ਨਾ ਕੁਦਰਤ, ਨਾ ਹੋਣੀ, ਨਾ ਰੱਬ ਦੀ ਮਰਜ਼ੀ ਹੈ।
ਹਰ ਹਾਦਸੇ ਪਿੱਛੇ ਯਾਰੋ, ਕੋਈ ਸਾਜ਼ਿਸ਼ ਕੰਮ ਕਰਦੀ ਹੈ।
ਹਰ ਵੇਲੇ ਚੁੱਪ-ਚੁੱਪ ਦਾ ਸ਼ੋਰ ਮਚਾਵੇ ਜੋ,
ਉਹ ਸ਼ਾਇਰੀ ਅੰਤ ਨੂੰ ਜ਼ੁਲਮ ਦਾ ਦਮ ਭਰਦੀ ਹੈ।
ਥੱਕ-ਟੁੱਟ ਹੋ ਚੂਰ, ਭਾਵੇਂ ਰਾਹਾਂ ’ਚ ਰੁਲ਼ਦਾ ਰਹੇ,
ਮੰਜ਼ਿਲ ਦੀ ਆਸ ਪਰ ਬੰਦੇ ’ਚੋਂ ਨਾ ਮਰਦੀ ਹੈ।
ਅੰਨ੍ਹੇ ਹੋਣ ਤੇ ਰੋਣ ਦਾ ਮੰਜ਼ਰ ਤਾਂ ਉਦੋਂ ਬਣਦਾ,
ਅੰਨ੍ਹੀ ਆਸਥਾ ਜਦ ਬੰਦੇ ਦੀ ਕਿਸਮਤ ਘੜਦੀ ਹੈ।
ਘਰਾਂ, ਗਲ਼ੀਆਂ, ਬਜ਼ਾਰਾਂ ’ਚ ਚਕਾਚੌਂਧ ਜੋ ਤੁਰੀ ਫਿਰੇ,
ਇਹਦਾ ਨਾਮ ਵੀ ਫਰਜ਼ੀ ਹੈ, ਇਹਦਾ ਵਜੂਦ ਵੀ ਫਰਜ਼ੀ ਹੈ।
ਕੈਸੀ ਹੈ ਫਿਤਰਤ ਮਿਰੀ ਕੈਸੇ ਮੈਂ ਖ਼ਾਬ ਦੇਖਾਂ।
ਧੁਖਦੇ ਅੰਬਰੀ ਉੱਡ ਰਹੇ, ਅੱਗ ਦੇ ਉਕਾਬ ਦੇਖਾਂ।
ਮਸਤੀਆਂ ਇਸ ਸ਼ਹਿਰ ਵਿਚ ਬਣ ਗਈਆਂ ਖਰਮਸਤੀਆਂ,
ਡੁੱਲ੍ਹਦੀ ਸ਼ਰਾਬ ਦੇਖਾਂ, ਮੈਂ ਲੁੱਟਦੇ ਸ਼ਬਾਬ ਦੇਖਾਂ।
ਹਰ ਪਾਸੇ ਸ਼ਾਨੋ-ਸ਼ੌਕਤਾਂ, ਹਰ ਪਾਸੇ ਦਿਸਣ ਕਲਗੀਆਂ,
ਆਪਣੀ ਹਉਂ ’ਚ ਹਰ ਕੋਈ, ਬਣਿਆ ਨਵਾਬ ਦੇਖਾਂ।
ਕਿਸ ਦਾ ਦਿਲ ਨਹੀਂ ਰੀਝਦਾ, ਕਿਸ ਦਾ ਮਨ ਨਹੀਂ ਮਚਲਦਾ,
ਸੁੰਨਮ-ਸੰਨੀ ਗੋਦ ਵਿਚ ਖਿੜਿਆ ਗੁਲਾਬ ਦੇਖਾਂ।
ਦੌੜ-ਭੱਜ ਦੇ ਦੌਰ ਵਿਚ ਮਿਲਦਾ ਪਿਆਰ ਨਾਹੀ,
ਕੁਫਰ ਦੇ ਕਦਮਾਂ ਤਲੇ, ਰੁਲ਼ਦੀ ਕਿਤਾਬ ਦੇਖਾਂ।
ਹਰ ਦਮ ਤਾੜਦੀ ਰਹਿੰਦੀ ਜਦ ਕਿ ਤਿੱਖੀ ਇੱਕ ਨਜ਼ਰ ਸੀ।
ਕਿੰਝ ਕਹਾਂ ਕਿ ਨਾ ਸੰਸਾ ਮੈਨੂੰ, ਨਾ ਹੀ ਕੋਈ ਡਰ ਸੀ।
ਹਸਤੀ ਨੂੰ ਨਿਗਲ ਲਏ ਨਾ, ਹਸਤੀ ਦਾ ਹੀ ਭਰਮ ਕਿਤੇ,
ਅੰਦਰੇ ਅੰਦਰ ਖਾ ਰਿਹਾ ਇਕ ਇਹ ਵੀ ਤਾਂ ਫਿਕਰ ਸੀ।
ਮਹਿਜ਼ ਇਤਫਾਕ ਨਹੀਂ, ਕੁਝ ਹੋਰ ਵੀ ਹੈ ਜ਼ਰੂਰ,
ਸੈਆਂ ਵਾਰ ਉੱਜੜ ਕੇ ਮੁੜ ਵਸ ਰਿਹਾ ਜੇ ਸ਼ਹਿਰ ਸੀ।
ਅਫਸੋਸ ਕਿ ਕਰ ਸਕੇ ਨਾ ਸਿਆਸਤ ਆਪਣੇ ਦਰਦ ਦੀ,
ਹੋਇਆ ਦਮਨ ਜਿਨ੍ਹਾਂ ਦਾ, ਝੱਲਿਆ ਜਿਨ੍ਹਾਂ ਕਹਿਰ ਸੀ।
ਲੁੱਟ-ਲੁੱਟ ਕੇ ਜੋੜੀਆਂ ਦੌਲਤਾਂ, ਗੁਰੂ ਘਰ ਨਾ ਛੱਡੀਆਂ ਗੋਲਕਾਂ,
ਕਹਿਣ ਨੂੰ ਲੱਖ ਆਖਦੈ, ਸਤਿਗੁਰ ਦੀ ਸਭ ਮਿਹਰ ਸੀ।
ਦੇਰ ਤਾਈਂ ਰਹਿੰਦਾ ਜਿਵੇਂ ਚੋਟ ਦਾ ਨਿਸ਼ਾਨ ਹੈ।
ਨਹੁੰ ਉੱਤੇ ਇਸ ਤਰ੍ਹਾਂ ਵੋਟ ਦਾ ਨਿਸ਼ਾਨ ਹੈ।
ਬੀਬਾ-ਰਾਣਾ, ਭੋਲਾ-ਭਾਲਾ, ਹੱਦ ਦਾ ਸ਼ਰੀਫ ਜਾਪੇ,
ਲੀਡਰੀ ਲੁਕਾ ਲੈਂਦੀ ਖੋਟ ਦਾ ਨਿਸ਼ਾਨ ਹੈ।
ਇਹ ਜੋ ਲਾਚਾਰ ਜਿਹੀ ਚੂੰ-ਚੂੰ ਸੁਣਾਈ ਦੇਵੇ,
ਆਲ੍ਹਣੇ ’ਚੋਂ ਡਿੱਗੇ ਹੋਏ ਬੋਟ ਦਾ ਨਿਸ਼ਾਨ ਹੈ।
ਫਾਈਲ ਚੁੱਕ ਬਾਬੂ ਕਿਵੇਂ ਭੱਜਾ ਫਿਰੇ ਫਟਾਫਟ,
ਮੇਜ਼ ਹੇਠੋਂ ਫੜੇ ਹੋਏ ਨੋਟ ਦਾ ਨਿਸ਼ਾਨ ਹੈ।
ਨੈਣਾਂ ’ਚ ਉਨੀਂਦਰਾ ਤੇ ਹੋਠਾਂ ਤੇ ਪਿਆਸ ਜੰਮੀ,
ਇਸ਼ਕੇ ’ਚ ਲੱਗੀ ਤਾਜ਼ੀ ਚੋਟ ਦਾ ਨਿਸ਼ਾਨ ਹੈ।
ਸੱਚ ਹੋਣ ਲਈ ਕੱਟ ਮਰੇ ਸੁਪਨੇ ਦੇ ਸਿਦਕ ਦੀ ਬਾਤ ਸੁਣ।
ਨਕਾਮੀਆਂ ਦੇ ਕੰਨ ’ਚ ਕੀ-ਕੀ ਕਹਿ ਰਹੀ ਹੈ ਰਾਤ ਸੁਣ।
ਭਲੇ ਦਿਨਾਂ ਦੇ ਪਰਤਣ ਦੀ ਆਸ ਨਾ ਬਚੇ ਜਦੋਂ,
ਬੈਠ ਇੱਕਲਾ ਉਦੋਂ ਆਪਣੇ ਮਨ ਦੀ ਡੂੰਘੀ ਬਾਤ ਸੁਣ।
ਜਾਲ਼ ਬੁਣੇ, ਸਾਜ਼ਿਸ਼ ਰਚੇ, ਕੂੜ ਦਾ ਕਰੇ ਵਪਾਰ,
ਜੋ ਕਰੇ, ਕਰੀ ਜਾਣ ਦੇ, ਤੂੰ ਆਪਣੇ ਜਜ਼ਬਾਤ ਸੁਣ।
ਸੁਣ ਮਨਾ, ਧੀਰ ਧਰ, ਕਰ ਜ਼ੇਰਾ ,ਦਿਨ ਰਾਤ ਸੁਣ,
ਤਿੱਪ-ਤਿੱਪ ਤਨਾਂ ’ਤੇ ਬਰਸਦੀ ਬਰਸਾਤ ਸੁਣ।
ਹਰ ਮੁਹੱਲੇ, ਹਰ ਗਲ਼ੀ, ਹਰ ਜਗ੍ਹਾ ਸ਼ਰੇਆਮ ਸੁਣ,
ਪੰਛੀ ਦੇ ਗੌਣ ਤੋਂ ਸੱਖਣੀ ਸੁੰਨਮ-ਸੁੰਨ ਪ੍ਰਭਾਤ ਸੁਣ।