Punjabi Poetry : Ranjit Singh Rana

ਪੰਜਾਬੀ ਕਵਿਤਾਵਾਂ : ਰਣਜੀਤ ਸਿੰਘ ਰਾਣਾ



1. ਕੀ ਚੰਗਾ ਏ?

ਕ੍ਰੋਧ ਵਿਚ ਆ ਕੇ ਕਦੇ ਕਰੀਏ ਨਾ ਵਾਰ ਉਸ ਸਮੇਂ ਵੈਰੀ ਦਾ ਕੁਬੋਲ ਸਹਿਣਾ ਚੰਗਾ ਏ। ਮਾੜੇ ਬੰਦਿਆਂ ਦੇ ਨਾਲ ਸਾਰਾ ਦਿਨ ਰਹਿਣ ਨਾਲੋਂ ਪੰਜ ਮਿੰਟ ਸਿਆਣਿਆਂ ਦੇ ਕੋਲ ਬਹਿਣਾ ਚੰਗਾ ਏ। ਮੂਰਖਾਂ ਦੇ ਨਾਲ ਕਿਤੇ ਹੋ ਜਾਵੇ ਟਾਕਰਾ ਤਾਂ ਬਹਿਸ ਕਰਨ ਨਾਲੋਂ ਉਥੇ ਚੁੱਪ ਰਹਿਣਾ ਚੰਗਾ ਏ। ਕਿਸੇ ਨੂੰ ਸਤਾ ਕੇ ਜੇ ਆਪ ਸੁਖ ਲੈਣਾ ਏਦੂੰ ਕਹੇ ਰਣਜੀਤ ਸਿੰਘ ਦੁੱਖ ਸਹਿਣਾ ਚੰਗਾ ਏ।੧। ਖਰੇ ਵੈਰੀਆਂ ਦਾ ਮਾਣ ਕਰ ਲਵੋ ਭਾਵੇਂ ਝੂਠੇ ਸੱਜਣਾ ਤੋਂ ਕੋਹਾਂ ਦੂਰ ਰਹਿਣਾ ਚੰਗਾ ਏ। ਨਸ਼ੇੜੀ ਬੰਦਿਆ ਦੇ ਨਾਲ ਪਾਈਏ ਕਦੇ ਦੋਸਤੀ ਨਾ ਨਾਮ ਦੀ ਖੁਮਾਰੀ ਦਾ ਸਰੂਰ ਲੈਣਾ ਚੰਗਾ ਏ। ਹੋ ਜਾਈਏ ਜਵਾਨ ਭਾਂਵੇ ਘਰ ਪਰਿਵਾਰ ਵਾਲੇ ਤਾਂਵੀ ਮਾਪਿਆਂ ਦੀ ਘੂਰ ਸਹਿਣਾ ਚੰਗਾ ਏ। ਹਰ ਇਕ ਧਰਮ ਦਾ ਕਰੋ ਸਨਮਾਨ ਪਰ ਸਿੱਖੀ ਦਾ ਰਣਜੀਤ ਸਿੰਘ ਗੁਰੂਰ ਰਹਿਣਾ ਚੰਗਾ ਏ।੨। ਲਹਿੰਦੇ ਨਹੀਓ ਪਾਪ ਤੀਰਥਾਂ ਤੇ ਨਹਾਉਣ ਨਾਲ ਸੇਵਾ ਕਰੋ ਮਾਂ ਦੇ ਚਰਨਾਂ ਚ ਗੰਗਾ ਏ। ਰੰਗਾ ਵਿਚ ਰੱਬ ਨੂੰ ਤਾ ਵੰਡ ਕੇ ਹਾਂ ਬੈਠੇ ਅਸਲ ਚ ਰੱਬ ਤਾਂ ਸਰਬ ਰੰਗ ਰੰਗਾਂ ਏ। ਪੁਜਾਰੀਆਂ ਨੇ ਰੱਬ ਨੂੰ ਬਣਾ ਲਿਆ ਖਿਡੌਣਾ ਅਜਕਲ ਰਾਮ ਨਾਮ ਇਕ ਧੰਧਾ ਏ। ਕਰਾ ਰੱਬ ਚੇਤੇ ਜਾਂਦਾ ਸੁਖ ਹੈ ਜੋ ਦੇ ਜਾਂਦਾ ਆਖੇ ਰਣਜੀਤ ਸਿੰਘ ਦੁੱਖ ਬੜਾ ਚੰਗਾ ਏ।੩। ਹੱਕ ਦਾ ਜੋ ਖਾਂਦਾ ਪਰ ਨਾਰ ਨਾ ਤਕਾਂਦਾ ਜੋ ਐਬ ਨਾ ਛੁਪਾਂਦਾ ਉਹ ਅਸਲ ਚ ਬੰਦਾ ਏ। ਅੰਮ੍ਰਿਤ ਵੇਲਾ ਨਾ ਗਵਾਉਂਦਾ ਸਣੇ ਕੇਸ਼ੀ ਜੋ ਨਹਾਉਂਦਾ ਰੱਬ ਨੂੰ ਧਿਓਂਦਾ ਉਹ ਅਸਲ ਚ ਬੰਦਾ ਏ। ਲੰਗਰ ਲਗਾਉਂਦਾ ਦਾਨ ਪੁੰਨ ਜੋ ਕਮਾਉਂਦਾ ਰੋਂਦੇ ਨੂੰ ਹਸਾਉਂਦਾ ਉਹ ਅਸਲ ਚ ਬੰਦਾ ਏ। ਗੱਲਾਂ ਨਾ ਉਡਾਉਂਦਾ ਕੰਮ ਕਰਕੇ ਵਖਓਂਦਾ ਜੋ ਮੌਤ ਨਾ ਭੁਲਾਉਂਦਾ ਉਹ ਅਸਲ ਚ ਬੰਦਾ ਏ।੪।

2. ਤੂੰ ਮਾਣ ਕਰੇਂ ਕਿਸ ਗਲ ਦਾ ?

ਜੇ ਰੱਬ ਤੈਨੂੰ ਅੱਖਾਂ ਦਿੱਤੀਆਂ ਰੱਬ ਨੂੰ ਕਿਉ ਨੀ ਤੱਕਿਆ। ਤੇਜ ਜਬਾਨੋ ਸਬ ਕੁਝ ਬੋਲੇਂ ਰੱਬ ਦਾ ਨਾਂ ਹੀ ਡੱਕਿਆ। ਰਾਹ ਦਾ ਤਾਂ ਪਤਾ ਨਹੀਂ, ਫੇ ਕਿਉ ਉੱਚਾ ਹੋ ਹੋ ਚਲ ਦਾ। ਪਲ ਦਾ ਤਾਂ ਪਤਾ ਨਹੀਂ, ਤੂੰ ਮਾਣ ਕਰੇਂ ਕਿਸ ਗਲ ਦਾ। ਧੰਨ ਦੌਲਤ ਦੇ ਪਿੱਛੇ ਲੱਗਕੇ ਸਾਰੀ ਉਮਰ ਹੰਡਾ ਲਈ। ਇਹ ਵੀ ਮੇਰਾ ਓਹ ਵੀ ਮੇਰਾ ਮੈਂ ਨੇ ਜ਼ਿੰਦਗੀ ਗਾਲੀ। ਨੇਕੀ ਦਾ ਤਾਂ ਪਤਾ ਨਹੀਂ, ਨਿਤ ਸਿੱਖੇਂ ਤਰੀਕਾ ਛਲ ਦਾ। ਪਲ ਦਾ ਤਾਂ ਪਤਾ ਨਹੀਂ, ਤੂੰ ਮਾਣ ਕਰੇਂ ਕਿਸ ਗਲ ਦਾ। ਦੂਸਰਿਆਂ ਦੀ ਖੁਸ਼ੀ ਤੇ ਸੜਨਾ ਇਹ ਵੀ ਹਿੱਸੇ ਆਇਆ। ਮੇਰੀ ਭਾਵੇਂ ਕੋਠੀ ਚੋਂ ਮੰਜ਼ਲੀ ਉਸਨੇ ਮਕਾਨ ਕਿਉਂ ਪਾਇਆ। ਜੇ ਹੋਈ ਤੈਥੋਂ ਖਤਾ ਨਹੀਂ, ਫੇ ਕਿਉ ਚਿੰਤਾ ਦੇ ਵਿਚ ਬਲ ਦਾ। ਪਲ ਦਾ ਤਾਂ ਪਤਾ ਨਹੀਂ, ਤੂੰ ਮਾਣ ਕਰੇਂ ਕਿਸ ਗਲ ਦਾ। ਰਾਜਿਆਂ ਦੇ ਰਾਜ ਉੱਜੜ ਗਏ ਆ ਗਏ ਅਰਸ਼ੋਂ ਫਰਸ਼ੇ। ਜੋ ਸੀ ਲੈਂਦੇ ਮਖਮਲ ਦਰੀਆਂ ਪਾਣੀ ਨੂੰ ਵੀ ਤਰਸੇ। ਦਿਨ ਦਾ ਤਾਂ ਪਤਾ ਨਹੀਂ, ਕੀਦਾ ਚੜਦਾ ਤੇ ਕੀਦਾ ਢਲਦਾ। ਪਲ ਦਾ ਤਾਂ ਪਤਾ ਨਹੀਂ, ਤੂੰ ਮਾਣ ਕਰੇਂ ਕਿਸ ਗਲ ਦਾ। ਇਹ ਜੋ ਮਹਿਲ ਉਸਾਰ ਲਏ ਨੇ ਕਿਸ ਨੇ ਬਹਿ ਕੇ ਰਹਿਣਾ। ਅੱਜ ਨਹੀਂ ਤਾਂ ਪਲਕ ਤਿਆਰੀ ਇਕ ਦਿਨ ਤਾਂ ਉਠ ਪੈਣਾ। ਮੌਤ ਦਾ ਤਾਂ ਪਤਾ ਨਹੀਂ, ਬੰਦਾ ਮਰਜਾਏ ਚਲਦਾ ਚਲਦਾ। ਪਲ ਦਾ ਤਾਂ ਪਤਾ ਨਹੀਂ, ਤੂੰ ਮਾਣ ਕਰੇਂ ਕਿਸ ਗਲ ਦਾ। ਪੱਥਰਾਂ ਦੀ ਵੀ ਕੀਮਤ ਪੈਂਦੀ ਮੰਦਰਾਂ ਵਿੱਚ ਨੇ ਸੋਹੰਦੇ। ਤੇਰੇ ਇਸ ਸ਼ਰੀਰ ਦੇ ਹੜ ਕਿਸੇ ਕੰਮ ਨਹੀਂ ਆਉਂਦੇ। ਦਮ ਦਾ ਤਾਂ ਪਤਾ ਨਹੀਂ, ਵੇ ਤੂੰ ਕਿਉਂ ਨ੍ਹੀ ਹਉਮੈ ਠੱਲਦਾ। ਪਲ ਦਾ ਤਾਂ ਪਤਾ ਨਹੀਂ, ਤੂੰ ਮਾਣ ਕਰੇਂ ਕਿਸ ਗਲ ਦਾ। ਅੰਮ੍ਰਿਤ ਵੇਲੇ ਉੱਠ ਨਾ ਹੋਇਆ, ਕੀਮਤੀ ਸਮੇਂ ਗਵਾਏ। ਕਾਮ ਕ੍ਰੋਧ ਤੇ ਲੋਭ ਵਿਚ ਆ ਬਹੁਤ ਕੁਕਰਮ ਕਮਾਏ। ਸ਼ੁਬ ਕਰਮਾਂ ਦਾ ਪਤਾ ਨਹੀਂ, ਸੋਚੀਂ ਬੈਠਾ ਮਿੱਠੇ ਫਲ ਦਾ। ਪਲ ਦਾ ਤਾਂ ਪਤਾ ਨਹੀਂ, ਤੂੰ ਮਾਣ ਕਰੇਂ ਕਿਸ ਗਲ ਦਾ। ਚਾਰ ਦਿਨਾਂ ਦਾ ਜੋਬਨ ਤਕ ਕੇ ਫੁੱਲਾਂ ਵਾਂਗੂੰ ਖਿਲਦਾ। ਮਿੱਟੀ ਦਾ ਇਹ ਬਣਿਆ ਪੁਤਲਾ ਮਿੱਟੀ ਵਿੱਚ ਹੀ ਮਿਲਦਾ। ਵਜੂਦ ਤਾਂ ਰਤਾ ਨਹੀਂ, ਰਾਣਾ ਬੰਦਾ ਬੁਲਬੁਲਾ ਜਲ ਦਾ। ਪਲ ਦਾ ਤਾਂ ਪਤਾ ਨਹੀਂ, ਤੂੰ ਮਾਣ ਕਰੇਂ ਕਿਸ ਗਲ ਦਾ।

3. ਭਗਤ ਸਿੰਘ ਦੇ ਆਪਣੀ ਮਾਂ ਨੂੰ ਕੁਝ ਬੋਲ

ਨੀਂ ਮਾਏ ਤੇਰੇ ਪੁੱਤ ਦੇ ਨਾਂ ਅੱਗੇ ਹੁਣ ਲਗੂਗਾ ਸ਼ਹੀਦ। ਮਿਲੀ ਵਿਰਾਸਤ ਵਿਚ ਦਲੇਰੀ ਕਰਨੀ ਨਹੀਂ ਗੁਲਾਮੀ। ਸੋਹਣੇ ਦੇਸ਼ ਤੋਂ ਵਾਰ ਦਿਆਂਗਾ ਇਹ ਆਪਣੀ ਜਿੰਦਗਾਨੀ। ਮੈਨੂੰ ਚੜ੍ਹਿਆ ਹੈ ਚਾਅ ਮਾਏ ਸੁਣਕੇ ਫਾਂਸੀ ਦੀ ਤਰੀਕ। ਤੇਰੇ ਪੁੱਤਰ ਦੇ ਨਾਂ ਅੱਗੇ ਹੁਣ ਲਗੂਗਾ ਸ਼ਹੀਦ।। ਪੂੰਝ ਲੈ ਅੱਖੀਆਂ ਹੁਣ ਨਾ ਰੋਈਂ ਨਾ ਕਰੀ ਪੁੱਤਰ ਮੋਹ। ਲੋਕ ਕਹਿਣਗੇ ਭਗਤ ਸਿੰਘ ਦੀ ਮਾਂ ਰਹੀ ਹੈ ਰੋ। ਮੈਂ ਲਿਆਉਂਗਾ ਵਿਆਹ ਕੇ ਤੇਰੀ ਨੂਹ ਜੋ ਹੈ ਸਭ ਤੋਂ ਅਜੀਬ। ਤੇਰੇ ਪੁੱਤਰ ਦੇ ਨਾਂ ਅੱਗੇ ਹੁਣ ਲਗੂਗਾ ਸ਼ਹੀਦ।। ਇਨਕਲਾਬ ਰਹੇ ਜਿੰਦਾਬਾਦ ਇਹ ਹੀ ਸਾਡਾ ਨਾਰਾ। ਮੈ ਮੰਗਦਾਂ ਤੇਰੀ ਕੁੱਖ ਜੇ ਹੋਵੇ ਜਨਮ ਦੁਬਾਰਾ। ਭਾਰਤ ਮਾਂ ਦੀ ਆਜ਼ਾਦੀ ਖਾਤਰ ਲੈਣੀ ਮੌਤ ਦੀ ਰਸੀਦ। ਤੇਰੇ ਪੁੱਤਰ ਦੇ ਨਾਂ ਅੱਗੇ ਹੁਣ ਲਗੂਗਾ ਸ਼ਹੀਦ।। ਇਨਕਲਾਬ ਦਾ ਨਾਰਾ ਮੇਰੇ ਠੰਡ ਕਲੇਜੇ ਪਾਵੇ। ਜਦੋਂ ਮੈ ਬੋਲਾਂ ਉੱਚੀ ਜੁਬਾਨੋ ਵੈਰੀ ਥਰ ਥਰ ਜਾਵੇ। ਭਾਰਤ ਦੇਸ਼ ਚ ਹੁਣ ਗੋਰੇ ਕੁਝ ਦਿਨਾਂ ਦੇ ਮਰੀਜ਼। ਤੇਰੇ ਪੁੱਤਰ ਦੇ ਨਾਂ ਅੱਗੇ ਹੁਣ ਲਗੂਗਾ ਸ਼ਹੀਦ।। ਰਾਜਗੁਰੂ ਸੁਖਦੇਵ ਭਗਤ ਸਿੰਘ ਚੜ ਗਏ ਫਾਂਸੀ ਤਿੰਨੇ। ਦਰਜਾ ਸ਼ਹੀਦੀ ਦਾ ਨਹੀਂ ਮਿਲਿਆ ਟੱਪ ਗਏ ਸਾਲ ਕਿੰਨੇ। ਗੱਲਾਂ ਗੀਤ ਦੇ ਰਾਹੀਂ ਦੱਸੇ ਰਾਣਾ ਸਿੰਘ ਰਣਜੀਤ। ਤੇਰੇ ਪੁੱਤਰ ਦੇ ਨਾਂ ਅੱਗੇ ਹੁਣ ਲਗੂਗਾ ਸ਼ਹੀਦ।।

4. ਸਬ ਕੁਝ ਓ ਕਰਤਾਰ ਵੇਖੇ

ਕਿੱਸੇ ਕੁਰਬਾਨੀਆਂ ਦੇ ਯਾਦ ਨਹੀਂ, ਹੈਰੀ ਪੋਟਰ ਦੇ ਸਾਰੇ ਪਾਰਟ ਵੇਖੇ। ਸੁਪਰਮੈਨ ਸਪਾਇਡਰਮੈਨ ਪਿੱਛੇ ਹੋਏ ਪਾਗਲ, ਹਰੀ ਸਿੰਘ ਨਲੂਏ ਜਹੇ ਨਹੀਂ ਕਿਰਦਾਰ ਵੇਖੇ। ਪੰਜਾਬੀ ਕਵੀਆਂ ਦੇ ਨਾਮ ਨਹੀਂ ਚੇਤਾ, ਹੋਏ ਸ਼ੇਕਸਪੀਅਰ ਪਿੱਛੇ ਬਿਮਾਰ ਵੇਖੇ। ਵਾਹ ਵਾਹ ਕਰਦੇ ਬਾਹੁਬਲੀ ਦੀ, ਏਨਾ ਨਹੀਂ ਖਾੜਕੂ ਸਿੰਘ ਸਰਦਾਰ ਵੇਖੇ। ਡਰ ਓਏ ਬੰਦਿਆ ਰੱਬ ਕੋਲੋਂ, ਸਭ ਕੁਝ ਓ ਕਰਤਾਰ ਵੇਖੇ।।੧। ਇਹ ਧਰਤੀ ਗੁਰੂਆਂ ਪੀਰਾਂ ਦੀ, ਅੱਜ ਪਿੰਡਾਂ ਚ ਖੁਲਗੇ ਚਾਰ ਚਾਰ ਠੇਕੇ। ਪੰਜਾਬੀਆਂ ਚੋਂ ਮੁੱਕਦੀ ਜਾਂਦੀ ਗੈਰਤ, ਸਿੱਖ ਮੜੀਆਂ ਪੂਜਦੇ ਕਈ ਵਾਰ ਵੇਖੇ। ਖੁੱਲ੍ਹੇ ਦਾੜ੍ਹੇ ਤੇ ਦਸਤਾਰਾਂ ਵਿਖਦੀਆਂ ਨਹੀਂ, ਜੇਲਾਂ ਲਾਕੇ ਕਰਦੇ ਸ਼ਿੰਗਾਰ ਵੇਖੇ। ਪੋਨੀਆਂ ਦਾ ਚਲ ਪਿਆ ਰਵਾਜ ਵੱਖਰਾ, ਚੁੰਨੀਆਂ ਦਾ ਆਖਣ ਭਾਰ ਸਿਰ ਤੇ। ਡਰ ਓਏ ਬੰਦਿਆ ਰੱਬ ਕੋਲੋਂ, ਸਭ ਕੁਝ ਓ ਕਰਤਾਰ ਵੇਖੇ।।੨। ਕੁਝ ਮਾਂ ਬੋਲੀ ਨੂੰ ਮਾੜਾ ਦਸਦੇ ਨੇ, ਪੜੇ ਲਿਖੇ ਕਈ ਇਹੋ ਜਹੇ ਗਵਾਰ ਵੇਖੇ। ਦੁਪੱਟੇ ਨੂੰਹਾਂ ਦੇ ਸਿਰਾਂ ਤੇ ਦਿਸਦੇ ਨਹੀਂ, ਰੁਲਦੇ ਮਿੱਟੀ ਵਿੱਚ ਸੱਭਿਆਚਾਰ ਵੇਖੇ। ਗੁਰੂਦਵਾਰਿਆਂ ਚ ਰੌਣਕਾਂ ਦਿਸਦੀਆਂ ਨਹੀਂ, ਓਥੇ ਵੀ ਈਰਖਾ ਪੈਰ ਪਸਾਰ ਵੇਖੇ। ਪਾਠੀ ਕੋਈ ਨਹੀਂ ਅਜਕਲ ਪਾਠ ਕਰਦਾ, ਗੁਰੂ ਘਰਾਂ ਚ ਵੀ ਟੇਪ ਰਿਕਾਰਡ ਵੇਖੇ। ਡਰ ਓਏ ਬੰਦਿਆ ਰੱਬ ਕੋਲੋਂ, ਸਭ ਕੁਝ ਓ ਕਰਤਾਰ ਵੇਖੇ।।੩। ਜਨਮਦਿਨ ਤੇ ਨਹੀਓ ਦੇਗ ਵਰਤਦੀ, ਕੇਕ ਕੱਟਦੇ ਸਮਝਦਾਰ ਵੇਖੇ। ਗੁਰਬਾਣੀ ਹੈ ਨਹੀਂ ਕੰਠ ਕਿਸੇ ਨੂੰ, ਗੀਤ ਗਾਵੰਦੇ ਮੈ ਬੇਕਾਰ ਵੇਖੇ। ਖੁਮਾਰੀ ਨਾਮ ਦੀ ਨਹੀਓ ਚੜਦੀ,ਉਂਝ ਵੱਡੇ ਵੱਡੇ ਦਿਲਦਾਰ ਵੇਖੇ। ਨਸ਼ਿਆਂ ਦੀ ਤਾਂ ਗੱਲ ਰਹਿਣ ਦੋ, ਉੱਜੜਦੇ ਘਰਬਾਰ ਵੇਖੇ। ਡਰ ਓਏ ਬੰਦਿਆ ਰੱਬ ਕੋਲੋਂ, ਸਭ ਕੁਝ ਓ ਕਰਤਾਰ ਵੇਖੇ।।੪। ਗੁਰੂ ਘਰਾਂ ਦੇ ਅੰਦਰ ਅਜਕਲ, ਹੁੰਦੇ ਮੈਂ ਦੁਰਾਚਾਰ ਵੇਖੇ। ਪੈਸੇ ਅੱਗੇ ਪੁਲਸ ਵਾਲੇ ਵੀ ,ਨੱਚਦੇ ਹੋ ਨਚਾਰ ਵੇਖੇ। ਕਰਕੇ ਅੱਖਾਂ ਬੰਦ ਤਮਾਸ਼ਾ, ਸਮੇਂ ਦੀ ਇਹ ਸਰਕਾਰ ਵੇਖੇ। ਉੱਚੇ ਜੋ ਜਿਆਦਾ ਉਡਦੇ ਨੇ ,ਡਿਗਦੇ ਮੂੰਹ ਦੇ ਭਾਰ ਵੇਖੇ। ਡਰ ਓਏ ਬੰਦਿਆ ਰੱਬ ਕੋਲੋਂ, ਸਭ ਕੁਝ ਓ ਕਰਤਾਰ ਵੇਖੇ।।੫। ਰਾਣੇ ਕਰੀਂ ਕੋਈ ਕਾਰ ਜਗ ਉੱਤੇ, ਅੱਡੀਆਂ ਚੁੱਕ ਚੁੱਕ ਸਾਰਾ ਸੰਸਾਰ ਵੇਖੇ। ਹਾਰਨੀ ਵਾਲਿਆ ਗਾ ਲੈ ਜੱਸ ਗੁਰੂ ਦਾ, ਘੜੀਆਂ ਲਾ ਲੈ ਦੋ ਚਾਰ ਲੇਖੇ।

5. ਦੌਰ ਚਲਾਕੀ ਦਾ

ਇਹ ਦੁਨੀਆ ਰੰਗ ਬਰੰਗੀ, ਕਿਸੇ ਲਈ ਮਾੜੀ ਕਿਸੇ ਲਈ ਚੰਗੀ। ਮੂਰੇ ਬਹਿ ਕੇ ਸਿਫ਼ਤਾਂ ਕਰਦੀ, ਪਿੱਛੇ ਪਿੱਠ ਦੇ ਜੁਗਤਾਂ ਘੜਦੀ, ਕਿੱਦਾਂ ਹੋਵੇ ਹਾਨੀ ਜੀ। ਜਿਗਰੀ ਯਾਰ ਵੀ ਬਣ ਜਾਂਦੇ ਨੇ ਦੁਸ਼ਮਣ ਜਾਨੀ ਜੀ। ਪੈਸੇ ਲੈਣ ਦੇ ਢੰਗ ਤਰੀਕੇ, ਵੱਖੋ ਵੱਖ ਬਣਾਏ ਸਲੀਕੇ। ਵਕੀਲ ਹਕੀਮ ਤੇ ਬਾਬਾ, ਆਪਣਾ ਰੱਖਦੇ ਕਾਇਮ ਨੇ ਦਾਬਾ, ਜਿੱਦਾਂ ਰੋਹਬ ਹੈ ਖਾਖੀ ਦਾ। ਸਮਾਂ ਸਾਦਗੀ ਦਾ ਨਹੀਂ ਚਲਦਾ ਦੌਰ ਚਲਾਕੀ ਦਾ। ਗਾਉਣ ਵਾਲਿਆ ਹੱਦ ਮੁਕਾਈ, ਕਰਦੇ ਦਾਰੂ ਦੀ ਵਾਹ ਵਾਈ। ਹਥਯਾਰਾਂ ਦੇ ਗੁਣ ਹੀ ਗਾਉਂਦੇ, ਨਾ ਕੋਈ ਢੰਗ ਦੀ ਗੱਲ ਸੁਣਾਉਂਦੇ, ਸਮਝਦੇ ਸ਼ਾਨ ਬਦਮਾਸ਼ੀ ਚ। ਗੌਰ ਫਰਮਾਨਾ ਗੱਲ ਤੇ ਨਾ ਐਂਵੇ ਟਾਲਯੋ ਹਾਸੀ ਚ। ਉਠੋ ਵੀਰੋ ਸਮਾਂ ਤਕਾਈਏ, ਲੱਚਰ ਗਾਇਕੀ ਨੂੰ ਠੱਲ ਪਾਈਏ। ਛੇੜ ਦਈਏ ਕੋਈ ਐਸੀਆਂ ਤਾਰਾਂ, ਗੂੰਜਣ ਸੂਰਮਿਆਂ ਦੀਆਂ ਵਾਰਾਂ, ਤੇ ਰਸ ਆਜਯੇ ਗਾਇਕੀ ਦਾ। ਸਮਾਂ ਸਾਦਗੀ ਦਾ ਨਹੀਂ ਚਲਦਾ ਦੌਰ ਚਲਾਕੀ ਦਾ।

6. ਖਾਲਿਸ

ਖਾਲਸਾ ਤਾਂ ਅਖਵਾਉਣੇ ਹਾਂ ਪਰ ਖਾਲਿਸ ਅਸੀਂ ਹੈ ਨਹੀਂ। ਕੱਕਾਰ ਵੀ ਪੂਰੇ ਕਰ ਲਏ ਨੇ,ਦਸਤਾਰ ਵੀ ਸਿਰ ਤੇ ਬੰਨ ਲਈ। ਚੋਲਾ ਵੀ ਚਿੱਟਾ ਪਾ ਲਿਆ ਏ,ਤਲਵਾਰ ਵੀ ਹੱਥ ਵਿਚ ਫੜ ਲਈ। ਜੋ ਅਕਾਲ ਪੁਰਖ ਨੂੰ ਭਾ ਜਾਵੇ ਐਸੀ ਕੋਲ ਕੋਈ ਸਾਡੇ ਛੈ ਨਹੀਂ। ਉਂਜ ਖਾਲਸਾ ਤਾਂ ਅਖਵਾਉਣੇ ਹਾਂ ਪਰ ਖਾਲਿਸ ਅਸੀਂ ਹੈ ਨਹੀਂ।੧। ਅਸੀਂ ਰੋਕ ਰੋਕ ਕੇ ਰਾਹੀਆਂ ਨੂੰ, ਮਿੱਠਾ ਪਾਣੀ ਪਿਆਉਂਦੇ ਹਾਂ। ਸੇਵਾ ਵੀ ਬਹੁਤੀ ਕਰਦੇ ਹਾਂ, ਲੰਗਰ ਵੀ ਖੂਬ ਲਗਾਉਂਦੇ ਹਾਂ। ਇੰਨਾ ਕੁਝ ਕਰਨ ਦੇ ਬਾਵਜੂਦ ਹੁੰਦੀ ਕੋਈ ਸਾਡੀ ਜਯ ਨਹੀਂ। ਉਂਜ ਖਾਲਸਾ ਤਾਂ ਅਖਵਾਉਣੇ ਹਾਂ ਪਰ ਖਾਲਿਸ ਅਸੀਂ ਹੈ ਨਹੀਂ।੨। ਵੱਖੋ ਵੱਖਰੇ ਧੜੇ ਬਣੇ,ਸਬ ਵੱਖਰਾ ਹੀ ਪਰਚਾਰ ਕਰਨ। ਕੋਈ ਇਕਜੁਟ ਹੋਕੇ ਬਹਿੰਦਾ ਨਹੀਂ, ਇਕ ਦੂਜੇ ਤੇ ਪਰਹਾਰ ਕਰਨ। ਅਣਖ ਤਾਂ ਮਰਦੀ ਜਾਂਦੀ ਹੈ, ਮਰਦੀ ਪਈ ਸਾਡੀ ਮੈਂ ਨਹੀਂ। ਉਂਜ ਖਾਲਸਾ ਤਾਂ ਅਖਵਾਉਣੇ ਹਾਂ ਪਰ ਖਾਲਿਸ ਅਸੀਂ ਹੈ ਨਹੀਂ।੩। ਅਖੇ ਰਾਜ ਖਾਲਸੇ ਕਰਨਾ ਏ, ਖਾਲਸ ਤਾਂ ਪਹਿਲਾਂ ਹੋ ਜਾਈਏ। ਰਾਣੇ ਮਾਰਕੇ ਈਰਖਾ ਵੈਰੀ ਨੂੰ, ਝੰਡਾ ਏਕਤਾ ਦਾ ਲਹਿਰਾ ਆਈਏ। ਜੇ ਪੰਥ ਸਾਰਾ ਇਕ ਹੋ ਜਾਵੇ, ਰਹਿਣਾ ਫਿਰ ਕੋਈ ਭਯ ਨਹੀਂ। ਉਂਜ ਖਾਲਸਾ ਤਾਂ ਅਖਵਾਉਣੇ ਹਾਂ ਪਰ ਖਾਲਿਸ ਅਸੀਂ ਹੈ ਨਹੀਂ।੪।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ