Punjabi Poetry : Surjit Rampuri
ਪੰਜਾਬੀ ਗੀਤ : ਸੁਰਜੀਤ ਰਾਮਪੁਰੀ
1. ਇੱਕ ਬਾਗ਼ ਦੇ ਫੁੱਲ ਅਸੀਂ ਹਾਂ
ਇੱਕ ਬਾਗ਼ ਦੇ ਫੁੱਲ ਅਸੀਂ ਹਾਂ
ਇੱਕ ਅਰਸ਼ ਦੇ ਤਾਰੇ
ਕੌਣ ਅਸਾਡੀ ਖ਼ੁਸ਼ਬੋ ਖੋਹੇ ?
'ਨੇਰ੍ਹੇ ਕੌਣ ਪਸਾਰੇ ?
ਛਲ ਛਲ ਕਰਦੇ ਵਗਦੇ ਨਾਲੇ,
ਦਰਿਆਵਾਂ ਦੇ ਅਸੀਂ ਉਛਾਲੇ,
ਦੋਸਤੀਆਂ ਦੇ ਕੰਢਿਆਂ ਅੰਦਰ
ਵਹਿੰਦੇ ਹਾਂ ਰਲ ਸਾਰੇ ।
ਕਦਮ ਮਿਲਾ ਕੇ ਟੁਰਦੇ ਜਾਈਏ
ਕਦਮ ਕਦਮ ਤੇ ਜੋਤ ਜਗਾਈਏ
ਜਿੱਥੇ ਕਦਮ ਅਸੀਂ ਹਾਂ ਰਖਦੇ
ਮਿਟ ਜਾਂਦੇ ਅੰਧਿਆਰੇ ।
ਝੋਲ ਅਸਾਡੀ ਗੀਤ ਛੁਪੇ ਨੇ
ਪਿਆਰਾਂ ਦੇ ਸੰਗੀਤ ਛੁਪੇ ਨੇ
ਮਿੱਤ੍ਰਤਾ ਦੇ ਮੀਤ ਅਸੀਂ ਹਾਂ
ਨਫ਼ਰਤ ਨੂੰ ਅੰਗਿਆਰੇ ।
ਇਸ ਦੁਨੀਆਂ ਦੀ ਇੱਜ਼ਤ ਸਾਡੀ
ਸ਼ਾਂਤੀ ਅਤੇ ਮੁਹੱਬਤ ਸਾਡੀ
ਅਸੀਂ ਜੰਗ ਨੂੰ ਘ੍ਰਿਣਾ ਕਰਦੇ
ਅਮਨਾਂ ਦੇ ਵਣਜਾਰੇ ।
ਹੱਥਘੁੱਟਣੀ ਬਣ ਕੇ ਟੁਰਦੇ ਹਾਂ,
ਗਲਵਕੜੀ ਬਣ ਕੇ ਟੁਰਦੇ ਹਾਂ,
ਧਰਤੀ ਉਪਰ ਫੁੱਲ ਖਿੜਾਈਏ
ਅਰਸ਼ਾਂ ਵਿੱਚ ਸਿਤਾਰੇ ।
ਇੱਕ ਬਾਗ਼ ਦੇ ਫੁੱਲ ਅਸੀਂ ਹਾਂ
ਇੱਕ ਅਰਸ਼ ਦੇ ਤਾਰੇ
2. ਮੈਂ ਦਰਦ-ਕਹਾਣੀ ਰਾਤਾਂ ਦੀ
ਮੈਂ ਦਰਦ-ਕਹਾਣੀ ਰਾਤਾਂ ਦੀ
ਮੈਨੂੰ ਕੋਈ ਸਵੇਰਾ ਕੀ ਜਾਣੇ ?
ਜੋ ਰਾਤ ਪਈ ਸੌਂ ਜਾਂਦਾ ਹੈ
ਉਹ ਪੰਧ ਲੰਮੇਰਾ ਕੀ ਜਾਣੇ ?
ਪਤਝੜ ਦੀ ਹਿੱਸਦੀ ਪੀੜਾ ਹਾਂ
ਇਹਨੂੰ ਮਸਤ-ਬਹਾਰਾਂ ਕੀ ਸਮਝਣ ।
ਮੈਂ ਪਿਆਸ ਕਿਸੇ ਵਿਰਾਨੇ ਦੀ
ਇਹਨੂੰ ਸੌਣ-ਫੁਹਾਰਾਂ ਕੀ ਸਮਝਣ ।
ਮੇਰਾ ਘਰ ਮਾਰੂ-ਤੂਫ਼ਾਨਾਂ 'ਤੇ
ਕੰਢੇ ਦਾ ਬਸੇਰਾ ਕੀ ਜਾਣੇ ?
ਮੈਂ ਹਿਜਰ ਦੀ ਧੁਖਦੀ ਅਗਨੀ ਹਾਂ,
ਇਹਨੂੰ ਕੋਈ ਵਿਯੋਗੀ ਹੀ ਸਮਝੇ ।
ਸੱਧਰਾਂ ਦੀ ਰਾਖ ਦੀ ਢੇਰੀ ਹਾਂ,
ਇਹਨੂੰ ਪਿਆਰ ਦਾ ਜੋਗੀ ਹੀ ਸਮਝੇ ।
ਮੇਰੀ ਮੰਜ਼ਿਲ ਹੀਰ ਸਿਆਲਾਂ ਦੀ
ਗੋਰਖ ਦਾ ਡੇਰਾ ਕੀ ਜਾਣੇ ?
ਮੈਂ ਵਿਧਵਾ ਹੋਈ ਸੱਧਰ ਹਾਂ
ਤੇ ਭਟਕ ਰਿਹਾ ਅਰਮਾਨ ਕੋਈ ।
ਅਰਸ਼ਾਂ 'ਚੋਂ ਟੁੱਟਿਆ ਤਾਰਾ ਹਾਂ
ਮੈਂ ਟੋਲ ਰਿਹਾ ਅਸਮਾਨ ਕੋਈ ।
ਇਹ ਭੇਤ ਜਲਣ ਦਾ, ਬੁਝਣੇ ਦਾ,
ਮੱਸਿਆ ਦਾ ਹਨੇਰਾ ਕੀ ਜਾਣੇ ?
ਮੈਂ ਦੀਪਕ ਰਾਗ ਦੀ ਲੈਅ ਕੋਈ
ਕੀ ਸਮਝੇ ਰਾਗ ਮਲ੍ਹਾਰਾਂ ਦਾ;
ਮੈਂ ਤ੍ਰੇਲ ਕਿਸੇ ਦੇ ਨੈਣਾਂ ਦੀ,
ਕੀ ਸਮਝੇ ਫੁੱਲ ਬਹਾਰਾਂ ਦਾ ।
ਜਿਹਨੂੰ ਹਰ ਥਾਂ ਅਪਣਾ ਰੱਬ ਦਿਸਦਾ
ਉਹ ਤੇਰਾ ਮੇਰਾ ਕੀ ਜਾਣੇ ?
ਮੈਂ ਹੰਝੂਆਂ ਦਾ ਪਾਗਲਪਣ ਹਾਂ
ਮੈਂ ਆਸ ਕਿਸੇ ਵੀਰਾਨੇ ਦੀ,
ਘੁੰਮਦਾ ਆਵਾਰਾ ਬੱਦਲ ਹਾਂ
ਮੈਂ ਮਸਤੀ ਹਾਂ ਮਸਤਾਨੇ ਦੀ ।
ਜੋ ਖ਼ੁਸ਼ੀ ਹੈ ਲੁੱਟੇ ਜਾਵਣ ਦੀ
ਉਹਨੂੰ ਕੋਈ ਲੁਟੇਰਾ ਕੀ ਜਾਣੇ ?
ਮੈਂ ਦਰਦ-ਕਹਾਣੀ ਰਾਤਾਂ ਦੀ
ਮੈਨੂੰ ਕੋਈ ਸਵੇਰਾ ਕੀ ਜਾਣੇ ?
ਜੋ ਰਾਤ ਪਈ ਸੌਂ ਜਾਂਦਾ ਹੈ
ਉਹ ਪੰਧ ਲੰਮੇਰਾ ਕੀ ਜਾਣੇ ?
3. ਰੂਹਾਂ ਦੀਆਂ ਪੀਂਘਾਂ
ਰੂਹਾਂ ਦੀਆਂ ਪੀਂਘਾਂ 'ਤੇ ਲਈਏ ਹੁਲਾਰੇ
ਪੈਰਾਂ ਦੇ ਨਾਲ ਛੋਹੀਏ ਅੰਬਰ ਦੇ ਤਾਰੇ ।
ਜਿਸਮਾਂ ਦੀ ਯਾਰੀ ਤਾਂ ਧਰਤੀ ਦੀ ਛੁਹ ਹੈ,
ਆਜ਼ਾਦ ਹੋਸ਼ਾਂ ਨੂੰ ਅੰਬਰਾਂ ਦਾ ਮੋਹ ਹੈ,
ਚੰਨੇ ਦੀ ਨਾਓ 'ਤੇ ਘੁੰਮ ਆਈਏ ਸਾਰੇ ।
ਰਿਸ਼ਮਾਂ ਨੂੰ ਵਾਲਾਂ 'ਚ ਲਈਏ ਪਰੋ ਨੀ,
ਮਹਿਕਾਂ 'ਚ ਰੂਹਾਂ ਨੂੰ ਤਾਂ ਲਈਏ ਧੋ ਨੀ,
ਚਾਨਣ ਕੋਈ ਨੈਣਾਂ 'ਚੋਂ ਲਿਸ਼ਕਾਂ ਮਾਰੇ ।
ਬਾਹਾਂ 'ਚ ਬਾਹਾਂ ਦੇ ਗਜਰੇ ਸਜਾ ਕੇ,
ਧੜਕਣ ਦੀ ਗੋਦੀ 'ਚ ਨਗ਼ਮੇ ਬਿਠਾ ਕੇ,
ਹੋਠਾਂ ਦੀ ਕਿਸ਼ਤੀ ਬੁੱਲ੍ਹਾਂ ਦੇ ਕਿਨਾਰੇ ।
ਸਤਰੰਗੀਆਂ ਪੀਂਘਾਂ ਨੇ 'ਵਾਜ ਮਾਰੀ,
ਆ ਝੂਟੀਏ ਏਸ 'ਤੇ ਵਾਰੋ ਵਾਰੀ,
ਇਹ ਕਾਫ਼ਰ ਜਵਾਨੀ ਇਹ ਸੁਹਣੇ ਨਜ਼ਾਰੇ ।
ਮੈਖ਼ਾਨੇ ਬੱਦਲਾਂ ਦੇ ਉੱਡਦੇ ਨੇ ਜਾਂਦੇ,
ਮਿਰੇ ਹੋਠ ਹੋਠਾਂ ਦੇ ਅੰਮ੍ਰਿਤ ਨੇ ਚਾਂਹਦੇ,
ਮਿਰਾ ਇਸ਼ਕ ਜੀਂਦਾ ਹੁਸਨ ਦੇ ਸਹਾਰੇ ।
ਰੂਹਾਂ ਦੀਆਂ ਪੀਂਘਾਂ 'ਤੇ ਲਈਏ ਹੁਲਾਰੇ
ਪੈਰਾਂ ਦੇ ਨਾਲ ਛੋਹੀਏ ਅੰਬਰ ਦੇ ਤਾਰੇ ।
4. ਸਾਵਣ ਦਾ ਗੀਤ
ਰਿਮ ਝਿਮ ਰਿਮ ਝਿਮ ਵਰ੍ਹਦਾ ਪਾਣੀ ।
ਛਮ ਛਮ ਛਮ ਛਮ ਵਰ੍ਹਦਾ ਪਾਣੀ ।
ਕਲ ਕਲ ਝਰਨੇ ਵਗਦੇ ਜਾਵਣ
ਛਲ ਛਲ ਨਦੀਆਂ ਨਾਲੇ,
ਤ੍ਰਿਪ ਤ੍ਰਿਪ ਮੇਰੇ ਅੱਥਰੂ ਵਗਦੇ
ਫਿਸ ਫਿਸ ਜਾਵਣ ਛਾਲੇ ।
ਨਿੱਕੀਆਂ ਨਿੱਕੀਆਂ ਕਣੀਆਂ ਬਣ ਬਣ
ਖੁਰਦੀ ਪਈ ਜਵਾਨੀ ।
ਰਿਮ ਝਿਮ ਰਿਮ ਝਿਮ ਵਰ੍ਹਦਾ ਪਾਣੀ ।
ਅੱਜ ਧਰਤੀ ਦਾ ਆਂਗਣ ਭਰਿਆ
ਅੰਬਰ ਹੋਇਆ ਖਾਲੀ,
ਤੂੰ ਵੀ ਵਰ੍ਹ ਜਾ ਬੱਦਲਾਂ ਵਾਂਗੂੰ
ਮੇਰੀ ਜਿੰਦ ਸਵਾਲੀ;
ਤੇਰੀ ਆਹਟ ਲੋਚ ਰਹੀ ਹੈ
ਹਿੱਕੜੀ ਦੀ ਵੀਰਾਨੀ ।
ਛਮ ਛਮ ਛਮ ਛਮ ਵਰ੍ਹਦਾ ਪਾਣੀ ।
ਅੰਬਰ ਦੀ ਚਾਦਰ ਹੈ ਧੋਤੀ
ਨਿਖਰੇ ਚੰਦ ਸਿਤਾਰੇ;
ਤਿਰੇ ਬਿਨਾਂ ਨਰਕਾਂ ਵਰਗੇ ਨੇ,
ਸਵਰਗਾਂ ਜਿਹੇ ਨਜ਼ਾਰੇ ।
ਆ ਜਾ ਇਕ ਹੁਲਾਰਾ ਦੇ ਜਾ
ਪੀਂਘ ਪਈ ਅਸਮਾਨੀ ।
ਰਿਮ ਝਿਮ ਰਿਮ ਝਿਮ ਵਰ੍ਹਦਾ ਪਾਣੀ ।
5. ਲਹਿਰਾਂ
ਲਹਿਰਾਂ, ਉਛਲ ਉਛਲ ਕੇ ਆਣ
ਲਹਿਰਾਂ, ਮਚਲ ਮਚਲ ਕੇ ਜਾਣ ।
ਨੀਲੇ ਜਲ ਦੇ ਸੀਨੇ ਉੱਤੇ
ਇਕ ਦੂਜੀ ਦੀਆਂ ਬਾਹਾਂ ਫੜਕੇ
ਝੁੰਮਰ ਕੋਈ ਪਾਣ ।
ਨਚ ਨਚ ਪਾਗਲ ਹੋਈਆਂ ਹੀਰਾਂ
ਵੰਝਲੀ ਦੀ ਮਿਠੜੀ ਲੈ ਸੁਣ ਕੇ
ਝੂੰਮ ਝੂੰਮ ਲਹਿਰਾਣ ।
ਥਕ ਥਕ ਜਾਵਣ ਪੈਰ ਇਨ੍ਹਾਂ ਦੇ
ਕੰਢੇ ਦੀਆਂ ਬਾਹਾਂ ਵਿਚ ਸੌਂ ਕੇ
ਹਿੱਕੜੀ ਨੂੰ ਗਰਮਾਣ ।
ਰਾਤੀਂ ਇਹਨਾਂ ਦੇ ਵਿਹੜੇ ਅੰਦਰ
ਚੰਨ-ਚਾਨਣੀ, ਤਾਰੇ ਦੀ ਲੋਅ
ਮਿੱਠਾ ਮਿੱਠਾ ਮੁਸਕਾਨ ।
ਚਿੱਟੀਆਂ ਚਿੱਟੀਆਂ ਚੰਨ ਦੀਆਂ ਇਸ਼ਮਾਂ
ਲਹਿਰਾਂ ਦੇ ਸੀਨੇ ਨੂੰ ਚੁੰਮ ਕੇ
ਪਰਛਾਵੀਂ ਲੁਕ ਜਾਣ ।
ਜਦ ਸਮੀਰ ਦਾ ਬੁੱਲਾ ਆਵੇ
ਜਾਗ ਪੈਣ ਅੰਗੜਾਈ ਲੈ ਕੇ
ਅੱਧ-ਸੁੱਤੇ ਅਰਮਾਨ ।
ਸੂਹੀਆਂ-ਸੂਹੀਆਂ ਸੂਰਜ-ਕਿਰਨਾਂ
ਲਹਿਰਾਂ ਦੇ ਕੋਮਲ ਹੋਠਾਂ ਨੂੰ
ਰੰਗਲੀ ਸੁਰਖ਼ੀ ਲਾਣ ।
ਆ ਵੇ ਮਾਹੀ ! ਹਾਂ ਨੀ ਚੰਨੀਏਂ,
ਲਹਿਰਾਂ ਤੇ ਕੰਢਿਆਂ ਦੇ ਵਾਂਗੂੰ
ਪਾ ਲਈਏ ਪਹਿਚਾਣ ।
ਉਛਲ ਉਛਲ ਕੇ ਲਹਿਰਾਂ ਆਣ ।
ਮਚਲ ਮਚਲ ਕੇ ਲਹਿਰਾਂ ਜਾਣ ।
6. ਕਿਸੇ ਨਾ ਦੀਪ ਜਗਾਏ
ਰਹੇ ਹਨੇਰੇ ਰਸਤੇ ਮੇਰੇ
ਕਿਸੇ ਨਾ ਦੀਪ ਜਗਾਏ,
ਬੁਝ ਬੁਝ ਜਾਂਦੇ ਨੈਣ ਸ਼ਮ੍ਹਾਂ ਦੇ
ਪਰਵਾਨਾ ਨਾ ਆਏ ।
ਮੈਂ ਲੋਚਾਂ ਦੋ ਨੈਣ ਚਮਕਦੇ
ਤਾਰਿਆਂ ਦੇ ਹਮਸਾਏ,
ਚਾਨਣ ਦਾ ਮੀਂਹ ਸ਼ਾਹਰਾਹਾਂ ਤੇ
ਕਿਰਨ ਕਿਰਨ ਹੋ ਜਾਏ ।
ਪਰ ਅਜੇ ਤਾਂ ਬੱਦਲੀ ਦੀ ਛਾਂ
ਰਸਤਾ ਭੁੱਲ ਭੁੱਲ ਜਾਏ ।
ਬਰਸ ਬਰਸ ਬਰਸਾਤਾਂ ਥੱਕੀਆਂ
ਇੱਕ ਵੀ ਫੁੱਲ ਨਾ ਖਿੜਿਆ,
ਝੜ ਲੱਗਦੀ ਮੇਰੀ ਜਿੰਦੜੀ ਠਰਦੀ
ਦਿਲ ਦਾ ਨਿੱਘ ਵਿਛੜਿਆ,
ਕੁਆਰੇ ਕੁਆਰੇ ਸ਼ਾਹ ਬੱਦਲਾਂ ਦੇ
ਠੰਡੇ ਠੰਡੇ ਸਾਏ ।
ਮੈਂ ਚਾਹਾਂ ਨੂਰੀ ਸ਼ਾਹਰਾਹਾਂ
ਜਾਵਣ ਸ਼ਾਹ ਹਨੇਰੇ,
ਸਜਣ ਦੀਆਂ ਮੁਸਕਾਨਾਂ ਵਰਗੇ
ਆਵਣ ਸੁਰਖ਼ ਸਵੇਰੇ ।
ਪਿਆਰੀ ਪਿਆਰੀ ਆਸ਼ਾ ਮੇਰੀ
ਊਸ਼ਾ ਨੂੰ ਗਲ ਲਾਏ ।
ਰਹੇ ਹਨੇਰੇ ਰਸਤੇ ਮੇਰੇ
ਕਿਸੇ ਨਾ ਦੀਪ ਜਗਾਏ ।
7. ਤੂੰ ਗਾਈ ਜਾ
ਕੋਈ ਸਮਝੇ ਜਾਂ ਨ ਸਮਝੇ
ਕੋਈ ਜਾਣੇ ਜਾਂ ਨ ਜਾਣੇ,
ਤੂੰ ਗਾਈ ਜਾ ।
ਤੇਰੇ ਨੈਣਾਂ 'ਚ ਸਾਵਣ ਹੈ,
ਤੇਰੀ ਹਿੱਕੜੀ ਜਵਾਲਾ ਹੈ,
ਇਹ ਅੱਗ ਨਾ ਬੁੱਝਣ ਵਾਲੀ ਹੈ,
ਇਹ ਗ਼ਮ ਨਾ ਮਿਟਣ ਵਾਲਾ ਹੈ ।
ਤੂੰ ਆਹਾਂ ਭਰਨ ਦੇ ਐ ਦਿਲ !
ਤੂੰ ਜਲਦਾ ਜਾ ਜਲਾਈ ਜਾ ।
ਤੂੰ ਗਾਈ ਜਾ ।
ਇਹ ਗ਼ਮ ਡੁੱਲ੍ਹਦਾ ਹੀ ਚੰਗਾ ਹੈ,
ਇਹਨੂੰ ਗੀਤਾਂ 'ਚੋਂ ਡੋਲ੍ਹੀ ਜਾ;
ਸਿਤਾਰੇ ਸੁਣਨ ਆਏ ਨੇ,
ਤੂੰ ਆਪਣੀ ਪੀੜ ਫੋਲੀ ਜਾ ।
ਠਹਿਰ ਜਾ ਤੂੰ ਜ਼ਰਾ ਨੀਂਦੇ,
ਨੀ ਯਾਦੇ ਤੂੰ ਤਾਂ ਆਈ ਜਾ ।
ਤੂੰ ਗਾਈ ਜਾ ।
ਤੇਰੇ ਗੀਤਾਂ ਦਾ ਜੀਵਨ ਵੀ
ਇਹਨਾਂ ਗਲੀਆਂ 'ਚ ਰੁਲਣਾ ਹੈ ।
ਦੋ ਸੂਹੇ ਹੋਠਾਂ ਨੇ ਛੁਹਕੇ
ਤੇਰੇ ਗੀਤਾਂ ਨੂੰ ਭੁੱਲਣਾ ਹੈ ।
ਤੂੰ ਦੀਪਕ ਰਾਗ ਦੀ ਲੈਅ 'ਤੇ
ਇਹ ਨਗ਼ਮੇ ਗੁਨਗੁਨਾਈ ਜਾ ।
ਤੂੰ ਗਾਈ ਜਾ ।
ਇਹ ਪੀੜਾ ਜਗਤ ਜੇਡੀ ਹੈ,
ਤੂੰ ਝੋਲੀ 'ਚੋਂ ਖਿਲਾਰੀ ਜਾ ।
ਤੂੰ ਆਪਣੇ ਹੰਝੂਆਂ ਦੇ ਨਾਲ,
ਫੁੱਲਾਂ ਨੂੰ ਸ਼ਿੰਗਾਰੀ ਜਾ ।
ਉਹਨਾਂ ਨੂੰ ਹਾਸੇ ਦੇਂਦਾ ਰਹਿ,
ਉਹਨਾਂ ਤੋਂ ਗ਼ਮ ਛੁਪਾਈ ਜਾ ।
ਤੂੰ ਗਾਈ ਜਾ ।
ਹਨੇਰਾਂ ਨਾਲ ਲਿਪਟੀ ਹੈ
ਇਹ ਕਾਲੀ ਰਾਤ ਵੀ ਰੋਵੇ;
ਤੇਰੇ ਹਿਰਦੇ 'ਚ ਚਾਨਣ ਹੈ,
ਇਹ ਚੰਨ ਹੋਵੇ ਜਾਂ ਨ ਹੋਵੇ ।
ਸਿਤਾਰੇ ਤੋੜ ਕੇ ਨੈਣੋਂ-
ਤੂੰ ਰਾਹਾਂ 'ਤੇ ਜਗਾਈ ਜਾ ।
ਤੂੰ ਗਾਈ ਜਾ ।
ਭਰੋਸਾ ਰੱਖ ਤੂੰ ਪਿਆਰਾਂ ਤੇ
ਉਹ ਸਮਝੇਗੀ ਉਹ ਜਾਣੇਗੀ ।
ਭਟਕਦਾ ਜਨਮਾਂ ਤੋਂ ਰਾਹੀ,
ਉਹ ਵੇਖੇਗੀ ਪਛਾਣੇਗੀ ।
ਉਹਦੇ ਰਾਹਾਂ ਤੋਂ ਮੁੜ ਮੁੜ ਕੇ
ਉਹਦੇ ਰਾਹਾਂ 'ਤੇ ਜਾਈ ਜਾ ।
ਤੂੰ ਗਾਈ ਜਾ ।
8. ਕੂੰਜ ਦਾ ਗੀਤ
ਨੀ ਮੈਂ ਕਿਹੜੇ ਦੇਸ਼ ਉੱਡਾਂ
ਨੀ ਮੈਂ ਕਿਹੜੇ ਦੇਸ਼ ਜਾਵਾਂ ?
ਏਥੇ ਜੰਗ ਦੇ ਨੇ ਭਾਂਬੜ
ਉਥੇ ਕਾਲ ਦਾ ਪ੍ਰਛਾਵਾਂ ।
ਖਿੰਡੀ ਮੁਰਦਿਆਂ ਦੀ ਬਦਬੋ
ਉੜੀ ਜ਼ਿੰਦਗੀ ਦੀ ਖ਼ੁਸ਼ਬੋ
ਮਹਿਕਾਂ ਦਾ ਸੀਨਾ ਛਣਿਆਂ
ਛਲਨੀ ਹੋਈਆਂ ਹਵਾਵਾਂ ।
ਅਸੀਂ ਅੰਬਰਾਂ ਦੇ ਪੰਛੀ
ਸਾਰਾ ਹੀ ਅੰਬਰ ਸਾਂਝਾ
ਤੁਸੀਂ ਬੰਨਿਆਂ ਤੋਂ ਲੜਦੇ
ਜਣਿਆਂ ਹੈ ਕੈਸੀ ਮਾਵਾਂ ?
ਸਤਰੰਗੀ ਪੀਂਘ ਸਾਡੀ
ਦੇ ਰੰਗ ਹੋਏ ਧੁੰਦਲੇ
ਬੰਬਾਂ ਦਾ ਧੂਆਂ ਉੱਡਿਆ
ਜ਼ਖ਼ਮੀ ਹੋਈਆਂ ਹਵਾਵਾਂ ।
ਅਸੀਂ ਆਹਲਣਾ ਨਾ ਪਾਈਏ
ਅੱਗਾਂ ਨੇ ਸਾੜ ਦੇਣਾ
ਜ਼ਹਿਰਾਂ ਨੇ ਧਰਤੀ ਲੂਸੀ
ਨੀਂ ਮੈਂ ਕੀ ਪੀਆਂ ਕੀ ਖਾਵਾਂ ?
ਸੂਰਜ ਦੇ ਵੱਲ ਨੂੰ ਉੱਡੀਏ
ਅਸੀਂ ਸ਼ਾਮ ਤੇ ਸਵੇਰੇ
ਕਈ ਵਾਰ ਦਿਲ 'ਚ ਆਈ
ਆਦਮ ਨੂੰ ਰਾਹ ਵਿਖਾਵਾਂ ।
9. ਗਾ ਗਾ ਕੇ ਪ੍ਰਭਾਤ ਜਗਾਈ
ਰੋ ਰੋ ਕੇ ਅਸਾਂ ਰਾਤ ਸੁਲਾਈ ।
ਗਾ ਗਾ ਕੇ ਪ੍ਰਭਾਤ ਜਗਾਈ ।
ਹੰਝੂਆਂ ਅੰਦਰ ਡੁੱਬ ਡੁੱਬ ਜਾਂਦੀ,
ਤਾਂਘ ਰਹੇ ਨੈਣਾਂ ਦੀ ਜੋਤੀ ।
ਕੰਬਦੀਆਂ ਨਜ਼ਰਾਂ, ਥਰਕਣ ਰਿਸ਼ਮਾਂ,
ਕਿੱਧਰ ਗਏ ਸ਼ਬਨਮ ਮੋਤੀ ।
ਦੱਸਿਓ ਵੇ ਨਰਗਸ ਦੇ ਨੈਣੋਂ
ਕਿਸ ਨੇ ਮੇਰੀ ਨੀਂਦ ਚੁਰਾਈ ?
ਜਗਰਾਤੇ, ਨੈਣਾਂ ਨੂੰ ਪੁੱਛਦੇ,
ਕਿੰਜ ਉੱਠੀਆਂ ਬਾਗ਼ੋਂ ਖ਼ੁਸ਼ਬੋਆਂ ।
ਘਿਰ ਘਿਰ ਆਏ ਬੱਦਲ ਕਾਲੇ,
ਖੁਰ ਖੁਰ ਜਾਵਣ ਧੁੰਦਲੀਆਂ ਲੋਆਂ ।
ਸੁਹਲ ਹਨੇਰਾ ਮੱਧਮ ਚਾਨਣ,
ਪੱਤਿਆਂ 'ਚੋਂ ਝਰਦੀ ਰੁਸ਼ਨਾਈ ।
ਜਲ-ਤਰੰਗ ਹੰਝੂਆਂ ਦਾ ਵੱਜਦਾ,
ਹਰ ਇੱਕ ਫੁੱਲ ਪਿਆਲੀ ਬਣਿਆ ।
ਜੋ ਸੰਧੂਰ ਦੁਮੇਲੀ ਕਿਰਿਆ,
ਉਹ ਸੂਰਜ ਦੀ ਲਾਲੀ ਬਣਿਆ ।
ਹੱਥ ਵਿੱਚ ਫੜ ਸੂਰਜ ਦਾ ਕਾਸਾ,
ਇਹ ਪ੍ਰਭਾਤ ਕੀ ਮੰਗਣ ਆਈ ?
ਹਰ ਹਉਕਾ ਹਿੱਕੜੀ ਦੀ ਪੀੜਾ,
ਹਰ ਸਾਹ ਗਰਦਨ ਵਿੱਚ ਤਲਵਾਰਾਂ ।
ਇਉਂ ਹੋਠਾਂ 'ਤੇ ਹਾਸਾ ਆਉਂਦਾ,
ਜਿਉਂ ਪਤਝੜ ਦੀ ਝੋਲ ਬਹਾਰਾਂ ।
ਜਿਉਂ ਸਾਵਣ ਦੀਆਂ ਨੁਚੜਨ ਰਾਤਾਂ,
ਇਉਂ ਮੱਸਿਆ ਜਹੀ ਉਮਰ ਲੰਘਾਈ ।
ਕੰਢਿਆਂ ਉੱਪਰ ਤਰੇੜਾਂ ਸੁੱਤੀਆਂ,
ਲਿਖੀਆਂ ਨਹੀਂ ਮੱਥੇ ਤਕਦੀਰਾਂ ।
ਲਹਿਰਾਂ ਆਵਣ, ਲਹਿਰਾਂ ਜਾਵਣ,
ਬਣਦੀਆਂ ਮਿਟਦੀਆਂ ਜਾਣ ਲਕੀਰਾਂ ।
ਇੱਕੋ ਹਰਫ਼ ਦਿਲੇ ਤੇ ਲਿਖਿਆ,
ਧੋ ਧੋ ਤੱਕਿਆ, ਮਿਟਦਾ ਨਾਹੀ ।
ਤਿਰੇ ਬਿਨਾਂ ਉਜਲੇ ਦਿਨ ਜੀਕਰ
ਧੁੱਪਾਂ ਵਿੱਚ ਸੜਦੀ ਤਨਹਾਈ ।
ਤਿਰੇ ਬਿਨਾਂ ਇਹ ਰਾਂਗਲੀਆਂ ਸ਼ਾਮਾਂ,
ਛਮ ਛਮ ਨੈਣਾਂ ਦੀ ਪਰਛਾਈ ।
ਤਿਰੇ ਬਿਨਾਂ ਚੰਨ-ਰਾਤਾਂ ਜੀਕਰ
ਯਾਦਾਂ ਚਿੱਟੀ ਕਫ਼ਨੀ ਪਾਈ ।
ਭਾਵੇਂ ਆਹਾਂ ਉਮਰੋਂ ਲੰਮੀਆਂ,
ਭਾਵੇਂ ਨਗ਼ਮੇ ਨੇ ਹਟਕੋਰੇ ।
ਇਕ ਦਿਨ ਅੰਮ੍ਰਿਤ ਭਰ ਜਾਵੇਗਾ,
ਜੀਵਨ ਦੇ ਵਿਸ ਭਰੇ ਕਟੋਰੇ ।
ਜਦੋਂ ਕਿਸੇ ਜੀਵਣ ਜੋਗੇ ਨੇ,
ਰੋਂਦੀ ਜ਼ਿੰਦਗੀ ਗਲੇ ਲਗਾਈ ।
ਨ੍ਹੇਰਾਂ ਦੇ ਵਿਚ ਬੀਜੇ ਤਾਰੇ,
ਇਕ ਦਿਨ ਸੂਰਜ ਬਣ ਜਾਵਣਗੇ ।
ਰਿਸ਼ਮਾਂ ਝਰਨ ਫ਼ੁਹਾਰਿਆਂ ਵਾਂਗੂੰ,
ਘੋਰ ਹਨੇਰੇ ਛਣ ਜਾਵਣਗੇ ।
ਜਾਗਣਗੇ ਸਮਿਆਂ ਦੀ ਹਿੱਕ 'ਤੇ,
ਯਾਦਾਂ ਨੂੰ ਸੁਪਨੇ ਗਲ ਲਾਈ ।
ਰੋ ਰੋ ਕੇ ਅਸਾਂ ਰਾਤ ਸੁਲਾਈ ।
ਗਾ ਗਾ ਕੇ ਪ੍ਰਭਾਤ ਜਗਾਈ ।
10. ਰਾਤ ਜਿਵੇਂ ਇਕ ਪੰਛੀ ਘਾਇਲ
ਨੀਂਦ ਮੇਰੀ ਦੀਆਂ ਪਲਕਾਂ ਬੋਝਲ
ਅੱਥਰੂ ਲਟਕੇ ਹੋਏ ।
ਰਾਤ ਜਿਵੇਂ ਇਕ ਪੰਛੀ ਘਾਇਲ
ਉਡਦਾ ਉਡਦਾ ਰੋਏ ।
ਉਹ ਅੱਥਰੂ ਸਾਡੇ ਤਾਰੇ ਬਣ ਗਏ
ਜਿਹੜੇ ਧਰਤ ਨਾ ਡਿੱਗੇ,
ਉਹ ਹਉਕੇ ਸਾਡੇ ਗੀਤ ਬਣੇ ਨੇ
ਜਿਹੜੇ ਹਿੱਕ ਵਿਚ ਮੋਏ ।
ਰਾਤ-ਕੁੜੀ ਦੇ ਵਾਲ ਨੇ ਬਿਖਰੇ
ਚਾਨਣ ਦੀ ਵੀਣਾ 'ਤੇ
ਬਿਰਹਾ ਜਾਗੇ, ਮਨਵਾ ਗਾਏ,
ਦੋਵੇਂ ਨੇ ਅੱਧਮੋਏ ।
ਸੁੱਤਿਆਂ ਬ੍ਰਿਛਾਂ ਨੂੰ ਨਾ ਛੇੜੀਂ
ਹਉਕੇ-ਲੱਦੀਏ ਵਾਏ ।
ਇਹ ਦਰਵੇਸ਼ਾਂ ਵਾਂਗ ਖੜੋਤੇ
ਪੱਤ ਪੱਤ ਹਿੰਝ ਪਰੋਏ ।
ਪੂਰਨਿਮਾਂ ਦੀ ਰਾਤ ਉਹਨਾਂ ਨੂੰ
ਚੰਨ ਦੇ ਨਾਲ ਲਿਆਵੀਂ,
ਨਜ਼ਰਾਂ ਵਾਂਗ ਅਕਾਸ਼ੀਂ ਭਟਕਣ
ਤਾਰੇ ਖੋਏ ਖੋਏ ।
'ਰਾਤ-ਰਾਣੀ' ਦੇ ਪੱਤਿਆਂ ਵਿਚੋਂ
ਰਿਸ਼ਮਾਂ ਕਿਰ ਕਿਰ ਜਾਵਣ,
ਵਾਲ ਕਿਸੇ ਦੇ ਜਿਉਂ 'ਵਾਵਾਂ ਤੇ
ਮਹਿਕਾਂ ਨੇ ਹਨ ਧੋਏ ।
ਲੋਕੀ ਤਾਂ ਸ਼ਬਦਾਂ ਦੇ ਅਰਥਾਂ
ਤੋਂ ਡੂੰਘਾ ਨਾ ਸੋਚਣ,
ਅਸੀਂ ਤਾਂ ਭਾਵੇਂ ਸਾਰੇ ਨਗ਼ਮੇ
ਪੀੜਾਂ ਵਿਚ ਸਮੋਏ ।
ਨੀਂਦ ਮੇਰੀ ਦੀਆਂ ਪਲਕਾਂ ਮੁੰਦੀਆਂ
ਅੱਥਰੂ ਲਟਕੇ ਹੋਏ ।
ਰਾਤ ਜਿਵੇਂ ਕੋਈ ਪੰਛੀ ਘਾਇਲ
ਉਡਦਾ ਉਡਦਾ ਰੋਏ ।
(ਇਸ ਰਚਨਾ 'ਤੇ ਕੰਮ ਜਾਰੀ ਹੈ)