Punjabi Poetry : Rewail Singh Italy

ਪੰਜਾਬੀ ਕਵਿਤਾਵਾਂ : ਰਵੇਲ ਸਿੰਘ ਇਟਲੀ



1. ਆਦਮ ਬਾਬਾ

ਤੇਰਾ ਵੀ ਹੈ, ਆਦਮ ਬਾਬਾ। ਮੇਰਾ ਵੀ ਹੈ, ਆਦਮ ਬਾਬਾ। ਸਭ ਦਾ ਸਾਂਝਾ, ਆਦਮ ਬਾਬਾ, ਇਹੋ ਸਿਖਾਂਦਾ, ਆਦਮ ਬਾਬਾ । ਫਿਰ ਕਿਉਂ ਹੁੰਦਾ ਖੂਨ ਖਰਾਬਾ। ਜੰਗਲ ਕੱਟਦਾ, ਧਰਤੀ ਪੱਟਦਾ, ਚਾਰੇ ਪਾਸੇ, ਫੇਰ ਸੁਹਾਗਾ। ਆਪਣੀ ਹੋਂਦ ਬਣਾਉਣ ਬਦਲੇ, ਮਾੜੇ ਤੇ ਰੱਖਦਾ ਕਿਉਂ ਦਾਬਾ। ਥਾਂ ਥਾਂ ਤੇ ਪ੍ਰਦੂਸ਼ਣ, ਵੰਡਦੈ, ਆਪੇ ਕਰਕੇ ਸ਼ੋਰ ਸ਼ਰਾਬਾ।, ਆਦਮ ਹੀ ਹੈ ਚੱਕੀ ਫਿਰਦਾ, ਆਦਮ ਬੋ ਦਾ ਤੱਕੜੀ ਛਾਬਾ। ਵੇਖ ਰਿਹਾ ਆਦਮ ਦੇ ਕਾਰੇ, ਚੁੱਪ ਹੈ ਬੈਠਾ ਆਦਮ ਬਾਬਾ।

2. ਤਿਆਰੀ ਖਿੱਚੀ ਹੈ

ਅਸਾਂ ਵੀ ਤੇਰੇ ਸ਼ਹਿਰ ਜਾਣ ਲਈ ਤਿਆਰੀ ਖਿੱਚੀ ਹੈ। ਬਸ ਹੋਣੀ ਨੂੰ ਗਲ਼ ਲਾਉਣ ਲਈ, ਤਿਆਰੀ ਖਿੱਚੀ ਹੈ। ਤਾਂ ਕੀ ਹੋਇਆ, ਜੁਗਨੂੰ ਹਾਂ, ਦੀਵੇ ਹਾਂ, ਚੰਗਿਆੜੇ ਹਾਂ, ਹਿੰਮਤ ਨੂੰ ਅਜ਼ਮਾਉਣ ਲਈ, ਤਿਆਰੀ ਖਿੱਚੀ ਹੈ। ਜੰਗਲ ਦਾ ਹੈ ਦਾ ਰਾਜ, ਕਾਲ਼ੇ, ਕੂੜ ਕਾਨੂੰਨਾਂ ਦਾ, ਏਹੋ ਗੱਲ ਸਮਝਾਉਣ ਲਈ, ਤਿਆਰੀ ਖਿੱਚੀ ਹੈ। ਇਹ ਪੱਤ ਝੜ ਦੇ ਮੌਸਮ ਤਾਂ ਆਉਂਦੇ ਜਾਂਦੇ ਰਹਿਣੇ ਨੇ, ਜਿੱਤਾਂ ਦੇ ਗਲ਼ ਹਾਰ ਪੁਵਾੳਣ ਲਈ, ਤਿਆਰੀ ਖਿੱਚੀ ਹੈ। ਤਾਂ ਕੀ ਹੋਇਆ ਥਾਂ ਥਾਂ, ਕਿੱਲਾਂ ਤਾਰਾਂ ਵਿਛੀਆਂ ਨੇ, ਅਸਾਂ ਵੀ ਟੱਪ ਕੇ ਜਾਣ ਲਈ ਤਿਆਰੀ ਖਿੱਚੀ ਹੈ। ਅਸੀਂ ਵੀ ਹਾਂ, ਤੱਕ ਰੋਕਾਂ ਉਤੇ, ਬੀਜ ਰਹੇ ਹਾਂ ਫੁੱਲ, ਸਬਰਾਂ ਨੂੰ ਅਜ਼ਮਾਉਣ ਲਈ, ਤਿਆਰੀ ਖਿੱਚੀ ਹੈ। ਇਹ ਸਭ ਰੋਕਾਂ ਟੋਕਾਂ ਹੁੰਦੀਆਂ ਨੇ ਬਸ ਪਰਖਣ ਲਈ, ਏਸ ਘੜੀ ਇਮਤਹਾਣ ਲਈ, ਤਿਆਰੀ ਖਿੱਚੀ ਹੈ। ਬੇਸ਼ਕ ਨੇ, ਮੂੰਹ ਜ਼ੋਰ ਹਵਾਵਾਂ, ਤੂਫਾਨਾਂ ਦਾ ਸ਼ੋਰ ਬੜਾ, ਹਿੱਕਾਂ ਨੂੰ ਅਜ਼ਮਾਉਣ ਲਈ ਤਿਆਰੀ ਖਿੱਚੀ ਹੈ। ਹਾਕਮ ਦੀ ਜੇ ਨੀਤ ਬੁਰੀ ਹੈ, ਹਰ ਵਾਰੀ ਟਾਲਣ ਦੀ, ਅਸਾਂ ਵੀ ਗੱਲ ਮਨਵਾਉਣ ਲਈ, ਤਿਆਰੀ ਖਿੱਚੀ ਹੈ। ਰੱਖਣੀ ਨਹੀਂ ਹੈ ਵਿੱਚ ਵਿਚਾਲ਼ੇ ਇੱਕ ਪਾਸੇ ਲਾ ਦੇਣੀ, ਕਿਸ਼ਤੀ ਕੰਢੇ ਲਾਉਣ ਲਈ ਬਸ ਤਿਆਰੀ ਖਿੱਚੀ ਹੈ। ਸਮਿਆਂ ਦੀ ਹਿੱਕ ਉੱਤੇ ਲਿਖ ਜਾਣਾ ਇਤਹਾਸ ਨਵਾਂ, ਹਰ ਪੰਨਾ ਲਿਖਵਾਉਣ ਲਈ ਬਸ ਤਿਆਰੀ ਖਿੱਚੀ ਹੈ।

3. ਤੈਨੂੰ ਮਿਲ ਕੇ

ਤੈਨੂੰ ਮਿਲਕੇ ਦੁਖ ਸੁਖ ਕਰਕੇ, ਮਨ ਕੁਝ ਹੌਲਾ ਹੋ ਜਾਂਦਾ ਹੈ। ਮਨ ਤੇ ਲੱਦਿਆ ਭਾਰ ਮਣਾਂ ਮੂੰਹ, ਮਾਸਾ ਤੋਲ਼ਾ ਹੋ ਜਾਂਦਾ ਹੈ। ਤੂੰ ਵੀ ਖੂਬ ਹੰਡਾਏ ਦੁੱਖ ਸੁੱਖ ਤੇ ਮੈਂ ਵੀ ਵੇਖੇ ਘੁੱਪ ਹਨੇਰੇ, ਤਕੀਆਂ ਸ਼ਾਮਾਂ ਕਾਲਖ ਭਰੀਆਂ, ਵੇਖੇ ਬਲ਼ਦੇ ਸ਼ਾਮ ਸਵੇਰੇ, ਸੋਚਾਂ ਵਿੱਚ ਜਦ ਡੁਬਿਆਂ ਦਾ, ਮਨ ਅੰਨ੍ਹਾਂ ਬੋਲ਼ਾ ਹੋ ਜਾਂਦਾ ਹੈ। ਤੈਨੂੰ ਮਿਲਕੇ ਦੁੱਖ ਸੁੱਖ ਕਰਕੇ, ਮਨ ਕੁਝ ਹੌਲਾ ਹੋ ਜਾਂਦਾ ਹੈ। ਗੰਮ ਸਾਗਰ ਦੀ ਹਾਥ ਨਾ ਲਭਦੀ, ਜੀਵਣ ਬੇੜੀ ਡੱਕੋ ਡੋਲੇ, ਚਾਰ ਚਫੇਰੇ ਘੁੰਮਣ ਘੇਰੀ ਹੋਵੇ, ਸੁੱਤੀਆਂ ਯਾਦਾਂ ਕੌਣ ਫਰੋਲੇ, ਮਨ ਮੰਦਰ ਦਾ ਮਹਿਲ ਸਜਾਇਆ ਖੰਡਰ ਖੋਲਾ ਹੋ ਜਾਂਦਾ ਹੈ। ਤੈਨੂੰ ਮਿਲ ਕੇ ਦੁੱਖ ਸੁਖ ਕਰਕੇ, ਮਨ ਕੁਝ ਹੌਲ਼ਾ ਹੋ ਜਾਂਦਾ ਹੈ। ਪਿਆਰ ਮੁੱਹਬਤ, ਸਾਂਝਾਂ ਦੇ ਪਲ਼.ਹੁੰਦੇ ਬਹੁਤ ਭੁਲਾਉਣੇ ਔਖੇ, ਆਪਣੇ ਹੱਥੀ ਬਾਲ ਮੁਆਤੇ, ਸੁਪਨੇ ਰਾਖ ਬਣਾਉਣੇ ਔਖੇ, ਕਦੇ ਕਦੇ ਸੋਚਾਂ ਦਾ ਹਰ ਪਲ਼ ਵਾਅ –ਵਰੋਲ਼ਾ ਹੋ ਜਾਂਦਾ ਹੈ। ਝੂਠੀਆਂ ਕਸਮਾਂ ਝੂਠੇ ਵਾਅਦੇ, ਦੁਨੀਆ ਦੀ ਹੈ ਰੀਤ ਪਰਾਣੀ, ਇਹ ਖੁਦ ਗਰਜ਼ੀ ਲੋਕਾਂ ਦੀ ਹੈ, ਪੈਰ ਪੈਰ ਤੇ ਨਵੀਂ ਕਹਾਣੀ, ਸੁਣ ਸੁਣ ਕੇ ਕਈ ਨਵੀਆਂ ਗੱਲਾਂ, ਰੋਲ ਘਚੋਲ਼ਾ ਹੋ ਜਾਂਦਾ ਹੈ। ਉੱਚੀ ਨੀਂਵੀਂ ਜੇ ਕੋਈ ਹੋ ਗਈ ਸਾਥੋਂ, ਸਜਨਾ ਮੂੰਹ ਨਾ ਮੋੜੀਂ, ਜਦੋਂ ਤੀਕ ਨੇ ਸਾਹ ਤਨ ਵਿਚ, ਸਾਂਝਾਂ ਦੀ ਇਹ ਡੋਰ ਨਾ ਤੋੜੀਂ, ਕਲਮਾਂ ਦੀਆਂ ਕਈ ਬਾਤਾਂ ਲਿਖ ਕੇ, ਖਾਲੀ ਝੋਲ਼ਾ ਹੋ ਜਾਂਦਾ ਹੈ। ਤੈਨੂੰ ਮਿਲਕੇ ਦੁੱਖ ਸੁੱਖ ਕਰਕੇ ਮਨ ਕੁੱਝ ਹੌਲ਼ਾ ਹੋ ਜਾਂਦਾ ਹੈ।

4. ਮਿੱਟੀ

ਮਿੱਟੀ ਨੂੰ ਹੀ ਖਾ ਗਈ ਮਿੱਟੀ, ਮਿੱਟੀ ਵਿੱਚ ਸਮਾ ਗਈ ਮਿੱਟੀ। ਮਿੱਟੀ ਹੱਸੇ, ਮਿੱਟੀ ਰੋਵੇ, ਮਿੱਟੀ ਦੇ ਗੁਣ ਗਾ ਗਈ ਮਿੱਟੀ। ਕਿਧਰੇ ਮਿੱਟੀ, ਮਿੱਟੀ ਖਤਾਰ, ਵੈਰ ਵਿਰੋਧ ਕਮਾ ਗਈ ਮਿੱਟੀ। ਕਿਧਰੇ ਮਿੱਟੀ ਮਿੱਟੀ ਬਦਲੇ, ਥਾਂ ਥਾਂ ਅੱਗਾਂ ਲਾ ਗਈ ਮਿੱਟੀ। ਖੇਡ ਨਿਰਾਲੀ ਇਸ ਮਿੱਟੀ ਦੀ, ਕਈਆਂ ਨੂੰ ਭਰਮਾ ਗਈ ਮਿੱਟੀ। ਮਿੱਟੀ ਸਾਕ -ਸੰਬੰਧੀ ਮਿੱਟੀ, ਰਿਸ਼ਤੇ ਕਈ ਬਣਾ ਗਈ ਮਿੱਟੀ। ਜਦ ਮਿੱਟੀ ਤੇ ਬਣੀ ਮੁਸੀਬਤ, ਤਦ ਕੰਨੀ ਖਿਸਕਾ ਗਈ ਮਿੱਟੀ। ਤੇਰੇ ਵਰਗੀ ਹੋਰ ਨਾ ਮਿੱਟੀ, ਮਿੱਟੀ ਨੂੰ ਸਮਝਾ ਗਈ ਮਿੱਟੀ। ਮਿੱਟੀ ਕੰਨੀਂ ਪਾ ਗਈ ਮਿੱਟੀ। ਜਿਸ ਕਾਰੀਗਰ ਨੇ ਮਿੱਟੀ ਘੜੀ, ਉਸਦਾ ਭੇਦ ਨਾ ਪਾ ਗਈ ਮਿੱਟੀ।

5. ਰੱਬਾ ਸੁਹਣਿਆ

ਬੜੇ ਤੇਰੇ ਰੰਗ ਨੇ ਨਿਆਰੇ ਰੱਬਾ ਸੁਹਣਿਆ, ਵੱਖ ਵੱਖ ਰੰਗਾਂ ਚ, ਸ਼ਿੰਗਾਰੇ ਰੱਬਾ ਸੁਹਣਿਆ। ਮੰਦਰਾਂ ਚ, ਢੂੰਡੇ ਕੋਈ ਮਸੀਤਾਂ, ਵਿੱਚ ਢੂੰਡੇ, ਲਾ ਕੇ ਕੋਈ ਸਮਾਧੀ, ਪਿਆ ਅੰਦਰਾਂ, ਚ ਢੂੰਡੇ, ਲੋਚੇ ਪਿਆ ਤੱਕਣੋਂ ਦੀਦਾਰੇ ਰੱਬਾ ਸੁਹਣਿਆ। ਕਰਾਂ ਤੇਰੀ ਕਾਰੀਗਰੀ ਨੂੰ ਸਲਾਮ, ਹੱਥ ਜੋੜ ਕੇ ਹਰ ਵੇਲ਼ੇ ਸ਼ਾਮ ਤੇ ਸਵੇਰੇ ਰੱਬਾ ਸੁਹਣਿਆ, ਸੁਹਣੀਆਂ ਬਣਾਈਆਂ ਕਿਵੇਂ ਵੱਖ ਵੱਖ ਸੂਰਤਾਂ, ਵੱਖ ਵੱਖ ਰੰਗਾਂ, ਚ ਸਜਾਈਆਂ ਕਿਵੇਂ ਮੂਰਤਾਂ, ਭਰਾਂ ਤੇਰੀ ਹੋਂਦ ਦੇ ਹੁੰਗਾਰੇ ਰੱਬਾ ਸੁਹਣਿਆ। ਮੌਲ਼ਦੀਆਂ ਰੁੱਤਾਂ ਦੇ ਨਜ਼ਾਰੇ ਵੀ ਅਜੀਬ ਨੇ, ਭਰੇ ਨੇ ਆਕਾਸ਼ੀਂ, ਚੰਦ ਤਾਰੇ ਵੀ ਅਜੀਬ ਨੇ, ਵਾਰੇ ਵਾਰੇ ਜਾਂਵਾਂ ਤੈਥੋਂ ਵਾਰੇ ਰੱਬਾ ਸੁਹਣਿਆ।

6. ਸਰਦੂਲ ਸਕੰਦਰ

ਤੁਰ ਗਿਆ ਇਉਂ, ਸਰਦੂਲ ਸਕੰਦਰ। ਘੁਲ਼ ਗਿਆ ਲੂਣ, ਸਮੁੰਦਰ ਅੰਦਰ। ਰਾਗ ਅਤੇ ਸੁਰਤਾਲ ਦਾ ਸ਼ਾਹ ਸੀ, ਲਫਜ਼ਾਂ ਦੀ ਸੁੱਚੀ ਦਰਗਾਹ ਸੀ, ਮਨਮੌਜੀ ਤੇ ਬੇਪ੍ਰਵਾਹ ਸੀ, ਮਾਂ ਪੰਜਾਬੀ ਦਾ ਹਮਰਾਹ ਸੀ, ਕਈ ਗੀਤਾਂ ਦੇ ਲਾਉਂਦਾ ਲੰਗਰ, ਤੁਰ ਗਿਆ ਇਉਂ ਸਰਦੂਲ ਸਕੰਦਰ। ਦੁਖਾਂ ਸੁਖਾਂ ਦੀਆਂ ਬਾਤਾਂ ਪਾ ਕੇ, ਹਿਜਰਾਂ ਦੇ ਗੀਤਾਂ ਨੂੰ ਗਾ ਕੇ । ਸਭਨਾਂ ਦੇ ਮਨ ਨੂੰ ਪਰਚਾ ਕੇ, ਦੁਖਾਂ ਸੁਖਾਂ ਦਾ ਸਮਾ ਹੰਢਾ ਕੇ, ਛਡ ਦੁਨੀਆਂ ਦੇ ਕਲਾ ਕਲੰਦਰ, ਤੁਰ ਗਿਆ ਇਉਂ ਸਰਦੂਲ ਸਕੰਦਰ। ਕੱਲ ਸੀ ਜੇਹੜਾ ਧਰਤੀ ਉਤੇ, ਅੱਜ ਉਹ ਧਰਤੀ ਹੇਠਾਂ ਹੋਇਆ, ਉਸ ਦਾ ਜਾਣਾ ਜਿਸ ਨੇ ਸੁਣਿਆ, ਅੱਜ ਉਹ ਅੱਖਾਂ ਭਰ ਕੇ ਰੋਇਆ, ਮੈਂ ਵੀ ਉਸ ਨੂੰ ਭੇਟ ਕਰਨ ਲਈ, ਸ਼ਬਦਾਂ ਦਾ ਇਹ ਹਾਰ ਪ੍ਰੋਇਆ। ਵਾਰੀ ਵਾਰੀ ਨਿਗਲ ਗਿਆ ਹੈ, ਸਮਿਆਂ ਦਾ ਇਹ ਦੂਤ ਪਤੰਦਰ, ਤੁਰ ਗਿਆ ਇਉਂ ਸਰਦੂਲ ਸਕੰਦਰ। ਉਹ ਸੀ ਰੋਡ ਵੇਜ਼ ਦੀ ਲਾਰੀ, ਨਾ ਕੋਈ ਬੂਹਾ ਨਾ ਕੋਈ ਬਾਰੀ. ਜਿੱਧਰੋਂ ਵੀ ਕੋਈ ਚੜ੍ਹੇ ਸਵਾਰੀ. ਏਦਾਂ ਦੀ ਸੀ ਉਸ ਦੀ ਯਾਰੀ, ਇਹ ਸੀ ਉਸ ਦਾ ਮਸਜਦ ਮੰਦਰ, ਤੁਰ ਗਿਆ ਇਉਂ ਸਰਦੂਲ ਸਕੰਦਰ। ਤੁਰ ਗਿਆ ਬੇਸ਼ਕ ਯਾਦ ਰਹੇਗਾ, ਗੀਤਾਂ ਵਿੱਚ ਆਬਾਦ ਰਹੇਗਾ, ਬੱਝਾ ਨਹੀਂ ਆਜ਼ਾਦ ਰਹੇਗਾ, ਬਣ ਮਿੱਠੀ ਆਵਾਜ਼ ਰਹੇਗਾ, ਜਦ ਤਕ ਹੈ ਇਹ ਧਰਤੀ ਅੰਬਰ, ਇਉਂ ਤੁਰ ਗਿਆ ਸਰਦੂਲ ਸਕੰਦਰ, ਖੁਰ ਗਿਆ ਲੂਣ ਸਮੰਦਰ ਅੰਦਰ।

7. ਜ਼ਿੰਦਗੀ

ਮਨ ਦੀ ਕਿਤਾਬ ਜ਼ਿੰਦਗੀ । ਹੈ ਲਾ ਜੁਵਾਬ ਜ਼ਿੰਦਗੀ । ਬਹੁ-ਅਰਥ ਹੈ ਇਹ ਜ਼ਿੰਦਗੀ, ਸੰਘਰਸ਼ ਹੈ ਇਹ ਜ਼ਿੰਦਗੀ। ਹੈ ਤਾਲ ਮੇਲ ਜ਼ਿੰਦਗੀ, ਹੈ ਅਜਬ ਖੇਲ ਜ਼ਿੰਦਗੀ। ਹੈ ਸਫਰ ਵਾਂਗ ਜ਼ਿੰਦਗੀ, ਉਡਦਾ ਉਕਾਬ ਜ਼ਿੰਦਗੀ। ਵਾਂਗਰ ਗੁਲਾਬ ਜ਼ਿੰਦਗੀ। ਕੰਡਿਆਂ, ਚ ਵੀ ਹੈ ਜ਼ਿੰਦਗੀ, ਫੁੱਲਾਂ ਚ, ਵੀ ਹੈ ਜ਼ਿੰਦਗੀ। ਬੜੀ ਕੀਮਤੀ ਹੈ ਜ਼ਿੰਦਗੀ, ਦੁੱਖ ਸੁਖ ਰਲ਼ੀ ਹੈ ਜ਼ਿੰਦਗੀ। ਕਿਸੇ ਦੇ ਕੰਮ ਆਵੇ ਜ਼ਿੰਦਗੀ, ਤਾਂਹੀਉਂ ਹੀ ਹੈ ਇਹ ਜ਼ਿੰਦਗੀ। ਤਾਂਹੀਉਂ ਹੀ ਹੈ ਇਹ ਜ਼ਿੰਦਗੀ।

8. ਫੀਤਾ ਫੀਤਾ

ਫੀਤੀ ਫੀਤੀ ਹੋਏ ਜੋ ਲੀੜਾ, ਉਸ ਲੀੜੇ ਦਾ ਸੀਣਾ ਕੀ, ਜ਼ਹਿਰਾਂ ਘੁਲ਼ਿਆ ਹੋਵੇ ਪਾਣੀ, ਉਸ ਪਾਣੀ ਦਾ ਪੀਣਾ ਕੀ, ਯਾਰ ਮਾਰ, ਤੇ ਕੁੜੀ ਮਾਰ ਤੋਂ, ਵੱਡਾ ਹੋਰ ਕਮੀਣਾ ਕੀ। ਜਿਸ ਰਾਜੇ ਦੀ ਪਰਜਾ ਦੁਖੀ, ਉਸ ਹਾਕਮ ਦਾ ਜੀਣਾ ਕੀ।

9. ਗ਼ਜ਼ਲ

ਨਵੀਆਂ ਨਵੀਆਂ ਸ਼ਕਲਾਂ ਵੇਖੇ ਨੇ ਨਿੱਤ ਵਟਾਂਦੇ ਲੋਕ, ਤਾਂ ਕੀ ਹੋਇਆ ਗਿਰਗਟ ਜੇ ਨੇ ਕੁਝ ਬਣ ਜਾਂਦੇ ਲੋਕ। ਖੁਦ ਗਰਜ਼ੀ ਹੈ ਅੱਜ ਕੱਲ ਮਿੱਤਰਾ ਲੋੜ ਜ਼ਮਾਨੇ ਦੀ, ਸਮਝ ਲਿਆ ਕਿਉਂ ਨੇ ਚਿਹਰਾ ਸ਼ਕਲ ਵਟਾਂਦੇ ਲੋਕ। ਮੈਂ ਵੀ ਹਾਂ ਤੇ ਤੂੰ ਵੀ ਹੈਂ ਇਸ ਦੁਨੀਆ ਵਿੱਚ ਸਾਰੇ, ਮਤਲਬ ਖਾਤਰ ਵੇਖੇ ਬਹੁਤੇ ਸੀਸ ਝੁਕਾਉਂਦੇ ਲੋਕ। ਆਪਣੇ ਅੰਦਰ ਝਾਕ ਲਿਆ ਕਰ ਤੂੰ ਵੀ ਕਦੇ ਕਦੇ, ਮਨ ਮਰਜ਼ੀ ਦੀ ਬਣਦੀ ਨੇ, ਸਾਂਝ ਬਣਾਉਂਦੇ ਲੋਕ। ਕੌਣ ਨਿਭਾਉਂਦਾ ਜੀਵਣ ਤੀਕਰ ਮੈਂ ਤੱਕਿਆ ਨਾ, ਮੇਰੇ ਵਰਗੇ ਬਹੁਤ ਨੇ ਵੇਖੇ ਮਨ ਭਰਮਾਉਂਦੇ ਲੋਕ। ਛੱਡ ਦੇ ਦਾਅਵੇ ਸ਼ਿਕਵੇ ਕਰਨੇ ਗਿਲਿਆ ਨੂੰ ਹੁਣ, ਮਾਣ ਲਿਆ ਕਰ ਜੋ ਮੌਸਮ ਬਣ ਆਂਦੇ ਲੋਕ। ਸਬਰ, ਸਿਦਕ, ਤੇ ਸ਼ੁਕਰ ਨੇ ਸਾਥੀ ਤੇਰੇ ਜੇਕਰ, ਟੁੱਟਣ ਦੇ ਜੋ ਨੇ ਰਿਸ਼ਤੇ, ਅਜਬ ਨਿਭਾਂਦੇ ਲੋਕ। ਵਫਾ ਮਿਲੇ ਜਾਂ ਦਗ਼ਾ ਮਿਲੇ ਤੂੰ ਸੱਭ ਝੋਲ਼ੀ ਪਾ ਲੈ, ਜੀਵਣ ਦੇ ਨਾਟਕ ਵਿੱਚ ਨੇ ਹਿੱਸਾ ਪਾਂਦੇ ਲੋਕ।

10. ਹੁਣ ਕਲਮ ਵਿਚਾਰੀ ਕੀ ਕਰੇ

ਹੁਣ ਕਲਮ ਵਿਚਾਰੀ ਕੀ ਕਰੇ, ਲਿਖਤ ਉਡਾਰੀ ਕਿਵੇਂ ਭਰੇ। ਕੰਪਿਊਟਰ ਤੇ ਸੱਭ ਕੁੱਝ ਸਿੱਖੀਏ, ਬਿਨ ਕਲਮੋਂ ਹੀ ਸੱਭ ਕੁੱਝ ਲਿਖੀਏ ਕਲਮ ਤਾਂ ਰਹਿੰਦੀ ਪਰੇ ਪਰੇ, ਕਲਮ ਵਿਚਾਰੀ ਕੀ ਕਰੇ । ਕਲਮ ਨੇ ਕਈ ਕਈ ਰੂਪ ਵਟਾਏ, ਰਹਿ ਗਏ ਸਾਰੇ ਧਰੇ ਧਰਾਏ, ਨੀਲੇ ਪੀਲੇ, ਲਾਲ ਹਰੇ, ਕਲਮ ਵਿਚਾਰੀ ਕੀ ਕਰੇ। ਜਦ ਤੋਂ ਹੈ ਕੰਪਿਊਟਰ ਆਇਆ, ਕਲਮ ਨੂੰ ਇਸ ਨੇ ਨੁੱਕਰੇ ਲਾਇਆ, ਸੁਪਨੇ ਰਹਿ ਗਏ ਧਰੇ ਧਰੇ, ਹੁਣ ਕਲਮ ਵਿਚਾਰੀ ਕੀ ਕਰੇ । ਕਲਮ ਦਾਨ ਦੇ ਵਿੱਚ ਧਰੀ, ਲੱਗਦੀ ਹੈ ਨਿਰਾਸ ਬੜੀ। ਕੱਟ ਰਹੀ ਹੈ ਕੈਦ ਘਰੇ, ਹੁਣ ਕਲਮ ਵਿਚਾਰੀ ਕੀ ਕਰੇ। ਰਹਿ ਗਈ ਆਪਣੇ ਆਪ ਹੀ ਜੋਗੀ, ਜਾਂ ਰਹਿ ਗਈ ਹਸਤਾਖਰਾਂ ਜੋਗੀ, ਜੇਬ ਤੇ ਲੱਗੀ ਵੀ ਠਰੇ । ਹੁਣ ਕਲਮ ਵਿਚਾਰੀ ਕੀ ਕਰੇ, ਕਲਮ ਦਾ ਰਿਸ਼ਤਾ ਮੁੱਕ ਨਾ ਜਾਵੇ, ਕਲਮ ਨੂੰ ਇਹ ਡਰ ਪਿਆ ਸਤਾਵੇ, ਡੰਗ ਸਮੇਂ ਦਾ ਕਿਵੇਂ ਜਰੇ, ਹੁਣ ਕਲਮ ਵਿਚਾਰੀ ਕੀ ਕਰੇ । ਰਵੇਲ ਸਿੰਘ

11. ਕਵਿਤਾ

ਕਵਿਤਾ ਲਿਖਣਾ ਸ਼ੌਕ ਨਹੀਂ ਹੈ, ਕਵਿਤਾ ਮਨ ਦੀ ਮੌਜ ਨਹੀਂ ਹੈ। ਹਿਜਰ ਦੀ ਸੂਲੀ ਟੰਗੀ ਕਵਿਤਾ, ਹੁੰਦੀ ਨੰਗ ਮੁਨੰਗੀ ਕਵਿਤਾ। ਕਹਿਣੋਂ ਸੱਚ ਨਾ ਸੰਗੀ ਕਵਿਤਾ, ਭਾਂਵੇਂ ਮੰਦੀ ਚੰਗੀ ਕਵਿਤਾ, ਸੋਚਾਂ ਦੇ ਦਿੱਸ ਹੱਦੇ ਉੱਤੇ, ਹਰ ਮੌਸਮ, ਪੱਤ ਝੜ ਦੀ ਰੁੱਤੇ, ਸੂਰਜ ਦਾ ਸਿਰਨਾਂਵਾਂ ਕਵਿਤਾ, ਯਾਦਾਂ ਦਾ ਪਰਛਾਂਵਾਂ ਕਵਿਤਾ। ਹੁੰਦੀ ਕਈ ਘਟਨਾਂਵਾਂ ਕਵਿਤਾ, ਕਈ ਧੁਪਾਂ ਕਈ ਛਾਂਵਾਂ ਕਵਿਤਾ। ਹੁੰਦੀ ਪੀੜ ਪਰਾਈ ਕਵਿਤਾ, ਇਹ ਪ੍ਰੀਤਾਂ ਦੀ ਜਾਈ ਕਵਿਤਾ।

12. ਅੱਖ

ਤੇਰੀ ਵੀ ਅੱਖ ਮੇਰੀ ਵੀ ਅੱਖ. ਕਰਦੀ ਹੇਰਾ ਫੇਰੀ ਅੱਖ। ਐਵੇਂ ਲੋਕ ਲਾਜ ਦੇ ਬਦਲੇ, ਜਾਂਦੀ ਹੰਝੂ ਕੇਰੀ ਅੱਖ, ਕਹਿ ਗਈ ਗੱਲ ਬਥੇਰੀ ਅੱਖ, ਕਰ ਗਈ ਹੇਰਾ ਫੇਰੀ ਅੱਖ, ਯਾਰੋ ਮਤਲਬ ਖੋਰੀ ਅੱਖ, ਕਰਦੀ ਠੱਗੀ ਠੋਰੀ ਅੱਖ, ਮਤਲਬ ਕੱਢ ਕੇ ਫਿਰ ਜਾਂਦੀ ਹੈ, ਲਾਉਂਦੀ ਕਦੇ ਨਾ ਦੇਰੀ ਅੱਖ।

13. ਮੰਡੀ

ਲੋਕ ਰਾਜ ਵਿੱਚ ਪੰਜੀਂ ਸਾਲੀਂ, ਮੰਡੀ ਲਗਣੀਂ ਨੇਤਾਵਾਂ ਦੀ। ਇੱਕ ਦੂਜੇ ਤੋਂ ਅੱਗੇ ਹੋ ਕੇ, ਸੱਭ ਨੇ ਹੈ ਮਸ਼ਹੂਰੀ ਕਰਨੀ, ਆਪਣੀ ਕੀਮਤ ਆਪੇ ਮੰਗਣਾ, ਲੋਕ ਰਾਜ ਨੂੰ ਛਿੱਕੇ ਟੰਗਣਾ, ਕੁੱਝ ਵਿਕ ਜਾਣੇ, ਕੁੱਝ ਰਹਿ ਜਾਣੇ, ਅਗਲੀ ਮੰਡੀ ਲੱਗਣ ਤੀਕਰ, ਆਪਣੀ ਕੀਮਤ ਮੰਗਣ ਤੀਕਰ।

14. ਗੰਗਾ ਰਾਮ

ਪਿੰਜਰੇ ਦੇ ਵਿੱਚ ਕੈਦ ਪਿਆ ਹੈ, ਚਿਰ ਤੋਂ ਗੰਗਾ ਰਾਮ ਵਿਚਾਰਾ, ਪਰ ਹੁੰਦੇ ਪਰ ਕੱਟਿਆਂ ਵਰਗਾ, ਝੂਰ ਰਿਹਾ ਹੈ ਕੱਲਾ ਕਾਹਰਾ, ਕਿਵੇਂ ਗੁਲਾਮੀ ਕੱਟ ਰਿਹਾ ਹੈ, ਰਾਮ ਰਾਮ ਹੀ ਰੱਟ ਰਿਹਾ ਹੈ, ਬੱਸ ਇੱਕੋ ਚੂਰੀ ਦੀ ਖਾਤਰ। ਇਸੇ ਹੀ ਮਜਬੂਰੀ ਖਾਤਰ, ਕੁੱਝ ਬੋਲਾਂ ਦਾ ਲਈ ਸਹਾਰਾ, ਪਿੰਜਰੇ ਦੇ ਵਿੱਚ ਕੈਦ ਪਿਆ ਹੈ, ਚਿਰ ਤੋਂ ਗੰਗਾ ਰਾਮ ਵਿਚਾਰਾ।

15. ਉਮਰ

ਸਾਰੀ ਉਮਰ ਹਨੇਰਾ ਢੋਇਆ, ਫੁੱਲਾਂ ਦਾ ਅਹਿਸਾਸ ਨਾ ਹੋਇਆ, ਅੱਕੜੀ ਦਾ ਹੀ ਹਾਰ ਪਰੋਇਆ, ਮਨ ਦਾ ਕੋਲ਼ਾ ਸਾਫ ਨਾ ਹੋਇਆ।

16. ਸਿਦਕ ਨੱਚਿਆ ਖੰਡੇ ਦੀ ਧਾਰ ਉੱਤੇ

ਉਸ ਦੇ ਨੈਣਾਂ ਚ ਜੋਸ਼ ਤੇ ਤੇਜ ਵੱਖਰਾ, ਇੱਕ ਹੱਥ ਸੀ ਨੰਗੀ ਤਲਵਾਰ ਉੱਤੇ। ਬੜੇ ਜੋਸ਼ ਤੇ ਨਵੇਂ ਅੰਦਾਜ਼ ਦੇ ਵਿੱਚ, ਮਾਰੀ ਨਜ਼ਰ ਸੀ ਭਰੇ ਦਰਬਾਰ ਉੱਤੇ। ਕਹਿੰਦੇ ਜਬਰ ਤੇ ਜ਼ੁਲਮ ਦੀ ਅੱਤ ਹੋ ਗਈ, ਝਪਟੇ ਬਾਜ਼ ਕੋਈ ਮੁਗ਼ਲ ਸਰਕਾਰ ਉੱਤੇ। ਇਹ ਕੁੱਝ ਵੇਖ ਕੇ ਕਈਆਂ ਦੇ ਹੋਸ਼ ਉੱਡੇ, ਇਹ ਕੀ ਹੋ ਰਿਹਾ ਸੱਚੀ ਸਰਕਾਰ ਉੱਤੇ। ਪਹਿਲਾਂ ਵੇਖੇ ਸੀ ਰੰਗ ਵਿਸਾਖੀ ਦੇ ਦਿਨ, ਨਵਾਂ ਵੇਖਿਆ ਏਸੇ ਤਿਉਹਾਰ ਉੱਤੇ। ਦਸਮ ਪਿਤਾ ਦੀ ਸੋਚ ਨੂੰ ਕੌਣ ਸਮਝੇ, ਅਜਬ ਗਜ਼ਬ ਸੀ ਸ਼ਾਹੀ ਅਸਵਾਰ ਉੱਤੇ। ਜਦੋਂ ਆਖਿਆ ਸਿਰਾਂ ਦੀ ਲੋੜ ਮੈਨੂੰ, ਅੱਜ ਮੈਂ ਪਰਖਣੇ ਤੇਗ ਤਲਵਾਰ ਉਤੇ । ਪੰਜਾਂ ਸਿਰਾਂ ਦੀ ਲੋੜ ਦੀ ਗੱਲ ਸੁਣਕੇ, ਸੁਣ ਕੇ ਦੌੜ ਗਏ ਕਈ ਵੰਗਾਰ ਉੱਤੇ। ਮੋੜਨ ਲਈ ਵਾਪਸ ਅਣਖ ਆਬਰੂ ਨੂੰ, ਬਾਜਾਂ ਵਾਲੇ ਦੀ ਦਿੱਤੀ ਵੰਗਾਰ ਉੱਤੇ। ਆਏ ਵਾਂਗ ਪ੍ਰਵਾਨਿਆਂ ਸ਼ਮ੍ਹਾਂ ਉੱਤੇ, ਜੂਝਣ ਲਈ ਕੁੱਝ ਧਰਮ ਦੀ ਕਾਰ ਉੱਤੇ। ਦਯਾ ਰਾਮ ਤੇ ਗੁਰਾਂ ਦੀ ਹੋਈ ਬਖਸ਼ਸ਼, ਨਜ਼ਰ ਪੈ ਗਈ, ਗੁਰੂ ਸਤਿਕਾਰ ਉੱਤੇ, ਕਹਿੰਦਾ ਪਾਤਸ਼ਾਹ ਸੀਸ ਹੈ ਸਦਾ ਤੇਰਾ। ਤੇਰੀ ਮਿਹਰ ਜੇ ਹੈ ਸੇਵਾਦਾਰ ਉੱਤੇ। ਧਰਮ ਦਾਸ ਸੀ ਧਰਮ ਦਾ ਦਾਸ ਪੂਰਾ, ਹਾਜ਼ਿਰ ਹੋ ਗਿਆ ਸਮੇਂ ਦੀ ਸਾਰ ਉੱਤੇ। ਹਿੰਮਤ ਰਾਏ ਨੂੰ ਵੇਖ ਕੇ ਆਈ ਹਿੰਮਤ, ਬਣਦੀ ਵੇਖ ਕੇ ਧਰਮ ਦੀਵਾਰ ਉੱਤੇ, ਸੱਚੇ ਪਾਤਸ਼ਾਹ ਸੀਸ ਤੇ ਜਿਸਮ ਸਾਰਾ, ਕਰ ਦੇ ਮੇਹਰ ਹੁਣ ਏਸ ਗੁਨ੍ਹਾਗਾਰ ਉੱਤੇ। ਮੁਹਕਮ ਚੰਦ ਸੀ ਹੁਕਮ ਦੀ ਸਾਰ ਰੱਖਦਾ, ਫਿਦਾ ਹੋ ਗਿਆ ਗੁਰੂ ਦੇ ਪਿਆਰ ਉੱਤੇ। ਸਾਹਿਬ ਚੰਦ ਸੀ ਬੰਦਾ ਕਮਾਲ ਸਾਹਿਬ, ਹਾਜ਼ਿਰ ਹੋ ਗਿਆ ਆਖਰੀ ਵਾਰ ਉੱਤੇ। ਪੰਜ ਬਾਣੀਆਂ ਦਾ ਪੰਜ ਪਿਆਰਿਆਂ ਦਾ, ਸਜਿਆ ਖਾਲਸਾ ਖੰਡੇ ਦੀ ਧਾਰ ਉੱਤੇ, ਜਬਰ ਜ਼ੁਲਮ ਤੇ ਸੱਚ ਇਨਸਾਫ ਖਾਤਰ, ਸੀਸ ਤਲੀ ਤੇ ਕੌਲ ਇੱਕਰਾਰ ਉੱਤੇ। ਜ਼ਾਤ ਪਾਤ ਨੂੰ ਮੇਟ ਕੇ ਸਿੰਘ ਸਜ ਗਏ, ਢਾਲ ਮਾੜਿਆ ਦੀ ਪਹਿਰੇ ਦਾਰ ਉੱਤੇ, ਸ਼ਮ੍ਹਾਂ ਬਾਲ ਦਿੱਤੀ ਸਦਾ ਕੁਰਬਾਨੀਆਂ ਦੀ, ਬਾਜਾਂ ਵਾਲੇ ਨੇ ਸਾਰੇ ਸੰਸਾਰ ਉਤੇ। ਹਾਜ਼ਰ ਹੋਣਗੇ ਸਿੰਘ ਵਿਸਾਖੀ ਦੇ ਦਿਨ, ਪੰਥ ਖਾਲਸਾ ਦੀ ਯਾਦਗਾਰ ਉੱਤੇ। ਬੰਦਾ ਜਾਗ ਉੱਠਿਆ ਗੂੜ੍ਹੀ ਨੀਂਦ ਵਿੱਚੋਂ, ਜੂਝਣ ਲਈ ਆਜ਼ਾਦੀ ਦੀ ਤਾਰ ਉਤੇ। ਧਰਮ ਕਰਮ ਤੇ ਸੱਚ ਇਨਸਾਫ ਖਾਤਰ, ਸਿਦਕ ਨੱਚਿਆ ਖੰਡੇ ਦੀ ਧਾਰ ਉੱਤੇ।

17. ਆ ਵੇ ਸਾਵਣ

ਜੇ ਆਇਆਂ ਤਾਂ ਵਰ੍ਹ ਵੇ ਸਾਵਣ। ਕੁੱਝ ਨਾ ਕੁੱਝ ਤੇ ਕਰ ਵੇ ਸਾਵਣ। ਠੰਡੀਆਂ ਪੌਣਾਂ ਨਾਲ ਛਰਾਟੇ, ਧਰਤੀ ਜਾਵੇ ਠਰ ਵੇ ਸਾਵਣ। ਕਿਣ ਮਿਣ ਕਰਦੀ ਝੜੀ ਲਗਾ ਦੇ, ਧਰਤੀ ਕਰਦੇ ਤਰ ਵੇ ਸਾਵਣ। ਲਾ ਬਰਸਾਤਾਂ, ਸਭ ਧਰਤੀ ਤੇ, ਹਰਿਆਵਲ ਨੂੰ ਭਰ ਵੇ ਸਾਵਣ। ਸੱਭ ਦੀਆਂ ਸੁੱਖਾਂ ਮੰਗਣ ਖਾਤਰ, ਗਏ ਗੁਰੂ ਦੇ ਦਰ ਵੇ ਸਾਵਣ। ਖਸਮਾਂ ਖਾਣਾ ਜਾਏ ਕਰੋਨਾ, ਮਾਹੀ ਪਰਤੇ ਘਰ ਵੇ ਸਾਵਣ। ਵੇਖ ਘਟਾਵਾਂ, ਵਿੱਚ ਆਕਾਸ਼ਾਂ, ਹਿਜਰ ਨਾ ਹੁੰਦਾ ਜਰ ਵੇ ਸਾਵਣ। ਮਾਰ ਲਿਆ ਬਿਜਲੀ ਦਿਆਂ ਕੱਟਾਂ, ਜਾਂਦਾ ਹੈ ਮਨ ਡਰ ਵੇ ਸਾਵਣ। ਮਹਿਕੀ ਹੈ ਜੋਬਣ ਦੀ ਖੇਤੀ, ਜਾਵੇ ਨਾ ਕੋਈ ਚਰ ਵੇ ਸਾਵਣ। ਚਾਰ ਚਫੇਰੇ, ਮਸਤ ਬਹਾਰਾਂ, ਉੱਡਣ ਲਾ ਜਦ ਪਰ ਵੇ ਸਾਵਣ। ਰੱਖੀਆਂ ਸਾਂਭ ਅਵੱਲੀਆਂ ਰੀਝਾਂ, ਸੁਪਨੇ ਜਾਣ ਨਾ ਖਰ ਵੇ ਸਾਵਣ। ਮੁੱਕ ਜਾਵੇ ਕਿਰਸਾਣ ਅੰਦੋਲਣ, ਕੇਂਦਰ ਜਾਏ ਸੁਧਰ ਵੇ ਸਾਵਣ, ਜੇ ਆਇਆਂ ਤਾਂ ਵਰ੍ਹ ਵੇ ਸਾਵਣ, ਕੁਝ ਨਾ ਕੁੱਝ ਤੇ ਕਰ ਵੇ ਸਾਵਣ। ਖੁਸ਼ੀਆਂ ਲੈ ਘਰਾਂ ਨੂੰ ਪਰਤਣ, ਨਾ ਕੋਈ ਰਹੇ ਕਸਰ ਵੇ ਸਾਵਣ।

18. ਗ਼ਜ਼ਲ-ਮੋੜ ਲਏ ਬੰਦੇ ਨੇ ਬੇਸ਼ੱਕ ਨੇ

ਮੋੜ ਲਏ ਬੰਦੇ ਨੇ ਬੇਸ਼ੱਕ ਨੇ, ਵਹਿਣ ਕਈ ਦਰਿਆਵਾਂ ਦੇ। ਪਰ ਰੋਕੇ ਗਏ ਨਾ ਹੰਝੂ ਘਰ ਵਿੱਚ ਰਹਿ ਗਈਆਂ ਮਾਂਵਾਂ ਦੇ। ਹਰ ਕੋਈ ਰਹੇ ਵਿਦੇਸ਼ੀ ਕਾਮਾ, ਮਾਪੇ ਕੋਲ ਬੁਲਾ ਸਕਦਾ ਨਹੀਂ, ਖਾਣ ਪੀਣ ਦਾ ਫਿਕਰ ਨਾ ਕੋਈ, ਫਿਕਰ ਨੇ ਥੋੜ੍ਹੀਆਂ ਥਾਂਵਾਂ ਦੇ। ਫੋਨਾਂ ਉੱਤੇ ਗੱਲਾਂ ਕਰਕੇ, ਮਨ ਨਹੀਂ ਭਰਦਾ, ਮਾਪਿਆਂ ਦਾ ਹੁਣ, ਹੱਥ ਸੁਨੇਹੇ ਘੱਲ ਨਹੀਂ ਹੁੰਦੇ, ਅਰਸ਼ੀਂ ਉੱਡਦਿਆਂ ਕਾਂਵਾਂ ਦੇ। ਮਹਿਲ ਮਾੜੀਆਂ ਉਚੀਆਂ ਨੇ, ਪਰ ਬੰਦੇ ਲਗਦੇ ਬੌਣੇ ਹੋ ਗਏ, ਸੁੰਨੀਆਂ ਸੁੰਨੀਆਂ ਗਲੀਆਂ ਹੋਈਆਂ, ਰਾਹ ਨੇ ਪਿੰਡ ਗ੍ਰਾਂਵਾਂ ਦੇ। ਹੁਣ ਨਾ ਲੈ ਕੱਚਿਆਂ ਨੂੰ ਡੁਬਦੇ, ਨਾ ਹੀ ਪੱਟ ਦਾ ਮਾਸ ਖਵਾਂਦੇ, ਬਦਲ ਗਏ ਹਨ ਖੁਦ ਗਰਜ਼ੀ ਵਿੱਚ ਕਿੱਸੇ ਇਸ਼ਕ ਝਨਾਂਵਾਂ ਦੇ। ਕਰਜ਼ੇ ਚੁੱਕ ਕੇ ਭੇਜੇ ਬਾਹਰ, ਪਿਉ ਨੇ ਫਰਜ਼ ਨਿਭਾਏ ਆਪਣੇ, ਰਿਸ਼ਤੇ ਰਹਿ ਗਏ ਦੂਰ ਦੁਰੇਡੇ, ਸੱਕਿਆਂ ਭੈਣਾਂ ਭਰਾਂਵਾਂ ਦੇ। ਬੇਰੁਜ਼ਗਾਰੀ, ਨਾਲ ਮਹਿੰਗਾਈ, ਪੜ੍ਹੇ ਲਿਖੇ ਦੀ ਕਦਰ ਨਾ ਕੌਡੀ, ਰਲ਼ ਗਏ ਨੇਤਾ ਨਾਲ ਅਮੀਰਾਂ, ਤੇ ਝੱਖੜ ਪੁੱਠੀਆਂ ਵਾਵਾਂ ਦੇ। ਸੱਪਨੀ ਵਾਂਗਰ ਬਣੀ ਸਿਆਸਤ, ਆਪਣੀ ਹੀ ਪਰਜਾ ਨੂੰ ਖਾਣੀ, ਕਿਉਂ ਨਾ ਧੱਕੇ ਖਾਣ ਵਿਦੇਸ਼ੀਂ, ਮਾਰੇ ਇਨ੍ਹਾਂ ਬਲਾਵਾਂ ਦੇ। ਘਰ ਵਿੱਚ ਵਗਦੀ ਗੰਗਾ ਨੂੰ ਨੇਤਾ ਆਪੇ ਵੇਖੇ ਗੰਧਲੀ ਕਰਦੇ, ਗੰਦੀ ਖੇਡ ਸਿਆਸਤ ਖੇਡਣ, ਯਾਰ ਨੇ, ਘੋਗੜ ਕਾਂਵਾਂ ਦੇ। ਪਤਾ ਨਾ ਲੱਗੇ ਕਿੱਧਰ ਜਾਈਏ, ਕਿਹੜੇ ਢੱਠੇ ਖੂਹ ਵਿੱਚ ਪਈਏ, ਇਸ ਜੀਵਣ ਦੇ ਜੋ ਨੇ ਬਾਕੀ, ਰਹਿ ਗਏ ਦੌਰ ਪੜਾਵਾਂ ਦੇ।

19. ਹੋ ਕੇ ਨਿਰਾਸ਼ਾ ਸਾਗਰੋਂ ਬੁਲਬੁਲਾ ਹੈ ਪਰਤਿਆ

(ਮਰਹੂਮ ਹਜ਼ਾਰਾ ਸਿੰਘ ਗੁਰਦਾਸਪੁਰੀ ਦੀਆਂ ਕਾਵਿ ਰਚਨਾਵਾਂ ਦੀ ਭਾਲ ਨੂੰ ਸਮਰਪਿਤ ਇਹ ਰਚਨਾ) ਹੋ ਕੇ ਨਿਰਾਸ਼ਾ ਸਾਗਰੋਂ ਬੁਲਬੁਲਾ ਹੈ ਪਰਤਿਆ। ਸੋਚਾਂ ਸਮੇਂ ਦੀ ਭੀੜ ਵਿੱਚ ਭਾਣਾ ਕੀ ਵਰਤਿਆ। ਮਿਲੀਆਂ ਸਮੇਂ ਦੀ ਧੂੜ ਵਿੱਚ ਲਿਖਤਾਂ ਗੁਵਾਚੀਆਂ, ਫਿਰਿਆ ਬੜਾ ਉਸ ਤਰਫ ਵੀ ਗਲੀਆਂ 'ਚ ਭਟਕਿਆ ਜਿੱਥੇ ਕਦੇ ਸਨ ਰੌਣਕਾਂ, ਹੁਣ ਖੰਡਰ ਨੇ ਚੁੱਪ ਖੜੇ, ਲਗਿਆ ਜੰਗਾਲਿਆ ਜੰਦਰਾ, ਬੂਹੇ ਤੇ ਲਟਕਿਆ। ‘ਵਾਰਾਂ’ ਤੇ ‘ਗੁਲਾਬਾਸ਼ੀਆਂ’ ਉਸ ਦੀ ਸੌਗਾਤ ਨੇ, ਕੁਝ ਹੋਰ ਵੀ ਹੈ ਬਹੁਤ ਕੁਝ ਉਸ ਨੇ ਜੋ ਸਿਰਜਿਆ। ਭਾਲਾਂਗਾ ਹੋਰ ਬਹੁਤ ਕੁਝ, ਕਿਧਰੋਂ ਜੇ ਮਿਲੇ, ਦੇਵਾਂਗਾ ਦਸਤਕ ਆਸ ਨਾਲ, ਬੂਹਾ ਜੇ ਖੜਕਿਆ। ਰੱਖਿਆ ਹੈ ਫਰਜ਼ ਦਾ ਟਿੱਕਾ ਲਗਾ ਕੇ ਸ਼ੌਕ ਨਾਲ,, ਜਦ ਤੱਕ ਹੈ ਕਲਮ ਹੱਥ, ਕਾਗਜ਼ ਵੀ ਸਰਕਿਆ। ਸੁਣਿਆ ਹੈ ਦਿੱਲੀ ਤੁਰ ਗਿਆ, ਹੋਈ ਨਾ ਵਾਪਸੀ, ਹੋਈ ਨਾ ਮੁੜਕੇ ਵਾਪਸੀ, ਸਾਗਰ 'ਚ, ਖਰ ਗਿਆ। ਅਰਸ਼ਾਂ 'ਚ ਗੁਮ ਗਿਆ, ਚਾਨਣ 'ਚ ਘੁਲ਼ ਗਿਆ, ਰੌਸ਼ਨ ਸਿਤਾਰਾ ਬਣ ਗਿਆ ਅਰਸ਼ਾਂ 'ਚ ਚਮਕਦਾ।

20. ਵਾਰਿਸ ਸ਼ਾਹ ਨੂੰ ਯਾਦ ਕਰਦਿਆਂ

ਕਿੱਸੇ ਹੀਰ ਦੇ ਲਿਖੇ ਨੇ ਹੋਰ ਕਈਆਂ, ਵਾਰਿਸ ਸ਼ਾਹ ਦੇ ਲਿਖੇ ਦੀ ਰੀਸ ਕੋਈ ਨਾ। ਕਿੱਸੇ ਪਿਆਰ ਦੇ ਲਿਖੇ ਨੇ ਬਹੁਤ ਸ਼ਾਇਰਾਂ, ਵਾਰਿਸ ਸ਼ਾਹ ਦੇ ਵਿਸ਼ੇ ਦੀ ਰੀਸ ਕੋਈ ਨਾ। ਜਿਵੇਂ ਹਿਜਰ ਦੇ ਗੰਮਾਂ ਦੀ ਬਾਤ ਪਾਈ, ਵਾਰਸ ਸ਼ਾਹ ਦੇ ਹਿੱਸੇ ਦੀ ਰੀਸ ਕੋਈ ਨਾ। ਹੂਕ ਵੰਝਲੀ ਦੀ, ਕੂਕੀ ਬੇਲਿਆਂ ਵਿੱਚ, ਜ਼ਖਮ ਹਿਜਰ ਦੇ ਰਿਸੇ ਦੀ ਰੀਸ ਕੋਈ ਨਾ। ਮੰਗੂ ਚਾਰਨੇ, ਇਸ਼ਕ ਦੀ ਕੈਦ ਅੰਦਰ, ਸਮੇ ਕੈਦ ਦੇ ਮਿਥੇ ਦੀ ਰੀਸ ਕੋਈ ਨਾ। ਕਿਵੇਂ ਕੈਦੋ, ਕਲਹਿਣੇ, ਦੀ ਗੱਲ ਕੀਤੀ, ਕੰਡੇ ਰਾਹਾਂ, ਚ ਵਿਛੇ ਦੀ ਰੀਸ ਕੋਈ ਨਾ। ਕੋਝੀ ਵੰਡ ਭਰਾਂਵਾ ਸੀ, ਕਿਵੇਂ ਕੀਤੀ, ਬੰਜਰ ਖੇਤ ਦੇ ਕਿੱਤੇ ਦੀ ਰੀਸ ਕੋਈ ਨਾ। ਕਿਵੇਂ ਹੀਰ ਤੇ ਰਾਂਝੇ ਦੀ, ਕਥਾ ਛੇੜੀ, ਇਸ਼ਕ, ਰੋਗ, ਵਿੱਚ ਹਿਸੇ ਦੀ ਰੀਸ ਕੋਈ ਨਾ। ਪੱਟ ਚੀਰ ਕੇ, ਹੀਰ ਲਈ ਮਾਸ ਭੁੰਨੇ, ਚੱਕੀ ਪਿਆਰ ਦੀ ਪਿਸੇ ਦੀ ਰੀਸ ਕੋਈ ਨਾ। ਵਾਰਿਸ ਸ਼ਾਹ ਵੀ ਆਪ ਸੀ ਪਿਆਰ ਰੋਗੀ, , ਭਾਗ ਭਰੀ, ਦੇ ਪਿੱਛੇ ਦੀ ਰੀਸ ਕੋਈ ਨਾ। ਹੀਰ ਅਮਰ ਹੋ ਗਈ ਵਾਰਿਸ ਸ਼ਾਹ ਕਰਕੇ, ਰਾਂਝੇ ਇਸ਼ਕ ਵਿੱਚ, ਵਿਛੇ ਦੀ ਰੀਸ ਕੋਈ ਨਾ। ਉਸ ਨੇ ਰੂਹ, ਕਲਬੂਤ, ਦੀ ਕਥਾ ਛੇੜੀ, ਰੱਬੀ ਰੰਗ ਵਿੱਚ, ਲਿਖੇ ਦੀ ਰੀਸ ਕੋਈ ਨਾ। ਉਸ ਨੇ ਦਰਦ ਫਿਰਾਕ ਦੀ ਜੰਗ ਵਿੱਢੀ, ਅਜਬ ਬਾਨ੍ਹਣੂੰ ਕਿਲੇ ਦੀ ਰੀਸ ਕੋਈ ਨਾ। ਵਾਰਿਸ ਸ਼ਾਹ ਦੀ ਕਲਮ ਦਾ ਹੁਨਰ ਡਾਢਾ, ਉਸਦੀ ਸੁਰਤ, ਵਿੱਚ ਟਿਕੇ ਦੀ ਰੀਸ ਕੋਈ ਨਾ। ਮਿਲਦਾ ਮਾਨ ਸਨਮਾਨ ਹੈ ਸ਼ਾਇਰਾਂ ਨੂੰ, ਵਾਰਿਸ ਸ਼ਾਹ ਨੂੰ ਮਿਲੇ ਦੀ ਰੀਸ ਕੋਈ ਨਾ।

21. ਕਾਦਰ ਯਾਰ -ਬਨਾਮ - ਕਿੱਸਾ ਪੂਰਨ ਭਗਤ

ਪੜ੍ਹਿਆ ਕਿੱਸਾ ਲਿਖਿਆ, ਪੂਰਨ ਭਗਤ ਦਾ, ਸੁਹਣੇ ਸ਼ਾਇਰ, ਮੀਆਂ, ਕਾਦਰ ਯਾਰ ਦਾ। ਅੰਧ ਵਿਸ਼ਵਾਸ਼ੀ ਦਾ ਵੀ ਵੇਖੋ ਕਿੰਨਾ ਜੋਰ ਸੀ, ਭੋਰੇ ਦੇ ਵਿੱਚ ਪਾਇਆ, ਪੁੱਤਰ ਜੰਮਦਿਆਂ, ਕਿੰਨਾ ਪੱਥਰ ਦਿਲ ਸੀ, ਪਿਉ ਸਲਵਾਨ ਦਾ। ਆਖੇ ਲੱਗ ਕੇ ਪਿੱਛੇ, ਵਹਿਮੀਂ ਪੰਡਤਾਂ, ਪੁੱਤਰ ਪਾਇਆ ਅੰਦਰ ਘੋਰ ਮੁਸੀਬਤਾਂ, ਰਾਣੀ ਇੱਛਰਾਂ ਜਾਇਆ, ਪਹਿਲੀ ਵਾਰ ਦਾ। ਮੋਹ ਮਮਤਾ ਦੀ ਮੂਰਤ, ਰਾਣੀ ਇੱਛਰਾਂ, ਰੋ ਰੋ ਨੀਰ ਸੁਕਾਇਆ, ਅੱਖਾਂ, ਅੰਨ੍ਹੀਆਂ, ਪੁੱਤਰ ਦਾ ਇਹ ਦੁੱਖ, ਨਾ ਜਾਵੇ ਝੱਲਿਆ। ਬਾਰ੍ਹਾਂ ਵਰ੍ਹੇ ਬਿਤਾ ਕੇ ਅੰਦਰ ਭੋਰਿਆਂ, ਮਾਂ ਸੀ ਝੱਲੀ ਹੋਈ ਝੁਰਦੇ ਝੋਰਿਆਂ. ਲੂਣਾਂ ਦਾ ਕਿਰਦਾਰ, ਤੂੰ ਸੀ ਚਿੱਤਰਿਆ। ਕਿੱਦਾਂ ਦੱਸੀ ਪੂਰਨ ਦੀ ਤੂੰ ਸਾਬਤੀ, ਜੋ ਸੀ ਕੂੜ ਕਹਾਣੀ, ਸੱਚੀ ਆਖਦੀ, ਦਿੱਤੀਆਂ ਸਖਤ ਸਜਾਵਾਂ, ਪੁੱਠਾ ਲਟਕਿਆ। ਲੈ ਗਿਆ ਯੋਗੀ ਨਾਲ ਖੂਹੋਂ ਕੱਢ ਕੇ, ਪਰਖਾਂ ਅੰਦਰ ਪਾਇਆ ਸਭ ਕੁੱਝ ਛੱਡ ਕੇ, ਖਾਕੋਂ ਨੂਰ ਬਣਾਇਆ, ਪੁਤਲਾ ਖਾਕ ਦਾ। ਮੋਹ ਨਾ ਸੱਕੀ ਉਸ ਨੂੰ, ਰਾਣੀ ਸੁੰਦਰਾਂ, ਸਾਧੂ ਆਪ ਬਣਾਇਆ, ਪਾ ਕੇ ਮੁੰਦਰਾਂ, ਚੇਲਾ ਸੀ ਜਦ ਬਣਿਆ, ਜੋਗੀ ਨਾਥ ਦਾ। ਰੰਗ ਬਰੰਗਾ ਗੁੰਦਿਆ ਸੁਹਣਾ ਹਾਰ ਤੂੰ, ਮਾਂ ਬੋਲੀ ਗਲ਼ ਪਾਇਆ ਖੂਬ ਸ਼ਿੰਗਾਰ ਤੂੰ, ਤੂੰ ਪੰਜਾਬੀ ਮਾਂ ਦੀ, ਕਦਰ ਪਛਾਣਦਾ। ਸਜਦੇ ਕਰਾਂ ਹਜਾਰ ਤੇਰੀ ਕਲਮ ਨੂੰ, ਕਿੱਸੇ ਦੇ ਫਨਕਾਰ ਮੈਂ, ਤੇਰੇ ਹੁਨਰ ਨੂੰ, ਤੂੰ ਸਾਹਿਤ ਦਾ ਹੀਰਾ, ਅਜਬ ਕਮਾਲ ਦਾ। ਪੜ੍ਹਿਆ ਕਿੱਸਾ ਲਿਖਿਆ, ਪੂਰਨ ਭਗਤ ਦਾ, ਸੁਹਣੇ ਸ਼ਾਇਰ ਮੀਆਂ, ਕਾਦਰ ਯਾਰ ਦਾ।

22. ਇੱਕ ਬੂਟਾ ਹਿਜਰਾਂ ਦਾ

ਇਕ ਬੂਟਾ ਹਿਜਰਾਂ ਦਾ, ਵੇਹੜੇ ਉੱਗ ਆਇਆ ਨੀਂ । ਅਸਾਂ ਪਾਣੀ ਰੀਝਾਂ ਦਾ, ਰੱਜ ਉਸ ਨੂੰ ਪਾਇਆ ਨੀਂ । ਗਮ ਖਾ ਕੇ ਪਲਿਆ ਉਹ, ਆਸਾਂ ਵਿੱਚ ਰਲਿਆ ਉਹ, ਪਰ ਭੁੱਖਾ ਭਾਣਾ ਨੀਂ ਉਹ, ਸਦਾ ਤਿਹਾਇਆ ਨੀਂ। ਉਹਦਾ ਪਿਆਰ ਅਨੋਖਾ ਨੀਂ, ਰਿਹਾ ਦੇਂਦਾ ਧੋਖਾ ਨੀਂ, ਰਹੀ ਸੁੱਖਾਂ, ਸੁੱਖਦੀ ਮੈਂ, ਉਹ ਮੁੜ ਨਾ ਆਇਆ ਨੀਂ। ਕੁੱਝ ਪੀੜਾਂ ਹਾਣ ਦੀਆਂ, ਉਸ ਦੇ ਸੁੱਕ ਜਾਣਦੀਆਂ, ਮੈਂ ਦਰਦ ਛੁਪਾਇਆ ਨੀਂ, ਉਸ ਬੜਾ ਸਤਾਇਆ ਨੀਂ। ਜੀ ਕਰਦੈ ਪੁੱਟ ਦੇਵਾਂ ਇਹ, ਕਿਤੇ ਲਾਂਭੇ ਸੁੱਟ ਦੇਵਾਂ, ਕਦੇ ਸੋਚਾਂ ਚੰਦਰੀ ਨੇ. ਇਹ ਹੱਥੀਂ ਲਾਇਆ ਨੀਂ । ਮੈਂ ਹੋ ਗਈ ਕਮਲੀ, ਹਾਂ ਕਮਲੀ ਰਮਲੀ ਹਾਂ, ਇਹ ਬੂਟਾ ਹਿਜਰਾਂ ਦਾ, ਜੇ ਪੁੱਟ ਗੁਵਾਇਆ ਨੀਂ । ਇਸ ਬਾਝੋਂ, ਕਿਹੜਾ ਨੀਂ, ਕਰ ਸੁੰਞਾ ਵੇਹੜਾ ਨੀਂ, ਜਦ ਖਾਣ ਨੂੰ ਆਵੇਗਾ, ਵੇਹੜਾ ਕੁਮਲਾਇਆ ਨੀਂ। ਫਿਰ ਕਿੱਦਾਂ ਜੀਵਾਂਗੀ, ਜੋ ਗਿਆ ਵਿਦੇਸ਼ੀਂ ਉਹ, ਭੁੱਲ ਗਿਆ ਪ੍ਰੀਤਾਂ ਉਹ ਨਾ ਮੁੜ ਕੇ ਆਇਆ ਨੀਂ । ਕੱਲੀ ਜਿੰਦ ਤਤੜੀ ਦੀ, ਚੰਨ ਦੀ ਗਲਵੱਕੜੀ ਦੀ, ਕਿਸੇ ਰੁੱਤ ਬਸੰਤੀ ਦੀ ਭੁੱਖ ਨੇ ਤੜਫਾਇਆ ਨੀਂ । ਇਹ ਬੂਟਾ ਰੀਝਾਂ ਦਾ, ਕੁੱਝ ਦਰਦਾਂ ਚੀਸਾਂ ਦਾ, ਬੂਟਾ ਕੰਡਿਆਲਾ ਨੀਂ, ਹੈ ਵੇਹੜੇ ਛਾਇਆ ਨੀਂ। ਇਹ ਬੂਟਾ ਹਿਜਰਾਂ ਦਾ ਹੋਏ ਦੂਣ ਸਵਾਇਆ ਨੀਂ। ਵਸਲਾਂ ਦੀ ਵੱਲ ਕਦੇ, ਵੇਹੜੇ ਵਿੱਚ ਉੱਗੇ ਗੀ, ਕਈ ਸੁਪਨੇ ਮੌਲਣਗੇ, ਮਨ ਲਾਰੇ ਲਾਇਆ ਨੀਂ। ਯਾਦਾਂ ਦੀਆਂ ਸੂਲਾਂ ਕਈ ਸੀਨੇ ਵਿੱਚ ਲਹਿ ਜਾਵਣ, ਪਾਏ ਹੰਝੂ ਭਰ ਭਰ ਕੇ ਉਹ ਰਿਹਾ ਤਿਹਾਇਆ ਨੀਂ। ਤੇ ਪਾਣੀ ਹਿਜਰਾਂ ਦਾ, ਰੱਜ ਉਸ ਨੂੰ ਪਾਇਆ ਨੀਂ । ਇੱਕ ਬੂਟਾ ਹਿਜਰਾਂ ਦਾ ਅੱਜ ਵੇਹੜੇ ਛਾਇਆ ਨੀਂ ।

23. ਤੁਰ ਗਿਆ ਛਿੰਦਾ

1. ਤੁਰ ਗਿਆ ਛਿੰਦਾ, ਕਲਾਕਾਰ ਛਿੰਦਾ, ਨਾਮ ਸੀ ਸੁਰਿੰਦਰ, ਨਾਲ ਪਿਆਰ ਛਿੰਦਾ। ਉੱਚੀ ਸੁਰ ਤਾਣ ਵਾਲਾ, ਗੀਤਕਾਰ ਛਿੰਦਾ, ਹਸਮੁਖਾ, ਤੇ ਬਹੁਤ, ਮਿਲਣਸਾਰ ਛਿੰਦਾ। 2. ਰਹੇ ਗਾ ਜਿੰਦਾ, ਸਦ ਬਹਾਰ ਛਿੰਦਾ, ਗੀਤਾਂ ਵਿੱਚ ਜਿੰਦਾ, ਰੂਹ ਠਾਰ ਛਿੰਦਾ । ਰੁਕਿਆ ਨਾ ਕਦੀ ਤੇਜ਼ ਰਫਤਾਰ ਛਿੰਦਾ. ਫੁੱਲਾਂ ਵਾਂਗ ਹੌਲਾ, ਹੌਲੇ ਭਾਰ ਛਿੰਦਾ । 3. ਦੋਸਤਾਂ ਤੇ ਮਿੱਤਰਾਂ ਦੀ ਲਏ ਸਾਰ ਛਿੰਦਾ, ਮੁਸ਼ਕਲਾਂ, ਔਕੜਾਂ 'ਚ, ਮਦਦਗਾਰ ਛਿੰਦਾ। ਕਈਆਂ ਲਈ ਕੀਮਤੀ, ਖਾਕਸਾਰ, ਛਿੰਦਾ, ਜਿੰਦਗੀ ਬਣਾ ਗਿਆ ਸ਼ਾਹਸਵਾਰ ਛਿੰਦਾ। 4. ਟੀਸੀਆਂ ਨੂੰ ਛੋਹ ਗਿਆ, ਫਨਕਾਰ ਛਿੰਦਾ, ਸ਼ਾਨ ਸੀ ਸਟੇਜਾਂ ਦਾ, ਰੰਗਦਾਰ ਛਿੰਦਾ। ਮਾਂ ਬੋਲੀ ਆਪਣੀ ਦਾ ਸੇਵਾਦਾਰ ਛਿੰਦਾ, ਉਮਰਾਂ ਲਗਾ ਗਿਆ, ਵਫਾਦਾਰ ਛਿੰਦਾ। 5. ਸ਼ੋਖੀਆਂ ਖਿਲਾਰ ਗਿਆ, ਬੇਸ਼ੁਮਾਰ ਛਿੰਦਾ, ਮਹਿਫ਼ਲਾਂ ਸ਼ਿੰਗਾਰਦਾ, ਦੰਮਦਾਰ ਛਿੰਦਾ। ਪੁੱਤ ਸੀ ਪੰਜਾਬ ਦਾ, ਵਫਾਦਾਰ ਛਿੰਦਾ, ਛੱਡ ਗਿਆ, ਆਪਣੀ, ਯਾਦਗਾਰ ਛਿੰਦਾ।

24. ਅਲਵਿਦਾ ਸੁਰਜੀਤ ਪਾਤਰ

ਤੁਰ ਗਿਆ ਸੁਰਜੀਤ ਪਾਤਰ, ਨਹੀਂ ਰਿਹਾ ਸੁਰਜੀਤ ਪਾਤਰ । ਕੀ ਕਹਾਂ ਸੁਰਜੀਤ ਪਾਤਰ, ਚੁੱਪ ਹਾਂ ਸੁਰਜੀਤ ਪਾਤਰ । ਅੱਖੀਆਂ ਤਰ ਹੋ ਗਈਆਂ, ਭਰ ਗਈਆਂ ਸਰ ਹੋ ਗਈਆਂ। ਖਬਰ ਇਹ ਮਨਹੂਸ ਸੁਣ, ਵਕਤ ਇਹ ਕੰਜੂਸ ਸੁਣ । ਸ਼ਾਇਰੀ ਦਾ ਸਿਖਰ ਤੂੰ, ਸਦ ਬਹਾਰਾ ਬਿਰਖ ਤੂੰ । ਮਾਂ ਪੰਜਾਬੀ, ਦਾ ਫਖਰ, ਸਾਹਿਤ ਦਾ ਤੂੰ ਇੱਕ ਸਫਰ । ਘਾਟ ਵੱਡੀ ਪਾ ਗਿਉਂ, ਪਰ ਹਰ ਬਸ਼ਰ ਤੇ, ਛਾ ਗਿਉਂ । ਅਜਬ ਤੇਰੀ, ਕਲਮ ਸੀ, ਗਜ਼ਲ ਜਾਂ ਫਿਰ ਨਜ਼ਮ ਸੀ । ਦਰਦ ਸੀ, ਜਾਂ ਵੇਦਨਾ, ਹਰ ਬਸ਼ਰ ਚੋਂ ਸਿਰਜਨਾ । ਹੁਨਰ ਤੇਰਾ ਅਜਬ ਸੀ, ਅਜਬ ਸੀ ਕੋਈ ਗਜਬ ਸੀ । ਕਲਮ ਤੇਰੀ ਨੂੰ ਸਲਾਮ, ਕਰ ਗਿਉਂ ਉੱਚਾ ਮੁਕਾਮ । ਤੇਰਾ ਲਿਖਿਆ ਪੜ੍ਹਾਂਗੇ, ਯਾਦ ਤੈਨੂੰ ਕਰਾਂਗੇ। ਰਾਹ ਵਿਖਾਏਗਾ ਸਦਾ, ਸਾਹਿਤ ਦਾ ਦਰਪਨ ਤੇਰਾ । ਅਲਵਿਦਾ ਸੁਰਜੀਤ ਪਾਤਰ। ਅਲਵਿਦਾ ਸੁਰਜੀਤ ਪਾਤਰ।

25. ਮੇਰੀ ਮਾਂ ਬੋਲੀ

ਊੜਾ ਊਠ ਆਖੋ ਐੜਾ ਅੰਬ ਆਖੋ, ਈੜੀ ਇੱਟ ਆਖੋ ਸੱਸਾ ਸੱਪ ਆਖੋ । ਬੜੇ ਰੰਗਾਂ ਚ, ਮਿਲੇਗੀ ਮਾਂ ਬੋਲੀ ਭਾਂਵੇਂ ਸੱਚ ਸਮਝੋ ਭਾਂਵੇਂ ਗੱਪ ਆਖੋ । ਇਸ ਦੇ ਬੋਲਾਂ ਚ, ਭਰੀ ਮਿਠਾਸ ਵੱਖਰੀ, ਬੋਲੀ ਮਾਂ ਮੇਰੀ ,ਠੰਡੀ ਛਾਂ ਮੇਰੀ, ਇਹਦੀ ਗੋਦ ਮਾਣੀ ਮਿੱਠੇ ਬੋਲ ਸਿੱਖੇ, ਬੁੱਲ ਮੀਚ ਆਖੋ ਜੀਭ ਨੱਪ ਆਖੋ। ਇਹ ਹੈ ਪੀਰ ਫਕੀਰਾਂ ਦੀ ਮਾਂ ਬੋਲੀ ਇਸ ਨੂੰ ਕਹੋ ਪੰਜਾਬ ਦੀ ਮਾਤ ਭਾਸ਼ਾ, ਕਈ ਗੀਤਾਂ ਦੇ ਭਰੇ ਭੰਡਾਰ ਆਖੋ ਕਈ ਜੁਗਾਂ ਦੇ ਸਾਹਿਤ ਦੇ ਤੱਪ ਆਖੋ । ਜੱਗ ਤੋ ਬੋਲੀਆਂ ਹੋਰ ਨੇ ਬਹੁਤ ਬੇਸ਼ੱਕ, ਇਹਦੀ ਮਟਕ ਵੱਖਰੀ ਤੇ ਟੌਰ੍ਹ ਵੱਖਰੀ, ਇਸ ਦੀ ਝੋਲ ਵਿੱਚ ਭਰੇ ਨੇ ਸ਼ਬਦ ਮੋਤੀ, ਭਾਂਵੇ ਲੱਖ ਆਖੋ ਭਾਂਵੇਂ ਲੱਪ ਆਖੋ । ਜੁਗ ਜੁਗ ਜੀਵੇ ਤੇ ਮਾਨ ਸਤਿਕਾਰ ਪਾਵੇ, ਇਸ ਦੇ ਬੋਲਾਂ ਚ,ਰਹੇ ਮਿਠਾਸ ਏਦਾਂ, ਛੋਹਵੇ ਸਿਖਰ ਸਾਰੇ, ਮੇਰੀ ਮਾਂ ਬੋਲੀ ਹੋਵੇ ਦੇਸ਼ ਭਾਂਵੇਂ ਅੰਦਰ ਹੱਦਾਂ ਟੱਪ ਆਖੋ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ