ਪੰਜਾਬੀ ਰਚਨਾਵਾਂ - ਰਵਿੰਦਰ ਸਹਿਰਾਅ
Punjabi Poetry - Ravinder Sehra
ਹਾਦਸੇ
ਪਹਿਲਾ ਹਾਦਸਾ ਓਦਣ ਹੋਇਆ ਜਦ ਨਿੱਕੀ ਜਿਹੀ ਉਮਰੇ ਡੰਗਰਾਂ ਦੀ ਖੁਰਲੀ ਲਾਗੇ ਬੈਠਾ ਸਾਂ ਤੇ ਜੁੜਦੇ ਜਾ ਰਹੇ ਸਨ ਗੁੰਮ ਸੁੰਮ ਚਿਹਰੇ ਸਭ ਦੇ ਸਭ ਚੁੱਪ ਚਾਪ ਕੋਈ ਮਾਂ ਨੂੰ ਚੁੱਪ ਕਰਾ ਰਿਹਾ ਸੀ ਕੋਈ ਭੈਣ ਨੂੰ ਵਰਾ ਰਿਹਾ ਸੀ ਫਿਰ ਅਚਾਨਕ ਮੈਂ ਭੁੱਬੀ ਰੋਇਆ ਇਹ ਤਾਂ ਮੇਰਾ ਪਿਉ ਸੀ ਮੋਇਆ ਇੰਝ ਹਾਦਸਿਆਂ ਦੀ ਬਰਸਾਤ ਸ਼ੁਰੂ ਹੋ ਗਈ ਡੰਗਰ ਚਾਰਨ ਤੋਂ ਲੈ ਕੇ ਕਾਲਜ ਪਹੁੰਚਣ ਤੱਕ ਪੁਲਿਸ ਦੀਆਂ ਡਾਂਗਾਂ ਤੋਂ ਲੈ ਕੇ ਮੀਸਾ ਤਹਿਤ ਨਜ਼ਰਬੰਦੀ ਤੱਕ ਪਿੰਡ ਦੀ ਵੇਂਈਂ ‘ਚ ਚੁੱਬੀਆਂ ਲਾਉਣ ਤੋਂ ਲੈ ਕੇ ਸਮੁੰਦਰੋਂ ਪਾਰ ਵਸੇਬੇ ਤੱਕ ਬੱਸ ! ਹਾਦਸੇ ਹੀ ਹਾਦਸੇ ਮਿਲੇ ਕਦੇ ਉਹ ਅੰਬਰਾਂ ਵੱਲੋਂ ਕਦੇ ਧਰਤ ਤੋਂ ਆਏ ਕਦੇ ਆਪਣਿਆਂ ਦਿੱਤੇ ਕਦੇ ਬੇਗਾਨਿਆਂ ਵਰੋਸਾਏ
ਮੰਡੀਧਾਰੀ
ਉਹਨਾਂ ਦੀ ਅੱਖ ਲਈ ਹਰ ਵਸਤ ਵਿਕਾਊ ਹੈ ਕਲਮ ਕਿਤਾਬ ਸੰਸਥਾ ਕੁਝ ਵੀ ਨਾਂਅ ਲੈ ਲਉ ਮੌਕੇ ਮੁਤਾਬਕ ਉਹਨਾਂ ਦੀ ਹਾਂ ਲੈ ਲਉ ਕਹਿਣ ਨੂੰ ਉਹ ਕਲਾ ਪ੍ਰੇਮੀ ਹਨ ਮਹਾਂਦਾਨੀ ਹਨ ਪ੍ਰਵਚਨੀ ਹਨ ਕਲਾ ਕਾਮਿਆਂ ਦਾ ਸਤਿਕਾਰ ਕਰਦੇ ਹਨ ਉਹਨਾਂ ਦੀ ਹਰ ਲੋੜ ’ਤੇ ਖ਼ਿਆਲ ਧਰਦੇ ਹਨ ਸਤਿਅਮ ਸ਼ਿਵਮ ਸੁੰਦਰਮ ਦੇ ਪੁਜਾਰੀ ਹਨ ਵਿਰਸੇ ਨੂੰ ਸਾਂਭਣ ਵਾਲੇ ਪੂਰਨ ਆਗਿਆਕਾਰੀ ਹਨ ਫਿਰ ਵੀ ਕਦੀ ਕਦੀ ਉਹਨਾਂ ਦੀ ਨੀਂਦ ਉੱਡ ਜਾਂਦੀ ਹੈ ਤੇ ਇਹ ਗੱਲ ਉਹਨਾਂ ਨੂੰ ਦਿਨ ਰਾਤ ਸਤਾਉਂਦੀ ਹੈ ਕਿ ਉਹ ਖ਼ਰੀਦ ਨਹੀਂ ਸਕਦੇ ਹਵਾ ਦੀ ਸਰ ਸਰ ਮਿੱਟੀ ਦੀ ਮਹਿਕ ਅੱਖਰਾਂ ਦੀ ਲੋਅ
ਆਥਣ ਵੇਲਾ
ਆਥਣਵੇਲੇ ਸੈਰ ਕਰਦਿਆਂ ਜ਼ਿਹਨ ਵਿੱਚ ਕਵਿਤਾਵਾਂ ਦੇ ਬੀਜ ਪੁੰਗਰਦੇ ਸਹਿਜੇ ਸਹਿਜੇ ਫੈਲਦੀਆਂ ਫੁੱਲਦੀਆਂ ਤੇ ਫਲਦੀਆਂ ਆਥਣ ਵੇਲੇ ਦਿਨ ਭਰ ਦੇ ਥੱਕੇ ਪੰਖੇਰੂ ਆਲ੍ਹਣਿਆਂ ਵਿੱਚ ਬਹਿੰਦੇ ਬੋਟਾਂ ਦੀ ਸੁਣਦੇ ਤੇ ਕਹਿੰਦੇ ਆਥਣ ਵੇਲੇ ਮਨਚਲਿਆਂ ਦੀ ਮਹਿਫ਼ਲ ਜੁੜਦੀ ਮੈਂ ਨਾ ਮਾਨੂੰ ਦੀ ਸੁਰ ਉੱਠਦੀ ਕਿਰਕਰੀ ਜਿਹੀ ਧੂੜ ਫੇ ਉੜਦੀ ਆਥਣ ਵੇਲੇ ਸੁਆਣੀਆਂ ਸਿਰ ਢਕ ਰਹਿਰਾਸ ਦਾ ਜਾਪ ਕਰਦੀਆਂ ਚਿੰਤਾਵਾਂ ਨੂੰ ਛਿੱਕੇ ਟੰਗਦੀਆਂ ਸਰਬੱਤ ਦਾ ਭਲਾ ਮੰਗਦੀਆਂ ਆਥਣ ਵੇਲੇ ਦਿਨ ਭਰ ਦੀ ਟੈਂ ਟੈਂ ਤੋਂ ਅੱਕੇ ਰੁੱਖੜੇ ਸ਼ਾਂਤ ਹੋ ਬਹਿੰਦੇ ਕਾਇਨਾਤ ਨਾਲ਼ ਇਕਮਿਕ ਹੁੰਦੇ ਆਥਣ ਵੇਲੇ ਕਿਰਤੀ ਕੜਕਦੀ ਧੁੱਪ ਦਾ ਸੜਿਆ ਪਰਬਤ ਜੇਡੇ ਹੌਕੇ ਭਰਦਾ ਖੁਸ਼ਹਾਲੀ ਦੇ ਸੁਪਨੇ ਉਣਦਾ ਸੀਸ ਤਲੀ ‘ਤੇ ਧਰਨ ਨੂੰ ਚੁਣਦਾ ਆਥਣ ਵੇਲਾ ਰਿਸ਼ੀਆਂ ਦਾ ਵੇਲਾ ਸੱਭ ਦੇ ਸਿਰ ਦੀ ਸੁੱਖ ਮੰਗਣ ਦਾ ਵੇਲਾ ਦਿਨ ਭਰ ਦੀ ਖਰਮਸਤੀ ਕੋਲ਼ੋਂ ਸੰਗਣ ਦਾ ਵੇਲਾ …….! ਅੱਖਾਂ ਮੁੰਦ ਕੇ ਲੇਟਣ ਦਾ ਵੇਲਾ ਯਾਦ ਮੋਇਆਂ ਦੀ ਸਮੇਟਣ ਦਾ ਵੇਲਾ ਤਖ਼ਤਾਂ ਤਾਜਾਂ ਨੂੰ ਨੋਚਣ ਦਾ ਵੇਲਾ ਜਬਰ ਤੋਂ ਮੁਕਤੀ ਸੋਚਣ ਦਾ ਵੇਲਾ
ਸੰਤੂ ਚੌਕੀਦਾਰ
ਭਾਅ ਜੀ …ਓਅ.. ਭਾਅ ਜੀ ਬੂਹੇ ਮੋਹਰੇ ਆ ਕੇ ਉਹ ਰੁਕ ਰੁਕ ਕੇ ਕਹਿੰਦਾ ਨਾਲ਼ੇ ਅੰਦਰੌਂ ਆਉਣ ਦੀ ਬਿੜਕ ਲੈਂਦਾ । ਹਾਂ ਬਈ ਸੰਤੂ … ਐਸ ਵੇਲੇ ਸਿਖ਼ਰ ਦੁਪਹਿਰੇ ਕਿਹੜੀ ਆਫ਼ਤ ਆ ਗਈ ਮੈਂ ਮਲਕੜੇ ਜਿਹੇ ਕਹਿੰਦਾ । ਉਹ ਹੱਸਦਾ ਫਿਰ ਹੱਸਦਾ ਪੀਲ਼ੇ ਕਰੇੜੇ ਦੰਦ ਉਹਦੇ ਸਾਰੇ ਦੇ ਸਾਰੇ ਦਿਸਦੇ ਉਹ ਸਹਿਜ ਹੁੰਦਾ ਕਹਿੰਦਾ ਭਾਅ ਜੀ ਕੋਈ ਆਪਣਾ ਪਜਾਮਾ ਦੇ ਦੇ ਦੇਖ ਮੇਰੇ ਆਲ਼ਾ ਫਟ ਗਿਆ ਹੋ ਗਈਆਂ ਨੇ ਮੋਰੀਆਂ ਉਹ ਮੈਲ਼ਾ ਝੱਗਾ ਉੱਪਰ ਚੁੱਕਦਾ ਖਿਸਕਾਉਂਦਾ ਮੈਨੂੰ ਦਿਖਾਉਂਦਾ….! ਮੈਂ ਹੱਸਦਿਆਂ ਕਹਿੰਦਾ ਫੇਰ ਮੈਂ ਕੀ ਪਾਊਂ ਲੈ ਭਾਅ ਆਹ ਤੂੰ ਕੀ ਗੱਲ ਕੀਤੀ ਤੂੰ ਨਮਾ ਸੁਆ ਲਈਂ ਤੇਰੇ ਆਲ਼ਾ ਮੈਂ ਪਾ ਲਊਂ ! ਕੋਈ ਨਾ ਸੰਤੂ ਤੇਰੇ ਲਈ ਵੀ ਨਮਾ ਸੁਆ ਦਊਂ ਫੇਰ ਕਹਿੰਦਾ ਨਾ ਬਈ ਨਾ ਮੈਂ ਨਹੀਂ ਲੈਣਾ ਨਮਾ ਨੁਮਾ ਮੈਨੂੰ ਤਾਂ ਹਾਅ ਈ ਦੇ ਦੇ ! ਮੇਰੀ ਸਰਪੰਚੀ ਵੇਲੇ ਸੰਤੂ ਪਿੰਡ ਦਾ ਚੌਕੀਦਾਰ ਸੀ ਬੜਾ ਈ ਭੋਲ਼ਾ ਸਿੱਧੜ ਪਰ ਵਫ਼ਾਦਾਰ ਸੀ ! ਪਿੰਡ ‘ਚ ਅਵਾਰਾ ਕੁੱਤੇ ਵਧਣੇ ਡਿਸਪੈਂਸਰੀ ਵਾਲ਼ੇ ਬਾਊ ਕੋਲੋਂ ਜ਼ਹਿਰੀਲੀਆਂ ਗੋਲ਼ੀਆਂ ਲੈ ਦੁੱਧ ‘ਚ ਘੋਲਣੀਆਂ ਮਰੇ ਕੁੱਤਿਆਂ ਦੇ ਢੇਰ ਹਫਦਾ ਘੜੀਸਦਾ ਹੱਡਾ ਰੋੜੀ ਢੋਂਦਾ ਸਿਰ ਤੇ ਲਪੇਟਿਆ ਪਰਨਾ ਨਾਸਾਂ ਮੋਹਰੇ ਕਰਦਾ ਸੜ੍ਹਾਂਦ ਨੂੰ ਲਕੋਂਦਾ ..! ਕਦੇ ਕਦੇ ਪਿੰਡ ਪੁਲਸ ਆਉਣੀ ਪਹਿਲਾਂ ਸੰਤੂ ਦੇ ਘਰ ਜਾਂਦੀ ਕਿਸੇ ਦਾ ਅਤਾ ਪਤਾ ਪੁੱਛਦੀ ਤਾਂ ਉਹ ਟਕੇ ਵਰਗਾ ਜਵਾਬ ਦਿੰਦਾ ਸਾਬ ਜੀ ਪਹਿਲਾਂ ਸਰਪੰਚ ਭਾਅ ਜੀ ਨੂੰ ਲੈਕੇ ਆਓ.... ਮੈਂ ਨਹੀਂ ਐਮੇ ਜਾਂਦਾ…! ਪੁਲਸੀਏ ਦਬਕਦੇ ਡਰਾਉਂਦੇ ਕਹਿਰੀ ਅੱਖੀਂ ਤੱਕਦੇ ਡੰਡਾ ਵੀ ਦਿਖਾਉਂਦੇ ..! ਪਿੰਡ ‘ਚ ਕੋਈ ਨਵਾਂ ਬੱਚਾ ਜੰਮਦਾ ਘਰ ਜਾ ਕੇ ਵਧਾਈ ਦਿੰਦਾ ਨਾਮ ਪੁੱਛਦਾ ਸਿਵਲ ਹਸਪਤਾਲ ਜਾਂਦਾ ਜਾਂਦਾ ਭੁੱਲ ਜਾਂਦਾ ਨਾਮ ਤੇ ਪਿੰਡ ਮੁੜਦਾ ਘਰ ਵਾਲ਼ੇ ਘੂਰਦੇ ਪਰਚੀ ‘ਤੇ ਲਿਖਦਿਆਂ ਤਾਕੀਦ ਕਰਦੇ ਸਾਂਭ ਲੈ ਆਹ ਹੁਣ ਨਾ ਭੁੱਲ ਜਾਈਂ… ਹੱਸਦੇ ਹੋਏ ਆਖਦਾ ਐਮੇ ਭੁੱਲ ਜਾਊਂ ਜੋ ਲਿਖਤਾ ਓਹੀ ਲਿਖਾਊਂ ..! ਭੈਣਾਂ ਭਰਾਵਾਂ ‘ਚੋਂ ਵੱਡਾ ਸੀ ਉਹ ਛੋਟਾ ਸੱਬੋ ਦਿਹਾੜੀ ਦੱਪਾ ਕਰਦਾ ਇਕ ਭੈਣ ਵਿਆਹੀ ਗਈ ਦੂਜੀ ਭੈਣ ਭੱਤੋ ਕਮਲ਼ੀ ਰਮਲ਼ੀ ਸਿਰੇ ਦੀ ਸਿੱਧੀ ਗੁਆਂਢੀ ਪਿੰਡ ਜਾਂਦੀ ਲੋਕਾਂ ਦੇ ਦਾਣੇ ਪਿਸਾਉਣ ਲਈ ਮੁੜਦੀ ਤਾਂ ਦਾਣਿਆਂ ਦੇ ਨਾਲ ਨਾਲ ਆਪ ਵੀ ਪਿਸ ਕੇ ਆਉਂਦੀ ! ਸੰਤੂ ਖਿੱਝਦਾ ਖੱਪਦਾ ਬੁੜਬੁੜਾਉਂਦਾ ਰਪਟ ( ਰਿਪੋਰਟ)ਲਿਖਾਊਂ ਥਾਣੇ… ਪਰ ਕਿਹੜੀ ਰਪਟ ਕਿਹੜਾ ਥਾਣਾ ਲੋਕਾਂ ਨੂੰ ਜਾਗਦੇ ਰਹੋ ਆਖਣ ਵਾਲ਼ਾ ਸੰਤੂ ਬੁੜ ਬੁੜ ਕਰਦਿਆਂ ਸੌਂ ਜਾਂਦਾ ਤੇ ਇੱਕ ਦਿਨ ਉਹ ਸੁੱਤਾ ਹੀ ਰਹਿ ਗਿਆ....!