Punjabi Ghazals : Rup Daburji

ਪੰਜਾਬੀ ਗ਼ਜ਼ਲਾਂ : ਰੂਪ ਦਬੁਰਜੀ


ਟੁੱਟਦੇ ਤਾਰੇ ਵੇਖ ਰਿਹਾ ਹਾਂ

ਟੁੱਟਦੇ ਤਾਰੇ ਵੇਖ ਰਿਹਾ ਹਾਂ । ਫਿਕਰ 'ਚ ਸਾਰੇ ਵੇਖ ਰਿਹਾ ਹਾਂ । ਜਿੱਤਣ ਬੇਈਮਾਨ ਹਮੇਸ਼ਾਂ, ਸੱਚੇ, ਹਾਰੇ ਵੇਖ ਰਿਹਾਂ ਹਾਂ । ਧੱਕੇਸ਼ਾਹੀ ਹਰ ਥਾਂ ਚੱਲੇ, ਕਾਲੇ ਕਾਰੇ ਵੇਖ ਰਿਹਾ ਹਾਂ । ਮੁਜਰਮ ਅੱਖਾਂ ਰੋਜ਼ ਵਿਖਾਵੇ, ਅਜ਼ਬ ਨਜ਼ਾਰੇ ਵੇਖ ਰਿਹਾ ਹਾਂ ! ਕੱਟੜਤਾ ਦੀ ਮਾਰ 'ਚ ਮਰਦੇ, ਲੋਕ ਵਿਚਾਰੇ ਵੇਖ ਰਿਹਾ ਹਾਂ । ਪੰਜਾਂ ਸਾਲਾਂ ਬਾਅਦ ਜੋ ਹੁੰਦੇ, ਗਿਣ ਕੇ ਲਾਰੇ ਵੇਖ ਰਿਹਾ ਹਾਂ । ਅੰਨ੍ਹੀ ਨ੍ਹੇਰੀ ਕਰਕੇ ਨਿਤ ਦਿਨ, ਢਾਏ,ਢਾਰੇ ਵੇਖ ਰਿਹਾਂ ਹਾਂ । ਇਨਸਾਫ ਲਈ ਧੀਆਂ ਦੇ ਮੈਂ, ਵਾਲ ਖਿਲਾਰੇ ਵੇਖ ਰਿਹਾ ਹਾਂ । "ਰੂਪ" ਸੁਣੇ ਨਾ ਹਾਕਮ ਬੋਲ਼ਾ, ਲਗਦੇ ਨਾਅਰੇ ਵੇਖ ਰਿਹਾ ਹਾਂ ।

ਸਾਥ ਜਦੋਂ ਦਾ ਮਿਲਿਆ ਏ ਕਵਿਤਾਵਾਂ ਦਾ

ਸਾਥ ਜਦੋਂ ਦਾ ਮਿਲਿਆ ਏ ਕਵਿਤਾਵਾਂ ਦਾ । ਰੋਜ਼ ਸੁਨੇਹਾ ਆਉਂਦਾ ਸ਼ੁੱਭ ਇਛਾਵਾਂ ਦਾ । ਚਰਚਾ ਵਿਚ ਜਦ ਆਵੇ ਪਿਆਰ ਭਰਾਵਾਂ ਦਾ , “ਰੂਪ” ਉਦੋਂ ਫਿਰ ਹੁੰਦਾ ਜਿਕਰ ਖੜਾਵਾਂ ਦਾ ਕੰਮ ਕਰਕੇ ਹੀ ਕੀਮਤ ਪੈਂਦੀ ਬੰਦੇ ਦੀ, ਮੁੱਲ ਨਾ ਬਹੁਤਾ ਪੈਂਦਾ ਸੋਹਣੇ ਨਾਵਾਂ ਦਾ । ਰੂਹ ਮੇਰੀ ਨਸ਼ਿਆ ਜਾਂਦੀ ਹੈ ਸੁਣ ਸੁਣ ਕੇ, ਨਾਂ ਜਦ ਵੀ ਦੱਸਦੈ ਸੁੱਚੀਆਂ ਥਾਵਾਂ ਦਾ । ਗ਼ਲ ਵਿਚ ਪੈਂਦੇ ਹਾਰ ਜਦੋਂ ਵੀ ਤਕਦਾ ਹਾਂ, ਚੇਤਾ ਆਵੇ ਤਦ ਗੋਰੀਆਂ ਬ੍ਹਾਵਾਂ ਦਾ ।

ਦਿਲ ਵਿਚ ਜਿਹੜੇ ਨਫ਼ਰਤ ਪਾਲ਼ੀ ਬੈਠੇ ਨੇ

ਦਿਲ ਵਿਚ ਜਿਹੜੇ ਨਫ਼ਰਤ ਪਾਲ਼ੀ ਬੈਠੇ ਨੇ ਸੋਨੇ ਵਰਗੀ ਕਾਇਆ ਗਾਲ਼ੀ ਬੈਠੇ ਨੇ । ਜਿਹੜੇ ਲੋਕ ਮੁਹੱਬਤ ਪਾਲੀ ਬੈਠੇ ਨੇ । ਲਗਦਾ ਹੈ ਉਹ ਰਬ ਨੂੰ ਭਾਲ਼ੀ ਬੈਠੇ ਨੇ । ਪਾਣੀ ਵੇਚ ਰਹੇ ਨੇ, ਬੂੱਟੇ ਸੁੱਕ ਚੱਲੇ ਚੋਰਾਂ ਦੇ ਸੰਗ ਰਲ ਕੇ ਮਾਲੀ ਬੈਠੇ ਨੇ । ਸੇਕ ਉਨ੍ਹਾਂ ਨੂੰ ਤਾਂ ਵੀ ਲਗਦਾ ਹੋਵੇਗਾ , ਕੱਟੜਤਾ ਦੀ ਅੱਗ ਜੋ ਬਾਲ਼ੀ ਬੈਠੇ ਨੇ । ਉਸਦੀਆਂ ਅੱਖਾਂ ਵਿਚ ਚੀਸ ਚਰਾਸੀ ਦੀ, ਦਿਲ ਵਿਚ ਲੈ ਕੇ ਉਹ ਸੰਤਾਲੀ ਬੈਠੇ ਨੇ । ਭੁੱਬਲ ਨੂੰ ਹੀ ਜੁਗਨੂੰ ਸਮਝਣ ਕਰਕੇ ਹੀ, ਕਿੰਜ ਹੱਥਾਂ ਦੇ ਪੋਟੇ ਜਾਲ਼ੀ ਬੈਠੇ ਨੇ । ਉਸ ਬੰਦੇ ਨੇ ਬੇਬਸ ਹੋਣਾ ਸੀ ਪੱਕਾ, ਜਿਸਦੇ ਮੁਹਰੇ ਚੋਰ ਜੋ ਚਾਲੀ ਬੈਠੇ ਨੇ । “ਰੂਪ ਦਬੁਰਜੀ” ਉਹ ਲਗਦੇ ਨੇ ਰੱਬ ਜਿਹੇ, ਝੱਖੜ ਵਿਚ ਜੋ ਦੀਵੇ ਬਾਲ਼ੀ ਬੈਠੇ ਨੇ ।

ਲੁਤਫ ਜੀਵਨ ਦਾ ਉਠਾਉਣਾ ਆ ਗਿਆ

ਲੁਤਫ ਜੀਵਨ ਦਾ ਉਠਾਉਣਾ ਆ ਗਿਆ । ਜ਼ਿੰਦਗੀ ਦਾ ਗੀਤ ਗਾਉਣਾ ਆ ਗਿਆ । ਬੇਵਫਾ ਹੁਣ ਜਾਹ ਤੂੰ ਜਾ ਕੇ ਮੌਜ਼ ਕਰ, ਹਿਜਰ ਮੈਨੂੰ ਤਾਂ ਹੰਢਾਉਣਾ ਆ ਗਿਆ । ਕੋਲ ਮੇਰੇ ਅਜ਼ਬ ਦੀ ਜਾਦੂਗਰੀ, ਦਰਦ ਸ਼ਿਅਰਾਂ ਵਿਚ ਛੁਪਾਉਣਾ ਆ ਗਿਆ । ਵਕਤ ਦੀ ਹੁਣ ਮਾਰ ਖਾ ਖਾ ਦੋਸਤੋ, ਹੋਰ ਪਾਸੇ ਦਿਲ ਲਗਾਉਣਾ ਆ ਗਿਆ । ਸੱਚ ਜਾਣੀਂ ਯਾਦ ਕਰਕੇ ਬਚਪਨਾ, ਰੋਂਦੇ ਬੱਚੇ ਨੂੰ ਹਸਾਉਣਾ ਆ ਗਿਆ । ਪਾਪ ਕਰਨੋਂ ਤੂੰ ਰਤਾ ਡਰਦਾ ਨਹੀਂ, ਮਾਫ ਪਾਪਾਂ ਨੂੰ ਕਰਾਉਣਾ ਆ ਗਿਆ ! ਲੋੜਵੰਦ ਦੀ ਮਦਦ ਕਰਕੇ “ਰੂਪ” ਨੂੰ, ਰੱਬ ਰੁੱਸੇ ਨੂੰ ਮਨਾਉਣਾ ਆ ਗਿਆ ।

  • ਮੁੱਖ ਪੰਨਾ : ਪੰਜਾਬੀ ਗ਼ਜ਼ਲਾਂ : ਰੂਪ ਦਬੁਰਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ