Punjabi Poetry : Satta Shivgarh

ਪੰਜਾਬੀ ਕਵਿਤਾਵਾਂ : ਸੱਤਾ ਸ਼ਿਵਗੜ੍ਹਸੱਤੇ ਦੇ ਸ਼ੇਅਰ-(ਭਾਗ-1)

ਸੁਣਦੇ ਨੇ ਲੋਕੀ ਗੱਲ, ਜੇਕਰ ਚੰਗੀ ਹੋਵੇ, ਪਰ ਸੁਣਾਉਣ ਵਾਲਾ ਚਾਹੀਦਾ। ਰੱਖ ਇੱਕ 'ਤੇ ਯਕੀਨ, ਇੱਕ ਵਿੱਚੋਂ ਮਿਲ ਜਾਣਾ, ਪਰ ਧੰਨੇ ਵਾਂਗੂੰ ਪੱਥਰਾਂ 'ਚੋਂ, ਪਾਉਣ ਵਾਲਾ ਚਾਹੀਦਾ। ਹੋ ਸਕਦੀਆਂ ਨੇ, ਮੋਈਆਂ ਕੌਮਾਂ ਵੀ ਸੁਰਜੀਤ, ਪਰ ਮੋਈਆਂ ਕੌਮਾਂ ਵਿੱਚ ਜਾਨ, ਪਾਉਣ ਵਾਲਾ ਚਾਹੀਦਾ। 'ਸੱਤੇ ਸ਼ਿਵਗੜ੍ਹ ਵਾਲਿਆ', ਚਿੜੀਆਂ ਅੱਜ ਵੀ ਲੜਦੀਆ ਨੇ, ਨਾਲ ਬਾਜ਼ਾਂ ਦੇ, ਪਰ ਦਸਮੇਸ਼ ਪਿਤਾ ਵਾਗੂੰ, ਲੜਾਉਣ ਵਾਲਾ ਚਾਹੀਦਾ।

ਸੱਤੇ ਦੇ ਸ਼ੇਅਰ-(ਭਾਗ-2)

ਤਾਰੇ ਟੁੱਟੇ ਨਾ ਜੁੜਦੇ ਅੰਬਰਾਂ 'ਤੇ, ਬੋਲੇ ਬੋਲ ਨਾ ਮੁੜਨ ਜੁਬਾਨ ਵਿੱਚੋਂ। ਗਿਆਨ ਬੰਦੇ ਦਾ ਕਦੇ ਨਾ ਹੋਵੇ ਚੋਰੀ, ਚੱਲੇ ਆਪੇ ਨਾ ਤੀਰ ਕਮਾਨ ਵਿੱਚੋਂ। ਵੇਲਾ ਲੰਘਿਆ ਕਦੇ ਨਹੀਂਓਂ ਹੱਥ ਆਉਂਦਾ, ਮੁੜਦਾ ਨਹੀਂ ਜੋ ਤੁਰ ਗਿਆ ਜਹਾਨ ਵਿੱਚੋਂ। 'ਸ਼ਿਵਗੜ੍ਹ ਸੱਤਿਆ', ਜਿਹੜੇ ਹੋਣ ਖੁਦਾ ਦੇ ਪਿਆਰੇ ਬੰਦੇ, ਰੱਬ ਲੱਭਦੇ ਹਰ ਇਨਸਾਨ ਵਿੱਚੋਂ।

ਸੱਤੇ ਦੇ ਸ਼ੇਅਰ-(ਭਾਗ-3)

ਡਾਉਲੇ ਉੱਤੇ ਸ਼ੇਰ ਪਵਾ ਕੇ, ਫੁੱਲਿਆ ਫਿਰਦਾਂ ਏ, ਪਰਖਿਆ ਜਾਵੇਂਗਾ, ਇੱਕ ਦਿਨ ਵਿੱਚ ਮੈਦਾਨਾਂ ਦੇ। ਲਾਟ ਤੇਜ ਜੇ ਹੋਵੇ, ਦੀਵਾ ਸੂਰਜ ਨਹੀਂ ਬਣਦਾ, ਦੀਵੇ ਕੋਲੋ ਝੱਲ ਨਹੀਂ ਹੁੰਦੇ, ਵਾਰ ਤੂਫਾਨਾਂ ਦੇ। ਪਿੱਠ ਵਿਖਾਉਣਾ ਕੰਮ ਨਹੀਂ ਹੁੰਦਾ, ਮਰਦ ਦਲੇਰਾਂ ਦਾ, ਮਰਦ ਦਲੇਰ ਪੁਗਾਉਂਦੇ ਹੁੰਦੇ, ਬੋਲ ਜੁਬਾਨਾਂ ਦੇ। 'ਸ਼ਿਵਗੜ੍ਹ ਸੱਤਿਆ', ਕਿੱਥੋਂ ਉਹ ਕਿਰਦਾਰ ਭਾਲਦਾ ਏ, ਲਾਲ ਲਹੂ ਵਿੱਚ ਘੁਲਗੇ, ਚਿੱਟੇ ਰੰਗ ਜਵਾਨਾਂ ਦੇ।

ਸੱਤੇ ਦੇ ਸ਼ੇਅਰ-(ਭਾਗ-4)

ਜਿਹੜੀ ਮਿੱਟੀ 'ਚ ਮੌਲਾ ਤੂੰ ਰੂਹ ਪਾਈ, ਫਿਰਦੀ ਭੁਲਾਈ ਤੈਨੂੰ, ਤੇਰੀ ਬਣਾਈ ਮਿੱਟੀ। ਚੜ੍ਹੀ ਜਵਾਨੀ 'ਚ ਨਾ ਰੱਬ ਦਾ ਖੌਫ ਖਾਧਾ, ਰੱਬ ਯਾਦ ਆਇਆ, ਦਾੜ੍ਹੀ ਜਦ ਹੋਈ ਚਿੱਟੀ। ਚੁੱਕ ਸ਼ਿਵਿਆ 'ਚ ਛੱਡ ਆਏ ਆਪਣੇ ਹੀ, ਮਿਲੀ ਆਖਿਰਾਂ ਨੂੰ, ਮਿੱਟੀ ਦੇ ਵਿੱਚ ਮਿੱਟੀ। ਵਜੂਦ ਬੰਦੇ ਦਾ ਕੀ ਹੈ 'ਸ਼ਿਵਗੜ੍ਹ ਸੱਤਿਆ' ਓਏ, ਵਾ ਲੱਗਿਆਂ ਤੋਂ ਉੱਡ ਜਾਏ ਮਿੱਟੀ।

ਸੱਤੇ ਦੇ ਸ਼ੇਅਰ-(ਭਾਗ-5)

ਫੁੱਲ ਦੁਨੀਆਂ 'ਤੇ ਹੋਣਗੇ ਲੱਖ ਸੋਹਣੇ, ਪਰ ਸੋਹਣਾ ਫੁੱਲ ਗੁਲਾਬ ਦਾ ਏ। ਦਰਿਆ ਦੁਨੀਆਂ 'ਤੇ ਲੱਖਾ ਹੀ ਵਗਦੇ ਨੇ, ਪਰ ਸੋਹਣਾ ਇਤਿਹਾਸ ਝਨਾਬ ਦਾ ਏ। ਸੱਤ ਸੁਰਾ 'ਚੋਂ ਸੰਗੀਤ ਦਾ ਜਨਮ ਹੁੰਦਾ, ਪਰ ਮਿੱਠਾ ਸੁਰ ਰਬਾਬ ਦਾ ਏ। 'ਸ਼ਿਵਗੜ੍ਹ ਸੱਤਿਆ', ਕੋਈ ਕਰਮ ਕਮਾ ਚੰਗਾ, ਤੈਨੂੰ ਪਲ ਦਾ ਪਤਾ ਨਾ ਬਾਅਦ ਦਾ ਏ।

ਸੱਤੇ ਦੇ ਸ਼ੇਅਰ-(ਭਾਗ-6)

ਆਮ ਹੋ ਜਾਇਓ, ਭਾਵੇਂ ਖਾਸ ਹੋ ਜਾਇਓ, ਬਦਲਾਗੇਂ ਸਮਾਜ, ਐਸੀ ਆਸ ਹੋ ਜਾਇਓ। ਇਹ ਜਿੰਦਗੀ ਐ, ਥੋੜੀ ਮਿਹਨਤ ਮੰਗਦੀ ਐ, ਨਿੱਕੀ-ਨਿੱਕੀ ਗੱਲ 'ਤੇ ਨਾ, ਹਤਾਸ਼ ਹੋ ਜਾਇਓ। ਰਾਤ ਦੁੱਖਾਂ ਦੀ ਲੰਘੀ, ਚਲੋ ਕੋਈ ਗੱਲ ਨਹੀਂ, ਬਦਲਾਗੇਂ ਕੱਲ੍ਹ, ਐਸੀ ਪ੍ਰਭਾਤ ਹੋ ਜਾਇਓ। 'ਸ਼ਿਵਗੜ੍ਹ ਸੱਤਿਆ', ਸੋਚਾ ਵਿੱਚ ਖੜੋਤ, ਮਨਜੂਰ ਨਹੀਂ ਸਾਨੂੰ, ਸੰਤ ਰਾਮ ਉਦਾਸੀ ਜਾਂ ਫਿਰ ਪਾਸ਼ ਹੋ ਜਾਇਓ।

ਸੱਤੇ ਦੇ ਸ਼ੇਅਰ-(ਭਾਗ-7)

ਪੜ੍ਹ ਕੇ ਹਿਸਾਬ, ਖਾਵੇ ਘਾਟੇ ਸੌਦਿਆਂ 'ਚੋਂ, ਅਨਪੜ੍ਹ ਚੰਗਾ ਹੋਊ, ਇਹੋ ਜਿਹੇ ਪੜ੍ਹਾਕੂ ਤੋਂ। ਪਿੱਠ ਜੋ ਵਿਖਾਵੇ, ਜਾ ਕੇ ਜੰਗ ਦੇ ਮੈਦਾਨ ਵਿੱਚ, ਆਮ ਬੰਦਾ ਚੰਗਾ ਹੋਊ, ਇਹੋ ਜਿਹੇ ਲੜਾਕੂ ਤੋਂ। ਡੁੱਬਦੇ ਹੋਏ ਬੰਦੇ ਦੀ, ਜੋ ਜਾਨ ਨਾ ਬਚਾਵੇ, ਸ਼ੈਤਾਨ ਹੀ ਚੰਗਾ ਹੋਊ, ਇਹੋ ਜਿਹੇ ਤੈਰਾਕੂ ਤੋਂ। ਯਾਰਾ ਨਾਲ ਰਹਿ ਕੇ, ਆਖੇ ਯਾਰਾ ਨੂੰ ਜੋ ਮਾੜਾ, 'ਸ਼ਿਵਗੜ੍ਹ ਸੱਤਿਆ', ਦੁਸ਼ਮਣ ਚੰਗਾ ਹੋਊ, ਇਹੋ ਜਿਹੇ ਚਲਾਕੂ ਤੋਂ।

ਸੱਤੇ ਦੇ ਸ਼ੇਅਰ-(ਭਾਗ-8)

ਡੰਡਾ ਪੀਰ ਹੈ, ਵਿਗੜਿਆਂ ਤਿਗੜਿਆਂ ਦਾ, ਇਹਦੇ ਬਿਨਾਂ ਹੋਰ ਕੋਈ ਢੰਗ ਹੈ ਨੀ। ਵਾਂਗ ਰੱਸੀਆ ਦੇ ਲੋਕੀ ਕੰਮ ਲੈਂਦੇ, ਜਿਹੜੇ ਸੱਪ ਦੇ ਮੂੰਹ ਵਿੱਚ ਦੰਦ ਹੈ ਨੀ। ਦੱਸੋ ਕਾਹਦਾ ਮਿਸਤਰੀ ਜਹਾਨ ਉੱਤੇ, ਪੂਰੇ ਜੀਹਦੇ ਕੋਲ ਆਪਣੇ ਸੰਦ ਹੈ ਨੀ। 'ਸ਼ਿਵਗੜ੍ਹ ਸੱਤਿਆ', ਆਖਿਰ ਨੂੰ ਪਛਤਾਉਂਦਾ ਏ, ਜਿਹੜਾ ਬੰਦਾ ਸਮੇਂ ਦਾ ਪਾਬੰਦ ਹੈ ਨੀ।

ਸੱਤੇ ਦੇ ਸ਼ੇਅਰ-(ਭਾਗ-9)

ਲੱਕੜ ਵਾਲੀ ਆਰੀ ਦੇ, ਇੱਕ ਪਾਸੇ ਦੰਦੇ ਨੇ, ਪਰ ਦੋ ਪਾਸੇ ਦੰਦੇ, ਦੁਨੀਆਂ ਵਾਲੀ ਆਰੀ ਦੇ। ਲੱਚਰਤਾ ਦੀ ਜੀਹਦੇ ਗੀਤਾਂ 'ਚੋਂ ਝਲਕ ਪਵੇ, ਦੁਰ ਫਿੱਟੇ ਮੂੰਹ, ਇਹੋ ਜਿਹੇ ਲਿਖਾਰੀ ਦੇ। ਤੁਰਦਾ ਫਿਰਦਾ ਬੰਦਾਂ ਤੁਰਜੇ, ਚੰਗਾ ਰਹਿੰਦਾ ਏ, ਪਾਵੇ ਨਾ ਰੱਬ ਵੱਸ ਕਦੇ, ਲੰਮੀ ਬਿਮਾਰੀ ਦੇ। ਯਾਰ ਦੇ ਘਰ ਜਾ ਕੇ, ਜੋ ਮੈਲੀ ਅੱਖ ਰੱਖਦਾ ਏ, ਲੱਖ ਲਾਹਨਤਾ 'ਸੱਤਿਆ' ਐਸੀ ਯਾਰੀ ਦੇ।

ਸੱਤੇ ਦੇ ਸ਼ੇਅਰ-(ਭਾਗ-10)

ਬੋਲ ਸ਼ਰੀਕਾ ਦੇ ਸੀਨੇ ਵਿੱਚ ਰਹਿਣ ਲੜਦੇ, ਕੋਈ ਦਵਾਈ ਨਹੀਂ, ਇਹਨਾਂ 'ਤੇ ਕੰਮ ਕਰਦੀ। ਕਈ ਦੁੱਖਾ ਦੀ ਦਾਰੂ ਹੁੰਦੀ ਮੈਂ ਸੁਣਿਆ, ਬੰਦਾ ਸੰਭਲ ਕੇ ਪੀਵੇ ਜੇ, ਸ਼ਰਾਬ ਘਰਦੀ। ਪੂਰੀ ਪਾਉਦਾ ਨਹੀਂ ਜਾ ਕੇ ਮੈਦਾਨ ਅੰਦਰ, ਜਿਹੜੇ ਬੰਦੇ ਦੀ ਹੋਵੇ, ਜ਼ਮੀਰ ਡਰਦੀ। 'ਸ਼ਿਵਗੜ੍ਹ ਸੱਤਿਆ', ਸੀਨੇ ਵੱਜਦੀ ਠਾਹ ਕਰਕੇ, ਗੋਲੀ ਹੈ ਨੀ, ਨੈਂਣਾ ਦੇ ਹਥਿਆਰ ਵਰਗੀ।

ਸੱਤੇ ਦੇ ਸ਼ੇਅਰ-(ਭਾਗ-11)

ਅਲਫ਼ ਇੱਕੋ, ਖਸਮ ਇੱਕੋ, ਨਾ ਜ਼ਬਰ, ਜ਼ੇਰ, ਪੇਸ਼ ਦੀ ਗੱਲ ਕਰੀਏ। ਸੱਜਣ ਪਰਖੇ, ਜੇ ਅਕੀਦਾ ਹੈ ਕਿੰਨਾ ਪੱਕਾ, ਫਿਰ ਜਾਨ ਵੀ ਸੱਜਣ ਅੱਗੇ ਪੇਸ਼ ਕਰੀਏ। ਦੋਵੇਂ ਹੱਥੀ, ਲੁਟਾਈਏ, ਮਾਇਆ ਨਾਗਣੀ ਨੂੰ, ਦਿਲ ਨੂੰ ਅੰਦਰੋਂ ਇੰਨਾ ਦਰਵੇਸ਼ ਕਰੀਏ। ਤੱਤਵ ਕਾਲ 'ਤੇ ਸ਼ੈਤਾਨ ਜਦ ਹੋਵੇ ਭਾਰੀ, 'ਸ਼ਿਵਗੜ੍ਹ ਸੱਤਿਆ' ਫਿਰ ਬਦੀ ਦੇ ਨਾਲ ਕਲੇਸ਼ ਕਰੀਏ।

ਸੱਤੇ ਦੇ ਸ਼ੇਅਰ-(ਭਾਗ-12)

ਅੱਲ੍ਹਾ,ਰਾਮ,ਵਾਹਿਗੁਰੂ ਪੈਗਾਮ ਇੱਕੋ, ਲੋਕਾ ਪਾਈਆਂ ਇਹਦੇ ਵਿੱਚ ਵੰਡੀਆਂ ਨੇ। ਗੰਦਾ ਲੰਗੋਟੇ ਦਾ ਹੋਵੇ ਭਲਵਾਨ ਜਿਹੜਾ, ਉਹਨੇ ਕਦੋਂ ਜਿੱਤੀਆਂ ਝੰਡੀਆਂ ਨੇ। ਪੁੱਛ ਉਹਨਾਂ ਨੂੰ ਸੁਹਾਗ ਨੇ ਕੀ ਹੁੰਦੇ, ਚੜ੍ਹਦੀ ਉਮਰੇ ਜੋ ਹੋਈਆਂ ਰੰਡੀਆਂ ਨੇ। ਗੱਲ ਦੂਜੇ ਦੀ ਦੂਜੇ ਕੋਲ ਕਰਨੀ, 'ਸ਼ਿਵਗੜ੍ਹ ਸੱਤਿਆ' ਤੇਰੀਆਂ ਇਹ ਗੱਲਾਂ ਨਾ ਚੰਗੀਆਂ ਨੇ।

ਸੱਤੇ ਦੇ ਸ਼ੇਅਰ-(ਭਾਗ-13)

ਬੁਝਦੀ ਪਿਆਸ ਨਾ ਰੇਤਲੇ ਟਿੱਬਿਆਂ ਦੀ, ਸੌ ਵਾਰ ਰਮਾਇਆ ਭਾਵੇ ਖੇਤ ਹੋਵੇ। ਦੇਸੀ ਸਾਲ ਦਾ ਸਦਾ ਆਰੰਭ ਹੁੰਦਾ, ਜਦੋ ਚੜ੍ਹਿਆ ਮਹੀਨਾ ਚੇਤ ਹੋਵੇ। ਵਧਣਾ-ਫੁੱਲਣਾ ਕੀ ਹੁੰਦਾ, ਉਸ ਦੇਸ ਤਾਂਈ, ਮਾਨਸਿਕਤਾ ਜਿੱਥੇ ਗੁਲਾਮੀ ਹੇਠ ਹੋਵੇ। ਉਹ ਕੀ ਜਾਣੂ? ਬੰਬਲ ਨੇ ਕੀ ਹੁੰਦੇ, ਵੱਟਿਆ ਜਿਸ ਨੇ ਕਦੇ ਨਾ ਖੇਸ ਹੋਵੇ। 'ਸ਼ਿਵਗੜ੍ਹ ਸੱਤਿਆ' ਉਹ ਘਰ ਕਾਮਯਾਬ ਨਹੀਂ ਹੁੰਦਾ, ਜਿਸਦਾ ਬੇਗਾਨੇ ਲੋਕਾ ਨੂੰ ਭੇਤ ਹੋਵੇ।

ਸੱਤੇ ਦੇ ਸ਼ੇਅਰ-(ਭਾਗ-14)

ਹਰ ਕੋਈ ਸ਼ੀਸ ਝੁਕਾਉਂਦਾ ਏ, ਏਸ ਜੱਗ 'ਤੇ ਮਹਾਨ ਬੰਦਿਆਂ ਨੂੰ। ਸਦਾ ਲਾਹਨਤ ਤੇ ਫਿਟਕਾਰ ਪੈਂਦੀ, ਏਸ ਜੱਗ 'ਤੇ ਮੰਦੇ ਬੰਦਿਆਂ ਨੂੰ। ਜਿਹੜੇ ਹਮੇਸ਼ਾ ਘਾਟੇ ਵੱਲ ਜਾਵਣ, ਬੰਦ ਕਰ ਦਿਓ ਐਸੇ ਧੰਦਿਆਂ ਨੂੰ। 'ਸ਼ਿਵਗੜ੍ਹ ਸੱਤਿਆ' ਜਿਹੜੇ ਬੋਲ ਨਾਲ ਕਿਸੇ ਨੂੰ ਠੇਸ ਪਹੁੰਚੇ, ਐਸੇ ਬੋਲੀਏ ਨਾ ਬੋਲ ਮੰਦਿਆਂ ਨੂੰ।

ਸੱਤੇ ਦੇ ਸ਼ੇਅਰ-(ਭਾਗ-15)

ਮੋਨੇ ਬੰਦੇ ਨੂੰ ਲੋਕੀ ਕਹਿਣ ਬਾਬੂ, ਸਿਰ ਪੱਗੜੀ ਵਾਲੇ ਨੂੰ ਸਰਦਾਰ ਕਹਿੰਦੇ। ਪੱਤੇ ਪਤਝੜ੍ਹ ਵਿੱਚ ਨੇ ਝੜ੍ਹ ਜਾਂਦੇ, ਫੁੱਲ ਖਿਲਿਆਂ ਨੂੰ ਲੋਕੀ ਬਹਾਰ ਕਹਿੰਦੇ। ਦੇਸ ਆਪਣੇ ਦਾ ਨਾਂ ਜੋ ਭਲਾ ਸੋਚੇ, ਉਸ ਬੰਦੇ ਨੂੰ ਲੋਕੀ ਗੱਦਾਰ ਕਹਿੰਦੇ। 'ਸ਼ਿਵਗੜ੍ਹ ਸੱਤਿਆ' ਚਾਹੁੰਦੀ ਹੋਵੇ ਜਿਹੜੀ ਬਹੁਤੇ ਬੰਦਿਆਂ ਨੂੰ, ਉਸ ਤੀਵੀਂ ਨੂੰ ਲੋਕੀ ਬਦਕਾਰ ਕਹਿੰਦੇ।

ਸੱਤੇ ਦੇ ਸ਼ੇਅਰ-(ਭਾਗ-16)

ਵਿਰਲੇ ਜਾਣਦੇ ਦਰਦ ਨੇ ਧੀਆਂ ਦੇ, ਲੋਹੜੀ ਮੁੰਡਿਆਂ ਦੀ ਜਿਆਦਾ ਮਨਾਉਣ ਲੋਕੀ। ਬਾਬਲ ਘਰ ਵੀ ਸੁੱਖ ਨਹੀਂ ਮਾਣ ਸਕਦੀ, ਬੇਗਾਨੇ ਘਰ ਦਾ ਅਖਾਣ ਸੁਣਾਉਣ ਲੋਕੀ। ਜਦ ਬੇਗਾਨੇ ਘਰ ਹੈ ਚਲੀ ਜਾਂਦੀ, ਵਾਂਗ ਗੈਰਾ ਦੇ ਪਿਆਰ ਜਤਾਉਣ ਲੋਕੀ। 'ਸ਼ਿਵਗੜ੍ਹ ਸੱਤਿਆ' ਤਾਂਸ਼ ਦੀ ਖੇਡ ਵਾਂਗੂੰ, ਡਾਅਢਾ ਔਰਤ ਨਾਲ ਚਿੱਤ ਪਰਚਾਉਣ ਲੋਕੀ।

ਸੱਤੇ ਦੇ ਸ਼ੇਅਰ-(ਭਾਗ-17)

ਹਰ ਗੱਲ, ਸੋਚ ਸਮਝ ਕੇ ਨਹੀਂ ਹੁੰਦੀ, ਕੁਝ ਗੱਲਾਂ ਵਿੱਚ, ਬੱਚਿਆਂ ਵਾਲਾ ਹਿਰਦਾ ਚਾਹੀਦਾ। ਤੰਦ ਰਿਸ਼ਤਿਆਂ ਦੀ, ਇੰਨੀ ਨਾ ਕਮਜ਼ੋਰ ਕਰੀਂ, ਨਿਭਣ ਤੋਂ ਪਹਿਲਾ, ਰਿਸ਼ਤਾ ਨਹੀਂਓ ਕਿਰਦਾ ਚਾਹੀਦਾ, ਜਦੋਂ ਮਨ ਮੁਰਸ਼ਦ ਨਾਲ ਮਿਲਣਾ, ਗੱਲ ਤਦ ਬਣਨੀ, ਕੱਲਾ ਮਣਕਾ ਮਾਲਾ ਦਾ, ਨਹੀਂਓਂ ਫਿਰਦਾ ਚਾਹੀਦਾ, ਔਕਾਤ ਤੋਂ ਵੱਧਕੇ ਚੁੱਕੇ ਕਰਜੇ, ਮਾਰਦੇ ਨੇ 'ਸੱਤਿਆ' ਬੰਦਾ ਇਹਨਾਂ ਵਿੱਚ ਨਹੀਂਓਂ, ਘਿਰਦਾ ਚਾਹੀਦਾ।

ਸੱਤੇ ਦੇ ਸ਼ੇਅਰ-(ਭਾਗ-18)

ਤਲਵਾਰ, ਮਿਆਨ ਵਿੱਚ ਹੀ ਰਹੇ ਚੰਗੀ, ਖਾਲੀ, ਖੂਨ ਸਦਾ ਹੀ ਮੰਗਦੀ ਏ। ਰੰਗ ਆਪਣੇ ਹੀ, ਜਿਸਦੇ ਹੋਣ ਫਿੱਕੇ, ਉਹਦੀ ਖ਼ੁਦਾਈ ਨਾ, ਕਿਸੇ ਨੂੰ ਰੰਗਦੀ ਏ। ਵਿਧਵਾ ਜਾਣਦੀ, ਦਰਦ ਵਿਛੋੜਿਆਂ ਦੇ, ਯਾਰੀ ਮਾੜੀ, ਘੜੇ 'ਤੇ ਵੰਗ ਦੀ ਏ। 'ਸ਼ਿਵਗੜ੍ਹ ਸੱਤਿਆ' ਦਿਮਾਗ 'ਤੇ ਵਾਰ ਕਰਦੀ, ਮਾੜੀ ਲੱਗੀ ਹੋਈ, ਆਦਤ ਭੰਗ ਦੀ ਏ।

ਸੱਤੇ ਦੇ ਸ਼ੇਅਰ-(ਭਾਗ-19)

ਧਾਗਾ ਇਤਫ਼ਾਕ ਵਾਲਾ, ਜਿੱਥੇ ਹੋਵੇ ਢਿੱਲਾ, ਖੇਰੂੰ-ਖੇਰੂੰ ਹੀ, ਸਾਰਾ ਪਰਿਵਾਰ ਹੋਜੇ। ਦੁਸ਼ਮਣ ਲੱਭਣ ਦੀ, ਫਿਰ ਲੋੜ ਕੀ ਏ, ਦੁਸ਼ਮਣ ਤੋਂ ਵੱਧਕੇ , ਜਦੋਂ ਯਾਰ ਹੋਜੇ। ਰੂਹ ਤੱਕ, ਕਦੇ ਨਹੀਂਓਂ ਪਹੁੰਚ ਸਕਦਾ, ਜਿਸਮ ਦੇ ਨਾਲ, ਜਿਸਨੂੰ ਪਿਆਰ ਹੋਜੇ। ਧੀ-ਪੁੱਤ ਤੁਰਜੇ 'ਤੇ ਮਾਪੇ ਹੋਣ ਬੈਠੇ, ਸੁੰਨਾ ਮਾਪਿਆਂ ਲਈ, 'ਸੱਤੇ' ਸੰਸਾਰ ਹੋਜੇ।

ਸੱਤੇ ਦੇ ਸ਼ੇਅਰ-(ਭਾਗ-20)

ਹਾਰ, ਹਮੇਲਾਂ 'ਤੇ ਗੁਲੂਬੰਦ ਦੇਖਾਂ, ਛਾਨਣੀਂ ਵਿੱਚੋਂ ਦੀ ਸੁਹਾਗਣਾਂ ਦਾ ਚੰਨ ਦੇਖਾਂ। ਥਿੜਕਣ ਨਾ ਅਕੀਦੇ, ਕਾਹਲੀਆਂ ਹਨ੍ਹੇਰੀਆਂ ਅੱਗੇ, ਉਹਦੇ ਅੰਦਰ ਮੈਂ ਸਬਰਾਂ ਦਾ ਬੰਨ੍ਹ ਦੇਖਾਂ। ਭੁੱਖ ਲੂਈਂ ਕੰਡਿਆਉਂਦੀ ਹੈ ਜਿਸਮਾ ਦੀ, ਹਰ ਘਰ 'ਚ ਮੌਲਾ ਮੈਂ ਅੰਨ ਦੇਖਾਂ। 'ਸੱਤੇ' ਵਹਿਮ ਨੂੰ ਤਰਕਾ ਦੀ ਤੱਕੜੀ ਵਿੱਚ ਤੋਲੀ, ਐਸੇ ਭਰਮ ਦਾ ਠੀਕਰਾ ਭੰਨ੍ਹ ਦੇਖਾਂ। ਵੱਖ ਕੀਤਾ ਜਿਸਨੇ ਨਨਕਾਣਿਆਂ ਖਿਦਰਾਣਿਆਂ ਨੂੰ, ਮੁੜ ਕੇ ਨਾ ੪੭ ਦਾ ਸੰਨ ਦੇਖਾਂ। ਥਾਂ-ਥਾਂ ਸਿਜਦੇ ਕੀਤਿਆਂ ਮਾਣ ਘੱਟਦੈ, ਆਪਣੇ ਅੰਦਰ ਨੂੰ ਇਸ਼ਟ ਮੈਂ ਮੰਨ ਦੇਖਾਂ।

ਸੱਤੇ ਦੇ ਸ਼ੇਅਰ-(ਭਾਗ-21)

ਜਿਉਂਦਾ ਰਿਹਾ ਹਾਂ ਤੇਰੇ ਲਈ ਜਰ-ਜਰ ਕੇ ਦੁੱਖੜਾ ਕਹਿਰ ਦਾ, ਪਲ-ਪਲ ਬੀਤਦਾ ਗਿਆ ਜੀਵਨ ਰਹਿ ਗਿਆ ਮਹਿਮਾਨ ਪਿਛਲੇ ਪਹਿਰ ਦਾ, ਵਖ਼ਤ ਨੂੰ ਫੜ ਕੇ ਹੁਣ ਕਿੰਝ ਰੱਖਾਂ ਭਲਾ ਵਖ਼ਤ ਵੀ ਫੜਿਆ ਠਹਿਰਦਾ, ਲੁੱਟਿਆ ਏ ਲੋਕਾਂ ਫੜ-ਫੜ ਕੇ ਕੰਨੀਆਂ ਹਨ੍ਹੇਰਾ ਜਿਹਾ ਸੀ ਵਖ਼ਤ ਉਹ ਦੁਪਹਿਰ ਦਾ, ਮੈਂ ਸਿਆਹ ਰਾਤਾਂ 'ਚੋਂ ਚਾਨਣ ਤਲਾਸ਼ਿਆ ਹਰ ਕੋਨੇ ਹਨ੍ਹੇਰਾ ਪਸਰਿਆ, ਇਹ ਹਾਲ ਤੇਰੇ ਸ਼ਹਿਰ ਦਾ, ਕਰ ਵਾਅਦੇ ਸੀ ਜੇ ਮੁਕਰ ਜਾਣਾ, ਦੇ ਜਾਂਦੀ ਪਿਆਲਾ 'ਸੱਤੇ' ਨੂੰ ਜ਼ਹਿਰ ਦਾ । ***** ***** *****

ਅੰਤਾਂ ਦਾ ਸ਼ੋਰ

ਅੰਤਾਂ ਦਾ ਸ਼ੋਰ ਹੈ ਅੰਦਰ, ਬਾਹਰੋਂ ਚੁੱਪ ਕਿਉਂ ਰਹਿਨਾ ਏਂ। ਖੁਦ ਸਰ ਹੋਈਆਂ ਮੰਜਿਲਾਂ ਨਾ, ਲੋਕਾਂ ਨੂੰ ਮੱਤਾਂ ਦੇਨਾਂ ਏਂ। ਹੌਸਲਾ ਚੀਜ ਹੈ ਵੱਡੀ, ਕਾਸ਼ ! ਤੂੰ ਜਾਣਿਆ ਹੁੰਦਾ, ਕਿਉਂ ਕੱਚੇ ਘਰਾ ਦੇ ਵਾਂਗੂੰ, ਐਵੇ ਡਿੱਗ ਢਹਿ ਪੈਨਾ ਏਂ ? ਜੋ ਸੱਚ ਪਾਉਣ ਦੀ ਖਾਤਿਰ ਮਨਸੂਰ ਸੂਲੀ ਚੜ੍ਹਿਆ ਸੀ, ਉਹ ਸੱਚ ਤੈਨੂੰ ਕਿਉਂ ਨਹੀ ਦਿਸਦਾ, ਝੂਠ ਦੇ ਪਿੱਛੇ ਰਹਿਨਾ ਏਂ। ਰੱਬ ਤੂੰ ਜਿਸਨੂੰ ਹੈ ਮੰਨਦਾ, ਕਿਤੇ ਵੀ ਕੈਦ ਨਹੀਂ ਹੁੰਦਾ, ਉਹ ਤੇਰੇ ਅੰਦਰ ਹੈ ਬੈਠਾ, ਬਾਹਰ ਕਿਉਂ ਲੱਭਦਾ ਰਹਿਨਾ ਏਂ। ਹੀਰ, ਸੱਸੀ 'ਤੇ ਸੋਹਣੀ, ਸਦਾ ਹੀ ਯਾਦ ਨੇ ਤੈਨੂੰ, ਗੁਜਰੀ, ਫਾਤਿਮਾ, ਮੀਰਾ ਕਿਉਂ ਮਨੋ ਵਿਸਾਰ ਬਹਿਨਾ ਏਂ। ਪਿਆਰ ਖੋਪਰ ਲਹਾਉਦਾ ਏ, ਇਹ ਘੁੰਗਰੂ ਬੰਨ੍ਹ ਨੱਚਦਾ ਏ, ਜੋ ਜਿਸਮਾਂ 'ਤੇ ਮੁੱਕਦਾ ਏ, ਉਹਨੂੰ ਤੂੰ ਪਿਆਰ ਕਹਿਨਾ ਏਂ। ਮੁਹੰਮਦ, ਨਾਨਕ , ਈਸਾ ਦਾ, ਮੁਕਾਮ ਹੈ ਇੱਕੋ, ਕਿਉ 'ਸੱਤੇ ਸ਼ਿਵਗੜ੍ਹ ਵਾਲਿਆ' ਉਏ, ਦਿਲਾਂ ਨੂੰ ਵੰਡਦਾ ਰਹਿਨਾ ਏਂ।

ਦਾਗ ਪੱਗ ਨੂੰ

ਬੁਲਟ 'ਤੇ ਰਾਂਝਾ ਵੀ ਸਵਾਰ ਹੋ ਗਿਆ, ਫੈਸ਼ਨਾ 'ਤੇ ਹੀਰ ਵੀ ਸਵਾਰ ਹੋ ਗਈ, ਬੜੇ ਚਾਵਾਂ ਨਾਲ ਲਾਡੋ ਪਾਲੀ ਮਾਪਿਆ, ਸੁਣਿਆ ਉਹ ਕਿਸੇ ਨਾਲ ਫਰਾਰ ਹੋ ਗਈ, ਮੁੱਕਣ ਤੋਂ ਪਹਿਲਾ ਉਹਨੇ ਮਾਪੇ ਮਾਰਤੇ, ਮੁੱਖ ਨਾ ਦਿਖਾਉਣ ਜੋਗੇ ਰਹੇ ਜੱਗ ਨੂੰ, ਹੋਵੇ ਜੇ ਗਰੀਬੀ ਬੰਦਾ ਕੱਟ ਲੈਂਦਾ ਏ, ਝੱਲਿਆ ਨੀ ਜਾਂਦਾ ਲੱਗੇ ਦਾਗ ਪੱਗ ਨੂੰ। ਬੋਲ ਨੇ ਸ਼ਰੀਕਾਂ ਵਾਲੇ ਸੀਨਾ ਪਾੜਦੇ, ਚੜ੍ਹੀ ਜਾਵੇ ਕੰਬਣੀ ਮਹੀਨੇ ਹਾੜ੍ਹ ਦੇ, ਕਿਸੇ ਨੂੰ ਵੀ ਦੋਸ਼ ਦੇ ਕੇ ਕੀ ਬਣਦਾ, ਆਪਣੇ ਹੀ ਜੰਮੇ ਜਦੋਂ ਚੰਨ ਚਾੜ੍ਹਦੇ, ਕਿਹੋ ਜਿਹੇ ਰਾਹੇ ਪੈ ਗਈਆਂ ਜਵਾਨੀਆਂ, ਪਾਣੀ ਨਾਲੋਂ ਠੰਡੇ ਫੜ੍ਹ ਬਹਿ ਗਏ ਅੱਗ ਨੂੰ, ਕੋਰਟ 'ਤੇ ਕਚਹਿਰੀਆਂ 'ਚ ਮਾਪੇ ਖਿੱਚ ਲਏ, ਰੋਲ ਕੇ ਤੂੰ ਇੱਜ਼ਤਾਂ ਕੀ ਦਿਲ ਜਿੱਤ ਲਏ, ਛਾਤੀਆਂ ਦੇ ਦੁੱਧ ਦਾ ਨਾ ਮੁੱਲ ਮੋੜਿਆ, ਬੁੱਕਲ 'ਚ ਪਾਲੇ ਸੱਪ ਜ਼ਹਿਰੀ ਨਿਕਲੇ, ਪੁੱਤਾਂ ਵਾਂਗੂੰ ਤੇਰੀਆ ਮਨਾਈਆਂ ਲੋਹੜੀਆਂ, ਕਿਹੜੀ ਗੱਲੋਂ ਧੀਏ ਤੂੰ ਭੁਲਾ ਗਈ ਸਭ ਨੂੰ, ਕੱਲਿਆਂ ਨੂੰ ਘਰ ਹੁਣ ਖਾਣ ਆਉਂਦਾ ਏ, ਰੋਦਿਆਂ ਨੂੰ ਕੋਈ ਨਾ ਵਰਾਉਣ ਆਉਂਦਾ ਏ, ਤੋਰ ਤੇ ਤਰੀਕੇ ਨਹੀਂ ਸੀ ਠੀਕ ਕੁੜੀ ਦੇ, ਤੀਰੋਂ ਤਿੱਖੇ ਬੋਲਾਂ ਨੂੰ ਸੁਣਾਉਣ ਆਉਂਦਾ ਏ, ਲਿਖਿਆ ਤੂੰ ਸੱਚ 'ਸ਼ਿਵਗੜ੍ਹ ਸੱਤਿਆ', ਗੀਤ ਰਾਹੀਂ ਦਿੱਤਾ ਏ ਸੰਦੇਸ਼ ਜੱਗ ਨੂੰ,

ਗਿਲੇ ਸ਼ਿਕਵੇ

ਗਿਲੇ ਸ਼ਿਕਵੇ ਸਭ ਮੁਆਫ ਹੋਣਗੇ, ਪਰ ਇੱਕ ਦਿਨ ਤਾਂ ਇਨਸਾਫ਼ ਹੋਣਗੇ। ਚਿੱਟੀ ਚਾਦਰ ਦਾਗ ਬੜੇ ਨੇ, ਦੱਸ ਸੱਜਣਾ ਕਿੰਝ ਸਾਫ ਹੋਣਗੇ। ਬੁੱਤ ਨਾ ਬਣਿਓਂ , ਜੋ ਬੁੱਤ ਹੈ ਦੱਸਦਾ ਦੁਨੀਆਂ ਨੂੰ, ਹਰ ਇੱਕ ਤੋਂ ਨਾ ਐਸੇ ਬੁੱਤ ਤਰਾਸ਼ ਹੋਣਗੇ। ਸੁਕਰਾਤ ਪਿਆਲਾ ਪੀ ਕੇ, ਸੀ ਦੱਸ ਗਿਆ ਦੁਨੀਆਂ ਨੂੰ, ਆਗਿਆਨੀਆਂ ਹੱਥੋਂ ਨਾ ਕਦੇ ਇਨਸਾਫ਼ ਹੋਣਗੇ। ਗੱਲਾਂ ਨਾਲ ਕਦੇ ਵੀ ਇਨਕਲਾਬ ਨਹੀਂ ਆਉਂਦੇ, ਉਹੀ ਜਾਨ ਨਿਛਾਵਰ ਕਰਦੇ ਜੋ ਖੁਦ ਇਨਕਲਾਬ ਹੋਣਗੇ। ਸਵਾਂਤ ਬੂੰਦ ਲਈ ਤੜਫਦਾ ਇੱਕ ਪਪੀਹਾ ਤੱਕਿਆ ਮੈਂ, ਉਂਝ ਦੁਨੀਆ 'ਤੇ ਵੱਗਦੇ ਪਾਣੀ ਘਾਟ-ਘਾਟ ਹੋਣਗੇ। ਅਸਲੀਅਤ ਭੁੱਲ ਬੈਠੀਆਂ ਜੋ, ਕਰਦੀਆਂ ਰੀਸ ਨੇ ਕੌਮਾਂ, ਇਤਿਹਾਸ ਕੀ ਹੈ ਤੁਹਾਡਾ ? ਖੜ੍ਹੇ ਸਵਾਲ ਹੋਣਗੇ। ਦੀਵਾਰ ਸਰਹਿੰਦ ਦੀ ਹੈ ਰੋਂਦੀ, ਤੱਕ ਦੋ ਨਿੱਕੀਆਂ ਜਿੰਦਾਂ ਨੂੰ, ਕੀ ਰੁਤਬਾ ਹੋਊ ਉਹਦਾ, ਜੀਹਦੇ ਇਹ ਲਾਲ ਹੋਣਗੇ। ਤਾਜ ਕੋਈ ਸੁੱਖ ਦਾ ਸਾਧਨ ਨਹੀਂ, ਪੁੱਛ ਕੇ ਵੇਖ ਤਾਜਰਾਂ ਤੋਂ, ਬੰਦਗੀ ਦੇ ਤਾਜ ਨੇ ਵੱਡੇ , ਜੋ ਹਰ ਪਲ ਨਾਲ ਹੋਣਗੇ। ਰੱਬ ਵੇਖਣ ਦੀ ਲੋੜ ਵੀ ਕੀ ਐ, 'ਸੱਤੇ ਸ਼ਿਵਗੜ੍ਹ ਵਾਲਿਆ' ਉਏ, ਰੱਬ ਆਪੇ ਨਜਰੀਂ ਆਊ, ਜਦ ਮਨ ਸਾਫ਼ ਹੋਣਗੇ।

ਜੇ ਮਾਪੇ ਤੀਰਥ ਮੰਨ ਲਈਏ

ਜੇ ਮਾਪੇ ਤੀਰਥ ਮੰਨ ਲਈਏ, ਫਿਰ ਘਰ ਵਿੱਚ ਵਹਿੰਦੀ ਗੰਗਾ ਏ। ਹਰ ਇੱਕ ਵਿੱਚ ਰੱਬੀ ਰੂਹ ਹੁੰਦੀ, ਬੰਦਾ ਚੰਗਾ ਭਾਵੇਂ ਮੰਦਾ ਏ। ਮਾਣ ਨਾਲ ਫੌਜੀ ਦਾ ਸੀਨਾ ਫੁੱਲ ਜਾਂਦਾ, ਜਦ ਜੰਗ ਜਿੱਤ ਕੇ ਦੇਸ ਦਾ ਲਹਿਰਾਉਂਦਾ ਝੰਡਾ ਏ। ਲੱਖ ਖੁਰਾਕਾਂ ਖਾ ਲਏ ਕਦੇ ਝੰਡੀ ਨਹੀਂ ਜਿੱਤਦਾ, ਹੁੰਦਾ ਜੋ ਭਲਵਾਨ ਲੰਗੋਟੇ ਦਾ ਈ ਗੰਦਾ ਏ। ਲਾ ਕੇ ਅੱਗ ਸ਼ਰੀਕਾਂ ਵਿਹੜੇ ਸੱਜਣਾ ਹੱਸਦਾ ਏਂ, ਜਦ ਤੇਰੇ ਘਰ ਵਿੱਚ ਲੱਗਣੀ, ਫਿਰ ਪੈਣਾ ਪੰਗਾ ਏ। ਆਖਣ ਨੂੰ ਤਾਂ ਸੌਖੀ ਬੜੀ ਆਜਾਦੀ ਮਿਲ ਗਈ ਏ, ਵਿਰਲਾ ਹੀ ਕੋਈ ਦੇਸ਼ ਲਈ ਗਲ ਪਾਉਂਦਾ ਫੰਦਾ ਏ। ਕਾਹਦਾ ਮਾਣ ਜਵਾਨੀ ਵਾਲਾ ਸੱਜਣਾ ਕਰਦਾ ਏਂ, ਤੇਰਾ ਉੱਡਣਾ ਭੌਰ ਵਜੂਦੋਂ ਜਿਉਂ ਰੂੰ ਦਾ ਫੰਬਾ ਏ। ਜਿਉਂਦੇ ਜੀ ਹੀ 'ਸੱਤਿਆ' ਮਾਪੇ ਮੁੱਕ ਜਾਂਦੇ, ਜਦ ਪਿਉ ਪੁੱਤ ਦੀ ਅਰਥੀ ਨੂੰ ਲਾਉਂਦਾ ਕੰਧਾ ਏ। ਪੰਜ ਕਕਾਰ ਨੇ ਬਖ਼ਸੇ ਸਾਨੂੰ ਸਾਹਿਬ ਨੇ, ਕੇਸ, ਕੜਾ, ਕਿਰਪਾਨ, ਕਛਹਿਰਾ, ਪੰਜਵਾਂ ਕੰਘਾ ਏ।

ਲਾਲ ਗੁਰੂ ਗੋਬਿੰਦ ਦੇ

ਠਾਠਾ ਮਾਰੇ ਸਰਸਾ ਦਾ ਪਾਣੀ, ਪਿਆ ਪਰਿਵਾਰ ਵਿਛੋੜਾ, ਕਿਉਂ ਤੂੰ ਗੰਗੂਆ ਦਗਾ ਕਮਾਇਆ, ਕਿਸ ਗੱਲ ਦਾ ਸੀ ਤੋੜਾ, ਸੂਬੇ ਤੀਕ ਜਾ ਖਬਰ ਪੁਚਾਈ, ਨਾ ਲਾਇਆ ਤੂੰ ਬਿੰਦ ਵੇ.... ਨੀਂਹਾ ਵਿੱਚ ਖਲੋ ਗਏ, ਲਾਲ ਗੁਰੂ ਗੋਬਿੰਦ ਦੇ। ਠੰਢੇ ਬੁਰਜ਼ ਦੀਆ ਠੰਢੀਆ ਕੰਧਾ, ਧੁਰ ਅੰਦਰ ਤੱਕ ਠਾਰਦੀਆਂ, ਦਾਦੀ ਮਾਂ ਦੀ ਗੋਦੀ ਦਾ ਨਿੱਘ, ਦੋ ਨਿੱਕੀਆ ਜ਼ਿੰਦਾ ਮਾਣਦੀਆਂ, ਮੋਤੀ ਮਹਿਰਾ ਦੁੱਧ ਪਿਆਉਂਦਾ, ਹੋ ਬੇਪਰਵਾਹ ਜ਼ਿੰਦ ਦੇ.... ਨਵਾਬ ਕੋਟਲਾ ਵਿੱਚ ਕਚਹਿਰੀ, ਹਾ ਦਾ ਨਾਹਰਾ ਮਾਰੇ, ਰਹੇ ਜੁਲਮ ਕਮਾਉਦੇ ਪਾਪੀ, ਯੋਧੇ ਪਰ ਨਾ ਹਾਰੇ, ਜਿਊਂਦੇ ਜੀਅ ਇਹਨਾਂ ਈਨ ਨਾ ਮੰਨਣੀ, ਇਹ ਪੋਤੇ ਚਾਦਰ ਹਿੰਦ ਦੇ....... ਅੰਬਰ ਬਰਸੇ, ਬਿਜਲੀ ਲਿਸ਼ਕੇ, ਪਿਆ ਸੋਚੀ ਆਲਮ ਸਾਰਾ, ਰੱਬੀ ਰੂਹਾ ਰੱਬ ਨਾਲ ਮਿਲੀਆਂ, ਤੇਰਾ ਰੰਗ ਨਿਆਰਾ, ਟੋਡਰ ਮੱਲ ਨੇ ਜਗਾ ਖਰੀਦੀ, 'ਸੱਤੇ' ਵਿੱਚ ਸਰਹਿੰਦ ਦੇ....

ਤੀਜੀ ਅੱਖ

ਤੇਰੀ ਤੀਜੀ ਅੱਖ ਵਿੱਚ ਕੈਦ ਪਿਆ, ਜੋ ਖਜਾਨਾ ਦੱਸੀ ਦਾ। ਵੇਖ-ਵੇਖ ਕੇ ਲੀਲਾ ਕੁਦਰਤ ਦੀ, ਨਾਲੇ ਰੋਈ ਜਾ ਨਾਲੇ ਹੱਸੀ ਜਾ। ਪੱਥਰ ਨੂੰ ਚੱਟ ਕੇ ਮੁੜਦੀ ਏ, ਕਦੇ ਮਨ ਨਹੀਂ ਟਿਕਦਾ ਮੱਛੀ ਦਾ। ਸੌ ਵਾਰੀ ਭਾਵੇ ਜਲ ਜਾਵੇ, ਕਦੇ ਵਟ ਨਹੀਂ ਜਾਦਾਂ ਰੱਸੀ ਦਾ। ਚਾਦਰ ਦੇਖ ਕੇ ਸਦਾ ਪੈਰ ਪਸਾਰੀ ਤੂੰ, ਔਕਾਤ ਤੋਂ ਵੱਧਕੇ ਕਰਜ਼ਾ ਨਹੀਓ ਚੱਕੀਦਾ। ਚੰਗੇ ਕਰਮ ਕਮਾਈ ਬਹੁਤਾ ਸੋਚੀ ਨਾ, ਜਖ਼ਮ 'ਤੇ ਬਹਿਣਾ, ਹੀ ਹੁੰਦਾ ਕੰਮ ਮੱਖੀ ਦਾ। ਮਰਨਾ ਸੱਚ, ਜਿਊਣਾ ਝੂਠ, ਮੈਂ ਸੁਣਿਆ ਲੋਕਾ ਤੋਂ, ਹਊਮੇ,ਬਦੀਆ,ਸੰਗ ਰਲ,ਨਹੀਂ ਬਹੁਤਾ ਟੱਪੀ ਦਾ। ਉੱਚੀਆ ਬਹੁਤ ਪੜ੍ਹਾਈਆ,ਦੁਨੀਆ ਬਹੁਤ ਪਰੇ, ਪਰ ਭੁੱਲਦਾ ਨਹੀਓ ਆੜੀ ਪਹਿਲੀ ਕੱਚੀ ਦਾ। ਦਾਨ ਕਰਨ ਜੋ ਹੱਥ ਵੀ ਸੋਹਣੇ ਲੱਗਦੇ ਨੇ, ਕਰਕੇ ਦਾਨ ਲੋਕਾ ਨੂੰ ਨਹੀਂ ਦੱਸੀਦਾ। ਵੇਦ, ਗ੍ਰੰਥ ਸਭ ਗੁਰੂ ਦੀ ਮਹਿਮਾ ਦੱਸਦੇ ਨੇ, ਗੁਰੂ ਕੱਟਦੂ ਤੇਰਾ ਗੇੜ, ਚਾਰ 'ਤੇ ਅੱਸੀ ਦਾ। ਨਿਰੀਆਂ ਨਹੀਂ ਲਕੀਰਾ ਹੁੰਦੀ ਮਿਹਨਤ ਵੀ, ਬਹੁਤਾ ਪਾਧਿਆ ਅੱਗੇ ਹੱਥ ਨਹੀਂ ਰੱਖੀਦਾ। ਪਿੱਠ ਪਿੱਛੇ ਖੰਜਰ ਵੀ ਨੇ ਲੋਕੀ ਮਾਰ ਜਾਂਦੇ, ਬਹੁਤਾ ਮਾਣ ਕਰੀ ਨਾ ਪਾਈ ਜੱਫੀ ਦਾ। ਕੀ ਚਰਖੇ ਨੇ ਕੱਤਣਾ ਮਾਲ੍ਹਾਂ ਬਾਲ੍ਹੀਆ ਖਾਵੇ ਜੋ, ਉਸ ਚਰਖੇ 'ਤੇ ਬਹੁਤਾ ਨਹੀਓ ਕੱਤੀ ਦਾ। ਸੱਥਰ ਵਿਛਿਆ, ਸੋਚ ਸਮਝ ਕੇ ਬੋਲੀ ਤੂੰ, ਖਿੜ-ਖਿੜ ਕਰਕੇ ਉੱਥੇ ਨਹੀਂਓ ਹੱਸੀ ਦਾ। ਰਾਗਾ ਵਿੱਚੋ ਨਿਕਲਦੀਆ ਕਈ ਰਾਗਣੀਆ, ਸੰਗੀਤ ਗੁਰਮਤਿ, ਮਸਲਾ ਸਾਰਾ 31 (ਇੱਕਤੀ) ਦਾ। ਨਾਨਕ ਵਾਂਗੂੰ ਸੱਚਾ ਸੌਦਾ ਕਰ ਤਾਂ ਸਹੀ, ਫਿੱਕਾ ਪੈਜੂ ਰੁਤਬਾ(ਧੰਦਾ),ਝੂਠ ਦੀ ਹੱਟੀ ਦਾ। ਇਲਮਾ ਵਾਲਿਓ, ਸੱਚਾ ਇਲਮ ਕਮਾਇਓ ਉਏ, ਭੋਲੇ-ਭਾਲੇ ਲੋਕਾ ਨੂੰ, ਨਹੀਂ ਲੁੱਟੀ ਦਾ। ਲੋਕ ਕਹਿਣਗੇ ਕਮਲੀ, ਸੁਣ ਲਈ ਚੁੱਪ ਕਰਕੇ, ਪੈਰੀ ਬੰਨ ਕੇ ਘੁੰਗਰੂ, ਜਦ ਵੀ ਨੱਚੀ ਦਾ। ਮੁਕਤ ਹੈ ਕਰਦੀ ਬਾਣੀ ਸੱਚੇ ਗੁਰੂਆ ਦੀ, ਪਹਾੜਿਆ ਵਾਂਗੂੰ ਇਸਨੂੰ ਨਹੀਓ ਰੱਟੀ ਦਾ। ਯੁੱਗ ਮਸ਼ੀਨੀ ਦੱਸੋ ਹੁਣ ਕਿਥੋਂ ਲੱਭਾਗੇ ? ਕਲਮ, ਸਿਆਹੀ 'ਤੇ 'ਓ' ਲਿਖਿਆ ਫੱਟੀ ਦਾ। ਵੱਡੀ ਬੇਬੇ ਵਿਰਸਾ ਨਾਲ ਲਿਆਈ ਸੀ, ਖੇਸਾ ਦਾ ਜੋੜਾ, ਇੱਕ ਨਗ ਸੀ ਪੱਖੀ ਦਾ। ਪਤਾ ਹੋਵੇ ਜਦੋਂ ਇਹ ਤੇਰਾ ਘਰ ਪੱਟਦੂ, ਨਸ਼ਿਆ ਵਰਗੇ ਜ਼ਹਿਰ ਨੂੰ ਨਹੀਓ ਚੱਖੀ ਦਾ। ਆਪਣੀ ਅੜੀ 'ਤੇ ਆਇਆ ਮਿਰਜਾ ਤਾਂ ਮਰਿਆ, ਕਸੂਰ ਕੋਈ ਨੀ ਜੰਡ, ਤੀਰ 'ਤੇ ਬੱਕੀ ਦਾ। ਮਾਂ-ਬਾਪ ਨੇ ਤੀਰਥ, ਹੁੰਦੇ ਦਰਪਣ ਵੀ, ਇਹਨਾ ਕੋਲੋ ਪਰਦਾ ਨਹੀਓ ਰੱਖੀ ਦਾ। ਅੰਤਾ ਨੂੰ ਨਿਰਾਸ਼ਾ ਹੀ ਪੱਲੇ ਪੈਂਦੀ ਏ, ਕੁਝ ਨਹੀਂ ਬਣਦਾ ਹੁੰਦਾ ਬਹੁਤੇ ਸ਼ੱਕੀ ਦਾ। ਅੰਦਰੋ ਜਿੰਨਾ ਖਾਲੀ, ਉਨਾ ਛੇਤੀ ਭਰਜੇਗਾ, ਕੂੜ ਵਿਚਾਰਾ ਨਾਲ ਨਹੀਂ ਮਨ ਨੂੰ ਡੱਕੀ ਦਾ। ਸੌਖੀ ਨਹੀਓ ਮਿਲਦੀ ਹੁੰਦੀ ਮੰਜ਼ਿਲ ਰਾਹੀਆ ਨੂੰ, ਜੇ ਹੈ ਰਾਹਾ ਵਿੱਚ ਮੁਸਕਿਲ ਨਹੀਓ ਥੱਕੀ ਦਾ। ਹਾਲਾਤ ਵੇਖ ਕੇ 'ਸ਼ਿਵਗੜ੍ਹ ਸੱਤਿਆ' ਮਾੜੇ ਦੇ, ਕਦੇ ਵੀ ਨਹੀਓ ਉਸਦੇ ਉੱਪਰ ਹੱਸੀ ਦਾ। ਰੱਬ ਸਭਨਾ ਨੂੰ ਇੱਕੋ ਤੱਕੜੀ ਵਿੱਚ ਤੋਲਦਾ ਏ, ਫਰਕ ਨਹੀਂ ਪੈਂਦਾ ਮਾਸਾ, ਤੋਲਾ, ਰੱਤੀ ਦਾ।

ਬਾਪੂ ਤੇਰੇ ਮਹਿਲਾਂ 'ਚੋਂ

ਗੁੱਡੀਆਂ ਪਟੋਲਿਆਂ ਨੇ ਸ਼ੋਰ ਬੜਾ ਪਾਇਆ ਸੀ, ਨਿੱਕੇ-ਨਿੱਕੇ ਹੱਥਾਂ ਵਾਲਾ ਚੇਤਾ ਜਦੋਂ ਆਇਆ ਸੀ, ਕਰ-ਕਰ ਚੇਤੇ ਅਸੀ ਮਣਾਂ ਮੂੰਹੀਂ ਰੋਏ ਆਂ.... ਬਾਪੂ ਤੇਰੇ ਮਹਿਲਾਂ 'ਚੋਂ ਪਰਾਏ ਅਸੀਂ ਹੋਏ ਆਂ। ਸਖ਼ੀਆਂ ਉਦਾਸ ਹੋਈਆਂ ਬੜਾ ਕੁਮਲਾਈਆਂ ਸੀ, ਡੋਲੀ ਨੂੰ ਕਰਨ ਵਿਦਾ ਜਦੋਂ ਮਿਲ ਆਈਆਂ ਸੀ, ਹੰਝੂਆ ਦੇ ਹਾਰ ਅਸਾਂ ਗਲਾ 'ਚ ਪਰੋਏ ਆ। ਝੱਲਾ ਦਿਲ ਬੜਾ ਉਦੋਂ ਰੋਇਆ ਕੁਰਲਾਇਆ ਸੀ, ਆਪਣੇ ਹੀ ਹੱਥੀਂ ਜਦੋਂ ਡੋਲੀ ਵਿੱਚ ਪਾਇਆ ਸੀ, ਸਭ ਕੁਝ ਜਾਣਦਿਆਂ ਤਾਂ ਵੀ ਅੱਜ ਮੋਏ ਆਂ। ਬਾਬਲ ਦੇ ਮਹਿਲ ਵੀ ਵਿਰਾਨ ਜਿਹੇ ਹੋ ਗਏ, ਖੁਸ਼ੀਆਂ 'ਤੇ ਖੇੜੇ ਸਭ ਦੂਰ ਕਿਤੇ ਸੌਂ ਗਏ, ਬਿਰਹਾ ਦੇ ਸਾਜ਼ ਅਸਾਂ ਚੁੱਪ ਨਾਲ ਛੋਹੇ ਆ। 'ਸੱਤੇ' ਕੌਣ ਸਮਝਾਵੇ ਅੱਜ ਵੀਰਾਂ ਭਰਜਾਈਆਂ ਨੂੰ, ਇੱਕ ਕੁੱਖੋਂ ਜੰਮੇ 'ਤੇ ਬੇਗਾਨੇ ਘਰੋਂ ਆਈਆਂ ਨੂੰ, ਤੈਨੂੰ ਛੱਡ ਕੇ ਇਕੱਲਾ ਤੁਰ ਪਏ ਲੋਏ-ਲੋਏ ਆਂ। ਬਾਪੂ ਤੇਰੇ ਮਹਿਲਾਂ 'ਚੋਂ ਪਰਾਏ ਅਸੀਂ ਹੋਏ ਆਂ।

ਉੱਪਰੋਂ-ਉੱਪਰੋਂ

ਉੱਪਰੋਂ-ਉੱਪਰੋਂ ਰਿਸ਼ਤੇ ਜੋੜੀ ਬੈਠੇ ਨੇ, ਅੰਦਰੋਂ-ਅੰਦਰੀ ਰਿਸ਼ਤੇ ਤੋੜੀ ਬੈਠੇ ਨੇ। ਆਪਣੇ ਕਿੱਥੇ ਵੱਸਦੇ, ਇਹ ਕੋਈ ਖ਼ਬਰ ਨਹੀਂ, ਗੈਰਾਂ ਦੇ ਵੱਲ, ਮੂੰਹ ਜਿਹਾ ਮੋੜੀ ਬੈਠੇ ਨੇ। ਸਾਦਗੀਆਂ ਨੂੰ ਮੂੰਹ, ਹੁਣ ਕਿੱਥੇ ਲਾਉਂਦੇ ਨੇ, ਬੇਸ਼ਰਮੀ ਦੀ, ਚਾਦਰ ਓੜ੍ਹੀ ਬੈਠੇ ਨੇ। ਲਾਲਚ ਨਹੀਂਓਂ ਕਹਿੰਦੇ, ਸਾਨੂੰ ਜਿਸਮਾ ਦਾ, 'ਸੱਤੇ' ਰੂਹ ਦੇ ਨਾਲੋਂ, ਨਾਤੇ ਤੋੜੀ ਬੈਠੇ ਨੇ। ਪੰਜ ਪੀੜ੍ਹੀਆਂ, ਸੱਤ ਪੁਸ਼ਤਾਂ, ਬਹਿ ਕੇ ਖਾਣਗੀਆਂ, ਬਸ ਇੰਨੀ-ਕੁ ਮਾਇਆ, ਜੋੜੀ ਬੈਠੇ ਨੇ। ਕਾਤਿਲ ਵੀ ਨੇ, ਸਾਥੋਂ ਸਾਬਿਤ ਨਹੀਂ ਹੁੰਦਾ, ਕੁੱਤੀ ਚੋਰਾਂ ਵੱਲ ਵੀ, ਮੋੜੀ ਬੈਠੇ ਨੇ। ਸੱਚ ਨੂੰ ਮੇਟਣ ਦੀ, ਕੋਸਿਸ਼ ਵਿੱਚ ਲੱਗੇ ਨੇ, ਸਬੂਤ ਸਾਰੇ ਪਾਣੀ ਵਿੱਚ, ਰੋੜ੍ਹੀ ਬੈਠੇ ਨੇ।

ਕੀ ਲੈਣਾ?

ਡਰ ਕੇ, ਡਰਾ ਕੇ , ਕਿਸੇ ਨੂੰ ਰੁਸਾ ਕੇ , ਕੀ ਲੈਣਾ ? ਫ਼ਕੀਰਾ ਤੂੰ ਆਪਣੀ, ਫ਼ਕੀਰੀ 'ਚ ਕੱਚੈਂ, ਭਸ਼ਮਾ ਲਗਾ ਕੇ, ਧੂਣੇ ਧੁਖਾ ਕੇ, ਕੀ ਲੈਣਾ ? ਮੈਂ ਜਿੱਦਾਂ ਦਾ ਵੀ ਹਾਂ, ਕਬੂਲ ਕਰੀਂ ਮੈਨੂੰ, ਝੂਠੇ ਸੁਪਨੇ ਦਿਖਾ ਕੇ, ਤੈਨੂੰ ਭਰਮਾ ਕੇ, ਕੀ ਲੈਣਾ ? ਤੂੰ ਹੱਥ ਜਦੋਂ ਛੱਡਣਾ, ਮੈਂ ਆਪੇ ਮਰ ਜਾਣਾ, ਜ਼ਹਿਰਾ ਖਵਾ ਕੇ, ਇੰਨਾ ਤੜਫ਼ਾ ਕੇ, ਕੀ ਲੈਣਾ ? ਟਕੋਰ ਕਿੰਝ ਕਰਾਂ, ਦੱਸ ਬਿਰਹਾਂ ਦੇ ਉੱਤੇ, ਕੋਈ ਵੈਦ ਬੁਲਾ ਕੇ, ਨੁਸਖ਼ਾ ਲਿਖਾ ਕੇ, ਕੀ ਲੈਣਾ ? ਰੂਹਾਂ ਦੇ ਪੈਂਡੇ ਤਾਂ, ਰੂਹਾਂ 'ਤੇ ਮੁੱਕਦੇ, ਜਿਸਮ ਮਿਲਾ ਕੇ, ਅੱਗ ਸੁਲਗਾ ਕੇ, ਕੀ ਲੈਣਾ ? ਹਸਰਤ ਏ ਇੰਨੀ, ਕਿ ਤੈਨੂੰ ਹੱਸਦੀ ਨੂੰ ਵੇਖਾਂ, ਦਰਦ ਛੁਪਾ ਕੇ, ਪਿਆਰ ਲੁਕਾ ਕੇ, ਕੀ ਲੈਣਾ ? ਕੰਠ 'ਚ ਵੱਸਦੀ ਨਾ, ਹਾਲੇ ਤਰੰਨਮ, ਅੱਧੇ ਸੁਰ ਲਾ ਕੇ, ਝੂਠੀ ਵਾਹ-ਵਾਹ ਕਮਾ ਕੇ, ਕੀ ਲੈਣਾ ? 'ਸੱਤੇ' ਮੁਹੱਬਤ ਦੀ, ਖ਼ਾਕ ਹੈ ਹਸਤੀ, ਤਖ਼ਤ ਬਿਠਾ ਕੇ, ਹਉਮੈ ਦਿਖਾ ਕੇ, ਕੀ ਲੈਣਾ ? ਮਨ ਨਹੀਂਓਂ ਟਿਕਿਆ, ਮਣਕੇ ਵੀ ਗਿਣ ਲਏ, ਤਸਬੀ ਘੁਮਾ ਕੇ, ਧਾਗੇ ਘਸਾ ਕੇ, ਕੀ ਲੈਣਾ ?

ਚਰਚੈ

ਧੁੱਪਾਂ ਜੋ ਖਾ ਗਈ, ਉਨ੍ਹਾ ਛਾਂਵਾਂ ਦਾ ਚਰਚੈ, ਜੋ ਹੋਈਆਂ ਨੀ ਹਾਲੇ, ਵਫ਼ਾਵਾਂ ਦਾ ਚਰਚੈ। ਕੁੱਖਾਂ 'ਚ ਜੰਮੀਆਂ 'ਤੇ ਕੁੱਖਾਂ 'ਚ ਮਰੀਆਂ, ਉਨ੍ਹਾ ਧੀਆਂ ਦਾ ਚਰਚੈ, ਉਨ੍ਹਾ ਮਾਂਵਾਂ ਦਾ ਚਰਚੈ। ਕਿਉਂ ਹੀਰਾਂ ਦੇ ਹਿੱਸੇ, ਹਜ਼ਾਰੇ ਨੀ ਆਏ, ਖੇੜੇ ਨੂੰ ਜਾਂਦੇ, ਰਾਵ੍ਹਾਂ ਦਾ ਚਰਚੈ। ਸੁਹੱਪਣ 'ਤੇ ਨਜ਼ਰ ਨਾ, ਉਹਨਾਂ ਦੀ ਟਿਕਦੀ, ਕਿਸੇ ਕੰਜਰੀ ਦੇ ਠੁਮਕੇ, ਆਦਾਵਾਂ ਦਾ ਚਰਚੈ। ਕਿਉਂ ਰੇਤੇ 'ਚ ਭੱਖੜੇ, ਸੁੱਤੇ ਪਏ ਨੇ, ਜਾ ਚੁੱਭਦੇ ਨੇ ਪੈਰੀ, ਆਹਾਂ ਦਾ ਚਰਚੈ। ਇਹ ਕੁਦਰਤ ਹੈ ਚੰਗੀ, ਇਹਨੇ ਚੰਗੀ ਹੀ ਰਹਿਣਾ, ਕਿਉਂ ਹੋਈਆ ਨੇ ਜ਼ਹਿਰੀ, ਹਵਾਵਾਂ ਦਾ ਚਰਚੈ। ਕਤਲ ਸੀ ਹੋਏ, ਨਜ਼ਰਾਂ ਤੋਂ ਕਿੰਨੇ, ਨਾ ਹੁਸਨਾ ਨੂੰ ਮਿਲੀਆਂ, ਸਜਾਵਾਂ ਦਾ ਚਰਚੈ। ਹੈ ਤੇਰੇ 'ਤੇ ਵਰ੍ਹਦੀ, ਸੁੱਖਾਂ ਦੀ ਬੱਦਲੀ, ਕਿਉਂ ਮੇਰੇ 'ਤੇ ਚੜ੍ਹੀਆਂ, ਘਟਾਵਾਂ ਦਾ ਚਰਚੈ। ਉਹ ਮਾਣ ਰਹੇ ਨੇ, ਬਹਾਰਾਂ ਦੇ ਮੌਸਮ, ਮੇਰੇ ਹਿੱਸੇ ਆਈਆਂ, ਖ਼ਿਜ਼ਾਵਾ ਦਾ ਚਰਚੈ। 'ਸੱਤੇ' ਜੋ ਕੀਤੀ, ਸੀ ਗਲਤੀ ਮੁਹੱਬਤ, ਗਮ, ਗਮਖ਼ਾਰਾਂ, ਖ਼ਤਾਵਾਂ ਦਾ ਚਰਚੈ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ