Punjabi Poetry : Ravinder Rocky

ਪੰਜਾਬੀ ਕਵਿਤਾਵਾਂ : ਰਵਿੰਦਰ 'ਰੌਕੀ'



1. ਮੇਰੀ ਇਹ ਦੁਆ ਹੈ ਰੱਬਾ

ਮੇਰੀ ਇਹ ਦੁਆ ਹੈ ਰੱਬਾ ਸਭ ਦੇ ਸਿਰ ਦਾ ਸਾਈਂ ਜੀਵੇ ਨੱਪ ਘੁੱਟ ਕੇ ਨਾ ਜੀਵੇ ਕੋਈ ਹਰ ਕੋਈ ਚਾਈਂ ਚਾਈਂ ਜੀਵੇ ਬੱਚਿਆਂ ਦਾ ਸੁੱਖ ਹਰ ਕੋਈ ਮਾਣੇ ਹਰ ਇੱਕ ਭੈਣ ਦਾ ਭਾਈ ਜਿਵੇ ਮਾਪੇ ਲੰਬੀਆਂ ਉਮਰਾਂ ਭੋਗਣ ਮਾਂ ਨਾ ਕੋਈ ਸਤਾਈ ਜੀਵੇ 'ਰੌਕੀ' ਦੀ ਬੱਸ ਏਨੀ ਮੰਗ ਏ ਸੌਖੀ ਕੁੱਲ ਲੁਕਾਈ ਜੀਵੇ

2. ਤੇਰੇ ਕੰਮ ਅਵੱਲੇ ਰੱਬਾ, ਤੇਰੇ ਕੰਮ ਅਵੱਲੇ

ਤੇਰੇ ਕੰਮ ਅਵੱਲੇ ਰੱਬਾ, ਤੇਰੇ ਕੰਮ ਅਵੱਲੇ ਆਪੇ ਸਾਜ਼ ਕੇ ਬੰਦੇ ਆਪੇ ਕਰ ਛੱਡੇ ਨੇ ਝੱਲੇ ਆਪੇ ਦੇ ਕੇ ਅਕਲ ਬੰਦੇ ਨੂੰ ਫਿਰ ਪਾ ਦੇਵੇਂ ਪਰਦਾ ਅਕਲਾਂ ਵਾਲੇ ਭਰਦੇ ਪਏ ਨੇ, ਬੇਅਕਲਾਂ ਦੇ ਗੱਲੇ ਰੋਟੀ ਦੇ ਚੱਕਰ ਵਿੱਚ ਸਭ ਨੂੰ ਤੂੰ ਉਲਝਾ ਛਡਿਆ ਏ ਮਾਇਆ ਦੀਆਂ ਜੰਜੀਰਾਂ ਨੂੰ ਕੋਈ ਤੋੜਨ ਟਾਵੇਂ ਟੱਲੇ ਸੌ ਦੇ ਵਿਚੋਂ ਅਠਨਵੇਂ ਬੰਦੇ ਰੋਟੀ ਤੱਕ ਹੀ ਸੀਮਿਤ ਬਾਕੀ ਦੋਵਾਂ ਦੇ ਤੂੰ ਰੱਬਾ ਖੂਬ ਭਰੇ ਨੇ ਪੱਲੇ ਬੰਦਾ ਹੁੰਦਾ ਤਾਂ ਮੈਂ ਤੈਨੂੰ ਕਰ ਲੈਣਾ ਸੀ ਕਾਬੂ ਤੂੰ ਏ ਰੱਬ ਹੁਣ ਤੇਰੇ ਅੱਗੇ ਪੇਸ਼ ਮੇਰੀ ਨਾ ਚੱਲੇ "ਰੌਕੀ" ਮੰਗਦਾ ਰਹੇ ਦੁਆਂਵਾਂ ਹੋਰਾਂ ਦੇ ਲਈ ਖੁੱਲ੍ਹ ਕੇ ਮੰਨ ਲਈਂ ਰੱਬਾ, ਹੋ ਜਾਏਗੀ ਮੇਰੀ ਬੱਲੇ ਬੱਲੇ

3. ਚੱਲ ਮਨਾ ਚੱਲ ਚਲੀਏ ਆਪਣੇ ਗਰਾਂ ਨੂੰ

ਚੱਲ ਮਨਾ ਚੱਲ ਚਲੀਏ ਆਪਣੇ ਗਰਾਂ ਨੂੰ ਪਰਤ ਗਏ ਕਈ ਸਾਥੀ ਆਪਣੇ ਘਰਾਂ ਨੂੰ ਛੱਡ ਦੇ ਪਿੰਜਰੇ ਦਾ ਮੋਹ ਤੂੰ ਪੰਛੀਆ ਖੋਲ੍ਹ ਕੇ ਵੇਖ ਇੱਕ ਵਾਰ ਆਪਣੇ ਪਰਾਂ ਨੂੰ ਆਏਗੀ ਤੇਰੇ ਘਰ ਲਕਸ਼ਮੀ ਜਰੂਰ ਦੀਪਮਾਲਾ ਕਰ ਸਜਾਈਂ ਆਪਣੇ ਦਰਾਂ ਨੂੰ ਪੂਜੇ ਜਾਣਗੇ ਉਹ ਵੀ ਇੱਕ ਦਿਨ ਜਰੂਰ ਸੋਹਣੀ ਤਰਾਂ ਘੜੀਂ ਆਪਣੇ ਪੱਥਰਾਂ ਨੂੰ ਰੱਬ ਹੈ ਰਾਖਾ ਤੇਰਾ, ਮੇਰੇ ਹਾਣੀਆ ਕੱਢ ਦੇ ਆਪਣੇ ਦਿਲ ਚੋਂ ਫੋਕੇ ਡਰਾਂ ਨੂੰ "ਰੌਕੀ" ਜਿਹੜੇ ਬੈਠ ਕੇ ਲਿਖਦਾ ਪਿਐ ਰੱਬ ਹੀ ਭੇਜਦਾ ਹੈ ਉਹਨਾਂ ਅੱਖਰਾਂ ਨੂੰ

4. ਹੁੰਦੇ ਨੇ ਮਹਾਨ ਜਿਹੜੇ ਜਿੰਨੇ ਜਿਆਦਾ

ਹੁੰਦੇ ਨੇ ਮਹਾਨ ਜਿਹੜੇ ਜਿੰਨੇ ਜਿਆਦਾ ਓਨੇ ਉਹਨਾਂ ਦੇ ਪੱਕੇ ਅਸੂਲ ਹੁੰਦੇ ਨੇ ਇੱਕ ਅੱਧਾ ਹੁੰਦਾ, ਜਿਹੜਾ ਥੋਡੇ ਨਾਲ ਖੜ੍ਹੇ ਬਾਕੀ ਸਾਰੇ ਬੰਦੇ ਤਾਂ ਫਜ਼ੂਲ ਹੁੰਦੇ ਨੇ ਟੇਕਦੇ ਨੇ ਲੋਕੀਂ ਮੱਥਾ ਉਹਨਾਂ ਦੀ ਸਮਾਧ ਉੱਤੇ ਆਸ਼ਕ ਜਿਹੜੇ ਰੱਬ ਨੂੰ ਕਬੂਲ ਹੁੰਦੇ ਨੇ "ਰੌਕੀ" ਜਿਹੜੇ ਰੱਖਦੇ ਆਪਣਾ ਅਕੀਦਾ ਪੱਕਾ ਬੰਦੇ ਉਹੀ ਜੱਗ ਤੇ ਮਕਬੂਲ ਹੁੰਦੇ ਨੇ

5. ਜਿੱਤਾਂ ਦੀ ਮੰਜ਼ਿਲ ਤੇ ਅਪੜਨ ਦਾ ਰਸਤਾ

ਜਿੱਤਾਂ ਦੀ ਮੰਜ਼ਿਲ ਤੇ ਅਪੜਨ ਦਾ ਰਸਤਾ ਏਨਾ ਵੀ ਸੱਜਣਾ ਸੁਖਾਲਾ ਨਹੀਂ ਏ ਇਹ ਕੜ੍ਹਨਾ ਹੈ ਸਬਰਾਂ ਦੀ ਮੱਠੀ ਅੱਗ ਤੇ ਇਹ ਜੋਸ਼ਾਂ ਦਾ ਅੰਨ੍ਹਾਂ ਉਬਾਲਾ ਨਹੀਂ ਏ ਜੋ ਹੁੰਦਾ ਏ ਪੂਰੇ ਗੁਰੂਆਂ ਦਾ ਚੰਡਿਆ ਸ਼ੋਹਰਤ ਨੂੰ ਪਾ ਹੁੰਦਾ, ਮਤਵਾਲਾ ਨਹੀਂ ਏ ਗੁਰਮਤਿ ਹੈ "ਰੌਕੀ", ਖੰਡੇ ਤੇ ਤੁਰਨਾ ਸਿਰਫ ਸੋਹਣੇ ਫੁੱਲਾਂ ਦੀ ਮਾਲਾ ਨਹੀਂ ਏ

6. ਅੱਜ ਕੱਲ੍ਹ ਬੰਦੇ ਦੇ ਅੰਦਰ ਕਿਉਂ

ਅੱਜ ਕੱਲ੍ਹ ਬੰਦੇ ਦੇ ਅੰਦਰ ਕਿਉਂ ਭਰਿਆ ਪਿਆ ਫਤੂਰ ਜੇਹਾ ਏ ਖੌਰੇ ਕਿਹੜੀ ਗੱਲ ਦਾ ਇਹਨੂੰ ਹੋਇਆ ਪਿਆ ਗਰੂਰ ਜੇਹਾ ਏ ਲੋਕਾਂ ਦੀਆਂ ਔਕਾਤਾਂ ਨੂੰ ਇਹ ਸਿੱਕਿਆਂ ਦੇ ਨਾਲ ਤੋਲਣ ਲੱਗੈ ਦੌਲਤ ਵਾਲੇ ਵਿੱਚ ਨਸ਼ੇ ਦੇ ਹੋਇਆ ਪਿਆ ਚੂਰ ਜੇਹਾ ਏ ਬਿੱਲਕੁਲ ਇਹ ਤਮੀਜ਼ ਹੈ ਭੁੱਲਾ ਵਡਿਆਂ ਅੱਗੇ ਬੋਲਣ ਲਗੈ ਸੰਗ ਸ਼ਰਮ ਤੋਂ ਬੰਦਾ ਹੁਣ ਤਾਂ ਬਿੱਲਕੁਲ ਹੋਇਆ ਦੂਰ ਪਿਆ ਏ ਸ਼ੁਕਰ ਹੈ "ਰੌਕੀ" ਭਗਤਾਂ ਸਦਕੇ ਥੋੜੀ ਬਹੁਤ ਤਹਿਜ਼ੀਬ ਬਚੀ ਏ ਮਨੁੱਖਤਾ ਵਾਲੇ ਬੂਟੇ ਉੱਤੇ ਫਿਰ ਤੋਂ ਲਗਦੈ ਬੂਰ ਪਿਆ ਏ

7. ਰੱਬਾ, ਮੈਂ ਵੀ ਸਭ ਜਾਣਦਾ ਹਾਂ

ਰੱਬਾ, ਮੈਂ ਵੀ ਸਭ ਜਾਣਦਾ ਹਾਂ ਤੈਨੂੰ ਹੁਣ ਖੂਬ ਪਹਿਚਾਣਦਾ ਹਾਂ ਰੱਬਾ, ਮੈਂ ਮੰਗਦਾ ਹਾਂ ਸਿਰਫ ਤੈਥੋਂ ਹੀ ਕਿਉਂਕਿ ਤੂੰ ਸਮਰੱਥ ਹੈਂ, ਜਾਣਦਾ ਹਾਂ ਮੰਨ ਲਿਆ ਕਰ, ਮੇਰੀ ਵੀ ਰੱਬਾ ਮੈਂ ਕੇਹੜਾ ਮੁੰਡਾ ਤੇਰੀ ਨਨਾਣ ਦਾ ਹਾਂ ਤੇਰਾ ਹੀ ਸਾਜਿਆ, ਨਿਵਾਜਿਆ ਹਾਂ ਅਸਲ ਵਿੱਚ ਮੈਂ ਵੀ ਤੇਰੇ ਹਾਣ ਦਾ ਹਾਂ 'ਰੌਕੀ' ਨੂੰ ਐਂਵੇ ਭਜਾਇਆ ਨਾ ਕਰ ਤੇਰੀ ਗੋਦ ਦਾ ਨਿੱਘ ਜਦ ਮਾਣਦਾ ਹਾਂ

8. ਇਸ਼ਕ ਦੇ ਹੱਥੇ ਜੋ ਵੀ ਚੜ੍ਹ ਗਏ

ਇਸ਼ਕ ਦੇ ਹੱਥੇ ਜੋ ਵੀ ਚੜ੍ਹ ਗਏ ਇਸ਼ਕ ਨੇ ਦੱਬ ਕੇ ਮਾਂਜੇ ਦੁਸ਼ਮਣ ਕਰਤੀ ਸਾਰੀ ਦੁਨੀਆ ਅਕਲ ਤੋਂ ਕਰ ਤੇ ਵਾਂਝੇ ਇਸ਼ਕ ਨਸ਼ੇ ਦੇ ਅੱਗੇ ਫਿੱਕੇ ਭੁੱਕੀ, ਦਾਰੂ, ਸੁਲਫ਼ੇ, ਗਾਂਜੇ ਇਸ਼ਕ ਨੇ ਪਾਗਲ ਕੀਤੇ ਲੱਖਾਂ ਇੰਦਰ, ਪੁੰਨੂ, ਮਿਰਜ਼ੇ, ਰਾਂਝੇ 'ਰੌਕੀ' ਰੱਬ ਦੇ ਆਸ਼ਕ ਹੁੰਦੇ ਕੁੱਲ ਦੁਨੀਆ ਦੇ ਸਾਂਝੇ

9. ਬੇਗ਼ਰਜ਼ ਜ਼ਮਾਨਾ ਕੀ ਜਾਣੇ

ਬੇਗ਼ਰਜ਼ ਜ਼ਮਾਨਾ ਕੀ ਜਾਣੇ ਸਾਡੇ ਦਿਲ ਦੀਆਂ ਕੋਮਲ ਸੱਧਰਾਂ ਨੂੰ ਅਸੀਂ ਦਰਦ ਕਹਾਣੀ ਕਿਉਂ ਦਸੀਏ ਇਹਨਾਂ ਬੇਦਰਦਾਂ ਬੇਕਦਰਾਂ ਨੂੰ ਦੁੱਖ ਸਭ ਦਾ ਆਪੋ ਆਪਣਾ ਏ ਬਸ ਦਿਲ ਦੇ ਅੰਦਰ ਰੱਖਣਾ ਏ ਲੋਕਾਂ ਨੇ ਤਾਂ ਸੁਣ ਕੇ ਹੱਸਣਾ ਏ ਕੀ ਦੋਸ਼ ਦੇਵਾਂ ਮੁਕੱਦਰਾਂ ਨੂੰ ਰੁੱਤ ਇਹ ਵੀ ਬਦਲ ਹੀ ਜਾਣੀ ਏ ਸ਼ੁਰੂ ਹੋਣੀ ਫੇਰ ਨਵੀਂ ਕਹਾਣੀ ਏ ਸੁੱਕ ਜਾਣਾ ਅੱਖ ਦਾ ਪਾਣੀ ਏ ਚੱਲ ਚਲੀਏ ਨਵਿਆਂ ਨਗਰਾਂ ਨੂੰ

10. ਦੇਖਣ ਲਈ ਹੱਥ ਫੜੀ ਸੀ ਗੀਤਾ

ਦੇਖਣ ਲਈ ਹੱਥ ਫੜੀ ਸੀ ਗੀਤਾ ਮਿੱਤਰੋ ਅੱਜ ਮੈਂ ਪੜ੍ਹੀ ਸੀ ਗੀਤਾ ਰਿਸ਼ਤੇ ਨਾਤੇ ਨਾਲ ਸ਼ਰੀਰਾਂ ਰੂਹ ਹੈਂ ਤੂੰ ਸ਼ਰੀਰ ਨਹੀਂ ਐਂ ਕਰਮਾਂ ਦਾ ਫਲ ਭੋਗ ਰਿਹਾ ਏਂ ਰੱਬ ਨੇ ਲਿਖੀ ਤਕਦੀਰ ਨਹੀਂ ਐ ਸਰਵ ਵਿਆਪਕ, ਨਿਰਾਕਾਰ ਹੈ ਰੱਬ ਦੀ ਕੋਈ ਤਸਵੀਰ ਨਹੀਂ ਐ ਲੋਕਾਂ ਨੂੰ ਪਈ ਸੱਚ ਸੁਣਾਉਂਦੀ ਗਿਆਨਜੋਤ ਬਣ ਖੜ੍ਹੀ ਸੀ ਗੀਤਾ ਦੇਖਣ ਲਈ ਹੱਥ ਫੜੀ ਸੀ ਗੀਤਾ ਮਿੱਤਰੋ ਅੱਜ ਮੈਂ ਪੜ੍ਹੀ ਸੀ ਗੀਤਾ ਮੰਦਿਰਾਂ ਨੇ, ਨਾ ਕਿਸੇ ਸਕੂਲ ਨੇ ਸਾਨੂੰ ਕਿਉਂ ਨਾ ਪੜ੍ਹਾਈ ਗੀਤਾ ? ਸਮਾਜ ਸੇਵਕਾਂ ਤੇ ਭਜਨ ਮੰਡਲੀਆਂ ਕਿਉਂ ਨਾ ਪੜ੍ਹ ਸਮਝਾਈ ਗੀਤਾ ? ਮਰਨ ਵਾਲੇ ਨੂੰ ਮਰਨ ਤੋਂ ਪਹਿਲਾਂ ਪੜ੍ਹ ਕੇ ਕਿਓਂ ਸੁਣਾਈ ਗੀਤਾ ? ਜਿਸਨੂੰ ਮੰਨ ਕੇ ਕਰਮ ਸੀ ਕਰਨਾ ਅਲਮਾਰੀ ਅੰਦਰ ਤੜੀ ਸੀ ਗੀਤਾ ਦੇਖਣ ਲਈ ਹੱਥ ਫੜੀ ਸੀ ਗੀਤਾ ਮਿੱਤਰੋ ਅੱਜ ਮੈਂ ਪੜ੍ਹੀ ਸੀ ਗੀਤਾ ਜੀਵਨ ਜਾਚ ਸਿਖਾਵਣ ਦੇ ਲਈ ਰੱਬ ਨੇ ਆਪ ਲਿਖਾਈ ਗੀਤਾ ਪੂਜੋ ਨਾ ਪਰ ਗੱਲ ਤਾਂ ਮੰਨੋਂ ਦੇਂਦੀ ਫਿਰੇ ਦੁਹਾਈ ਗੀਤਾ ਜੱਜਾਂ ਅਤੇ ਵਕੀਲਾਂ ਨੇ ਰਲ ਝੂਠਿਆਂ ਹੱਥ ਫੜਾਈ ਗੀਤਾ ਵਿੱਚ ਕਚਹਿਰੀ ਗੂੰਗੀ ਬਣ ਕੇ ਸ਼ਰਮਸਾਰ ਹੋ ਖੜ੍ਹੀ ਸੀ ਗੀਤਾ ਵੇਖਣ ਲਈ ਹੱਥ ਫੜੀ ਸੀ ਗੀਤਾ ਸੱਚੀਂ ਅੱਜ ਮੈਂ ਪੜ੍ਹੀ ਸੀ ਗੀਤਾ

11. ਸਾਰੇ ਇਲਮ ਮੁਹੱਬਤਾਂ ਵਾਲੇ

ਸਾਰੇ ਇਲਮ ਮੁਹੱਬਤਾਂ ਵਾਲੇ ਇੱਕ ਦਿਨ ਤੈਨੂੰ ਦੱਸ ਜਾਵਾਂਗਾ ਬਣ ਕੇ ਪਿਆਰ ਦੀ ਖੁਸ਼ਬੂ ਤੇਰੇ ਅੰਦਰ ਤੀਕਰ ਧੱਸ ਜਾਵਾਂਗਾ ਜਿੰਨਾ ਮਰਜ਼ੀ ਜੋਰ ਲਗਾ ਲਈਂ ਤੈਥੋਂ ਹਰਗਿਜ਼ ਕੱਢ ਨਹੀਂ ਹੋਣਾ ਤੇਰੇ ਦਿਲ ਵਿਚ ਕੋਠੀ ਪਾ ਕੇ ਪੱਕੇ ਤੌਰ ਤੇ ਵੱਸ ਜਾਵਾਂਗਾ ਮੇਰੇ ਵਰਗੇ ਲੱਖ ਹੋਵਣਗੇ ਤੇਰੇ ਵਰਗਾ ਤੂੰ ਹੀ ਸੱਜਣਾ 'ਰੌਕੀ' ਨੂੰ ਇਹ ਖ਼ਬਰ ਨਹੀਂ ਸੀ ਤੇਰੇ ਇਸ਼ਕ ਚ ਫ਼ਸ ਜਾਵਾਂਗਾ

12. ਪੈ ਰਿਹੈ ਰੌਲਾ ਕਿਉਂ ਅੱਜ ਇਹ ਬੇਵਜਹ

ਪੈ ਰਿਹੈ ਰੌਲਾ ਕਿਉਂ ਅੱਜ ਇਹ ਬੇਵਜਹ ਬਹਿਸ ਹੈ ਕਿਓਂ ਮੰਦਿਰ ਨਿਰਮਾਣ ਤੇ ਜਿਹੜਾ ਜਿਹਨੂੰ ਮੰਨਦੈ, ਮੰਨੇ ਪਿਆ ਕਿੰਤੂ ਪਰੰਤੂ ਕਿਉਂ ਹੈ, ਇੱਕ ਭਗਵਾਨ ਤੇ ਸਿਆਸੀਕਰਨ ਇਸਦਾ ਵੀ ਹੋਣਾ ਹੀ ਸੀ ਆਉਣਾ ਹੀ ਸੀ ਜਜ਼ਬਿਆਂ ਨੇ ਉਫਾਨ ਤੇ ਧਰਮਾਂ ਦੇ ਨਾਂ ਤੇ ਪਾਉਂਦੇ ਰਹੇ ਨੇ ਵੰਡੀਆਂ ਸ਼ੱਕ ਹੈ ਕੋਈ ਲੀਡਰਾਂ ਦੇ ਈਮਾਨ ਤੇ ? ਮੇਰੀ ਤਾਂ ਦੋਸਤੀ ਹੈ ਪੱਕੀ, ਸਭਨਾਂ ਦੇ ਨਾਲ ਆਉਂਦੇ ਨੇ ਸਾਰੇ ਹੀ, ਰੋਜ਼ ਮੇਰੀ ਦੁਕਾਨ ਤੇ 'ਰੌਕੀ' ਤਾਂ ਮੰਗਦਾ ਦੁਆਂਵਾਂ ਸਭ ਲਈ ਆਵੇ ਨਾ ਬਿਪਤਾ ਕੋਈ ਇਨਸਾਨ ਤੇ

13. ਕਲਮ ਕਾਗਜ਼ ਮਿਲਿਆ ਬਚਪਨ ਵਿੱਚ

ਕਲਮ ਕਾਗਜ਼ ਮਿਲਿਆ ਬਚਪਨ ਵਿੱਚ ਫੋਨ ਮਿਲਿਆ ਮੈਨੂੰ ਤਾਂ ਬਹੁਤ ਮਗਰੋਂ ਇਸੇ ਲਈ ਸ਼ਾਇਦ ਅੱਜ ਵੀ ਮੈਂ ਅਕਸਰ ਫੋਨ ਨਹੀਂ ਕਰਦਾ, ਚਿੱਠੀਆਂ ਲਿਖਦਾ ਹਾਂ ਬੜੇ ਹੀ ਸੁਣੇ ਨੇ ਮੈਂ ਬੋਲ ਕੌੜੇ, ਬੜੀ ਦੇਰ ਪਹਿਲਾਂ ਨਹੀਂ, ਸਹਿਣਾ ਸਿੱਖਿਆ ਬੜੀ ਮਗਰੋਂ ਇਹਨਾਂ ਹੀ ਤਜ਼ਰਬਿਆਂ ਦੇ ਕਰਕੇ ਅਕਸਰ ਮੈਂ ਗੱਲਾਂ ਕੌੜੀਆਂ ਨਹੀਂ, ਮਿੱਠੀਆਂ ਲਿਖਦਾ ਹਾਂ ਉਹ ਬੋਰੀ ਦਾ ਬਸਤਾ, ਤੇ ਬੈਠਣ ਲਈ ਬੋਰੀ ਉਹ ਥੁੱਕਾਂ ਨਾਲ ਕਰਨੀ ਸਲੇਟ ਫਿਰ ਕੋਰੀ ਉਹ ਫੱਟੀਆਂ, ਗਾਚੀਆਂ, ਸਿਆਹੀਆਂ, ਦਵਾਤਾਂ ਯਾਦਾਂ ਸਾਰੀਆਂ ਕਰਕੇ ਇਕੱਠੀਆਂ ਲਿਖਦਾ ਹਾਂ ਬੇਰ, ਜਾਮਣਾਂ, ਤੂਤੀਆਂ, ਚੋਰੀ ਚੋਰੀ ਖਾਣੀਆਂ ਅਕਸਰ ਚੇਤੇ ਆਉਣ ਬੇਬੇ ਦੀਆਂ ਕਹਾਣੀਆਂ ਬਾਬਿਆਂ ਦੇ ਨਾਲ ਬਹਿ ਬਾਜ਼ੀਆਂ ਲਾਉਣੀਆਂ ਗੋਲੇ, ਬੇਗੀਆਂ, ਸਤੀਆਂ, ਅੱਠੀਆਂ ਲਿਖਦਾ ਹਾਂ

14. ਮੇਰੇ ਦਿਲ ਦੀ ਜੋ ਅਰਜ਼ੀ ਐ

ਮੇਰੇ ਦਿਲ ਦੀ ਜੋ ਅਰਜ਼ੀ ਐ ਕਰੀਂ ਮਨਜ਼ੂਰ ਤੂੰ ਸੱਜਣਾਂ ਰਹੀਂ ਅੱਖੀਆਂ ਦੇ ਸਾਹਵੇਂ ਹੀ ਹੋਈਂ ਨਾ ਦੂਰ ਤੂੰ ਸੱਜਣਾਂ ਤੇਰੀ ਗਲੀਆਂ ਦੇ ਗੇੜੇ ਹੀ ਮੇਰੀ ਤਾਂ ਬਣ ਗਏ ਮੰਜਿਲ ਤੇਰੇ ਬਾਝੋਂ ਮੇਰੇ ਸੱਜਣਾ ਮੇਰਾ ਜੀਣਾ ਹੋਇਆ ਮੁਸ਼ਕਿਲ ਬੇਰੁਖ਼ੀ ਝੱਲ ਨਹੀਂ ਹੋਣੀ ਹੋਵੀਂ ਨਾ ਮਗਰੂਰ ਤੂੰ ਸੱਜਣਾ.... ਮੈਂ ਤਕਿਆ ਹੈ ਤੇਰੀ ਨਜ਼ਰੀਂ ਅਕਸਰ ਡਰ ਜ਼ਮਾਨੇ ਦਾ ਤੇਰੇ ਦੀਦਾਰ ਨੂੰ ਤਰਸੇ ਦੀਵਾਰੋ-ਦਰ ਦੀਵਾਨੇ ਦਾ ਇਸ਼ਕ ਪੈਣਾ ਨਿਭਾਉਣਾ ਏ ਬੇਸ਼ੱਕ ਮਜ਼ਬੂਰ ਤੂੰ ਸੱਜਣਾ........ ਇਸ਼ਕ ਦੇ ਰੰਗ ਚ ਰੰਗੇ ਹਾਂ ਜਹਾਨ ਵਿੱਚ ਭੰਡੀਆਂ ਹੋਈਆਂ ਹਵਾਵਾਂ ਗਰਮ ਵਗੀਆਂ ਸੀ ਮਗਰ ਫਿਰ ਠੰਡੀਆਂ ਹੋਈਆਂ 'ਰੌਕੀ' ਦੇ ਗੀਤ ਨੂੰ ਕਰਦੇ ਗਾ ਕੇ , ਮਸ਼ਹੂਰ ਤੂੰ ਸੱਜਣਾ

15. ਚੰਨ ਪੁੱਛੇ ਤਾਰੇ ਨੂੰ

ਚੰਨ ਪੁੱਛੇ ਤਾਰੇ ਨੂੰ ਹੋਇਆ ਕੀ ਵਿਚਾਰੇ ਨੂੰ ਇਹ ਸੱਚ ਮੰਨੀ ਬੈਠੈ, ਸੋਹਣਿਆ ਦੇ ਲਾਰੇ ਨੂੰ ਲਗਿਆ ਏ ਫੋਨ ਉੱਤੇ ਫੇਸ ਬੁੱਕ ਵਾਲੀ ਨਾਲ ਨਸ਼ਾ ਜਿਹੜਾ ਹੁਣ ਹੋਇਐ ਹੁੰਦਾ ਨਹੀਂ ਪਿਆਲੀ ਨਾਲ ਪਾਣੀ ਛੱਡ ਭੁਲਿਆ ਏ ਆਪਣੇ ਕਿਆਰੇ ਨੂੰ ਚੰਨ ਪੁੱਛੇ ਤਾਰੇ ਨੂੰ ਹੋਇਐ ਕੀ ਵਿਚਾਰੇ ਨੂੰ..... ਚਾਰ ਕੁ ਦਿਨਾਂ ਨੂੰ ਇਹਦੀ ਟੁੱਟ ਫੁੱਟ ਜਾਣੀ ਐ ਫੇਸਬੁੱਕ ਵਾਲਿਆਂ ਦੀ ਛੋਟੀ ਜਿਹੀ ਕਹਾਣੀ ਐ ਫੇਰ ਪੀਣਾ ਮੋਟਰ ਤੇ, ਦਾਰੂ ਨਾਲ ਖਾਰੇ ਨੂੰ ਚੰਨ ਪੁੱਛੇ ਤਾਰੇ ਨੂੰ ਹੋਇਆ ਕੀ ਵਿਚਾਰੇ ਨੂੰ..... ਫੇਰ ਕੋਈ ਲੱਭ ਜਾਣੀ ਹੀਰ ਸਲੇਟੀ ਐ ਦਾਰੂ ਵਾਲੀ ਆ ਜਾਣੀ ਫੇਰ ਨਵੀਂ ਪੇਟੀ ਐ 'ਰੌਕੀ' ਇਹਨੇ ਲੈ ਬਹਿਣਾ ਮਿੱਤਰ ਪਿਆਰੇ ਨੂੰ ਚੰਨ ਪੁੱਛੇ ਤਾਰੇ ਨੂੰ ਹੋਇਆ ਕੀ ਵਿਚਾਰੇ ਨੂੰ...

16. ਗੱਲਾਂ ਦਾ ਕੜਾਹ

ਗੱਲਾਂ ਦਾ ਕੜਾਹ, ਜਿਨ੍ਹਾਂ ਮਰਜੀ ਖਾ, ਗੱਲਾਂ ਦਾ ਕੜਾਹ ਚੰਨ ਦੇ ਉੱਤੇ ਕੋਠੀ ਤੇਰੀ ਸੱਜਣਾ ਨਵੀਂ ਨਕੋਰ ਪਏਗੀ ਬੱਸ ਚੱਲੂਗੀ ਪਾਣੀ ਉੱਤੇ ਸੜਕਾਂ ਤੇ ਲਿਸ਼ਕੋਰ ਪਏਗੀ ਘਰ ਘਰ ਦੇ ਵਿਚ ਨੌਕਰੀ ਹੋਊ ਸਮਾਰਟ ਫੋਨ ਦੀ ਟੌਹਰ ਹੋਏਗੀ ਬਾਈ ਜੀ ਇਹ ਕਿ ਹੈ ? ਗੱਲਾਂ ਦਾ ਕੜਾਹ, ਰੱਜ ਕੇ ਸੱਜਣਾ ਖਾਹ ਗੱਲਾਂ ਦਾ ਕੜਾਹ ਪੰਦਰਾਂ ਲੱਖ ਰੁਪਈਏ ਥੋਡੇ ਖਾਤੇ ਦੇ ਵਿੱਚ ਆ ਗਏ ਸਮਝੋ ਦਿਨ ਬਦਲਣਗੇ ਥੋੜੇ ਮਿੱਤਰੋ ਅੱਛੇ ਦਿਨ ਹੁਣ ਆ ਗਏ ਸਮਝੋ ਆਤਮ ਨਿਰਭਰ ਬਣ ਚੁੱਕੇ ਹਾਂ ਦੁਨੀਆ ਉੱਤੇ ਛਾ ਗਏ ਸਮਝੋ ਬਾਈ ਜੀ ਹੁਣ ਇਹ ਕੀ ਹੈ ? ਗੱਲਾਂ ਦਾ ਕੜਾਹ, ਜਿੰਨਾ ਮਰਜ਼ੀ ਖਾਹ, ਗੱਲਾਂ ਦਾ ਕੜਾਹ ਛਾਤੀ ਚੌੜੀ ਦੇਖ ਕੇ ਸਾਡੀ ਪਾਕਿਸਤਾਨ ਹੈ ਕੰਬੀ ਜਾਂਦਾ ਚੀਨ ਬੈਠਾ ਡਰਿਆ ਬਾਹਲਾ ਮਾਫੀਆਂ ਸਾਥੋਂ ਮੰਗੀ ਜਾਂਦਾ ਅਮਰੀਕਾ ਤਾਂ ਬਾਈ 'ਰੌਕੀ' ਸਾਡੀ ਖੰਘ ਵਿੱਚ ਖੰਘੀ ਜਾਂਦਾ ਹੁਣ ਆਹ ਕੀ ਐ ਬਾਈ ? ਗੱਲਾਂ ਦਾ ਕੜਾਹ, ਤੂੰ ਵੀ ਯਾਰ ਬਣਾ ਗੱਲਾਂ ਦਾ ਕੜਾਹ ਅੱਜ ਕੱਲ ਇਹੀ ਚਲਦਾ ਐ ਬਾਈ ਲੋਕਾਂ ਨੂੰ ਇਹੀ ਚੰਗਾ ਲਗਦਾ ਐ

17. ਕੰਨ ਖੋਲ੍ਹ ਕੇ ਸੁਣ ਲੈ ਮੇਰੀ ਗੱਲ ਸੱਜਣਾ

ਕੰਨ ਖੋਲ੍ਹ ਕੇ ਸੁਣ ਲੈ ਮੇਰੀ ਗੱਲ ਸੱਜਣਾ ਇਥੇ ਕੁੱਝ ਨਹੀਂ ਬਣਨਾ, ਕਨੇਡਾ ਚੱਲ ਸੱਜਣਾ ਜਾਤ ਪਾਤ ਦੇ ਝਗੜੇ ਇਥੇ ਨਿੱਤ ਸੱਜਣਾ ਤਾਹੀਂ ਤਾਂ ਨੀ ਲੱਗਦਾ ਏਥੇ ਚਿੱਤ ਸੱਜਣਾ ਹੁਣ ਨਹੀਂ ਹੁੰਦਾ ਧੱਕਾ ਸਾਥੋਂ ਝੱਲ ਸੱਜਣਾ ਇਥੇ ਕੁੱਝ ਨਹੀਂ ਬਣਨਾ , ਕਨੇਡਾ ਚੱਲ ਸੱਜਣਾ ਭਰਿਆ ਪਿਆ ਜਮਾਨਾ ਠੱਗੀ ਚੋਰੀ ਦਾ ਮੁੱਲ ਪੈਂਦਾ ਏ ਏਥੇ ਚਮੜੀ ਗੋਰੀ ਦਾ ਗੁੰਝਲਦਾਰ ਇਹ ਮਸਲਾ ਨੀ ਹੋਣਾ ਹੱਲ ਸੱਜਣਾ ਇਥੇ ਕੁੱਝ ਨਹੀਂ ਬਣਨਾ, ਕਨੇਡਾ ਚੱਲ ਸੱਜਣਾ ਡੇਰੇ ਖੋਲ੍ਹ ਕੇ ਬੈਠੇ ਅਨਪੜ੍ਹ ਬਾਬੇ ਨੇ ਪੜ੍ਹੇ ਲਿਖੇ ਹੁਣ ਖੋਲੀ ਬੈਠੇ ਢਾਬੇ ਨੇ ਇੱਕ ਦੇ ਹੱਥ ਵਿਚ ਕੜਛੀ, ਇੱਕ ਦੇ ਟੱਲ ਸੱਜਣਾ ਇਥੇ ਕੁੱਝ ਨਹੀਂ ਬਣਨਾ, ਕਨੇਡਾ ਚੱਲ ਸੱਜਣਾ ਬੱਚੇ ਸਭ ਦੇ ਸੁਪਨੇ ਹੁਣ ਤਾਂ ਲੈਣ ਕਨੇਡਾ ਦੇ ਬੁੱਢੇ ਵੀ ਨੇ ਹੋ ਗਏ ਹੁਣ ਤਾਂ ਫੈਨ ਕਨੇਡਾ ਦੇ 'ਰੌਕੀ' ਜਾ ਕੇ ਸੀਟ ਤੂੰ ਆਪਣੀ ਮੱਲ ਸੱਜਣਾ ਇਥੇ ਕੁੱਝ ਨਹੀਂ ਬਣਨਾ, ਕਨੇਡਾ ਚੱਲ ਸੱਜਣਾ

18. ਮੇਰੀ ਪਿਆਰੀ ਪਤਨੀ ਲਈ

ਗੁਣਾਂ ਦੀ ਖਾਨ ਹੈ ਮੇਰੀ ਪਤਨੀ ਬੜੀ ਮਹਾਨ ਹੈ ਮੇਰੀ ਪਤਨੀ ਮੈਂ ਇਕੱਲਾ ਹੀ ਕਿਉਂ ਖੁਸ਼ ਹਾਂ ਜਰਾ ਪ੍ਰੇਸ਼ਾਨ ਹੈ ਮੇਰੀ ਪਤਨੀ ਬੱਚੇ ਕੀਤੇ ਉਸਦੇ ਹਵਾਲੇ ਨੇ ਉਹ ਵੀ ਸ਼ੈਤਾਨ ਬਾਹਲੇ ਨੇ ਬੱਚਿਆਂ ਤੋਂ ਕਲਪ ਜਾਂਦੀ ਹੈ ਆਖਿਰ ਇੰਨਸਾਨ ਹੈ ਮੇਰੀ ਪਤਨੀ ਉਹ ਸਭ ਦਾ ਫਿਕਰ ਕਰਦੀ ਹੈ ਪਰ ਨਾ ਕੋਈ ਜ਼ਿਕਰ ਕਰਦੀ ਹੈ ਮੈਂ ਉਹਦੇ ਸਿਰ ਤੇ ਉਡਦਾ ਹਾਂ ਮੇਰੀ ਉਡਾਣ ਹੈ ਮੇਰੀ ਪਤਨੀ ਘਰ ਨੂੰ ਸੋਹਣਾ ਸੰਭਾਲ ਦੇਂਦੀ ਹੈ ਤਾਰੀਫ਼ ਨੂੰ ਹੱਸ ਕੇ ਟਾਲ ਦੇਂਦੀ ਹੈ ਕਰਾਂ ਸਾਰੇ ਸੁਪਨੇ ਓਹਦੇ ਪੂਰੇ ਮੇਰੀ ਜਾਨ ਹੈ ਮੇਰੀ ਪਤਨੀ 'ਰੌਕੀ' ਦੇ ਸਿਰ ਦਾ ਤਾਜ ਹੈ ਉਹ ਕਦੇ ਖੁਸ਼ ਕਦੇ ਨਾਰਾਜ਼ ਹੈ ਉਹ ਮੇਰੇ ਘਰ ਦੀ ਉਹ ਮਾਲਕ ਹੈ ਮੇਰੀ ਆਨ ਹੈ ਮੇਰੀ ਪਤਨੀ

19. ਹੋਰ ਸੁਣਾ ਬਾਈ, ਕੀ ਗੱਲ ਬਾਤ ਹੈ

ਹੋਰ ਸੁਣਾ ਬਾਈ, ਕੀ ਗੱਲ ਬਾਤ ਹੈ ਬੜੇ ਦਿਨਾਂ ਬਾਅਦ ਹੋਈ ਮੁਲਾਕਾਤ ਐ ਸੁਣਿਆ ਏ ਬੱਚੇ ਤੇਰੇ ਹੁਣ ਪੂਰੇ ਸੈਟ ਨੇ ਬਦਲ ਗਏ ਹੁਣ ਤੇਰੇ ਵੀ ਹਾਲਾਤ ਐ ਆਪਣੇ ਜਮਾਤੀ, ਸੱਤੀ ਦਾ ਕੀ ਹਾਲ ਏ ? ਉਮਰਾਂ ਨੂੰ ਪਾਉਂਦਾ ਅੱਜ ਵੀ ਉਹ ਮਾਤ ਐ ? ਭਾਨਾ ਤਾਂ ਸ਼ੁਰੂ ਤੋਂ ਈ, ਪੂਰਾ ਕਲਾਕਾਰ ਸੀ ਪੇਟਿੰਗ ਤੇ ਗਾਉਣਾ ਦੋਵੇਂ ਰੱਬੀ ਕਰਾਮਾਤ ਐ ਪਾ ਲਿਆ ਟਰਾਲਾ, ਸੇਵਕ ਨੇ ਖੇਤੀ ਨਾਲ ਕਰਦਾ ਹੈ ਮਿਹਨਤ ਵੀ ਦਿਨ ਅਤੇ ਰਾਤ ਐ ਸਵੀਟ ਸਾਡਾ ਯਾਰ, ਪਾ ਗਿਆ ਵਿਛੋੜੇ ਐਂਵੇ ਭੁਲਾਇਆਂ ਨਾ ਭੁੱਲਦੀ ਉਹਦੀ ਹਰ ਬਾਤ ਐ ਰੌਕੀ ਤਾਂ ਬਹਿ ਗਿਆ ਏ ਚੰਡੀਗੜ੍ਹ ਜਾ ਕੇ ਬਣਿਆ ਏ ਸ਼ਾਇਰ ਦਿੱਤੀ ਰੱਬ ਨੇ ਸੌਗਾਤ ਐ

20. ਵੇਖੀਂ ਕਿਤੇ ਕਰੀਂ ਨਾ ਨਦਾਨੀ ਸੱਜਣਾ

ਵੇਖੀਂ ਕਿਤੇ ਕਰੀਂ ਨਾ ਨਦਾਨੀ ਸੱਜਣਾ ਕਿੰਨੀ ਸੋਹਣੀ ਮਿਲੀ ਜਿੰਦਗਾਨੀ ਸੱਜਣਾ ਇੱਕ ਇੱਕ ਅੰਗ ਤੇਰਾ ਲੱਖ ਨਾ ਕਰੋੜ ਦਾ ਮਿਲਿਆ ਸਮਾਨ ਤੈਨੂੰ ਹਰ ਇੱਕ ਲੋੜ ਦਾ ਰੱਬ ਦੀ ਸੌਗਾਤ ਨੂੰ ਹੈ ਦੱਸ ਕਿਹੜਾ ਮੋੜਦਾ ਇਹ ਸਭ ਕੁੱਝ ਰੱਬ ਦੀ ਨਿਸ਼ਾਨੀ ਸੱਜਣਾ ਹਰ ਇੱਕ ਸਾਹ ਨਾਲ ਰੱਬ ਨੂੰ ਧਿਆਵੀਂ ਤੂੰ ਪੂਰੇ ਗੁਰੂ ਕੋਲੋਂ ਅੰਗ ਸੰਗ ਇਹਨੂੰ ਪਾਵੀਂ ਤੂੰ ਅੱਠੇ ਪਹਿਰ ਸੋਹਲੇ ਸਤਿਗੁਰੂ ਦੇ ਹੀ ਗਾਵੀਂ ਤੂੰ ਤੇਰੀ ਸਿਰੇ ਲੱਗੂ ਪ੍ਰੇਮ ਕਹਾਣੀ ਸੱਜਣਾ ਰੀਤ ਆਸ਼ਕਾਂ ਦੀ ਹੁੰਦੀ ਏ ਨਿਰਾਲੀਂ ਸੱਜਣਾ ਹੱਥ ਚੌਵੀ ਘੰਟੇ ਨਾਮ ਦੀ ਪਿਆਲੀ ਸੱਜਣਾ ਗੁਰੂ ਹੁੰਦਾ ਭਗਤਾਂ ਦਾ ਵਾਲੀ ਸੱਜਣਾ 'ਰੌਕੀ' ਕਹੇ ਆਪਣੀ ਜ਼ੁਬਾਨੀ ਸੱਜਣਾ

21. ਮੁਖ਼ਾਲਿਫ ਹਵਾਵਾਂ ਤੋਂ ਡਰ ਕੇ ਨਾ ਬਹਿ ਜੀਂ

ਮੁਖ਼ਾਲਿਫ ਹਵਾਵਾਂ ਤੋਂ ਡਰ ਕੇ ਨਾ ਬਹਿ ਜੀਂ ਇਹ ਜ਼ਿੰਦਗੀ ਦੇ ਪੈਂਡੇ ਲਮੇਰੇ ਬੜੇ ਨੇ ਹਿੰਮਤਾਂ ਦੇ ਦੀਵੇ ਨੂੰ ਬਲਦਾ ਤੂੰ ਰੱਖੀਂ ਹਾਲੇ ਮਿਲਣੇ ਅੱਗੇ ਹਨੇਰੇ ਬੜੇ ਨੇ ਇਹ ਟਿੱਬੇ ਜੇ ਟੱਪ ਕੇ, ਛਾਲਾਂ ਨਾ ਮਾਰੀਂ ਅਜੇ ਟੱਪਣੇ ਪਰਬਤ ਉਚੇਰੇ ਬੜੇ ਨੇ ਮੈਂ ਬਾਜ ਹਾਂ ਉੱਡਦਾ ਹਾਂ ਬੱਦਲਾਂ ਤੋਂ ਉੱਤੇ ਬੇਸ਼ੱਕ ਹੇਠਾਂ ਬੱਦਲ ਘਨੇਰੇ ਬੜੇ ਨੇ 'ਰੌਕੀ' ਮੱਤ ਆਪਣੀ ਟਿਕਾਣੇ ਤੇ ਰੱਖੀਂ ਹਜੇ ਮਾਇਆ ਦੇ ਹੋਣੇ ਖਿਲੇਰੇ ਬੜੇ ਨੇ

22. ਮੈਨੂੰ ਪੁੱਛਦਾ ਰਿਹਾ, ਕੀ ਹੁੰਦੇ ਨੇ ਇਹ ਤਾਰੇ

ਮੈਨੂੰ ਪੁੱਛਦਾ ਰਿਹਾ, ਕੀ ਹੁੰਦੇ ਨੇ ਇਹ ਤਾਰੇ ਇੱਕੋ ਜਗਹ ਤੇ ਖੜ੍ਹੇ, ਯੁਗਾਂ ਯੁਗਾਂ ਤੋਂ ਵਿਚਾਰੇ ਇਹ ਆਸ਼ਕਾਂ ਦੇ ਹੁੰਦੇ, ਸਦਾ ਯਾਰ ਨੇ ਪਿਆਰੇ ਇਹਨਾਂ ਭਰਨੇ ਹੀ ਹੁੰਦੇ, ਸਦਾ ਹਾਂ 'ਚ ਹੁੰਗਾਰੇ ਜਿਹੜੇ ਮੰਜਿਆਂ ਤੇ ਸੌਂਦੇ, ਜਦ ਚੜ੍ਹ ਕੇ ਚੁਬਾਰੇ ਨਿੱਮੀਂ ਰੌਸ਼ਨੀ 'ਚ ਆਉਂਦੇ, ਗੂੜ੍ਹੀ ਨੀਂਦ ਦੇ ਹੁਲਾਰੇ ਲੋਕੀਂ ਮੰਗਦੇ ਨੇ ਮੰਗਾਂ, ਜਦੋਂ ਟੁੱਟਦੇ ਨੇ ਤਾਰੇ ਹੋਊ ਮੰਗ ਮੇਰੀ ਪੂਰੀ, ਨਿਰੇ ਵਹਿਮ ਨੇ ਇਹ ਸਾਰੇ ਗੂੰਗੇ ਹੋ ਗਏ ਇਹ ਗਵਾਹ, ਐਨੇ ਦੇਖ ਕਾਲੇ ਕਾਰੇ 'ਰੌਕੀ' ਤਾਰਿਆਂ ਨੇ ਕਦੇ, ਮਾਰੇ ਹਾਅ ਦੇ ਨੀ ਨਾਰੇ

23. ਹੱਥਾਂ ਵਿੱਚ ਸਿਰਨਾਵਾਂ ਫੜ ਕੇ

ਹੱਥਾਂ ਵਿੱਚ ਸਿਰਨਾਵਾਂ ਫੜ ਕੇ ਪੱਲਾ ਨਾਲ ਖ਼ਤਾਵਾਂ ਭਰ ਕੇ ਮੰਦਿਰ ਮਸਜਿਦ ਟੋਲ ਰਿਹਾ ਹਾਂ ਉੱਚੀਆਂ ਉੱਚੀਆਂ ਬਾਹਾਂ ਕਰ ਕੇ ਸੁੱਖਾਂ ਵਿਚ ਤਾਂ ਲੋੜ ਨਹੀਂ ਏ ਬੰਦਾ ਰੱਬ ਨੂੰ ਉਦੋਂ ਲਭਦਾ ਦੁੱਖ ਜਦ ਘੇਰਾ ਪਾ ਲੈਂਦੇ ਨੇ ਕੀਤੇ ਹੋਏ ਗੁਨਾਹਾਂ ਕਰਕੇ ਕਰਮਾਂ ਵਾਲੀ ਖੇਤੀ ਵਿੱਚ ਜਦ ਬੰਦਾ ਕਿੱਕਰ ਬੀਜ ਦਿੰਦਾ ਹੈ ਕੰਡੇ ਰਸਤੇ ਦੇ ਵਿਚ ਡਿੱਗਣ ਕਿਸਮਤ ਦੀਆਂ ਹਵਾਵਾਂ ਕਰਕੇ ਸੌਖੀ ਜਿੰਦਗੀ ਹੋ ਜਾਂਦੀ ਏ ਸਤਿਗੁਰ ਦੀ ਜੇ ਸ਼ਰਨ ਮਿਲੇ ਤਾਂ 'ਰੌਕੀ' ਹੁੰਦੇ ਕਰਮ ਵੀ ਸੋਹਣੇ ਸੰਤਾਂ ਦੀਆਂ ਦੁਆਵਾਂ ਕਰਕੇ

24. ਬੜਾ ਸੁਆਦੀ ਲੱਗੇ

ਬੜਾ ਸੁਆਦੀ ਲੱਗੇ, ਗੱਲਾਂ ਦਾ ਕੜਾਹ, ਤੂੰ ਵੀ ਯਾਰ ਬਣਾ ਗੱਲਾਂ ਦਾ ਕੜਾਹ... ਟੀ ਵੀ ਵਾਲੇ ਬਣਾਈ ਜਾਂਦੇ ਕੜਛੀ ਖੂਬ ਹਿਲਾਈ ਜਾਂਦੇ ਬਹਿ ਕੇ ਰੌਲਾ ਪਾਈ ਜਾਂਦੇ ਪਏ ਲੋਕਾਂ ਨੂੰ ਭਰਮਾਅ ਗੱਲਾਂ ਦਾ ਕੜਾਹ....... ਲੋਕਾਂ ਨੂੰ ਹੁਣ ਚੰਗਾ ਲੱਗਦਾ ਗੱਲਾਂ ਕਰਕੇ ਜੇਹੜਾ ਠੱਗਦਾ ਵਿਚੇ ਰੰਬਾ ਰੱਖ ਤੂੰ ਮਿੱਤਰਾ ਹੁਣ ਤੈਨੂੰ ਕੀ ਪਰਵਾਹ ਗੱਲਾਂ ਦਾ ਕੜਾਹ....... 'ਰੌਕੀ' ਜੋ ਨਾ ਕਰਦਾ ਗੱਲਾਂ ਉਸਦਾ ਭਰਦਾ ਹੁਣ ਨਾ ਗੱਲਾ ਸੱਚ ਕੋਈ ਨਾ ਸੁਣਨਾ ਚਹੁੰਦਾ ਜੇ ਕੋਈ ਬੋਲੇ, ਸੂਲੀ ਦੇਣ ਚੜ੍ਹਾਅ ਬੱਸ ਗੱਲਾਂ ਦਾ ਕੜਾਹ... ਤੂੰ ਵੀ ਯਾਰ ਬਣਾ, ਗੱਲਾਂ ਦਾ ਕੜਾਹ

25. ਫੁੱਲ ਕੁਮਲਾਏ ਪਾਣੀ ਬਾਝੋਂ

ਫੁੱਲ ਕੁਮਲਾਏ ਪਾਣੀ ਬਾਝੋਂ ਸੱਜਣ ਜੀ ਤੁਸੀਂ ਕਿਉਂ ਕੁਮਲਾਏ ? ਕਿਉਂ ਅੱਖੀਆਂ 'ਚੋਂ ਹੰਝੂ ਡੋਲ੍ਹੇ ਕਿਹੜੀ ਪੀੜ ਸਹੀ ਨਾ ਜਾਏ ? ਫੁੱਲਾਂ ਨੇ ਤਾਂ ਮੁਰਝਉਣਾ ਹੀ ਸੀ ਧਰਤੀ ਗੋਦ ਸਮਾਉਣਾ ਹੀ ਸੀ ਕਿਹੜੀ ਗੱਲ ਨਿਰਾਲੀ ਹੋਈ ਨਾ ਤਣਾ ਰੋਇਆ ਨਾ ਡਾਲੀ ਰੋਈ ਤੁਸੀਂ ਕਿਉਂ ਮਨ ਤੇ ਬੋਝ ਨੇ ਪਾਏ ਸੱਜਣ ਜੀ ਤੁਸੀਂ ਕਿਉਂ ਕੁਮਲਾਏ ਇਸ ਧਰਤੀ ਤੇ ਜੋ ਵੀ ਆਇਆ ਮੌਤ ਦੇ ਕੋਲੋਂ ਬਚ ਨਾ ਪਾਇਆ ਗੁਰੂ, ਪੀਰ ਪੈਗੰਬਰ ਤੁਰ ਗਏ ਰਾਜੇ ਛੱਡ ਅਡੰਬਰ ਤੁਰ ਗਏ ਕਿਸ ਕੰਮ ਥੋਡੇ ਕੀਰਨੇ ਪਾਏ ਸੱਜਣ ਜੀ ਤੁਸੀਂ ਕਿਉਂ ਕੁਮਲਾਏ ਹੱਸੋ ਖੇਡੋ, ਰੱਲ ਮਿਲ ਮੌਜਾਂ ਮਾਣੋ ਆਪਣਾ ਅਸਲੀ ਮੂਲ ਪਛਾਣੋ ਜਿਸ ਲਈ ਆਏ ਵਿੱਚ ਜਹਾਨੇ ਉੱਦਮ ਕਰੋ ਨਾ ਘੜੋ ਬਹਾਨੇ 'ਰੌਕੀ' ਸੰਤਾਂ ਦੇ ਜੋ ਸ਼ਰਨੀ ਆਏ ਸੱਜਣ ਜੀ ਉਹ ਰੱਬ ਨੂੰ ਪਾਏ

26. ਮੇਰੇ ਦਿਲ ਵਿਚ ਲੁੱਡੀਆਂ ਪਾਵੇ ਪਿਆਰ ਜੇਹਾ

ਮੇਰੇ ਦਿਲ ਵਿਚ ਲੁੱਡੀਆਂ ਪਾਵੇ ਪਿਆਰ ਜੇਹਾ ਸੱਜਣ ਸਾਨੂੰ ਮਿਲਿਆ ਬੇਇਤਬਾਰ ਜੇਹਾ ਪੰਜੇ ਉਂਗਲਾਂ ਇਕੋ ਜਿਹੀਆਂ ਹੁੰਦੀਆਂ ਨਹੀਂ ਹਰ ਬੰਦੇ ਦਾ ਵੱਖਰਾ ਏ ਕਿਰਦਾਰ ਜੇਹਾ ਜਦ ਵੀ ਮਿਲਦਾ, ਗੱਲਾਂ ਕਰੇ ਵਪਾਰ ਦੀਆਂ ਸੱਜਣ ਮੈਨੂੰ ਲੱਗਦਾ ਹੁਣ ਇਸ਼ਤਿਹਾਰ ਜੇਹਾ ਜਹਿਰਾਂ ਖਾ ਖਾ ਅੰਦਰੋਂ ਖੋਖਲਾ ਹੋਇਆ ਏ ਸੱਚ ਪੁੱਛੋ ਤਾਂ ਹਰ ਬੰਦਾ ਏ ਬੀਮਾਰ ਜਿਹਾ 'ਰੌਕੀ' ਦੇ ਜੋ ਹਰ ਪਲ ਪਰਦੇ ਢਕਦਾ ਹੈ ਕੌਣ ਹੈ ਦੱਸੋ ਮੇਰੇ ਇਸ ਦਿਲਦਾਰ ਜਿਹਾ

27. ਮੈਂ ਜਦ ਵੀ ਕੀਤੀ ਕੋਸ਼ਿਸ਼

ਮੈਂ ਜਦ ਵੀ ਕੀਤੀ ਕੋਸ਼ਿਸ਼ ਅੰਬਰੀਂ ਉਡਾਰੀ ਲਾਵਾਂ ਤੇਰੇ ਇਹ ਵੱਸ ਨਹੀਂ ਏ ਕਹਿੰਦੇ ਰਹੇ ਨੇ ਲੋਕ ਮੇਰੇ ਜਜ਼ਬਿਆਂ ਦੇ ਕਾਤਿਲ ਮੇਰੇ ਹੀ ਸੰਗੀ ਸਾਥੀ ਮੇਰੀ ਹਾਰ ਦੇ ਜਸ਼ਨ ਵਿੱਚ ਖ਼ੁਸ਼ ਰਹਿੰਦੇ ਰਹੇ ਨੇ ਲੋਕ ਨੇਤਾ ਦੇ ਫੈਨ 'ਮਿੱਤਰੋ' ਹਰ ਗਲੀ ਤੇ ਮੁਹੱਲੇ ਮਾੜਾ ਕਿਹਾ ਕਿਸੇ ਜੇ ਗਲ਼ ਪੈਂਦੇ ਰਹੇ ਨੇ ਲੋਕ 'ਰੌਕੀ' ਰਹੀਂ ਤੂੰ ਬਚ ਕੇ ਡਾਹਢਿਆਂ ਦੇ ਕੋਲ਼ੋਂ ਤੇਰੇ ਜਿਹਾਂ ਦੇ ਸਿਰ ਤੇ ਚੜ੍ਹ ਬਹਿੰਦੇ ਰਹੇ ਨੇ ਲੋਕ

28. ਉਹਨੇ ਹੁਣ ਤੱਕ ਕੀਤਾ ਕੀ ?

ਉਹਨੇ ਹੁਣ ਤੱਕ ਕੀਤਾ ਕੀ ? ਮੈਂ ਕੀ ਲੈਣਾ, ਮੈਨੂੰ ਕੀ..... ਉਹ ਕੀ ਖਾਂਦੈ, ਕੀ ਪਾਉਂਦੈ ? ਮੈਂ ਕੀ ਲੈਣਾ ਮੈਨੂੰ ਕੀ ....... ਸੁਣਿਐ ਉਹਨੇ ਵੇਚ ਕੇ ਪੈਲੀ ਮੁੰਡਾ ਘੱਲਿਆ 'ਬਾਹਰ' ਸੀ ਊਂ ਤੇ ਕਮਾਉਂਦਾ ਹਰ ਇੱਕ ਜੀਅ ਮੈਂ ਕੀ ਲੈਣਾ, ਮੈਨੂੰ ਕੀ ....... ਕਾਰ ਲਈ ਏ ਨਵੀਂ ਯਾਰ ਨੇ ਸੜੇ ਪਏ ਸਭ ਰਿਸ਼ਤੇਦਾਰ ਨੇ ਗਾਲਾਂ ਕੱਢਣ ਪਾਣੀ ਪੀ ਪੀ ਮੈਂ ਕੀ ਲੈਣਾ, ਮੈਨੂੰ ਕੀ.... 'ਰੌਕੀ' ਰੱਬ ਨਾਲ ਸਿੱਧੀ ਗੱਲ ਏ ਹਰ ਔਕੜ ਦਾ ਰੱਬ ਹੀ ਹੱਲ ਏ ਜੇਹੜਾ ਮੰਨਦੈ, ਜੀਹਨੂੰ ਵੀ..... ਮੈਂ ਕੀ ਲੈਣਾ , ਮੈਨੂੰ ਕੀ.....

29. ਅਕਸਰ ਮੈਨੂੰ ਹੁੰਦਾ ਏ ਮਹਿਸੂਸ ਬੜਾ

ਅਕਸਰ ਮੈਨੂੰ ਹੁੰਦਾ ਏ ਮਹਿਸੂਸ ਬੜਾ ਮੈਂ ਮੇਰੇ ਚੋਂ, ਕਾਹਤੋਂ ਮਨਫ਼ੀ ਹੋਇਆ ਹਾਂ ਜਿਹੜੇ ਰਸਤੇ ਸੁਪਨੇ ਵਿਚ ਵੀ ਸੋਚੇ ਨਾ ਉਹਨੀਂ ਰਾਹੀਂ ਕਿਦਾਂ ਆਣ ਖਲੋਇਆ ਹਾਂ ਚੜ੍ਹਦੀ ਉਮਰੇ ਜਿਹੜੇ ਸੁਪਨੇ ਵੇਖੇ ਸੀ ਉਹਨਾਂ ਦੇ ਨਾ ਨੇੜੇ ਤੇੜੇ ਹੋਇਆ ਹਾਂ ਢਲ਼ਦੀ ਉਮਰੇ ਆ ਕੇ ਜਜ਼ਬੇ ਬੋਲ ਪਏ ਜਿੰਦਾ ਹਾਂ, ਹਜੇ ਕਿਹੜਾ ਮੈਂ ਮੋਇਆ ਹਾਂ ਅਜੇ ਤਾਂ ਤਰਨੇ ਸੱਤ ਸਮੁੰਦਰ ਬਾਕੀ ਨੇ ਹਾਲੇ ਤਾਂ ਮੈਂ ਕੰਢੇ ਆਣ ਖਲੋਇਆ ਹਾਂ 'ਰੌਕੀ' ਹਿੰਮਤਾਂ ਵਾਲੇ ਜਿੱਤਾਂ ਖੋਹ ਲੈਂਦੇ ਮੈਂ ਵੀ ਹਿੰਮਤ ਕਰਕੇ ਜੇਤੂ ਹੋਇਆ ਹਾਂ

30. ਨਾਮ ਤੇਰਾ ਲੈ ਕੇ ਚੜ੍ਹਦੀ

ਨਾਮ ਤੇਰਾ ਲੈ ਕੇ ਚੜ੍ਹਦੀ ਸਾਡੀ ਸਵੇਰ ਸੱਜਣਾ ਮਨ ਖਿੜਿਆ ਰਹਿੰਦਾ ਏ ਸਾਡਾ ਤਾਂ ਫੇਰ ਸੱਜਣਾ ਤੇਰੇ ਨੂਰ 'ਚੋਂ ਉਪਜਿਆ ਏ ਸਾਰਾ ਜਹਾਨ ਸੱਜਣਾ ਤੂੰ ਤੇ ਨਿਰਾ ਚਾਨਣ ਏਂ ਬਾਕੀ ਹਨੇਰ ਸੱਜਣਾ 'ਰੌਕੀ' ਨੂੰ ਸ਼ਬਦ ਬਖਸ਼ੇਂ ਆਪੇ ਲਿਖਾਈ ਜਾਨੈਂ ਮੇਰੇ ਜਜ਼ਬਿਆਂ ਨੂੰ ਹਾਲੇ ਥੋੜ੍ਹਾ ਨਿਖੇਰ ਸੱਜਣਾ

31. ਹਰ ਪੱਤੇ ਹਰ ਡਾਲੀ ਵਿੱਚ-ਗ਼ਜ਼ਲ

ਹਰ ਪੱਤੇ ਹਰ ਡਾਲੀ ਵਿੱਚ ਖੁਦਾ ਜੇ ਦੇਖਿਆ ਹੁੰਦਾ ਸਹਿਜੇ ਹੀ, ਹਰ ਸ਼ੈ ਨੂੰ ਹੀ ਮੈਂ ਮੱਥਾ ਟੇਕਿਆ ਹੁੰਦਾ ਹੁੰਦਾ ਜੇ ਯਕੀਨ ਮੈਨੂੰ, ਕਿ, ਤੂੰ ਹਰ ਪਲ ਨਾਲ ਹੈਂ ਮੇਰੇ ਹਰ ਗੁਨਾਹ ਕਰਨੇ ਤੋਂ ਮੈਂ ਖੁਦ ਨੂੰ ਰੋਕਿਆ ਹੁੰਦਾ ਬੱਚੇ ਉਸਦੇ ਵੀ ਅੱਜ ਬੜੇ ਬਾ ਤਮੀਜ਼ ਹੋਣੇ ਸੀ ਜੇ ਪਹਿਲੀ ਬਦਤਮੀਜ਼ੀ ਤੇ ਉਸਨੇ ਟੋਕਿਆ ਹੁੰਦਾ ਪਾਵੇ ਪਰਿਵਾਰ ਦੀ ਮੰਜੀ ਦੇ ਇੰਝ ਅੱਡੋ ਅੱਡ ਨਾ ਹੁੰਦੇ ਸਿਆਣਪ ਦੀ ਫਾਲ ਨੂੰ ਜੇ ਸਮੇਂ ਤੇ ਠੋਕਿਆ ਹੁੰਦਾ "ਰੌਕੀ" ਉਹ ਵੀ ਸਿੱਖ ਜਾਂਦਾ ਹੁਨਰ ਝੁਕ ਕੇ ਰਹਿਣੇ ਦਾ ਜੇ ਆਕੜ ਦੇਖ ਕੇ ਉਸਦੀ ਹੱਡਾਂ ਨੂੰ ਸੇਕਿਆ ਹੁੰਦਾ

32. ਰਾਤ ਢਲੇ ਤੱਕ ਮੁਕਦੇ ਨਹੀਂ ਏ-ਗ਼ਜ਼ਲ

ਰਾਤ ਢਲੇ ਤੱਕ ਮੁਕਦੇ ਨਹੀਂ ਏ ਤੇਰੇ ਇਹ ਕੰਮ ਕਾਰ ਸਿਆਪੇ ਰੋਟੀ ਕਪੜਾ ਮਿਲ ਜਾਂਦਾ ਏ ਬਣਦੇ ਨਹੀਂ ਘਰ ਬਾਰ ਸਿਆਪੇ ਆਪਣੇ ਹੱਥੀਂ ਆਪੇ ਪਾਏ ਬੱਚੇ ਭੇਜ ਕੇ ਬਾਹਰ ਸਿਆਪੇ ਲੋਕਾਂ ਦੇ ਤਾਂ ਦੁਸ਼ਮਣ ਪਾਉਂਦੇ ਸਾਡੇ ਪਾਉਂਦੇ ਯਾਰ ਸਿਆਪੇ ਘਰਵਾਲੀ ਨਾਲ ਉੱਚਾ ਬੋਲ ਕੇ ਪਾ ਲੈਂਦੇ ਕੁੱਝ ਯਾਰ ਸਿਆਪੇ ਕਿਸੇ ਨੂੰ ਨਫ਼ਰਤ ਜੀਣ ਨੀ ਦਿੰਦੀ ਕਿਸੇ ਨੂੰ ਪਾਏ ਪਿਆਰ ਸਿਆਪੇ ਕਿਸੇ ਨੂੰ ਤੱਤੀ ਵਾਅ ਨੀ ਲੱਗਦੀ ਕਿਸੇ ਦੇ ਗਲ ਦੇ ਹਾਰ ਸਿਆਪੇ ਯਾਰਾਂ ਸੰਗ ਜੋ ਦਿਲ ਨਾ ਖੋਲ੍ਹੇ ਉਸਨੂੰ ਕਰਨ ਬਿਮਾਰ ਸਿਆਪੇ "ਰੌਕੀ" ਬੰਦਾ ਮੁੱਕ ਜਾਂਦਾ ਏ ਮੁੱਕਦੇ ਨਹੀਂ ਪਰ ਯਾਰ ਸਿਆਪੇ

33. ਤੂੰ ਨਾ ਯਾਰ ਸਤਾਇਆ ਕਰ-ਗ਼ਜ਼ਲ

ਤੂੰ ਨਾ ਯਾਰ ਸਤਾਇਆ ਕਰ ਇੰਝ ਨਾ ਪਰਚੇ ਪਾਇਆ ਕਰ ਹਾਰ ਅਸੀਂ ਤਾਂ ਮੰਨ ਬੈਠੇ ਹਾਂ ਤੂੰ ਨਾ ਜ਼ੋਰ ਲਗਾਇਆ ਕਰ ਬਹੁਤੀ ਦੇਰ ਸਬਰ ਨਹੀਂ ਹੁੰਦਾ ਛੇਤੀ ਫੇਰਾ ਪਾਇਆ ਕਰ ਭੁੱਲ ਕੇ ਝਗੜੇ ਬਿਨ ਮਤਲਬ ਦੇ ਤੂੰ ਵੀ ਪਿਆਰ ਵਧਾਇਆ ਕਰ ਤੂੰ ਤੇ ਜਾਨ ਏ ਸਾਡੀ ਸੱਜਣਾ ਗੁੱਸੇ ਨਾ ਹੋ ਜਾਇਆ ਕਰ ਬੰਦੇ ਤੇਰੇ, ਬਣ ਜਾਣ ਬੰਦੇ ਇਹ ਵੀ ਕਰਮ ਖ਼ੁਦਾਇਆ ਕਰ ਭਗਤੀ ਲਈ ਹੀ ਮਿਲੀ ਏ ਤੈਨੂੰ ਉਮਰ ਨਾ ਐਂਵੇ ਜ਼ਾਇਆ ਕਰ "ਰੌਕੀ" ਜੇ ਕਦੇ ਉੱਚਾ ਬੋਲੇ ਤੂੰ ਵੀ ਕੁੱਝ ਜਰ ਜਾਇਆ ਕਰ

34. ਹਰ ਥਾਂ ਮੱਥਾ ਟੇਕ ਰਿਹਾ ਏ-ਗ਼ਜ਼ਲ

ਹਰ ਥਾਂ ਮੱਥਾ ਟੇਕ ਰਿਹਾ ਏ ਰੱਬ ਬੰਦੇ ਨੂੰ ਵੇਖ ਰਿਹਾ ਏ ਬੰਦਾ ਰੱਬ ਨੂੰ ਉਦੋਂ ਮੰਨਦਾ ਲੱਗਦਾ ਜਦ ਕੋਈ ਸੇਕ ਜੇਹਾ ਏ ਡਰਦਾ ਰੱਬ ਨੂੰ ਪੂਜੇ ਬੰਦਾ ਕਰਮ ਕਾਂਡ ਸਭ ਫੇਕ ਜੇਹਾ ਏ ਤੇਰਾ ਦਿਲ ਏ ਖੂਹ ਦੇ ਵਰਗਾ ਸਾਡਾ ਦਿਲ ਤਾਂ ਲੇਕ ਜੇਹਾ ਏ ਖੁਸ਼ੀਆਂ ਵਾਲੀ ਫਿਲਮ ਚ ਸੱਜਣਾ ਦੁੱਖ ਤਾਂ ਇੱਕ ਬਰੇਕ ਜੇਹਾ ਏ ਪਹਿਲਾਂ ਬੰਦਾ ਗਊ ਹੁੰਦਾ ਸੀ ਅੱਜਕਲ ਇਹ ਸਨੇਕ ਜੇਹਾ ਏ "ਰੌਕੀ" ਸਭ ਦੀਆਂ ਖੈਰਾਂ ਮੰਗੇ ਬੰਦਾ ਇਹ ਕੋਈ ਨੇਕ ਜੇਹਾ ਏ

35. ਮੁਹੱਬਤ ਕਰਨ ਲਈ ਕੀਤਾ

ਮੁਹੱਬਤ ਕਰਨ ਲਈ ਕੀਤਾ ਤੂੰ ਮਜ਼ਬੂਰ ਸੀ ਮੈਨੂੰ ਤੇਰੇ ਇਸ਼ਕ ਹੁਣ ਕੀਤਾ ਕੁੱਝ ਮਗਰੂਰ ਹੈ ਮੈਨੂੰ ਤੇਰਾ ਸੋਕਾ, ਤੇਰੀ ਬਾਰਿਸ਼ ਸਭ ਮਨਜ਼ੂਰ ਹੈ ਮੈਨੂੰ ਤੇਰੇ ਆਗੋਸ਼ ਵਿੱਚ ਆ ਕੇ ਚੜਦਾ, ਸਰੂਰ ਹੈ ਮੈਨੂੰ ਹਰ ਇੱਕ ਸ਼ੈਅ ਹੁਣ ਦਿੱਸਦਾ ਤੇਰਾ ਹੀ ਨੂਰ ਹੈ ਮੈਨੂੰ "ਰੌਕੀ" ਦੀ ਇਹ ਦੁਆ ਰੱਬਾ ਕਰੀਂ ਨਾ ਦੂਰ ਤੂੰ ਮੈਨੂੰ

36. ਉਹ ਪੱਥਰ ਪੂਜਦਾ ਹੋਇਆ

ਉਹ ਪੱਥਰ ਪੂਜਦਾ ਹੋਇਆ, ਪੱਥਰ ਹੋ ਗਿਆ ਇੱਕ ਦਿਨ ਮੈਂ ਅੱਖਰ ਪੂਜਦਾ ਹੋਇਆ ਅੱਖਰ ਹੋ ਗਿਆ ਇੱਕ ਦਿਨ ਕਿਤਾਬਾਂ ਚਾਰ ਕਹਿ ਰਹੀਆਂ ਮੇਰੇ ਪੁੱਤਰੋ, ਬੰਦੇ ਪੂਜਣੇ ਪੈਣੇ ਉਹ ਬੰਦੇ ਪੂਜਦਾ ਹੋਇਆ ਪੈਗੰਬਰ ਹੋ ਗਿਆ ਇੱਕ ਦਿਨ ਹੌਲੀ ਹੌਲੀ ਬੀਤ ਰਹੀ ਏ ਜ਼ਿੰਦਗੀ ਸਭ ਦੀ ਔਖੀ, ਸੌਖੀ ਕਲਾ ਜੀਣੇ ਸਿੱਖ ਕੇ ਉਹ ਕਲੰਦਰ ਹੋ ਗਿਆ ਇੱਕ ਦਿਨ

37. ਕਲਮ ਤਰਾਸ਼ ਕੇ ਕੁੱਝ ਨੀ ਹੋਣਾ

ਕਲਮ ਤਰਾਸ਼ ਕੇ ਕੁੱਝ ਨੀ ਹੋਣਾ ਰੱਬ ਨੇ ਜੇ ਖ਼ਿਆਲ ਨਾ ਘੱਲੇ ਪੂਰੀ ਗ਼ਜ਼ਲ ਨਾ ਪੜ੍ਹਦਾ ਕੋਈ ਪੜ੍ਹਦੇ ਨੇ ਹੁਣ ਸ਼ੇਅਰ ਹੀ ਕੱਲੇ ਸ਼ਾਇਰ ਲੋਕਾਂ ਦੀਆਂ ਗੱਲਾਂ ਦੁਨੀਆ ਵਾਲੇ ਸਮਝ ਸਕੇ ਨਾ ਆਪਣੀ ਮੌਜ ਚ ਬੈਠੇ ਰਹਿੰਦੇ ਲੋਕੀਂ ਅਕਸਰ ਆਖਣ ਝੱਲੇ "ਰੌਕੀ" ਰੱਖ ਕੇ ਬਾਂਹ ਸਿਰ੍ਹਾਣੇ ਵਿਚ ਮਸਤੀ ਦੇ ਚੂਰ ਪਿਆ ਏ ਇਸ਼ਕ ਹਕੀਕੀ ਵਾਲੇ ਆਸ਼ਕ ਮਿਲਦੇ ਨੇ ਹੁਣ ਟਾਂਵੇਂ ਟੱਲੇ

38. ਜਨਮ ਤੋਂ ਮਰਨ ਤੀਕਰ

ਜਨਮ ਤੋਂ ਮਰਨ ਤੀਕਰ ਕੁੱਦਣ ਤੋਂ ਤਰਨ ਤੀਕਰ ਬਗ਼ਾਵਤ ਤੋਂ ਸ਼ਰਨ ਤੀਕਰ ਬੜਾ ਕੁਝ ਸਿੱਖਿਆ ਹੈ ...... ਉੱਠਣ ਤੋਂ ਤੁਰਨ ਤੀਕਰ ਜੰਮਣ ਤੋਂ ਖੁਰਨ ਤੀਕਰ ਪੁੱਟਣ ਤੋਂ ਪੁਰਣ ਤੀਕਰ ਬੜਾ ਕੁਝ ਸਿੱਖਿਆ ਹੈ ........ ਫੇਲ ਤੋਂ ਪਾਸ ਤੀਕਰ ਆਮ ਤੋਂ ਖਾਸ ਤੀਕਰ ਸਿਰਜਣ ਤੋਂ ਵਿਨਾਸ਼ ਤੀਕਰ ਬੜਾ ਕੁਝ ਸਿੱਖਿਆ ਹੈ ........... "ਰੌਕੀ" ਤੋਂ ਰਵਿੰਦਰ ਤੀਕਰ ਬਾਹਰ ਤੋਂ ਅੰਦਰ ਤੀਕਰ ਫੁੱਲ ਤੋਂ ਖੰਜਰ ਤੀਕਰ ਬੜਾ ਕੁਝ ਸਿੱਖਿਆ ਹੈ ........

39. ਕਈ ਦਿਨਾਂ ਦੀ ਗਰਮੀ ਮਗਰੋਂ

ਕਈ ਦਿਨਾਂ ਦੀ ਗਰਮੀ ਮਗਰੋਂ ਲਗਦੈ ਅੱਜ ਬਰਸਾਤ ਹੋਏਗੀ ਪਿਆਸੇ ਰੁੱਖਾਂ ਦੀ ਅੱਜ ਸ਼ਾਇਦ ਪਾਣੀ ਸੰਗ ਮੁਲਾਕਾਤ ਹੋਏਗੀ ਮੌਸਮ ਲਗਦੈ ਬਦਲ ਰਿਹੈ ਹੁਣ ਅੱਸੂ-ਕੱਤੇ ਦੇ ਵਿੱਚ ਆ ਕੇ ਦਿਨ ਹੁਣ ਛੋਟੇ ਹੋ ਜਾਣੇ ਨੇ ਲੰਬੀ ਹਰ ਇੱਕ ਰਾਤ ਹੋਏਗੀ ਤੋਤੇ, ਚਿੜੀਆਂ, ਕਾਂ ਤੇ ਘੁੱਗੀ ਸਾਰੇ ਰੌਲਾ ਪਾਉਂਦੇ ਪਏ ਨੇ ਲਗਦੈ ਕਿਸੇ ਦੇ ਆਲ੍ਹਣੇ ਉੱਤੇ ਬਿੱਲੀ ਦੀ ਹੁਣ ਘਾਤ ਹੋਏਗੀ "ਰੌਕੀ" ਵੀ ਹੁਣ ਬਦਲ ਰਿਹਾ ਏ ਗੱਲਾਂ ਸ਼ਾਇਰੀ ਦੇ ਵਿਚ ਕਰਦਾ ਯਾਰ ਪੁਰਾਣੇ ਉਡੀਕ ਰਹੇ ਨੇ ਕਦ ਮਿਲ ਕੇ ਗੱਲ ਬਾਤ ਹੋਏਗੀ

40. ਵਾਂਗ ਪਤੰਗ ਦੇ ਬੇਸ਼ੱਕ

ਵਾਂਗ ਪਤੰਗ ਦੇ ਬੇਸ਼ੱਕ ਅੰਬਰੀਂ ਉਡਿਆ ਮੈਂ ਪਰ ਗੈਰਾਂ ਹੱਥ ਹਰਦਮ ਮੇਰੀ ਡੋਰ ਰਹੀ ਨਾਲ ਕਿਸੇ ਦੇ ਤੁਰ ਕੇ ਦੁਨੀਆ ਗਾਹ ਲਈ ਏ ਆਪ ਮੁਹਾਰੀ ਕਦੇ ਨਾ ਮੇਰੀ ਤੋਰ ਰਹੀ ਕੀ ਪੜਨਾ, ਕੀ ਬਣਨਾ, ਦਸਿਆ ਲੋਕਾਂ ਹੀ, ਲੋਕ ਲਾਜ ਹੀ ਅੰਦਰੋ ਅੰਦਰੀ ਖੋਰ ਰਹੀ "ਰੌਕੀ" ਬੜਾ ਦਬਾਇਆ ਪਰ ਇਹ ਦੱਬੀ ਨਹੀਂ ਸ਼ਾਇਰੀ ਮੇਰੇ ਅੰਦਰ ਪਾਉਂਦੀ ਸ਼ੋਰ ਰਹੀ

41. ਰਾਤੀਂ ਸਾਰੇ ਫਿਰ ਤੋਂ ਵੇਖੇ

ਰਾਤੀਂ ਸਾਰੇ ਫਿਰ ਤੋਂ ਵੇਖੇ ਸੁਪਨੇ ਜੇਹੜੇ ਚੂਰ ਹੋਏ ਨੇ ਕੋਸ਼ਿਸ ਮੇਰੀ ਪੂਰੀ ਨਹੀਂ ਸੀ ਤਾਂ ਹੀ ਨਾ ਮਨਜ਼ੂਰ ਹੋਏ ਨੇ "ਰੌਕੀ" ਦੁਨੀਆ ਬਦਲ ਗਈ ਏ, ਨਵੇਂ ਨਵੇਂ ਹੁਣ ਦਸਤੂਰ ਹੋਏ ਫੇਸ ਬੁੱਕ ਨੇ ਨੇੜੇ ਕੀਤੇ, ਸੱਜਣ ਜਿਹੜੇ ਦੂਰ ਹੋਏ ਨੇ ਤੇਰੀ ਕਿਰਪਾ ਨਾਲ ਹੀ ਰੱਬਾ ਹੁਨਰਾਂ ਦਾ ਵੀ ਮੁੱਲ ਪੈਂਦਾ ਏ "ਰੌਕੀ" ਜਿਹੇ ਗੁਮਨਾਮ ਬਥੇਰੇ ਥੋੜੇ ਜਿਹੇ ਮਸ਼ਹੂਰ ਹੋਏ ਨੇ

42. ਕੌਣ ਜਾਣੇ ਕਿੰਨਾ ਕੁ ਉਹ ਲਾਚਾਰ ਸੀ

ਕੌਣ ਜਾਣੇ ਕਿੰਨਾ ਕੁ ਉਹ ਲਾਚਾਰ ਸੀ ਚੁੱਕਿਆ ਕਿਉਂ ਉਸਨੇ ਹਥਿਆਰ ਸੀ ਸਿਰ ਤੋਂ ਪਾਣੀ ਲੰਘਿਆ ਹੋਣੈ ਉਹਦੇ ਤਾਂ ਹੀ ਕੀਤਾ ਹੋਣੈ ਉਹਨੇ ਵਾਰ ਸੀ ਵਾੜ ਨੇ ਹੀ ਖਾਧਾ ਹੋਣੈ ਖੇਤ ਨੂੰ ਉਸ ਵੇਲੇ ਵੀ ਐਸੀ ਹੀ ਸਰਕਾਰ ਸੀ ਕੋਈ ਨਹੀਂ ਵੜਿਆ ਉਸਦੀ ਕੋਠੜੀ ਉਹ ਤਾਂ ਕਾਫੀ ਦੇਰ ਤੋਂ ਬਿਮਾਰ ਸੀ "ਰੌਕੀ" ਹੈ ਰਹਿੰਦਾ ਭਟਕਦਾ ਰੋਟੀ ਲਈ ਦਾਣਿਆਂ ਨੂੰ ਰੱਬ ਨੇ ਦਿੱਤਾ ਖਿਲਾਰ ਸੀ

43. ਮੰਜ਼ਿਲ ਮੈਨੂੰ ਮਿਲਣੀ ਨਹੀਂ ਸੀ

ਮੰਜ਼ਿਲ ਮੈਨੂੰ ਮਿਲਣੀ ਨਹੀਂ ਸੀ ਜੇ ਮੇਰੇ ਨਾਲ ਤੂੰ ਨਾ ਹੁੰਦਾ ਕਿੱਧਰੇ ਥੱਕ ਕੇ ਬਹਿ ਜਾਣਾ ਸੀ ਜੇ ਸੀਨੇ ਵਿਚ ਜਨੂੰ ਨਾ ਹੁੰਦਾ ਬਾਰਿਸ਼ ਸੁੰਡੀਆਂ, ਕੋਲੋਂ ਬਚਾ ਕੇ ਟੀਂਡੇ ਤੋੜ ਕੇ ਸੁੱਕਣੇ ਪਾ ਕੇ ਫਿਰ ਵੀ ਨੰਗੇ ਰਹਿ ਜਾਣਾ ਸੀ ਜੇ ਕੱਤਿਆ ਕਿਸੇ ਨੇ ਰੂੰ ਨਾ ਹੁੰਦਾ ਪਿੱਠ ਪਿੱਛੇ ਤਾਂ ਅਕਸਰ ਉਸਨੇ ਮੇਰੀਆਂ ਜੜਾਂ ਨੂੰ ਦਾਤੀ ਫੇਰੀ ਉਹਦੀ ਕਿੰਝ ਸ਼ੈਤਾਨੀ ਫੜਦਾ ਜੇ ਉਹਦੇ ਵੱਲ ਮੂੰਹ ਨਾ ਹੁੰਦਾ ਬੋਲਣ ਵਾਲੀ ਦੁਨੀਆ ਅੰਦਰ ਕੁਝ ਹੀ ਨੇ ਜੋ ਸੁਣਦੇ ਗੱਲਾਂ "ਰੌਕੀ" ਨੇ ਚੁੱਪ ਹੋ ਜਾਣਾ ਸੀ ਜੇ ਤੂੰ ਕੀਤਾ "ਹੂੰ" ਨਾ ਹੁੰਦਾ

44. ਧੂਆਂ ਫੈਲਿਆ, ਚਾਰੇ ਪਾਸੇ

ਧੂਆਂ ਫੈਲਿਆ, ਚਾਰੇ ਪਾਸੇ ਆਸਮਾਨ ਵਿਚ ਗਹਿਰ ਚੜੀ ਏ ਭਰ ਭਰ ਬੋਰੀਆਂ ਖਾਦਾਂ ਪਾਈਆਂ ਫ਼ਸਲਾਂ ਅੰਦਰ ਜ਼ਹਿਰ ਬੜੀ ਏ ਮਾਨਵਤਾ ਕੁਮਲਾਈ ਪਈ ਏ ਬੇਬੱਸ ਤੇ ਲਾਚਾਰ ਖੜੀ ਏ ਧਰਮਾਂ, ਨਸਲਾਂ, ਦੇਸ਼ਾਂ ਵਾਲੀ ਉੱਚੀ ਇਹ ਦੀਵਾਰ ਬੜੀ ਏ ਯੁਗਾਂ ਯੁਗਾਂ ਤੋਂ ਧਰਤੀ ਉੱਤੇ ਸਤਿਗੁਰ ਨੇ ਹੀ ਠੰਡ ਵਰਤਾਈ ਅੱਜ ਵੀ ਲੱਖਾਂ ਆਸਾਂ ਲੈ ਕੇ ਦੁਨੀਆ ਤੇਰੇ ਦੁਆਰ ਖੜੀ ਏ ਸੱਚਿਆ ਸਾਹਿਬਾ ਮਿਹਰ ਕਰੀਂ ਤੂੰ "ਰੌਕੀ" ਤੇਰੇ ਹੁਕਮ ਨੂੰ ਮੰਨ ਲਏ ਹੱਕ ਤੇ ਸੱਚ ਦੇ ਮਿਸ਼ਨ ਦੀ ਰੱਬਾ ਕਮਾਨ ਤੂੰ ਆਪਣੇ ਹੱਥ ਫੜੀ ਏ

45. ਰੱਬਾ ਤੇਰੇ ਨਾਂ ਤੇ ਐਨਾ

ਰੱਬਾ ਤੇਰੇ ਨਾਂ ਤੇ ਐਨਾ ਘਾਲਾ ਮਾਲਾ ਕਿਓਂ ਹੈ ਹਰ ਕੋਈ ਤੇਰੇ ਨਾਂ ਤੇ ਲੜਨ ਨੂੰ ਕਾਹਲਾ ਕਿਓਂ ਹੈ ਸੁਣਿਐ, ਸਾਰੀ ਸ੍ਰਿਸ਼ਟੀ ਸਾਜੀ ਆਪੇ, ਤੂੰ ਹੈ ਫਿਰ ਇੱਕ ਐਨਾ ਗੋਰਾ, ਦੂਜਾ ਕਾਲਾ ਕਿਉਂ ਹੈ ਸੁਣਿਐ, ਤੂੰ ਤਾਂ ਨਿਰਾ ਮੁਜੱਸਮਾ ਪਿਆਰ ਦਾ ਏਂ ਤੇਰੇ ਨਾ ਤੇ ਨਫਰਤ ਦਾ ਜ਼ਹਿਰ ਉਬਾਲਾ ਕਿਉਂ ਹੈ ਧੀ ਵਿਚਾਰੀ ਮਰ ਗਈ ਪੱਤ ਲੁਟਾ ਕੇ ਜੀਭ ਕਟਾ ਕੇ ਤੇਰੇ ਲੋਕਾਂ ਦਾ ਦਿਲ ਪੱਥਰ ਤੇ ਮਨ ਕਾਲਾ ਕਿਉਂ ਹੈ "ਰੌਕੀ" ਜਿਸਨੇ ਅੰਨ ਉਗਾਇਆ ਖੇਤਾਂ ਵਿੱਚ ਓਸੇ ਹੱਥੋਂ ਖੋਹਿਆ ਜਾਂਦਾ ਅੱਜ ਨਿਵਾਲਾ ਕਿਓਂ ਹੈ

46. ਹਿੰਮਤੇ ਮਰਦ, ਮਦਦ-ਏ ਖੁਦਾ ਹੁੰਦੀ ਏ

ਹਿੰਮਤੇ ਮਰਦ, ਮਦਦ-ਏ ਖੁਦਾ ਹੁੰਦੀ ਏ ਪੂਰੀ ਫੱਕਰਾਂ ਦੀ ਸੁਣਿਐ ਦੁਆ ਹੁੰਦੀ ਏ ਤਪੋਂ ਰਾਜ, ਤੇ ਰਾਜੋਂ ਨਰਕ ਮਿਲਦੈ ਭੁਗਤਣੀ ਕਰਮਾਂ ਦੀ ਆਖਰ ਸਜਾ ਹੁੰਦੀ ਏ ਜੋ ਸ਼ਰਨ ਆਏ, ਤਿਸ ਕੰਠ ਲਾਏ ਰੀਤ ਸਤਿਗੁਰ ਦੀ ਇਹੋ ਸਦਾ ਹੁੰਦੀ ਏ "ਰੌਕੀ" ਜਿਹੜਾ ਹੈ ਆਸ਼ਕ ਰੱਬ ਦਾ ਉਹਨੂੰ ਦੁਨੀਆ ਦੀ ਕੀ ਪਰਵਾਹ ਹੁੰਦੀ ਏ

47. ਆਪਣੇ ਚਾਰੇ ਪਾਸੇ ਮਿੱਤਰਾ

ਆਪਣੇ ਚਾਰੇ ਪਾਸੇ ਮਿੱਤਰਾ ਤੂੰ ਨੇ ਇੰਜ ਬਣਾਈਆਂ ਕੰਧਾਂ ਬਾਹਰ ਕੁੱਝ ਨਾ ਨਜ਼ਰੀਂ ਆਵੇ ਉੱਚਾ ਐਨਾ ਚਾਈਆਂ ਕੰਧਾਂ ਧਰਮਾਂ ਵਾਲੇ ਸੀਮਿੰਟ ਅੰਦਰ ਜਾਤਾਂ ਵਾਲਾ ਰੇਤ ਮਿਲਾ ਕੇ ਨਫਰਤ ਵਾਲੇ ਪਾਣੀ ਦੇ ਸੰਗ ਤੂੰ ਨੇ ਬਹੁਤ ਪਕਾਈਆਂ ਕੰਧਾਂ ਕੋਠੇ ਚੜ੍ਹ ਕੇ ਤੱਕ ਜਰਾ ਤੂੰ ਬਾਹਰ ਵੀ ਨੇ ਤੇਰੇ ਵਰਗੇ ਉਹ ਵੀ ਤੈਨੂੰ ਆਣ ਮਿਲਣਗੇ ਜੇਕਰ ਜਾਵਣ ਢਾਈਆਂ ਕੰਧਾਂ "ਰੌਕੀ" ਮੁਰਸ਼ਦ ਸਮਝਾਉਂਦੇ ਨੇ ਦੁਨੀਆ ਮਗਰੋਂ ਭੁੱਲ ਜਾਂਦੀ ਏ ਸੰਤਾਂ ਨੇ ਹੀ ਯੁਗਾਂ ਯੁਗਾਂ ਤੋਂ ਵੈਰਾਂ ਦੀਆਂ ਗਿਰਾਈਆਂ ਕੰਧਾਂ

48. ਹੋਏ ਨੇ ਪੱਬਾਂ ਭਾਰ ਪਰਿੰਦੇ

ਹੋਏ ਨੇ ਪੱਬਾਂ ਭਾਰ ਪਰਿੰਦੇ ਉਡਣੇ ਨੂੰ ਨੇ ਤਿਆਰ ਪਰਿੰਦੇ ਆਪਣੇ ਦੇਸ਼ ਚ ਦਿਲ ਨਾ ਲੱਗੇ ਭੱਜਦੇ ਪਏ ਨੇ ਬਾਹਰ ਪਰਿੰਦੇ ਆਪੇ ਮਾਪੇ ਭੇਜਦੇ ਪਏ ਨੇ ਨਿੱਕੇ ਨਿੱਕੇ ਯਾਰ ਪਰਿੰਦੇ ਵਿੱਚ ਵਿਦੇਸ਼ਾਂ ਧੱਕੇ ਖਾ ਕੇ ਹੋ ਜਾਂਦੇ ਨੇ ਉਡਾਰ ਪਰਿੰਦੇ ਔਖਾਂ- ਸੌਖਾਂ ਹੱਸ ਕੇ ਕੱਟਦੇ ਮੰਨਦੇ ਨਹੀਂ ਪਰ ਹਾਰ ਪਰਿੰਦੇ ਨਵੇਂ ਦੇਸ਼ ਵਿਚ ਨਵੇਂ ਆਲ੍ਹਣੇ ਕਰ ਲੈਂਦੇ ਨੇ ਤਿਆਰ ਪਰਿੰਦੇ "ਰੌਕੀ" ਪਿੱਛਾ ਭੁੱਲਦੇ ਨਹੀਂ ਨੇ ਦੇਸ਼ ਨੂੰ ਕਰਦੇ ਪਿਆਰ ਪਰਿੰਦੇ

49. ਉਸਦੇ ਦਿਲ ਵਿਚ ਚੋਰ ਹੋਏਗਾ

ਉਸਦੇ ਦਿਲ ਵਿਚ ਚੋਰ ਹੋਏਗਾ ਜੋ ਮੈਨੂੰ ਦੇਖ ਕੇ ਰਾਹ ਬਦਲੇ ਨੇ ਸਾਡੇ ਤਾਂ ਮਿੱਤਰ ਉਹੀ ਪੁਰਾਣੇ ਉਸਨੇ ਯਾਰ ਪੰਜਾਹ ਬਦਲੇ ਨੇ ਉਸਨੇ ਕੇਸ ਤਾਂ ਹਰਨਾ ਹੀ ਸੀ ਉਸਨੇ ਕਈ ਗਵਾਹ ਬਦਲੇ ਨੇ ਕਿਸੇ ਨਾਲ ਵੀ ਬਣੀ ਨੀ ਓਹਦੀ ਉਹਨੇ ਕਈ ਵਿਆਹ ਬਦਲੇ ਨੇ ਓਹਦੇ ਚਾਅ ਮਲਾਰ,ਤੇ ਸੁਪਨੇ ਵਿੱਚ ਹੁਣ ਹੌਕੇ ਹਾਅ ਬਦਲੇ ਨੇ ਜੋ ਕਹਿੰਦਾ ਸੀ ਦੇਸ਼ ਨੀ ਛੱਡਣਾ ਓਹਦੇ ਹੁਣ ਸੁਝਾਅ ਬਦਲੇ ਨੇ "ਰੌਕੀ" ਸੰਤਾਂ ਦੇ ਸੰਗ ਮਿਲਕੇ ਲੱਖਾਂ ਗਰਮ ਸੁਭਾਅ ਬਦਲੇ ਨੇ

50. ਭਗਤਾਂ ਨੂੰ ਮੇਰੇ ਸਾਹਿਬਾ

ਭਗਤਾਂ ਨੂੰ ਮੇਰੇ ਸਾਹਿਬਾ ਤੂੰ ਛੱਪਰ ਫਾੜ ਕੇ ਦੇ ਦੇ ਜੋ ਲੇਖਾਂ ਦੇ ਕਾਲੇ ਵਰਕੇ ਤੂੰ ਸਾਰੇ ਪਾੜ ਕੇ ਦੇ ਦੇ ਤੇਰਾ ਤਾਂ ਹੁਕਮ ਚੱਲਦਾ ਏ ਸਾਰੀ ਕਾਇਨਾਤ ਦੇ ਉੱਤੇ ਆਪਣੇ ਖਾਸ ਪੁੱਤਰਾਂ ਨੂੰ ਤੂੰ ਅੰਦਰ ਵਾੜ ਕੇ ਦੇ ਦੇ "ਰੌਕੀ" ਨੂੰ ਆਸ ਤੇਰੇ ਤੇ ਪੂਰੀ ਹਰ ਆਰਜ਼ੂ ਕਰਦੇ ਤੂੰ ਸਾਰੇ ਸੁੱਖ ਦੁਨੀਆ ਦੇ ਮੈਨੂੰ ਗੋਦੀ ਚਾੜ ਕੇ ਦੇ ਦੇ

51. ਕੈਸੀ ਰੁੱਤ ਅਵੱਲੀ ਆਈ

ਕੈਸੀ ਰੁੱਤ ਅਵੱਲੀ ਆਈ ਹਰ ਪਾਸੇ ਤਰਥੱਲੀ ਪਾਈ ਬਣ ਕੇ ਚੂਹੇ ਕੰਬੀ ਜਾਵਣ ਬਿੱਲੀ ਦੇ ਗਲ਼ ਟੱਲੀ ਪਾਈ ਹੁਣ ਕੱਫਣ ਥੋੜੇ ਪੈ ਚੁੱਕੇ ਨੇ, ਤਾਂ ਲਾਸ਼ਾਂ ਉੱਤੇ ਪੱਲੀ ਪਾਈ ਰੂਹ ਰਾਣੀ ਜੱਗ ਦੇਖ ਤਮਾਸ਼ਾ ਆਪਣੇ ਘਰ ਹੁਣ ਚੱਲੀ ਭਾਈ

52. ਉੱਖੜੇ ਉੱਖੜੇ ਸਾਹ ਵੇ ਬੀਬਾ

ਉੱਖੜੇ ਉੱਖੜੇ ਸਾਹ ਵੇ ਬੀਬਾ ਦਿੱਸੇ ਨਾ ਕੋਈ ਰਾਹ ਵੇ ਬੀਬਾ ਵਿੱਚ ਗਲੀਆਂ ਦੇ ਮੌਤ ਸ਼ੂਕਦੀ ਬਾਹਰ ਨਾ ਤੂੰ ਜਾਹ ਵੇ ਬੀਬਾ ਰੱਬ ਨੂੰ ਜਿਹੜੇ ਟੱਬ ਸੀ ਕਹਿੰਦੇ ਭਗਤੀ ਨੂੰ ਜੋ ਯੱਬ ਸੀ ਕਹਿੰਦੇ ਰੱਬ ਨੂੰ ਹੁਣ ਪਏ ਵਾਜਾਂ ਮਾਰਨ ਕੋਈ ਸਾਨੂੰ ਲਏ ਬਚਾਅ ਵੇ ਬੀਬਾ ਬੁਰੀਆਂ ਬੁਰੀਆਂ ਖਬਰਾਂ ਆਈਆਂ ਹੱਥ ਕਸਾਈਆਂ ਛੁਰੀਆਂ ਆਈਆਂ ਜੇ, ਹਾਲੇ ਵੀ ਤੰਦਰੁਸਤ ਹੈਂ ਤੂੰ, ਤਾਂ ਰੱਬ ਦਾ ਸ਼ੁਕਰ ਮਨਾਅ ਵੇ ਬੀਬਾ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ