Punjabi Poetry : Ranjit Kaur Bajwa

ਪੰਜਾਬੀ ਕਵਿਤਾਵਾਂ : ਰਣਜੀਤ ਕੌਰ ਬਾਜਵਾ



1. ਖੇਡ ਅਨੋਖਾ

ਭਰ ਕੇ ਡੁੱਲ੍ਹਣਾ ਸੌਖਾ ਹੈ, ਖਾਲੀ ਨੂੰ ਭਰਨਾ ਔਖਾ ਹੈ। ਇਹ ਖੇਡ ਬੜਾ ਅਨੋਖਾ ਹੈ, ਹਰ ਇੱਕ ਨੂੰ ਮਿਲਦਾ ਮੌਕਾ ਹੈ। ਕੋਈ ਰੋਂਦਾ ਰੋਟੀ -ਜੁੱਲੀ ਨੂੰ, ਕੋਈ ਲੱਭੇ ਸੋਹਣੀ ਕੁੱਲੀ ਨੂੰ। ਪਰ ਮਿਹਨਤ ਕਰਨਾ ਔਖਾ ਹੈ, ਹੱਡ ਭੰਨ -ਖੁਰਨਾ ਔਖਾ ਹੈ। ਇਹ ਖੇਡ ਬੜਾ ਅਨੋਖਾ ਹੈ......। ਸੌਖਾ ਹੈ ਕਹਿਣਾ ਤੇ ਸੁਣਨਾ ਵੀ, ਪਰ ਕਠਨ ਹੈ ਸਮਝਾ ਜਾਣਾ, ਕੁਝ ਆਪਣੇ ਵਰਤੇ ਤਜ਼ਰਬਿਆਂ 'ਚੋਂ, ਕਿਸੇ ਹੋਰ ਨੂੰ ਰਾਹੇ ਪਾ ਜਾਣਾ। ਕੁਝ ਗੱਲ ਕਰਨੀ ਹਯਾਤੀ ਦੀ, ਕੁਝ ਆਪਣਾ ਦੁੱਖੜਾ ਰੋ ਜਾਣਾ। ਕੁਝ ਹੰਝੂ ਵਗਣੇ ਪਛਤਾਵੇ ਦੇ, ਤੇ ਆਪਣਾ ਅੰਦਰ ਧੋ ਜਾਣਾ। ਕੁਝ ਰੋਸੇ ਜ਼ਾਹਰ ਕਰ ਦੇਣੇ, ਕੁਝ ਅੰਦਰੋਂ ਅੰਦਰ ਸਹਿ ਜਾਣਾ। ਤੱਕਣਾ ਕਦੇ ਕੀੜੀਆਂ ਨੂੰ ਵੀ, ਕਦੇ ਜਿਦਾਂ ਲਾਉਣੀਆਂ ਬਾਜਾਂ ਨਾਲ, ਪਰ ਡਾਰੀ ਭਰਨਾ ਔਖਾ ਹੈ। ਇਹ ਖੇਡ ਬੜਾ................। ਇਹ ਜ਼ਿੰਦਗੀ ਦੇ ਝਮੇਲੇ ਨੇ, ਵੱਖੋ ਵੱਖਰੇ ਮੇਲੇ ਨੇ, ਕੋਈ ਭੀੜਾਂ ਵਿੱਚ, ਤੇ ਕਈ ਇੱਕਲੇ ਨੇ, ਦਰ ਸਭ ਨੇ ਆਪਣੇ -ਆਪਣੇ ਮੱਲੇ ਨੇ। ਕੋਈ ਰੋਵੇ ਆਪਣੇ ਕੰਮਾਂ ਨੂੰ, ਕੋਈ ਖੜ੍ਹਾ ਉਡੀਕੇ ਯੰਮਾਂ ਨੂੰ। ਸਭ ਅੱਖੋਂ ਉਰੇ ਭਰੋਖਾ ਹੈ। ਇਹ ਖੇਡ ਬੜਾ ਅਨੋਖਾ ਹੈ, ਹਰ ਇੱਕ ਨੂੰ ਮਿਲਦਾ ਮੌਕਾ ਹੈ, ਭਰ ਕੇ ਡੁੱਲ੍ਹਣਾ ਸੌਖਾ ਹੈ, ਖਾਲੀ ਨੂੰ ਭਰਨਾ ਔਖਾ ਹੈ

2. ਤੀਆਂ ਦੇ ਦਿਨ ਆਏ

ਤੀਆਂ ਦੇ ਦਿਨ ਆਏ..... ਬਾਬਲਾ !! ਤੀਆਂ ਦੇ ਦਿਨ ਆਏ, ਤੇਰੇ ਵਿਹੜੇ ਦੀ ਯਾਦ ਸਤਾਏ, ਬਾਬਲਾ ਤੀਆਂ ਦੇ.........। ਪੀਂਘਾਂ ਦੇ ਹੁਲਾਰੇ ਵਾਲੇ , ਸਾਉਣ ਦੇ ਛਰਾਟੇ ਵਾਲੇ, ਸ਼ਾਹ ਕਾਲੇ ਬੱਦਲ ਛਾਏ, ਬਾਬਲਾ ਤੀਆਂ ਦੇ ਦਿਨ ਆਏ। ਤੇਰੇ ਵਿਹੜੇ ਦੀ ਯਾਦ ਸਤਾਏ , ਬਾਬਲਾ! ਤੀਆਂ ਦੇ। ਰਹੇ ਭਰੀ ਤੇਰੀ ਸਬਾਤ , ਬਾਬਲਾ !!ਭਰੀ ਰਹੇ, ਜਾਗੀਏ ਸਾਰੀ ਰਾਤ , ਬਾਬਲਾ!ਰਾਤ ਰਹੇ, ਦਾਦੀ ਸੁਣਾਵੇ ਬਾਤ,ਬਾਬਲਾ!ਰਾਤ ਰਹੇ ਭਰਦੇ ਹੁੰਗਾਰਾ ਸੌਂ ਜਾਈਏ, ਪਰੀਆਂ ਦੀ ਉਹ ਬਾਤ, ਉਸ ਬਾਤ ਦੀ ਯਾਦ ਸਤਾਏ, ਬਾਬਲਾ ਤੀਆਂ ਦੇ .......। ਖੇਡਣੇ ਗੁੱਡੀਆਂ-ਪਟੋਲੇ, ਬਣਾਉਣੇ ਘਰ ਤੇ ਖਡੋਲੇ, ਪੱਤਿਆਂ ਦੇ ਪੇਸੈ ,ਕਦੇ ਕੰਮੀਆਂ ਦੇ ਹਾਰ, ਦੀ ਯਾਦ ਆਵੇ , ਨਿੱਕੇ-ਨਿੱਕੇ ਰੋਸੇ , ਪਿੱਛੋਂ ਚੋਰੀ-ਚੋਰੀ ਝਾਤ , ਬੋਹੜ ,ਪਿੱਪਲ ਦੀ ਯਾਦ ਸਤਾਏ, ਬਾਬਲਾ ਤੀਆਂ ਦੇ....। ਬਾਗ਼ਾਂ ਦੀ ਮਹਿੰਦੀ, ਧੋਤਿਆਂ ਨਾ ਲਹਿੰਦੀ, ਮੋਰਾਂ ਖੁਸ਼ ਹੋ ਪੈਲ ਹੈ ਪਾਈ, ਕੁਲ ਹਯਾਤੀ ਮਹਿਕਾਏ, ਬਾਬਲਾ ਤੀਆਂ ਦੇ ਦਿਨ ਆਏ, ਤੇਰੇ ਵਿਹੜੇ ਦੀ ਯਾਦ ਸਤਾਏ, ਬਾਬਲਾ ਤੀਆਂ ਦੇ ਦਿਨ ਆਏ..

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ