Punjabi Poetry : Sahib Surinder
ਪੰਜਾਬੀ ਕਵਿਤਾਵਾਂ : ਸਾਹਿਬ ਸੁਰਿੰਦਰ
1. ਜਗਤ ਪਸਾਰਾ
ਜਦ ਚਾਹੇਂ ਤੂੰ ਜਗਤ ਪਸਾਰਾ ਹੋ ਜਾਂਦਾ, ਜਦ ਚਾਹੇਂ ਤੂੰ ਧੁੰਦੁਕਾਰਾ ਹੋ ਜਾਂਦਾ। ਕਦੇ ਤਾਂ ਬੇਰੰਗ ਇੱਕ ਓਅੰਕਾਰਾ ਹੋ ਜਾਂਦਾ, ਰੰਗ ਬਰੰਗਾ ਕਦੇ ਖਲਾਰਾ ਹੋ ਜਾਂਦਾ। ਕਦੇ ਤੂੰ ਵਾਹਿਦ ਸੁੰਨ ਸਮਾਧੀ ਵਿੱਚ ਰਹਿਨੈਂ, ਕਦੇ ਪਦਾਰਥ ਬੇਸ਼ੁਮਾਰਾ ਹੋ ਜਾਂਦਾ। ਤੇਰਾ ਦਰਸ਼ਨ ਤਦ ਮਿਲਦਾ ਏ ਯਾ ਅੱਲ੍ਹਾ, ਜਦ ਸਤਿਗੁਰੂ ਦਾ ਗਿਆਨ ਇਸ਼ਾਰਾ ਹੋ ਜਾਂਦਾ। ਨਜ਼ਰਾਂ ਨੂੰ ਤੂੰ ਹਾਜ਼ਰ-ਨਾਜ਼ਰ ਦਿਸਨਾਂ ਏਂ, ਅੱਖੀਆਂ ਭਰਦੀਆਂ ਜਦੋਂ ਨਜ਼ਾਰਾ ਹੋ ਜਾਂਦਾ। ਕਣ-ਕਣ ਸ਼ਕਤੀ ਭਰਿਆ, ਡਰਦਾ ਰਹਾਂ ਉਸਤੋਂ , ਜਿਸਦਾ ਰੱਬ ਸਾਰੇ ਦਾ ਸਾਰਾ ਹੋ ਜਾਂਦਾ। ਉਸਦੇ ਚਰਨ-ਕਮਲ ਧੋ ਧੋ ਕੇ ਪੀਵਾਂ ਮੈਂ, ਜਿਸਨੂੰ ਤੇਰਾ ਇੱਕ ਝਮਕਾਰਾ ਹੋ ਜਾਂਦਾ। ਨ੍ਹੇਰੇ ਜੱਗ ਦੇ ਠੇਡਿਆਂ ਤੋਂ ਉਹ ਬੱਚਦਾ ਏ, ਜਿਸ 'ਤੇ ਰਹਿਮਤ ਦਾ ਲਿਸ਼ਕਾਰਾ ਹੋ ਜਾਂਦਾ।। ਤੇਰੇ ਪਿੱਛੇ ਸੱਜਣਾ ਕਾਹਤੋਂ ਫਿਰਨਾਂ ਸੀ? ਤੇਰੇ ਬਾਝੋਂ ਅਗਰ ਗੁਜ਼ਾਰਾ ਹੋ ਜਾਂਦਾ। ਉਹਨੂੰ ਕਿਹੜੀ ਤਾਕਤ ਜੱਗ ਦੀ ਰੋਕ ਲਊ, ਸਤਿਗੁਰੂ ਜੀਹਦਾ ਆਪ ਸਹਾਰਾ ਹੋ ਜਾਂਦਾ। ਧੰਨ ਹੈ ਉਹ ਜਿਸਨੂੰ ਵੀ ਪੂਰਨ ਸਤਿਗੁਰੂ ਦਾ, ਗੁਰਸਿੱਖਾਂ ਚੋਂ ਪਾਕ ਦੀਦਾਰਾ ਹੋ ਜਾਂਦਾ। 'ਸਾਹਿਬ' ਝੋਲੀ ਪਾ ਦੇਓ ਪਰਮ ਅਵਸਥਾ ਨੂੰ, ਆਕਾਰੋਂ ਨਿਰੰਕਾਰ ਦੁਬਾਰਾ ਹੋ ਜਾਂਦਾ।
2. ਔਰਤ
ਔਰਤ, ਔਰਤ ਤੋਂ ਸੜਦੀ ਵੇਖੀ, ਵੈਰ ਔਰਤ ਨਾਲ ਕਰਦੀ ਵੇਖੀ। ਸੱਸ ਵੀ ਔਰਤ ਨੂੰਹ ਵੀ ਔਰਤ, ਇੱਕ ਦੂਜੀ ਨਾਲ ਲੜਦੀ ਵੇਖੀ। ਔਰਤ ਦੇ ਹੱਕ ਵਿੱਚ ਨਾ ਔਰਤ, ਤਾਂ ਮਰਦਾਂ ਤੋਂ ਡਰਦੀ ਵੇਖੀ। ਔਰਤ ਬਾਰੇ ਇੱਕ ਔਰਤ ਹੀ, ਕੰਨ ਔਰਤ ਦੇ ਭਰਦੀ ਵੇਖੀ। ਮਰਦਾਂ ਤੋਂ ਨਾ ਹਾਰੇ ਨਾਰੀ, ਔਰਤਾਂ ਕੋਲੋਂ ਹਰਦੀ ਵੇਖੀ। ਇੱਕ ਮਾਂ ਹੀ ਉਹ ਔਰਤ ਹੈ ਜੋ, ਪੀੜ ਧੀਆਂ ਦੀ ਜਰਦੀ ਵੇਖੀ। ਔਰਤ ਦੀ ਲਾਈ ਅੱਗ ਅੰਦਰ, ਪੱਲ-ਪੱਲ ਔਰਤ ਮਰਦੀ ਵੇਖੀ। 'ਸਾਹਿਬ' ਤਾਹੀਓਂ ਅੱਗ ਦਾ ਸਾਗਰ, ਹਰ ਇੱਕ ਔਰਤ ਤਰਦੀ ਵੇਖੀ।
3. ਇਬਾਦਤ
ਦਰ ਮੁਰਸ਼ਦ ਦੇ ਮੁੱਕ ਜਾਣਾ, ਇਹੀ ਰੱਬ ਦੀ ਇਬਾਦਤ ਹੈ। ਇਸ ਅੱਲ੍ਹਾ ਚ ਲੁੱਕ ਜਾਣਾ, ਇਹੀ ਰੱਬ ਦੀ ਇਬਾਦਤ ਹੈ। ਪਰਦਾ ਅੱਖ 'ਤੇ ਮਾਇਆ ਦਾ, ਖੁਦਾ ਦਿਸੇ ਤਾਂ ਕਿੰਝ ਦਿਸੇ? ਗੁਰੂ ਦਾ ਪਰਦਾ ਚੁੱਕ ਜਾਣਾ, ਇਹੀ ਰੱਬ ਦੀ ਇਬਾਦਤ ਹੈ। ਬਿਨਾਂ ਮੁਰਸ਼ਦ ਦੀ ਗੱਲ ਮੰਨਿਆਂ, ਇਬਾਦਤ ਹੋ ਨਹੀਂ ਸਕਦੀ। ਗੁਰੂ ਦੀ ਗੱਲ 'ਤੇ ਢੁੱਕ ਜਾਣਾ, ਇਹੀ ਰੱਬ ਦੀ ਇਬਾਦਤ ਹੈ। ਬਿਨਾਂ ਪਾਣੀ ਜਿਵੇਂ ਮਛਲੀ, ਤੜਪਦੀ ਏ, ਵਿਲਕਦੀ ਏ। ਬਿਨਾਂ ਗੁਰੂ, ਸਾਹ ਦਾ ਸੁੱਕ ਜਾਣਾ, ਇਹੀ ਰੱਬ ਦੀ ਇਬਾਦਤ ਹੈ। ਰਾਹ ਜਿਹੜੇ ਗੁਰੂ ਤੋਰੇ, ਜ਼ਿੰਦਗੀ ਭਰ ਤੁਰੇ ਰਹਿਣਾ। ਗੁਰੂ ਰੋਕੇ ਤਾਂ ਰੁੱਕ ਜਾਣਾ, ਇਹੀ ਰੱਬ ਦੀ ਇਬਾਦਤ ਹੈ । ਮਨੋਂ ਗੱਲਾਂ ਕਰਾਂ ਲੱਖਾਂ, ਗੁਰੂ ਦੀ ਗੱਲ ਬਰਾਬਰ ਨਾ। ਗੁਰੂ ਭਾਉਂਦੀ ਕਹਿ ਤੁੱਕ ਜਾਣਾ, ਇਹੀ ਰੱਬ ਦੀ ਇਬਾਦਤ ਹੈ । ਇਹਦੀ ਰਹਿਮਤ ਬਿਨਾਂ 'ਸਾਹਿਬ', ਲਿਖੇ ਕਿਹੜਾ ਗਾਏ ਕਿਹੜਾ? ਮਿਲੇ ਇਜ਼ਤ ਤਾਂ ਝੁੱਕ ਜਾਣਾ, ਇਹੀ ਰੱਬ ਦੀ ਇਬਾਦਤ ਹੈ।
4. ਬਸਤਾ
ਸਕੂਲੇ ਗਿਆ ਨਾ ਬਸਤਾ ਪਾ ਕੇ, ਫਿਰਦੈ ਕਹੀ ਵਿੱਚ ਦਸਤਾ ਪਾ ਕੇ। ਮਜਦੂਰੀ ਲਈ ਲੈ ਗਿਆ ਕੋਈ, ਉਸ ਮੁੰਡੇ ਨੂੰ ਸਸਤਾ ਪਾ ਕੇ। ਗ਼ਮ ਵੀ ਉਸਤੋਂ ਜਾਨ ਛੁਡਾਉਂਦੇ, ਉਸ ਨੂੰ ਵੱਧ ਵਾਬਸਤਾ ਪਾ ਕੇ। ਮੰਜ਼ਿਲ ਛੱਡ'ਤੀ ਅਫ਼ਸਰ ਵਾਲੀ, ਮਜਦੂਰੀ ਜਿਹਾ ਰਸਤਾ ਪਾ ਕੇ। ਪੜ੍ਹਨ ਦਾ ਸੁਪਨਾ ਛੱਡ ਗਿਆ 'ਸਾਹਿਬ', ਘਰ ਦੀ ਹਾਲਤ ਖਸਤਾ ਪਾ ਕੇ।
5. ਰੱਬ ਦੇ ਨੇੜੇ
ਜਿਹੜੇ ਬੰਦੇ ਰੱਬ ਦੇ ਨੇੜੇ ਰਹਿੰਦੇ ਨੇ, ਮਸਤੀਖਾਨੇ ਦਿਲ ਦੇ ਵਿਹੜੇ ਰਹਿੰਦੇ ਨੇ। ਗ਼ਮ ਨੂੰ ਰਾਹ ਨਾ ਲੱਭੇ ਨੇੜੇ ਆਵਣ ਦਾ, ਖੁਸ਼ੀਆਂ ਵੱਲੋਂ ਏਦਾਂ ਘੇਰੇ ਰਹਿੰਦੇ ਨੇ। ਅੱਖੀਆਂ ਦੇ ਵਿੱਚ ਸੂਰਤ ਰਹਿੰਦੀ ਮੁਰਸ਼ਦ ਦੀ, ਹਰਦਮ ਖੁਸ਼ ਉਹਨਾਂ ਦੇ ਚੇਹਰੇ ਰਹਿੰਦੇ ਨੇ। ਦੁੱਖ ਨਾ ਨੇੜੇ ਲੱਗੇ ਕਰਦੇ ਸਿਮਰਨ ਜੋ, ਉਸਦੇ ਘਰ ਵਿੱਚ ਖੁਸ਼ੀਆਂ ਖੇੜੇ ਰਹਿੰਦੇ ਨੇ। ਸਤਿਗੁਰੂ ਨੂੰ ਹਰ ਵੇਲੇ ਇਹੋ ਤਾਂਘ ਰਹੇ, ਰੱਬ ਨੂੰ ਮਿਲਣੋਂ ਵਾਂਝੇ ਕਿਹੜੇ ਰਹਿੰਦੇ ਨੇ? ਮਾਇਆ ਨੂੰ ਜੋ ਟਿੱਚ ਜਾਣਦੈ ਉਹਨਾਂ ਦੇ, ਕਦਮਾਂ ਵਿੱਚ ਮਾਇਆ ਦੇ ਡੇਰੇ ਰਹਿੰਦੇ ਨੇ। ਚੰਦਨ ਦੀ ਖੁਸ਼ਬੂ ਨਾਲ ਉਹ ਵੀ ਭਰ ਜਾਂਦੇ, ਚੰਦਨ ਦੇ ਜੋ ਨੇੜੇ-ਤੇੜੇ ਰਹਿੰਦੇ ਨੇ। ਹਰ ਬੰਦਾ ਹੀ ਖੁਦ ਨੂੰ ਨਾਢੂ ਖਾਂ ਜਾਣੇ, ਵਿਰਲਿਆਂ ਵਿੱਚ ਸਿੱਖਣ ਦੇ ਜੇਰੇ ਰਹਿੰਦੇ ਨੇ। ਮਾੜੇ ਤੋਂ ਮਾੜੇ ਵੀ ਚੰਗੇ ਹੋ ਜਾਂਦੇ, ਚੰਗਿਆਂ ਦੇ ਜੋ ਨੇੜੇ-ਤੇੜੇ ਰਹਿੰਦੇ ਨੇ। ਰੱਬ ਅੰਦਰ ਆਨੰਦ, ਸ਼ਾਂਤੀ, ਭਗਤੀ ਏ, ਦੁਨੀਆਂ ਵਿੱਚ ਤਾਂ ਝਗੜੇ ਝੇੜੇ ਰਹਿੰਦੇ ਨੇ। ਉਹਨਾਂ ਦੀ ਗੱਲ “ਸਾਹਿਬ” ਰੱਬ ਵੀ ਟਾਲੇ ਨਾ, ਕਰਦੇ ਭਗਤੀ ਹਰਦਮ ਜਿਹੜੇ ਰਹਿੰਦੇ ਨੇ।
6. ਮਜਦੂਰੀ
ਜਿਹੜੇ ਨੇ ਮਜਦੂਰੀ ਕਰਦੇ, ਨਾਲ ਬੜੀ ਮਜਬੂਰੀ ਕਰਦੇ। ਤਾਜ ਮਹੱਲ ਮਜਦੂਰ ਬਣਾਵੇ, ਹਾਕਮ ਦੀ ਮਸ਼ਹੂਰੀ ਕਰਦੇ। ਵਹਾ ਕੇ ਖੂਨ-ਪਸੀਨਾ ਘਰ ਦੀ , ਲੋੜ ਮਸਾਂ ਹੀ ਪੂਰੀ ਕਰਦੇ। ਘਰਵਾਲੀ ਮਜਦੂਰੋਂ ਘੱਟ ਹੈ? ਮੁਫਤੀਂ ਜੀਅ ਹਜ਼ੂਰੀ ਕਰਦੇ। ਭੁੱਖਮਰੀ ਤੇ ਅਨਪੜ੍ਹਤਾ ਹੈ, ਹਾਕਮ ਕਿਉਂ ਮਗਰੂਰੀ ਕਰਦੇ? ਨੀਤ ਹੈ ਖ਼ਤਮ ਗਰੀਬੀ ਕਰਨੀ? ਵਿਦਿਆ ਫੇਰ ਜ਼ਰੂਰੀ ਕਰਦੇ। ਰੱਬਾ ਮੇਹਨਤਕਸ਼ ਲੋਕਾਂ ਦੀ, ਜ਼ਿੰਦਗੀ ਨੂਰੋ-ਨੂਰੀ ਕਰਦੇ। ਅਮੀਰ-ਗਰੀਬਾਂ ਵਿੱਚਲੀ 'ਸਾਹਿਬ', ਖਤਮ ਸਦਾ ਲਈ ਦੂਰੀ ਕਰਦੇ।
7. ਮੁਹੱਬਤ
ਮੁਹੱਬਤ ਪਾਕ ਕਰੀਏ ਤਾਂ ਇਬਾਦਤ ਤੋਂ ਨਾ ਘੱਟ ਹੋਣੀ, ਆਏ ਦਿਲ ਵਿੱਚ ਜੇ ਖੁਦਗਰਜ਼ੀ ਮੁਹੱਬਤ ਪਾਪ ਝੱਟ ਹੋਣੀ। ਤੇਰੀ ਮੂਰਤ ਮੇਰੇ ਸੱਜਣਾ ਨਾ ਇੱਕ ਪੱਲ ਜ਼ਿਹਨ ਚੋਂ ਨਿਕਲੇ, ਤੇਰੇ ਬਿਨ ਗ਼ੈਰ ਦੀ ਮੂਰਤ ਜੇ ਸੱਚ ਪੁੱਛੇਂ ਨਾ ਰੱਟ ਹੋਣੀ। ਦਿਲ ਵਪਾਰ ਕਰਨਾ ਏਂ ਤਾਂ ਰੱਖ ਇਤਬਾਰ ਦਿਲਬਰ ‘ਤੇ, ਰੱਖਦੈਂ ਦਿਲ ਦੇ ਵਿੱਚ ਸ਼ਿਕਵੇ ਮੁਹੱਬਤ ਨਹੀਓਂ ਵੱਟ ਹੋਣੀ। ਤੈਨੂੰ ਤੱਕ-ਤੱਕ ਕੇ ਚੱਲਦੇ ਸਾਹ ਤੇ ਮੇਰਾ ਧੜਕੇ ਦਿਲ “ਸਾਹਿਬ”, ਤੂੰ ਨਾ ਜਾਵੀਂ ਤੇਰੇ ਬਿਨ ਜ਼ਿੰਦਗੀ ਮੈਥੋਂ ਨਾ ਕੱਟ ਹੋਣੀ।
8. ਰੱਖੜੀ
ਗੁੱਟ ਤੇਰੇ ਰੱਖੜੀ ਸਜਾਈ ਵੀਰਿਆ, ਨਾਲੇ ਮਠਿਆਈ ਵੀ ਖਵਾਈ ਵੀਰਿਆ। ਦਿਲ ਵਾਲੀ ਗੱਲ ਨਾ ਲੁਕਾਵਾਂ ਤੇਰੇ ਤੋਂ, ਗਿਫਟ ਇੱਕ ਬਦਲੇ ਚ ਚਾਹਵਾਂ ਤੇਰੇ ਤੋਂ। ਨਾ ਪੈਸੇ ਸੋਨਾ ਨਾ ਹੀ ਕਾਰ ਮੰਗਦੀ, ਪ੍ਰਣ ਤੈਥੋਂ ਇੱਕ ਏਸ ਵਾਰ ਮੰਗਦੀ। ਹਰ ਕੁੜੀ ਕਿਸੇ ਦੀ ਤਾਂ ਭੈਣ ਹੁੰਦੀ ਆ, ਬਾਪ ਦੀ ਉਹ ਇਜ਼ਤ ਤੇ ਚੈਨ ਹੁੰਦੀ ਆ। ਆਪਣੀ ਜੇ ਕਰਦਾ ਏਂ ਭੈਣ ਨੂੰ ਪਿਆਰ, ਮੇਰੇ ਜਿਹਾ ਕਰੀਂ ਔਰਤਾਂ ਦਾ ਸਤਿਕਾਰ। ਭੁੱਲ ਕੇ ਵੀ ਕਹਿ ਕਿਤੇ ਮਾਲ ਨਾ ਦਵੀਂ, ਅੱਜ ਤੋਂ ਗਾਂਹ ਭੈਣ ਵਾਲੀ ਗਾਲ੍ਹ ਨਾ ਦਵੀਂ। ਸਾਹਿਬ ਤੈਥੋਂ ਮੰਗ ਮੰਗਾਂ ਇਹੀ ਵੀਰੀਆ ਰਾਜ਼ੀ ਖੁਸ਼ੀ ਜੁੱਗ-ਜੁੱਗ ਜੀਅ ਵੀਰਿਆ।
9. ਨਿਆਮਤ
ਹਯਾਤੀ ਕੋਲੋਂ ਨਾ ਪੁੱਛ, ਕਿਆਮਤ ਕੀ ਏ? ਬਾਦਸ਼ਾਹ ਕੀ ਦੱਸੇ ਕਿ ਸ਼ਾਮਤ ਕੀ ਏ? ਜਾਇਦਾਦ ਲਈ ਮਰਨਾਂ ਮਾਰਨਾ ਏਂ ਕਿਉਂ, ਗਈ ਜਾਨ ਤੇ ਬਾਕੀ ਸਲਾਮਤ ਕੀ ਏ? ਨਾ ਰਹੇ ਗਰੀਬੀ ਅਮੀਰੀ ਦਾ ਫਰਕ, ਏਸ ਮੌਤ ਤੋਂ ਵੱਡੀ ਕਰਾਮਤ ਕੀ ਏ? ਬਾਝ ਸ਼ਰਧਾ ਪਾਣੀ ਹੈ ਆਮ ਇਹ ਵੀ, ਸ਼ਰਧਾਵਾਨ ਨੂੰ ਪੁੱਛ ਚਰਨਾਮਤ ਕੀ ਏ? ‘ਇਹੋ ਸਿੱਖਿਆ ਈ ਆਪਣੇ ਗੁਰਾਂ ਕੋਲੋਂ?” ਵੱਧ ਏਸ ਤੋਂ ਹੋਰ ਅਲਾਮਤ ਕੀ ਏ? ਸਿਹਤਯਾਬੀ ਦੁਆਵਾਂ ‘ਚ ਮੰਗ “ਸਾਹਿਬ”, ਤੰਦਰੁਸਤੀਓਂ ਵੱਡੀ ਨਿਆਮਤ ਕੀ ਏ?
10. ਹਸਰਤ
ਕਿਸੇ ਦਾ ਰੱਬ ਹੋਵੇਂਗਾ ਕਿਸੇ ਦਾ ਯਾਰ ਹੋਵੇਂਗਾ, ਕਿਸੇ ਦਾ ਦਿਲ ਜਾਂ ਦਿਲਬਰ ਮੇਰੇ ਦਿਲਦਾਰ ਹੋਵੇਂਗਾ। ਤੇਰਾ ਜ਼ਹੂਰ ਦਸਦਾ ਏ ਕਿ ਤੂੰ ਕੋਈ ਆਮ ਨਹੀਂ ਬੰਦਾ, ਖੁਦਾ ਜੇ ਨਹੀਂ ਤਾਂ ਫਿਰ ਲਾਜ਼ਿਮ ਖੁਦਾ ਦਾ ਯਾਰ ਹੋਵੇਂਗਾ। ਵਕਤ ਖਾਸਾ ਲਗਾ ਕੇ ਰੱਬ ਨੇ ਤੈਨੂੰ ਬਣਾਇਆ ਏ, ਪਏ ਝੁਰਮਟ ਫਰਿਸ਼ਤਿਆਂ ਦੇ ਤੂੰ ਕਦ ਤਿਆਰ ਹੋਵੇਂਗਾ? ਫਰਿਸ਼ਤੇ ਇਲਤਜ਼ਾ ਕਰਦੇ ਸੀ ਆਪਣੇ ਨਾਲ ਰੱਖਣ ਦੀ, ਤੂੰ ਬੰਦਿਆਂ ਚ ਫਿਰਦੈਂ! ਕਰਦਾ ਇਨਕਾਰ ਹੋਵੇਂਗਾ। “ਸਾਹਿਬ” ਇਨਸਾਨਾਂ ਦਾ ਤੇਰੇ ‘ਤੇ ਕਾਇਲ ਹੋਣਾ ਜਾਇਜ਼ ਏ, ਤੂੰ ਤੇ ਰੱਬ ਦੀ ਹਸਰਤ ਚ ਵੀ ਸ਼ੁਮਾਰ ਹੋਵੇਂਗਾ।
11. ਅੰਮ੍ਰਿਤ ਵੇਲੇ
ਅੰਮ੍ਰਿਤ ਵੇਲੇ ਜਦੋਂ ਇਬਾਦਤ ਹੁੰਦੀ ਏ, ਅੱਲ੍ਹਾ ਵੱਲੋਂ ਆਪ ਹਿਫਾਜ਼ਤ ਹੁੰਦੀ ਏ। ਉਸ ਵੇਲੇ ਜੋ ਮੰਗੋ, ਝੋਲੀ ਪੈ ਜਾਂਦਾ, ਲੁੱਟ ਲਓ ਭਾਵੇਂ ਰੱਬ, ਇਜਾਜ਼ਤ ਹੁੰਦੀ ਏ। ਗੁਰੂ ਮੰਤਰ ਦਾ ਉਸ ਵੇਲੇ ਜੋ ਧਿਆਨ ਕਰੇ, ਬਿਆਨ ਨਾ ਹੋਵੇ ਜੋ ਕਰਾਮਤ ਹੁੰਦੀ ਏ। ਥੋੜੀ ਜਿਨ੍ਹੀ ਮਿਹਨਤ ਬਹੁਤਾ ਫਲਦੀ ਏ, ਅੰਮ੍ਰਿਤ ਵੇਲੇ ਐਨੀ ਰਹਿਮਤ ਹੁੰਦੀ ਏ। ਘੱਟ ਸੌਣਾ ਘਟ ਖਾਣਾ ਗੁਣ ਹੈ ਸੰਤਾ ਦਾ, ਬਹੁਤਾ ਸੌਣਾ ਮਾੜੀ ਆਦਤ ਹੁੰਦੀ ਏ। ਮਨ, ਬੁੱਧੀ ਤੇ ਗਲਾ ਸਥਿਰ ਤੇ ਸ਼ਾਂਤ ਉਦੋਂ, ਦਿਨ ਵਿੱਚ ਫਿਰ ਨਾ ਵੈਸੀ ਹਾਲਤ ਹੁੰਦੀ ਏ। ਬੇਸੁਰਿਆਂ ਦੇ ਗਲੇ ਸੁਰੀਲੇ ਹੋ ਜਾਂਦੇ, ਅੰਮ੍ਰਿਤ ਵੇਲੇ ਜਦੋਂ ਰਿਆਜ਼ਤ ਹੁੰਦੀ ਏ। ਹਰ ਗੁਸਤਾਖੀ ਬਖਸ਼ੀ ਜਾਂਦੀ ਏ 'ਸਾਹਿਬ', ਉਸ ਵੇਲੇ ਕੁਝ ਖਾਸ ਰਿਆਇਤ ਹੁੰਦੀ ਏ।
12. ਰਹਿਨਾਂ ਵਾਂ
ਇਲਾਹੀ ਇਸ਼ਕ ਦੇ ਵਿੱਚ ਇਸ ਤਰ੍ਹਾਂ ਗੁਲਤਾਨ ਰਹਿਨਾਂ ਵਾਂ, ਤੂੰ ਮੇਰੇ ਵਿੱਚ, ਮੈਂ ਤੇਰੇ ਵਿੱਚ ਮੇਰੇ ਭਗਵਾਨ ਰਹਿਨਾਂ ਵਾਂ। ਤੇਰਾ ਜਦ ਜ਼ਿਕਰ ਕਰਦਾ ਵਾਂ ਤੇ ਚੁੱਪ ਹੋਵਾਂ ਨਾ ਇੱਕ ਪਲ ਲਈ, ਜ਼ਿਕਰ ਦੁਨੀਆਂ ਦਾ ਜਦ ਚੱਲੇ ਮੈਂ ਬੇ ਜ਼ੁਬਾਨ ਰਹਿਨਾਂ ਵਾਂ। ਜਿਵੇਂ ਦੀਵੇ ਦੇ ਬੁੱਝਦਿਆਂ ਸਾਰ ਨ੍ਹੇਰਾ ਘੇਰ ਲੈਂਦਾ ਏ, ਤੈਨੂੰ ਭੁੱਲਦਾ ਵਾਂ ਜਿਸ ਵੇਲੇ ਉਦੋਂ ਪ੍ਰੇਸ਼ਾਨ ਰਹਿਨਾਂ ਵਾਂ। ਤੇਰਾ ਇਹ ਨੂਰ ਮੈਂ ਤੱਕਿਆ ਏ ਬ੍ਰਹਿਮੰਡਾਂ ਤੋਂ ਵੀ ਵੱਡਾ, ਘਟ-ਘਟ ਵਿੱਚ ਕਿਵੇਂ ਵੱਸਿਆ ਏਂ ਮੈਂ ਹੈਰਾਨ ਰਹਿਨਾਂ ਵਾਂ! ਮੇਰੀ ਹਓਮੈਂ ਹੀ ਤੇਰੇ ਨਾਲ ਇਕਮਿਕ ਹੋਣ ਨਹੀਂ ਦਿੰਦੀ, ਤਾਂ ਹੀ ਤੂੰ ਰੱਬ ਰਹਿਨਾਂ ਏਂ ਤੇ ਮੈਂ ਇਨਸਾਨ ਰਹਿਨਾਂ ਵਾਂ। ਤੇਰੀ ਪਹਿਚਾਨ ਕਰ ਸਕਾਂ ਮੈਂ ਹਰ ਘੱਟ ਚੋਂ ਮੇਰੇ 'ਸਾਹਿਬ', ਭਾਵੇਂ ਮੈਂ ਜਾਣਿਐ ਤੈਨੂੰ ਤਾਂ ਵੀ ਅਨਜਾਣ ਰਹਿਨਾਂ ਵਾਂ।
13. ਪਾਕ ਹੋਵਾਂਗਾ
ਤੇਰੇ ਭਗਤਾਂ ਦੇ ਚਰਨਾਂ ਦੀ ਮੈਂ ਜਿਸ ਦਿਨ ਖਾਕ ਹੋਵਾਂਗਾ, ਜਨਮਾਂ ਤੋਂ ਹਾਂ ਮੈਂ ਪਾਪੀ ਤਾਂ ਪਲ ਵਿੱਚ ਪਾਕ ਹੋਵਾਂਗਾ। ਅਜੇ ਅਖਰ ਵੀ ਨਹੀਂ ਹਾਂ ਮੈਂ ਕਰਾਂ ਹੰਕਾਰ ਕਿਸ ਗੱਲ ਦਾ, ਗੁਰੂ ਦੀ ਮੇਹਰ ਜਦ ਹੋਈ ਤਾਂ ਪੂਰਾ ਵਾਕ ਹੋਵਾਂਗਾ। ਨਿਰਭੈ ਮਿਲ ਗਿਐ ਮੈਨੂੰ ਕੀ ਨਿਰਭੈ ਹੋ ਗਿਆ ਹਾਂ ਮੈਂ? ਗੁਰੂ ਦੀ ਗੱਲ ਕਰਦੇ ਵਕਤ ਕਦ ਬੇਬਾਕ ਹੋਵਾਂਗਾ? ਵਿੱਚ ਸੰਸਾਰ ਦੇ ਰਹਿ ਕੇ ਰਹਾਂ ਉਪਰਾਮ ਯਾ ਅੱਲ੍ਹਾ, ਤੇਰੇ ਨਾਲ ਧਿਆਨ ਜੋੜਨ ਦੀ ਸਦਾ ਵਿੱਚ ਤਾਕ ਹੋਵਾਂਗਾ। ਤੂੰ ਤੇ ਭਗਵਾਨ ਭੋਲਾ ਹੈਂ, ਤੂੰ ਰੀਝੇਂ ਭੋਲਿਆਂ ਉੱਤੇ, ਤੈਨੂੰ ਪਾ ਕੇ ਗੰਵਾ ਬੈਠਾਂਗਾ ਜੇ ਚਲਾਕ ਹੋਵਾਂਗਾ। ਤਾਂ ਹੀ ਮੈਂ ਸਿੱਖ ਹਾਂ ਜੇਕਰ ਸਦਾ ਸਿਖਣੇ ਲਈ ਤਤਪਰ ਹਾਂ, 'ਸਾਹਿਬ' ਜੇ ਮੇਹਰ ਕਰ ਦੇਵੇਂ ਗੁਣਾਂ ਦਾ ਗਾਹਕ ਹੋਵਾਂਗਾ।
14. ਅੱਲ੍ਹਾ ਰੀਝੇ
ਦੂਜਿਆਂ ਲਈ ਜੋ ਕੰਢੇ ਬੀਜੇ, ਉਸ 'ਤੇ ਕਿਦਾਂ ਅੱਲ੍ਹਾ ਰੀਝੇ? ਦੂਜੇ ਦਾ ਜੋ ਖੋਹ ਕੇ ਖਾਂਦੈ, ਉਸਦੇ ਰਹਿੰਦੇ ਖਾਲੀ ਗੀਝੇ। ਖੁਦ 'ਤੇ ਜੋ ਵੀ ਸਹਿ ਨਹੀਂ ਸਕਦੇ, ਦੂਜਿਆਂ ਨਾਲ ਨਾ ਹਰਗਿਜ਼ ਕੀਜੇ। ਚਤੁਰਾਈ ਨਾਲ ਵੈਰ ਏ ਰੱਬ ਦਾ, ਭੋਲੇਪਨ 'ਤੇ ਝੱਟ ਪਸੀਜੇ। ਜੋ ਬੀਝੇਗਾ ਉਹ ਵੱਢੇਗਾ, ਬੰਦੇ ਹੱਥ ਨੇ ਕੁੱਲ ਨਤੀਜੇ। ਗੁੱਸਾ ਕੱਢਿਆਂ ਰੱਬ ਨਾ ਪੱਖ ਵਿੱਚ, ਉਹਦਾ ਹਾਫਿਜ਼ ਜਿਹੜਾ ਪੀਜੇ। 'ਸਾਹਿਬ' ਮੰਗੇ ਸਤਿਗੁਰੂ ਕੋਲੋਂ, ਜ਼ਿੰਦਗੀ ਜੀਵਣ ਦਾ ਚੱਜ ਦੀਜੇ।
15. ਵਹਿਮ
ਤੱਕ-ਤੱਕ ਹੈਰਾਨੀਆਂ ਹੋਂਦੀਆਂ ਨੇ, ਕੈਸੇ ਵਹਿਮ ਨੇ ਲੋਕਾਂ ਨੇ ਪਾਲ ਰੱਖੇ। ਕਈਆਂ ਵਾਲ ਮੁੰਨਾਏ ਨੇ ਰੱਬ ਖਾਤਰ, ਰੱਬ ਵਾਸਤੇ ਕਈਆਂ ਨੇ ਵਾਲ ਰੱਖੇ। ਕਈਆਂ ਨੱਗ ਜੜਾਏ ਨੇ ਮੁੰਦੀਆਂ ਚ, ਕਈਆਂ ਗਲੇ ਤਵੀਤ ਨੇ ਡਾਲ ਰੱਖੇ। ਕਰੇ ਸਜਦੇ ਕੋਈ ਸਿਆਣਿਆਂ ਨੂੰ , ਕਈਆਂ ਦੀਵੇ ਮਜ਼ਾਰਾਂ 'ਤੇ ਬਾਲ ਰੱਖੇ। ਕੋਈ ਹੱਥ ਵਿਖਾਵੇ ਪਿਆ ਜੋਤਸ਼ੀ ਨੂੰ, ਨਿਗਾਹ ਮੇਹਰ ਦੀ ਸ਼ਨੀ ਮਹਾਂਕਾਲ ਰੱਖੇ। ਕੋਈ ਗਾਵਾਂ ਨੂੰ ਰੋਟੀ ਦਾ ਭੋਗ ਲਾਵੇ, ਕੋਈ ਕਾਵਾਂ ਨੂੰ ਪਾਉਣ ਲਈ ਦਾਲ ਰੱਖੇ। ਧਾਗੇ ਬੰਨ'ਤੇ ਪਿੱਪਲ ਦਾ ਸਾਹ ਘੁੱਟਿਆ, ਸੁੱਖਾਂ ਸੁੱਖੀਆਂ ਆਸਾਂ ਵਿੱਚ ਲਾਲ ਰੱਖੇ। ਬਿੱਲੀ ਕੱਟ ਗਈ ਰਾਹ ਨਾ ਤੁਰ ਹੁੰਦਾ, ਛਿੱਕ ਵੱਜੇ ਤਾਂ ਮੁੱਖ 'ਤੇ ਗਾਲ੍ਹ ਰੱਖੇ। ਟੰਗੇਂ ਬੂਹੇ 'ਤੇ ਨਿੰਬੂਆਂ ਮਿਰਚੀਆਂ ਨੂੰ, ਰਾਸ਼ੀਫਲਾਂ ਦਾ ਪੂਰਾ ਖਿਆਲ ਰੱਖੇ। ਦਹੀਂ ਖਾ ਕੇ ਦੇਣ ਨੂੰ ਜਾਣ ਪੇਪਰ, ਮੋਰਪੰਖ ਕਿਤਾਬਾਂ ਚ ਨਾਲ ਰੱਖੇ। ਇਹਨਾਂ ਵਹਿਮਾਂ ਤੋਂ ਉਹੋ ਈ ਬਚੇ 'ਸਾਹਿਬ', ਜੀਹਨੂੰ ਸਤਿਗੁਰੂ ਆਪ ਸੰਭਾਲ ਰੱਖੇ।
16. ਫੈਲੀ ਮਹਾਂਮਾਰੀ
ਕੰਮ ਲਈ ਜਿਹੜੇ ਛੱਡ ਆਏ ਘਰ ਬਾਹਰ ਵਿਚਾਰੇ ਨੇ, ਫੈਲੀ ਮਹਾਂਮਾਰੀ ਤਾਂ ਪੈਦਲ ਮੁੜਦੇ ਸਾਰੇ ਨੇ। ਛੋਟੇ-ਛੋਟੇ ਬਾਲ ਨੇ ਕੁੱਛੜ ਮੀਲਾਂ ਦਾ ਤੁਰਨਾ, ਜਿਨ੍ਹਾਂ ਸਿਰ 'ਤੇ ਲੀਡਰ ਜਿੱਤੇ, ਉਹੋ ਈ ਹਾਰੇ ਨੇ। ਨਾਲ ਕਰੋਨਾ ਸ਼ਾਇਦ ਹੀ ਕੋਈ ਫੌਤ ਹੋਇਆ ਮਜਦੂਰ, ਭੁੱਖ, ਪਿਆਸ, ਥਕਾਵਟ ਨੇ ਹੀ ਬਹੁਤੇ ਮਾਰੇ ਨੇ। ਸਰਕਾਰਾਂ ਤੋਂ ਸਭ ਕੁੱਝ ਮਿਲਦਾ ਸਿਰਫ ਅਮੀਰਾਂ ਨੂੰ, ਜਨਤਾ ਪੱਲੇ ਆਉਂਦੇ ਲਾਠੀਚਾਰਜ ਲਾਰੇ ਨੇ। ਮਾਂ ਸਟੇਸ਼ਨ ਉੱਤੇ ਭੁੱਖ ਪਿਆਸ ਨੇ ਮਾਰੀ ਜੋ, ਉਠਾਉਣ ਦੀ ਕੋਸ਼ਿਸ਼ ਕੀਤੀ ਉਹਦੇ ਅੱਖ ਦੇ ਤਾਰੇ ਨੇ। ਛੱਡ ਗਈ ਬੇਟੀ ਸਦਾ ਲਈ ਇਹ ਰਾਹ ਵਿੱਚ ਖਬਰ ਮਿਲੀ, ਫੋਨ ਹੈ ਕੰਨ 'ਤੇ ਅੱਖੀਓਂ ਵਹਿੰਦੇ ਜਲ ਦੇ ਧਾਰੇ ਨੇ। ਪੈਦਲ ਘਰ ਨੂੰ ਤੁਰੇ ਨੇ ਅੱਜ ਤੱਕ ਘਰ ਨਾ ਪਹੁੰਚ ਸਕੇ, ਜਿੰਨਾਂ ਮੇਹਨਤ ਕਰਕੇ ਤੇਰੇ ਪਾਏ ਚੁਬਾਰੇ ਨੇ। ਦਿਲ ਅਰਦਾਸਾਂ, ਅੱਖ ਵਿੱਚ ਹੰਝੂ, ਕਲਮ ਹੈ ਲਿਖਣੇ ਲਈ, ਲਿਖਣੇ ਗਾਉਣੇ ਗੀਤ ਮੈਂ ਲਾਜ਼ਿਮ ਉਹਨਾਂ ਬਾਰੇ ਨੇ। 'ਸਾਹਿਬ' ਜਿਸ ਦਾ ਕੋਈ ਨਹੀਂ ਤੂੰ ਉਹਦਾ ਵਾਲੀ ਏਂ, ਦਾਤਾ! ਕਿਰਪਾ ਕਰ ਮਜਦੂਰ ਤਾਂ ਤੇਰੇ ਸਹਾਰੇ ਨੇ।
17. ਵੋਟਰ ਤੇ ਨੇਤਾ
ਇਹ ਲੀਡਰ ਮਜ਼ੇ ਲੈਂਦੇ ਨੇ, ਵੋਟਰ ਬੇਹਾਲ ਬੈਠੇ ਨੇ। ਇਹ ਸੇਵਾਦਾਰ ਨਹੀਂ ਇਹ ਇਸ ਮੁਲਕ ਦਾ ਕਾਲ ਬੈਠੇ ਨੇ। ਏ. ਸੀ ਵਿੱਚ ਬੈਠੇ ਨੇਤਾ ਨੂੰ ਕੋਈ ਦਸੋ ਹਾਲ ਬੱਚਿਆਂ ਦਾ, ਬਿਨਾਂ ਵਰਦੀ ਦੇ ਜੋ ਟਾਟਾਂ 'ਤੇ ਸਾਰੇ ਸਿਆਲ ਬੈਠੇ ਨੇ। ਬਿਨਾਂ ਇਲਾਜ ਮਰ ਜਾਂਦੇ ਨੇ ਭੁੰਜੇ ਹੀ ਪਏ ਵੋਟਰ, ਤੇ ਲੀਡਰ ਸੁਣਿਐ ਅਮਰੀਕਾ ਦੇ ਹਸਪਤਾਲ ਬੈਠੇ ਨੇ। ਮੁਲਾਜ਼ਮ ਨੇ ਜਾਂ ਨੇ ਕਿਰਸਾਨ, ਕਈ ਤਾਂ ਖੁਦਕੁਸ਼ੀ ਕਰ ਗਏ, ਖੁਦਾ ਸਦਕੇ ਜੋ ਬਚ ਗਏ ਨੇ ਉਹ ਕਰ ਹੜਤਾਲ ਬੈਠੇ ਨੇ। ਜਨਤਾ 60 ਵਰ੍ਹੇ ਕੰਮ ਕਰਕੇ ਪੈਨਸ਼ਨ ਨੂੰ ਰੋਏ.. "ਸਾਹਿਬ", ਇਹ ਨੇਤਾ ਲੈਂਦੇ ਪੈਨਸ਼ਨ ਕੰਮ 'ਤੇ 5 ਸਾਲ ਬੈਠੇ ਨੇ।
18. ਜੰਗ
ਜਨਤਾ ਰੁਜ਼ਗਾਰ ਨੂੰ ਮੰਗਦੀ ਏ। ਸਰਕਾਰ ਨੂੰ ਕਾਹਲੀ ਜੰਗ ਦੀ ਏ। ਧਰਤੀ, ਜੋ ਫਸਲ ਉਗਾਉਣ ਦੇ ਲਈ, ਅਵਾਮ ਦੇ ਲਹੂ ਨਾਲ ਰੰਗਦੀ ਏ। ਟੰਗਦੇ ਸੂਲੀ, ਨਾ ਸ਼ਫਾ ਮਿਲੇ, ਅਵਾਮ ਨਾ ਡਰਦੀ ਖੰਘਦੀ ਏ। ਇੱਥੇ ਔਰਤ ਮਹਿਫੂਜ਼ ਨਹੀਂ, ਤਾਂ ਸ਼ਾਂਤੀ ਆਉਣੋਂ ਸੰਗਦੀ ਏ। ਨਾ ਪੈਸੇ ਨਾ ਹਥਿਆਰਾਂ ਦੀ, ਇਹ ਗੱਲ ਤਾਂ ਹਿਰਦੇ ਤੰਗ ਦੀ ਏ। ਇਹ ਆਪਣੇ ਨਿੱਜੀ ਫਾਇਦੇ ਲਈ, ਜਨਤਾ ਨੂੰ ਸੂਲੀ ਟੰਗਦੀ ਏ। "ਸਾਹਿਬ" ਇਹ ਕੁਰਸੀ ਪਾਉਣ ਦੇ ਲਈ, ਜਨਤਾ ਦੀ ਲਾਸ਼ ਤੋਂ ਲੰਘਦੀ ਏ।
19. ਵਕਤਦਾਨ
ਜੇਕਰ ਦੋ ਪੱਲ ਕੱਢ ਕੇ ਕੋਈ ਗੁਜ਼ਾਰੇ ਤੇਰੇ ਨਾਲ, ਵੇਲਾ ਸੱਭ ਕੰਮ ਛੱਡ ਕੇ ਕੋਈ ਗੁਜ਼ਾਰੇ ਤੇਰੇ ਨਾਲ। ਬੇਸ਼ਕ ਤੂੰ ਮਸ਼ਰੂਫ ਏਂ ਤਾਂ ਵੀ ਰੁੱਖਾ ਨਾ ਬੋਲੀਂ, ਮੁਸਕਾ ਦਈਂ ਦਿਲ ਕਰੇ ਜੇ ਨਾ ਵੀ, ਰੁੱਖਾ ਨਾ ਬੋਲੀਂ । ਦੋ ਪੱਲ ਜ਼ਿੰਦਗੀ ਦੇ ਉਹ ਕਦੇ ਦੁਬਾਰਾ ਮੁੜਨੇ ਨਹੀਂ, ਲੰਘ ਗਏ ਨੇ ਉਹਦੇ ਖਾਤੇ ਵਿੱਚ ਵਾਪਸ ਜੁੜਨੇ ਨਹੀਂ। ਕੁਝ ਵੀ ਨਹੀਂ "ਇੱਕ ਪੱਲ" ਤੋਂ ਵੱਧ ਅਨਮੋਲ ਜ਼ਿੰਦਗੀ ਵਿੱਚ, ਕਦਰ ਕਰੀਂ ਕੋਈ ਬਹਿ ਜਾਏ ਘੜੀ ਜੇ ਕੋਲ ਜ਼ਿੰਦਗੀ ਵਿੱਚ। "ਸਾਹਿਬ" ਵੱਡਾ ਦਾਨ ਏ ਬੇਸ਼ਕ ਰਕਤ ਨੂੰ ਦੇ ਦੇਣਾ, ਸਰਵਉੱਤਮ ਏ ਕਿਸੇ ਲਈ ਦੋ ਪੱਲ ਵਕ਼ਤ ਨੂੰ ਦੇ ਦੇਣਾ।