Punjabi Poetry : Tarkash Pradeep

ਪੰਜਾਬੀ ਕਵਿਤਾਵਾਂ : ਤਰਕਸ਼ ਪ੍ਰਦੀਪ1. ਗੀਤ-ਮੈਂ ਆਂ ਗੀਤ ਕੋਈ ਐਸਾ ਅਵੱਲੜਾ

ਮੈਂ ਆਂ ਗੀਤ ਕੋਈ ਐਸਾ ਅਵੱਲੜਾ ਕਿ ਜੀਹਦੀ ਕੋਈ ਤਾਲ ਸੁਰ ਨਾ ਮੈਂ ਆਂ ਰੋਂਦੀਆਂ ਅੱਖਾਂ ਦਾ ਸੁਫ਼ਨਾ ਤੇ ਮੇਰਾ ਐ ਅਖ਼ੀਰ ਖੁਰਨਾ ਮੈਂ ਆਂ ਇਸ਼ਕ਼-ਜਮਾਤੇ ਤੇਰਾ ਪਾੜ੍ਹਾ, ਮੈਂ ਐਤਕੀਂ ਵੀ ਫ਼ੇਲ ਹੋਵਣਾ ਤੈਥੋਂ ਸਿੱਖਣਾ ਐ ਸਾਹੀਂ ਵਸ ਜਾਵਣਾ ਮੈਂ ਅਤਰ-ਫ਼ੁਲੈਲ ਹੋਵਣਾ ਮੈਂ ਆਂ ਚਾਕ ਰੰਝੇਟੇ ਵਾਲੀ ਵੰਞਲੀ 'ਤੇ ਹੀਰ ਮੱਤ ਪਿਆ ਫ਼ੁਰਨਾ ਮੈਂ ਆਂ ਰੋਂਦੀਆਂ ਅੱਖਾਂ ਦਾ ਸੁਫ਼ਨਾ ਤੇ ਮੇਰਾ ਐ ਅਖ਼ੀਰ ਖੁਰਨਾ ਲੀਹੇ ਲੀਹੇ ਨੀ ਤੁਰੀਦਾ ਮੈਥੋਂ ਮਾਏ, ਨੀ ਜਿੱਥੇ ਪਏ ਵੱਗ ਤੁਰਦੇ ਲੀਹੇ ਤੁਰਦੇ ਨੇ ਅਕਲਾਂ ਦੇ ਅੰਨ੍ਹੇ ਤੇ ਲਾਏ ਲਾਈਲੱਗ ਤੁਰਦੇ ਮੇਰਾ ਹੋਊ ਕੋਈ ਰਾਹ ਨਿਆਰਾ ਮੈਂ ਜਿੱਥੇ ਝੂਮ-ਝੂਮ ਤੁਰਨਾ ਮੈਂ ਆਂ ਰੋਂਦੀਆਂ ਅੱਖਾਂ ਦਾ ਸੁਫ਼ਨਾ ਤੇ ਮੇਰਾ ਐ ਅਖ਼ੀਰ ਖੁਰਨਾ ਮੈਨੂੰ ਬੁੱਲਾਂ ਨਾਲ ਲਾ ਤੂੰ ਭਾਵੇਂ ਡੋਲ੍ਹ ਦੇ ਮੈਂ ਸੱਜਰੀ ਤ੍ਰੇਲ ਸੱਜਣਾ ਕੱਲ ਫੇਰ ਤੇਰੇ ਦਰ ਢੁੱਕ ਜਾਵਣਾ ਰੋਜ਼ ਦੀ ਮੈਂ ਖੇਲ ਸੱਜਣਾ ਮੈਨੂੰ ਜਾਚ ਨਹੀਂਓਂ ਮਰ ਮੁੱਕ ਜਾਣ ਦੀ ਤੇ ਜੀਵਣੇ ਦਾ ਕੋਈ ਗੁਰ ਨਾ ਮੈਂ ਆਂ ਰੋਂਦੀਆਂ ਅੱਖਾਂ ਦਾ ਸੁਫ਼ਨਾ ਤੇ ਮੇਰਾ ਐ ਅਖ਼ੀਰ ਖੁਰਨਾ

2. ਗੀਤ-ਰਾਤ ਗੁਜ਼ਾਰੇ ਕੌਣ, ਤਾਰੇ ਕੌਣ ਗਿਣੇ

ਚੜ੍ਹਦਾ-ਲਹਿੰਦਾ ਕਿਸਨੇ ਤੱਕਿਆ ਹੋਵੇਗਾ ਹਰ ਕੋਈ ਇੱਥੇ ਅੱਕਿਆ-ਥੱਕਿਆ ਹੋਵੇਗਾ ਕਿੰਨੇ ਲੋਕ ਗੁਆ ਬੈਠੇ ਨੇ ਸਰਮਾਇਆ ਕਿੰਨਿਆਂ ਤੋਂ ਮੂੰਹ ਮੋੜ ਗਿਆ ਹੋਊ ਸਾਇਆ ਮੋਏ ਜਜ਼ਬਿਆਂ ਨੂੰ ਢੋਂਦੇ ਕਿੰਨੇ ਮੋਢੇ ਹਿਜਰ ਦਾ ਬੋਝਾ ਕਿੰਨਿਆਂ ਨੈਣਾਂ ਨੇ ਚਾਇਆ ਕੀਹਨੂੰ ਵਿਹਲ ਸਮੇਂ ਨੇ ਦਿੱਤੀ ਹੋਊਗੀ ਕਿੰਨੇ ਐਥੇ ਕਰਮਾਂ ਮਾਰੇ ਕੌਣ ਗਿਣੇ ਰਾਤ ਗੁਜ਼ਾਰੇ ਕੌਣ, ਤਾਰੇ ਕੌਣ ਗਿਣੇ ਕੀ ਬੀਤੀ ਹੋਣੀ ਐ ਕੀ-ਕੁਝ ਬੀਤ ਰਹੀ ਕਿਓਂ ਅਣਗਹਿਲੀ ਜੀਆ ਜੀ ਦੀ ਰੀਤ ਰਹੀ ਆਪਣੇ ਅੰਦਰ ਵੱਲ ਵੀ ਝਾਤੀ ਪਾਓ ਜ਼ਰਾ ਕਿਸ ਤਨ ਲਾਗ ਰਹੀ ਹੈ ਪਤਾ ਲਗਾਓ ਜ਼ਰਾ ਕਿੰਨੇ ਸਿਰ ਨੇ ਜਿਨ੍ਹਾਂ ਉੱਪਰ ਤਾਜ ਨੇ ਹੁਣ ਕੰਧਾਂ ਕਿੰਨੀਆਂ ਟੱਕਰਾਂ ਦੀ ਮੁਹਤਾਜ ਨੇ ਹੁਣ ਢਹਿ ਗਏ ਕਿੰਨੇ ਹਾਲੇ ਕਿੰਨੇ ਬਾਕੀ ਨੇ ਖ਼ਾਬਾਂ ਵਾਲ਼ੇ ਮਹਿਲ-ਮੁਨਾਰੇ, ਕੌਣ ਗਿਣੇ ਰਾਤ ਗੁਜ਼ਾਰੇ ਕੌਣ, ਤਾਰੇ ਕੌਣ ਗਿਣੇ ਜਿੰਨ੍ਹਾਂ ਦੇ ਹਾਸੇ ਅੰਦਰ ਕਸਤੂਰੀ ਸੀ ਜਿੰਨ੍ਹਾਂ ਦੇ ਸੁਫ਼ਨੇ ਦਾ ਰੰਗ ਸਿੰਦੂਰੀ ਸੀ ਵਾਵਾਂ ਦੀ ਫਿਟਕਾਰਾਂ ਸਹਿਣ ਗਏ ਸਨ ਜੋ ਛੱਡ ਕੇ ਪਿੱਛੇ ਤੱਕਦੇ ਨੈਣ ਗਏ ਸਨ ਜੋ ਉੱਮੀਦਾਂ ਦਾ ਬੋਝਾ ਖੰਬਾਂ 'ਤੇ ਚਾ ਕੇ ਬੋਟਾਂ ਖ਼ਾਤਿਰ ਚੋਗਾ ਲੈਣ ਗਏ ਸਨ ਜੋ ਅੱਧ-ਪਚੱਦੇ ਪਰਤੇ ਹੋਣੇ ਨੇ ਖ਼ਬਰੇ ਪਰਤ ਗਏ ਹੋਣੇ ਨੇ ਸਾਰੇ, ਕੌਣ ਗਿਣੇ ਰਾਤ ਗੁਜ਼ਾਰੇ ਕੌਣ, ਤਾਰੇ ਕੌਣ ਗਿਣੇ

3. ਗੀਤ-ਅੰਗ-ਸੰਗ ਰਹਿਣ ਵਾਲ਼ੀ

ਅੰਗ-ਸੰਗ ਰਹਿਣ ਵਾਲ਼ੀ ਬਾਤ ਨਾ ਪੁਗਾਈ ਗਈ ਕੇਹੀ ਸਾਡੀ ਝਾਕ ਦਿਲਾ ਆਪੇ ਨੂੰ ਪਛਾਨਣੇ ਦੀ ਸਿਕ ਲੱਗੀ ਕਾਹਨੂੰ ਸਾਨੂੰ ਕੂੜ-ਸੱਚ ਜਾਨਣੇ ਦੀ ਕਾਹਨੂੰ ਸਾਨੂੰ ਤਾਂਘ ਰਹੇ ਹਿਜਰੇ ਨੂੰ ਮਾਨਣੇ ਦੀ ਕਾਹਨੂੰ ਸਾਡੇ ਮਨੜੇ ਨੂੰ ਚੇਟਕ ਇਹ ਲਾਈ ਗਈ ਅੰਗ-ਸੰਗ ਰਹਿਣ ਵਾਲ਼ੀ ਬਾਤ ਨਾ ਪੁਗਾਈ ਗਈ ਕਿਹੜੀ ਗੱਲੋਂ ਸੂਰਜੇ ਨੇ ਆਪਾ ਆਪ ਬਾਲ਼ਿਆ ਐ ਨ੍ਹੇਰ ਭਰੇ ਜਗ ਨੂੰ ਕਿਉਂ ਦਿਨਡ਼ਾ ਦਿਖਾਲ਼ਿਆ ਐ ਦਿਨੜਾ ਦਿਖਾਲ਼ ਕੇ ਕਿਉਂ ਮੁੱਖੜਾ ਲੂਕਾ ਲਿਆ ਐ ਤੁਰਿਆ ਐ ਕਾਹਨੂੰ ਜਿਹੜੇ ਰਾਹੇ ਪੁਰਵਾਈ ਗਈ ਅੰਗ-ਸੰਗ ਰਹਿਣ ਵਾਲ਼ੀ ਬਾਤ ਨਾ ਪੁਗਾਈ ਗਈ ਐਸੇ ਰੁੱਤੇ ਨੈਣਾਂ ਦੇ ਰਹੱਟ ਗਿੜ ਜਾਂਵਦੇ ਨੇ ਐਸੇ ਰੁੱਤੇ ਜਾਗਦੇ ਨੂੰ ਦਿਨ ਵੱਢ ਖਾਂਵਦੇ ਨੇ ਐਸੇ ਰੁੱਤੇ ਸੁੱਤਿਆਂ ਨੂੰ ਸੁਫ਼ਨੇ ਡਰਾਂਵਦੇ ਨੇ ਐਸੇ ਰੁੱਤੇ ਝੱਲੇ ਆਪਾ ਮਾਰ-ਮੁਕਾਂਵਦੇ ਨੇ ਰੁੱਤ ਇਹ ਖ਼ਿਜ਼ਾਵਾਂ ਵਾਲ਼ੀ ਹੋ ਨਾ ਜਾਵੇ ਆਈ-ਗਈ ਅੰਗ-ਸੰਗ ਰਹਿਣ ਵਾਲ਼ੀ ਬਾਤ ਨਾ ਪੁਗਾਈ ਗਈ

4. ਗ਼ਜ਼ਲ-ਕੱਲਾ ਕੱਲਾ ਤਾਰਾ ਤੇ ਮੈਂ

ਕੱਲਾ ਕੱਲਾ ਤਾਰਾ ਤੇ ਮੈਂ ਤੇਰੀ ਯਾਦ ਸਹਾਰਾ ਤੇ ਮੈਂ ਇਕ ਦੂਜੇ ਨੂੰ ਲਾਰੇ ਲਾਈਏ ਤੂੰ ਜੋ ਲਾਇਆ ਲਾਰਾ ਤੇ ਮੈਂ ਇਧਰੋਂ ਹਾਲ ਪੁਛੇਂਦਾ ਨਾਹੀਂ ਉਧਰੋਂ ਹਾਲ ਦਸੇਂਦਾ ਨਾਂਹੀ ਕੋਈ ਬਾਤ ਕਰੇਂਦਾ ਨਾਂਹੀ ਤੇਰਾ ਇਹ ਵਰਤਾਰਾ ਤੇ ਮੈਂ ਆਪਾ ਕਿਹੜੇ ਰੰਗੇ ਰੰਗਿਆ ਸੋਚਾਂ ਦੀ ਸੱਪਣੀ ਦਾ ਡੰਗਿਆ ਮਨ ਮਾਜ਼ੀ ਨੇ ਫਾਹੇ ਟੰਗਿਆ ਔਖਾ ਹਾਲ ਗੁਜ਼ਾਰਾ ਤੇ ਮੈਂ ਕਿੱਥੇ ਮੱਥਾ ਟੇਕ ਰਹੇ ਹਾਂ ਆਪਣੀ ਰੋਟੀ ਸੇਕ ਰਹੇ ਹਾਂ ਇਕ ਦੂਜੇ ਵੱਲ ਵੇਖ ਰਹੇ ਹਾਂ ਬਲ਼ਦਾ ਆਲਮ ਸਾਰਾ ਤੇ ਮੈਂ ਵੇਖੋ ਕਿਤ ਵੱਲ ਹੋਵੇ ਢੋਈ ਵਿੱਚ ਵਿਚਾਲੇ ਬੇੜੀ ਚੋਈ ਮੌਜ-ਮੌਜ ਮਨਮੋਜੀ ਹੋਈ ਉੱਤੋਂ ਦੂਰ ਕਿਨਾਰਾ ਤੇ ਮੈਂ

5. ਗ਼ਜ਼ਲ-ਵਣਾਂ ਦੀ ਚੁੰਨੀ ਦੇ ਤਾਰੇ ਜੁਗਨੂੰ

ਵਣਾਂ ਦੀ ਚੁੰਨੀ ਦੇ ਤਾਰੇ ਜੁਗਨੂੰ ਹਨ੍ਹੇਰੇ ਦੇ ਫੁੱਲ ਨੇ ਪਿਆਰੇ ਜੁਗਨੂੰ ਹੈ ਰਾਤ ਓਹੀ ਸਿਆਹ-ਕਾਲ਼ੀ ਓਹੀ ਨੇ ਚਾਨਣ-ਮੁਨਾਰੇ ਜੁਗਨੂੰ ਅਸਾਂ ਦੇ ਬੋਝੇ ਨੇ ਦੋ ਹੀ ਅੱਖੀਆਂ ਤੇ ਸਾਂਭਣੇ ਨੂੰ ਹਜ਼ਾਰੇ ਜੁਗਨੂੰ ਅਜੇ ਵੀ ਜਗਣਾ ਨਹੀਂ ਨੇ ਭੁੱਲੇ ਉਦਾਸ ਰਾਤਾਂ ਦੇ ਹਾਰੇ ਜੁਗਨੂੰ ਅਸਾਡੀ ਅੱਖੀਆਂ ਦੇ ਮੇਚ ਆਉਂਦੇ ਖ਼ਲਾ ਚ ਕਿਸਨੇ ਖਿਲਾਰੇ ਜੁਗਨੂੰ ਕਦੇ ਨਾ ਜੁਗਨੂੰ ਨੂੰ ਤੂੰ ਵਿਸਾਰੇਂ ਕਦੇ ਨਾ ਤੈਨੂੰ ਵਿਸਾਰੇ ਜੁਗਨੂੰ

6. ਗੀਤ-ਤੈਨੂੰ ਖ਼ਬਰ ਨਾ ਕੋਈ ਸਾਰ

ਤੈਨੂੰ ਖ਼ਬਰ ਨਾ ਕੋਈ ਸਾਰ ਸੌਦਾ ਸਾਹਵਾਂ ਦਾ ਕਿਉਂ ਕਰ ਬੈਠੋਂ ਯਾਰ ਸੌਦਾ ਸਾਹਵਾਂ ਦਾ ਏਹ ਸੌਦੇ ਦੇ ਗਾਹਕ ਫਿਰਦੇ ਧੁੱਪੀਂ ਇਸ਼ਕ਼-ਬਜ਼ਾਰੇ ਖ਼ਬਰੇ ਕਿੰਨਾ ਕੁ ਖੱਟਣਗੇ ਇਹ ਕਰਮਾਂ ਦੇ ਮਾਰੇ ਦਮ ਦੀ ਮਾਰੋ-ਮਾਰ ਸੌਦਾ ਸਾਹਵਾਂ ਦਾ ਕਿਉਂ ਕਰ ਬੈਠੋਂ ਯਾਰ ਸੌਦਾ ਸਾਹਵਾਂ ਦਾ ਏਹ ਸੌਦੇ ਨੂੰ ਭੰਡਣ ਆਏ ਲੱਖਾਂ ਅਕਲਾਂ ਵਾਲ਼ੇ ਜੀਂਕਣ ਛੱਡ ਕੇ ਘਰੇ ਤੁਰੇ ਸਨ ਅੱਖਾਂ ਅਕਲਾਂ ਵਾਲ਼ੇ ਕੀਤਾ ਨਾ ਦੀਦਾਰ ਸੌਦਾ ਸਾਹਵਾਂ ਦਾ ਕਿਉਂ ਕਰ ਬੈਠੋਂ ਯਾਰ ਸੌਦਾ ਸਾਹਵਾਂ ਦਾ ਏਹ ਸੌਦਾ ਹਿਰਨਾਂ ਨੇ ਕੀਤਾ ਲਈ ਗੁਆ ਕਸਤੂਰੀ ਜੰਗਲ਼ ਗਾਹਿਆਂ ਤੈਅ ਨਾ ਹੋਵੇ ਧੁਰ-ਅੰਦਰ ਦੀ ਦੂਰੀ ਮਨ ਮਿਰਗਾਂ ਦੀ ਡਾਰ ਸੌਦਾ ਸਾਹਵਾਂ ਦਾ ਕਿਉਂ ਕਰ ਬੈਠੋਂ ਯਾਰ ਸੌਦਾ ਸਾਹਵਾਂ ਦਾ ਏਹ ਸੌਦਾ ਮੈਨੂੰ ਬੜਾ ਪਿਆਰਾ ਮੇਰੇ ਜੀ ਨੂੰ ਭਾਵੇ ਜੋ ਇਸਦੇ ਵਿਚ ਪਾਕ ਰਵ੍ਹੇ ਉਹ ਘਾਟਾ ਕਦੇ ਨਾ ਖਾਵੇ ਸੁੱਚਾ ਕਾਰੋਬਾਰ ਸੌਦਾ ਸਾਹਵਾਂ ਦਾ ਕਿਉਂ ਕਰ ਬੈਠੋਂ ਯਾਰ ਸੌਦਾ ਸਾਹਵਾਂ ਦਾ

7. ਗੀਤ-ਚੂਚਕੀ ਦੀ ਝਾਕ ਵੀ ਤਾਂ

ਚੂਚਕੀ ਦੀ ਝਾਕ ਵੀ ਤਾਂ ਮੋਇਆ ਨਹੀਂਓ ਸਾਕ ਵੀ ਤਾਂ ਹੋਇਆ ਕੀ ਐ ਸਾਧ ਹੋਇਆਂ ਵੀ ਰਾਂਝਣੇ ਨੂੰ ਲੈ ਬੈਠਾ ਜੀ ਪਿਆਰ ਤਾਂ ਬਥੇਰੇ ਹੋਏ ਕੀਹਦੇ ਐਡੇ ਜ਼ੇਰੇ ਹੋਏ ਕਿੱਥੇ ਕੋਈ ਚਾਕ ਹੋਇਆ ਸੀ ਰਾਂਝਣੇ ਨੂੰ ਲੈ ਬੈਠਾ ਜੀ ਸੋਚੀ ਨਾ ਵਿਚਾਰੀ ਸ਼ਾਵਾ ਖੱਜਲ਼-ਖ਼ੁਆਰੀ ਸ਼ਾਵਾ ਲੋੜ ਕੀ ਸੀ ਹੱਲਾਸ਼ੇਰੀ ਦੀ ਰਾਂਝਣੇ ਨੂੰ ਲੈ ਬੈਠਾ ਜੀ ਮਿੱਟੀ ਦੀ ਡਕਾਰ ਹਾੜਾ ਗਿਰਝਾਂ ਦੀ ਡਾਰ ਹਾੜਾ ਜੀਵੜੇ ਦਾ ਮੋਇਆ ਕਰੇ ਕੀ ਰਾਂਝਣੇ ਨੂੰ ਲੈ ਬੈਠਾ ਜੀ ਸੌਖਾ ਤੇ ਨਹੀਂ ਸਹਿਣਾ ਕੋਈ ਬੋਲਣਾ ਨਾ ਕਹਿਣਾ ਕੋਈ ਸਾਨੂੰ ਕਦੋਂ ਜਾਚ ਆਵੇਗੀ ਰਾਂਝਣੇ ਨੂੰ ਲੈ ਬੈਠਾ ਜੀ

8. ਨਜ਼ਮ : ਸੋਨ ਚਿੜੀ

ਜਦ ਮੈਂ ਸੁਰਤ ਸੰਭਾਲੀ ਖ਼ੁਦ ਨੂੰ ਹੈਰਤ ਦੇ ਵਿਚਕਾਰ ਵੇਖਿਆ ਸੋਨ ਚਿੜੀ ਦਾ ਆਪੇ ਨੂੰ ਅਸਵਾਰ ਵੇਖਿਆ ਸੋਨ ਚਿੜੀ 'ਸੋਨੇ ਦੀ ਚਿੜੀਆ' ਖ਼ਾਬਾਂ ਦੇ ਅਸਮਾਨ ਦੀ ਰਾਣੀ ਮੈਨੂੰ ਲੈ ਕੇ ਉੱਡ ਰਹੀ ਸੀ ਸੁਰਗਾਂ ਤਾਣੀ ਤੇ ਮੈਂ ਖਿੜ-ਖਿੜ ਹੱਸ ਰਿਹਾ ਸਾਂ ਐਪਰ ਇਹ ਕੋਈ ਖ਼ਾਬ ਸੀ ਮੇਰਾ ਖ਼ਾਬ ਨੇ ਆਖ਼ਰ ਮੁਕਣਾ ਹੋਇਆ ਟੁੱਟਣਾ ਹੋਇਆ ਖ਼ਾਬ ਦੇ ਦਮ ਤੋੜਨ ਤੋਂ ਪਹਿਲਾਂ ਸੋਨ ਚਿੜੀ ਨੇ ਭੇਸ ਵਟਾਇਆ ਚਿੜੀ ਤੋਂ ਹੋ ਗਈ ਬਿੱਲ-ਬਤੌਰੀ ਬਿੱਲ-ਬਤੌਰੀ ਦੇ ਸੰਗ ਮੈਂ ਉੱਲੂ ਨੂੰ ਤੱਕ ਕੇ ਦੁਨੀਆ ਖਿੜ-ਖਿੜ ਹੱਸ ਰਹੀ ਸੀ ਤੇ ਮੈਂ ਸੁਰਤ ਸੰਭਾਲ ਰਿਹਾ ਸੀ

9. ਨਜ਼ਮ : ਤੂੰ ਤੇ ਮੈਂ

ਫ਼ੋਲ਼ ਰਿਹਾ ਸਾਂ ਦੁਖ ਦੀ ਪੋਥੀ ਦੇ ਵਰਕੇ ਇਕ ਅਥਰੂ ਨੇ ਜਾਇ ਇਬਾਰਤ ਨੂੰ ਚੁੰਮਿਆ ਵਾਂਗ ਤੇਰੀਆਂ ਜ਼ੁਲਫ਼ਾਂ ਅੱਖਰ ਫੈਲ ਗਏ ਓਹਨਾਂ ਜ਼ੁਲਫ਼ਾਂ ਵਿਚ ਮੈਂ ਤੱਕੇ ਨੈਣ ਤੇਰੇ ਓਹਨਾਂ ਨੈਣਾਂ ਵਿਚ ਵੀ ਸੱਜਰੇ ਅਥਰੂ ਸਨ ਅਥਰੂ ਜਦ ਵੇਖੇ ਤਾਂ ਖ਼ਿਆਲ ਆਇਆ ਮੈਨੂੰ ਭੇਦ ਨਹੀਂ ਉੱਕਾ, 'ਤੂੰ ਵੀ ਤਾਂ ਮੈਂ ਹੀ ਹਾਂ'

10. ਗੀਤ-ਆ ਬਹਿ ਪੀੜੇ ਦਿਲ ਦੀਏ ਨੀ

ਆ ਬਹਿ ਪੀੜੇ ਦਿਲ ਦੀਏ ਨੀ ਤੈਨੂੰ ਹਿਜਰੇ ਦਾ ਮੱਲ੍ਹਮ ਲਗਾਵਾਂ ਆ ਮੇਰੀ ਕੂਕਦੀਏ ਸਧਰੇ ਨੀ ਤੈਨੂੰ ਬਿਰਹੋਂ ਦਾ ਰਾਗ ਸੁਣਾਵਾਂ ਇਕ ਗ਼ਾਫ਼ਿਲ ਦਾ ਸੁਫ਼ਨਾ ਮਰਿਆ ਕੀ ਹੋਇਆ ਤੈਥੋਂ ਜਾਏ ਨਾ ਜਰਿਆ ਸਿਰ ਤੇਰੇ ਹੱਥ ਕੰਡਿਆਂ ਧਰਿਆ ਤੇਰਾ ਵਿੰਨਿਆ ਗਿਆ ਪਰਛਾਵਾਂ ਆ ਬਹਿ ਪੀੜੇ ਦਿਲ ਦੀਏ ਨੀ... ਤੇਰਾ ਸੀ ਜੋ ਤੇਰਾ ਨਾ ਹੋਇਆ ਮਾਰ ਕੂਕ ਦਿਲ-ਜੋਗੀ ਰੋਇਆ ਜੋਗੀ ਦਾ ਕੋਈ ਗੀਤ ਸੀ ਮੋਇਆ ਮੋਏ ਗੀਤ ਦਾ ਸੋਗ ਮਨਾਵਾਂ ਆ ਬਹਿ ਪੀੜੇ ਦਿਲ ਦੀਏ ਨੀ... ਮੈਨੂੰ ਦਫ਼ਨ ਕਰੇ ਜਾਂ ਸਾੜ ਦਵੇ ਮੈਨੂੰ ਬੇਸ਼ਕ ਸੂਲ਼ੀ ਚਾੜ੍ਹ ਦਵੇ ਪਰ ਹਿਜਰ-ਬੇਦਾਵਾ ਪਾੜ ਦਵੇ ਸੋਹਣੇ ਸੱਜਣ ਨੂੰ ਅਰਜ ਸੁਣਾਵਾਂ ਆ ਬਹਿ ਪੀੜੇ ਦਿਲ ਦੀਏ ਨੀ ਤੈਨੂੰ ਹਿਜਰੇ ਦਾ ਮਲ੍ਹਮ ਲਗਾਵਾਂ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ