Punjabi Poetry : Saninder Singh Virdi
ਪੰਜਾਬੀ ਕਵਿਤਾਵਾਂ : ਸਨਿੰਦਰ ਸਿੰਘ ਵਿਰਦੀ
ਮੋਤੀ ਮਿਲੇਗਾ ਕੋਈ ਅਣਮੋਲ ਤੈਨੂੰ
ਮੋਤੀ ਮਿਲੇਗਾ ਕੋਈ ਅਣਮੋਲ ਤੈਨੂੰ, ਤੋੜ ਤੋੜ ਕੇ ਸਿੱਪੀਆਂ ਫੋਲਦਾ ਜਾਹ । ਕੋਈ ਮਿਲੇਗਾ ਰੱਬ ਦੀ ੫ਹੁੰਚ ਵਾਲਾ, ਸਭ ਨੂੰ ਨਾਲ ਵਿਚਾਰ ਦੇ ਤੋਲਦਾ ਜਾਹ। ਤੇਰੀ ਹੋਵੇਗੀ ਕਦੀ ਮੁਰਾਦ ਪੂਰੀ, ਨਾਲ ਸਿਦਕ ਦੇ ਬੀਬਿਆ! ਟੋਲਦਾ ਜਾਹ । "ਵਿਰਦੀ" ਕਦੀ ਤੇ ਮਿਲੇਗਾ ਵੈਦ ਪੂਰਾ, ਪੀੜ ਪੀੜ ਕਰਕੇ ਉੱਚੀ ਬੋਲਦਾ ਜਾਹ ।
ਚੱਲ ਦਿਲਾ ਕੁਝ ਬੋਲ ਤੇ ਸਹੀ
ਚੱਲ ਦਿਲਾ ਕੁਝ ਬੋਲ ਤੇ ਸਹੀ ਦਿਲ ਦੀ ਕੁੰਡੀ ਖੋਲ ਤੇ ਸਹੀ ਇਸ ਤਨ ਨੂੰ ਸਮਜਾਵਾਂ ਕਿਵੇਂ ਮੱਥੇ ਤਿਲਕ ਲਗਾਵਾਂ ਕਿਵੇਂ ਆਪਣਾ ਆਪ ਫਰੋਲ ਤੇ ਸਹੀ ਦਿਲ ਦੀ ਕੁੰਡੀ ਖੋਲ ਤੇ ਸਹੀ ਤੀਰਥ ਜਾ ਜਾ ਥੱਕ ਗਏ ਆ ਪੋਥੀਆ ਪੜ ਪੜ ਅੱਕ ਗਏ ਆ ਕੋਈ ਇਸ਼ਕ ਦੀ ਬਾਣੀ ਬੋਲ ਤੇ ਸਹੀ ਦਿਲ ਦੀ ਕੁੰਡੀ ਖੋਲ ਤੇ ਸਹੀ ਪਾਪ ਧੋਣ ਨੂੰ ਜੀ ਕਰਦਾ ਹੈ ਮਰ ਕੇ ਜਿਉਣ ਨੂੰ ਜੀ ਕਰਦਾ ਹੈ ਕਦੇ ਤਾਂ ਅੰਮ੍ਰਿਤ ਟੋਹਲ ਤੇ ਸਹੀ ਦਿਲ ਦੀ ਕੁੰਡੀ ਖੋਲ ਤੇ ਸਹੀ "ਵਿਰਦੀ" ਮੈ ਮੈ ਕਰਦਾ ਰਹਿਣਾ ਐਵੇਂ ਜੈ ਜੈ ਕਰਦਾ ਰਹਿਣਾ ਕਦੀ ਤਾਂ ਤੂੰ ਤੂੰ ਬੋਲ ਤੇ ਸਹੀ ਦਿਲ ਦੀ ਕੁੰਡੀ ਖੋਲ ਤੇ ਸਹੀ !!
ਬਦਲ ਰਿਹਾ ਹੈ ਮਨ ਮੇਰਾ
ਬਦਲ ਰਿਹਾ ਹੈ ਮਨ ਮੇਰਾ ਕੋਈ ਇਸ ਨੂੰ ਆਕੇ ਸਮਝਾਵੋ ਲੈ ਆਵੋ ਚਾਰੇ ਪੋਥੀਆਂ -ਓ-ਅ- ਤੋਂ ਪੜ੍ਹਾਵੋ, ਕਿਹੜਾ ਸਾਥ ਨਿਭਾਊ -ਵਿਰਦੀ- ਕਿਸ ਨੂੰ ਫੜਾਵੇ ਪੱਲਾ, ਲੱਖਾਂ ਯਾਰ ਬਣਾ ਲੈ ਭਾਵੇਂ ਜਾਣਾਂ ਪੈਣਾਂ ਕੱਲਾ,
ਰਾਹਾਂ ਉਤੇ ਧੂੜ ਪਈ ਉੱਡੇ
ਰਾਹਾਂ ਉਤੇ ਧੂੜ ਪਈ ਉੱਡੇ ਵਿੱਚ ਦਰਵਾਜ਼ੇ ਮੈਂ ਖੜ੍ਹੀ ਹਾਂ ਰੀਝ ਲਾਕੇ ਦੇਖ ਰਹੀਂ ਹਾਂ ਖਾਬਾਂ ਦੇ ਨਾਲ ਖੇਡ ਰਹੀਂ ਹਾਂ । ਪਿੱਛੇ ਮੁੜਕੇ ਵਿਹੜਾ ਤੱਕਾਂ ਚੁੱਪ ਦੇ ਰੁਖ ਦੀ ਛਾਂ ਹੈ ਗੂੜ੍ਹੀ ਟੁੱਟੇ ਵਾਣ ਦੀ ਮੰਜੀ ਡਾਹ ਕੇ ਸਮੇਂ ਨੂੰ ਸੁੱਤਾ ਦੇਖ ਰਹੀਂ ਹਾਂ !
ਰੱਬ ਦਾ ਮੰਦਰ
ਕੌਣ ਹੈ ਜੋ ਅੰਦਰ ਬੈਠਾ ਜਿਹੜਾ ਕਹਿੰਦਾ ਮੇਰਾ ! ਪਹਿਚਾਣ ਆਪਣੀ ਗੁਪਤ ਹੈ ਰੱਖਦਾ ਅੰਦਰ ਬੈਠਾ ਜਿਹੜਾ ! ਸੋਹਣੀਆ ਅੱਖਾਂ ਸੋਹਣਾ ਮੁੱਖ ਹੈ ਸੋਹਣਾ ਤਨ ਹੈ ਮੇਰਾ ! ਜੱਦ ਮੈ ਪੂਛਾ ਕੋਣ ਹੈ ਭਾਈ ਤੂੰ ਚੁੱਪ ਹੋ ਜਾਂਦਾ ਜਿਹੜਾ ! ਮੇਰਾ ਮੇਰਾ ਜਿਹੜਾ ਕਰਦਾ ਜਿਹੜਾ ਬੈਠਾ ਅੰਦਰ ਹੈ ! ਉਸਨੇ ਤੈਨੂੰ ਸਿਰਜਿਆ ਵਿਰਦੀ ਤਨ ਓਸ ਦਾ ਹੀ ਮੰਦਰ ਹੈ!!
ਮਾਂ ਦੀ ਅਸੀਸ ਧੀ ਨੂੰ
ਵਾਜੇ ਵੱਜਦੇ ਬੂਹੇ ਤੇ ਹੋਣ ਖੁਸ਼ੀਆਂ, ਗਾਵਣ ਮੰਗਲਾਚਾਰ ਦੇ ਗੀਤ ਸਾਰੇ। ਕੱਠਾ ਹੋ ਗਿਆ ਏ ਮੇਲ ਗੇਲ ਆਕੇ, ਖੁਸ਼ੀ ਮਾਣਦੇ ਨੇ ਭਾਈ ਮੀਤ ਸਾਰੇ। ਮੈਂ ਵੀ ਹੱਸਦੀ ਹੱਸਦੀ ਕਰੀ ਜਾਵਾਂ, ਚਾਂਈ ਚਾਂਈਂ ਪੂਰੇ ਰਸਮ ਰੀਤ ਸਾਰੇ। ਪਰ ਕੌਣ ਜਾਣੇ ਕੀ ਖਿਆਲ ਆਕੇ, ਸੀਨੇ ਵਿੱਚ ਮੇਰੇ ਰਹੇ ਬੀਤ ਸਾਰੇ। ਜਿਸਮ ਜਾਨ ਤੇ ਜਿਗਰ ਦਾ ਜੋ ਟੁਕੜਾ, ਕੁਖੋਂ ਜੰਮਿਆ ਸ਼ੀਰ ਪਿਆਇਆ ਜਿਸਨੂੰ। ਵਾਂਗ ਪੁਤਰਾਂ ਲਾਡ ਲਡਾਇਆ ਜਿਸਨੂੰ, ਚਾਂਈਂ ਚਾਂਈਂ ਸਕੂਲ ਪੜਾਇਆ ਜਿਸਨੂੰ। ਉਸ ਤੋਂ ਵਿਛੜਨੇ ਦਾ ਸਮਾਂ ਆ ਗਿਆ ਏ, ਸਦਾ ਵੇਖਕੇ ਦਿਲ ਪਰਚਾਇਆ ਜਿਸਨੂੰ। ਕਿਵੇਂ ਰਹਾਂਗੀ ਹੁਣ ਡਿੱਠੇ ਬਾਝ ਉਸਦੇ, ਅਖੋ ਪਰੇ ਨਾ ਕੱਦੀ ਹਟਾਇਆ ਜਿਸਨੂੰ। ਲਾਡਾਂ ਪਾਲੀਏ, ਮੇਰੀਏ ਲਾਡਲੀਏ ਨੀ, ਜਾਣਾ ਤੂੰ ਹੁਣ ਨਵੇਂ ਸੰਸਾਰ ਅੰਦਰ। ਓਥੇ ਕੰਮ ਆਉਣੀ ਖੂਬ ਸੁਣਦੀ ਜਾਵੀਂ, ਮੇਰੀ ਸਿਖਿਆ ਲਫਜ਼ ਦੋ ਚਾਰ ਅੰਦਰ। ਤੁਰੀਂ ਸੌਰਿਆਂ ਦੀ ਸਦਾ ਤਾਰ ਅੰਦਰ, ਆਪਣੀ ਜਿਤ ਸਮਝੀਂ ਸਦਾ ਹਾਰ ਅੰਦਰ। ਸੱਜੀ ਰਹੀਂ ਸੇਵਾ ਦੇ ਸ਼ਿੰਗਾਰ ਅੰਦਰ, ਸਮਝੀਂ ਫਰਕ ਨਾ ਪਤੀ ਤੇ ਕਰਤਾਰ ਅੰਦਰ। ਜਤ ਸਤ ਦੇ ਗਹਿਣੇਂ ਹੰਡਾਈ ਬੇਟੀ, ਸ਼ਰਮ ਧਰਮ ਦੀ ਸਦਾ ਪੁਸ਼ਾਕ ਪਾਂਵੀਂ। ਮੂੰਹ ਤੇ ਰਹੀਂ ਮਲਦੀ ਖਿਮਾਂ ਦਾ ਪੋਡਰ, ਬਿੰਦੀ ਨਿਮਰਤਾ ਵਾਲੀ ਮੱਥੇ ਤੇ ਲਾਵੀਂ। ਦਯਾ ਦੀ ਸੁਰਖੀ ਤੇ ਪ੍ਰੇਮ ਦਾ ਸੁਰਮਾਂ, ਕੰਘੀ ਕੰਤ ਦੀ ਸੇਵਾ ਵਾਲੀ ਰੋਜ਼ ਵਾਹਵੀਂ। ਮਹਿੰਦੀ ਹੱਥਾਂ ਤੇ ਲਾਵੀਂ ਉਪਕਾਰ ਵਾਲੀ, ਸਦਾ ਪਤੀ ਪਰਮਾਤਮਾ ਦੇ ਗੀਤ ਗਾਵੀਂ। ਰੱਬ ਸੁਖਾਂ ਵਾਲੇ ਬੂਹੇ ਖੋਲ ਦੇਵੇ, ਵਸੇ ਖੁਸ਼ੀ ਦਾ ਸਦਾ ਮਹੱਲ ਤੇਰਾ। ਆਉਂਦੀ ਰਹੇ ਹਵਾ ਸਦਾ ਬਰਕਤ ਵਾਲੀ, ਮੂੰਹ ਸਦਾ ਰਹੇ ਖੁਸ਼ੀਆਂ ਵੱਲ ਤੇਰਾ। ਦੁੱਖ ਵੇਖਣਾ ਕਦੀ ਨਾ ਨਸੀਬ ਹੋਵੇ, ਭਾਗ ਰਹਿਣ ਬੈਠੇ ਬੂਹਾ ਮੱਲ ਤੇਰਾ। ਅੰਗ ਸੰਗ ਤੇਰੇ ਸਤਿਗੁਰ ਰਹਿਣ ਧੀਏ, ਰਹੇ ਸਦਾ ਸੁਹਾਗ ਅੱਟਲ ਤੇਰਾ !!