Punjabi Poetry : Sukhdeep Singh Raipur

ਪੰਜਾਬੀ ਕਵਿਤਾਵਾਂ : ਸੁਖਦੀਪ ਸਿੰਘ ਰਾਏਪੁਰ1. ਦੋ ਪਲ ਭਰ

ਕੋਈ ਅਚਾਨਕ ਨਜ਼ਦੀਕ ਆਇਆ ਤੇ ਚਲਾ ਗਿਆ, ਏਦਾਂ ਹੀ ਹੁੰਦਾ ਰਿਹਾ, ਸਾਡੀ ਜ਼ਿੰਦਗੀ ਵਿਚ ਸੂਰਜ ਵੀ ਕਾਲਖ਼ ਦੇ ਬਵੰਡਰ ਵਰਗਾ ਸੀ, ਜੋ ਕਦੇ ਨਹੀਂ ਮੁੱਕਿਆ..... ***** ਕਈ ਸਾਲ ਬੀਤ ਗਏ ਸੀ, ਆਪਣੇ ਆਪ ਵਰਗਾ ਲੱਭਣ ਲਈ, ਫੇਰ ਤੂੰ ਲੱਭੀ, ਏਦਾਂ ਲੱਗਿਆ ਜਿਵੇਂ ਮੈਂ ਹੀ ਹੋਵਾਂ, ਹੂਬਹੂ ਜਵਾਂ ਰੱਤੀ ਭਰ ਵੀ ਫ਼ਰਕ ਨਾ ਮਿਲਿਆ, ਉਡੀਕ ਕਰ ਰਿਹਾ ਸੀ, ਕੋਈ ਟੁੱਟਦਾ ਤਾਰਾ ਵੇਖਣ ਦੀ, ਤੇ ਮੈਂ ਤੇਰੇ ਬਾਰੇ ਸੋਚ ਰਿਹਾ ਸੀ, ਅਚਾਨਕ ਹੀ ਨਿਗਾਹ ਪੈ ਗਈ, ਮੇਰਾ ਮੱਥਾ ਠਣਕ ਗਿਆ, ਲੱਗਿਆ ਹੁਣ ਖੈਰ ਨਹੀਂ... ਫਿਰ ਕੀ ਸੀ... ਉਹੀ ਹੋਇਆ, ਜਿਸਦਾ ਡਰ ਸੀ... ਦੋ ਪਲ ਭਰ ਆਏ ਸੀ ਤੇ ਇੱਕ ਪਲ ਭਰ ਵਿਚ ਚੱਲੇ ਗਏ ਇੱਕ ਦਿਨ ਬੀਤ ਗਿਆ, ਫੇਰ ਦੂਸਰਾ ਵੀ ਬੀਤ ਗਿਆ, ਫੇਰ ਹਫ਼ਤਾ ਵੀ ਬੀਤ ਗਿਆ, ਕੋਈ ਫ਼ਰਕ ਨਾ ਪਿਆ ਉਹਦੇ ਜਾਣ ਨਾਲ ਕੋਈ ਆਇਆ... ਉਹਨੇ ਹਾਲ ਪੁੱਛਿਆ, ਮੇਰੇ ਤੋਂ ਦੱਸ ਨਾ ਹੋਇਆ, ਉਸ ਨੇ ਮੈਨੂੰ ਪੱਥਰ ਕਰਾਰ ਦੇ ਦਿੱਤਾ, ਮੈਂ ਪੂਰੇ ਦੋ ਸਾਲ ਪੱਥਰ ਬਣਿਆ ਰਿਹਾ, ਜੋ ਵੀ ਕਿਹਾ ਮੈਂ ਸੁਣਦਾ ਰਿਹਾ, ਕਿਸੇ ਨੇ ਰੱਬ ਮੰਨ ਮੈਨੂੰ ਪੂਜਿਆ, ਪਰ ਮੈਂ ਉਸ ਦੀ ਮੰਨਤ ਨਾ ਪੂਰੀ ਕਰ ਸਕਿਆ, ਕਰਦਾ ਵੀ ਕਿਦਾਂ ...ਮੈਂ ਤੇ ਪੱਥਰ ਸੀ ਮੈਂ ਵੇਖਿਆ... ਇਹ ਦੁਨੀਆਂ ਦੇ ਵੱਖਰੇ ਰਿਵਾਜ ਨੂੰ, ਇਹ ਫੁੱਲਾਂ ਨੂੰ ਕ਼ਤਲ ਕਰ..., ਪੁੱਤਾਂ ਦੀਆਂ ਦਾਤਾਂ ਮੰਗਣ ਤੁਰ ਪੈਂਦੇ ਨੇ, ਏਥੇ ਲੱਖਾਂ ਵਿਚੋਂ ਇੱਕ ਬੰਦਾ ਵੀ, ਬੜੀ ਹੀ ਮੁਸ਼ਕਿਲ ਨਾਲ ਮਿਲ਼ਦਾ ਹੈ, ਜੋ ਰੱਬ ਦੇ ਘਰ ਜਾ ਕੁਝ ਨਹੀਂ ਮੰਗਦਾ ਇਹਨਾਂ ਨੂੰ ਲੱਗਦਾ ਹੈ ਕਿ ਜੇ ਰੱਬ ਨੇ ਸਾਨੂੰ ਜਿੰਦਗੀ ਦਿੱਤੀ ਹੈ, ਉਹ ਬਾਕੀ ਸਭ ਕੁਝ ਵੀ ਦੇਵੇ, ਇਹ ਮਨੁੱਖ ਇਹ ਭੁੱਲ ਜਾਂਦਾ ਹੈ, ਕਿ ਜੇ ਰੱਬ ਨੇ ਹੀ ਸਾਰਾ ਕੁਝ ਦੇਣਾ ਹੈ, ਫੇਰ ਮੈਂ ਬੰਦਾ ਥੋੜ੍ਹੀ ਆਂ, ਬੰਦਾ ਤਾਂ ਉਹ ਹੁੰਦਾ ਜੋ ਆਪਣੇ ਆਪ ਕਰਕੇ ਖਾਵੇ ਤੇ ਘੱਟ-ਵੱਧ ਜੋ ਵੀ ਹੈ, ਉਸ ਵਿੱਚ ਖੁਸ਼ ਹੋਵੇ, ਬਿਨਾਂ ਕਿਸੇ ਨੂੰ ਸ਼ਕਾਇਤ ਕਰੇ, ਜੋ ਕਿਸੇ ਤੋਂ ਮੰਗੇ, ਉਹ ਬੰਦਾ ਥੋੜ੍ਹੀ ਆ, ਉਹ ਤਾਂ ਕਠਪੁਤਲੀ ਆ, ਉਹ ਤਾਂ ਖਿਡੌਣਾ ਆ.... ਡੇਢ ਕੁ ਸਾਲ ਬੀਤ ਗਿਆ, ਪੁਰਾਣਾ ਹੋ ਗਿਆ ਮੈਂ, ਸੁੱਟ ਦਿੱਤਾ ਗਿਆ, ਲੋਕਾਂ ਦੇ ਠੇਡੇ ਮਾਰਨ ਲਈ, ਕੀ ਕੀਤਾ ਜਾਵੇ... ਮਨੁੱਖ ਦੀ ਫਿਤਰਤ ਹੀ ਇਸ ਤਰ੍ਹਾਂ ਦੀ ਹੈ, ਇਹ ਪੁਰਾਣੀਆਂ ਚੀਜ਼ਾਂ ਨੂੰ ਵਾਧੂ ਸਮਝ ਸੁੱਟ ਦੇਂਦਾ ਹੈ, ਪਰ ਯਾਦ ਰੱਖੀਂ, ਮੈਂ ਪੁਰਾਣਾ ਬੇਸ਼ੱਕ ਹਾਂ, ਪਰ ਵਾਧੂ ਨਹੀਂ ਆ, ਹਾੜ੍ਹੇ ਤੂੰ ਮੈਨੂੰ ਸੁੱਟ ਨਾ ਦੇਈਂ.. ਮੰਨਿਆ ਕਿ ਪੱਥਰ ਹਾਂ ਪਰ ਹਾਂ... ਕਿ ਇਹ ਪੱਥਰ ਵੀ ਕਦੇ ਰੱਬ ਹੁੰਦਾ ਸੀ

2. ਦੋ ਸਾਲ ਬੀਤ ਗਏ

ਦੋ ਸਾਲ ਬੀਤ ਗਏ ਸੀ ਮੈਂ ਆਸ ਛੱਡ ਦਿੱਤੀ ਸੀ, ਮੈਨੂੰ ਏਦਾਂ ਲੱਗਦਾ ਸੀ, ਰੱਬ ਨੇ ਮੇਰੇ ਵਰਗਾ ਕਿਸੇ ਹੋਰ ਨੂੰ ਬਣਾਇਆ ਹੀ ਨਹੀਂ, ਪਰ ਫੇਰ ਤੂੰ ਮਿਲੀ, ਐਦਾਂ ਤੂੰ, ਤੂੰ ਹੈ ਹੀ ਨਹੀਂ, ਤੂੰ ਮੈਂ ਹੀ ਹੈ, ਉਹੀ ਖ਼ਿਆਲ,ਉਹੀ ਸਵਾਲ, ਉਹੀ ਗੱਲਾਂ,ਉਹੀ ਸੋਚ ਕਿੰਨਾ ਕੁਝ ਮਿਲਦਾ ਨਾਲ ਆਪਣਾ ਮੈਂ ਜਦੋਂ ਤੇਰਾ ਨਾਂ ਸੁਣਿਆ, ਮੈਂ ਅੱਖਾਂ ਬੰਦ ਕਰ ਲਈਆਂ, ਤੇ ਆਪਣੇ ਰੱਬ ਨੂੰ ਪੁੱਛਿਆ... 'ਰੱਬਾ... ਦੱਸ ਇਹ ਕੌਣ ਹੈ?' ਪਤਾ... ਰੱਬ ਨਹੀਂ ਬੋਲਿਆ ਪਤਾ ਉਹ ਕਿਉਂ ਨਹੀਂ ਬੋਲਿਆ, ਕਿਉਂਕਿ ਉਹ ਮੈਨੂੰ ਅਕਸਰ ਆਖਦਾ ਹੈ, ਕਿ ਮੈਂ ਤੇਰੇ ਨਾਲ ਜਿਸ ਨੂੰ ਮਿਲਾਇਆ ਹੈ, ਉਸਦਾ ਮਿਲਣਾ ਲਿਖਣ ਤੋਂ ਪਹਿਲਾਂ, ਉਸਦਾ ਵਿੱਛੜਣਾ ਪਹਿਲਾਂ ਲਿਖਿਆ ਹੈ, ਮੈਂ ਇਹ ਸਭ ਜਾਣਦੇ ਹੋਏ ਨੇ ਵੀ, ਤੇਰੇ ਤੇ ਅੱਖਾਂ ਮੀਚ ਭਰੋਸਾ ਕੀਤਾ, ਉਹ ਗੱਲਾਂ ਜੋ ਅਠਾਰਾਂ ਵਰ੍ਹਿਆਂ ਤੋਂ, ਆਪਣੇ ਮਨ ਦੇ ਸੰਦੂਕ ਵਿੱਚ ਸਾਂਭੀਆਂ ਸੀ, ਉਹ ਤੇਰੇ ਅੱਗੇ ਰੱਖ ਦਿੱਤੀਆਂ... ਮੈਨੂੰ ਪਤਾ ਸੀ, ਤੈਨੂੰ ਮੈਂ ਨਹੀਂ, ਮੇਰੀਆਂ ਗੱਲਾਂ ਵਿਚੋਂ, ਕੁਝ ਗੱਲਾਂ ਪਸੰਦ ਆ ਜਾਣਗੀਆਂ , ਪਤਾ ਕਿਉਂ ਕਿਉਂਕਿ ਰੱਬ ਨੇ ਦੱਸਿਆ ਮੈਨੂੰ, ਜੋ ਤੇਰਾ ਬਾਕੀ ਹਿੱਸਾ ਹੈ, ਉਹ ਤੂੰ ਹੈ ਮੈਂ ਡਰ ਗਿਆ ਮੈਂ ਆਪਣੇ ਨਾਲਦੀ ਖ਼ਾਲੀ ਜਗਾਹ ਨੂੰ ਲੱਭਣ ਲੱਗਾ, ਮੈਂ ਹੈਰਾਨ ਸੀ, ਉਹ ਭਰ ਗਈ ਹੈ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਤੂੰ ਮੇਰੇ ਬਾਰੇ ਸੋਚੇਂ ਜਾ ਨਾ ਸੋਚੇਂ, ਪਰ ਹਾਂ ਮੈਂ ਜ਼ਰੂਰ ਸੋਚਦਾਂ ਹਾਂ, ਤੇ ਰੱਬ ਨੇ ਕਿਹਾ ਸੀ, ਹੌਲ਼ੀ ਜਿਹੀ ਮੇਰੇ ਕੰਨ ਚ ਰਾਤ, ਹੋ ਸਕਦਾ ਇਹ ਚੱਕਰ ਮੁੜ ਚਲ ਪਵੇ ਮੈਂ ਹਲਕਾ ਜਿਹਾ ਮੁਸਕਾਇਆ ਤੇ ਕਿਹਾ ਇਹ ਜ਼ਿੰਦਗੀ ਹੈ, ਕੋਈ ਫ਼ਿਲਮ ਥੋੜ੍ਹੀ... ਪਤਾ ਅੱਗੋਂ ਰੱਬ ਕੀ ਬੋਲਿਆ ਮੈਂ ਵੀ ਰੱਬ ਹਾਂ ਕੋਈ ਬੰਦਾ ਥੋੜ੍ਹੀ ਹਾਂ...

3. ਜਦ ਵੀ ਕੋਈ ਬੋਲਦਾ

ਜਦ ਵੀ ਕੋਈ ਬੋਲਦਾ ਬੋਲਦਾ ਚੁੱਪ ਹੋ ਜਾਂਦਾ, ਮੈਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ, ਮੈਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਲੱਗ ਜਾਨਾਂ,

4. ਮੁੱਠ ਭਰ ਚਾਵਾਂ ਲੈ ਕੇ

ਮੁੱਠ ਭਰ ਚਾਵਾਂ ਲੈ ਕੇ, ਤੇਰੇ ਮੈਂ ਮੁਹਰੇ ਖੜ੍ਹਿਆ, ਧਰਤਾ ਸੀ ਹੱਥ ਤੇਰੇ ਤੇ, ਦੱਸ ਦੇ ਖ਼ਤ ਕਿਉਂ ਨੀਂ ਪੜ੍ਹਿਆ, ਡੁੱਬਿਆ ਜੋ ਸੂਰਜ ਸੱਜਣਾ, ਮੁੜ ਕੇ ਨੀ ਹੁਣ ਤੀਕ ਚੜ੍ਹਿਆ, ਹੁਣ ਵੀ ਹੈ ਪਛਤਾਵਾ ਮੈਨੂੰ, ਕਾਹਤੋਂ ਹਾਂ ਤੇਰੇ ਨਾਲ ਮੈਂ ਲੜਿਆ, ਹੱਥੀਂ ਜੋ ਪਾਈ ਮਾਲ਼ਾ ਦੇ ਮੋਤੀ ਵੀ ਚੁੱਪ ਨੇ ਹੋ ਗਏ, ਪੁੱਛਦੇ ਨੇ ਨਾਲ ਜੋ ਰਹਿੰਦੇ ਸੀ ਕਿੱਧਰ ਨੇ ਉਹੋ ਖੋ ਗਏ, ਅੰਬਰ ਵੱਲ ਤੱਕ ਕੇ, ਨਜ਼ਰੀਂ ਆ ਚਿਹਰਾ ਆਉਣਾ, ਇੱਕ ਪਲ਼ ਵੀ ਨਾ ਸੋਚਿਆ ਸੀ, ਕਿੰਨਾ ਔਖਾ ਹੈ ਵੱਖ ਹੋ ਕੇ ਜਿਉਣਾ... ਚੱਲ ਜੇਕਰ ਤੂੰ ਨਹੀਂ ਵੇ ਮੁੜਨਾ, ਮੇਰੇ ਹਾਸੇ ਤਾਂ ਮੋੜ ਦੇਵੀਂ, ਤੇਰੇ ਪਿੰਡ ਵਾਲੀ ਵਾਅ ਨੂੰ, ਮੇਰੇ ਵੱਲ ਤੋਰ ਦੇਵੀਂ, ਤੂੰ ਵੀ ਖੁਸ਼ ਰਹਿਣਾ ਸਿੱਖ ਗਿਆ, ਜਾਂ ਹਾਲਤ ਹੈ ਉਹੀ ਵੇ, ਕਿੰਨੀਆਂ ਹੀ ਰਾਤਾਂ ਜਾਂ ਫੇਰ ਅੱਖ ਤੇਰੀ ਵੀ ਰੋਈ ਵੇ... ਰੱਖਿਆ ਨਹੀਂ ਗਿਆ ਸਾਂਭ ਕੇ, ਤੇਰਾ ਤੇ ਮੇਰਾ ਰਿਸ਼ਤਾ, ਮੈਂ ਦੱਸਤਾ ਸੀ ਖੇਤਾਂ ਦੀਆਂ ਵੱਟਾਂ ਨੂੰ... ਦਿਲ ਵੀ ਇਹ ਪੱਥਰ ਬਣ ਗਿਆ, ਗੌਲੇ ਨਾ ਇਹ ਸੱਟਾਂ ਨੂੰ

5. ਜੋ ਆਪਣਾ ਰਿਸ਼ਤਾ ਸੀ

ਜੋ ਆਪਣਾ ਰਿਸ਼ਤਾ ਸੀ ਉਹ ਮੁਹੱਬਤ ਨਹੀਂ ਸੀ, ਉਸ ਰਿਸ਼ਤੇ ਦਾ ਤਾਂ ਅਜੇ, ਦੁਨੀਆਂ ਉੱਪਰ ਨਾਮ ਹੀ ਨਹੀਂ ਆ

6. ਉਹ ਜ਼ਿੰਦਗੀ ਭਰ ਯਾਦ ਰੱਖਣ ਦਾ

ਉਹ ਜ਼ਿੰਦਗੀ ਭਰ ਯਾਦ ਰੱਖਣ ਦਾ, ਵਾਦਾ ਕਰਕੇ ਸਾਥੋਂ ਦੂਰ ਚਲੇ ਗਏ... ਸਾਨੂੰ ਲੱਗਿਆ ਕਿ ਅਸੀਂ ਇੱਕ, ਸੁਪਨੇ ਵਿੱਚ ਸੁਪਨਾ ਵੇਖ ਰਹੇ ਆਂ

7. ਜੋ ਵੀ ਹਰਿਆ ਮੈਂ ਅੱਜ ਤੀਕ

ਜੋ ਵੀ ਹਰਿਆ ਮੈਂ ਅੱਜ ਤੀਕ, ਇੱਕ ਉਹਦੇ ਕਰਕੇ ਹਰਿਆ ਹਾਂ, ਨਾ ਗਿਣ ਮੈਨੂੰ, ਨਾ ਮਿਣ ਮੈਨੂੰ ਜਿਉਂਦਿਆਂ ਚ, ਮੈਂ ਜਿਉਂਦਾ ਹੋਇਆ ਵੀ ਮਰਿਆ ਹਾਂ ਜੇ ਕਰ ਕਬੂਲ ਨਾ ਹੋਇਆ ਉਹਦੇ ਹੱਥੀਂ, ਫੇਰ ਫੁੱਲ ਗੁਲਾਬ ਦਾ ਕੀਹਨੇ ਤੱਕਣਾ ਏ, ਅਸਾਂ ਬਣ ਜਾਣਾ ਪੱਥਰ ਤੋਂ ਪੱਥਰ ਮੀਆਂ ਜੀ, ਜੋ ਦੁਨੀਆਂ ਨੇ ਏਧਰੋਂ ਚੁੱਕ ਏਧਰ ਰੱਖਣਾ ਏ, ਕੀ ਸੋਚ ਕੇ ਤੁਰੀਏ ਨਵਿਆਂ ਰਾਹਾਂ ਉੱਤੇ, ਜਦ ਗਏ ਨੇ ਪੁਰਾਣੇ ਅੱਧ ਵਿਚਕਾਰ ਛੱਡਕੇ, ਕੋਈ ਬਿਨਫਸਾ ਦਾ ਫੁੱਲ ਲਗਾ ਦੇਣਾ, ਉੱਤੇ ਕਬਰ ਮੇਰੀ, ਥੱਲੇ ਮੈਨੂੰ ਦੱਬਕੇ...

8. ਉਹ ਆਈ

ਉਹ ਆਈ ਕਿੰਨਾਂ ਚਿਰ ਕੋਲ ਬੈਠੀ ਰਹੀ ਮੈਂ ਸੋਚ ਰਿਹਾ ਸੀ ਉਹਦੇ ਕੋਲ ਬੈਠਾ ਵੀ... ਉਹਦੇ ਬਾਰੇ ਮੈਨੂੰ ਇਹ ਉਮੀਦ ਸੀ ਕਿ ਉਹ ਪਹਿਲਾਂ ਬੋਲੇ ਤੇ ਆਖੇ ਦੱਸ... ਅੱਜ ਕੀ ਲਿਖਿਆ ਤੂੰ ਤੇ ਮੈਂ ਆਖਾਂ ਅੱਜ ਤਾਂ ਇੱਕ ਅਜਨਬੀ ਦੇ ਬਾਰੇ ਹੀ, ਖ਼ੁਦ ਨੂੰ ਸਵਾਲ ਕਰਦਿਆਂ ਲੰਘ ਗਿਆ ਸਾਰਾ ਦਿਨ ਕੌਣ ... ਅਜਨਬੀ....ਉਹ...??? ਤੂੰ ਜ਼ਿਆਦਾ ਗੰਭੀਰਤਾ ਨਾਲ ਨਾ ਸੋਚਿਆ ਕਰ ਮਨੁੱਖ ਦੇ ਪੈਰਾਂ ਨੂੰ...ਭਲਾਂ, ਇੱਕ ਕੀੜੀ ਹੋਰ ਪੈਰ ਥੱਲੇ ਆ, ਮਰ ਜਾਣ ਨਾਲ ਕੀ ਫ਼ਰਕ ਪੈਂਦਾ ਹਾਂ ... ਗੱਲ ਤਾਂ ਸਹੀ ਹੈ ਪਰ ਮੈਂ ਹਾਲੇ ਬਰਾਬਰੀ ਦਾ ਨਹੀਂ ਆਂ ਪਤਾ ਏ ਮੈਨੂੰ...ਤੇਰੀ ਇਸੇ ਆਦਤ ਕਾਰਨ ਲੋਕ ਤੈਨੂੰ... ਪੱਥਰ ਆਖ ਪੁਕਾਰਦੇ ਨੇ ਫੇਰ... ਮੈਨੂੰ ਕੋਈ ਫਰਕ ਨਹੀਂ ਪੈਂਦਾ... ਸਹੀ ਆਖਦੇ ਨੇ...ਉਹ ਹਾਂ ਵੀ ਤਾਂ ਮੈਂ... ਪੱਥਰ ਹੀ ਚੱਲ ਛੱਡ ਮੈਂ ਤੇਰੇ ਨਾਲ ਲੜਨ ਨਹੀਂ ਆਈ ਹੋਰ ਦੱਸ... ਬਾਕੀ ਸਭ ਸੁਖ ਸਾਂਦ ਹੈ। ਹਾਂ... ਬਸ ... ਜਿਦਾਂ ਵੀ ਹੋ ਰਿਹਾ...ਸਹੀ ਹੈ। ਤੈਨੂੰ ਇੱਕ ਗੱਲ ਦੱਸਾਂ... ਜਦੋਂ ਮੈਂ, ਤੈਨੂੰ ਪਹਿਲੀ ਵਾਰ ਮਿਲੀ ਸੀ ਮੈਨੂੰ ਤੇਰੇ ਤੋਂ ਐਨਾ ਡਰ ਲੱਗਿਆ ਸੀ... ਜਿੰਨਾਂ... ਮਨੁੱਖ ਨੂੰ ਕਿਸੇ ਮਾਹਾਂਮਾਰੀ ਤੋਂ... ਪਰ ਹੁਣ ਨਹੀਂ... ਲੱਗਦਾ ਡਰ...ਪਤਾ ਕਿਉਂ...??? ਨਹੀਂ... , ਦੱਸ....??? ਕਿਉਂਕਿ ਤੂੰ ਜਮ੍ਹਾਂ ਆਪਣੇ ਨਾਂ ਵਰਗਾ ਏਂ... ਬਾਹਰੋਂ ਨਹੀਂ ...ਅੰਦਰੋਂ, ਮੈਨੂੰ ਤੇਰੀ ਪਹਿਲੀ ਵਾਰ ਕਹੀ ਗੱਲ ਅੱਜ ਵੀ ਯਾਦ ਆ, ਕਿ... ਮੈਂ ਤਾਰੀਫ਼ ਦਾ ਨਹੀਂ...ਸੱਚ ਦਾ ਭੁੱਖਾ ਹਾਂ....!!! ਤੇਰੀ ਹਰ ਗੱਲ... ਸੁਣੀ ਹੈ ਮੈਂ, ਅਖੀਰ ਮੈਂ ਇਹੀ ਵੇਖਿਆ ਹੈ... ਤੂੰ ਨਫ਼ਰਤ ਤੇ ਪਿਆਰ ਬੜਾ ਦਿਲ ਤੋਂ ਕਰਦਾ... ਤੇਰੀ ਉਹ ਵਾਲੀ ਗੱਲ ਅੱਜ ਵੀ ਯਾਦ ਆ ਤੇਰੇ ਬਾਰਵੀਂ ਦੇ ਦੂਸਰੇ ਪੇਪਰ ਤੋਂ ਪਹਿਲਾਂ ਦੀ... ਕਿੰਨਾ ਅਜੀਬ ਹੈਂ ਤੂੰ ਵੀ... ਤੂੰ ਸੱਚੀ ਬੜਾ ਵੱਖ ਏਂ... ਨਾਲ਼ੇ ਹਾਂ... ਤੂੰ ਸ਼ਾਇਰ ਜਾਂ ਲੇਖਕ ਨਹੀਂ ਏ... ਤੂੰ ਇਕਾਂਤ ਤੇ ਇੱਕਲੇਪਣ ਦ ਸਮੁੰਦਰ ਚੋਂ ਤੈਰ ਕੇ ਆਇਆ ਹੋਇਆ... ਗੋਤਾਖੋਰ ਏ,

9. ਇੱਕ ਯੁੱਗ ਪਲਟੇਗਾ

ਇੱਕ ਯੁੱਗ ਪਲਟੇਗਾ ਇੱਕ ਸਦੀ ਬਦਲੇਗੀ ਫੇਰ ਕਿਸੇ ਦੁਬਾਰਾ ਇਕ ਵਾਰ ਇਕ ਔਰਤ ਦੇ ਹੰਝੂ ਲਫ਼ਜ਼ਾਂ ਵਜੋਂ ਵਰਤੇ ਜਾਣਗੇ ਫੇਰ ਇੱਕ ਕਵੀ ਜੀਵੇਗਾ ਇੱਕ ਜੰਡ ਦੀ ਜੂਨ ਜੋ ਸਬੂਤ ਹੋਵੇਗਾ ਕਵੀਆਂ ਦੇ ਰੁੱਖ ਬਣਨ ਦਾ ਫੇਰ ਆਕਾਰਾਂ ਨੂੰ ਮਾਪਿਆ ਜਾਊ ਕੁਝ ਸੱਚੇ ਤੇ ਕੁਝ ਸਪੱਸ਼ਟ ਪਰ ਅਸ਼ਲੀਲ ਸਬਦ ਕਾਰਨ ਰੋਕ ਦਿੱਤੀ ਜਾਵੇਗੀ ਇਕ ਹੋਰ ਕਿਤਾਬ ਫੇਰ ਕਲਮਾਂ ਨੂੰ ਦੱਬਿਆ ਜਾਉ ਸ਼ੁਰੂ ਕਰ ਦਿੱਤੇ ਜਾਣਗੇ ਕਈ ਐਕਟ ਮੁੜ ਕਬਰਾਂ ਨੂੰ ਫਰੋਲਣ ਲਈ ਏਦਾਂ ਦੱਬਿਆ ਰਹਿ ਜਾਊ ਕੋਈ ਕਿੱਸਾ ਜੋ ਦੁਨੀਆਂ ਤੀਕ ਪਹੁੰਚਣਾ ਸੀ ਹੋਇਆ ਲਾਜ਼ਮੀ

10. ਕੁਝ ਲੋਕ ਮੁਹੱਬਤ ਨੂੰ

ਕੁਝ ਲੋਕ ਮੁਹੱਬਤ ਨੂੰ ਅਸ਼ਲੀਲਤਾ ਵਿਚ ਗਿਣਦੇ ਨੇ ਉਹੀ ਲੋਕ ਮੈਂ, ਅਖ਼ਬਾਰਾਂ ਤੋਂ ਗੰਦੀਆਂ ਤਸਵੀਰਾਂ ਕੱਟ ਕੇ ਸਾਂਭਦੇ ਹੋਏ ਵੇਖੇ ਨੇ.... ਇੱਕ ਗੱਲ ਸਾਂਝੀ ਕਰਦਾ ਹਾਂ... ਕੁਝ ਮਹੀਨੇ ਪਹਿਲਾਂ ਕਾੱਲਜ ਜਾ ਰਿਹਾ ਸੀ... ਰਸਤੇ ਵਿਚ ਇੱਕ ਫੁੱਲ ਵੇਖਿਆ ਜਾਮਣੀ ਜਿਹੇ ਰੰਗ ਦਾ... ਮੋਟਰਸਾਈਕਲ ਰੋਕ...ਉਸ ਦੀਆਂ ਤਸਵੀਰਾਂ ਖਿੱਚਣ ਲੱਗ ਪਿਆ... ਭੁੱਲ ਗਿਆ ਕਿ ਕਾੱਲਜ ਵੀ ਜਾਣਾ ਹੈ... ਤੇ ਕਿੰਨਾ ਚਿਰ ਉਸ ਫੁੱਲ ਵੱਲ ਵੇਖਦਾ ਰਿਹਾ..., ਦੋ ਸਾਲ ਪਹਿਲਾਂ ਬਾਜ਼ਾਰ ਵਿਚ ਆਪਣੀ ਦੁਕਾਨ ਦੇ ਗੇਟ ਕੋਲ ਬੈਠਾ... ਸੋਚ ਰਿਹਾ ਸੀ, ਕਿਸੇ ਆਪਣੇ ਅਜ਼ੀਜ਼ ਦੋਸਤ ਬਾਰੇ... ਜੋ ਕਈ ਦਿਨ ਤੋਂ ਫੋਨ ਬੰਦ ਕਰ ...ਘੇਰ ਰਿਹਾ ਸੀ... ਮੇਰੇ ਅੰਦਰ ਆਪਣੀ ਜਗ੍ਹਾ, ਨੌਂ ਕੁ ਵਜੇ ਦਾ ਸਮਾਂ ਸੀ ਸਵੇਰ ਦਾ... ਇੱਕ ਚੰਨ ਜਿਹੇ ਮੁੱਖੜੇ ਨਾਲ਼ ਦੀ... ਸਾਦੀ ਜਿਹੀ... ਤੇ ਸਾਊ ਜਿਹੀ ਕੁੜੀ ਸਾਹਮਣੇ... ਆਪਣੀ ਕੱਪੜੇ ਦੀ ਦੁਕਾਨ ਦੇ ਬਾਹਰ ਚੁੰਨੀਆਂ ਟੰਗ ਰਹੀ ਸੀ... ਸਾਰੀਆਂ ਚੁੰਨੀਆਂ ਹਵਾ ਨਾਲ ਉਡ ਉਡ ਉਸਦੇ ਮੂੰਹ ਨੂੰ ਢੱਕ ਰਹੀਆਂ ਸਨ... ਜਿਦਾਂ ਦੱਸ ਰਹੀਆਂ ਹੋਣ... ਵੇਖ ਸਾਰੇ ਰੰਗ ਜੱਚਦੇ ਨੇ ..., ਮੈਂ ਵੇਖ ਰਿਹਾ ਸੀ... ਬਿਨਾਂ ਕੋਈ ਖਿਆਲ ਰੱਖ... ਉਸਨੂੰ ਪਤਾ ਲੱਗ ਗਿਆ ਕਿ ਮੈਂ ਵੇਖ ਰਿਹਾ... ਉਸਨੇ ਘੂਰੀ ਜਿਹੀ ਵੱਟੀ ਤੇ ਅੰਦਰ ਚਲੀ ਗਈ... ਮੈਨੂੰ ਭੋਰਾ ਚੰਗਾ ਨਾ ਲੱਗਾ... ਮੈਨੂੰ ਉਹ ਫੁੱਲ ਤੋਂ...ਕਮਾਰ (aloe vera) ਵਰਗੀ ਹੁੰਦੀ ਜਾਪੀ, ਤੇ ਕੁਦਰਤ ਦੇ ਫੁੱਲ ਤੇ ਮਨੁੱਖ ਦੇ ਫੁੱਲਾਂ ਵਿਚ ਇਕ ਵੱਡਾ ਫ਼ਾਸਲਾ ਪੈਦਾ ਹੋਇਆ ਜਾਪਿਆ...

11. ਸੁਰਖ਼

ਹੁਣ ਸੋਚ ਬੇਵੱਸ ਹੈ ਖਿਆਲ ਪੀੜਤ ਨੇ ਆਪਣਿਆਂ ਦੇ ਦਿੱਤੇ ਜਖ਼ਮ ਦਰਦ ਕਰ ਰਹੇ ਨੇ, ਅਸਚਰਜਤਾ ਦੀ ਗੱਲ ਇਹ ਹੈ ਕਿ ਮੈਂ ਆਪਣੇ ਆਪ ਨੂੰ ਆਪ ਨਹੀਂ ਚੰਗਾ ਲੱਗ ਰਿਹਾ ਉਹ ਗ਼ਲਤੀਆਂ ਜਿਹਨਾਂ ਨੂੰ ਪਹਿਲਾਂ ਹੀ ਕਰਕੇ ਪਛਤਾ‌ ਚੁੱਕਿਆਂ ਹਾਂ ਮੁੜ ਉਹਨਾਂ ਤੋਂ ਹੀ ਹਾਸਿਆਂ ਦੀ‌ ਉਮੀਦ ਰੱਖ ਲੈਣਾਂ ਹਾਂ ਰਾਤਾਂ ਦੀ ਨੀਂਦ ਉੱਡ ਗਈ ਹੈ ਦਿਨ ਦਾ ਚੈਣ ਅਲੋਪ ਹੈ ਸਮਾਧੀ ਵਰਗੀ ਅਵਸਥਾ ਹੁਣ ਵੈਰਾਨ ਖੰਡਰ ਲੱਗਦੀ ਹੈ ਸਕੂਨ ਦਾ‌ ਅਰਥ ਮੌਤ ਲੱਗਦਾ ਹੈ। ਸੱਚ ਪੁੱਛੇਂ ਤਾਂ ਇਸ‌‌ ਬੇਵੱਸ ਨੇ ਮੈਨੂੰ ਇਕ ਬੇਵੱਸ ਬਣਾ ਦਿੱਤਾ ਹੈ

12. ਮਿਆਰ

ਹੱਥਾਂ ਉਤੇ ਓਕੜੂ‌ ਜਿਹੇ ਸ਼ਬਦ ਘੁੰਮਦੇ ਨੇ ਜਦੋਂ ਮੈਂ ਤੁਰਦਾ ਹਾਂ, ਮਿੱਟੀ ਪੈਰ ਚੁੰਮਦੇ ਨੇ ਮਿਆਰ ਮੁੱਕ ਜਾਂਦੀ ਏ,ਉੱਖੜ‌ ਚਾਵਾਂ ਦੀ ਹੁਣ ਤੇ ਰੱਬ ਕਰੇ,ਵਾਟ ਮੁੱਕ ਜੇ ਸਾਵਾਂ ਦੀ ਮਿੱਟੀ ਉੱਠੇ ਖਲੇਪੜ ਹਾਂ,ਓਸੇ ਦੇ ਹੀ ਜਾਏ ਰੇਤ ਮੇਰੀ ਮਾਂ ਸਦਕੇ,ਜੀਹਨੇ ਚੁੱਕਕੇ ਗਲ਼ ਨਾ ਲਾਏ ਰੁੱਖਾਂ ਲੱਗੇ ਬੂਰ‌ ਵਾਂਗਰ, ਅਸੀਂ ਕੱਲ ਨੂੰ ਝੜ‌ ਜਾਣਾ ਇਹ ਰਿਸ਼ਤੇ ਸਮਝੋਂ ਬਾਹਰ, ਅਸੀਂ ਪਲ਼ ਨੂੰ ਮਰ ਜਾਣਾਂ ਅਸੀਂ ਜੰਗਲ਼ ਉਣੇ ਨਕਸ਼ੇ ਹਾਂ,ਥੋੜ੍ਹੇ ਅਕਲੋਂ ਕੋਝੇ ਨੀਂ ਪਾਣੀਆਂ ਵਰਗੀ ਵਿਰਤੀ ਸਾਡੀ, ਬਹੁਤੇ ਤਾਂ ਜੀ ਸੌਝੇ ਨੀਂ

13. ਸੱਚ ਜਾਣੀਂ

ਮੈਨੂੰ ਪਸੰਦ ਸੀ ਤੇਰੇ ਹੱਥ ਦੀ ਚਾਹ ਪਰ ਤੂੰ ਕੌਫ਼ੀ ਵਾਲ਼ਾ ਕੱਪ ਹੱਥੀਂ ਫੜਾ ਮੇਰੀਆਂ ਸਾਰੀਆਂ ਗੱਲਾਂ ਖੇਰੂੰ ਖੇਰੂੰ ਕਰ ਦਿੱਤੀਆਂ ਤੈਨੂੰ ਪਤਾ ਮੈਨੂੰ ਇਹ ਬਿਲਕੁਲ ਵੀ‌ ਚੰਗਾ ਨਹੀਂ ਲੱਗਦਾ ਪਤਾ ਨਹੀਂ ਕਿਉਂ ਤੂੰ ਹਰ ਵਾਰ ਮੇਰੇ ਨਾਲ਼ ਏਦਾਂ ਹੀ ਕਰਦੀ ਏ ਜਦੋਂ ਵੀ ਮੇਰਾ ਦਿਲ ਕਰਦਾ ਏ ਤੇਰੇ ਨਾਲ਼ ਜੀ ਭਰ ਗੱਲਾਂ ਕਰਨ ਨੂੰ ਤੂੰ ਬਾਏ ਆਖ ਸਾਰਾ ਕੁਝ ਓਥੇ ਹੀ ਰੋਕ ਦੇਂਦੀ ਹੈਂ ਸੱਚ ਜਾਣੀਂ ਉਦੋਂ ਮੇਰੀ ਹਾਲਤ ਉਸ ਬੱਚੇ ਵਰਗੀ ਹੋ ਜਾਂਦੀ ਏ ਜਦ ਦਾ ਸਭ ਤੋਂ ਪਸੰਦੀਦਾ ਖਿਡੌਣਾ, ਕਿਸੇ ਨੇ ਜਾਣ ਬੁੱਝ ਸਾੜ ਦਿੱਤਾ ਹੋਵੇ

14. ਉਹਦੇ ਵਰਗੀ

ਹਜ਼ਾਰਾਂ ਮਿਲ਼ ਕੇ ਚੱਲੇ ਗਏ ਤੇ ਹਜ਼ਾਰਾਂ ਮਿਲ਼ ਕੇ ਚੱਲੇ ਜਾਣਗੇ ਉਹ ਚਾਹੁੰਦਾ ਏ ਕੋਈ ਉਹਦੀ ਵਰਗੀ ਜਿਸ ਨੂੰ ਮਿਲਕੇ ਇਹ ਹਰ ਇਕ ਨੂੰ ਮਿਲਣ ਦੀ ਤਪਸ਼ ਮੁੱਕ ਜਾਏ ਤੈਨੂੰ ਪਤਾ ਉਹਦੇ ਵਰਗੀ ਜਾਂ ਤਾਂ ਉਹ ਸੀ ਜਾਂ ਫ਼ੇਰ ਤੂੰ ਉਹੀ‌ ਗੱਲਾਂ ਉਹੀ ਅਣਗਿਹਲੀ ਉਹੀ‌ ਬੇਫਿਕਰੀ ਪਰ ਹਾਂ ਮੈਂ ਵੀ ਤੇ ਓਦਾਂ ਦਾ ਹੀ ਆਂ ਜਵਾਂ ਉਹਦੇ ਵਰਗਾ ਇਹ ਜਾਣਨ ਦੇ ਬਾਵਜੂਦ ਵੀ ਤੇਰੀ ਫ਼ਿਕਰ ਕਰਦਾ ਹਾਂ ਪਤਾ ਨਹੀਂ ਕਿ ਤੇਰਾ ਮੇਰਾ ਕੀ ਰਿਸ਼ਤਾ ਏ

15. ਹਿੱਸਾ

ਮੈਂ ਏਹੋ ਚਾਹੁੰਦਾ ਹਾਂ ਕਿ ਮੇਰੇ ਵਿਚ ਜੋ ਤੇਰਾ ਹਿੱਸਾ ਹੈ ਤੂੰ ਕੱਢ ਲਵੇਂ ਜੋ ਜੋ ਗੱਲਾਂ ਤੂੰ ਅੱਜ ਵਕ਼ਤ ਦੀ ਹਿੱਕ ਉੱਪਰ ਉਲੀਕ ਰਹੀਂ ਏ ਮੈਂ ਚਾਹੁੰਦਾ ਹਾਂ ਇਹ ਸਿਰਫ਼ ਯਾਦਾਂ ਬਣ ਕੇ ਹੀ ਰਹਿ ਜਾਣ ਮੈਂ ਨਹੀਂ ਜਾਣਦਾ ਕੀ ਵਜਾਹ ਹੈ ਪਰ ਹਾਂ ਮੇਰੇ ਸਾਹਾਂ ਵਿੱਚ ਸਾਹ ਆ ਜਾਂਦਾ ਏ ਜਦ ਵੀ ਤੇਰੇ ਮੂੰਹੋਂ ਮੇਰੇ ਪਸੰਦੀਦਾ ਦਾ ਸ਼ਬਦ ਬਾਹਿਰ ਆਉਂਦਾ ਹੈ ਕਿ ਦੱਸੋ ਕੁਝ ਲਿਖਿਆ ਨਹੀਂ ਤੈਨੂੰ ਪਤਾ ਇਹ ਲਿਖੀਆਂ ਨੂੰ ਪੜਨ‌ ਵਾਲੇ ਬਹੁਤ ਹੁੰਦੇ ਨੇ ਪਰ ਇਹਨਾਂ ਨੂੰ ਲਿਖਵਾਉਣ ਵਾਲੇ ਬਹੁਤ ਘੱਟ ਹੁੰਦੇ ਨੇ ਕਹਿ ਸਕਦੇ ਹੋ ਟਾਂਵੇਂ ਟਾਂਵੇਂ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ