Punjabi Poetry : Sharan Virk

ਪੰਜਾਬੀ ਕਵਿਤਾਵਾਂ : ਸ਼ਰਨ ਵਿਰਕ



1. ਤਿੱਖੇ ਤਿੱਖੇ ਕਰਮਾਂ ਦੇ ਉੱਪਰ ਮੇਰੇ

ਤਿੱਖੇ ਤਿੱਖੇ ਕਰਮਾਂ ਦੇ ਉੱਪਰ ਮੇਰੇ ਨਕਸ਼ਤਰਾਂ ਦੇ ਰਸਤੇ ਖਾਸੇ ਮੋਟੇ ਰਹੇ, ਜ਼ਿੰਦਗੀ ਨੇ ਮੌਕੇ ਬਖਸ਼ੇ ਸੀ ਉਂਝ ਬੜੇ ਬੱਸ ਅਸੀਓਂ ਹੀ ਯਾਰਾ ਸਿੱਕੇ ਖੋਟੇ ਰਹੇ, ਕੱਢੇ ਕਸੀਦੇ ਸੱਭੇ ਤੂੰਈਓਂ ਜ਼ਿੰਦਗੀਏ ਐਪਰ ਵਿੱਚੇ ਪਿੰਜਦੇ ਤਾਂ ਮੇਰੇ ਪੋਟੇ ਰਹੇ, ਸ਼ਹਿਰ ਸਾਂ ਆਇਆ ਪਿੰਡੇ ਸੁਖ ਖਾਤਰ ਹੁਣ ਤੱਕ ਜੂਝਦਿਆਂ ਦੇ ਪੈਂਦੇ ਸੋਟੇ ਰਹੇ, ਰੰਗ ਫਿੱਕਿਆਂ ਨੂੰ ਸਲਾਹੁਣ ਲੱਗਿਆਂ ਮੈਂ ਸੁਫਨਿਆਂ ਵਿੱਚੇ ਜੱਚਦੇ ਸੂਹੇ ਗੋਟੇ ਰਹੇ, ਕਿੰਨੇ ਟੁੱਟੇ ਜੁੜੇ ਬਚੇ ਨੇ ਸੱਜਣ ਵਿਰਕਾ ਖਿਆਲ ਰੱਖਣ ਤੱਕ ਮੇਰੇ ਹੁੰਦੇ ਟੋਟੇ ਰਹੇ, ਵੱਡੇ ਹੋ ਕੇ ਮਾੜੇ ਚੰਗੇ ਨੇ ਕਰਨ ਲੱਗੇ ਭਲੇ ਸੀ ਸਭ ਬਾਲ ਜਦੋ ਤੱਕ ਛੋਟੇ ਰਹੇ॥

2. ਐਂਵੀਂ ਲੋਕੀਂ ਆਣ ਗੁੱਸੇ ਵਿੱਚ

ਐਂਵੀਂ ਲੋਕੀਂ ਆਣ ਗੁੱਸੇ ਵਿੱਚ ਝੱਟ ਲੋਕਾਂ ਤੋਂ ਰੁੱਸ ਬਹਿੰਦੇ ਨੇ, ਦੁਨੀਆ ਤੇ ਮੁਹਾਜ਼ਿਰ ਸਾਰੇ ਕਰਮ ਭੋਂਏਂ ਨੂੰ ਖੁੱਸ ਬਹਿੰਦੇ ਨੇ, ਹੀਰਿਆਂ ਵਰਗੇ ਅੰਦਰੋਂ ਹੁੰਦੇ ਦਮੜਿਆਂ ਖਾਤਿਰ ਹੁੱਸ ਬਹਿੰਦੇ ਨੇ, ਅੰਦਰੂਨੀ ਤੰਦਾਂ ਤੋੜ ਤੋੜ ਕੇ ਬਣ ਆਖ਼ਰ ਕੁਛ ਦੇ ਕੁਛ ਬਹਿੰਦੇ ਨੇ, ਵਿਰਕਾ ਟੁੱਟਣ ਦੀ ਸਿਖਰ ਤੇ ਬੈਠੇ ਸਭ ਲੋਕਾਂ ਮਾਰੇ ਖੁਸ਼ ਰਹਿੰਦੇ ਨੇ, ਜੀਣਾ ਪੜ੍ਹਦੇ ਨੀਂ ਰੂਹ ਢੰਡੋਲਕੇ ਲੱਖਾਂ ਪਾਂਡਿਆਂ ਮੁੱਲਾਂ ਤੋਂ ਪੁੱਛ ਬਹਿੰਦੇ ਨੇ॥

3. ਪੈਂਡੇ ਲੰਮੇਰੇ ਤੈਅ ਕਰਨੇ ਨੇ ਜੇਕਰ

ਪੈਂਡੇ ਲੰਮੇਰੇ ਤੈਅ ਕਰਨੇ ਨੇ ਜੇਕਰ ਜਿੰਦੇ ਪਾਂਧੀ ਨਈਂ ਸੱਦੀਂਦੇ ਨਾਲ ਵੇ, ਤਸਵੀਰਾਂ ਉੱਕੇਰ ਖਾਂ ਰੂਹ ਦੀਆਂ ਰੱਜਕੇ ਜਿੰਦੇ ਤਨ ਨਈ ਰੰਗੀਦੇ ਨਾਲ ਵੇ, ਪਿੰਡਿਆਂ ਦਾ ਕੀ ਜਿਹੜੇ ਠਾਰਨ ਹਿਰਦੇ ਜਿੰਦੇ ਕਦੇ ਨਈਂ ਥੱਕੀਂਦੇ ਭਾਲ ਵੇ, ਲੇਖੇ ਉਮਰਾਂ ਨੂੰ ਲਾਵਣ ਜਿਹੜੇ ਅਰਸੇ ਜਿੰਦੇ ਪੋਟੀਂ ਨਈਂ ਗਿਣੀਂਦੇ ਸਾਲ ਵੇ॥

4. ਜਿੰਨਾਂ ਕੱਦੋਂ ਵੱਧਦੈ ਬੰਦਾ

ਜਿੰਨਾਂ ਕੱਦੋਂ ਵੱਧਦੈ ਬੰਦਾ ਓਨਾਂ ਅੰਦਰੋਂ ਘੱਟਦੈ ਬੰਦਾ ਆਪਣਾ ਅੰਦਰ ਲੱਭਣ ਖਾਤਿਰ ਬਾਹਰੋਂ ਪੜ੍ਹਕੇ ਰੱਟਦੈ ਬੰਦਾ ਲੋੜਾਂ ਨੂੰ ਢੁੱਕ ਬਹਿੰਦੈ ਨੇੜੇ ਦੂਰ ਹੋਇਆਂ ਤੇ ਛੱਟਦੈ ਬੰਦਾ ਝੂਠ ਸਹਾਰੇ ਜਿੱਤਦੈ ਰੂਹਾਂ ਸੱਚ ਤੋਂ ਕਿਓਂ ਇੰਝ ਭੱਜਦੈ ਬੰਦਾ ਨੀਚੋ ਨੀਚ ਤੇ ਜਾਂਦੈ ਗਿਰਦਾ ਫਿਰ ਰੱਬ ਨੂੰ ਕੀ ਜੱਪਦੈ ਬੰਦਾ ਹੋ ਜਾਂਦੈ ਬੌਨਾ ਵਿੱਚ ਤੈਸ਼ਦੇ ਤੇ ਲੋਕਾਂ ਨੂੰ ਛੋਟੇ ਦੱਸਦੈ ਬੰਦਾ ਜਿੰਨਾਂ ਉਮਰੋਂ ਵੱਧਦੈ ਬੰਦਾ ਓਨਾਂ ਅੰਦਰੋਂ ਘੱਟਦੈ ਬੰਦਾ॥

5. ਮਿਹਨਤ ਕਾ ਮਿਹਣਾ ਨਾਹੀਂ

ਮਿਹਨਤ ਕਾ ਮਿਹਣਾ ਨਾਹੀਂ, ਕਿਸੇ ਕਾ ਕੁਝ ਦੇਣਾ ਨਾਹੀਂ, ਗਲੇ ਰੱਬ ਝੱਟ ਲਾਵੇ ਕਿਰਤੀ ਹਲਾਲ ਨੂੰ, ਅਰਾਮ ਠੁਕਰਾਵੇ ਜਿਹੜਾ, ਫੱਟ ਸੀਨੇ ਖਾਵੇ ਜਿਹੜਾ, ਜੱਗ ਵਿਰਕਾ ਸਲਾਹਉਂਦਾ ਐਸੇ, ਵਿਅਕਤੀ ਕਮਾਲ ਨੂੰ॥

6. ਕਾਲੇ ਕਰਕੇ

ਅਕਲ ਦੇ ਪੰਨੇ, ਕੁਝ ਪੜ੍ਹ ਤੇ ਕੁਝ ਲਿਖ ਰਿਹਾ ਹਾਂ, ਡਿਗ ਕੇ ਉੱਠਣਾ, ਉੱਠ ਕੇ ਖੜ੍ਹਨਾ, ਹੁਣ ਜ਼ਿੰਦਗੀ ਤੋਂ ਸਿੱਖ ਰਿਹਾ ਹਾਂ.. ਛੱਡ ਘਰਾਂ ਨੂੰ ਭੁੱਲ ਦਰਾਂ ਨੂੰ, ਵਾਟ ਪਿੰਡਾਂ ਦੀ ਮਿੱਥ ਰਿਹਾ ਹਾਂ, ਡਾਂਗ ਤੇ ਡੇਰੇ ਹੁਣ ਰਾਹ ਲੰਮੇਰੇ, ਬਣ ਸਫ਼ਰਾਂ ਦੇ ਮਿੱਤ ਰਿਹਾ ਹਾਂ, ਐਵੇਂ ਈ ਖਿੱਝਣਾ, ਹਰਨਾਂ ਤੇ ਰਿੱਝਣਾ, ਕੁਛ ਸਬਕਾਂ ਤੋਂ ਜਿੱਤ ਰਿਹਾ ਹਾਂ, ਅਸਲਾਂ ਲਈ ਮਰਨਾ, ਅਮਲਾਂ ਲਈ ਜਰਨਾ, ਗੁਜ਼ਰ ਇਬਰਤਾਂ ਵਿੱਚ ਰਿਹਾ ਹਾਂ, ਇਕਲਾਪੇ ਦਾ ਟੁਰਨਾ, ਸਦਾਕਤ ਨਾ ਝੁਰਨਾ, ਉਘੜਵੀਆਂ ਪੈੜਾਂ ਨੂੰ ਮਿੱਥ ਰਿਹਾ ਹਾਂ, ਫ਼ਰੇਬਾਂ ਨੂੰ ਭੰਡਣਾ, ਕਦੇ ਵੀ ਨਾ ਹੰਭਣਾ, ਇਵੇਂ ਦੀਆਂ ਜੰਗਾਂ ਨੂੰ ਵਿੱਢ ਰਿਹਾ ਹਾਂ, ਮਜ਼ਹਬਾਂ ਦੇ ਰੌਲੇ, ਹੋਏ ਆਦਮ ਬੋਲੇ, ਗ਼ਫ਼ਲਤ ਤੋਂ ਹਰਨਾ ਨਹੀਂ ਗਿੱਝ ਰਿਹਾ ਹਾਂ, ਨਾ ਜ਼ਾਤਾਂ ਦੀ ਬੰਦਿਸ਼, ਨਾਂ ਖਬੀਸੀ ਰੰਜਿਸ਼, ਹੋ ਰਜ਼ਾ ਦੀ ਤਮੀਰੀ ਲਈ ਇੱਕ-ਮਿੱਕ ਰਿਹਾ ਹਾਂ, ਤਲਵਾਰਾਂ ਤੋਂ ਦੂਰੀ, ਰੱਖ ਕਲਮਾਂ ਨਾ ਘੂਰੀ, ਲਿਖ ਮਜਲੂਮਾਂ ਦੇ ਹਿੱਤ ਰਿਹਾ ਹਾਂ, ਡਿਗ ਕੇ ਉੱਠਣਾ, ਉੱਠ ਕੇ ਖੜ੍ਹਨਾ, ਹੁਣ ਜ਼ਿੰਦਗੀ ਤੋਂ ਸਿੱਖ ਰਿਹਾ ਹਾਂ..

7. ਜੂਨ ੮੪

ਸਾਨੂੰ ਖ਼ਤਮ ਕਰਨ ਨੂੰ ਵੈਰੀਆਂ ਵਰਤੇ ਹੀਲੇ ਲੱਖ ਓਹ ਵੱਲ ਪੰਜਾਬ ਦੇ ਝਾਕਦੇ ਨੇ ਕਰਕੇ ਕਾਣੀ ਅੱਖ ਸਾਨੂੰ ਸਿਖਰ ਦੁਪਹਿਰੇ ਮਾਰਕੇ ਤੇ ਨਹਿਰੀਂ ਘੋਲ਼ੇ ਰੱਤ ਓਨਾਂ ਮਾਰ ਬੇਦੋਸ਼ੇ ਰੱਖ ਲਏ ਜਿਨ੍ਹਾਂ ਰੋਲ਼ੀ ਸਾਡੀ ਪੱਤ ਸਾਨੂੰ ਸਾਡੇ ਤਖ਼ਤ 'ਚ ਮਾਰਿਆ ਕਿੰਝ ਭੁੱਲੇ ਕੋਈ ਦੱਸ ਤੂੰ ਹਿਰਦੇ ਟੋਹਲ਼ ਕੇ ਵੇਖ ਤਾਂ ਸਾਡੇ ਸੀਨੇ ਉੱਠਦੀ ਟੱਸ ਸਾਨੂੰ ਜਰਨੈਲ ਨਾ ਲੱਭਦਾ ਅਸੀ ਭਾਲ ਬੈਠੇ ਹਾਂ ਥੱਕ ਉਂਝ ਵਿੱਚ ਪੰਜਾਬ ਦੇ ਪਏ ਅਹੁਲ਼ਦੇ ਨੇ ਸ਼ੇਰੇ ਬੱਗੇ ਲੱਖ

8. ਭੀੜਾਂ 'ਚ ਸੰਨਾਟੇ ਸੁਣਦੇ ਇਕਲਾਪੇ ਵਿੱਚ ਸ਼ੋਰ ਪਵੇ

ਭੀੜਾਂ 'ਚ ਸੰਨਾਟੇ ਸੁਣਦੇ ਇਕਲਾਪੇ ਵਿੱਚ ਸ਼ੋਰ ਪਵੇ ਹਾਂ ਕਹਿਕੇ ਵੀ ਆਉਣ ਨਾਂ ਸੱਜਣ ਖੌਰੇ ਕੈਸਾ ਜ਼ੋਰ ਪਵੇ, ਨਵਾਂ ਜ਼ਮਾਨਾ ਨਵੀਂ ਪਨੀਰੀ ਕੋਈ ਤੇ ਜ਼ਿੰਮੇਵਾਰ ਕਰੋ ਅੱਜ ਵੀ ਕੋਈ ਆਖ ਮੁਹੱਬਤ ਕਿਸੇ ਵੀ ਡੰਡੀ ਤੋਰ ਲਵੇ, ਵਗਦੀਆਂ ਲੂਆਂ 'ਚ ਹੰਝਾਂ ਦੇ ਸਾਵਣ ਵਰ੍ਹਦੇ ਪਏ ਰੋਣੇ ਦੇ ਮੌਸਮਾਂ ਵਿੱਚ ਹੱਸਾਂ ਇਹ ਖੌਰੇ ਕੈਸੀ ਲੋਰ ਰਵੇ, ਮੋਤੀ ਚੁਗ਼ ਲਏ ਸਭ ਗ਼ੋਤੇ ਲਾ ਦਿਲ ਦੇ ਸਮੁੰਦਰਾਂ 'ਚੋਂ ਤੌਬਾ! ਖ਼ੌਫ ਮੌਲਾ ਦਾ ਕਰ ਉਲਟਾ ਮੈਨੂੰ ਚੋਰ ਕਹਿਵੇ, ਉਮਰ ਕਚੈਲ਼ ਦੇ ਟੁੱਟੇ ਦਿਲ ਤੇ ਸੰਭਲੇ ਨਾਂ ਵਿਰਕਾ ਕੋਈ ਹੋਵੇ ਜਿਹੜਾ ਲੰਘੀਆਂ ਗੁਜ਼ਰੀਆਂ ਮੋੜ ਦਵੇ।

9. ਐਥੋਂ ਮੇਰੇ ਪਿੰਡ ਦੀ ਤਾਂ ਵਾਟ ਬੜੀ ਘੱਟ ਏ

ਐਥੋਂ ਮੇਰੇ ਪਿੰਡ ਦੀ ਤਾਂ ਵਾਟ ਬੜੀ ਘੱਟ ਏ ਸੋਚਾਂ ਜੇ ਤੇ ਚਿੱਤ ਓਥੇ ਪਹੁੰਚ ਜਾਂਦਾ ਝੱਟ ਏ! ਮੁੜਦਾ ਮੈ ਸ਼ਹਿਰੋਂ ਜਿਵੇਂ ਵਾਟ ਮਿੱਥਾਂ ਪਿੰਡ ਦੀ ਰਾਹੇ ਦੇ ਵੀ ਓਵੇਂ ਜਾਣਾਂ ਟੋਏ ਕਿੱਥੋਂ ਤੱਕ ਨੇ, ਰਸਤੇ ਤੇ ਤੁਰਿਆ ਸ਼ਹੀਦੀਂ ਪਹੁੰਚ ਜਾਂਨਾਂ ਜਦ ਮੂੰਹੋਂ ਤਵਾਰੀਖ ਦੱਸੇ ਕਿੰਨਾ ਬਾਗ਼ੀ ਸਾਡਾ ਰੱਤ ਏ, ਪਿੰਡ ਵਿੱਚ ਨਸ਼ਾ ਘੱਟ ਗਿਆ ਜਾਂ ਵਧੇਰੇ ਹੁਣ ਗਰਾਉਂਡੋਂ ਦਿਆਂ ਦੱਸ ਕੀ ਲਾਈ ਚੋਬਰਾਂ ਨੇ ਲੱਤ ਏ, ਨਿੱਕਲਾਂ ਗਰਾਊਂਡੋਂ ਤਾਂ ਸੁਸਾਇਟੀ ਦੱਸ ਦਿੰਦੀ ਕਿੰਨੇ ਕਰਜ਼ੇ 'ਚ ਮੇਰੇ ਪਿੰਡਾਂ ਦਾ ਕੰਮੀਂ ਜੱਟ ਏ, ਜਹਾਨ ਦੇ ਨਜ਼ਾਰੇ ਛੱਡ ਮਹਿਲ ਤੇ ਮੁਨਾਰੇ ਛੱਡ ਟਾਹਲੀਆਂ ਦੇ ਕੋਲੋਂ ਕੂਕਾਂ ਜੀਣਾ ਝੂਠ ਮੌਤ ਸੱਚ ਏ, ਫਿਰਨੀਓਂ ਚੜ੍ਹਦੇ ਨੂੰ ਹੋ ਕੇ ਪਹੁੰਚਾਂ ਗੁਰੂ-ਘਰ ਗਿਆਨ ਹੁੰਦਾ ਵੰਡੀਆਂ ਤੋਂ ਪਿੰਡ ਹਾਲੀਂ ਰਿਹਾ ਬੱਚ ਏ, ਪਿੰਡ ਨੂੰ ਮੈਂ ਘੁੰਮ ਲਵਾਂ ਮਿੱਟੀ ਏਹਦੀ ਚੁੰਮ ਲਵਾਂ ਦੱਸਾਂ ਦੁਨੀਆਂ ਨੂੰ ਕੀ ਕੀ ਲਿਆ ਮੈਂ ਐਥੋਂ ਖੱਟ ਏ, ਸਿੱਖਿਆ ਨਾਂ ਭੁੱਲਦਾ ਤੇ ਖੇਡਿਆ ਨਾਂ ਭੁੱਲਦਾ ਉਂਗਲਾਂ ਤੇ ਨਾਂ ਸਕਾਂ ਗਿਣ ਕੀ ਕੀ ਲਈ ਐਥੋਂ ਮੱਤ ਏ, ਵਗਦੇ ਮੈ ਪੁਰੇ ਨੂੰ ਤਾਂ ਛੋਹ ਕੇ ਹੀ ਮਾਪ ਲਵਾਂ ਨਮੀ ਤੋਂ ਲੈ ਦੱਸ ਦਿਆਂ ਮੀਂਹ ਹੈ ਵੀ ਜਾਂ ਨਾਂ ਕੱਖ ਏ, ਸਿੰਜਣਾ ਸਵਾਰਨਾ ਤੇ ਬੀਜਣਾ ਜੇ ਫਸਲਾਂ ਨੂੰ ਠੁੱਡਾ ਮਾਰ ਦੱਸਾਂ ਪੈਲ਼ੀ ਰੜ੍ਹੀ ਪਈ ਏ ਜਾਂ ਵੱਤ ਏ, ਪਰ੍ਹੇ ਪੰਚਾਇਤ ਵਿੱਚ ਪੈਂਦੇ ਰੌਲੇ ਤੋਂ ਈ ਦੱਸਾਂ ਬਹੁਤੇ ਮੋਹਤਬਾਰ ਲੈਂਦੇ ਕਿਹਦਾ ਕਾਹਤੋਂ ਪੱਖ ਨੇ, ਪੋਟਿਆਂ ਤੇ ਗਿਣਕੇ ਤੇ ਇੱਕੋ ਸਾਹੇ ਦੱਸ ਦਿਆਂ ਐਤਕਾਂ ਦੀ ਵਾਰੀ ਸੰਮਤੀ ਕਰਾਈ ਕਿਹਨਾਂ ਰੱਦ ਏ, ਕਾਮਯਾਬ ਬੰਦਿਆਂ ਦੇ ਐਬ ਰੱਬ ਉੱਤੇ ਛੱਡਾਂ ਕਰਾਂ ਇਮਦਾਦ ਜੇ ਅਜੇ ਕੱਚੀ ਕਿਸੇ ਦੀ ਵੀ ਛੱਤ ਏ, ਓਮਰਾਂ ਦੇ ਰੌਲੇ ਸਭ ਦੌੜ੍ਹ ਲੋੜਾਂ ਦੀ ਏ ਵਿਰਕਾ ਰਹਿੰਦਾ ਬਚਪਨ ਚੰਗਾ ਹੁੰਦਾ ਵੱਧ ਨਾਂ ਕੋਈ ਘੱਟ ਏ ।

10. ਬਾਗ਼ ਅੰਬਾਂ ਦੇ ਸੰਘਣੇ ਸੋਹਣੇ

(ਹਰਿੰਦਰ ਸਿੰਘ ਮਹਿਬੂਬ ਜੀਆਂ ਨੂੰ ਮਿਲਣ ਉਪਰੰਤ ਓਹਨਾਂ ਦੇ ਲਿਖੇ ਮੁਤਾਬਿਕ ਬਿਸਤ ਦੁਆਬ ਦੇ ਮੇਰੇ ਇਲਾਕੇ ਦਾ ਵਿਸ਼ਲੇਸ਼ਣ।) ਬਾਗ਼ ਅੰਬਾਂ ਦੇ ਸੰਘਣੇ ਸੋਹਣੇ ਲੱਗਦੇ ਥਾਂਹੋ ਥਾਂਹੀਂ, ਵਿੱਚ ਪਿੜ੍ਹਾਂ ਦੇ ਰੁੱਖ ਖਲੋਤੇ ਫੱਬਦੇ ਰਾਹੋ ਰਾਹੀਂ, ਪਿੜਾਂ ਤੋਂ ਦੀ ਰਸਤੇ ਗੁਜ਼ਰਨ ਚੜ੍ਹਦੇ ਢਾਹੋ ਢਾਹੀਂ, ਸ਼ਾਮਾਂ ਢਲਕੇ ਲਾਲ ਰੰਗੇਵਣ ਦਰਿਆ ਮਲਾਹ ਮਲਾਹੀਂ, ਮੈਰੇ ਰੋਹੀਆਂ ਨਾਲੇ ਰਲ਼ੇ ਤੇ ਫਰਕ ਰਹੇ ਕੋ ਨਾਂਹੀਂ, ਮਹਿਬੂਬ ਡੀਕਣ ਸ਼ਾਮਾਂ ਕਲਮਾਂ ਟੁੱਟਕੇ ਹੱਥੋਂ ਬਾਂਹੀਂ, ਚੋਆਂ ਖੂਹਾਂ ਦੀ ਧਰਤ ਸੋਹੰਦੜੀ ਰੋਣ ਕੁਦੇਸੇ ਤਾਂਹੀਂ॥

11. ਵਾਹਲੇ ਭੱਦਰ ਬੰਦੇ ਮਿਲਦੇ

ਵਾਹਲੇ ਭੱਦਰ ਬੰਦੇ ਮਿਲਦੇ ਮਾੜੇ ਨਾ ਸਭ ਚੰਗੇ ਦਿਲ ਦੇ, ਹੱਥ ਮਿਲਾਕੇ ਹੱਸਦੇ ਦੱਸਦੇ ਸਾਡੇ ਜਹੇ ਬਜ਼ਾਰ ਨਾ ਮਿਲਦੇ, ਤੌਬਾ!! ਫੇਰ ਧੰਮਾਉਂਦੇ ਫੱਲਾਂ ਓਈਓ ਵੱਡੀਆਂ-ਵੱਡੀਆਂ ਗੱਲਾਂ, ਮੈ ਇੰਝ ਮੈ ਉਂਝ ਦੱਸਦੇ ਆਪੇ ਮੈਂ ਆਖਨੈਂ ਚੱਲ ਸੁਣਦਾਂ ਚੱਲਾਂ, ਉਹ ਉੱਡਦੇ ਮੈਂ ਢਿੱਲ ਦੇ ਦਿੰਨੈ ਉੱਤਲੀ ਹਵਾ 'ਚ ਖੁੱਲ ਦੇ ਦਿੰਨੈਂ, ਤਾਂ ਝੱਟ ਖੱਲ਼ੋਂ ਬਾਹਰ ਆਉਂਦੇ ਪੁੱਛਦੇ ਇੱਜਤ ਮੁੱਲ ਦੇ ਦਿੰਨੈਂ?? ਤੂੰ ਇੰਝ ਨਈ ਤੂੰ ਇੰਝ ਕਰਤਾਂ ਓਹੀ ਘਿੱਸੀਆਂ-ਪਿੱਟੀਆਂ ਸ਼ਰਤਾਂ, ਯਾਰ ਤੇਰੇ ਵਿੱਚ ਇੱਕ ਕਮੀ ਜਿਵੇਂ ਸੁਣਦੈਂ ਉਂਝ ਨਈ ਕਰਦਾ, ਆਪਣੇ ਓਹੀਓ ਪੁਰਾਣੇ ਚਾਲੇ ਕਿਹੜਾ ਕੰਮ ਨੇ ਨਵੇਂ ਨਿਰਾਲੇ, ਕੰਨ ਮਰੋੜ ਪਰ੍ਹੇ ਕਰ ਦਿੰਨੈਂ ਕਿਹੜਾ ਮੇਰੇ ਲੱਗਦੇ ਸਾਲੇ...

12. ਦੇਵਤਾ ਇੰਦਰ ਵਰਸੇ ਤੇ

ਦੇਵਤਾ ਇੰਦਰ ਵਰਸੇ ਤੇ ਮਿੱਟੀ ਬੋਚੇ ਅੰਮ੍ਰਿਤ ਵਰਖਾ, ਕੱਚੇ ਵਿਹੜੇ ਨੂੰ ਸੁੰਭਰ ਕੇ ਕਿਸੇਨੇ ਡਾਹਿਆ ਹੋਵੇ ਚਰਖਾ, ਜਾਂ ਲਿੱਪਣ ਤੋਂ ਪਹਿਲਾਂ ਹੀ ਜੇ ਕਦੇ ਸੰਵਾਰ ਕੇ ਕੁੱਟੀਦੀ, ਮਰਨੇ ਤੱਕ ਭੁੱਲਣੀ ਨਾ ਮੈਨੂੰ ਮਹਿਕ ਮੇਰੀ ਮਿੱਟੀ ਦੀ.. ਕਦੇ ਬੈਠ ਸੁਹਾਗੇ ਤੇ ਹਲ੍ਹ ਜਦ ਪੁੱਟਣ ਜ਼ਮੀਨਾਂ ਨੂੰ, ਖੱਬਲ਼ ਜਦ ਰੋਲ੍ਹੀ ਦਾ ਬੀਜਣਾ ਹੁੰਦਾ ਜਦ ਬਰਸੀਨਾਂ ਨੂੰ, ਠੱਪ ਪੁੱਟ ਕਦੇ ਮਿੱਟੀ ਦੀ ਜਦੋਂ ਬੰਨੇ ਤੇ ਸਿੱਟੀ ਦੀ, ਮਰਨੇ ਤੱਕ ਭੁੱਲਣੀ ਨਾ ਮੈਨੂੰ ਮਹਿਕ ਮੇਰੀ ਮਿੱਟੀ ਦੀ... ਖੇਡਣ ਤੋਂ ਬਾਅਦ ਕਦੇ ਜਦ ਘੇਸਲ਼ ਵੱਟੀ ਲਈਦੀ, ਚਿਰਾਂ ਦੀ ਰੜ੍ਹੀ ਕਦੇ ਰੱਕੜਾਂ ਚੋਂ ਪੱਟ ਦਈਦੀ, ਮੀਂਹ ਪਏ ਤੇ ਧਰਤ ਉੱਤੇ ਜਦ ਲੀਕਰ ਖਿੱਚੀਦੀ, ਮਰਨੇ ਤੱਕ ਭੁੱਲਣੀ ਨਾ ਮੈਨੂੰ ਮਹਿਕ ਮੇਰੀ ਮਿੱਟੀ ਦੀ.. ਚੋਆਂ ਚੋਂ ਰਾਹ ਪੱਧਰੇ ਫੜ੍ਹ-ਸੁੱਟ ਸਲਵਾੜ ਤੇ ਕਾਨੇ, ਮੇਲੇ ਗਿਆਂ ਚੰਦ ਲੱਗਣੇ ਖਿਡੌਣੇ ਰੰਗ ਬਿਰੰਗੇ ਭਕਾਨੇ, ਕਿਸੇ ਹੰਢੇ ਤੋਂ ਵਿਰਕਾ ਜਦ ਨਵੀਂ ਚੀਜ਼ ਕੋਈ ਸਿੱਖੀਦੀ, ਮਰਨੇ ਤੱਕ ਭੁੱਲਣੀ ਨਾ ਮੈਨੂੰ ਮਹਿਕ ਮੇਰੀ ਮਿੱਟੀ ਦੀ...

13. ਮਹਿਸੂਸ ਕਰਨਾ ਤੇ ਆਖਰ ਪੀ ਜਾਣਾ

ਮਹਿਸੂਸ ਕਰਨਾ ਤੇ ਆਖਰ ਪੀ ਜਾਣਾ ਭਲ਼ਾ ਕਦੇ ਤੇ ਰਿਹਾ ਨਾਂਹੀ ਇਹ ਮੁੱਢ ਕਦੀਮ ਤੋਂ, ਕੁਫ਼ਰ ਤੱਕਣਾ ਸਾਹਵੇਂ ਤੇ ਜਾਨ ਬਚਾਉਣੀ ਤੂੰ ਜਾਣਦੈ ਕੀ ਖੱਟੇਂਗਾ ਕਿਆਮਤ 'ਚ ਰਹੀਮ ਤੋਂ, ਬੇਲਗਾਮ ਹੋ ਕੇ ਕਦੇ ਕੁਛ ਵੀ ਆਖ ਦੇਣਾ ਜੀਬਾਂ ਨਾਂ ਏਹ ਸੂਤ ਆਈਆਂ ਕਦੇ ਕਿਸੇ ਹਕੀਮ ਤੋਂ, ਲੇਖਾ ਤੇ ਦੇਣ ਮਾਲਵੇ ਦਾ ਜੋ ਨਿੱਤ ਕੂਕਦੇ ਅਖੇ ਚਿੱਟਾ ਰੁੱਕ ਜਾਏਗਾ ਲੀਗਲ ਹੋਈ ਅਫ਼ੀਮ ਤੋਂ, ਗਏ ਸਿਸਟਮ ਛੱਡ ਸੀ ਜਾਂ ਚੰਦ ਦਮੜਿਆਂ ਖ਼ਾਤਿਰ ਕੌਣ ਪੁੱਛੂ ਪੰਜਾਬੋਂ ਬਾਹਰ ਆਈ ਪੜ੍ਹੀ ਲਿਖੀ ਕਰੀਮ ਤੋਂ?

14. ਅਕਲਾਂ ਦੇ ਅਰਕ

ਅਕਲਾਂ ਦੇ ਅਰਕ ਨਈਂ ਲੱਭਦੇ ਬੋਲਾਂ ਚੋਂ ਝੂਠ ਸੱਚ ਦੇ ਫਰਕ ਨਈਂ ਲੱਭਦੇ ਬੋਲਾਂ ਚੋਂ, ਬੋਲੀ ਹਲ਼ਕਿਓਂ ਹਲ਼ਕੀ ਹੁੰਦੀ ਜਾਂਦੀ ਏ ਲੱਭਿਆਂ ਵੀ ਤਰਕ ਨਈਂ ਲੱਭਦੇ ਬੋਲਾਂ ਚੋਂ, ਸੋਹਣੀ ਜਿਲ਼ਦ ਸੁਨਿਹਰੀ ਜਿਸ ਕਿਤਾਬ ਦੀ ਏ ਓਸਦੇ ਆਮ ਅਰਥ ਨਈਂ ਲੱਭਦੇ ਬੋਲਾਂ ਚੋਂ, ਏਨਾ ਦੂਰਸੰਚਾਰ ਦੇ ਸਾਧਨਾਂ ਨੇੜੇ ਕੀਤਾ ਏ ਕਿ ਦੁੱਖ ਸੋਗ ਤੇ ਹਰਖ਼ ਨਈਂ ਲੱਭਦੇ ਬੋਲਾਂ ਚੋਂ, ਕਿਓਂ ਨੇ ਮੁਸ਼ਕਿਲਾਂ ਮੇਰੇ ਰਸਤੇ ਘੇਰਦੀਆਂ ਤੇ ਹੱਲ ਪਰਤ ਦਰ ਪਰਤ ਨਈਂ ਲੱਭਦੇ ਬੋਲਾਂ ਚੋਂ॥

15. ਪੰਜਾਬ ~ ਕੈਨੇਡਾ

ਫੀਲ ਪੰਜਾਬ ਦੀ ਵਿੱਚ ਕੈਨੇਡਾ ਇਓਂ ਲੈਨਾਂ ਵਾਂ, ਰਾਤੀਂ ਕੰਮ ਤੇ ਦਿਨੇ ਘਰੇ ਆ ਸੌਂਅ ਲੈਨਾ ਵਾਂ, ਲੱਖ ਰੰਗ-ਤਮਾਸ਼ੇ ਵੇਖ ਕਦੇ ਵੀ ਝੁਰਦਾ ਨਈਂ, ਦੇਸ ਦੀ ਮਿੱਟੀ ਵਾਂਗ ਜਿਓਂ ਦਾ ਤਿਓਂ ਰਹਿਨਾਂ ਵਾਂ। ਤੁਰਦਾ ਭੁੱਲਦਾ ਨਈਂ ਨਾਂਅ ਨੇੜੇ ਦੇ ਪਿੰਡਾਂ ਦੇ, ਹੁਣ ਜ਼ਿੰਦਗੀ ਤੋਂ ਜਿੱਤਦਾਂ ਘੋਲ ਨਿੱਤ ਛਿੰਝਾਂ ਦੇ, ਬੱਸ ਖ਼ੂਹ, ਰਾਹ ਤੇ ਸਰਨਾਵੇਂ ਹੁਣ ਬਦਲੇ ਨੇ, ਪਰ ਪੋਟੀਂ ਗਿਣਨੋਂ ਨਈਂ ਭੁੱਲਦਾ ਗੇੜੇ ਟਿੰਡਾਂ ਦੇ। ਦੌੜ ਕਰੋੜੀਂ ਲੱਗੀ ਉਂਝ ਤੇ ਲੋੜ ਸੀ ਸੌਆਂ ਦੀ, ਉਲਝ ਨ੍ਹੇਰੇ ਨਾਲ ਵਧਾਈ ਕੀਮਤ ਲੋਆਂ ਦੀ, ਹੱਥ ਵਿੱਚ ਫੜ੍ਹ ਕੇ ਰੇਤ ਬੈਠ ਕੇ ਸੋਚਿਆ ਨਾਂ, ਦੱਸ ਕਿਓਂ ਹੱਦਬੰਧੀ ਕਰਦਾ ਰਿਹਾਂ ਮੈਂ ਚੋਆਂ ਦੀ। ਜੇਠ ਹਾੜ੍ਹ ਦੀਆਂ ਧੁੱਪਾਂ ਕਿਵੇਂ ਚੰਮ ਢਾਲ਼ ਦੀਆਂ, ਮੇਰੀਆਂ ਪਿੱਠਾਂ ਕੀ ਨਈ ਪੁਰਖਿਆਂ ਨਾਲ ਦੀਆਂ, ਐਥੇ ਹੁਣ ਵਰ੍ਹਦਾ ਜੋ ਕੱਕਰ ਬਨਸਪਤ ਸਾੜ ਦੇਵੇ, ਦੇਹਾਂ ਸਾਜੀ ਕਿੰਝ ਹੋ ਗਈਆਂ ਇਸ ਤਾਲ ਦੀਆਂ।

16. ਲੇਖਾਂ ਦੀ ਦਵਾਤ ~ ਗੀਤ

ਖੜੀ ਜ਼ਿੰਦਗੀ ਖੜੋਣ ਕਾਹਤੋਂ ਦਿੰਦੀ ਨਈ, ਭਾਰ ਉਮਰਾਂ ਦਾ ਕਾਹਨੂੰ ਲਾਹੁਣ ਦਿੰਦੀ ਨਈ, ਵਰਿਆਂ ਨਈ ਸਦੀਆ ਤੋਂ ਰੇਖ-ਮੇਖ ਇੱਕੋ-ਜਿੱਕੇ, ਸਾਡੇ ਲੇਖਾਂ ਦੀ ਦਵਾਤ ਰੰਗ ਘੋਲੇ ਫਿੱਕੇ-ਫਿੱਕੇ। ਰੋਟੀ-ਟੁੱਕ ਵਾਲੀ ਦੋੜ ਥੰਮੀ ਨਹੀਂ ਜਿਓ ਜੰਮੇ, ਅਸੀਂ ਰੱਕੜਾਂ ਦੇ ਪਾਂਧੀ ਸਾਡੇ ਪੈਂਡੇ ਬਹੁਤ ਲੰਮੇ, ਅੱਗ ਢਿੱਡ ਦੀ ਨੇ ਰੋਲੇ ਰੱਬਾ ਬਾਲ ਨਿੱਕੇ-ਨਿੱਕੇ, ਸਾਡੇ ਲੇਖਾਂ ਦੀ ਦਵਾਤ ਰੰਗ ਘੋਲੇ ਫਿੱਕੇ-ਫਿੱਕੇ। ਅੜੀ ਜਾਣਦੇ ਨਾਂ ਆਸਾਂ ਤੇ ਜ਼ਿੰਦਗੀ ਆ ਜੀਂਵਦੇ ਭੁੱਖ ਮਰ ਜਾਂਦੀ ਨਿੱਤ ਝਿੜਕਾਂ ਦੇ ਸ਼ਰਬਤ ਪੀਂਵਦੇ ਬੋਲ-ਕਬੋਲ ਬੋਲੇ ਕਾਲਜਿਓਂ ਉਤਰਨ ਮਿੱਠੇ-ਮਿੱਠੇ, ਸਾਡੇ ਲੇਖਾਂ ਦੀ ਦਵਾਤ ਰੰਗ ਘੋਲੇ ਫਿੱਕੇ-ਫਿੱਕੇ। ਧੂੜ੍ਹ ਰੜ੍ਹਕਣ ਨਈਂ ਦਿੰਦੇ ਜੋ ਸਾਡੇ ਅੱਖੀਂ ਸੁਫਨੇ, ਜੀਂਦੀ ਜਾਨ ਦੇ ਸਿਆਪੇ ਇਹ ਕਿੱਥੇ ਕਾਜ ਮੁੱਕਨੇ, ਥੱਕੇ ਪੈਰ ਜਾਣਾ ਵਿਰਕਾ ਨੇ ਗਿੱਝੇ ਗਏ ਸਿੱਧੇ-ਸਿੱਧੇ, ਕਿਓ ਸਾਡੀ ਲੇਖਾਂ ਦੀ ਦਵਾਤ ਰੰਗ ਘੋਲੇ ਫਿੱਕੇ-ਫਿੱਕੇ।

17. ਨਵੀਂਓਂ ਨਵੀਂ ਬਹਾਰ

ਨਵੀਂਓਂ ਨਵੀਂ ਬਹਾਰ ਓ ਬਾਬਾ ਸੱਭੇ ਜਾਣਗੇ ਬਾਹਰ ਓ ਬਾਬਾ ਵੇਚ ਜ਼ਮੀਨਾਂ ਘਰ ਬਣਾ ਲਏ ਕੋਈ ਨਾਂ ਰਿਹਾ ਵਿਚਾਰ ਓ ਬਾਬਾ! ਨਵੀਂਓਂ ਨਵੀਂ ਬਹਾਰ ਓ ਬਾਬਾ ਪੈਂਦੀ ਵਖਤ ਦੀ ਮਾਰ ਓ ਬਾਬਾ ਸ਼ਹਿਰ ਰਜਾਉਂਦੇ ਜੱਟ ਮਰ ਜਾਂਦੇ ਓਹ ਨਾਂ ਲੈਂਦੇ ਸਾਰ ਓ ਬਾਬਾ! ਨਵੀਂਓਂ ਨਵੀਂ ਬਹਾਰ ਓ ਬਾਬਾ ਹੋ ਗਏ ਤਾਰੋ ਤਾਰ ਓ ਬਾਬਾ ਤਖਤ ਢੁਹਾ ਕੇ ਮਰ ਖ਼ਪ ਬੈਠੇ ਹਾਰੇ ਜਿੱਤਕੇ ਸਰਦਾਰ ਓ ਬਾਬਾ! ਨਵੀਂਓਂ ਨਵੀਂ ਬਹਾਰ ਓ ਬਾਬਾ ਸਭ ਦੇ ਬੜੇ ਨਾ ਯਾਰ ਓ ਬਾਬਾ ਤੇਰੇ ਵੱਲ ਧਿਆਨ ਕੋਈ ਨਾਂ ਸਾਨੂੰ ਭਲਾ ਸੰਸਾਰ ਓ ਬਾਬਾ! ਨਵੀਂਓਂ ਨਵੀਂ ਬਹਾਰ ਓ ਬਾਬਾ ਲੱਗੇ ਕੇਸਾਂ ਦਾ ਭਾਰ ਓ ਬਾਬਾ ਖ਼ੈਬਰ ਤਿੱਬਤ ਜਿੱਤਣ ਵਾਲੇ ਗਏ ਪੰਜਾਬ ਵੀ ਹਾਰ ਓ ਬਾਬਾ!

18. ਇਹ ਕਿਸੇ ਦੇ ਪੁੱਤ

ਬੋਹੜਾਂ ਵਰਗੇ ਰੁੱਖ ਨੇ ਲੱਗਦੇ ਚਿਰਾਂ ਦੇ ਬੈਠੇ ਚੁੱਪ ਨੇ ਲੱਗਦੇ, ਕੌਣ ਇਹਨਾਂ ਲਈ ਪੜ੍ਹੇ ਦੁਆਵਾਂ ਇਹ ਕਿਸੇ ਦੇ ਪੁੱਤ ਨਈਂ ਲੱਗਦੇ.. ਵਾਂਗ ਰਾਵੀ ਦੇ ਚੱਲਣ ਵਾਲੇ ਆਪਣੀ ਮਸਤੀ ਚੱਲਣ ਚਾਲੇ, ਨੱਕਾ ਅਧਵਾਟੋਂ ਮੋੜ੍ਹ ਲੈ ਗਏ ਨੇ ਵੈਰੀ ਸੱਚ ਦੇ ਬੁੱਤ ਨਈ ਲੱਗਦੇ ਇਹ ਕਿਸੇ ਦੇ ਪੁੱਤ... ਪਿੰਡਾਂ ਨੂੰ ਸ਼ਹਿਰਾਂ ਘੇਰ ਲਿਐ ਪੈਰ ਵੱਡਕੇ ਤੇ ਰੰਧਾ ਫੇਰ ਲਿਐ, ਹੱਸਦੇ ਤਾਂਹਵੀ ਚਾਂਈਂ ਨਾਂ ਰੱਜਣ ਇਹ ਹਾਰੇ ਕੋਈ ਯੁੱਧ ਨਈ ਲੱਗਦੇ ਇਹ ਕਿਸੇ ਦੇ ਪੁੱਤ... ਜੰਮੇ ਕਿੱਥੇ ਤੇ ਪਏ ਪਲ਼ਦੇ ਕਿੱਥੇ ਭਾਂਬੜ੍ਹ ਲੋੜਾਂ ਦੇ ਪਏ ਬਲ਼ਦੇ ਕਿੱਥੇ, ਕਿਹਦੇ ਕਹਿਣ ਤੇ ਉੱਜੜ੍ਹੀ ਬੈਠੇ ਇਹ ਭੁੱਲੇ ਤੇ ਕੋਈ ਸੁੱਧ ਨਈਂ ਲੱਗਦੇ ਇਹ ਕਿਸੇ ਦੇ ਪੁੱਤ... ਮੁਨਾਰਿਆਂ ਨੂੰ ਰੁਸ਼ਨਾਉਂਦੇ ਰਹੇ ਨੇ ਮਾਤ ਬੜ੍ਹਿਆਂ ਨੂੰ ਪਾਉਂਦੇ ਰਹੇ ਨੇ, ਵਿਰਾਨ ਵਿਰਾਸਤਾਂ ਕਰਕੇ ਵੀ ਤੇ ਬੀਤ ਚੁੱਕੀ ਕੋਈ ਰੁੱਤ ਨਈਂ ਲੱਗਦੇ ਇਹ ਕਿਸੇ ਦੇ ਪੁੱਤ...।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ