Punjabi Poetry : Satnam Sadiq
ਪੰਜਾਬੀ ਕਵਿਤਾਵਾਂ : ਸਤਨਾਮ ਸਾਦਿਕ
ਇਲਜ਼ਾਮ
ਜ਼ਿੰਦਗੀ ਜਿਉਣ ਦਾ
ਆਜ਼ਾਦੀ ਮਾਣਨ ਦਾ
ਮੇਰੇ ਸਿਰ ਇਲਜ਼ਾਮ ਹੈ
ਹਰ ਵਾਰ ਮੁੱਕ ਜਾਂਦਾ ਹੈ ਵਰਕਾ
ਉਸ ਭਾਸ਼ਣ ਡਾਇਰੀ ਦਾ
ਜਦੋਂ ਮੇਰਾ ਜਿਕਰ ਹੋਣਾ ਹੁੰਦਾ ਹੈ
ਭੇੜ ਦਿੱਤੇ ਜਾਂਦੇ ਨੇ
ਮੈਨੂੰ ਦੇਖ ਕੇ
ਸਰਕਾਰੀ ਸੰਸਥਾਵਾਂ ਦੇ
ਬੇ ਢੰਗੇ ਜੇ ਪੈਸੇ ਮੰਗਦੇ ਗੇਟ
ਮੈਨੂੰ ਪਚੀੜਣ ਦੀ ਕੋਸ਼ਿਸ਼ ਹੈ
ਵਰਗਲਾ ਕੇ
ਉਸ ਤਾਨਾਸ਼ਾਹੀ ਵੇਲਣੇ ਦੀ
ਜੋ ਕਿ ਰੋਟੀਆਂ ਦੀ ਥਾਂਵੇਂ ਵੋਟਾਂ ਵੇਲਦਾ ਹੈ
ਮੈ ਜਦ ਕਦੇ ਵੀ ਸਾਈਕਲ ਤੇ ਸਫ਼ਰ ਕੀਤਾ
ਹੈਂਡਲ ਨਾਲ ਟੰਗਿਆ ਝੋਲ਼ਾ
ਸਾਰੇ ਰਾਹ ਮੈਨੂੰ ਮਿਹਣੇ ਮਾਰਦਾ ਰਿਹਾ
ਕੱਢ ਦਿਤਾ ਗਿਆ ਮੈਨੂੰ ਉਸ ਖਾਣੇ ਪਾਣੀ ਚੋਂ ਇਹ ਕਹਿ ਕੇ
ਕਿ ਦਾਣੇ ਦਾਣੇ ਤੇ ਖਾਣ ਵਾਲੇ ਦਾ ਨਾਮ ਐ
ਕਰ ਲਏ ਮੇਰੇ ਚੋਰੀ ਸੁਫ਼ਨੇ
ਇਸ ਆਸ ਨੇ
ਜੋ ਕਹਿੰਦੀ ਰਹੀ
ਇਹ ਤੇਰੇ ਹਾਣ ਦੇ ਨਹੀਂ ਹਨ
ਮੈਂ ਉੱਲੀ ਲੱਗੀ ਰੋਟੀ ਤੱਕੀ ਹੈ
ਆਪਣੇ ਘਰ ਵਿਚਲੇ ਛਿੱਕੂ ਦੇ ਅੰਦਰ
ਮਾਂ ਕਹਿੰਦੀ ਸੀ ਚੂਰੀ ਚੋਰ ਹੈਂ ਤੂੰ
ਕਹਿੰਦੀ ਸੀ ਭੈਣ ਤੇਰੀ ਭੁਖੀ ਹੈ
ਮੈਂ ਗਿਆ ਸਾਂ ਉਹਦੇ ਲਈ ਕੁਝ ਖਰੀਦਣ
ਪਰ ਥੋਨੂੰ ਪਤਾ
ਮੈਂ ਆਵਦਾ ਆਪ ਵੇਚ ਕੇ ਨਗਨ ਮੁੜਿਆ
ਸਮਝੌਤੇ ਹਰ ਥਾਂ ਮੇਰੇ ਨਾਲ ਹੱਥ ਮਿਲਾਉਂਦੇ ਰਹੇ
ਮੇਰੇ ਚਿਹਰੇ ਦੀ ਮੁਸਕਰਾਹਟ
ਮੇਰੇ ਹੱਥਾਂ ਨੂੰ ਵੇਖ ਕੇ ਪੀਲ਼ੀ ਹੋ ਜਾਂਦੀ ਹੈ
ਅੱਖਾਂ ਪਿਚਕ ਗਈਆਂ ਮੇਰੀਆਂ
ਬੰਜਰ ਬਣ ਗਿਆ
ਮੇਰੀਆਂ ਅੱਖਾਂ ਵਿਚਲਾ ਮਾਂ ਦਾ ਬਾਗ
ਉੱਚੇ ਪੁਲ ਬਣਾ ਦਿੱਤੇ ਗਏ
ਤਾਂ ਜੋ ਮੈਂ ਹੰਭ ਹੰਭ
ਉਨ੍ਹਾਂ ਤੀਕ ਪਹੁੰਚਾਂ
ਤੇ ਉਹ ਮੈਨੂੰ ਦਿਖਾਵੇ ਦੀ ਸ਼ੈਅ ਬਣਾ ਰਹੇ ਹਨ
ਮੈਂ ਉਹਨਾਂ ਦੇ ਦੇਸ਼ ਤੋਂ ਸਿਰਫ਼ ਏਸੇ ਕਾਰਨ ਬੇਦਖ਼ਲ ਹਾਂ
ਕਿਉਂਕਿ
ਮੇਰੇ ਸਿਰ ਇਲਜ਼ਾਮ ਹੈ
ਜਿੰਦਗੀ ਜਿਉਣ ਦਾ
ਆਜ਼ਾਦੀ ਮਾਨਣ ਦਾ
ਮੈਂ ਪੰਜਾਬ
ਮੇਰੇ ਅੰਦਰ ਪਿਆ ਖਿਲਾਰਾ
ਕਿਵੇਂ ਸੰਵਾਰਾ???
ਲੋਕੀ ਕਹਿਣ ਮੈਨੂੰ
ਹਾਂ ਮੈਂ ਪੰਜਾਬ ਅਵਾਰਾ
ਮੇਰੇ ਕੰਨ ਅੱਖਾਂ ਜੀਭਾਂ ਖਾ ਗਈਆਂ
ਇਹ ਆਦਮਖੋਰ ਸਰਕਾਰਾਂ
ਮੈਥੋ ਰੱਬ ਨੇ ਕੀ ਲੈਣੇ ਛਿੱਕਲੇ
ਮੇਰੇ ਪਾਲਕ ਵਿਨਾਸ਼ਕ ਨਿਕਲੇ
ਮੇਰੇ ਅੰਦਰ ਹੁਣ ਗੂੰਜਦੀਆਂ
ਨਿੱਤ ਘਰ ਘਰ ਹਾਹਂਕਾਰਾਂ
ਮੇਰੀ ਮਿੱਟੀ ਦੇ ਵਿੱਚ ਜ਼ਹਿਰਾਂ
ਪਾਣੀ ਤੇ ਲਾਸ਼ਾਂ ਦਾ ਪਹਿਰਾ
ਸਾਹ ਤਰਸੇ ਦਰੱਖਤਾਂ ਤਾਂਈ
ਪਈਆਂ ਸਖਤ ਮੈਨੂੰ ਮਾਰਾਂ
ਮੇਰੀ ਹਿੱਕ ਤੇ ਕੈਂਸਰ ਹੋਇਆ
ਖਜਾਨਚੀ ਫਾਇਨੈਂਸਰ ਹੋਇਆ
ਮੇਰੇ ਮਜ਼ਦੂਰ ਮਰਦੇ ਭੁੱਖੇ
ਲਵੇਂ ਕੌਣ ਮੈਂਡੀਆਂ ਸਾਰਾਂ ।
ਮੈਨੂੰ ਕੀਤਾ ਮਨਮੁੱਖ ਧਰਮਾਂ
ਪਾ ਕੇ ਪਾੜੇ ਨਾ ਕਰਦੇ ਸ਼ਰਮਾਂ
ਵੱਖੋਂ ਵੱਖਰੇ ਲੈਬਲ ਲਾ ਤੇ
ਤੂੰ ਦੀਨਾਂ ਮੈਂ ਸਰਦਾਰਾ ।
ਬੇਰੰਗ
ਹੋਲੀ ਮੁਬਾਰਕ ਹੋਲੀ ਮੁਬਾਰਕ
ਸੁਣਦਿਆਂ ਮੇਰੇ ਕੰਨ ਪੱਕ ਗਏ ਹਨ
ਦੱਸੋਂ ਤਾ ਸਹੀ ਰੰਗੀਨੀ ਬਚੀ ਕਿੱਥੇ ਏ
ਮੈਂ ਵੀ ਤਾਂ ਵੇਖਾਂ!
ਸਰੂੰਆਂ ਦੇ ਰੰਗ ਕਦੋਂ ਫੱਬੇ ਹਨ
ਪੀਲੀਆਂ ਸਰਕਾਰਾਂ ਨੂੰ
ਕਣਕਾਂ ਕਿਓਂ ਸੁਨਹਿਰੀ ਹੌਣੋ ਡਰਦੀਆ ਹਨ
ਥੋਨੂੰ ਪਤਾ ਵੀ ਹੈ?
ਕਿਉਂ ਕਿਸੇ ਫਸਲ ਦਾ ਨਾੜ ਬਣ ਜਾਂਦਾ ਹੈ ਫੰਦਾ
ਤੇ ਕਰ ਦਿੰਦਾ ਹੈ ਗਿੱਠ ਉੱਚੀ ਧੌਣ
ਕਿਸੇ ਧਰਤੀ ਰੰਗਣ ਵਾਲੇ
ਹਰਿਆਵਲ ਸਿਓ ਕਿਸਾਨ ਦੀ।
ਹਰ ਵਾਰੀ ਕਿਉਂ ਉਸ ਬੱਠਲ ਨੂੰ
ਤਾਜ ਕਹਿ ਦਿੱਤਾ ਜਾਂਦਾ ਹੈ?
ਜਿਸਨੇ ਫੇਹ ਦਿੱਤਾ ਹੈ
ਇਕ ਰੋੜੀ ਵੰਨੇ ਮਜਦੂਰ ਦਾ ਸਿਰ,
ਪਤਾ ਥੋਨੂੰ
ਸਹਿਜੇ ਸਹਿਜੇ ਖਾ ਗਈਆਂ ਹਨ ਨਜਰਾਂ
ਸਾਡੇ ਪਿੰਡਾਂ ਚ ਪਲਦੀ ਉਸ ਮੁਟਿਆਰ ਨੂੰ
ਜਿਸਨੇ ਗਰੀਬੀ ਓੜ ਕੇ ਰੱਖੀ
ਹਮੇਸ਼ਾ ਆਪਣੀ ਕਿਸਮਤ ਵੰਨੇ
ਕਾਲੇ ਸੁਰਖ
ਥਾਂ ਥਾਂ ਤੋਂ ਫਟੈ ਦੁਪੱਟੇ ਨਾਲ
ਸਾਨੂੰ ਮਾਰ ਗਿਆ
ਉਨਾਂ ਦਾ ਚਿੱਟਾ ਜਾ ਬਾਣਾ
ਜਿਸ ਵਿੱਚੋਂ ਅਸੀਂ ਆਪਣੀ ਜਿੰਦਗੀ ਦੇ
ਰੰਗ ਨਿਹਾਰਦੇ ਰਹੇ।
ਧਿਆਨ ਨਾਲ ਦੇਖੋ
ਸਾਡੀ ਕਿਰਤ ਦੀਆਂ ਅੱਖਾਂ ਚ ਵਸਦੇ ਭੱਦੇ ਭਵਿੱਖ ਨੂੰ
ਜਿਸਦੇ ਰੰਗ ਸੁਕਾ ਦਿਤੇ ਗਏ
ਏਨਾਂ ਹੁਕਮਰਾਨਾਂ ਕਾਲੇ ਗੋਰੇ ਦਾਗਾਂ ਨੇ
ਤੁਸੀਂ ਰੰਗਾਂ ਨਾਲ ਖੇਡਦੇ ਰਹੋ
ਤੇ ਮਨਾਓਦੇ ਰਹੋ ਜਸ਼ਨ
ਫਿਟ ਚੁਕੀਆਂ ਸੱਧਰਾਂ ਦਾ
ਗਾਓਦੇ ਰਹੋ ਅਜਾਦੀ ਦੇ ਬੇ ਰੰਗੇ ਗੀਤ
ਮਲਦੇ ਰਹੋ ਪੀਲੇ ਪੈ ਚੁੱਕੇ ਚੇਹਰਿਆਂ ਤੇ ਗੁਲਾਲੀ
ਨਾਲੇ
ਵਜਾਓਂਦੇ ਫਿਰੋ ਢੋਲ ਮੇਰਾ ਦੇਸ਼ ਮਹਾਨ
ਇਹ ਕਹਿਣਾ ਭੁੱਲ ਨਾ ਜਾਇਓ
ਜੈ ਹਿੰਦ।।
ਘਾਤਕ
ਪਰਦੇ ਪਿੱਛੇ ਚੱਲੇ ਨਾਟਕ ਸਦਕੇ ਚੋਣ ਨਿਸ਼ਾਨਾਂ ਦੇ।
ਮਖੌਟੇ ਭੋਲੇ ਚੇਹਰੇ ਘਾਤਕ ਸਦਕੇ ਚੋਣ ਨਿਸ਼ਾਨਾਂ ਦੇ ।
ਸੜ ਕੇ ਮਰਿਆ ਕੰਮੀਂ ਸੂਰਜਾਂ ਵੀ ਨ ਘੱਟ ਗੁਜ਼ਾਰੀ,
ਚੰਦ ਵੇਲੇ ਘਿਨੌਣੀ ਆਫ਼ਤ ਸਦਕੇ ਚੋਣ ਨਿਸ਼ਾਨਾਂ ਦੇ ।
ਉਂਗਲਾਂ ਜੋ ਦਿੱਤੀਆਂ, ਖੋਲੀਆਂ ਮੂੰਹਾਂ ਹੀ ਹਰ ਵਾਰੀ,
ਲੱਗੇ ਮਜਬੂਰੀ ਵਾਲੇ ਫਾਟਕ ਸਦਕੇ ਚੋਣ ਨਿਸ਼ਾਨਾਂ ਦੇ ।
ਏਸ ਬਜ਼ਾਰੀ ਲੁੱਟ ਦਾ ਤਾਂਡਵ ਵਿਕੇ ਕੱਫਨ ਹਜ਼ਾਰਾਂ ਨੂੰ,
ਮਰ ਕੇ ਲੋਕੋ ਕਿੱਥੇ ਰਾਹਤ ਸਦਕੇ ਚੋਣ ਨਿਸ਼ਾਨਾਂ ਦੇ ।
ਤਾਲਿਆਂ ਅੰਦਰ ਤਾਲੇ ਬੰਦ ਹੋਰ ਕੀ ਜੱਗੋ ਤੇਹਰਵੀਂ ਹੋਵੇ,
ਸੱਚ ਦੇ ਪੈੰਦੇ ਛਿੱਤਰ 'ਸਾਦਿਕ' ਸਦਕੇ ਚੋਣ ਨਿਸ਼ਾਨਾਂ ਦੇ ।।
ਹਾਦਸਾ
ਹੈ ਕੁਝ ਏਦਾਂ ਦਾ ਸਰਕਾਰ ਹਾਦਸਾ।
ਹੱਕ ਦੱਬ ਹੱਕਾਂ ਦਾ ਪਰਚਾਰ ਹਾਦਸਾ।
ਖੂਨ ਲੋਕਾਂ ਦਾ ਪੀਤਾ ਬਣ ਜੋਕ ਜਿਸਨੇ,
ਓਹੀ ਸਿਰਮੌਰ ਨੇਤਾ ਅਖਬਾਰ ਹਾਦਸਾ ।
ਦਿਹਾੜੀ ਪਿੰਡਾ ਚੂੰਢਿਆ ਰਜਵਾੜੇ ਕਾਂਵਾਂ,
ਢਿੱਡ ਖਾਲੀ ਚੀਕਦੇ ਕੁੱਟਮਾਰ ਹਾਦਸਾ ।
ਸ਼ੜਕਾਂ ਜਾਮ ਝੰਡੇ ਚੁੱਕ ਵਾਹਵਾ ਪਿੱਟਿਆ,
ਨੌਕਰੀ ਨਿਗਲਗੀ ਲਲਕਾਰ ਹਾਦਸਾ ।
ਛੱਡ ਗਿਆ ਹੈ ਦੇਸ਼ ਉਹ ਵੀ ਐਸ਼ ਖਾਤਰ,
ਦੇਸ਼ ਭਗਤ ਦੇਸ਼ ਦਾ ਗੱਦਾਰ ਹਾਦਸਾ।
ਸੱਚ ਕਹਿਣ ਤੇ ਮਾਣ,ਸੁਣਨ 'ਤੇ ਨਫ਼ਰਤ,
ਕੁਝ ਏਦਾਂ ਦੇ ਵੀ ਲੋਕੀ ਵਿਚਾਰ ਹਾਦਸਾ।
ਤ੍ਰਾਸਦੀ
ਸਾਰੀ ਉਮਰੇ ਪੱਬਾ ਭਾਰ ਰਹੇ ਹਾਂ।
ਫਿਰ ਵੀ ਬੇਇਤਬਾਰ ਰਹੇ ਹਾਂ।
ਦਿਨ ਦੇ ਮਹਿਲੀ ਕੰਮ ਕਰਕੇ
ਮੁੱਲ ਰਾਤਾਂ ਦਾ ਤਾਰ ਰਹੇ ਹਾਂ।
ਘਸ ਘਸ ਜਾਂਦੇ ਪੋਟੇ ਅਸਾਡੇ
ਜੁਲਫ ਤੇਰੀ ਸਵਾਰ ਰਹੇ ਹਾਂ।
ਸਿਰ ਤੇ ਚੱਕ ਵਕਤ ਨਿਮਾਣਾ,
ਯਾਰ ਦੇ ਬੂਹੇ ਸ਼ਿੰਗਾਰ ਰਹੇ ਹਾਂ।
ਜਿੱਤ ਜਿੱਤ ਮੈਂ ਹਾਰਾਂ ਜੋੜੀਆਂ,
ਕੀ ਕੁਝ ਨਹੀਂ ਜੋ ਹਾਰ ਰਹੇ ਹਾਂ।
ਮੌਤ ਨੂੰ ਲਾ ਲਾ ਲਾਰੇ ਲੱਖਾਂ,
ਜਿੰਦਗੀ ਕਰ ਮੁਟਿਆਰ ਰਹੇ ਹਾਂ।
ਪਸ਼ੂਆਂ ਤੋਂ ਵੀ ਬੁਰੇ ਹਾ ਸਾਦਿਕ
ਕੱਪੜੇ ਸਣੇ ਜੁ ਸ਼ਰਮਸਾਰ ਰਹੇ ਹਾਂ।
ਕਿੱਤਾ
ਕੁਝ ਲੋਕ
ਚੰਗੇ ਬੰਦੇ ਲੱਭਦੇ ਹਨ
ਤੇ ਫਿਰ ਖਰਾਬ ਕਰਕੇ
ਛੱਡ ਦਿੰਦੇ ਹਨ।
ਬੇਰੁਜ਼ਗਾਰੀ
ਬੈਠਾ ਹਾਂ
ਵਾਲ ਖਿਲਾਰ ਕੇ
ਲੱਭਾਂ ਜੂੰਆਂ
ਕਾਸ਼! ਢਿੱਡ ਭਰ ਜੇ।