Punjabi Poetry : Sukhdeep Kaur Birdhano

ਪੰਜਾਬੀ ਕਵਿਤਾਵਾਂ : ਸੁਖਦੀਪ ਕੌਰ ਬਿਰਧਨੋ



ਵਰ ਦੇ ਦੇ ਮੈਨੂੰ ਸ਼ਬਦਾਂ ਦਾ

ਸ਼ਾਇਰੀ ਦਾ ਸਫ਼ਰ ਲੰਮੇਰਾ ਹੈ ਕਦ ਕਿੱਥੇ ਰੁਕਣਾ ਪੈ ਜਾਵੇ ਵਰ ਦੇ ਦੇ ਮੈਨੂੰ ਸ਼ਬਦਾਂ ਦਾ ਮੇਰਾ ਸੁਖਨ ਸਲਾਮਤ ਰਹਿ ਜਾਵੇ। ਮੇਰੇ ਹਰਫ਼ ਬੜਾ ਕੁਝ ਕਹਿੰਦੇ ਨੇ ਦੁੱਖ ਦਰਦ ਜਮਾਨਾ ਸਹਿੰਦੇ ਨੇ ਇਹ ਨੈਣਾਂ ਵਿੱਚ ਜੋ ਵਸਦੇ ਨੇ ਅੱਥਰੂ ਨਾ ਵਗਣੋ ਰਹਿੰਦੇ ਨੇ ਕੋਈ ਹਿਜ਼ਰ ਮੇਰੇ ਦਾ ਅੱਥਰੂ ਵੇ ਮੇਰੇ ਗੀਤਾਂ ਦੇ ਸੰਗ ਵਹਿ ਜਾਵੇ ਵਰ ਦੇ ਦੇ ਮੈਨੂੰ ਸ਼ਬਦਾਂ ਦਾ ਮੇਰਾ ਸੁਖਨ ਸਲਾਮਤ ਰਹਿ ਜਾਵੇ। ਕੀ ਕਰਨੀ ਦੁਨੀਆਦਾਰੀ ਮੈਂ ਤੇਰਾ ਨਾਮ ਮੇਰੀ ਪਹਿਚਾਣ ਬਣੇ ਸਭ ਮਾਣ-ਗੁਮਾਨ ਹੀ ਟੁੱਟ ਜਾਵਣ ਹਰਫ਼ਾਂ ਦੀ ਐਸੀ ਸ਼ਾਨ ਬਣੇ ਸੰਗ ਰੰਗਿਆ ਹੈ ਜੋ ਸੁਹਰਤ ਦੇ ਰੰਗ ਗੀਤਾਂ ਵਿੱਚੋ ਲਹਿ ਜਾਵੇ ਵਰ ਦੇ ਦੇ ਮੈਨੂੰ ਸ਼ਬਦਾਂ ਦਾ ਮੇਰਾ ਸੁਖਨ ਸਲਾਮਤ ਰਹਿ ਜਾਵੇ। ਨਾ ਬੈਠ ਸਮਾਧੀ ਲਾਈ ਮੈਂ ਨਾ ਦਰਸ ਕਰੇ ਦਰਬਾਰਾਂ ਦੇ ਗੀਤਾਂ ਦੇ ਮੁੱਖ 'ਚੋਂ ਤੱਕਦੀ ਮੈਂ ਮੁੱਖ ਪੀਰਾਂ ਦੇ ਅਵਤਾਰਾਂ ਦੇ ਇੱਕ ਸੁੱਚੜਾ ਦਰਦ ਵਸੇ ਨੈਣੀਂ ਬਾਕੀ ਸਭ ਅੱਖੀਓਂ ਵਹਿ ਜਾਵੇ ਵਰ ਦੇ ਦੇ ਮੈਨੂੰ ਸ਼ਬਦਾਂ ਦਾ ਮੇਰਾ ਸੁਖਨ ਸਲਾਮਤ ਰਹਿ ਜਾਵੇ। ਤੇਰੇ 'ਚੋਂ ਆਪਾ ਮਿਲ ਜਾਵੇ ਮੈਨੂੰ ਭਾਵੇਂ ਨਾ ਸੰਸਾਰ ਮਿਲੇ ਇਸ ਮੀਰਾਂ ਦਾ ਮੁੱਲ ਪੈ ਜਾਵੇ ਕਿਧਰੇ ਜੇ ਆਣ ਮੁਰਾਰ ਮਿਲੇ ਮੇਰਾ ਜਿਉਂਦਾ ਪਾਕ-ਪ੍ਰੇਮ ਰਹੇ ਬੁੱਤ ਜਿਸਮ ਮੇਰੇ ਦਾ ਢਹਿ ਜਾਵੇ ਵਰ ਦੇ ਦੇ ਮੈਨੂੰ ਸ਼ਬਦਾਂ ਦਾ ਮੇਰਾ ਸੁਖਨ ਸਲਾਮਤ ਰਹਿ ਜਾਵੇ। ਹਰ ਦਰਦ ਮੁਹੱਬਤ ਪਾ ਪੱਲੇ ਕੁਝ ਦੇ ਦੇ ਬੋਲ ਪਿਆਰਾਂ ਦੇ ਬੜੇ ਕਰਜ਼ ਮੇਰੇ ਸਿਰ ਬਾਕੀ ਨੇ ਤੇਰੀ ਰਹਿਮਤ ਦੇ ਉਪਕਾਰਾਂ ਦੇ ਰੰਗ ਤੇਰੇ ਵਿੱਚ ਮੈਂ ਰੰਗ ਜਾਵਾਂ ਜੱਗ ਕਮਲੀ ਕਹਿੰਦਾ ਕਹਿ ਜਾਵੇ ਵਰ ਦੇ ਦੇ ਮੈਨੂੰ ਸ਼ਬਦਾਂ ਦਾ ਮੇਰਾ ਸੁਖਨ ਸਲਾਮਤ ਰਹਿ ਜਾਵੇ।

ਨਾਜ਼ੁਕ ਕਲੀਆਂ

ਗੁੰਮ- ਸੁੰਨ ਚਿਹਰੇ ਦੱਸਦੇ, ਫ਼ਿਕਰਾਂ ਵਿੱਚ ਪਲੀਆਂ, ਚੁਗਦੀਆਂ ਕਾਗ਼ਜ਼ ਫਿਰਦੀਆਂ, ਦੋ ਨਾਜ਼ੁਕ ਕਲੀਆਂ। ਖਿਲਰੇ-ਉਲਝੇ ਵਾਲ, ਤੇ ਪਾਟੇ ਗਲ ਲੀੜੇ, ਵਾਰੇ-ਵਾਰੇ ਜਾਵਾਂ ਨੀ, ਤੈਥੋਂ ਤਕਦੀਰੇ। ਤਪਦੀ ਧਰਤੀ ਸਾੜਦੀ, ਪੈਰਾਂ ਦੀਆਂ ਤਲੀਆਂ, ਚੁਗਦੀਆਂ ਕਾਗ਼ਜ਼ ਫਿਰਦੀਆਂ, ਦੋ ਨਾਜ਼ੁਕ ਕਲੀਆਂ। ਨਾ ਨੈਣਾਂ ਵਿੱਚ ਅੱਥਰੂ, ਨਾ ਬੁੱਲ੍ਹੀਆਂ 'ਤੇ ਹਾਸਾ, ਵਿੱਚ ਗ਼ਰੀਬੀ ਬਣ ਗਈਆਂ, ਲੋਕਾਂ ਲਈ ਤਮਾਸ਼ਾ। ਤਨ-ਮਨ ਬੋਲੀ ਚੜ੍ਹ ਰਿਹਾ, ਧਰਮਾਂ ਦੀਆਂ ਗਲੀਆਂ, ਚੁਗਦੀਆਂ ਕਾਗ਼ਜ਼ ਫਿਰਦੀਆਂ, ਦੋ ਨਾਜ਼ੁਕ ਕਲੀਆਂ। ਖੌਰੇ ਕਿਹੜੇ ਕਰਜ਼ ਨੇ, ਪੱਲੀਆਂ ਵਿੱਚ ਬੰਨ੍ਹੇ, ਇਹ ਕੇਹਾ ਇਨਸਾਫ਼ ਵੇ, ਜੋ ਰੂਹ ਨਾ ਮੰਨੇ। ਕੋਮਲ ਜਿੰਦਾਂ ਚੁੱਕ ਦਰਦਾਂ ਦੀ, ਗਠੜੀ ਚੱਲੀਆਂ, ਚੁਗਦੀਆਂ ਕਾਗ਼ਜ ਫਿਰਦੀਆਂ, ਦੋ ਨਾਜ਼ੁਕ ਕਲੀਆਂ। ਨਫਰਤ ਅਗਨੀ ਸੜ ਰਹੀਆਂ, ਇਹ ਠੰਡੀਆਂ ਛਾਵਾਂ, ਕੁੱਖਾਂ ਵਿੱਚ ਕਿਉਂ ਮਰਦੀਆਂ, ਇਹ ਕੱਲ੍ਹ ਦੀਆਂ ਮਾਵਾਂ। ਸੁੱਖ ਰੂਹਾਂ ਮੁਰਝਾ ਗਈਆਂ, ਜਿਵੇਂ ਸ਼ਾਮਾਂ ਢਲੀਆਂ, ਚੁਗਦੀਆਂ ਕਾਗ਼ਜ ਫਿਰਦੀਆਂ, ਦੋ ਨਾਜ਼ੁਕ ਕਲੀਆਂ।

ਮੈਂ ਕੌਣ ਹਾਂ

ਆਪਣੇ ਹੀ ਗਿਰੀਵਾਨ ਦੀ ਦਹਿਲੀਜ਼ 'ਤੇ ਖਲੋ, ਮੈਂ ਇੱਕ ਸਵਾਲ ਰੋਜ਼ ਪੁੱਛਦੀ ਹਾਂ ਆਪਣੇ ਆਪ ਨੂੰ, ਮੈਂ ਕੌਣ ਹਾਂ? ਮੈਂ ਕੀ ਹਾਂ? ਜੇ ਅੱਖਰ ਹਾਂ ਮੈਂ ‘ੳ' ਤਾਂ 'ਓਅੰਕਾਰ' ਦਾ ਅੰਸ਼ ਹਾਂ ਜੇ 'ਓਅੰਕਾਰ' ਦਾ ਅੰਸ਼ ਹਾਂ ਤਾਂ ਯਕੀਨਨ ਕਿਸੇ ਦਾ ਵੰਸ਼ ਹਾਂ ਮੈਂ ਕੌਣ ਹਾਂ? ਮੈਂ ਕੀ ਹਾਂ? ਜੇ ‘ਸ਼ਬਦ’ ਹਾਂ ਤਾਂ ਜਰੂਰ ਕਿਤੇ ਰਚਿਆ ਹੋਣੈ ਬਾਬੇ ‘ਨਾਨਕ” ਨੇ ਬਾਣੀ ਅੰਦਰ ਮੇਰਾ ਵਜੂਦ ਕਿਤੇ ਤਾਂ ਹੋਵੇਗਾ ਸਾਗਰ, ਨਦੀਆਂ, ਸਮੁੰਦਰ ਜਾਂ ਫਿਰ ਅੱਖੀਆਂ ਦੇ ਪਾਣੀ ਅੰਦਰ ਮੈਂ ਕੌਣ ਹਾਂ? ਮੈਂ ਕੀ ਹਾਂ? ਹਰਫ਼ਾਂ ਦਾ ਸੁਮੇਲ, ਰੂਹਾਂ ਦਾ ਮੇਲ ਮੈਂ ਪ੍ਰੇਮ ਦਾ ਕੋਈ ਗੀਤ ਹਾਂ ਜਾਂ ਫਿਰ ਪੀੜਾਂ 'ਚ ਮੜ੍ਹਿਆ, ਵੈਣਾਂ 'ਚ ਜੜਿਆ ਹਿਜਰ 'ਚ ਰੋਂਦਾ, ਦਰਦੀਲਾ ਸੰਗੀਤ ਹਾਂ ਮੈਂ ਕੌਣ ਹਾਂ? ਮੈਂ ਕੀ ਹਾਂ? ਦਿਲ 'ਚੋਂ ਉੱਠਦੇ ਵਲਵਲੇ ਦਾ ਚਾਅ ਹਾਂ ਸੁੰਨਸਾਨ, ਬੀਆਬਾਨ ਰੇਤਲਾ ਰਾਹ ਹਾਂ ਜਾਂ ਮੈਂ ਬੇਝਿਜਕ, ਬੇਖੌਫ਼ ਪਾਣੀ ਦਾ ਵਹਾਅ ਹਾਂ ਮੈਂ ਕੌਣ ਹਾਂ? ਮੈਂ ਕੀ ਹਾਂ? ਜੇ ਬੰਸਰੀ ਦੀ ਧੁਨ ਹਾਂ ਤਾਂ ਜ਼ਰੂਰ ਕਦੀ, ਘੁੰਗਰੂ ਬਣ ਪਿਆ ਹੋਵਾਂਗਾ ਪੈਰਾਂ 'ਚ ਮੀਰਾਂ ਦੇ ਜੇ ਕੋਈ ਰਾਗ ਹਾਂ ਤਾਂ ਜ਼ਰੂਰ ਗਾਇਆ ਗਿਆ ਹੋਣੈ ਦਰ ਫ਼ੱਕਰਾਂ ਦੇ ਫ਼ਕੀਰਾਂ ਦੇ ਮੈਂ ਕੌਣ ਹਾਂ ? ਮੈਂ ਕੀ ਹਾਂ? ਕੀ ਇਹ ਕਵਿਤਾ ਹੈ ਹੋਂਦ ਮੇਰੀ ਜੀਹਦੇ ਪੱਲੜੇ ਉਦਾਸੀ ਹੈ ਜਾਂ ਫਿਰ ਸ਼ਿਵ ਦੀ ਜਟਾ 'ਚੋਂ ਨਿੱਕਲੀ ਗੰਗਾ ਵਜੂਦ ਮੇਰਾ ਜੋ ਆਪ ਹੀ ਪਿਆਸੀ ਹੈ ਮੈਂ ਕੌਣ ਹਾਂ? ਮੈਂ ਕੀ ਹਾਂ ? ਮੈਂ ਜ਼ੀਰੋ ਹਾਂ, ਜਿਸਦਾ ਕੋਈ ਮੁੱਲ ਨਹੀਂ ਹਾਂ !ਬੇ-ਮੁੱਲ ਹੈ, ਅਣਮੁੱਲ ਹੈ ਬਿੰਦੂ ਹਾਂ, ਨਾ ਮਾਪਿਆ ਜਾ ਸਕਣ ਵਾਲਾ ਬਿੰਦੂ ਨਾ ਆਦਿ ਹੈ, ਨਾ ਅੰਤ ਹੈ ਬੇ-ਮੁੱਲ ਹਾਂ, ਅਣਮੁੱਲ ਹਾਂ ਅਨਾਦਿ ਹਾਂ, ਅਨੰਤ ਹਾਂ ਮੈਂ ਕੌਣ ਹਾਂ ? ਮੈਂ ਕੌਣ ਹਾਂ ?

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੁਖਦੀਪ ਕੌਰ ਬਿਰਧਨੋ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ