Punjabi Poetry : Simi Preet Kaur

ਪੰਜਾਬੀ ਕਵਿਤਾਵਾਂ : ਸਿੰਮੀਪ੍ਰੀਤ ਕੌਰ



1. ਮੁਕਤੀ

ਬੜਾ ਬੋਝ ਸੀ ਉਹਦੇ ਸਿਰ 'ਤੇ ਉਹ ਭਾਰ ਮੁਕਤ ਹੋਣਾ ਚਾਹੁੰਦਾ ਸੀ ਇੱਕ ਹੱਲ ਲੱਭਿਆ ਉਸ ਨੇ ਸ਼ਰਬਤ ਦੀਆਂ ਘੁੱਟਾਂ ਸਮਝ ਗੱਟ ਗੱਟ ਕਰਕੇ ਪੀ ਗਿਆ ਉਹ ਫ਼ਸਲ ਦੇ ਕੌੜੇ ਪਾਣੀ ਨੂੰ ਇੰਝ ਉਹ ਹੋ ਗਿਆ ਬੋਝ ਮੁਕਤ ਪਰਿਵਾਰ ਮੁਕਤ ਸੰਸਾਰ ਮੁਕਤ !!!

2. ਤਾਜ

ਉਹ ਤਾਂ ਨੰਗੇ ਸਿਰਾਂ ਵਾਲੇ ਸੀ ਨਹੀਂ ਜਾਣਦੇ ਸੀ ਉਹ ਟੋਪੀਆਂ ਤੱਕ ਦੀ ਅਹਿਮੀਅਤ ਤੇ ਤੁਸੀਂ ਆਪਣੇ ਹੱਕ ਦੀ ਕਣੀ ਕਣੀ ਜੜ੍ਹ ਦਿੱਤੀ ਉਹਨਾਂ ਦੇ ਤਾਜ ਦੇ ਮੁਕਟ ਵਿੱਚ ਤੁਸੀ ਹੀ ਉਹਨਾਂ ਨੂੰ ਹਕੂਮਤ ਦੇ ਦਾਅਵੇਦਾਰ ਬਣਾਇਆ ਹੈ ਤੁਸੀਂ ਸੋਚਿਆ ਹੋਣਾ ਉਹ ਤਾਜ ਪਹਿਨ ਕੇ ਤੁਹਾਡੇ ਅਹਿਸਾਨਾਂ ਦਾ ਮੁੱਲ ਮੋੜਨਗੇ ਤੁਹਾਡੀ ਜੜ੍ਹੀ ਕਣੀ ਉਹਨਾਂ ਦੇ ਮੱਥੇ ਤੋਂ ਲਿਸ਼ਕੋਰ ਤੁਹਾਡੇ ਵਿਹੜੇ ਮਾਰੇਗੀ ਤੇ ਧੋਤੇ ਜਾਣਗੇ ਤੁਹਾਡੀਆਂ ਪੀੜ੍ਹੀਆਂ ਦੇ ਧੋਣੇ ਓ ਮੇਰੇ ਵਤਨ ਦੇ ਭੋਲਿਓਂ ਕਿਉਂ ਭੁੱਲ ਜਾਂਦੇ ਹੋ ਤਖ਼ਤਾਂ ਦੇ ਮਾਲਕ ਹੇਠਾਂ ਨਹੀਂ ਉੱਪਰ ਵੱਲ ਵੇਖਦੇ ਨੇ ਤੁਸੀਂ ਤਾਂ ਧਰਤੀ ਹੇਠਾਂ ਦੱਬਦੇ ਜਾਣ ਵਾਲੇ ਲੋਕ ਹੋ ਤੁਸੀਂ ਬੱਸ ਆਸਾਂ ਦਾ ਢੇਰ ਲਾਈ ਰੱਖੋ ਉਹਨਾਂ ਦੇ ਲਾਰਿਆਂ ਨੂੰ ਲੂਣ ਦੀ ਡਲੀ ਸਮਝ ਚੱਖਦੇ ਰਹੋ ਉਹ ਤੁਹਾਡੇ ਸੁਪਨਿਆਂ ਦੇ ਕਾਤਲ ਮੁੜ ਤੋਂ ਤੁਹਾਨੂੰ ਲਲਚਾਉਣ ਦੇ ਤਰੀਕੇ ਲੱਭ ਕੇ ਰੱਖਣਗੇ।

3. ਸ਼ੁਭ ਸ਼ਗਨ

ਚੁੱਲ੍ਹੇ ਮੂਹਰੇ ਬੈਠਿਆਂ ਅੱਗ ਦੇ ਅੰਗਿਆਰਿਆਂ ਨਾਲ ਹਠਖੇਲੀਆਂ ਕਰਦਿਆਂ ਦੇਖ ਦਾਦੀ ਝਿੜਕਦੀ ਬੋਲੀ "ਅੱਗ ਨਾਲ ਨੀਂ ਖੇਡੀਦਾ" "ਕਿਉਂ…?" ਮੇਰੀ ਮਾਸੂਮੀਅਤ ਜਵਾਬ ਮੰਗਦੀ ਸੀ ਕੋਲ ਬੈਠੀਆਂ ਮਾਂ, ਚਾਚੀ ਤੇ ਭੂਆ ਦੇ ਮੂੰਹਾਂ 'ਤੇ ਚੁੱਪੀ ਸੀ ਪਰ ਕਰਵਟ ਨੇ ਮੈਨੂੰ ਆਪਣੇ ਕਲੇਵੇਂ ਵਿਚ ਲੈ ਲਿਆ ਮੈਂ ਅੱਗ ਸੰਗ ਖੇਡੀ ਅੱਗ ਖਾਧੀ ਅੱਗ ਪਹਿਨੀ ਅੱਗ ਸੰਗ ਸੁੱਤੀ ਤੇ ਅੱਗ 'ਤੇ ਤੁਰੀ ਦਾਦੀ ਆਖਦੀ ਸੀ "ਅੱਗ ਨਾਲ ਖੇਡਣਾ ਮਾੜਾ ਹੁੰਦਾ ਹੈ" ਪਤਾ ਨੀਂ ਮੇਰੇ ਲਈ ਅੱਗ ਨਾਲ ਖੇਡਣਾ ਸ਼ੁਭ ਸ਼ਗਨ ਕਿਵੇਂ ਹੋ ਗਿਆ? ਦਾਦੀ ਆਖਦੀ ਸੀ "ਤੱਤੀਆਂ ਹਵਾਵਾਂ ਨਾਲ ਸਮਝੌਤਾ ਕਰ ਲਈਂ" ਮੈਂ ਹਵਾਵਾਂ ਨੂੰ ਤੂਫਾਨ ਬਣ ਟੱਕਰੀ ਮੈਂ ਹਨ੍ਹੇਰਿਆਂ ਤੋਂ ਡਰੀ ਨਹੀਂ ਜਾਂਚ ਸਿੱਖੀ ਜੁਗਨੂੰ ਬਣਨ ਦੀ ਤੇ ਮੇਰੀ ਅੱਗ, ਹਵਾਵਾਂ ਤੇ ਹਨ੍ਹੇਰਿਆਂ ਨਾਲ ਦੋਸਤੀ ਹੋ ਗਈ ਗੂੜੀ ਹੋਰ ਗੂੜੀ

4. ਜਜ਼ਬਾ

ਮੈਂ ਉਸ ਨੂੰ ਪੁੱਛਿਆ "ਤੈਨੂੰ ਮੇਰੇ ਨਾਲ ਮੇਰੇ ਜਿੰਨੀ ਮੇਰੇ ਵਰਗੀ ਮੁਹੱਬਤ ਕਿਉਂ ਨਹੀਂ?" ਉਸ ਆਖਿਆ "ਕਮਲੀਏ!! ਮੁਹੱਬਤ ਤਾਂ ਸਹਿਜੇ-ਸਹਿਜੇ ਪਨਪਣ ਵਾਲਾ ਜਜ਼ਬਾ ਹੈ ਦਾਵਿਆਂ ਨਾਲ ਮੁਹੱਬਤ ਨਹੀਂ ਹੁੰਦੀ ਮੈਨੂੰ ਪਤੈ ਤੇਰੇ ਅੰਦਰ ਦੀ ਮੁਹੱਬਤ ਦਾ ਜਿੱਥੇ ਮੈਂ ਹੀ ਮੈਂ ਹਾਂ ਕਦੀ ਤੂੰ ਵੀ ਮੇਰੇ ਅੰਦਰ ਝਾਤੀ ਮਾਰੀਂ ਮੇਰੇ ਅੰਦਰ ਵੀ ਦਿਸਹੱਦਿਆਂ ਤੋਂ ਪਰ੍ਹੇ ਤੀਕ ਤੇਰੇ ਤੋਂ ਸਿਵਾ ਕੋਈ ਵੀ ਨਹੀਂ ਤੈਨੂੰ ਪਤਾ ਹੋਣੈ ਮੈਂ ਤੈਨੂੰ ਤੇਰੇ ਜਿਸਮ ਤੋਂ ਪਰ੍ਹੇ ਹੋ ਕੇ ਦੇਖਦਾ ਹਾਂ ਤੇ ਮੈਨੂੰ ਪਤਾ ਤੂੰ ਮੈਨੂੰ ਦੁਨੀਆਂਦਾਰੀ ਤੋਂ ਪਰ੍ਹੇ ਹੋ ਕੇ ਲੋਚਦੀ ਹੈਂ। ------- ਤੂੰ ਕਿੰਨੀ ਸਹਿਜ ਏਂ? ਕਿੰਨੀ ਸਹਿਜਤਾ ਨਾਲ ਤੂੰ ਭਾਂਡੇ ਮਾਂਜ-ਸੰਵਾਰ ਸੈਲਫਾਂ 'ਤੇ ਸਜਾ ਦਿੰਨੀ ਏਂ ਕਿੰਨੀ ਸਹਿਜਤਾ ਨਾਲ ਤੂੰ ਰੋਟੀ-ਪਾਣੀ ਤਿਆਰ ਕਰ ਸਾਰੇ ਟੱਬਰ ਨੂੰ ਰਜਾ ਦਿੰਨੀ ਏਂ ਰਿਸ਼ਤਿਆਂ ਦੀ ਉਲਝੀ ਤਾਣੀ ਦਾ ਕਿੰਨੀ ਸਹਿਜਤਾ ਨਾਲ ਤੂੰ ਤੰਦ-ਤੰਦ ਸੁਲਝਾ ਦਿੰਨੀ ਏਂ ਉਖੜ ਜਾਂਦੇ ਨੇ ਅਕਸਰ ਮੇਰੇ ਵੀ ਕਦਮ ਕਿੰਨੀ ਸਹਿਜਤਾ ਨਾਲ ਤੂੰ ਬਾਹਾਂ 'ਚ ਬਚਾ ਲੈਨੀਂ ਏਂ ਖਾਹ-ਮਖਾਹ ਮੈਂ ਅੱਖਰਾਂ ਸੰਗ ਉਲਝਿਆ ਰਹਿੰਨਾਂ ਕਿੰਨੀ ਸਹਿਜਤਾ ਨਾਲ ਤੂੰ ਮੇਰਾ ਸਿਰ ਪਲੋਸ ਮੱਥਾ ਚੁੰਮ ਮੈਥੋਂ ਕਵਿਤਾ ਬਣਵਾ ਦਿੰਨੀ ਏਂ ਸੱਚ!!! ਤੇਰੀ ਸਹਿਜਤਾ ਨਾਲ ਮੇਰੀ ਕਾਇਨਾਤ ਵੱਸਦੀ ਏਂ!!!

5. ਦੇਸ਼-ਧਰੋਹੀ

ਤੁਸੀਂ ਆਖਦੇ ਓ ਮੈਂ ਦੇਸ਼-ਧਰੋਹੀ ਹਾਂ ਹਾਂ! ਮੈਂ ਦੇਸ਼-ਧਰੋਹੀ ਹਾਂ ਕਿਉਂਕਿ ਮੈਂ ਤੁਹਾਡੇ ਰੰਗੀਨ ਮਹਿਲਾਂ 'ਤੇ ਥੁੱਕਿਆ ਮੈਂ ਦੇਸ਼-ਧਰੋਹੀ ਹਾਂ ਕਿਉਂਕਿ ਮੈਂ ਤੁਹਾਡੇ ਮਹਿਲਾਂ ਉੱਤੇ ਬਰਸ ਰਹੇ ਮੀਂਹ 'ਤੇ ਉਂਗਲ ਉਠਾਈ ਹੈ ਇਹ ਮੀਂਹ ਸਾਡੇ ਖੇਤਾਂ 'ਤੇ ਵਰ੍ਹਣਾ ਚਾਹੀਦਾ ਸੀ ਮੈਂ ਹਵਾਵਾਂ ਦਾ ਰੁੱਖ ਬਦਲਣਾ ਚਾਹਿਆ ਤੇ ਤੁਸੀਂ ਆਖਦੇ ਓ ਮੈਂ ਦੇਸ਼-ਧਰੋਹੀ ਹਾਂ ਹਾਂ! ਮੈਂ ਦੇਸ਼-ਧਰੋਹੀ ਹਾਂ ਕਿਉਂਕਿ ਮੈਂ ਤੁਹਾਡੀ ਚਾਂਦੀ ਦੀ ਥਾਲੀ 'ਚ ਝਾਕਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤਾਂ ਤੁਹਾਨੂੰ ਦੱਸਣਾ ਚਾਹਿਆ ਸੀ ਰੋਟੀ ਬਰੀਕ ਆਟੇ ਦੀ ਬਣੀ ਹੈ ਤੁਸੀਂ ਆਖਦੇ ਓ ਮੈਂ ਤੁਹਾਡੀਆਂ ਥਾਲੀਆਂ 'ਚ ਵੱਟੇ-ਰੋੜੇ ਸੁੱਟੇ ਨੇ ਜੋ ਤੁਹਾਡੇ ਮੱਥੇ 'ਤੇ ਜਾ ਲੱਗੇ ਤੇ ਤੁਸੀਂ ਮੈਨੂੰ ਦੇਸ਼-ਧਰੋਹੀ ਦੇ ਖ਼ਿਤਾਬ ਨਾਲ ਨਵਾਜਦੇ ਓ ਹਾਂ! ਮੈਂ ਦੇਸ਼-ਧਰੋਹੀ ਹਾਂ ਕਿਉਂਕਿ ਤੁਹਾਡੇ ਪਾਏ ਹਾਰ ਮੇਰੇ ਗਲ਼ ਨੂੰ ਫਿੱਟ ਨਹੀਂ ਬੈਠਦੇ ਤੁਸੀਂ ਪਥਰੀਲੇ ਹਾਰਾਂ ਦੇ ਭਾਰ ਹੇਠ ਸਾਨੂੰ ਦੱਬ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਓ ਤੇ ਮੈਂ ਮੈਂ ਦੇਸ਼-ਧਰੋਹੀ ਬਣ ਗਲ਼ੇ ਦਾ ਹਾਰ ਵਗਾਹ ਮਾਰਦਾ ਹਾਂ ਤੁਸੀਂ ਚਾਹੁੰਦੇ ਓ ਮੈਂ ਅੱਖਾਂ 'ਤੇ ਪੱਟੀ ਬੰਨੀ ਰੱਖਾਂ ਮੈਂ ਕਿਵੇਂ ਸਹਿ ਲਵਾਂ ਚੱਕੀ 'ਚ ਨਪੀੜੀਆਂ ਚੀਕਾਂ ਨੂੰ ਮੈਂ ਦੇਸ਼-ਧਰੋਹੀ ਹਾਂ ਕਿਉਂਕਿ ਮੈਂ ਹੋਰਨਾਂ ਦੀਆਂ ਅੱਖਾਂ 'ਤੇ ਪਾਣੀ ਦੇ ਛਿੱਟੇ ਮਾਰਦਾ ਹਾਂ ਅੱਡੀਆਂ ਅੱਖਾਂ ਤੋਂ ਡਰਦੇ ਤੁਸੀਂ ਸਾਡੀਆਂ ਅੱਖਾਂ 'ਚ ਮਿਰਚਾਂ ਪਾਉਂਦੇ ਓ ਕਾਲੇ ਅੱਖਰਾਂ ਦਾ ਮੁੱਲ ਤੁਸੀਂ ਸਾਡੀ ਮਿਹਨਤ ਤੇ ਪਸੀਨੇ ਨਾਲ ਨਹੀਂ ਪਾਉਂਦੇ ਮੈਂ ਕੋਰੇ ਕਾਗ਼ਜਾਂ ਦਾ ਮੁੱਲ ਪੁੱਛਣਾ ਚਾਹਿਆ ਤੁਸੀਂ ਘਾਟੇ ਦੀਆਂ ਪਰਤਾਂ ਨੂੰ ਸਾਡੇ ਖੂਨ ਨਾਲ ਰੰਗਣਾ ਚਾਹੁੰਦੇ ਓ ਤੁਸੀਂ ਮੈਨੂੰ ਦੇਸ਼-ਧਰੋਹੀ ਆਖਦੇ ਓ ਕਿਉਂਕਿ ਮੈ ਬਾਜ਼ਾਂ ਨੂੰ ਉੱਡਣ ਲਈ ਵੰਗਾਰਿਆ ਤੇ ਆਪਣੇ ਹਿੱਸੇ ਦਾ ਹਿਸਾਬ-ਕਿਤਾਬ ਮੰਗਿਆ ਕੋਈ ਗਿੱਦੜ ਡਰਦਾ ਜੰਗਲ ਜਾ ਲੁਕ ਜਾਂਦਾ ਤੁਸੀਂ ਉਹਨੂੰ ਤਰਸ ਦਾ ਪਾਤਰ ਬਣਾ ਲ਼ੈਂਦੇ ਓ ਤੇ ਤੁਹਾਨੂੰ ਨਹੀਂ ਨਜ਼ਰੀਂ ਪੈਂਦੇ ਸੱਪਾਂ ਦੀਆਂ ਸਿਰੀਆਂ ਮਿੱਧੇ ਪੈਰ ਤੁਸੀਂ ਮੈਨੂੰ ਦੇਸ਼-ਧਰੋਹੀ ਆਖਦੇ ਓ ਕਿਉਂਕਿ ਮੈਂ ਚਿੱੜੀਆਂ ਨੂੰ ਆਖਿਆ ਅੰਦਰ ਅੱਗ ਬੁਝਾਉਣ ਲਈ ਚੁੰਝਾਂ ਸਲਾਮਤ ਰੱਖੋ ਤੇ ਤੁਸੀਂ ਖੰਭ ਕੁਤਰਨੇ ਚਾਹੁੰਦੇ ਓ ਲੋਹੇ ਦੀਆਂ ਤਾਰਾਂ ਮੇਰੀ ਬੋਲਤੀ ਨੀਂ ਬੰਦ ਕਰ ਸਕਦੀਆਂ ਆਪਣੇ ਪਿੰਡੇ 'ਤੇ ਪਏ ਨੀਲ ਦੇਖ ਨਹੀਂ ਘਬਰਾਉਂਦਾ ਮੈਂ ਮੈਨੂੰ ਤੋੜ ਸਕਦੇ ਓ ਤੁਸੀਂ ਮੇਰੇ ਹੌਂਸਲੇ ਨੂੰ ਤੋੜਨ ਲਈ ਕਿਹੜਾ ਹਥਿਆਰ ਵਰਤੋਗੇ? ਪਰ ਦੇਖਿਓ!!! ਬਗਾਵਤਾਂ ਤੂਫਾਨਾਂ ਤੋਂ ਨਹੀਂ ਡਰਦੀਆਂ ਮੌਸਮ ਚਾਹੇ ਕੋਈ ਹੋਵੇ "ਇਨਕਲਾਬ" ਦੇ ਰਾਹ ਨਹੀਂ ਰੁਕਿਆ ਕਰਦੇ। ਚਾਰ ਦਿਹਾੜੇ ਰੂਪ ਜਵਾਨੀ ਇਹ ਨਹੀਂ ਮੁੜਕੇ ਆਉਣੀ ਟਿੱਕਾ ਟੋਲ੍ਹੇ ਥਾਂ ਬਥੇਰੇ ਲਭ ਲਭ ਥੱਕੀ ਦਾਉਣੀ ਜਿਉਂ ਗਲ ਖਾਲੀ ਜਾਪੇ ਨੀਂ ਕੈਂਠੇ ਹਾਰ ਬਿਨਾ

  • ਮੁੱਖ ਪੰਨਾ : ਕਾਵਿ ਰਚਨਾਵਾਂ, ਸਿੰਮੀਪ੍ਰੀਤ ਕੌਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ