾਂ
ਲਫਜ਼ ਸਭ ਓਹੀ ਨੇ
ਬਸ ......!
ਤੇਰੇ ਸਾਥ ਦਾ ਕਮਾਲ ਏਂ
ਜੋ ਲਫਜ਼
ਰੂਪ ਬਦਲ ਲੈਂਦੇ ਨੇ ..........

33. ਮੈਂ ਆਪਣੇ ਤਨ 'ਤੇ

ਮੈਂ ਆਪਣੇ ਤਨ 'ਤੇ
ਹੰਢਾਏ ਕਈ ਮੌਸਮ
ਸਰਦੀ ਗਰਮੀ
ਧੁੱਪ ਮੀਂਹ .....
ਚੁੱਪ ਦੇ ਇਕਲਾਪੇ
ਅਕਸਰ ਮੇਰੀ ਦੇਹ ਨੂੰ
ਇੰਝ ਖੁਰਚਦੇ
ਜਿਵੇਂ ਕਿ ਮੈਂ
ਮਰਿਆ ਜਾਨਵਰ ਹੋਵਾਂ
ਤੇ ਉਹ ਪੰਛੀ ਬਣ
ਮੇਰਾ ਮਾਸ ਨੋਚਣ
ਮੈਂ ਫਿਰ ਵੀ
ਹਵਾ ਦੇ ਇੱਕ ਬੁਲੇ ਨਾਲ
ਖਿਲ ਖਿਲਾਉਂਦਾ
ਬਲਦੀ ਧੁੱਪੇ
ਮੈਂ ਵੰਡਾ ਛਾਵਾਂ
ਭਾਵੇ ਧੁੱਪ ਦੀ ਮਾਰ
ਮੇਰੀ ਦੇਹ ਨੂੰ
ਹੌਲੀ ਹੌਲੀ ਸਾੜਦੀ
ਸਚ ਜਾਣੀ
ਮੈਂ ਕੋਈ ਰੱਬ ਨਹੀਂ
ਨਾ ਹੀ ਮੈਂ ਕੋਈ ਦੇਵਤਾ
ਮੈਂ ਤਾਂ ਬਸ ਇੱਕ ਸਧਾਰਣ ਜਿਹਾ
ਬਿਰਖ ਹਾਂ
ਹਾਂ ਮੈਂ ਬਿਰਖ ਹਾਂ ..........

34. ਵੰਝਲੀ ਦੇ ਬੋਲ

ਵੰਝਲੀ ਦੇ ਬੋਲ
ਮੇਰੇ ਕੰਨੀ ਪਏ
ਸੁਣਦਿਆਂ ਹੀ
ਮੇਰੇ ਅੰਦਰ
ਇੱਕ ਝੀਲ ਆ ਬੈਠੀ ...........
ਮੈਂ ਉਸ 'ਚ
ਆਪਣਾ ਅਕਸ ਵੇਖਿਆ
ਜੋ ਹਲਕਾ ਹਲਕਾ
ਮੁਸਕਰਾ ਰਿਹਾ ਸੀ
ਉਸਦੀਆਂ ਅੱਖੀਆਂ 'ਚ
ਸੱਜਣਾਂ ਦੀ ਮੂਰਤ
ਲਿਸ਼ਕਾ ਮਾਰ ਰਹੀ ਸੀ
ਉਸਨੇ ਹੌਲੀ ਜਿਹੀ
ਪਲਕਾਂ ਬੰਦ ਕੀਤੀਆਂ
ਤੇ ਸੱਜਣਾਂ ਨੂੰ ਆਪਣੇ ਅੰਦਰ
ਕ਼ੈਦ ਕਰ ਲਿਆ
ਹੁਣ ਵੰਝਲੀ ਜਿਵੇਂ ਜਿਵੇਂ
ਹੋਰ ਮਿੱਠੀ ਹੋਈ ਜਾਵੇ
ਉਵੇਂ ਉਵੇਂ ਹੀ
ਅਕਸ ਦੀਆਂ ਅੱਖੀਆਂ
ਘੁਟ ਘੁਟ ਮੀਚੀਆਂ ਜਾਉਣ
ਅਕਸ ਦਾ ਦਿਲ ਬੋਲਿਆ
ਵੇ......ਚੰਦਰਿਆ
ਵੰਝਲੀ ਵਾਲਿਆ.......
ਤੈਨੂੰ ਤੇਰੇ ਮਹਿਬੂਬ ਦਾ ਵਾਸਤਾ
ਹੁਣ ਵੰਝਲੀ ਦੀ ਲੈਅ ਨਾ ਛੱਡੀ
ਮਸਾਂ ਮਸਾਂ
ਮੇਰਾ ਮਹਿਬੂਬ
ਮੇਰੇ ਨੈਣੀਂ ਆਉਣ ਬੈਠਾ ਏਂ.....
ਇਹ ਸੁਣ
ਵੰਝਲੀ ਵਾਲੇ ਦੇ ਨੈਣ ਵੀ ਬੰਦ ਹੋ ਗਏ
ਤੇ ਮਿੱਠੀ ਧੁਨ ਨੇ
ਹਵਾ ਨੂੰ ਆਪਣੀ
ਗਲਵਕੜੀ ਵਿੱਚ ਲੈ ਲਿਆ ......

35. ਚੰਨ....!

....ਚੰਨ....!
ਰੋਜ ਰਾਤ ਨੂੰ
ਮੇਰਾ ਹੱਥ ਫੜ
..ਤੇਰੇ.....
ਸਾਹਾਂ ਦੀ ਖੁਸ਼ਬੋਈ ਨਾਲ
ਮੈਨੂੰ ਘੁਲਣਾ
ਸਿਖਾ ਦਿੰਦਾ ਏਂ..........

ਤੂੰ ਵੀ ਮਰਜਾਣੀਏ
ਮੇਰਾ ਮੱਥਾ ਚੁੰਮ
ਮੈਨੂੰ ਆਪਣੇ
ਹਾਣ ਦਾ ਕਰ ਲੈਣੀ ਏਂ......

ਮੈਂ ਕਮਲਾ
ਤੇਰੀ ਇੱਕ ਇੱਕ ਧੜਕਨ ਨੂੰ
ਆਪਣੇ ਪੋਟਿਆਂ ਦੇ
ਨਿਘ੍ਹ ਨਾਲ ਛੋਹ ਕੇ
ਆਪਣੇ ਮਨ ਦੇ ਬਰੂਹੇ ਜਗਾ ਲੈਣਾ
ਤੇਰੇ ਨਾਂ ਦਾ ਦੀਵਾ.......

ਸੱਚੀ...!
ਤੂੰ ਕਿੰਨੀਂ
ਸੱਚੀ ਤੇ ਪਵਿੱਤਰ ਏਂ
ਤੈਨੂੰ ਛੋਹ ਕੇ
ਮੈਂ ਆਪ ਹੋ ਜਾਣਾ
ਵਗਦੇ ਪਾਣੀ ਜਿਹਾ ਨਿਰਮਲ.....

36. ਤੇਰੀ ਚੁਪ ਨੇ

ਤੇਰੀ ਚੁਪ ਨੇ
ਮੇਰੀ ਚੁਪ ਨੂੰ
ਆਪਣੇ
ਅੰਦਰ ਉਤਾਰਿਆ
ਤਾਂ ਬੋਲਾਂ ਦੀ ਸਾਂਝ
ਆਪੇ ਹੀ
ਸਿਰਜੀ ਗਈ
ਆਪਾਂ ਦੋਨਾਂ ਦੇ ਵਿਚਕਾਰ ....
ਤੇਰੇ ਮਨ ਤੋ ਲੈ ਕੇ
ਮੇਰੇ ਮਨ ਤਕ
ਬੋਲਾਂ ਦਾ ਇਕ ਪੁਲ
ਇੰਝ ਉਕਰ ਆਇਆ
ਜਿਵੇਂ
ਤੂੰ ਧਰਤੀ
ਤੇ ਮੈਂ ਅੰਬਰ ਹੋਵਾਂ
ਮੈਂ ਵਰ ਵਰ ਗਿਆ
ਤੇ ਤੂੰ ਬਾਹਾਂ ਖੋਲ ਕੇ
ਮੈਨੂੰ ਗਲ ਲਾ ਲਿਆ
ਆਪਾਂ ਦੁਰ ਹੋ ਗਏ
ਇਹਨਾਂ ਹਾਰ ਜਿੱਤਾਂ ਤੋਂ
ਤੇ ਸਿਰਜੀ ਗਈ
ਇਕ ਕਵਿਤਾ .....
ਆਪਣੇ ਸਾਥ ਦੀ ਕਵਿਤਾ.....

37. ਮੈਂ ਕਈ ਵਾਰੀ

ਮੈਂ ਕਈ ਵਾਰੀ
ਇਹ ਸੋਚ ਕੇ ਆਉਂਦਾ ਕਿ
ਮੈਂ ਜੀ ਭਰ ਕੇ ਬੋਲਾਂਗਾ
ਪਤਾ ਨਹੀਂ ਕਿਉਂ
ਤੇਰੇ ਸਾਮਣੇ ਆਉਂਦੇ ਹੀ
ਸ਼ਬਦ ਬੁੱਲ੍ਹਾਂ 'ਤੇ ਹੀ ਰੁੱਕ ਜਾਂਦੇ ਨੇ
ਤੇ ਮੇਰੀ ਆਵਾਜ਼
ਅਗਿਆਤਵਾਸ ਨੂੰ ਗਲ ਲਾ ਲੈਂਦੀ ਏਂ
ਫਿਰ ਤੇਰੇ ਨਰਮ ਹੱਥਾਂ ਦੀ ਛੋਹ
ਮੇਰੇ ਠੰਡੇ ਪਿੰਡੇ ਨੂੰ
ਨਿਘ੍ਹਾਂ ਕਰ ਦਿੰਦੀ ਏ
ਤੇਰੀਆਂ ਹੱਸਦੀਆਂ ਅੱਖੀਆਂ
ਮੇਰੇ ਅੰਦਰ
ਸ਼ਾਂਤੀ ਦਾ ਰੁੱਖ ਭੋ ਦਿੰਦਿਆਂ ਨੇ
ਸੱਚ ਜਾਣੀ
ਤੈਨੂੰ ਤਕ ਕੇ ਮੈਂ
ਆਪ ਹੀ ਇਕ ਰੁੱਖ ਹੋ ਜਾਣਾ ਆ
ਜੋ ਨਦੀ ਕਿਨਾਰੇ ਖੜਿਆ
ਚਾਂਦਨੀ ਰਾਤ 'ਚ ਸ਼ਾਂਤ ਹੁੰਦਾ ਹੈ
ਤੇ ਤੂੰ ਨਦੀ ਬਣ ਵਗਦੀ ਏ
ਮੇਰੇ ਕੋਲ ਕਲ ਕਲ ਕਰਦੀ….

38. ਤੇਰਾ ਹੌਲੀ ਜਿਹੀ

ਤੇਰਾ
ਹੌਲੀ ਜਿਹੀ
ਮੇਰੇ ਨਬਜ ਨੂੰ
ਆਪਣਿਆਂ ਪੋਟਿਆਂ ਦੇ
ਨਿਘ੍ਹ ਨਾਲ ਟੋਹਣਾ
ਮੇਰੀ ਮੌਨ ਨਬਜਾਂ ਨੂੰ
ਬੋਲਾਂ ਦੀ ਬਹਾਰ ਦੇ ਜਾਂਦਾ ਏ
ਮੇਰਾ ਮੱਥਾ ਚੁੰਮ ਕੇ
ਤੇਰਾ ਮੈਨੂੰ ਆਪਣੀ ਗਲਵਕੜੀ 'ਚ ਲੈਣਾ
ਮੇਰੇ ਅੱਧ ਮੋਏ ਸਾਹਾਂ ਨੂੰ
ਫਿਰ ਤੋਂ ਕਰ ਜਾਂਦਾ ਹੈਂ ਜਿਉਂਦਾ
ਬੇਰੰਗੀ ਹੋਕੇ
ਤੇਰੀ ਇੱਕ ਛੋਹ ਨਾਲ
ਰੰਗਾਂ ਦੇ ਸ਼ਰਨੀ ਆ ਜਾਂਦੇ ਨੇ
ਤੇ ਮੇਰੇ ਨੈਣਾਂ ਦੇ ਵਿੱਚ ਤਰਦੇ
ਕੱਚ ਦੇ ਹੰਝੂ
ਤੇਰੇ ਸਾਹਾਂ ਦੇ ਕੋਸੇਪਣ ਨਾਲ ਪਿਘਲ
ਮਲੋ ਮਲੀ ਨਦੀ ਬਣ
ਮੇਰੇ ਚਹਿਰੇ 'ਤੇ ਫੈਲ ਜਾਂਦੇ ਨੇ
ਤੂੰ ਹੌਲੀ ਜਿਹੀ
ਆਪਣੇ ਹੱਥਾਂ ਦੀਆਂ ਲਕੀਰਾਂ 'ਚ
ਇਸ ਨਦੀ ਨੂੰ ਸਮੋ ਲੈਣਾ ਏ
ਤੇ ਮੈਂ ਤੇਰੇ ਹਾਣ ਦੀ ਹੋਕੇ
ਤੇਰੇ ਮੱਥੇ 'ਤੇ ਸਿਰਜ ਦੇਣੀ ਆ
ਚੰਨ ਤਾਰਿਆਂ ਤੇ ਸੂਰਜ ਦੇ ਨਗਰ ਦੀ
ਮਿੱਠੀ ਜਿਹੀ ਕਵਿਤਾ .................

39. ਤੂੰ ...ਸ਼ਾਂਤ ਮਨ ਨਾਲ

ਤੂੰ ........
ਸ਼ਾਂਤ ਮਨ ਨਾਲ
ਮੇਰੇ ਅੰਦਰ ਇੰਝ ਉਤਰ ਜਾਂਦਾ ਹੈਂ
ਜਿਵੇਂ ਮੈਂ ਕੋਈ ਨਦੀ ਹੋਵਾਂ
ਤੇ ਤੂੰ ਹੋਵੇਂ
ਵਰਿਆਂ ਤੋਂ ਪਿਆਸਾ
ਮੇਰਾ ਹੀ ਪਾਣੀ .........

40. ਤੂੰ...ਜਦੋਂ ਹੌਲੀ ਜਿਹੀ

ਤੂੰ...........
ਜਦੋਂ ਹੌਲੀ ਜਿਹੀ
ਮੇਰੇ ਕੋਲ ਆ ਬੈਠਦੀ ਏਂ
ਤੇ ਸ਼ਬਦਾਂ ਦਾ ਰੁੱਖ
ਮਲੋ ਮਲੀ
ਆਪਣੇ ਪੱਤੇ ਝਾੜ ਦਿੰਦਾ ਏਂ
ਮੈਂ ਇਹਨਾਂ ਪੱਤਿਆਂ ਨੂੰ ਸਮੇਟ
ਤੇਰੇ ਪਿੰਡੇ 'ਤੇ
ਵਾਹੁਣ ਲਗ ਜਾਂਦਾ
ਕਵਿਤਾ ਦੀ ਨਗਰੀ
ਤੇਰੇ ਅੰਦਰੋਂ ਉਠਦੀ ਆਹ
ਜਿਵੇਂ ਮੋਈ ਮਿੱਟੀ 'ਚ ਜਾਨ ਪੈ ਗਈ ਹੋਵੇ
ਤੇਰਾ ਸਾਹਾਂ ਦੀ ਖੁਸ਼ਬੋਈ
ਮੇਰੇ ਸਾਹਾਂ ਨੂੰ
ਆਪਣੇ ਨਾਲ ਮਿਲਾਕੇ
ਸਿਖਾ ਦਿੰਦੀ ਏਂ ਮਹਿਕਨਾ
ਤੇਰੇ ਰੋਮ ਰੋਮ ਵਿੱਚ
ਚਾਨਣ ਜਗਮਗਾ ਉਠਦਾ ਏਂ
ਤੇ ਤੂੰ ਜਿਵੇਂ ਉਰਜਾ ਦਾ ਸੋਮਾ ਹੋਵੇਂ
ਫਿਰ ਮੇਰਾ ਜੀ ਕਰਦਾ ਏਂ ਕਿ
ਮੈਂ ਤੇਰੇ ਪਿੰਡੇ 'ਤੇ ਉਲੀਕੀ ਜਾਵਾਂ
ਕਵਿਤਾਵਾਂ ਦੀ ਇਹ ਨਗਰੀ
ਤੇ ਤੂੰ ਚਾਨਣ ਵਾਂਗ ਲਿਸ਼ਕੀ ਜਾਵੇਂ....

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ