Punjabi Poetry : Dr. Satinderjit Kaur Buttar

ਪੰਜਾਬੀ ਕਵਿਤਾਵਾਂ : ਡਾ: ਸਤਿੰਦਰਜੀਤ ਕੌਰ ਬੁੱਟਰ



1. ਦਰਦ ਸੁਣਾਵਣ ਅੱਖੀਆਂ

ਮਾਏ ਨੀ ਮਾਏ ਨੀ! ਦਰਦ ਸੁਣਾਵਣ ਅੱਖੀਆਂ। ਮਾਏ ਨੀ! ਵਰ੍ਹਦਾ ਸਾਵਣ ਅੱਖੀਆਂ। ਉਹਦੇ ਪਿਆਰ ਨੂੰ ਯਾਦ ਕਰਦਿਆਂ, ਛਮ ਛਮ ਨੀਰ ਵਹਾਵਣ ਅੱਖੀਆਂ ਮਾਏ ਨੀ! ਨੀਂਦ ਚੁਰਾਵਣ ਅੱਖੀਆਂ। ਜਿਸ ਪਲ ਉਹ ਨਜ਼ਰੀਂ ਨਾ ਆਵੇ, ਹੰਝੂਆਂ ਵਿੱਚ ਢਲ ਜਾਵਣ ਅੱਖੀਆਂ ਮਾਏ ਨੀ! ਪੀੜ ਸੁਣਾਵਣ ਅੱਖੀਆਂ। ਰੁੱਸ ਕੇ ਉਹ ਤਾਂ ਦੂਰ ਤੁਰ ਗਿਆ , ਰਾਤਾਂ ਕਿੰਜ ਲੰਘਾਵਣ ਅੱਖੀਆਂ। ਮਾਏ ਨੀ! ਦਰਦ ਸੁਣਾਵਣ ਅੱਖੀਆਂ। ਬਿਨ ਬੋਲੇ ਹੀ ਸਭ ਕੁਝ ਆਖਣ, ਬਿਨ ਸ਼ਬਦਾਂ ਤੋਂ ਗਾਵਣ ਅੱਖੀਆਂ ਮਾਏ !ਨਾ ਦਰਦ ਭੁਲਾਵਣਅੱਖੀਆਂ। ਨਿੱਕੀ ਉਮਰੇ ਦਰਦ ਪਰਾਗਾ 'ਬੁੱਟਰ'ਝੋਲੀ ਪਾਵਣਅੱਖੀਆਂ ਮਾਏ! ਸੁਣੀਂ! ਸੁਣਾਵਣ ਅੱਖੀਆਂ।

2. ਬੋਲ ਪੰਜਾਬੀ

ਲੋਕੋ ਵੇ! ਕਿਉ ਭੁੱਲਦੇ ਜਾਉਪੰਜਾਬੀ? ਲੋਕੋ ਵੇ! ਕਿਉਂ ਛੱਡਦੇ ਜਾਉ ਪੰਜਾਬੀ? ਤੁਸੀ ਪੰਜਾਬੀ ਤੁਹਾਡੀ ਕੁਲ ਪੰਜਾਬੀ। ਆਉਣ ਵਾਲੀਤਾਰੀਖ਼ ਹੈ ਪੰਜਾਬੀ। ਲੋਕੋ ਵੇ! ਕਿਉ ਭੁੱਲਦੇ ਜਾਉ ਪੰਜਾਬੀ? ਕੱਖਾਂ ਵਾਂਗ ਨਾ ਰੋਲੋ ਇਸ ਨੂੰ। ਗੈਰਤ ਮੰਦੋ ਤੁਸੀ ਬੋਲੋ ਪੰਜਾਬੀ। ਲੋਕੋ ਵੇ! ਕਿਉਂ ਭੁੱਲਦੇ ਜਾਉ ਪੰਜਾਬੀ? ਦਰ-ਦਰ ਤੇ ਕਿਉ ਧੱਕੇ ਪਏ ਖਾਉ। ਰੂਹ ਦੇਜਦ ਹੈ ਕੋਲ ਪੰਜਾਬੀ। ਲੋਕੋ ਵੇ! ਕਿਉਂ ਭੁੱਲਦੇ ਜਾਉ ਪੰਜਾਬੀ? ਚੜ੍ਹਦੇ-ਲਹਿੰਦੇ,ਪੂਰਬੋਂ-ਪੱਛਮ। ਦੁਨੀਆਂ ਚੱਕਰ ਗੋਲ ਪੰਜਾਬੀ। ਲੋਕੋ ਵੇ! ਕਿਉਂ ਭੁੱਲਦੇ ਜਾਉ ਪੰਜਾਬੀ? ਮਾਂ ਬੋਲੀ ਹੈ ਸਭ ਨਾਲੋਂ ਉੱਤਮ। ਖੋਲ੍ਹਣ ਲੇਖਕ ਪੋਲ ਪੰਜਾਬੀ। ਲੋਕੋ ਵੇ! ਕਿਉ ਭੁੱਲਦੇ ਜਾਉ ਪੰਜਾਬੀ? ਉੱਚਾ ਇਹਦਾ ਨਾਂ ਅਸੀਂ ਕਰਕੇ। ਵਜਾਈਏ ਖੁਸ਼ੀ ਦੇ ਢੋਲ ਪੰਜਾਬੀ। ਲੋਕੋ ਵੇ! ਕਿਉ ਭੁੱਲਦੇ ਜਾਉ ਪੰਜਾਬੀ? ਸਭ ਬੋਲੀਆਂ ਹੀ ਵਧੀਆ ਭਾਵੇਂ। 'ਬੁੱਟਰ' ਹੈ ਅਨਮੋਲ ਪੰਜਾਬੀ ਲੋਕੋ ਵੇ! ਕਿਉ ਭੁੱਲਦੇ ਜਾਉ ਪੰਜਾਬੀ?

3. ਰੂਹ ਦਾ ਰਾਗ ਸੁਣਾ

ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ। ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ। ਜੋਤ ਜਗਾ ਕੇ ਇਸ਼ਕੇ ਦੀ ਮੈਨੂੰ ਉਸਦੇ ਵਿੱਚ ਰਲਾ ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ। ਪਾਕ ਮੁਹੱਬਤ ਜੁਰਮ ਹੈ ਜੇਕਰ ਮੈਨੂੰ ਭੱਠੀ ਵਿੱਚ ਜਲਾ ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ ਯਾਦ 'ਚ ਤੇਰੀ ਲੀਨ ਮੈ ਹੋਈ ਭਟਕਾਂ ਵਿੱਚ ਥਲਾਂ ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ। ਜਿੰਨਾ ਮੈ ਦੁਨੀਆਂ 'ਚ ਵੜਸਾਂ ਗੁਨਾਹਾਂ ਨਾਲ ਪਲਾਂ ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ। ਵਿੱਚ ਵਿਛੋੜੇ ਤੜਫਾਂ ਮੈ ਤਾਂ ਤੂੰ ਆਪਣੇ ਕੋਲ ਬੁਲਾ। ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ । ਸਭ ਕੁਝ ਮੈ ਤਾਂ ਤੈਨੂੰ ਜਾਣਾ 'ਬੁੱਟਰ' ਤੂੰ ਮੇਰਾ ਹੈਂ ਅੱਲਾ ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

4. ਹੂਕ

ਚੁੱਪ ਦੀ ਸੁਣੀਂ ਅਵਾਜ਼ ਵੇ ਸੋਹਣੇ! ਇਹ ਮਨ ਦੀ ਪਰਵਾਜ਼ ਵੇ ਸੋਹਣੇ! ਰੂਹ ਮੇਰੀ ਵਿੱਚ ਵਸ ਵੇ ਸੋਹਣੇ! ਘੋਲ਼ ਜਿਸਮ ਵਿੱਚ ਰਸ ਵੇ ਸੋਹਣੇ ! ਏਦਾਂ ਨਾ ਤੜਫ਼ਾ ਵੇ ਸਾਨੂੰ , ਤੀਰ ਹਿਜਰ ਦੇ ਕੱਸ ਨਾ ਸੋਹਣੇ! ਸਾਡੇ ਦੁੱਖੜੇ ਸਾਨੂੰ ਦੇ ਜਾ, ਜਿੱਥੇ ਮਰਜ਼ੀ ਵੱਸ ਵੇ ਸੋਹਣੇ! ਨੈਣਵਿਚਾਰੇ ਡੁਸਕ ਰਹੇ ਨੇ, ਏਦਾਂ ਨਾ ਤੂੰ ਡੱਸ ਵੇ ਸੋਹਣੇ! ਪਿੱਛਾ ਦੂਰ ਤੇ ਅੱਗਾਨੇੜੇ , ਲਈ ਤਿਆਰੀ ਕੱਸ ਵੇ ਸੋਹਣੇ!

5. ਰੱਬਾ ਵੇ!

ਰੱਬਾ ਵੇ! ਮੇਰੀ ਰੂਹ ਦੇ ਵਿੱਚ ਸਮਾ! ਰੱਬਾ ਵੇ! ਮੇਰੀ ਰੂਹ ਦੇ ਵਿੱਚ ਸਮਾ! ਤੇਰੇ ਜਿਹਾ ਨਾ ਲੱਭਦਾ ਕੋਈ, ਅਸਾਂ ਫ਼ੋਲੀ ਹਰ ਜਗਾ। ਰੱਬਾ ਵੇ! ਮੇਰੀ ਰੂਹ ਦੇ ਵਿੱਚ ਸਮਾ! ਤੇਰੇ ਦਰਸ ਨੂੰ ਮੈਂ ਹਾਂ ਤਰਸੀ ਦੇ ਨਾ ਹੁਣ ਸਜ਼ਾ। ਰੱਬਾ ਵੇ! ਮੇਰੀ ਰੂਹਦੇ ਵਿੱਚ ਸਮਾ! ਓਹਲੇ ਕਿਉਂ ਤੂੰ ਲੁਕਿਆ ਹੋਇਆ ਆਪਣਾ ਨੂਰ ਦਿਖਾ। ਰੱਬਾ ਵੇ! ਮੇਰੀ ਰੂਹ ਦੇ ਵਿੱਚ ਸਮਾ! ਮੋਹ ਦੇ ਜਾਲ 'ਚੋ ਨਿਕਲ ਸਕਾਂ ਜੇ ਹੋਵੇ ਤੇਰੀ ਰਜ਼ਾ। ਰੱਬਾ ਵੇ! ਮੇਰੀ ਰੂਹ ਦੇ ਵਿੱਚ ਸਮਾ! ਐਸਾ ਕਰ ਤੂੰ ਹੀਲਾ ਬੁੱਟਰ ਹਿਜਰਦੀ ਟਲੇ ਬਲਾ। ਰੱਬਾ ਵੇ! ਮੇਰੀ ਰੂਹ ਦੇ ਵਿੱਚ ਸਮਾ!

6. ਲਗਨ

ਲੱਗੀ ਤੇਰੀ ਲਗਨ ਹੈ ਅੱਲਾ! ਹਰ ਦਮ ਵਿੱਚੋਂ ਨਿਕਲੇ ਅੱਲਾ! ਚਾਰੇ ਕੂੰਟਾਂ ਫ਼ੋਲ ਕੇ ਥੱਕਾਂ, ਤੇਰਾ ਡੇਰਾ ਦਿਲ ਵਿੱਚ ਦੱਸਣ! ਤੈਨੂੰ ਤੱਕਣ ਲਈ ਸਾਹਾਂ ਚੱਲਦੇ, ਨਜ਼ਰਾਂ ਤੇਰੇ ਲਈ ਰਾਹਾਂ ਮੱਲਣ। ਝੱਲਿਆਂ ਵਾਂਗਰ ਲੱਭਦੀ ਤੈਨੂੰ , ਲੋਕੀਂ ਮੈਨੂੰ ਵੇਖ ਕੇ ,ਹੱਸਣ! ਮੇਰੀ ਰੂਹ ਵਿੱਚ ਕਰ ਲੈ ਵਾਸਾ, ਲੋਕ ਨਾ ਮੈਨੂੰਮਿਹਣੇ ਕੱਸਣ!

7. ਕੇਹਾ ਤੇਰਾ ਬਾਗ

ਕੇਹਾ ਤੇਰਾ ਬਾਗ ਵੇ ਰੱਬਾ! ਕੇਹਾ ਤੇਰਾ ਬਾਗ। ਸੱਚ ਪਖੇਰੂ ਇੱਥੋਂ ਉੱਡ ਗਏ, ਝੂਠ ਦੇ ਚੱਲਣ ਰਾਗ ਵੇ ਰੱਬਾ! ਕੇਹਾ ਤੇਰਾ ਬਾਗ। ਖ਼ੁਸ਼ੀਆਂ ਦੇ ਸਭ ਮੇਲੇ ਮੁੱਕ ਗਏ, ਦੁੱਖਾਂ ਨੂੰ ਲੱਗ ਗਈ ਜਾਗ ਵੇ ਰੱਬਾ! ਕੇਹਾ ਤੇਰਾ ਬਾਗ। ਫੁੱਲਾਂ ਦੇ ਮੁੱਖੜੇ ਮੁਰਝਾ ਗਏ, ਕੇਹੀ ਲੱਗ ਗਈ ਲਾਗ ਵੇ ਰੱਬਾ! ਕੇਹਾ ਤੇਰਾ ਬਾਗ। ਰਾਤ ਦੀ ਰਾਣੀ ਦੇ ਮੁੱਢਾਂ ਵਿੱਚ, ਲੁਕ ਕੇ ਬਹਿ ਗਿਆ ਨਾਗ ਵੇ ਰੱਬਾ! ਕੇਹਾ ਤੇਰਾ ਬਾਗ। ਕੱਚੀਆਂ ਕਲੀਆਂ ਤੋੜ ਲੈ ਜਾਵਣ, ਰਾਖੇ ਨੇ ਜੋ ਇਸ ਬਾਗ ਵੇ ਰੱਬਾ! ਕੇਹਾ ਤੇਰਾ ਬਾਗ। ਗੂੜ੍ਹੀ ਨੀਂਦਰ ਤੋਂ ਹੁਣ ਤਾਂ ਉੱਠਜਾ, ‘ਬੁੱਟਰ’ ਖੋਲ੍ਹ ਆਪਣੀ ਜਾਗ ਵੇ ਰੱਬਾ! ਕੇਹਾ ਤੇਰਾ ਬਾਗ।’’

8. ਦਿਲ ਦੇ ਬੋਲ

ਤੇਰੇ ਬਾਝ ਮੇਰੇ ਨੇਤਰ ਨਮ। ਹਿਜ਼ਰ ਦੇ ਖਾਧੇ ਡੂੰਘੇ ਗਮ। ਆਪਾਂ ਇਸ਼ਕ ਦੀ ਸੂਲੀ ਚੜ੍ਹ ਗਏ, ਹੁਣ ਤਾਂ ਭਾਵੇਂ ਲਹਿ ਜਾਵੇ ਚੰਮ। ਪਲਕੋਂ ਡਿੱਗਣੋਂ ਨੀਰ ਨਾ ਰੁਕਦਾ, ਹੁਣ ਤਾਂ ਔਖੇ ਆਵਣ ਦਮ । ਲੋਹੇ ਦਾ ਹੈ ਸ਼ਹਿਰ ਬਟਾਲਾ, ਜ਼ੰਗ ਗਿਆ ਹੈ ਦਿਲ ਵਿੱਚ ਜੰਮ। ਉਹ ਹੀ ਕੌਮਾਂ ਵੱਸਣ ਰੱਸਣ, ਦਿਨੇ ਰਾਤ ਜੋ ਕਰਦੀਆਂ ਕੰਮ। ਵਕਤ ਗਵਾਚਾ ਮੁੜ ਨਾ ਲੱਭਦਾ, ਲੱਭਦਿਆਂ ਪੈ ਜਾਵਣ ਖ਼ਮ। ਹਰ ਇੱਕ ਦਿਲ ਦਾ ਸਾਫ਼ ਨਾ ਹੋਵੇ, ਇਹ ਗੱਲ ਪੱਕੀ ਬੁੱਟਰ ਥੰਮ।

9. ਸੋਚਾਂ

ਰੂਹ ਦੀ ਗੱਲ ਕਹਿ ਜਾਵਣ ਸੋਚਾਂ। ਬੁਰੀ ਤਰ੍ਹਾਂ ਤੜਫਾਵਣ ਸੋਚਾਂ। ਮੈ ਤੇ ਕਲਮ ਜਦੋਂ ਵੀ ਬਹੀਏ, ਮਨ ਦੇ ਗੀਤ ਸੁਨਾਵਣ ਸੋਚਾਂ। ਰੂਹ ਤੋਂ ਦੂਰ ਵਸੇਂਦਾ ਦਿਲੇ ਦਾ ਜਾਨੀ, ਉਸ ਨੂੰ ਕੋਲ ਬੁਲਾਵਣ ਸੋਚਾਂ। ਜ਼ਖ਼ਮ ਅਵੱਲਾ ਜਦ ਵੀ ਰਿਸਦਾ, ਨੈਣੋਂ ਨੀਰ ਬਹਾਵਣ ਸੋਚਾਂ। ਕਲੱਮ -ਕੱਲੇ ਜਦ ਵੀ ਹੋਈਏ, ਉਹਦੇ ਨਾਲ ਮਿਲਾਵਣ ਸੋਚਾਂ। ਰੁੱਸ ਗਿਆ ਮੇਰਾ ਚੰਨ ਮਾਹੀ, ਉਸਨੂੰ ਕਿੰਜ ਮਨਾਵਣ ਸੋਚਾਂ। ਜਦ ਵੀ ਦੁੱਖ ਸਮਾਜ ਦਾ ਦੇਖਣ, ਧੁਰ ਅੰਦਰੋਂ ਕੁਰਲਾਵਣ ਸੋਚਾਂ। ਚੰਗੀ ਲਿਖਤ ਉਹੋ ਹੀ ਬੁੱਟਰ, ਜਿਸ ਵਿੱਚ ਨਵੀਆਂ ਆਵਣ ਸੋਚਾਂ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ