ਪੋਣੇ ‘ਚ ਦੋ ਡੰਗ ਦੀ ਰੋਟੀ ਬੰਨ੍ਹ
ਤੇ ਡੱਬੀਆਂ ਵਾਲਾ
ਧੋਤਾ ਪਰਨਾ ਫੜ੍ਹਾਉਦਿਆਂ
ਧੀ ਬੋਲੀ
ਬਾਪੂ !
ਇਸ ਵਾਰ ਤੂੰ ਧਰਨੇ ਤੇ
ਇਕੱਲਾ ਨਹੀਂ ਜਾਵੇਂਗਾ
ਮੈਂ ਵੀ ਤੇਰੇ ਨਾਲ ਜਾਵਾਂਗੀ
ਤੇਰੀ ਆਵਾਜ਼ ‘ਚ ਆਪਣੀ
ਆਵਾਜ਼ ਰਲਾਵਾਂਗੀ
ਤੇਰੇ ਪਿੰਡੇ ਤੇ ਵਰ੍ਹੀਆਂ ਡਾਗਾਂ
ਤੇ ਤੇਰੀ ਰੂਹ ਨਾਲ
ਖੇਡੀਆਂ ਗਈਆਂ
ਮਕਾਰੀ ਖੇਡਾਂ ਦੀ ਪੀੜਾ
ਮੈਂ ਤੇਰੇ ਨਾਲ ਵੰਡਾਵਾਂਗੀ ।
ਬਾਪੂ !
ਤੂੰ ਬਹੁਤ ਭੋਲਾ ਏਂ
ਹਰ ਵਾਰ
ਮੀਸਣੇ ਲੀਡਰਾਂ ਦੇ ਭਾਸ਼ਣਾਂ ਤੇ
ਯਕੀਂਨ ਕਰ ਲੈਨਾਂ
ਪਰ…
ਇਸ ਵਾਰ ਮੈਂ ਤੈਨੂੰ
ਉਹਨਾਂ ਦੇ ਮਕਾਰੀ ਭਾਸ਼ਣਾਂ ਦੇ
ਮਾਰੂ ਅਰਥ ਸਮਝਾ
ਮੇਰੀਆਂ ਡਿਗਰੀਆਂ ਤੇ
ਖਰਚ ਹੋਏ ਤੇਰੇ ਪੈਸੇ
ਤੇ ਤੇਰੀਆਂ ਹੰਢਾਈਆਂ ਤੰਗੀਆਂ ਦਾ
ਭੋਰਾ ਮੁੱਲ ਚੁਕਾਵਾਂਗੀ
ਤੇਰੀ ਕਹੀ ਨੂੰ
ਬਗਾਵਤ ਦਾ ਚਿੰਨ੍ਹ ਬਣਾ ਕੇ
ਅਸਮਾਨ ਵਿੱਚ ਲਹਿਰਾਵਾਂਗੀ
ਬਾਪੂ !
ਇਸ ਵਾਰ ਤੂੰ ਧਰਨੇ ਤੇ
ਇਕੱਲਾ ਨਹੀਂ ਜਾਵੇਂਗਾ
ਤੇਰੇ ਖੇਤਾਂ ਦੀ ਧੀ
ਤੇਰੀ ਲਾਡੋ
ਤੇਰੇ ਨਾਲ ਜਾਵੇਗੀ
ਤੇਰੇ ਖੇਤਾਂ ਦੀ ਮਿੱਟੀ ਦੀ
ਚੋਰੀ ਹੋਈ ਮਹਿਕ
ਤੇ ਪੱਕੀ ਫ਼ਸਲ ਦਾ
ਲੁੱਟਿਆ ਹਾਸਾ
ਵਾਪਿਸ ਲਿਆਵੇਗੀ ।
ਬਾਪੂ
ਤੂੰ ਇਸ ਵਾਰ
ਧਰਨੇ ਤੇ
ਇਕੱਲਾ ਨਹੀਂ ਜਾਵੇਂਗਾ
ਮੈਂ ਤੇਰੇ
ਨਾਲ ਜਾਵਾਂਗੀ ।
ਵਿਹੜਿਆਂ ਵਿੱਚ ਸੁੱਤੇ
ਸੋਚ ਰਹੇ ਸਨ
ਓਦੋਂ ਜਾਗਾਂਗੇ
ਜਦੋਂ ਧੁੱਪ ਉਹਨਾਂ ਦੇ
ਬਨੇਰਿਆਂ ਤੇ ਆਵੇਗੀ
ਵਿਹੜਿਆਂ ਨੂੰ ਰੁਸ਼ਨਾਵੇਗੀ
ਜੋ
ਜੋ ਏਅਰ-ਕੰਡੀਸ਼ਨ ਬੰਦ ਕਮਰਿਆਂ
ਵਿੱਚ ਸੌਂ ਰਹੇ ਸਨ
ਸੋਚ ਰਹੇ ਸਨ
ਓਦੋਂ ਜਾਗਾਂਗੇ
ਜਦੋਂ ਚਾਨਣ ਦੀ ਰਿਸ਼ਮ
ਕਿਸੇ ਝੀਥ ਥਾਣੀਂ
ਅੰਦਰ ਆਵੇਗੀ
ਅੱਖਾਂ ਚੁੰਧਿਆਵੇਗੀ
ਪਰ ਉਹਨਾਂ ਦੇ
ਸੁੱਤਿਆਂ ਸੁੱਤਿਆਂ
ਸੂਰਜ ਦਾ ਕਤਲ ਹੋ ਗਿਆ ।
ਮੇਰੀ ਧੀ ਨੇ
ਮੈਨੂੰ ਪੁੱਛਿਆ
ਮਾਂ!
ਸੋਹਣੇ ਨੈਣ ਕਿਹੜੇ ਹੁੰਦੇ ਨੇ
ਕਾਲੇ
ਨੀਲੇ
ਭੂਰੇ
ਤਿਰਛੇ ਜਾਂ ਗੋਲ
ਜਾਂ ਫਿਰ ਉਹ
ਜੋ ਲੱਖਾਂ ਪੱਤਣਾਂ ਦੇ ਤਾਰੂਆਂ ਨੂੰ
ਪਹਿਲੀ ਹੀ ਨਜ਼ਰੇ
ਆਪਣੇ ਵਿੱਚ ਲੈਂਦੇ ਨੇ ਡੋਬ।
ਮੈਂ ਆਖਿਆ
ਧੀਏ
ਨੈਣ ਤਾਂ ਓਹੀ ਸੋਹਣੇ ਹੁੰਦੇ ਹਨ
ਜੋ ਆਪਣੀਆਂ ਪਲਕਾਂ ਵਿੱਚ
ਮਨੁੱਖਤਾ ਦਾ ਮੋਹ ਪਾਲਦੇ ਨੇ
ਨੈਣ ਤਾਂ ਓਹੀ ਸੋਹਣੇ ਹੁੰਦੇ ਨੇ
ਜਿਹਨਾਂ ਵਿੱਚ ਬੇ-ਇਨਸਾਫੀ
ਅਤੇ ਧੱਕੇ-ਸ਼ਾਹੀ ਵਿਰੁੱਧ
ਰੋਹ ਜਾਗਦੇ ਨੇ ।
ਜਦ ਵੀ ਮੈਂ
ਸ਼ੀਸ਼ੇ ਦੇ ਸਾਹਵੇਂ
ਖੜ੍ਹ ਕੇ ਆਪਣਾ
ਚਿਹਰਾ ਤੱਕਾਂ
ਚਿਹਰੇ ਦੀ ਮੈਂ
ਹਰ ਝੁਰੜੀ 'ਚੋਂ
ਇੱਕ ਅਜੇਹੀ ਕਵਿਤਾ ਲੱਭਾਂ
ਹੱਕ ਸੱਚ ਦੀ
ਆਵਾਜ਼ ਜੋ ਹੋਵੇ
ਸੀਸ ਤਲੀ 'ਤੇ ਧਰ ਪਿਆਰੇ ਨੂੰ
ਮਿਲਣੇ ਦਾ ਅੰਦਾਜ਼ ਜੋ ਹੋਵੇ
ਨਿਰਭਉ ਤੇ ਨਿਰਵੈਰ ਦਾ ਉੱਚਾ
ਮਘਦਾ ਜਿੱਥੇ
ਜਲਾਲ ਵੀ ਹੋਵੇ
ਹਰ ਇੱਕ ਲੋਟੂ ਟੋਲੇ ਮੂਹਰੇ
ਬਣ ਕੇ ਖੜ੍ਹੀ ਸਵਾਲ ਜੋ ਹੋਵੇ।
ਮੈਂ ਚਿਹਰੇ ਦੀ
ਹਰ ਝੁਰੜੀ 'ਚੋਂ
ਇੱਕ ਅਜੇਹੀ ਕਵਿਤਾ ਲੱਭਾਂ
ਪੰਛੀ ਦਾ ਜੋ
ਗੀਤ ਵੀ ਹੋਵੇ
ਕਲ-ਕਲ ਵਹਿੰਦੇ
ਝਰਨੇ ਵਿਚਲੇ
ਪਾਣੀ ਦਾ ਸੰਗੀਤ ਵੀ ਹੋਵੇ
ਸਾਜ਼ ਸੁਰਾਂ ਤੇ
ਸ਼ਬਦਾਂ ਦੇ ਵਿੱਚ
ਵਸਦਾ ਮੇਰਾ ਮੀਤ ਵੀ ਹੋਵੇ।
ਮੈਂ ਚਿਹਰੇ ਦੀ
ਹਰ ਝੁਰੜੀ 'ਚੋਂ
ਇੱਕ ਅਜੇਹੀ
ਕਵਿਤਾ ਲੱਭਾਂ
ਆਮ ਜਿਹੀ
ਪਰ ਖ਼ਾਸ ਵੀ ਹੋਵੇ
ਹੱਸੇ ਕਦੇ
ਉਦਾਸ ਵੀ ਹੋਵੇ
ਅੱਜ ਦੀ ਗੱਲ ਤਾਂ
ਕਰਨੀ ਹੀ ਹੈ
ਕੱਲ੍ਹ ਦਾ ਉਹ
ਇਤਿਹਾਸ ਵੀ ਹੋਵੇ
ਕੱਲ੍ਹ ਨੂੰ ਜਿਹੜੇ
ਕੱਲ੍ਹ ਨੇ ਆਉਣਾ
ਉਸ ਲਈ ਚੰਗੀ
ਆਸ ਵੀ ਹੋਵੇ।
ਮੈਂ ਚਿਹਰੇ ਦੀ
ਹਰ ਝੁਰੜੀ 'ਚੋਂ
ਇੱਕ ਅਜੇਹੀ
ਕਵਿਤਾ ਲੱਭਾਂ
ਜੋ ਬਿਨ ਤੇਰ
ਤੇ ਮੇਰ ਦੇ ਹੋਵੇ
ਰਿਸ਼ਮਾਂ ਵੰਡਦੀ
ਸੋਨ ਸੁਨੱਖੀ
ਵਾਂਗੂੰ ਕਿਸੇ
ਸਵੇਰ ਦੇ ਹੋਵੇ
ਨਾਨਕ ਬਾਣੀ
ਵਰਗੀ ਸਾਂਝੀ
ਪਾਕ-ਪਵਿੱਤਰ
ਹੇਕ ਵੀ ਹੋਵੇ।
ਜੀਵਨ ਦੇ
ਇਸ ਭਵ-ਸਾਗਰ ਵਿੱਚ
ਉਹ ਜੀਵਨ ਲਈ
ਸੇਧ ਵੀ ਹੋਵੇ
ਧੁਨ ਰਬਾਬੀ
ਮੁੱਖ ਮਹਿਤਾਬੀ
ਤੇ ਹੋਵੇ
ਉਹ ਇਨਕਲਾਬੀ ।
ਪਰ ਐਸੀ
ਕਵਿਤਾ ਨਾ ਲੱਭਦੀ
ਸ਼ਾਇਦ ਮੇਰੀ ਹੈ
ਕਲਮ ਨਿਆਣੀ
ਸ਼ਾਇਦ ਮੇਰੀ ਹੈ
ਕਲਮ ਨਿਮਾਣੀ
ਆਸ ਹੈ ਮੈਨੂੰ
ਹੌਲੀ ਹੌਲੀ
ਸਿੱਖ ਜਾਵੇਗੀ
ਕਦੋਂ
ਕਿਵੇਂ ਤੇ ਕਿੱਥੇ ਕਰਨੀ
ਗੱਲ ਸਿਆਣੀ।
ਕੁਝ ਕਵੀ
ਮੰਚ ਉੱਤੇ
ਰਾਜਨੀਤਕ ਨੇਤਾ ਨੂੰ
ਵਿਚਾਲੇ ਬਿਠਾ
ਕਤਾਰ ਬੰਨ੍ਹੀ ਬੈਠੇ ਸਨ
ਆਪਣੇ ਮੂਹਰੇ
ਰੰਗ-ਬਰੰਗੇ ਫੁੱਲਾਂ ਦੇ
ਗੁਲਦਸਤੇ ਸਜਾ ਕੇ ।
ਕੁਝ ਕਵੀ
ਪੰਡਾਲ 'ਚ ਬੈਠੇ
ਇੱਕ ਦੂਸਰੇ ਨੂੰ
ਖ਼ੁਸ਼ ਕਰ ਰਹੇ ਸਨ
ਤਾੜੀਆਂ ਵਜਾ ਕੇ ।
ਪਰ
ਕਵਿਤਾ ਇੱਕ ਪਾਸੇ ਖੜ੍ਹੀ
ਕੱਲਮ-ਕੱਲੀ
ਰੋ ਰਹੀ ਸੀ
ਸੋਚ ਰਹੀ ਸੀ
ਕਿ ਕਿਉਂ
ਮੇਰੇ ਸਿਰਜਣਹਾਰਿਆਂ ਨੇ
ਮੇਰੇ ਖੰਭ ਕਤਰ ਕੇ
ਰਾਜਨੀਤੀ ਦੇ ਪੈਰਾਂ 'ਚ
ਰੋਲ ਦਿੱਤੇ ਹਨ
ਕਿਉਂ ਮੇਰੇ ਸ਼ਬਦਾਂ 'ਚ
ਮੌਕਾਪ੍ਰਸਤੀ
ਚਾ-ਪਲੂਸੀ
ਤੇ ਖ਼ੁਦਗਰਜ਼ੀ ਦੇ ਜ਼ਹਿਰ
ਘੋਲ ਦਿੱਤੇ ਹਨ।
ਮੈਂ ਹੁਣ
ਨਾ ਅੰਬਰੀਂ ਉਡਾਰੀਆਂ ਲਾਉਂਦੀ ਹਾਂ
ਨਾ ਚੰਨ ਤਾਰਿਆਂ ਦੇ ਦੇਸ਼ ਜਾਂਦੀ ਹਾਂ
ਨਾ ਬੇਇਨਸਾਫ਼ੀਆਂ ਵਿਰੁੱਧ
ਆਵਾਜ਼ ਉਠਾਉਂਦੀ ਹਾਂ
ਨਾ ਸੁੱਤਿਆਂ ਨੂੰ ਜਗਾਉਂਦੀ ਹਾਂ
ਨਾ ਕ੍ਰਾਂਤੀ ਦਾ ਪੈਗ਼ਾਮ ਲਿਆਉਂਦੀ ਹਾਂ।
ਮੈਂ
ਰਾਜਨੀਤੀ ਦੇ ਮਹਿਲਾਂ ਵਿੱਚ
ਖੰਭਾਂ ਤੋਂ ਬਿਨਾਂ
ਫੜਫੜਾ ਰਹੀ ਹਾਂ
ਲੜਖੜਾ ਗਈ ਹਾਂ
ਇਸ ਤਰ੍ਹਾਂ ਲੱਗਦੈ
ਜਿਵੇਂ ਮੈਂ ਰਾਜਨੀਤੀ ਦੀ ਰਖੇਲ ਹੋਵਾਂ।
ਤੇਰਾ ਮੇਰਾ
ਕੀ ਹੈ ਰਿਸ਼ਤਾ
ਮੈਨੂੰ ਕੁਝ ਪਤਾ ਨਹੀਂ ਲਗਦਾ
ਪਰ ਤੇਰੇ ਬਿਨ
ਇਹ ਭਖਦਾ ਸੂਰਜ
ਤੇ ਜੱਗ ਸਾਰਾ
ਸੁੰਨ੍ਹਾ ਮੜੀ ਮਸਾਣ ਹੈ ਲਗਦਾ
ਮੈਨੂੰ ਮੇਰਾ ਸਾਰਾ ਆਪਾ
ਜ਼ੰਜੀਰਾਂ ਦੇ ਵਿਚ ਕਸਿਆ
ਮੇਰਾ ਸਭ ਕੁਝ
ਮੇਰੇ ਕੋਲੋਂ ਖੁੱਸਿਆ ਲਗਦਾ
ਪਰ ਜਦ ਕਿਧਰੇਂ
ਤੂੰ ਆ ਜਾਵੇਂ
ਪੈਲਾਂ ਪਾਵੇਂ
ਗੁਣ ਗੁਣਾਵੇਂ
ਭਰ ਕੇ ਲੱਪ ਸੱਜਰੇ ਸ਼ਬਦਾਂ ਦੀ
ਮੇਰੀ ਖਾਲੀ ਝੋਲੀ ਪਾਵੇਂ
ਸੁੱਤੀ ਮੇਰੀ ਸੋਚ ਜਗਾਵੇਂ
ਸੋਚ ਮੇਰੀ ਫਿਰ
ਸ਼ਬਦਾਂ ਦੇ ਖੰਭਾਂ ਤੇ ਚੜ੍ਹ ਕੇ
ਬ੍ਰਹਿਮੰਡ ਦੀ ਉਹ ਸੈਰ ਤੇ ਜਾਵੇ ।
ਮੈਨੂੰ ਮੇਰਾ ਸਾਰਾ ਆਪਾ
ਚੰਗਾ ਅਤੇ ਆਜ਼ਾਦ ਹੈ ਲਗਦਾ
ਤੇ ਇਹ ਸੂਰਜ ਸੋਮਾ ਚਾਨਣ
ਤੇ ਜੱਗ ਸਾਰਾ
ਵਸਿਆ ਅਤੇ ਆਬਾਦ ਹੈ ਲਗਦਾ ।
ਜਿੰਦੇ ਨੀ ਕੁਝ ਸ਼ਬਦ ਸੁਨੱਖੇ
ਜਗਮਗ ਕਰਦੇ ਤੇਰੇ ਮੱਥੇ
ਤੂੰ ਉਹਨਾਂ ਦੀ ਲੋਅ ਵਿਚ ਬਹਿ ਕੇ
ਕਰ ਲੈ ਅਪਣੇ ਲੇਖ ਸੁਵੱਲੇ ।
ਜਿੰਦੇ ਨੀ ਦਰ ਮਹਿਕਾਂ ਆਈਆਂ
ਬੇਸਮਝੀ ਵਿਚ ਮੋੜ ਨਾ ਦੇਵੀਂ
ਉਠ ਕੇ ਖੋਲ੍ਹ ਤੂੰ ਦਿਲ ਦਾ ਬੂਹਾ
ਨਾ ਤੱਕ ਅੜੀਏ ਸੱਜੇ ਖੱਬੇ ।
ਸ਼ਬਦ ਸੁਰਾਂ ਦੀ ਸਾਂਝ ਨੀ ਜਿੰਦੇ
ਰੱਬ ਨੂੰ ਲਗਦੀ ਪਿਆਰੀ ਜਿੰਦੇ
ਬਾਬੇ ਤੇ ਮਰਦਾਨੇ ਦੀ ਗੱਲ
ਬੰਨ੍ਹ ਕੇ ਰੱਖ ਤੂੰ ਅਪਣੇ ਪੱਲੇ ।
ਤੇਰੇ ਸੀਨੇ ਤੀਰ ਹੈ ਖੁਭਿਆ
ਮੰਨਿਆ ਤੇਰਾ ਖੂਨ ਹੈ ਡੁਲ੍ਹਿਆ
ਤੂੰ ਉਸ ਖੂਨ ਦੇ ਬਾਲ ਦੇ ਦੀਵੇ
ਬੋਲ ਹਨੇਰੇ ਉੱਤੇ ਹੱਲੇ ।
ਸਾਂਝ ਪਵੇ ਤਾਂ ਮੇਲ ਹੈ ਬਣਦਾ
ਮੇਲ ਹੋਵੇ ਤਾਂ ਪਿਆਰ ਹੈ ਵਧਦਾ
ਜੋ ਲੱਭ ਦਾ ਹੈ ਪਿਆਰਾਂ ਵਿਚੋਂ
ਹੋਰ ਕਿਤੋਂ ਸਾਨੂੰ ਨਾ ਲੱਭੇ ।
ਤਪਦੀ ਰੁੱਤੇ ਚੇਤੇ ਆਉਂਦਾ ਬੁੱਢਾ ਰੁੱਖ ਘਣਛਾਵਾਂ ।
ਜਿਸਦੇ ਟਾਹਣਾਂ ਉੱਤੇ ਅੱਜਕਲ੍ਹ ਪੱਤਾ ਟਾਵਾਂ ਟਾਵਾਂ ।
ਬੁੱਢਾ ਰੁੱਖ ਉਹ ਪਿੰਡ ਮੇਰੇ ਦਾ ਬਾਬੇ ਦਾ ਹੈ ਹਾਣੀ,
ਉਸਦੀ ਛਾਂ ਵਿੱਚ ਰਲ ਜਾਂਦਾ ਸੀ ਮੇਰਾ ਵੀ ਪਰਛਾਵਾਂ ।
ਚਿੱਤ ਕਰਦਾ ਉਸ ਬਾਬੇ ਰੁੱਖ ਦੇ ਸਨਮੁੱਖ ਹੋ ਕੇ ਪੁੱਛਾਂ,
ਪਿੰਡ ਤੇਰੇ ਦੀ ਧੀ ਦਾ ਕਾਹਤੋਂ ਹੁੰਦਾ ਨੀ ਸਿਰਨਾਵਾਂ ।
ਇਕ ਦਿਨ ਰੁੱਖ ਦੇ ਟਾਹਣਾਂ ਉੱਤੇ ਚਲ ਜਾਣਾ ਹੈ ਆਰਾ,
ਫੇਰ ਪਤਾ ਨੀ ਮੈਂ ਉਸ ਪਿੰਡ ਵਿੱਚ ਆਵਾਂ ਜਾਂ ਨਾ ਆਵਾਂ ।
ਨਫ਼ਰਤ ਹਿੰਸਾ ਮਾਤਮ ਸਾਡੇ ਸ਼ਹਿਰਾਂ ਦੇ ਨੇ ਵਾਸੀ,
ਪਿਆਰ ਭਰੀ ਇਸ ਰੂਹ ਨੂੰ ਦੱਸੋ ਕਿਹੜੇ ਸ਼ਹਿਰ ਵਸਾਵਾਂ ।
ਬਹੁਤ ਮੁਸ਼ਕਿਲ ਹੁੰਦਾ ਹੈ
ਚੰਗੀ ਰੋਟੀ ਦੀ ਤਲਾਸ਼ ਵਿੱਚ
ਚੁਲ੍ਹੇ ਮੂਹਰੇ ਬੈਠੀ ਮਾਂ ਨੂੰ
ਅੰਬ ਦੇ ਆਚਾਰ ਦੀ ਫਾੜੀ ਨਾਲ
ਰੋਟੀ ਖਾਦਿਆਂ ਛੱਡ
ਭਰੇ ਮਨ ਤੇ
ਡੁਲ੍ਹਦੀਆਂ ਅੱਖਾਂ ਨਾਲ
ਵਿਦੇਸ਼ ਤੁਰ ਜਾਣਾ ।
ਇਸਤੋਂ ਵੀ ਵੱਧ ਮੁਸ਼ਕਿਲ ਹੁੰਦਾ ਹੈ
ਮਾਂ ਦੀ ਮੌਂਤ ਦੀ ਖਬਰ ਸੁਣ ਕੇ
ਵਿਦੇਸ਼ ਤੋਂ ਪਰਤਣਾ
ਸਮੇਂ ਸਿਰ ਨਾ ਪੁੱਜ ਸਕਣਾ
ਮਾਂ ਦੀ ਚਿੱਖਾ ਨੂੰ
ਸ਼ਰੀਕਾਂ ਦਾ ਅੱਗ ਦਿਖਾਉਣਾ
ਤੇ ਆਪ
ਬਲਦੀ ਚਿੱਖਾ ਵੱਲ ਦੇਖੀ ਜਾਣਾ ।
ਤੇ ਸਭ ਤੋਂ ਵੱਧ ਮੁਸ਼ਕਿਲ ਹੁੰਦਾ ਹੈ
ਵਰ੍ਹਿਆਂ ਬਾਦ
ਵਿਦੇਸ਼ ਤੋਂ ਘਰ ਪਰਤਣਾ
ਉਡੀਕ ਕਰ ਰਹੇ
ਖਾਲੀ ਪਏ ਘਰ ਦੀ ਦਹਿਲੀਜ਼ ਤੇ ਖੜ੍ਹ
ਵਿਹੜੇ ਵਿੱਚ ਉੱਗਿਆ
ਗੋਡੇ ਗੋਡੇ ਘਾਹ
ਤੇ ਡਿੱਗੀਆਂ ਛੱਤਾਂ ਨੂੰ ਦੇਖ
ਹੰਝੂ ਕੇਰੀ ਜਾਣਾ
ਤੇ ਕੁਝ ਨਾ ਕਹਿਣਾ ।
ਉਦਾਸ ਹਾਂ ਮੈਂ ਤੇ ਹਵਾ ਮੇਰੇ ਨਾਲ
ਖਹਿ ਕੇ ਲੰਘਦੀ ਹੈ
ਮੇਰੇ ਦਿਲ ਦੀ ਧੜਕਣ ਕੋਲੋਂ
ਸਾਹਾਂ ਦਾ ਮੁੱਲ ਮੰਗਦੀ ਹੈ ।
ਠੰਡੀ ਬਰਫ਼ ਇਹਨਾਂ ਗਲੀਆਂ ਦੀ
ਕਲ੍ਹ ਸੀ ਖਚਰਾ ਹਾਸਾ ਹੱਸਦੀ
ਅੱਜ ਉਹ ਪਿਘਲ ਪਿਘਲ ਕੇ ਮੇਰੇ
ਚੰਦਰੇ ਨੈਣਾਂ ਥਾਣੀਂ ਵੱਗਦੀ
ਕਿਧਰੋਂ ਰੇਤ ਕੁਪੱਤੀ ਉੱਡ ਕੇ
ਮੇਰਾ ਸੀਨਾ ਡੰਗਦੀ ਹੈ
ਉਦਾਸ ਹਾਂ ਮੈ ਤੇ ਹਵਾ ਮੇਰੇ ਨਾਲ
ਖਹਿ ਕੇ ਲੰਘਦੀ ਹੈ
ਮੇਰੇ ਦਿਲ ਦੀ ਧੜਕਣ ਕੋਲੋਂ
ਸਾਹਾਂ ਦਾ ਮੁੱਲ ਮੰਗਦੀ ਹੈ ।
ਨਾਲ ਸਿਦਕ ਦੇ ਵੱਗਦੀਏ ਨਦੀਏ
ਮੇਰਾ ਇਕ ਹੰਝੂ ਲੈ ਜਾਵੀਂ
ਉਛਲਦੇ ਖਾਰੇ ਸਾਗਰ ਵਿੱਚ
ਇਕ ਤਿੱਪ ਖਾਰੀ ਹੋਰ ਮਿਲਾਵੀਂ
ਮੇਰੀ ਰੂਹ ਤਾਂ ਹੰਝੂਆਂ ਦੀ ਹੁਣ
ਬੇ-ਬਸੀ ਤੋਂ ਸੰਗਦੀ ਹੈ
ਉਦਾਸ ਹਾਂ ਮੈਂ ਤੇ ਹਵਾ ਮੇਰੇ ਨਾਲ
ਖਹਿ ਕੇ ਲੰਘਦੀ ਹੈ
ਮੇਰੇ ਦਿਲ ਦੀ ਧੜਕਣ ਕੋਲੋਂ
ਸਾਹਾਂ ਦਾ ਮੁੱਲ ਮੰਗਦੀ ਹੈ ।
ਜੀ ਕਰਦਾ ਮੈਂ ਆਪਣੇ ਪਿੰਡ ਦੇ
ਸੁੱਕਿਆਂ ਖੇਤਾਂ ਨੂੰ ਮਿਲ ਆਵਾਂ
ਰੋਂਦੀਆਂ ਫ਼ਸਲਾਂ ਦੇ ਗਲ ਲੱਗ ਕੇ
ਥੋੜ੍ਹੀ ਪੀੜਾ ਮੰਗ ਲਿਆਵਾਂ
ਪਰ ਓਥੇ ਹਰ ਦਾਣੇ ਨੂੰ
ਹਰ ਸੁਬਹ ਸੂਲੀ ਤੇ ਟੰਗਦੀ ਹੈ
ਉਦਾਸ ਹਾਂ ਮੈਂ ਤੇ ਹਵਾ ਮੇਰੇ ਨਾਲ
ਖਹਿ ਕੇ ਲੰਘਦੀ ਹੈ
ਮੇਰੇ ਦਿਲ ਦੀ ਧੜਕਣ ਕੋਲੋਂ
ਸਾਹਾਂ ਦਾ ਮੁੱਲ ਮੰਗਦੀ ਹੈ ।