Punjabi Kavita
  

Punjabi Poetry : Sewa Singh Bhasho

ਪੰਜਾਬੀ ਕਵਿਤਾਵਾਂ ਸੇਵਾ ਸਿੰਘ ਭਾਸ਼ੋ



1. ਝੁੱਗੀਆਂ

ਗਰੀਬੀ ਦਾ ਮੂਲ ਮੰਤਰ ਝੁੱਗੀਆਂ ਵੇਖ ਹੋਰ ਹੋਰ ਸੁੱਚਾ ਹੋ ਜਾਈਦਾ। ਝੁੱਗੀ ਹੇਠ ਨਹੀਂ ਹੁੰਦੀਆਂ ਨੀਹਾਂ ਝੁੱਗੀ ਵਿੱਚ ਸੌਂਦੀਆਂ ਮਜਬੂਰੀਆਂ ਵਧੇ ਨਹੁੰਆਂ ਵਾਲੀਆਂ ਬਿਆਈਆਂ ਮੁੱਛਾਂ ਭੂਰੀਆਂ ਤੇ ਜਟੂਰੀਆਂ ਜਾਂ ਕਿਧਰੇ ਕਿਧਰੇ ਛਲਕਦੀ ਛਾਤੀ ਤੇ ਅੱਖਾਂ ਨੂਰੀਆਂ... ਝੁੱਗੀ ਕਿਸੇ ਦੀ ਮੌਜ ਹੁੰਦੀ ਝੁੱਗੀ ਕਿਸੇ ਦਾ ਮਹਿਲ ਵੀ ਝੁੱਗੀ ਚ ਡਾਕ ਨਹੀਂ ਆਉਂਦੀ ਝੁੱਗੀ ਚ ਡਾਕੂ ਨਹੀਂ ਆਉਂਦਾ। ਛੋਟੇ -ਛੋਟੇ ਸਿਰਾਂ ਲਈ ਵੱਡਾ ਸਾਰਾ ਘਰ ਝੁੱਗੀਆਂ।

2. ਨਾਨਕਤਾ

ਪੌਣ ਪੈੜਾਂ ਤੇ ਡੰਡੀਆਂ ‘ਚੋਂ ਦੋਵੇਂ ਦਿਸਦੇ ਗੁਰੂ ਨਾਨਕ ਤੇ ਮਰਦਾਨਾ। ਗਾ ਰਹੇ ਸੱਚ ਨਗਰ ਨਗਰ ਹੋ ਰਹੇ ਸੱਚ ਸਫ਼ਰ ਸਫ਼ਰ ਮਰਦਾਨਾ ਜਦੋਂ ਮਰਦਾਨਾ ਨਾ ਰਹਿੰਦਾ ਸਾਰੀ ਰਬਾਬ ਹੋ ਜਾਂਦਾ ਕੁਝ ਨਾਨਕ ਵੀ ਹੋ ਜਾਂਦਾ ਉਦੋਂ ਸੰਗਤ ਸੰਗੀਤ ਹੋ ਜਾਂਦੀ ਰੋਮ ਰੋਮ ਰਮਦਾ ਰਾਗ ਰਾਗ ਜਿਸਮ ਜਪਦੇ ਜਾਪਦੇ ਹੋਣੇ ਹੋਣੇ ਆਨੰਦ -ਆਕਾਰ ਕਣ ਕਣ ਚੋਂ ਸੁਣਾਂ ਰਸਿਆ-ਰਸਿਆ ਅਨਹਦ- ਨਾਦ ੧ਓ ੧ਓ ੧ਓ ਸੱਚ ਸੱਚ ਦੋਵੇਂ ਦੋਵੇਂ ਦੋਵੇਂ ਨਾਨਕਤਾ।

3. ਅੰਦਰ ਰਸ ਵਹਿਣ

ਮੁਖਿਆਰੀ ਭੁੱਖ-ਸਫ਼ਰ...ਫ਼ੁੱਲ-ਫ਼ਲ ਸ਼ਹਿਦ ਮਨੁੱਖ -ਮਾਤਰ ਲੋੜ ਸਫ਼ਰ ਕਿਰਤ ਰੋਟੀ-ਘਰ-ਕਿਸ਼ਤੀਆਂ ਮਨੁੱਖ- ਵਿਸ਼ੇਸ਼ ਪਿੰਡੋ- ਪਿੰਡ ਸਿਖ਼ਰ ਸਮਰੱਥਾ ਕਲਾ-ਰੰਗ-ਸਾਧਨਾ-ਬੇੜੀਆਂ ਸ਼ਹਾਦਤ-ਬਗਾਵਤ-ਫ਼ਲਸਫ਼ਾ ਧੂਣੀ ਤੇ ਸਾਹਿੱਤ ਵੀ ਸਿਖ਼ਰ ਦੇ ਬੁਰਸ਼ਣ ਤੱਕ ਸ਼ਬਦਣ ਤੱਕ ਸੰਗੀਤਣ ਤੱਕ ਕੀ ਮੁਸ਼ਕਿਲਾਂ ਕੀ ਫ਼ਾਸਲੇ ?? ਤੁਹਾਡੇ ਅੰਦਰ ਕਿਹੋ ਜਿਹਾ ਫ਼ੈਸਲਾ ? ਕਿਹੋ ਜਹੀ ਫ਼ਸਲ ਫ਼ਲ ਰਹੀ ??

4. ਮਨੁੱਖ

ਉਸ ਦੇ ਘਰ ਨੂੰ ਰੋਟੀ ਮਿਲਦੀ ਮਰੇ ਹੋਏ ਡੰਗਰਾਂ ਕਾਰਨ ਉਹ ਹਰ ਰੋਜ਼ ਉਥੇ ਧੂਫ਼ ਬਾਲ ਆਉਂਦਾ ਸੁੱਖ ਮੰਗਦਾ ਉਸ ਥਾਂ ਦੀ ਤੇ ਡੰਗਰਾਂ ਦੇ ਭਾਰ ਮੁਕਤ ਹੋਣ ਲਈ। ਕਿਸੇ ਦਾ ਡੰਗਰ ਮਰੇ ਤੋਂ ਉਸ ਨੂੰ ਮਜਬੂਰੀ-ਵੱਸ ਉਦਾਸ ਹੋਣਾ ਪੈਂਦਾ।

5. ਮਨੁੱਖ ਲਈ

ਮੱਥੇ ਚ ਜੋਤ ਜਗਦੀ ਮੋਢੇ ਤਕੜੇ ਰਹਿਣ ਹੱਥਾਂ ਦੀ ਪਕੜ ਮਜਬੂਤ ਰਹੇ ਅਰਥੀਆਂ ਚੁੱਕਣ ਲਈ ਅਰਥੀਆਂ ਸਾਂਭਣ ਲਈ ਤੇ ਅਰਥੀਆਂ ਅਰਥਾਉਣ ਲਈ ਬੰਦਾ ਬੰਦੇ ਦਾ ਦਾਰੂ ਹੁੰਦਾ ਬੰਦਾ ਬੰਦੇ ਦਾ ਦੁੱਖ ਵੰਡਾਉਂਦਾ ਘਰੋਂ ਤੁਰ ਘਰ ਤੱਕ ਆਉਂਦਾ ਬੰਦਾ ਬੰਦੇ ਦਾ ਸੁਖ ਵਧਾਉਂਦਾ। ਮਨੁੱਖ ਜਿਉਂਦਿਆਂ ਨੂੰ ਮੱਥਾ ਟੇਕਦਾ ਬੰਦਾ ਜਿਉਂਦਿਆਂ ਨੂੰ ਮੋਢੇ ਚੁੱਕਦਾ ਮਨੁੱਖ ਮਨੁੱਖ ਨੂੰ ਮੋਢਾ ਦਿੰਦਾ। ਮਨੁੱਖ ਅਰਥੀਆਂ ਨੂੰ ਘਰ ਅਰਥਾਅ ਪਰਤੇ ਮਨੁੱਖ ਅਰਥੀਆਂ ਨੂੰ ਅਰਥਾਅ ਪਰਤੇ ਘਰ

6. ਬਿੰਦੂ-ਸਮਰੱਥਾ

ਮਨੁੱਖ ਦੇ ਅੰਦਰ ਵੀ ਹੁੰਦਾ ਹੈ ਧੁੱਪ ਦਾ ਇੱਕ ਹਿੱਸਾ ਧੁੱਪ ਦਾ ਇੱਕ ਟੋਟਾ ਸਫ਼ਰ ਸ਼ਬਦਾਂ ਦਾ ਵੀ ਤੇ ਸ਼ਬਦ ਸੰਸਾਰ ਦਾ ਕੋਈ ਕੋਸ਼ ਸਿਮਟਿਆ ਹੁੰਦਾ ਛੁਪਿਆ ਹੁੰਦਾ ਇੱਕੋ ਹੀ ਬਿੰਦੂ ‘ਚ..... ਢੇਰ ਸਾਰਾ ਸਾਰਾ ਕੁਝ ਤਲਾਸ਼ਣ ਲਈ ਗੁਆਚਣਾ ਤੇ ਗੁਆਚ ਹੀ ਜਾਣਾ ਸੂਰਜ ਨੂੰ ਧਿਆਨਣਾ ਕਿੰਨਾ ਕੁ ਚਾਹੁਣਗੇ? ਧੁੱਪ ਨੂੰ ਮਾਨਣਾ ਕਿੰਨਾ ਕੁ ਚਾਹੁਣਗੇ? ਔਖਾ ਹੈ ਵੱਡੇ ਨੂੰ ਵੱਡਾ ਆਖਣਾ ਵੱਡੇ ਨੂੰ ਵੱਡਾ ਮੰਨਣਾ ਜਾਂ ਕਿਸੇ ਪ੍ਰਕਾਸ਼ ਕੁੰਡਲ ਵਾਲੇ ਚਿਹਰੇ ਨੂੰ ਧਿਆਨਣਾ ਤੇ ਸ਼ਰਧਾ ਰੱਖਣੀ। ਪਰ ਬਹੁਤ ਹੀ ਔਖੀ ਹੈ ਗਰਭ ਛਾਤੀਆਂ ਦੀ ਸੇਵਾ ਕਰਨੀ। ਸ਼ਬਦ ਦੀ ਪੂਜਾ ਕਰਨੀ ਤੇ ਗੁਰੂ ਦੀ ਪੂਜਾ ਕਰਨੀ ਅੰਤਰ -ਬਿੰਦੂ ‘ਚੋਂ ਸੰਪੂਰਨ ਸਮਰਥਾ ਸਮੇਤ।

7. ਛਾਤੀਆਂ

ਛਾਤੀਆਂ ਦੇ ਸਹਾਰੇ ਅਸੀਂ ਤੁਰੇ ,ਫਿਰੇ ਤੇ ਵਿਚਰੇ ਅਸੀਂ ਛਾਤੀਆਂ ਫੁਲਾਈਆਂ ਛਾਤੀਆਂ ਜੰਮੀਆਂ ਛਾਤੀਆਂ ਚੁੰਘੀਆਂ ਹੁਣ ਮੈਂ ਅਸੀਸਾਂ— ਜਿਉਂਦੀਆਂ ਰਹਿਣ ਛਾਤੀਆਂ ਭਰੀਆਂ ਰਹਿਣ ਛਾਤੀਆਂ ਚੌੜੀਆਂ ਹੋਣ ਛਾਤੀਆਂ ਤੇ ਡਟੀਆਂ ਰਹਿਣ ਛਾਤੀਆਂ ਛਾਤੀਆਂ ਮੇਰੀ ਰੋਟੀ- ਖਾਧ - ਖ਼ੁਰਾਕ ਮੇਰੀ ਕਾਇਆ ਤੇ ਮੇਰਾ ਮੋਹ। ਤੇ ਇਹ ਛਾਤੀਆਂ ਮਨੁੱਖੀ ਪੀੜ੍ਹੀਆਂ ਦਾ ਭਵਿੱਖ ਵੀ ਸਾਡੀਆਂ ਸਰਹੱਦਾਂ ਵੀ। ਐ ਖ਼ੁਦਾ ਛਾਤੀਆਂ ਕਾਇਮ ਰਹਿਣ ਛਾਤੀਆਂ ਜੁੜੀਆਂ ਰਹਿਣ ਸਰਹੱਦਾਂ ਸ਼ਾਂਤ ਰਹਿਣ ਕੌਮਾਂ ਕਾਇਮ ਰਹਿਣ ਤੇ ਸਾਡੇ ਘਰਾਂ ਦੀਆਂ ਛੱਤਾਂ ਵੀ ਛਾਤੀਆਂ ਵਰਗੀਆਂ।

8. ਭਿਅੰਕਰ

ਬਹੁਤ ਭਿਅੰਕਰ ਹੈ ਕਿਸੇ ਬੂਹੇ ਦਾ ਹਉਕੇ ਭਰਨਾ ਤੇ ਉਦਾਸ ਹੋਣਾ— ਗਲੋਬੀ ਆਫ਼ਤਾਂ ‘ਤੇ ਘਰ ਦੀਆਂ ਕੰਧਾਂ- ਛੱਤਾਂ ਟੁੱਟਣ ‘ਤੇ.... ਪਰ ਚੰਗਾ ਹੈ ਕਰਨਾ ਫੇਰ ਹੌਸਲਾ ਉਸਦਾ ਭਾਣਾ ਮੰਨਣ ਲਈ ਉਸ ਦੀ ਰਜ਼ਾ ‘ਚ ਰਾਜ਼ੀ ਰਹਿਣ ਲਈ ਤੇ ਮੁੜ ਬਣਾਉਣ ਲਈ ਪਹਿਲਾਂ ਵਰਗਾ ਘਰ ਬਹੁਤ ਬਹੁਤ ਹੀ ਭਿਅੰਕਰ ਹੈ— ਸ਼ਬਦ ਨੂੰ ਵੇਚਣ ਤੁਰ ਪੈਣਾ ਸ਼ਬਦ ਬਾਰੇ ਬਕਵਾਸ ਕਰਨਾ ਮਾਸੂਮ ਚਿਹਰਿਆਂ ਨੁੰ ਅਸ਼ੁੱਧ ਪੜ੍ਹਾਉਣਾ ਤੇ ਗੁਰੂ ਦੀ ਚੁਗਲੀ ਕਰਨੀ।

9. ਕੰਪਿਊਟਰੀਕਰਨ

ਕੰਪਿਊਟਰ ਕੀ ਕੀ ਕਰੇਗਾ ਕੀ ਕੰਪਿਊਟਰ ਮੋਹ ਕਰੇਗਾ ਕੀ ਕੰਪਿਊਟਰ ਹਮਦਰਦੀ ਵੀ ਕਰੇਗਾ??? ਕੰਪਿਊਟਰ ਤਾਂ ਬਣਾ ਲਿਆ ਮਨੁੱਖ ਨੇ ਪਰ ਨਹੀਂ ਬਣਾ ਸਕਦਾ ਕੰਪਿਊਟਰ ਕਦੇ ਵੀ ਮਨੁੱਖ ਨੂੰ ਰੁੱਖ ਨੂੰ ਤੇ ਧੁੱਪ ਨੂੰ ਨਹੀਂ ਪ੍ਰਗਟਾਅ ਸਕਦਾ ਕੰਪਿਊਟਰ ਕਦੇ ਵੀ ਮਨੁੱਖ ਦੇ ਮੋਹ ਨੂੰ ਜੀਅ ਜੰਤ ਦੀ ਭੁੱਖ ਨੂੰ ਤੇ ਮੱਥੇ ਅੰਦਰਲੇ ਚਿੰਤਨ ਨੂੰ ਕੀ ਕੀ ਦੇ ਸਕੇਗਾ ਇਹ ਕੰਪਿਊਟਰ? ਕੀ ਇਹ ਸੱਥਰ ਤੇ ਬੈਠੇਗਾ ਕੀ ਇਹ ਅਰਥੀ ਚੁੱਕ ਸਕੇਗਾ?? ਮਨੁੱਖ ਨੂੰ ਤਾਂ ਪਵੇਗੀ ਹੀ ਲੋੜ ਫੁੱਲਾਂ ਦੀ ਖੰਭਾਂ ਦੀ ਖੁਰਲੀਆਂ ਦੀ ਧੁੱਪ-ਰੰਗਾਂ ਤੇ ਹੋਰ ਘਰਾਂ ਦੀ ਵੀ ....

10. ਸ਼ਬਦ-ਯੋਗ

ਮਨੁੱਖ ਦੇ ਮੱਥੇ ਚ ਸ਼ਬਦ-ਯੋਗ ਹੁੰਦਾ ਹਰ ਮਨੁੱਖ ‘ਚ ਵੀ ਹੁੰਦਾ ਮੈਂ ਵੀ ਕੋਈ ਮਨੁੱਖ -ਰੂਪ ਮੇਰੇ ਮੱਥੇ ‘ਚ ਵੀ ਸ਼ਾਇਦ ਸ਼ਬਦ- ਯੋਗ ਉਮਰ ਬਣਾਉਂਦੇ- ਅਖਵਾਉਂਦੇ ਨੇ ਸਾਹ ਸਾਹ ਭੋਗ ਰਿਹਾਂ ਇੱਕ-ਇੱਕ ਕਰਕੇ ਹਰ ਸਾਹ ਮੇਰੀ ਉਮਰ ‘ਚ ਜੁੜ ਜਾਂਦਾ ਹਰ ਸਾਹ ਨਾਲ ਹੀ ਮੇਰੀ ਉਮਰ ਹੋਰ ਵਧਦੀ ਮੈਂ ਜਿਉਂਦਿਆਂ ਜਾਗਦਿਆਂ ਤੇ ਸੁਚੇਤ ਹੁੰਦਿਆਂ ਆਪਣੇ ਹਰ ਸਾਹ ‘ਚੋਂ ਵੇਖਦਾ ਆਪਣੇ ਹਰ ਅੰਗ ‘ਚੋਂ ਵੇਖਦਾ ਮਾਂ ਦੀ ਮਾਂ ਦੀ ਪੀੜ੍ਹੀਆਂ ਵੱਲ ਪਿਉ ਦੇ ਪਿਉ ਦੇ ਪਿਉ...ਹੋਰ ਪਿੱਛੇ ਵੱਲ ਮਾਂ ਮੇਰੇ ਤਨ ਮਨ ‘ਚ ਪਿਉ ਮੇਰੇ ਕਣ ਕਣ ‘ਚ ਮੈਂ ਵੇਖਦਾ ਸਤਰੰਗੀ ਪੀਂਘ ‘ਚੋਂ ਪੌਣ ,ਸਮੁੰਦਰ,ਬੱਦਲ ਸੂਰਜ ਤੇ ਰੰਗ ਬਨਸਪਤੀ ‘ਚੋਂ ਮਿੱਟੀ , ਬੱਦਲ, ਖਣਿਜ,ਢਿੱਡ ਧੁੱਪ ਤੇ ਬੰਸਰੀਆਂ ਕੁਰਸੀ, ਕਿਸ਼ਤੀ, ਬੰਦੂਕ, ਚੁੱਲ੍ਹਾ, ਡਾਂਗ ਤੇ ਡੰਗੋਰੀਆਂ ਗ੍ਰੰਥਾਂ ‘ਚੋਂ ਸਿਆਹੀ ਤੇ ਰੁੱਖ ਕਾਇਨਾਤ, ਸ਼ਬਦ ਤੇ ਹੱਥ ਤੇ ਚਿੰਤਨ ਵਾਲਾ ਮਨੁੱਖ ਤੇ ਗ੍ਰੰਥ ਕੋਈ ਸਾਂਭਿਆ ਹੋਇਆ ਸਮਾਂ ਹੁੰਦਾ ਕੋਈ ਸਾਂਭਿਆ ਹੋਇਆ ਮਨੁੱਖ -ਰੂਪ ਹੁੰਦਾ ਕੋਈ ਸਾਂਭਿਆ ਹੋਇਆ ਸ਼ਬਦ- ਯੋਗ ਹੁੰਦਾ ਅਕਸਰ ਹੀ ਕਈਆਂ ਦੇ ਮੱਥੇ ਉਲਝਾਅ ਲੈਂਦੀ ਮੱਥੇ ਉੱਪਰ ਕਬਜ਼ਾ ਕਰ ਲੈਂਦੀ ਭੋਗਣ-ਅੰਗਾਂ, ਚੁੱਲ੍ਹਿਆਂ ਤੇ ਲੰਗੜੀਆਂ ਜ਼ਿਮੇਵਾਰੀਆਂ ਦੀ ਕੋਈ ਅਮਰ ਵੇਲ ਜਿਹੀ ਸ਼ਬਦ - ਯੋਗ ਕਾਰਨ ਹੀ ਚਿੰਤਨ ਕਾਰਨ ਹੀ ਮਨੁੱਖ ਮੂਲੋਂ ਪਛਾਣਦਾ ਵਰਤਮਾਨ ‘ਚ ਕੋਈ ਕਿਰਿਆ ਕਰਦਾ ਕਰਵਾਉਂਦਾ ਵਰਤਮਾਨ ਨੂੰ ਭੂਤਕਾਲ ਬਣਾਉਂਦਾ ਭੂਤਕਾਲ ਨੂੰ ਪਰਖ਼ਦਾ ਨਿਰਖ਼ਦਾ ਤੇ ਭਵਿੱਖ ਲਈ ਕੋਈ ਵਿਉਂਤ ਬਣਾਉਂਦਾ। ਕਾਇਨਾਤ ਤੇ ਮਨੁੱਖ ਦੇ ਮੱਥੇ ਅੰਦਰਲਾ ਸ਼ਬਦ- ਯੋਗ ਮਨੁੱਖ ਅੰਦਰਲਾ ਕਰਮ ਯੋਗ ਕਿਰਿਆ ਯੁਕਤ ਮਨੁੱਖ ਲਈ ਆਲ੍ਹਣਿਆਂ ਖੁਰਲੀਆਂ ਲਈ ਪ੍ਰਾਣੀਆਂ ਪਦਾਰਥਾਂ ਲਈ ਤੇ ਘਰਾਂ ਨੂੰ ਹੋਰ ਵਧੀਆ ਬਣਾਉਣ ਲਈ ਹੋਰ ਵਧੀਆ ਵਸਾਉਣ ਲਈ।