Punjabi Poetry : Sarabjit Kaur Jass

ਪੰਜਾਬੀ ਕਵਿਤਾਵਾਂ : ਸਰਬਜੀਤ ਕੌਰ ਜੱਸ1. ਅਸੀਂ ਕਿੰਨ੍ਹਾਂ ’ਚੋਂ ਹਾਂ

ਗੁਰੂ ਗੋਬਿੰਦ ਨੇ ਸਿਰਫ਼ ਸੀਸ ਹੀ ਨਹੀਂ ਮੰਗਿਆ ਸੀ ਮਸਤਕ ਵਿਚਲਾ ਚਿਰਾਗ ਵੀ ਮੰਗਿਆ ਸੀ ਜਿਸ ਨੂੰ ਉਹ ਮਸ਼ਾਲ ਬਣਾ ਸਕੇ ਸੁਲਘਦੀ ਹੋਈ ਸੋਚ ਮੰਗੀ ਸੀ ਜਿਸ 'ਚ ਉਹ ਪੰਜਾਂ ਵਿਕਾਰਾਂ ਦੇ ਬੀਜ ਭਸਮ ਕਰ ਸਕੇ ਖੋਪੜੀ ਦਾ ਕਮੰਡਲ ਮੰਗਿਆ ਸੀ ਜਿਸ 'ਚ ਉਹ ਭਰ ਸਕੇ ਉੱਖੜੇ ਰਾਹਾਂ 'ਤੇ ਤੁਰਨ ਦਾ ਜ਼ਜਬਾ ਉਸਨੇ ਅੰਨ੍ਹਿਆਂ ਤੋਂ ਸੁਜਾਖੇ ਗੁਰੂ ਦੀਆਂ ਅੱਖਾਂ 'ਤੇ ਵਿਸ਼ਵਾਸ ਮੰਗਿਆ ਸੀ ਉਸਨੇ ਸਿਰਫ਼ ਸੀਸ ਹੀ ਨਹੀਂ ਸੀ ਮੰਗਿਆ ਸੀਸ ਵਿਚਲਾ ਬ੍ਰਹਿਮੰਡ ਵੀ ਮੰਗਿਆ ਸੀ ਜਿੰਨ੍ਹਾਂ ਨੇ ਇਹ ਗੱਲ ਸਮਝ ਲਈ ਉਹ 'ਪਿਆਰੇ' ਹੋ ਗਏ ਜਿਹੜੇ ਸਮਝ ਨਾ ਸਕੇ ਉਹ ਆਪਣੇ ਸਿਰਾਂ ਨੂੰ ਹੱਥਾਂ 'ਚ ਬੋਚੀ ਬੈਠੇ ਰਹੇ ਅਸੀਂ ਜਿੰਨ੍ਹਾਂ ਦੇ ਨਾ ਸੀਸ ਸਲਾਮਤ ਨਾ ਸੀਸ ਵਿਚਲਾ ਬ੍ਰਹਿਮੰਡ ਅਸੀਂ ਕਿੰਨ੍ਹਾਂ 'ਚੋਂ ਹਾਂ?

2. ਧੌਲ

ਤੂੰ ਮੰਨ ਚਾਹੇ ਨਾ ਧਰਤੀ ਹੇਠਾਂ ਸੱਚ-ਮੁੱਚ ਇਕ ਧੌਲ ਹੈ ਉਹ ਧਰਤੀ ਦੀਆਂ ਵੱਖੀਆਂ 'ਚ ਸਿੰਗ ਚੋਭਦਾ ਤੇ ਭੂਚਾਲ ਆ ਜਾਂਦਾ ਉਹ ਧਰਤੀ ਨਹੀਂ ਚੁੱਕਦਾ ਉਸ ਦੀ ਖ਼ਾਮੋਸ਼ੀ ਦਾ ਫ਼ਾਇਦਾ ਚੁੱਕਦਾ ਉਸਨੂੰ ਸੋਭਦਾ ਧਰਤੀ ਦਾ ਬੇਜ਼ੁਬਾਨ ਹੋਣਾ ਚੁੱਪ ਨਾਲ ਮੁਹੱਬਤ ਹੈ ਉਸਨੂੰ ਉਹ ਮੁਹੱਬਤ 'ਚ ਜ਼ਹਿਰ ਘੋਲਦਾ ਤੇ ਪੂਰੇ ਦੇ ਪੂਰੇ ਜੀਵਨ ਨੂੰ ਨੀਲਾ ਕਰ ਦਿੰਦਾ ਉਹ ਗੁੱਝੀਆਂ ਸੱਟਾਂ ਮਾਰਦਾ ਚੰਘਿਆੜਦਾ ਤੇ ਆਪਣੇ ਸਿਰ ਬੰਨ੍ਹਦਾ ਪੂਰੀ ਸ੍ਰਿਸ਼ਟੀ ਦੀ ਹੋਂਦ ਦਾ ਸਿਹਰਾ ਉਂਜ ਬਹੁਤ ਖ਼ੌਫ਼ਜ਼ਦਾ ਹੈ ਧੌਲ ਕਿ ਉਸ ਨੂੰ ਮਹਿਸੂਸ ਕਿਉਂ ਨਹੀਂ ਹੁੰਦੀ ਧਰਤੀ ਅੰਦਰਲੀ ਖਿੱਚ ? ਉਸਦੇ ਸਿਰ 'ਤੇ ਚਿੰਗੁਮ ਵਾਂਗ ਕਿਉਂ ਨਹੀਂ ਚਿੰਬੜਦੀ ਧਰਤ ? ਫ਼ੁੱਟਬਾਲ ਵਾਂਗ ਬੁੜ੍ਹਕ ਕਿਉਂ ਜਾਂਦੀ ਹੈ ? ਜਦੋਂ ਖੁਭਦੇ ਨੇ ਉਹਦੇ ਜ਼ਿਹਨ 'ਚ ਪ੍ਰਸ਼ਨਾਂ ਦੇ ਤੀਰ ਤਾਂ ਉਹ ਧਰਤੀ ਦੇ ਹੁੱਝ ਮਾਰਦਾ ਧਰਤੀ ਦੀਆਂ ਅੱਖਾਂ ਦੇ ਸਮੁੰਦਰ 'ਚ ਜਵਾਰਭਾਟਾ ਆ ਜਾਂਦਾ ਸ਼ਿਆਹ ਚੁੰਨੀ ਦੇ ਸਿਤਾਰੇ ਕਿਰ ਜਾਂਦੇ ਮੱਥੇ ਦਾ ਚੰਦ ਮੱਸਿਆ ਦੇ 'ਨ੍ਹੇਰੇ 'ਚ ਗੁਆਚ ਜਾਂਦਾ ਗਲ ਦਾ ਮੰਗਲ-ਸੂਤਰ ਥਰ-ਥਰ ਕੰਬਣ ਲੱਗਦਾ ਘਰਾਂ ਦੀਆਂ ਨੀਹਾਂ ਹਿੱਲ ਜਾਂਦੀਆਂ ਚੀਨੀ ਮਿੱਟੀ ਨਾਲ ਬਣੀਆਂ ਰਿਸ਼ਤਿਆਂ ਦੀਆਂ ਪਲੇਟਾਂ ਤਿੜਕ ਜਾਂਦੀਆਂ ਤੁਹਾਨੂੰ ਲੱਗਦਾ ਧਰਤੀ ਡੋਲਦੀ ਹੈ ਨਹੀਂ…… ਧਰਤੀ ਨਹੀਂ ਡੋਲਦੀ ਉਹ ਤਾਂ ਕਰੋੜਾਂ-ਅਰਬਾਂ ਸਾਲਾਂ ਤੋਂ ਅਡੋਲ ਖੜ੍ਹੀ ਹੈ ਡੋਲਦਾ ਤਾਂ ਧਰਤੀ ਹੇਠਲਾ ਧੌਲ ਹੈ

3. ਸਲੱਮ ਏਰੀਆ

ਮੈਂ ਮੁਸ਼ਕੇ ਕਿਰਦਾਰਾਂ ਨੂੰ ਫ਼ਰੋਲ-ਫ਼ਰੋਲ ਕੇ ਲੰਘਦੀ ਹਾਂ ਸ਼ਾਇਦ ਲੱਭ ਹੀ ਜਾਵੇ ਕੋਈ ਮਨੁੱਖਤਾ ਦਾ ਜਿੰਦਾ ਭਰੂਣ ਅੱਜ-ਕੱਲ੍ਹ ਹਰ ਕੋਈ ਨਫ਼ਰਤ ਖਾਂਦਾ ਹੈ ਗੁੱਸਾ ਪੀਂਦਾ ਹੈ ਧੋਖੇ ਬੇਈਮਾਨੀ ਝੂਠ ਤੇ ਚਾਪਲੂਸੀ ਦੇ ਫਾਸਟ-ਫੂਡ ਦਾ ਆਦੀ ਹੋ ਗਿਆ ਬੰਦਾ ਇਸੇ ਲਈ ਹੋ ਰਿਹਾ ਗਰਭਪਾਤ ਡਿੱਗ ਰਹੀ ਇਨਸਾਨੀਅਤ ਕਦੇ ਚੌਥੇ ਮਹੀਨੇ ਤੇ ਕਦੇ ਪੰਜਵੇਂ ! ਕਿਤੇ ਨਾ ਕਿਤੇ ਤਾਂ ਸਾਹ ਲੈਂਦਾ ਮਿਲ ਹੀ ਜਾਵੇਗਾ ਕੋਈ ਜੀਵ ਕਿਤੇ ਤਾਂ ਮਘਦੀ ਹੋਵੇਗੀ ਜੀਵਨ ਦੀ ਮਸ਼ਾਲ ਲੱਭ ਹੀ ਜਾਵੇਗਾ ਮਨੁੱਖ ਦੇ ਲਹੂ 'ਚ ਭਿੱਜਾ ਨਿੱਕੇ-ਨਿੱਕੇ ਸਾਹ ਲੈਂਦਾ ਕੋਈ ਕੂਲਾ ਜਿਹਾ ਭਰੂਣ ਇਹ ਦੁਨੀਆਂ ਦਾ ਸਲੱਮ ਏਰੀਆ ਮੈਂ ਗੰਦਗੀ ਦੇ ਢੇਰ ਫ਼ਰੋਲਦੀ ਕੋਈ ਮੰਗਤੀ

4. ਖ਼ਾਮੋਸ਼ੀ

ਲੋਕ ਕਹਿੰਦੇ ਖ਼ਾਮੋਸ਼ੀ ਬੇਜ਼ੁਬਾਨ ਹੁੰਦੀ ਹੈ ਪਰ ਮੈਨੂੰ ਲੱਗਦਾ ਖ਼ਾਮੋਸ਼ੀ ਠੰਢਾ ਸੰਗਰਾਮ ਹੁੰਦੀ ਹੈ ਖ਼ਾਮੋਸ਼ੀ ਬੇਮੁਹਾਰੇ ਬੜਬੋਲੇਪਨ ਦਾ ਪਹਿਲਾ ਪੜਾਅ ਹੈ ਗਲੇ ’ਚ ਅਟਕੀ ਚੀਕ ਦੀ ਟੁੱਕੀ ਜੀਭ ਦਾ ਦਰਦ ਹੈ ਖ਼ਾਮੋਸ਼ੀ ਘੂਕ ਸੁੱਤੇ ਹਨ੍ਹੇਰੇ ਦੀ ਨੀਂਦ ਨਹੀਂ ਸਗੋਂ ਉਸਦੀ ਹਿੱਕ ਉੱਤੋਂ ਲੰਘੇ ਸੱਪ ਦੀ ਚਮਕ ਹੁੰਦੀ ਹੈ ਸਿਰਫ਼ ਸਹਿਮਤੀ ਦਾ ਪ੍ਰਗਟਾਅ ਨਹੀਂ ਅਸਹਿਮਤ ਮੁੱਦਿਆਂ ’ਤੇ ਅੰਦਰੋ-ਅੰਦਰੀ ਚੱਲਦਾ ਘੋਲ ਵੀ ਹੈ ਖ਼ਾਮੋਸ਼ੀ ਸਿਰਫ਼ ’ਹਾਂ’ ਦੀ ਮੁਦਰਾ ਵਿਚ ਝੁਕੀ ਹੋਈ ਧੌਣ ਨਹੀਂ ਹੁੰਦੀ ਬੇਖ਼ੌਫ਼ ਖੜ੍ਹੇ ਬੰਦੇ ਦੀ ਧੌਣ ਦਾ ਅਕੜਾਅ ਵੀ ਹੁੰਦੀ ਹੈ ਜਿਨ੍ਹਾਂ ਦੀ ਜ਼ੁਬਾਨ ’ਚ ਨਹੀਂ ਬਾਹਾਂ ’ਚ ਦਮ ਹੁੰਦਾ ਹੈ ਉਹ ਬੇਜ਼ੁਬਾਨ ਹੁੰਦੇ ਹੋਏ ਵੀ ਦਮਦਾਰ ਭਾਸ਼ਾ ਦੇ ਉਸਰੱਈਏ ਹੁੰਦੇ ਹਨ ਜਿਨ੍ਹਾਂ ਦੀ ਚੁੱਪ ਅੱਗੇ ਹਰ ਬੋਲ ਗੂੰਗਾ ਹੋ ਜਾਂਦਾ ਹੈ ਉਹ ਬੋਲਾਂ ਦੇ ਦੁਆਰ ’ਤੇ ਖ਼ਾਮੋਸ਼ ਮੁਦਰਾ ’ਚ ਬੈਠੇ ਤਪੱਸਵੀ ਹੁੰਦੇ ਹਨ ਖ਼ਾਮੋਸ਼ੀ ਸਿਰਫ਼ ਬੇਜ਼ੁਬਾਨ ਹਾਂ ਨਹੀਂ ਹੁੰਦੀ ਸਹਿਮਤੀ ਦੇ ਪ੍ਰਗਟਾਅ ਦਾ ਵਿਰੋਧ ਕਰਦਾ ਅਸਹਿਮਤ ਮੁੱਦਿਆਂ ਦਾ ਮੂਕ ਦਿਖਾਵਾ ਵੀ ਹੈ

5. ਇਕਬਾਲਨਾਮਾ

ਜੇ ਮੈਂ ਪਿੱਤਲ ਹਾਂ ਤਾਂ ਸੋਨਾ ਹੋਣ ਦਾ ਢੌਂਗ ਨਹੀਂ ਰਚਾਵਾਂਗੀ.... ਦਾਗੀ ਹਾਂ ਤਾਂ ਉੱਜਲੇ ਚਿਹਰਿਆਂ ਦੇ ਹੰਕਾਰੇ ਸ਼ੀਸਿਆਂ ’ਚ ਮਰਵਾ-ਮਰਵਾ ਠੂੰਗੇ ਆਪਣੇ ਆਤਮ-ਵਿਸ਼ਵਾਸ ਦੀ ਚੁੰਝ ਨਹੀਂ ਤੁੜਾਵਾਂਗੀ... ਪਾਣੀ ਹਾਂ ਤਾਂ ਐਵੇਂ ਦੁੱਧ ਨਾਲ ਆਢਾ ਨਹੀਂ ਲਾਵਾਂਗੀ ਆਪਣੀ ਹੀ ਤਰਲਤਾ ਦਾ ਜਸ਼ਨ ਮਨਾਵਾਂਗੀ... ਜੇ ਨਹੀਂ ਹੈ ਮੇਰੇ ਕੋਲ ਬਾਬੂ- ਸ਼ਾਹੀ ਐਨਕ ਤਾਂ ਮੈਂ ਟੱਸ-ਟੱਸ ਕਰਦੇ ਜ਼ਖ਼ਮਾਂ ਨੂੰ ਲਹੂ-ਲੁਹਾਨ ਸੁਪਨਿਆਂ ਨੂੰ ਗ੍ਰਹਿਣੀ ਹੋਈ ਪ੍ਰਭਾਤ ਨੂੰ ਨੰਗੀ ਅੱਖ ਨਾਲ ਹੀ ਵੇਖਾਂਗੀ ਜੇ ਮੇਰੇ ਕੰਨਾਂ ਨੂੰ ਨਹੀਂ ਭਾਉਂਦੀ ਨੀਰੋ ਦੀ ਬੰਸਰੀ ਤਾਂ ਮੈਂ ਚਾਅਵਾਂ ਦੀਆਂ ਚੰਘਿਆੜਾਂ ਨੂੰ ਸੱਚ ਦੇ ਵੱਜਦੇ ਘੋਰੜੂ ਨੂੰ ਸੱਧਰਾਂ ਦੇ ਵੈਣ-ਸਿਆਪਿਆਂ ਨੂੰ ਦੋਵੇਂ ਕੰਨ ਖੜ੍ਹੇ ਕਰਕੇ ਸੁਣਾਂਗੀ... ਜੇ ਮੇਰੀ ਜੁਬਾਨ ਵਿੱਚ ਨਹੀਂ ਹੈ ਮਨ ਕੀ ਬਾਤ ਕਹਿਣ ਦਾ ਹੁਨਰ ਤਾਂ ਮੈਂ ਦਰਦਾਂ ਭਰੀ ਜਨ ਕੀ ਬਾਤ ਨੂੰ ਕੂੰਜਾਂ-ਕੰਜਕਾਂ ਦੀ ਕੁਰਲਾਹਟ ਨੂੰ ਧਰਤੀ ਦੀ ਹਰ ਡਰਾਉਣੀ ਆਹਟ ਨੂੰ ਕਵਿਤਾ ਦੀ ਭਾਸ਼ਾ ਵਿਚ ਅਨੁਵਾਦ ਕਰਕੇ ਹੀ ਬੋਲਾਂਗੀ ਜੇ ਮੈਨੂੰ ਨਹੀਂ ਆਉਂਦਾ ਤੁਹਾਡੇ ਮੁਤਾਬਿਕ ਚੰਗਾ ਵੇਖਣਾ ਸੁਣਨਾ ਬੋਲਣਾ ਤਾਂ ਮੈਂ ਖ਼ੁਦ ਦੇ ਮੁਤਾਬਿਕ ਵੇਖਾਂਗੀ ਵੀ ਬੋਲਾਂਗੀ ਵੀ ਸੁਣਾਂਗੀ ਵੀ ਮੈਂ ਇਨਸਾਨ ਦੀ ਜਾਈ ਸਾਊ ਬਾਂਦਰ ਬਣਨ ਤੋਂ ਇਨਕਾਰ ਕਰਦੀ ਹਾਂ

6. ਪੰਜਾਬੋ-ਮਾਂ ਦਾ ਵੈਣ

ਕਮਲਿਆ ਪੁੱਤਾ! ਸਾਡੀ ਕੁੱਲੀ ’ਚ ਤਾਂ ਯੁਗਾਂ-ਯੁਗਾਂਤਰਾਂ ਤੋਂ ਪੁੱਠੇ ਤਵੇ ਵਰਗਾ ਕਾਲ਼ਾ ਹਨ੍ਹੇਰਾ ਤੈਨੂੰ ਚਿੱਟਾ ਕਿਹੜੀ ਗੁੱਠੋਂ ਲੱਭ ਗਿਆ ਵੇ ਮੇਰੇ ਚੋਰ ਪੁੱਤਾ... ਕਮਲਿਆ ਪੁੱਤਾ! ਮੈਂ ਆਟਾ ਛਾਣਿਆ ਸਾਰੀ ਪਰਾਤ ਚਿੱਟੀ-ਚਿੱਟੀ ਹੋ ਗਈ ਛਾਨਣੀ..ਫਿਰ ਖਾਲੀ ਦੀ ਖਾਲੀ ਮੈਂ ਤੇਰੇ ਛਾਨਣੀ ਹੋਏ ਸਰੀਰ ’ਚੋਂ ਚਿੱਟਾ ਕਿੰਝ ਛਾਣਾਂ ਵੇ ਮੇਰੇ ਗੋਰਿਆ ਪੁੱਤਾ... ਕਮਲਿਆ ਪੁੱਤਾ! ਤੂੰ ਟੀਕੇ ਤੋਂ ਡਰਦਿਆਂ ਏਡੀ ਚੀਕ ਮਾਰੀ ਸੀ ਬਾਲ-ਉਮਰੇ ਹਸਪਤਾਲ ਦੀ ਕੰਧ ਪਾਟ ਗਈ ਏਨੇ ਹੰਝੂ ਕੇਰੇ ਮੈਨੂੰ ਦੋ ਵਾਰ ਚੁੰਨੀ ਨਚੋੜਨੀ ਪਈ ਸੀ ਤੇ ਹੁਣ..ਤੂੰ ਹੱਸ ਕੇ ਗੱਡ ਲੈਨਾ ਜੁੱਸੇ ਦੀ ਕੰਧ ’ਚ ਟੀਕੇ ਦੀ ਮੇਖ ਤੇਰੀ ਕੁੰਦਨ ਦੇਹ ਦੀ ਕੰਧ ਪਾਟਦੀ ਏ ਖ਼ੂਨ ਨਾਲ ਮੇਰੀ ਚੁੰਨੀ ਭਿੱਜਦੀ ਏ ਪਰ ਤੂੰ ਚੀਕ ਨਹੀਂ ਮਾਰਦਾ ਵੇ ਮੇਰੇ ਬਹਾਦਰ ਪੁੱਤਾ... ਕਮਲਿਆ ਪੁੱਤਾ! ਚਿੱਟ-ਕੱਪੜੀਏ ਦੇ ਬੋਝੇ ’ਚੋਂ ਚਿੱਟੀ ਮੌਤ ਕਿਰੀ ਸੀ ਤੇ ਤੂੰ..ਮਿਸ਼ਰੀ ਸਮਝ ਕੇ ਖਾ ਗਿਓਂ ਵੇ ਮੇਰੇ ਸਿੱਧਰਿਆ ਪੁੱਤਾ... ਕਮਲਿਆ ਪੁੱਤਾ! ਤੂੰ ਸਿਵਿਆਂ ਵਾਲੇ ਰਾਹ ਤੋਂ ਡਰਦਾ ਸਕੂਲ ’ਨੀਂ ਜਾਂਦਾ ਸੈਂ ਹੁਣ ਤੈਨੂੰ ਸਿਵਿਆਂ ਵਾਲੇ ਰਾਹ ’ਤੇ ਬੇਖ਼ੌਫ਼ ਤੁਰਨ ਦੀ ਕਿਹੜੇ ਮਾਸਟਰਾਂ ਨੇ ਪੱਟੀ ਪੜ੍ਹਾ ਦਿੱਤੀ ਵੇ ਮੇਰੇ ਪੜ੍ਹਾਕੂਆ ਪੁੱਤਾ... ਕਮਲਿਆ ਪੁੱਤਾ! ਜਦ ਤੂੰ ਜੰਮਿਆਂ ਸੈਂ ਤਾਂ ਮੈਂ ਮਿੱਠੀ ਗੁੜ੍ਹਤੀ ਨਾਲ ਕਢਾਈ ਸੀ ਤੇਰੀ ਸਾਹੇ ਚਿੱਠੀ ਤੂੰ ਕੁੜੱਤਣ ਨਾਲ ਲਾਵਾਂ ਕਦੋਂ ਲੈ ਲਈਆਂ ਵੇ ਮੇਰੇ ਆਸ਼ਕਾ ਪੁੱਤਾ... ਕਮਲਿਆ ਪੁੱਤਾ! ਜਦੋਂ ਤੇਰੇ ਪਾਲਤੂ ’ਮੋਤੀ’ ਨੂੰ ਕਿਸੇ ਨੇ ਕੁਝ ਦੇ ਦਿੱਤਾ ਸੀ ਤੂੰ ਇੰਜ ਰੋਇਆ ਸੀ ਜਿਵੇਂ ਗੁਆਚੇ ਕੋਹੇਨੂਰ ਨੂੰ ਵਪਾਰੀ ਰੋਂਦਾ ਏ ਤੇ ਤੂੰ ਮੌਤ ਦੇ ਸੌਦਾਗਰਾਂ ਹੱਥ ਮੋਤੀ ਤੋਂ ਵੀ ਸਸਤਾ ਵਿਕ ਗਿਓਂ ਵੇ ਮੇਰੇ ਹੀਰਿਆ ਪੁੱਤਾ... ਕਮਲਿਆ ਪੁੱਤਾ! ਸਾਰੇ ਦਾ ਸਾਰਾ ਚਿੱਟਾ ਖਾ ਗਿਓਂ ਹੁਣ ਮੈਂ ਤੇਰੇ ’ਤੇ ਖੱਫ਼ਣ ਕਿਹੜੇ ਰੰਗ ਦਾ ਪਾਵਾਂ? ਵੇ ਮੇਰੇ ਰਾਂਗਲਿਆ ਪੁੱਤਾ ਦੱਸ? ਹੁਣ ਮੈਂ ਤੇਰੇ ’ਤੇ ਖੱਫ਼ਣ ਕਿਹੜੇ ਰੰਗ ਦਾ ਪਾਵਾਂ?

7. ਕਵਿਤਾ ਦੇ ਨਹੁੰ

ਉਹਨਾਂ ਦੀ ਹਦਾਇਤ ਹੈ ਕਿ ਮੇਰੀ ਕਵਿਤਾ ਦੇ ਨਹੁੰ ਵਧ ਗਏ ਨੇ... ਕੱਟ ਦੇਵਾਂ ਜਾਂ ਰੰਗ ਲਵਾਂ ਕਿਸੇ ਖ਼ਾਸ ਰੰਗ ਦੀ ਨਹੁੰ-ਪਾਲਿਸ਼ ਨਾਲ.. ਦੁੱਖਾਂ ਦੀਆਂ ਪਲੇਟਾਂ ਮਾਂਜਦਿਆਂ ਇਹ ਜੋ ਫਸ ਗਈ ਏ ਨਹੁੰਆਂ ’ਚ ਮੈਲ ਬਹੁਤ ਭੱਦੀ ਲੱਗਦੀ ਹੈ ਉਹ ਕਰਦੇ ਨੇ ਖ਼ਬਰਦਾਰ ਕਿ ਤੂੰ ਨਹੀਂ ਜਾਣਦੀ ਸਫ਼ਾਈ-ਅਭਿਆਨ ਚੱਲ ਰਿਹੈ ਜੇ ਪੈ ਗਈ ਨਜ਼ਰ ਉਹਨਾਂ ਦੇ ਨਹੁੰਆਂ ਦੀ ਗੰਦਗੀ ਤਾਂ ਉਹ ਨੋਚ ਲੈਣਗੇ ਨਹੁੰ ਜੜ੍ਹਾਂ ਤੋਂ ਤੇ ਸੁੱਟ ਦੇਣਗੇ ਹਰੇ-ਨੀਲੇ ਡਸਟਬਿਨਾਂ ਵਿਚ ਤੂੰ ਨੈਣਾਂ ’ਚ ਕਲਪਨਾ ਦਾ ਰੰਗ ਭਰਕੇ ਸੋਚ ਇਕ ਵਾਰੀ ਕਿ ਨਹੁੰਆਂ ਤੋਂ ਬਿਨਾਂ ਕਿੰਨੇ ਕਰੂਪ ਲੱਗਦੇ ਨੇ ਔਰਤਾਂ ਦੇ ਹੱਥ ਤੇ ਉਹਨਾਂ ਦੀ ਕਵਿਤਾ ਉਸ ਤੋਂ ਵੀ ਵੱਧ..! ਸਮਝ ਲੈ ਕਵਿੱਤਰੀ ਹੋਣ ਦਾ ਪਹਿਲਾ ਧਰਮ ਕਿ ਉਸਦੀ ਕਵਿਤਾ ਦੇ ਕੱਚੇ ਨਹੁੰ ਤਾਂ ਹੋਣੇ ਚਾਹੀਦੇ ਨੇ ਪੱਕੇ ਨਹੁੰ ਵਰਜਿਤ ਹਨ ਜੇ ਪੱਕ ਗਏ ਨਹੁੰ ਤਾਂ ਖੁਭਣਗੇ ਵਿਵਸਥਾ ਦੇ ਢਿੱਡ ’ਚ ਪਾੜ ਦੇਣਗੇ ਉਹ ਮਰਦਾਵੇਂ ਹੱਥ ਜਿਹੜੇ ਉਹਨਾਂ ਨੂੰ ਫੜਕੇ ਮੰਜ਼ਿਲ ਵੱਲ ਨਹੀਂ ਬਿਸਤਰ ਵੱਲ ਲੈ ਕੇ ਜਾਂਦੇ ਨੇ ਉਹ ਦਿੰਦੇ ਨੇ ਸਲਾਹ ਕਿ ਮੁਲਾਇਮ-ਮੁਲਾਇਮ ਤਲੀਆਂ ਤੇ ਗੋਲ-ਗੋਲ ਉਂਗਲਾਂ ਨਾਲ ਲਿਖੀ ਕਵਿਤਾ ਹੋਣੀ ਚਾਹੀਦੀ ਹੈ ਜਨਾਨਾ ਤਲੀਆਂ ਤੇਉਂਗਲਾਂ ਵਰਗੀ ਹੀ ਤੇ ਤੇਰੀ ਕਵਿਤਾ ਦੇ ਨਹੁੰਆਂ ’ਚ ਤਾਂ ਭਰਿਆ ਪਿਆ ਪੂਰੇ ਸਮਾਜ ਦਾ ਕੂੜਾ-ਕਰਕਟ ਕੱਟ ਦੇ ਪੱਕੇ ਨਹੁੰ ਤੇ ਚੜ੍ਹਾ ਲੈ ਕੱਚੇ ਨਹੁੰਆਂ 'ਤੇ ਨਹੁੰ-ਪਾਲਿਸ਼ ਦਾ ਪੱਕਾ ਰੰਗ ਪਤਾ ਈ ਐ ਤੈਨੂੰ ਕਿ ਅੱਜ-ਕੱਲ੍ਹ ਕਿਹੜੇ ਰੰਗ ਦਾ ਟਰੈਂਡ ਹੈ ਦੇਸ਼ ’ਚ ਬੱਸ ਚੁੱਪ ਕਰਕੇ ਉਸੇ ਰੰਗ ਦੀ ਖਰੀਦ ਲਿਆ ਨਹੁੰ-ਪਾਲਿਸ਼ ਤੇ ਰੰਗ ਲੈ ਆਪਣੇ ਨਹੁੰਆਂ ਨੂੰ ਉਸੇ ਰੰਗ ਵਿਚ ਉਹਨਾਂ ਦੀ ਹਦਾਇਤ ਹੈ ਕਿ ਮੇਰੀ ਕਵਿਤਾ ਦੇ ਨਹੁੰ ਵਧ ਗਏ ਨੇ...

8. ਹਾਕਮ ਦੀ ਮੁਹੱਬਤ

ਜਦੋਂ ਤੁਸੀ ਸੁੱਤੇ ਹੁੰਦੇ ਹੋ ਤਾਂ ਹਾਕਮ ਤੁਹਾਡੇ ਸੁੱਤੇ ਪਿਆਂ ਦਾ ਮੱਥਾ ਚੁੰਮਦਾ ਹੈ, ਪਿੱਠ ਪਲੋਸਦਾ ਹੈ ਤੇ ਤੁਹਾਡੇ ਸੁਪਨਿਆਂ ਦੇ ਹਾਣ ਦੀਆਂ ਲੋਰੀਆਂ ਸੁਣਾਉਂਦਾ ਹੈ ਜਦੋਂ ਤੁਸੀਂ ਸੁੱਤੇ ਹੁੰਦੇ ਹੋ ਤਾਂ ਹਾਕਮ ਨੂੰ ਸਭ ਤੋਂ ਵੱਧ ਪਿਆਰੇ ਲਗਦੇ ਹੋ ਜਦੋਂ ਤੁਸੀ ਸੁੱਤੇ ਹੁੰਦੇ ਹੋ ਤੁਸੀ ਉਸਦੇ ਮਨ ਦੇ ਐਨ ਨਜ਼ਦੀਕ ਹੁੰਦੇ ਹੋ ਜਦੋਂ ਤਸੀ ਸੁੱਤੇ ਹੁੰਦੇ ਹੋ ਤਾਂ ਹਾਕਮ ਮੁਹੱਬਤ ਦੇ ਰੰਗ ’ਚ ਰੰਗਿਆ ਹੁੰਦਾ ਹੈ ਜਦੋਂ ਤੁਸੀਂ ਸੁੱਤੇ ਹੁੰਦੇ ਹੋ ਤਾਂ ਰਾਤਾਂ ਨੂੰ ਜਾਗਦੇ ਨਿੱਕੇ- ਨਿੱਕੇ ਕੌਡੀ ਕਟਹਿਣੇ ਤੁਹਾਨੂੰ ਲਾਹਨਤਾਂ ਪਾਉਂਦੇ ਨੇ ਤਾਰੇ ਬੱਦਲਾਂ ਦੀ ਓਟ ਭਾਲਣ ਲਗਦੇ ਨੇ ਤੁਸੀਂ ਰੌਸ਼ਨ ਚਿਰਾਗਾਂ ਦੀਆਂ ਅੱਖਾਂ ’ਚ ਮਿਰਚਾਂ ਵਾਂਗ ਚੁਭਣ ਲਗਦੇ ਹੋ ਜਦੋਂ ਤੁਸੀਂ ਸੁੱਤੇ ਹੁੰਦੇ ਹੋ ਜਦੋਂ ਤੁਸੀਂ ਅੰਗੜਾਈ ਭਰਦੇ ਹੋ ਤਾਂ ਹਾਕਮ ਤੁਹਾਡੇ ਸਿਰ ਵੱਢ ਦਿੰਦਾ ਹੈ ਅੱਖਾਂ ਕੱਢ ਦਿੰਦਾ ਹੈ ਪੈਰਾਂ ਦੀਆਂ ਖੁਰੀਆਂ ’ਚ ਮੇਖਾਂ ਗੱਡ ਦਿੰਦਾ ਹੈ ਤੇ ਤੁਹਾਡੀ ਚੇਤਨਾ ਦੀ ਧੂਣੀ ਬਾਲ ਕੇ ਸੇਕਣ ਲੱਗਦਾ ਹੈ ਜਦੋਂ ਤੁਸੀਂ ਅੰਗੜਾਈ ਭਰਦੇ ਹੋ ਤਾਂ ਹਾਕਮ ਦੀ ਸਾਰੀ ਮੁਹੱਬਤ ਮੁਸ਼ਕ ਕਾਫ਼ੂਰ ਵਾਂਗ ਉੱਡ ਜਾਂਦੀ ਹੈ ਹਾਕਮ ਨਾ ਤੀਰ ...ਨਾ ਤਲਵਾਰ ਨਾ ਬੰਬ ...ਨਾ ਬੰਦੂਕ ਤੋਂ ਡਰਦਾ ਹੈ ਹਾਕਮ ਤੁਹਾਡੇ ਜਾਗਣ ਤੋਂ ਡਰਦਾ ਹੈ ਜਦੋਂ ਤੁਸੀਂ ਜਾਗਦੇ ਹੁੰਦੇ ਹੋ ਤਾਂ ਹਾਕਮ ਲਈ, ਤੁਸੀਂ ਪ੍ਰੇਮੀ ਨਹੀਂ ਹੁੰਦੇ ਨਾ ਹੁੰਦੇ ਹੋ ਦੇਸ਼ਭਗਤ.... ਸ਼ਾਂਤੀ ਪਸੰਦ... ਰਾਸ਼ਟਰਵਾਦੀ. ਤੁਸੀਂ ਹੁੰਦੇ ਹੋ- ਦੇਸ਼-ਧ੍ਰੋਹੀ...ਫ਼ਸਾਦੀ ... ਦਗ਼ੇਬਾਜ਼ ਜਦੋਂ ਤੁਸੀਂ ਜਾਗਦੇ ਹੁੰਦੇ ਹੋ ਤਾਂ ਤੁਸੀਂ ਹੁੰਦੇ ਹੋ ਹਾਕਮ ਦੀ ਹਿੱਕ ’ਤੇ ਗੱਡਿਆ ਸੇਹ ਦਾ ਤੱਕਲਾ

9. ਅਣਕੱਜਿਆ ਸੱਚ

ਸੱਚ ਅਖ਼ਬਾਰ ਦੀਆਂ ਸੁਰਖੀਆਂ 'ਚ ਨਹੀਂ ਦਿੱਸਦਾ ਸੱਚ ਸਿਆਸਤ ਦੇ ਅਭਿਨੈ 'ਚੋਂ ਨਹੀਂ ਦਿੱਸਦਾ ਸੱਚ ਜਦੋਂ ਵੀ ਸੁਣਦਾ ਹੈ ਤੋਤਲੇ ਡਰੇ ਹੋਏ ਤੇ ਤਰਲੇ ਭਰੇ ਬੋਲਾਂ 'ਚੋਂ ਸੁਣਦਾ ਹੈ ਸੱਚ ਜਦੋਂ ਵੀ ਦਿੱਸਦਾ ਹੈ ਸੁਭਾਵਕਤਾ ਦੀ ਧਰਤੀ 'ਤੇ ਭੁੱਖੇ ਪੇਟ ਦੌੜੰਗੇ ਲਾਉਂਦਾ ਹੋਇਆ ਦਿੱਸਦਾ ਹੈ ਸੱਚ ਜਦੋਂ ਵੀ ਨੱਚਦਾ ਹੈ ਅੱਖਾਂ ਦੀਆਂ ਪੁਤਲੀਆਂ 'ਚ ਅਣਕੱਜਿਆ ਹੀ ਨੱਚਦਾ ਹੈ ਸੱਚ ਜਦੋਂ ਵੀ ਬੋਲਦਾ ਹੈ ਮੌਨ ਭਾਸ਼ਾ 'ਚ ਬੋਲਦਾ ਹੈ ਸੱਚ ਜਦੋਂ ਵੀ ਉੱਗਦਾ ਹੈ ਜ਼ਿਹਨ ਦੀ ਧਰਤ ਦੇ ਜ਼ਰ੍ਹੇ-ਜ਼ਰ੍ਹੇ 'ਚੋਂ ਉੱਗਦਾ ਹੈ ਬੁੱਧ ਪੱਥਰ ਦੀਆਂ ਮੂਰਤੀਆਂ 'ਚੋਂ ਨਹੀਂ ਲੱਭਦੇ ਬੁੱਧ ਹੱਡ-ਮਾਸ ਦੀ ਕੁੱਖ 'ਚੋਂ ਜਨਮ ਲੈਂਦੇ ਚੱਲ, ਹੁਣ ਆਪਾਂ ਵੀ ਸੱਚ ਦੀ ਸਰਦਲ 'ਤੇ ਖੜ੍ਹਕੇ ਪੱਥਰ ਤੋਂ ਕਾਇਆ 'ਚ ਤਬਦੀਲ ਹੋਈਏ

10. ਪੱਗ

ਉਹ ਉਸ ਵਕਤ ਨਹੀਂ ਰੋਇਆ ਸੀ ਜਦੋਂ ਬਾਲ-ਉਮਰੇ ਉਸਦੀ ਦਾਦੀ ਨੇ ਉਸਨੂੰ ਭਾਈ ਤਾਰੂ ਦੇ ਖੋਪੜੀ ਲੁਹਾਉਣ ਦੀ ਤੇ ਮਨੀ ਸਿੰਘ ਦੇ ਬੰਦ-ਬੰਦ ਕਟਾਉਣ ਦੀ ਸਾਖੀ ਸੁਣਾਈ ਸੀ ਉਹ ਉਸ ਵਕਤ ਵੀ ਨਹੀਂ ਰੋਇਆ ਸੀ ਬੱਸ ਹਾਓਕਾ ਭਰ ਕੇ ਰਹਿ ਗਿਆ ਸੀ ਜਦੋਂ ਸਿਰਾਂ ਉੱਪਰਲੀਆਂ ਪੱਗਾਂ ਟਾਇਰ ਬਣ ਗਲਾਂ 'ਚ ਪੈ ਗਈਆਂ ਸਨ ਉਹ ਉਸ ਵਕਤ ਵੀ ਨਹੀਂ ਰੋਇਆ ਸੀ ਤੇ ਪਥਰਾਅ ਗਿਆ ਸੀ ਉਸ ਦੀਆਂ ਅੱਖਾਂ 'ਚ ਤੈਰਦਾ ਸਮੁੰਦਰ ਜਦੋਂ ਕਮਾਦ ਗੋਡਦੇ ਕਿਰਤੀ ਪੁੱਤ ਦੇ ਬੰਨ੍ਹੀ ਸਰ੍ਹੋ-ਫ਼ੁੱਲੀ ਪੱਗ 'ਅੱਤਵਾਦੀਮੁਕਾਬਲੇ' ਨੇ ਲਹੂ ਦੇ ਰੰਗ 'ਚ ਬਦਲ ਦਿੱਤੀ ਸੀ ਉਹ ਉਸ ਵਕਤ ਵੀ ਨਹੀਂ ਰੋਇਆ ਸੀ ਬੱਸ ਸਿਸਕੀ 'ਚ ਬਦਲ ਗਈ ਸੀ ਉਸਦੀ ਗੁੱਸੇ ਭਰੀ ਕੰਬਦੀ ਆਵਾਜ਼ ਜਦੋਂ ਉਸਦੇ ਪੋਤੇ ਨੇ ਗ਼ਜ਼-ਗ਼ਜ਼ ਲੰਮੇ ਵਾਲ ਸੇਵੀਆਂ ਵਾਂਗ ਦਾਦੀ ਦੀ ਝੋਲੀ 'ਚ ਢੇਰੀ ਕਰ ਦਿੱਤੇ ਸਨ ਪੱਗ ਜਿਹੜੀ ਉਸਦਾ ਪੋਤਾ ਨਾਈ ਦੀ ਦੁਕਾਨ 'ਤੇ ਭੁੱਲ ਆਇਆ ਸੀ ਪੰਦਰਾਂ ਸਾਲਾਂ ਤੋਂ ਸੀਰੀ ਰਲਿਆ ਬਿਹਾਰ ਦਾ ਜਾਇਆ ਰਾਧੇ-ਸ਼ਿਆਮ ਸਿਰ 'ਤੇ ਬੰਨ੍ਹ ਕੇ ਬੋਲਿਆ ਜਦੋਂ- 'ਦੇਖੀਏ ਸਰਦਾਰ ਜੀ! ਮੈਂ ਕਿਤਨਾ ਸੋਹਣਾ ਸਰਦਾਰ ਬਣ ਗਿਆ !' ਉਸਨੂੰ ਬਿਨ੍ਹਾਂ ਦੱਸੇ ਉਸਦਾ ਯਖ ਹੋਇਆ ਸਿਰ ਰਾਧੇ-ਸ਼ਿਆਮ ਦੇ ਤਪਦੇ ਸੀਨੇ 'ਤੇ ਟਿਕ ਗਿਆ ਤੇ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਿਆ

11. ਦਫ਼ਤਰ ਜਾਂਦਾ ਸੂਰਜ

ਮੈਂ ਰੋਜ਼ ਸਵੇਰੇ ਪੂਰਬ ਜਿਹੇ ਘਰ 'ਚੋਂ ਨਿਕਲਦਾ ਹਾਂ ਪੱਛਮ ਜਿਹੇ ਦਫ਼ਤਰ 'ਚ ਡੁੱਬ ਜਾਂਦਾ ਹਾਂ ਜਦੋਂ ਪੌੜੀਆਂ ਚੜ੍ਹਦੀ ਛੱਮਕ-ਛੱਲੋ ਦੇ ਸੈਂਡਲਾਂ ਦੀ ਟਕ-ਟਕ ਨੌਂ ਵੱਜਣ ਦਾ ਸੰਕੇਤ ਦਿੰਦੀ ਹੈ ਤਾਂ ਜਲੌਅ 'ਚ ਆ ਜਾਂਦਾ ਹੈ ਮੇਰਾ ਚਿਹਰਾ ਮੁੱਦਤਾਂ ਪੁਰਾਣੀਆਂ ਫ਼ਾਈਲਾਂ ਫ਼ਰੋਲਦਿਆਂ ਪਲ-ਪਲ ਹੁੰਦਾ ਹਾਂ ਲੋਹਾ-ਲਾਖਾ ਕਤਾਰ 'ਚ ਖੜ੍ਹੇ ਭੋਲੇ-ਭਾਲੇ ਮਾਸੂਮ ਚਿਹਰੇ ਲਾਟਾਂ ਛੱਡਦੇ ਪੈਰ ਤਿਉੜੀਆਂ ਭਰੇ ਮੱਥੇ 'ਚੋਂ ਭਾਲਦੇ ਨੇ ਕੋਈ ਸੁਖਦ ਅਹਿਸਾਸ ਤੇ ਜਦੋਂ ਮੈਂ ਦੇਵਤਾ ਬਣ ਮੰਗਦਾ ਹਾਂ ਕੋਈ ਭਿਖਿਆ ਕੋਈ ਯੱਗ ਕੋਈ ਦਾਨ ਤਾਂ ਖਾਲੀ ਜੇਬਾਂ ਵਾਲੀ ਸਾਰੀ ਕਤਾਰ ਹੋ ਜਾਂਦੀ ਹੈ ਸਿਰ ਤੋਂ ਪੈਰਾਂ ਤੱਕ ਪਸੀਨਾ-ਪਸੀਨਾ ਮੇਰੇ ਵੇਖਦਿਆਂ-ਵੇਖਦਿਆਂ ਆਸਾਂ 'ਤੇ ਫਿਰੇ ਪਾਣੀ 'ਚ ਡੁੱਬਣ ਲੱਗਦੇ ਨੇ ਉਹਨਾਂ ਦੇ ਮੱਚਦੇ ਹੋਏ ਸੁਪਨੇ ਮੈਂ ਅੰਨ੍ਹਾਂ ਸੂਰਜ ਹਜ਼ਾਰਾਂ ਘਰਾਂ ਨੂੰ ਕਰ ਸਕਦਾ ਹਾਂ ਰੌਸ਼ਨ ਪਰ ਆਪਣੇ ਅੰਦਰ ਦੇ ਹਨ੍ਹੇਰੇ ਹੱਥੋਂ ਹਾਰ ਜਾਂਦਾ ਹਾਂ ਅਕਸਰ ਹਰ ਲੋੜਵੰਦ ਨੂੰ ਨਚੋੜ ਦਿੰਦਾ ਹੈ ਹੁੰਮਸ ਤਪਸ਼ ਸੜਾਂਦ ਨਾਲ ਭਰਿਆ ਮੇਰਾ ਸਿਖ਼ਰ-ਦੁਪਹਿਰਾ ਜਦ ਕਦਮ- ਦਰ- ਕਦਮ ਤੁਰਦਾ ਹਾਂ ਤਾਂ ਹਜ਼ਾਰਾਂ ਸ਼ਰਧਾਲੂਆਂ ਦਾ ਜਥਾ ਝੁਕ-ਝੁਕ ਕਰਦਾ ਹੈ ਸਲਾਮਾਂ ਤੇ ਮਹਿਸੂਸਦਾ ਹਾਂ ਮੈਂ ਕਿ ਇੰਨ੍ਹਾਂ ਤੋਂ ਅਰਬਾਂ-ਖਰਬਾਂ ਮੀਲ ਦੂਰ ਬੈਠਾ ਸਭ ਤੋਂ ਉੱਚਾ ਸਭ ਤੋਂ ਵੱਡਾ ਇਕਲੌਤਾ ਸੂਰਜ ਹਾਂ ਇਹਨਾਂ ਦਾ ਮੈਂ ਤੁਰਦੀ-ਫਿਰਦੀ ਭੀੜ 'ਚੋਂ ਗ਼ੁਜ਼ਰਦਾ ਹਜ਼ੂਮ 'ਚੋਂ ਲੰਘਦਾ 'ਗੁੱਡ-ਇਵਨਿੰਗ'ਕਹਿੰਦਾ ਛਿਪ ਜਾਂਦਾ ਹਾਂ ਸਰਕਾਰੀ ਕਾਰ ਦੀ ਗੁਦਗੁਦੀ ਸੀਟ ਵਿਚ ਤੇ ਪਰਛਾਵਿਆਂ ਵਰਗੇ ਲੋਕ ਮਰੀਆਂ ਰੀਝਾਂ ਦੀ ਲੋਥ ਚੁੱਕੀ ਪਰਤ ਜਾਂਦੇ ਨੇ ਘਰਾਂ ਨੂੰ ਮੈਂ ਸੂਰਜ ਪੂਰਬ ਜਿਹੇ ਘਰ 'ਚੋਂ ਨਿਕਲਦਾ ਹਾਂ ਪੱਛਮ ਜਿਹੇ ਦਫ਼ਤਰ 'ਚ ਡੁੱਬ ਜਾਂਦਾ ਹਾਂ

12. ਮੈਨੂੰ ਮੁਆਫ਼ ਕਰ ਦੇਣਾ

ਮੈਨੂੰ ਮੁਆਫ਼ ਕਰ ਦੇਣਾ ਜੇ ਕਿਤੇ ਮੈਂ ਤੁਹਾਡੇ ਸੁੱਤਿਆਂ-ਸੁੱਤਿਆਂ ਸੁਨਹਿਰੀ ਸੁਪਨੇ ਦੀ ਪੈੜ ਨੱਪਦਿਆਂ ਮਰਿਆਦਾ ਦੀ ਕੰਧ ਟੱਪਣ ਦਾ ਹੌਂਸਲਾ ਵਿਖਾਇਆ ਹੋਵੇ ਮੈਨੂੰ ਮੁਆਫ਼ ਕਰ ਦੇਣਾ ਜੇ ਮੈਂ ਤੁਹਾਡੇ ਜੇਲ੍ਹਨੁਮਾ ਘਰ 'ਚੋਂ ਚੰਨ ਤੱਕਣ ਲਈ ਆਪਣੇ ਹਿੱਸੇ ਦਾ ਆਕਾਸ਼ ਮੰਗਿਆ ਹੋਵੇ ਮੈਨੂੰ ਮੁਆਫ਼ ਕਰ ਦੇਣਾ ਜੇ ਮੈਂ ਹਨ੍ਹੇਰੇ ਦੇ ਕਬਜ਼ੇ ਹੇਠਲੀ ਜ਼ਮੀਨ 'ਚ ਚਾਨਣ ਦਾ ਬੀਜ ਬੀਜਣ ਦੀ ਜ਼ੁਰਅਤ ਕੀਤੀ ਹੋਵੇ ਮੈਨੂੰ ਮੁਆਫ਼ ਕਰ ਦੇਣਾ ਉਨ੍ਹਾਂ ਸਾਰੇ ਗ਼ੁਨਾਹਾਂ ਲਈ ਜਿਹੜੇ ਸਜ਼ਾ ਸੁਣਾਉਣ ਯੋਗ ਤਾਂ ਨਹੀਂ ਹੁੰਦੇ ਪਰ ਅਕਸਰ ਹੀ ਚੜ੍ਹਾ ਦਿੱਤੇ ਜਾਂਦੇ ਨੇ ਸੂਲੀ 'ਤੇ

13. ਮੇਰਾ ਨਿਰਵਾਣ ਕਿੱਥੇ

ਰਾਤ ਦੇ ਪਹਿਰੇ 'ਚ ਨੀਂਦ ਨੂੰ ਕੰਧਾੜੇ ਚੁੱਕ ਜਗਰਾਤੇ ਦੇ ਪਰਛਾਵਿਆਂ ਦੀ ਛਾਂਵੇਂ ਰੋਜ਼ ਨਿਕਲਦੀ ਹਾਂ ਨਿਰਵਾਣ 'ਤੇ ਨਿਰਵਾਣ ਜਿਹੜਾ ਰਸੋਈ 'ਚ ਖੜਕਦੇ ਭਾਂਡਿਆਂ ਤੋਂ ਸ਼ੁਰੂ ਹੁੰਦਾ ਨਾਸ਼ਤੇ ਦੀ ਬੁਰਕੀ ਵਾਂਗ ਕਾਹਲੀ-ਕਾਹਲੀ ਖਾਧਾ ਜਾਂਦਾ ਹੈ ਬੱਚੇ ਦੀ ਜਾਗ ਖੁੱਲ੍ਹਣ ਦੇ ਡਰੋਂ ਬੋਚ-ਬੋਚ ਪੈਰ ਧਰਦਾ ਮੇਰੇ ਤੋਂ ਪਹਿਲਾਂ ਹੀ ਹੋ ਜਾਂਦਾ ਹੈ ਦਹਿਲੀਜ਼ੋਂ ਪਾਰ ਰੋਜ਼ ਤੁਰਦੀ ਹਾਂ ਘਰ ਤੇ ਦਫ਼ਤਰ ਦੀ ਵਹਿੰਗੀ ਚੁੱਕੀ ਉਸ ਮਿਹਨਤਾਨੇ ਦੀ ਭੀਖ ਮੰਗਣ ਜਿਹੜਾ ਮਹੀਨੇ ਬਾਅਦ ਮਿਲਦਾ ਹੈ ਤੇ ਮਿਲਦਿਆਂ ਹੀ ਵਟ ਜਾਂਦਾ ਹੈ ਘਰ ਦੀਆਂ ਕਿਸ਼ਤਾਂ ਦੇ ਚੜ੍ਹਾਵੇ 'ਚ ਉਹ ਗੌਤਮ ਹੈ ਮੇਰੇ ਅੰਦਰ ਜਿਹੜਾ ਇਕ ਦਿਨ ਨਹੀਂ ਹਰ ਦਿਨ ਵਿਛੜਦਾ ਹੈ ਔਲਾਦ ਤੋਂ ਖ਼ੁਦ ਨੂੰ ਰੋਜ਼ਗਾਰ ਦੇ ਜੰਗਲ 'ਚ ਰੋਲ ਕੇ ਵੀ ਮੁਕਤੀ ਨਹੀਂ ਮਿਲਦੀ ਖਾਲੀ ਹੀ ਰਹਿੰਦਾ ਹੈ ਖਵਾਹਿਸ਼ਾਂ ਦਾ ਲੋਟਾ ਲੁਟਦਾ ਹੀ ਜਾਂਦਾ ਹੈ ਸੁਪਨਿਆਂ ਦਾ ਮਹਿਲ ਘਰ ਇਕ ਠਹਿਰਾਅ ਹੈ ਬੱਸ ਜਿੱਥੇ ਸਿਰਫ਼ ਰਾਤ ਠਹਿਰਦੀ ਹੈ ਦਿਨ ਬਨਵਾਸ ਭੋਗਦਾ ਹੈ ਮੈਂ ਬਨਵਾਸ ਦੇ ਘੋੜੇ ਦਾ ਰੱਥ ਹਾਂ ਕੋਈ ਔਰਤ ਦੀ ਆਜ਼ਾਦੀ ਦਾ ਛਲ ਲੰਮੀਆਂ ਪੁਲਾਂਘਾਂ ਪੁੱਟਣ ਦਾ ਤਿੜਕਿਆ ਸੁਪਨਾ ਨਾ ਘਰ ਮਿਲਿਆ ਨਾ ਸਫ਼ਰ ਮਿਲਿਆ ਬੱਸ ਘੜੀ ਦਾ ਚੱਕਰ ਮਿਲਿਆ ਕੀ ਹੈ ਨਿਰਵਾਣ ਕਾਹਲ 'ਚ ਘਰ ਰਹਿ ਗਿਆ ਰੋਟੀ ਵਾਲਾ ਡੱਬਾ ਲੱਤਾਂ ਨੂੰ ਚਿੰਬੜਦੇ ਜਵਾਕ ਨੂੰ ਵਰਚਾਉਣ ਲਈ ਫੜਾਈ ਟੌਫ਼ੀ ਜਾਂ ਪਰਸ ਦੀ ਅੰਦਰਲੀ ਜੇਬ 'ਚ ਸਾਂਭੀ ਕਰੋਸਿਨ ਦੀ ਗੋਲ਼ੀ ਮੇਰਾ ਨਿਰਵਾਣ ਕਿੱਥੇ?

14. ਚੁੱਪ ਦਾ ਜੰਗਲ

ਜਦੋਂ ਦਾ ਸਾਡੇ ਹੋਠਾਂ 'ਤੇ ਚੁੱਪ ਦਾ ਜੰਗਲ ਉੱਗ ਆਇਆ ਹੈ ਸਾਡੀਆਂ ਜ਼ੁਬਾਨਾਂ 'ਤੇ ਹੀ ਪਥਰਾਅ ਗਈਆਂ ਨੇ ਤਸੀਹੇ ਸਹਿੰਦੀਆਂ ਰੀਝਾਂ ਦੀਆਂ ਚੀਕਾਂ ਕੇਹਾ ਜੰਗਲ ਹੈ ਜਿਸਦੇ ਪੱਤੇ-ਪੱਤੇ 'ਚੋਂ ਚੋਂਦਾ ਹੈ ਦਰਦ ਦਾ ਹੰਝੂ ਜਿਸਦੀਆਂ ਟਹਿਣੀਆਂ ਨੂੰ ਪੈਂਦੇ ਨੇ ਪੀੜਾਂ ਦੇ ਕੜਵੱਲ ਜਿਸਦੇ ਸੰਘਣੇ ਹਨ੍ਹੇਰੇ 'ਚ ਗੁਆਚ ਗਿਆ ਚਾਨਣ ਦਾ ਬੀਜ ਤੇ ਅਸੀਂ ਬੇਸਮਝ ਕੋਹਲੂ ਦੇ ਬੈਲ ਵਾਂਗ ਗਲ਼ 'ਚ ਲਮਕਾਈ ਰੁਝੇਵਿਆਂ ਦੀਆਂ ਟੱਲੀਆਂ ਟੁਣ-ਟੁਣ ਕਰਦੇ ਹੋਠਾਂ 'ਤੇ ਫੈਲੇ ਚੁੱਪ ਦੇ ਅਰਥਾਂ ਨੂੰ ਗੂੰਗੇ ਬੋਲਾਂ ਜਿਹੇ ਮਹਾਂਨਗਰਾਂ 'ਚ ਭਾਲਦੇ ਫਿਰਦੇ ਹਾਂ ਅਸੀਂ ਆਧੁਨਿਕ ਮਸ਼ੀਨੀ ਲੋਕ ਅਸੰਭਵ ਨੂੰ ਸੰਭਵ ਬਣਾਉਣ ਵਾਲੇ ਖ਼ੁਦ ਨੂੰ ਰੱਬ ਅਖਵਾਉਣ ਵਾਲੇ ਕਰ ਨਹੀਂ ਸਕੇ ਪੱਥਰ ਬਣੇ ਚੁੱਪ ਦੇ ਜੰਗਲ ਨੂੰ ਝੂਮਣ ਲਾਉਣ ਦੀ ਕਰਾਮਾਤ ਆਖ਼ਿਰ ਕਦੋਂ ਤੱਕ ਇਸ ਚੁੱਪ ਦੇ ਜੰਗਲ 'ਚ ਕੈਦ ਹੋ ਭੁੱਲ-ਭੁਲੱਈਆਂ ਦੀ ਖੇਡ ਖੇਡਦੇ ਰਹਾਂਗੇ ਸੂਝ ਦੀ ਕੋਈ ਛੜ ਘੁਮਾਈਏ ਚੁੱਪ ਦੇ ਮਾਤਮ ਨੂੰ ਗਲ਼ੋਂ ਲਾਹਈਏ ਅਲਫ਼ਾਜ਼ ਨੂੰ ਗਹਿਣਾ ਬਣਾ ਪਹਿਨੀਏ ਸਜੀਏ,ਸੰਵਰੀਏ ਚੁੱਪ ਦੇ ਜੰਗਲ 'ਚੋਂ ਬਾਹਰ ਨਿਕਲੀਏ ਤੁਰ ਪਈਏ ਸੱਚੇ-ਸੁੱਚੇ ਬੋਲਾਂ ਦੇ ਰਸਤੇ 'ਤੇ…!

15. ਛੁਪੀ ਹੋਈ ਅੱਖ

ਹਰ ਅੱਖ ਪਿੱਛੇ ਇਕ ਅੱਖ ਹੁੰਦੀ ਹੈ ਜੋ ਹੰਝੂ ਕੇਰਦੀ ਨਹੀਂ ਪੀਂਦੀ ਹੈ ਜੋ ਚਾਨਣ 'ਚ ਨਹੀਂ ਹਨ੍ਹੇਰੇ 'ਚ ਜਿਉਂਂਦੀ ਹੈ ਜਿਸ ਦੀ ਪੁਤਲੀ ਗਤੀਸ਼ੀਲ ਨਹੀਂ ਗਤੀਹੀਣ ਹੁੰਦੀ ਹੈ ਜੋ ਬ੍ਰਹਿਮੰਡ ਦੀ ਹਿੱਲ-ਜੁਲ ਤੋਂ ਉੰਗਲੀ ਦੀ ਹਿੱਲ-ਜੁਲ ਤੱਕ ਮਹਿਸੂਸਦੀ ਹੈ ਉਸਦੀਆਂ ਪਲਕਾਂ ਮਨੁੱਖ ਦੀਆਂ ਨਹੀਂ ਸੱਪ ਦੀਆਂ ਹੁੰਦੀਆਂ ਹਨ ਸਾਹਮਣੇ ਵੇਖ ਕਤਲੋ-ਗਾਰਤ ਤੜਪਦੀ ਲਾਸ਼ ਤੇ ਫ਼ਿਜ਼ਾ 'ਚ ਫੈਲੀ ਸੜ ਰਹੇ ਖ਼ੂਨ ਦੀ ਗੰਧ ਝੱਟ ਕਰ ਲੈਂਦੇ ਹਾਂ ਅੱਖਾਂ ਬੰਦ ਪਰ ਛੁਪੀ ਹੋਈ ਅੱਖ ਤਾਂ ਵੇਖਦੀ ਰਹਿੰਦੀ ਹੈ ਬੰਦ ਪਲਕਾਂ ਦੀਆਂ ਵਿਰਲਾਂ ਵਿੱਚ ਦੀ ਉਹ ਅੱਖ ਸੁਰਮੇ ਦੀ ਧਾਰ ਨਹੀਂ ਤਲਵਾਰ ਦੀ ਧਾਰ ਭਾਲਦੀ ਹੈ ਉਹ ਅੱਖ ਕਾਸ਼ਨੀ ਨਹੀਂ ਲਹੂ ਜਿਹੇ ਰੰਗ ਦੀ ਹੁੰਦੀ ਹੈ ਅੱਖ ਦੀ ਪਰਿਭਾਸ਼ਾ ਨੂੰ ਸੁਰਮੇ ਦੀ ਡੱਬੀ 'ਚ ਬੰਦ ਨਾ ਕਰੋ ਲਟ-ਲਟ ਬਲ਼ਦੀ ਅੱਖ ਨੂੰ ਦੀਪ ਬਣਾ ਚੁਰਾਹੇ 'ਚ ਧਰੋ ਇਸ ਲਈ ਕਿ ਅੱਖ ਸਿਰਫ਼ ਵੇਖਣ ਲਈ ਹੀ ਨਹੀਂ ਹੁੰਦੀ ਰਸਤਾ ਵਿਖਾਉਣ ਲਈ ਵੀ ਹੁੰਦੀ ਹੈ

16. ਭੂਤ-੧

ਪਹਿਲੀ ਘੜੀ ਉਹ ਮੇਰੇ ਕੋਲ ਹੀ ਤਾਂ ਖੜ੍ਹਾ ਸੀ ਮੇਰੇ ਵੱਲ ਬਿਟ-ਬਿਟ ਝਾਕਦਾ ਜਿਵੇਂ ਉਸਨੇ ਔਰਤ ਪਹਿਲੀ ਵਾਰ ਵੇਖੀ ਹੋਵੇ ਮੈਨੂੰ ਵੀ ਉਸ 'ਚੋਂ 'ਪ੍ਰਥਮ ਮਰਦ’ਦਾ ਝਾਓਲਾ ਜਿਹਾ ਪਿਆ ਸੀ ਬੱਸ ਪਲਕਾਂ ਹੀ ਝਪਕੀਆਂ ਸੀ ਮੈਂ ਉਹ ਮੇਰੇ ਕੋਲ ਨਹੀਂ ਸੀ ਦੂਜੀ ਘੜੀ 'ਚ ਹੀ ਮੈਨੂੰ ਨਾਸਤਿਕ ਨੂੰ ਭੂਤਾਂ 'ਤੇ ਵਿਸ਼ਵਾਸ ਹੋ ਗਿਆ

17. ਭੂਤ-੨

ਉਹ ਜੋ ਮੇਰੇ ਖੇਤ 'ਚ ਖੜ੍ਹਾ ਸੀ ਉਹ ਚਿੜੀਆਂ,ਕਾਂ,ਕਬੂਤਰ ਉਡਾਉਣ ਵਾਲਾ ਡਰਨਾ ਨਹੀਂ ਸੀ ਉਹ ਤਾਂ ਬਾਜ ਵਰਗਾ ਬੰਦਾ ਸੀ ਕੋਈ ਜੋ ਨੋਚ ਗਿਐ ਮੇਰੇ ਸੁਨਹਿਰੀ ਦਾਣਿਆਂ ਉੱਪਰਲਾ ਸੋਨਾ ਤੁਹਾਨੂੰ ਉਹ ਡਰਨਾ ਦਿੱਸਦਾ ਸੀ ਮੈਂਨੂੰ ਉਹ ਮਨੁੱਖ ਦਿੱਸਦਾ ਸੀ ਹੋ ਸਕਦਾ ਉਹ ਨਾ ਡਰਨਾ ਹੋਵੇ ਨਾ ਮਨੁੱਖ ਹੋਵੇ ਸਾਡੇ ਸੁਪਨਿਆਂ ਦੇ ਕਬਰਸਤਾਨ ਵੱਲੋਂ ਆਉਂਦਾ ਕੋਈ ਭੂਤ ਹੀ ਹੋਵੇ ਚਲੋ,ਉਸ ਦਾ ਖੁਰਾ-ਖੋਜ ਲੱਭੀਏ

18. ਨਿੱਕੀਆਂ ਕਵਿਤਾਵਾਂ

੧. ਫ਼ੇਸ ਬੁੱਕ ਦੀ ਨਾਰ ਸੋਹਣੀ ਤੇ ਹੁਸ਼ਿਆਰ ਨੈੱਟ 'ਚ ਫਸੀ ਮਛਲੀ ੨. ਠੇਕੇਦਾਰ ਗਰਜਿਆ ਥਰ-ਥਰ ਕੰਬਿਆ ਰੋੜੀ ਕੁੱਟਦਾ ਹਥੌੜਾ ੩. ਅੱਧੀ ਰਾਤੀਂ ਤੂੰ ਸੁਪਨੇ 'ਚ ਚਮਕਿਆ ਮੇਰਾ ਦਿਨ ਚੜ੍ਹਿਆ ੪. ਰੋਜ਼ ਲਿਖਾਂ ਅਕਵਿਤਾ ਕਾਗ਼ਜ਼ ਚੀਕੇ ਸੁੱਤੀ ਕਲਾ ਜਗਾ ੫. ਕਲਫ਼ ਲੱਗੀ ਦਾਹੜੀ ਮਾਲੂਕ ਬਾਹਾਂ ਦਾ ਚੂੜਾ ਇਕੱਠੇ ਚੜ੍ਹੇ ਜਹਾਜ਼ੇ ੬. ਫੇਰੀ ਵਾਲਾ ਆਇਆ ਬੱਚਾ ਖਿਡੌਣੇ ਨੂੰ ਵਿਲਕੇ ਮਾਂ ਮੋਬਾਇਲ 'ਚ ਪਰਚੀ ੭. ਕੋਰਾ ਕਾਗ਼ਜ਼ ਹੱਸੇ ਕਲਮ ਬਿਟ-ਬਿਟ ਤੱਕੇ ਕੰਪਿਊਟਰ ਅੱਗੇ ਕਵੀ ੮. ਕਵਿਤਾ ਦੀ ਜੂਨੇ ਪਿਆ ਸ਼ਾਇਰ ਦਾ ਸੁਪਨਾ ਸ਼ਬਦਾਂ ਦੇ ਭਾਗ ਜਾਗੇ ੯. ਤੇਰੀ ਖ਼ਾਮੋਸ਼ੀ ਵਿਚ ਮੇਰੇ ਬੋਲ ਗੁਆਚੇ ਕਿੰਜ ਬੋਲਾਂ? ੧੦. ਵੇਚੀ ਜ਼ਮੀਨ 'ਚ ਉੱਗ ਆਇਆ ਰਾਤੋ-ਰਾਤ ਕਾਰਖਾਨਾ ਜੱਟ ਵੇਖੇ ਚਿਮਨੀ ਦਾ ਧੂੰਆਂ

19. ਸੂਰਜ ਤੇ ਧਰਤੀ

ਤੂੰ ਸੂਰਜ ਮੈਂ ਧਰਤੀ ਤੇਰੀ ਸਮੁੱਚਤਾ ਤੋਂ ਟੁੱਟਿਆ ਤੇਰਾ ਅੰਸ਼ ਕਿਸੇ ਕਹਿਰਵਾਨ ਘਟਨਾਕ੍ਰਮ ਨੇ ਤੇਰੀ ਅੱਗ 'ਚ ਲਟ-ਲਟ ਬਲ਼ਦੀ ਨੂੰ ਸੁੱਟ ਦਿੱਤਾ ਬ੍ਰਹਿਮੰਡ ਦੇ ਵਿਚਕਾਰ ਤੇ ਮੈਂ ਚਿਪਕ ਗਈ ਕਿਸੇ ਬਿੰਦੂ 'ਤੇ ਮੈਂ ਤੇਰੇ ਤੋਂ ਟੁੱਟ ਬੁਝਣ ਲੱਗੀ ਲਾਟ ਤੋਂ ਕੋਲ਼ਾ ਬਣੀ ਕੋਲ਼ੇ ਤੋਂ ਜ਼ਿਮੀਂ ਤੇਰੀ ਪਰਿਕਰਮਾ ਕੀਤੀ ਤੂੰ ਮੈਨੂੰ ਧੁੱਪ ਦੀ ਦਾਤ ਬਖਸ਼ੀ ਮੈਂ ਫਿਰ ਸੰਵਰੀ ਕਾਇਨਾਤ ਸਿਰਜੀ ਤੂੰ ਮੇਰੇ ਤੋਂ ਹਜ਼ਾਰਾਂ ਲੱਖਾਂ ਕਰੋੜਾਂ ਕੋਹਾਂ ਦੂਰ ਫਿਰ ਵੀ ਮੇਰੇ ਕਣ-ਕਣ 'ਚ ਵੱਸਿਆ ਹੈ ਤੇਰਾ ਨੂਰ ਤੇਰਾ ਤੇ ਮੇਰਾ ਕੋਈ ਗਹਿਰਾ ਰਿਸ਼ਤਾ ਆਦਿ ਤੋਂ ਅੰਤ ਤੱਕ ਦਾ ਹਰ ਸਬੰਧ ਤੋਂ ਉਚੇਰਾ ਤੇਰੇ ਨਾਲ ਚੜ੍ਹਦਾ ਸਵੇਰਾ ਮਿਟਦਾ ਹਨ੍ਹੇਰਾ ਮੈਂ ਤੇਰੀ ਧਰਤੀ ਤੂੰ ਮੇਰਾ ਸੂਰਜ ਆਦਮ ਤੇ ਹੱਵਾ ਸਾਡੀ ਹੀ ਨੇ ਮੂਰਤ ਤੂੰ ਸੂਰਜ ਮੈਂ ਧਰਤੀ ਤੇਰੀ ਸਮੁੱਚਤਾ ਤੋਂ ਟੁੱਟਿਆ ਹੋਇਆ ਤੇਰਾ ਅੰਸ਼

20. ਪੰਜਾਬਣ ਧੀ ਦੀਆਂ ਬੋਲੀਆਂ

ਕੱਚੇ ਰੰਗ ਦੇ ਦੁਪੱਟੇ ਕੋਲੋਂ ਡਰ ਗਈ ਮੈਂ ਬਾਬਲੇ ਦੀ ਪੱਗ ਧੋਂਦਿਆਂ। ਚੀਕ ਮਾਰ ਕੇ ਪਿਛਾਂਹ ਭੱਜੇ ਸੁਪਨੇ ਤੂੰ ਨੀਂਦਰਾਂ 'ਚ ਸਿਵਾ ਬਾਲ਼ਿਆ। ਨੀਂ ਮੈਂ ਜੰਮਦੀ ਬਾਦਸ਼ਾਹ ਹੋਈ ਕੁਨਬੇ ਦੀ ਧੌਣ ਝੁਕ ਗਈ। ਮੇਰੀ ਲਹਿੰਦੇ ਵਿਚ ਈਦ ਗੁਆਚੀ ਮੈਂ ਚੜ੍ਹਦੇ 'ਚ ਰਿੰਨ੍ਹਾਂ ਸੇਵੀਆਂ। ਗਿੱਚੀ ਵਿੱਚ ਮਾਂ ਅਕਲ ਦਾ ਵਾਸਾ ਨੀਂ ਹੌਲੀ-ਹੌਲੀ ਗੁੰਦ ਮੀਢੀਆਂ। 'ਗੂਠਾ ਬਾਪੂ ਦਾ ਹਵਾਈ ਅੱਡਾ ਬਣਿਆ ਪੁੱਤਾਂ ਦੇ ਜਹਾਜ਼ ਉੱਡ ਗਏ। ਬਹਿ ਕੇ ਮੌਣ 'ਤੇ ਖਵਾਜਾ ਪੀਰ ਰੋਇਆ ਟਿੰਡਾਂ ਦਾ ਵੈਰਾਗ ਉੱਠਿਆ। ਜਦੋਂ ਪੈਲੀਆਂ 'ਚ ਜਲ-ਥਲ ਹੋਇਆ ਬਾਬਲੇ ਦੇ ਹੰਝੂ ਮੁੱਕ ਗਏ। ਨੀਂ ਮੈਂ ਦੁੱਖਾਂ ਦੇ ਬਰੋਟੇ ਹੇਠਾਂ ਨੱਚਣਾ ਹਾਓਕਿਆਂ ਦੇ ਬੰਨ੍ਹ ਘੁੰਗਰੂ। ਪੈਂਤੀ ਡਰ ਕੇ ਕੰਨਾਂ 'ਤੇ ਹੱਥ ਧਰ ਲਏ ਪੰਜਾਬੀ ਵਾਲਾ ਕਾਇਦਾ ਪਾਟਿਆ। ਵੇ ਮੈਂ ਜੰਦਰਾ ਮਾਰਨਾ ਭੁੱਲ ਗਈ ਰਿਸ਼ਤੇ 'ਚੋਂ ਮੋਹ ਭੱਜ ਗਿਆ। ਭੁੱਬਾਂ ਮਾਰਕੇ ਆਂਦਰਾਂ ਰੋਈਆਂ ਅੰਨਦਾਤਾ ਭੁੱਖਾ ਵੇਖਕੇ। ਵੇ ਮੈਂ ਸ਼ਬਦਾਂ ਦਾ ਡੂੰਮਣਾ ਉਡਾਇਆ ਉਹ ਅਰਥਾਂ ਦਾ ਸ਼ਹਿਦ ਪੀ ਗਿਆ। ਲਾਲ ਰੰਗ ਦਾ ਤੂੰ ਕੁੜਤਾ ਸੰਵਾਇਆ ਚੰਨਾਂ ਸਾਡੀ ਰੱਤ ਚੂਸ ਕੇ। ਧੂਣੀ ਦੇਹ ਦੀ ਧੁਖਾ ਕੇ ਜੱਟ ਦੁਖੀਆ ਸਿਵਿਆਂ 'ਚ ਤਪ ਕਰਦਾ। ਰਹਿਣ ਦਿੱਲੀ ਤੇ ਲਾਹੌਰ ਸਦਾ ਵੱਸਦੇ ਨਨਕਾਣੇ ਵਿਚੋਂ ਬੋਲ ਗੂੰਜਿਆ। ਨੈਣੀਂ ਸੁਰਮਾ ਨੂਰ ਦਾ ਪਾ ਕੇ ਮੈਂ 'ਨ੍ਹੇਰਿਆਂ ਦੀ ਗਲੀ ਲੰਘਦੀ। ਦੇਸ਼ ਛੋਲਿਆਂ ਦੀ ਲੱਪ ਵਾਂਗੂੰ ਚੱਬਿਆ ਵੇ ਹਾਕਮਾ ਬਦਾਮ ਰੰਗਿਆ। ਤੇਲ ਨੈਣਾਂ ਵਾਲੇ ਦੀਵਿਆਂ 'ਚੋਂ ਡੋਲ੍ਹਿਆ ਵੇ ਸੂਰਜ ਦੇ ਮੁੱਖ ਵਾਲਿਆ। ਮੇਰੀ ਡੋਲੀ ਤੋਂ ਵਾਰਨਾ ਕੀਤਾ ਨਹਿਰ ਵਾਲਾ ਕਿੱਲਾ ਵੀਰ ਨੇ। ਵੇ ਆ ਪੁੱਟੀਏ ਮੁਹੱਬਤਾਂ ਵਾਲਿਆ ਸੋਚਾਂ 'ਚ ਨਦੀਨ ਉੱਗਿਆ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ