Punjabi Poetry : Rajwant Kaur

ਪੰਜਾਬੀ ਕਵਿਤਾਵਾਂ : ਰਾਜਵੰਤ ਕੌਰ1. ਰਾਤੀਂ ਅੰਬਰੋਂ ………

ਰਾਤੀਂ ਅੰਬਰੋਂ ਚੰਨ ਉੱਤਰ ਕੇ, ਮੇਰੇ ਕੋਲ਼ੇ ਆਇਆ। ਸੁਸਤਾਏ ਨੈਣਾਂ ਨੇ ਤੱਕਿਆ, ਉਸ ਰੰਗਲ਼ਾ ਪੀੜ੍ਹਾ ਡਾਹਿਆ। ਉਹਦੀ ਤੱਕਣੀ ਜਿੰਦ ਜਿਹੀ ਕੱਢਦੀ, ਫੁੱਲਾਂ ਜਿਹਾ ਮੁਸਕਾਇਆ। ਪਾਂਧੀ ਕੋਈ ਪਿਆਸਾ ਜਾਪੇ, ਅਜ਼ਲਾਂ ਦਾ ਤ੍ਰਿਹਾਇਆ। ਪਾ ਕੇ ਕੋਈ ਛੋਹ ਪੁਰਾਣੀ, ਮੇਰਾ ਲੂੰ ਲੂੰ ਲਰਜ਼ਾਇਆ। ਅੱਭੜਵਾਹੇ ਉੱਠੀ ਮੈਂ, ਸੱਜਣ ਘਰ ਆਇਆ। ਸੱਜਣ ਘਰ ਆਇਆ। ਬਉਰੀ ਹੋ ਹੋ ਢੂੰਡਦੀ, ਜਿਤੁ ਰੰਗਲਾ ਪੀੜ੍ਹਾ ਡਾਹਿਆ। ਬਾਹਵਾਂ ਅੱਡੀਆਂ ਰਹਿ ਗਈਆਂ, ਅੱਗ ਲੱਗਣਾ ਦਿਨ ਚੜ੍ਹ ਆਇਆ।

2. ਸੁੱਚੜੇ ਮੋਤੀ

ਟਪਕੇ ਦੇ ਬਣੇ ਅੰਬ, ਮੇਰੇ ਕੋਸੇ ਕੋਸੇ ਹੰਝ। ਆਪਣੀ ਤੋਰੇ ਚੱਲਦੇ, ਨਾ ਦੇਖਣ ਸਵੇਰ ਸੰਝ। ਮੈਂ ਅੰਦਰੇ ਡੱਕਣਾ ਲੋਚਦੀ, ਇਹ ਆਉਂਦੇ ਹੋ ਨਿਸੰਗ। ਮੈਂ ਬੁੱਕਾਂ ਭਰ ਭਰ ਪੀਂਵਦੀ, ਇਹ ਵਾਲ਼ੇ ਮਸਤ ਮਲੰਗ। ਕੋਈ ਰੋਕੋ ਨੀ, ਕੋਈ ਟੋਕੋ ਨੀ, ਜਾਓ ਪੁੱਛੋ ਇਨ੍ਹਾਂ ਦੀ ਮੰਗ। ਬਿਰਹਾ ਦੀ ਧੂਣੀ ਸੇਕਦੇ, ਜਿਉਂ ਹੋਵਣ ਕੀਟ ਪਤੰਗ। ਇਹ ਸੁੱਚੜੇ ਮੋਤੀ ਯਾਦਾਂ ਦੇ, ਲਾ ਲਾ ਰੱਖਾਂ ਅੰਗ। ਨਾ ਰੁਲ਼ਨ ਕਦੇ ਵਿੱਚ ਮਿੱਟੜੀ, ਕੋਈ ਕੱਢੋ ਐਸਾ ਢੰਗ। ਉਹਦੀ ਦੀਦ ਨੂੰ ਦੀਦੇ ਤਰਸ ਗਏ, ਜੀਹਦਾ ਚੜ੍ਹਿਆ ਰੰਗ। ਆਪਣੀ ਹੀਰ ਸਲੇਟੜੀ ਨੂੰ, ਛੱਡ ਕੇ ਤੁਰ ਗਿਆ ਝੰਗ।

3. ਚਿੱਟਾ ਰੰਗ

ਬਚਪਨ ਤੋਂ ਪੜ੍ਹਿਆ ਸੁਣਿਆ, ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਏ। ਇਹ ਸੱਚ ਨਹੀਂ ਲੱਗਦਾ, ਦਿਲ ਸ਼ਾਹਦੀ ਨਹੀਂ ਭਰਦਾ। ਇਉਂ ਲੱਗੇ, ਅਸ਼ਾਂਤੀ ਦੇ ਦੁਆਲ਼ੇ, ਚਿੱਟਾ ਕੱਫ਼ਣ ਲਪੇਟ ਦਿੱਤਾ ਹੋਵੇ। ਕਿਸੇ ਬਵੰਡਰ ਨੂੰ ਕੱਜਣ ਦੀ , ਨਾਕਾਮ ਕੋਸ਼ਸ਼ ਹੋਵੇ। ਕਿਉਂਕਿ, ਸੂਹੇ ਸੁਰਖ਼ ਫੁੱਲਾਂ ਨਾਲ਼ , ਖੇਡਦੀਆਂ ਤਿਤਲੀਆਂ ਨੂੰ, ਜਦ ਦਬਾ ਦਿੱਤਾ ਜਾਂਦਾ ਏ, ਚਿੱਟੇ ਸਾਲੂ ਥੱਲੇ। ਤਾਂ ਸ਼ਾਤੀ ਕਿੱਥੇ ਹੁੰਦੀ ਏ। ਜੰਗਾਂ, ਯੁੱਧਾਂ, ਵੰਡਾਂ ਵੇਲ਼ੇ, ਜਦ ਹੜ੍ਹ ਆ ਜਾਂਦਾ ਏ, ਬੰਦ ਡੱਬਿਆਂ ਦਾ, ਚਿੱਟੀਆਂ ਚੁੰਨੀਆਂ ਦਾ , ਤਾਂ ਸ਼ਾਤੀ ਕਿੱਥੇ ਹੁੰਦੀ ਏ। ਨਦੀ ਕਿਨਾਰੇ ਰੁੱਖ, ਉਗਮਦੀਆਂ ਕਰੂੰਬਲ਼ਾਂ, ਮੌਲ਼ਦੀਆਂ ਫੁੱਲ ਪੱਤੀਆਂ, ਜਦ ਵਿਨਾਸ਼ ਦੀ ਡੋਲ਼ੀ ਚੜ੍ਹਦੀਆਂ ਨੇ, ਤਾਂ ਸ਼ਾਤੀ ਕਿੱਥੇ ਹੁੰਦੀ ਏ। ਸ਼ਾਂਤੀ ਤਾਂ ਮਿਲ਼ਦੀ ਏ, ਰੰਗ ਬਿਰੰਗੇ ਫੁੱਲਾਂ ਉੱਤੇ, ਲਹਿਰਾਉਂਦੀਆਂ ਤਿਤਲੀਆਂ, ਖੁਸ਼ੀ 'ਚ ਕਿਲਕਾਰੀਆਂ ਮਾਰਦੇ ਬਾਲ, ਸੂਹੇ ਜੋੜਿਆਂ 'ਚ ਸਜੀਆਂ ਅੱਲੜ੍ਹ ਮੁਟਿਆਰਾਂ, ਰੰਗ ਬਿਰੰਗੀਆਂ ਪੁਸ਼ਾਕਾਂ ਪਾਈ ਗੱਭਰੂ, ਝੁਰੜਾਏ ਚਿਹਰੇ, ਧਸੀਆਂ ਗੱਲਾਂ, ਅਸੀਸਾਂ ਦਿੰਦੇ, ਦੁਆਵਾਂ ਮੰਗਦੇ ਹੱਥ, ਗਿੱਧੇ-ਭੰਗੜੇ ਪਾਉਂਦੇ ਮੌਸਮ, ਝੂਮਦੀਆਂ ਫਸਲਾਂ , ਕਾਦਰ ਦਾ ਗੁਣਗਾਨ ਕਰਦੀ ਕੁਦਰਤ, ਠੰਢੀਆਂ ਛਾਂਵਾਂ, ਕੋਸੀਆਂ ਧੁੱਪਾਂ, ਗਲ਼ਵੱਕੜੀ ਪਾਉਂਦੇ ਮੇਲੇ, ਤਿਉਹਾਰ, ਸ਼ਾਂਤੀ ਤਾਂ ਇਸ ਸ਼ੋਰ-ਸ਼ਰਾਬੇ 'ਚ ਏ। ਕੂਕਾਂ, ਹਉਕੇ, ਲੇਰਾਂ, ਵੈਣ, ਹੰਝੂ, ਸਿਸਕੀਆਂ ਮਿੰਨਤਾਂ, ਤਰਲੇ, ਜੇ ਇਸ ਸਭ ਦਾ ਨਾਮ ਸ਼ਾਂਤੀ ਹੈ, ਤਾਂ ਮਾਫ਼ ਕਰਨਾ , ਚਿੱਟੇ ਰੰਗ ਵਾਲ਼ੀ ਸ਼ਾਂਤੀ , ਸਾਨੂੰ ਮਨਜ਼ੂਰ ਨਹੀਂ।

4. ਮਾਸੂਮੀਅਤ

ਰੁਮਕਦੀ ਹਵਾ ਵਾਂਗ , ਉਹ ਤੁਰੀ ਜਾ ਰਹੀ ਸੀ। ਤਿਤਲੀਆਂ ਨੂੰ ਨਿਹਾਰਦੀ, ਕੂਲ਼ੇ-ਕੂਲ਼ੇ ਹੱਥ, ਕੂਲ਼ੀਆਂ ਕਰੂੰਬਲ਼ਾ ਤੇ ਮਾਰਦੀ। ਅਨੇਕਾਂ ਕੱਖ ਕਾਨਿਆਂ 'ਤੇ, ਜਦ ਪੈਰ ਧਰ ਲੰਘਦੀ। ਫਿਰ ਪਿੱਛੇ ਮੁੜਦੀ, ਥੋੜ੍ਹਾ ਹੱਸਦੀ ਤੇ ਖੰਘਦੀ। ਡਿਗੇ ਨਾਜ਼ਕ ਬੋਟ , ਕੋਈ ਆਲ੍ਹਣੇ ਦੇਵੇ ਬਿਠਾਲ਼। ਮਿੱਧੇ ਹੋਏ ਕੱਖਾਂ ਤਾਈਂ, ਚੁੱਕੇ ਕੂਲ਼ੇ ਹੱਥਾਂ ਨਾਲ਼। ਬੇਖ਼ਬਰੀ ਦੀ ਚੁੰਨੀ ਤਾਣੀ, ਤੁਰੀ ਜਾ ਰਹੀ ਸੀ। ਸੋਨ ਸੁਨਹਿਰੀ ਸੁਪਨਿਆਂ 'ਚ , ਉੜੀ ਜਾ ਰਹੀ ਸੀ। ਤਿੱਖੀਆਂ ਸੂਲ਼ਾਂ, ਭੱਖੜਿਆਂ ਨੇ, ਪੈੜ ਦੱਬ ਲਈ। ਉੱਡਣੇ ਨਾਗਾਂ ਨੇ, ਸੰਘੀ ਨੱਪ ਲਈ। ਕਿਸਮਤ ਵੀ ਚੰਦਰੀ , ਸ਼ਾਤਰ ਬਣ ਗਈ। ਕੱਖ ਕਾਨਿਆਂ ਤੇ ਤਰਸ ਕਰਨ ਵਾਲ਼ੀ, ਤਰਸ ਦੀ ਪਾਤਰ ਬਣ ਗਈ।

5. ਕਵਿਤਾ

ਬੇਵਜਾਹ ਨਹੀਂ ਜਾਣ ਦੇਣੀ, ਜ਼ਿੰਦਗੀ ਹੈ ਮਾਨਣ ਨੂੰ। ਹਨ੍ਹੇਰਿਆਂ ਦੇ ਨਾਗ ਵਲ਼, ਕਦ ਕਸਦੇ ਚਾਨਣ ਨੂੰ। ਪੀੜਾਂ ਦੇ ਰਾਹ ਤੁਰਦਿਆਂ, ਜਦ ਉੱਖੜਨਗੇ ਸਾਹ। ਦੇਖ ਸੂਰਜ ਕਿਵੇਂ ਬਣਾਵੇ, ਧੁੰਦਾਂ ਵਿੱਚੋਂ ਰਾਹ। ਗਰਜ਼ਾਂ ਫ਼ਰਜ਼ਾਂ ਦੇ ਦੇਖ ਮਖੌਟੇ, ਜਿੰਦ ਜਦੋਂ ਵੀ ਭੁਰਦੀ। ਕੱਕਰਾਂ ਦੀ ਚਾਦਰ ਵੇਖੀਂ, ਪਲਾਂ ਵਿੱਚ ਹੈ ਖੁਰਦੀ। ਪੈਰਾਂ ਥੱਲੇ ਸੂਲ਼ਾਂ , ਗਰਦਨ ਤੇ ਕਟਾਰ। ਵੇਖ ਘਟਾਵਾਂ ਚੀਰ ਕੇ, ਲੰਘਦੀ ਸਦਾ ਡਾਰ। ਚਾਨਣ ਭਰ ਅੱਖੀਆਂ ਵਿੱਚ, ਨਹੀਂ ਮੰਨਣੀ ਕਦੇ ਹਾਰ। ਸੀਸ ਤਲੀ ਕੇ ਧਰ ਕੇ ਵੀ , ਲੜ ਲੈਂਦਾ ਸਰਦਾਰ।

6. ਚਾਅ

ਸੱਜਣਾ ਜਵਾਬ ਦਿੱਤਾ ਜਦੋਂ ਮੇਰੇ ਖਤ ਦਾ, ਚੜ੍ਹ ਗਿਆ ਚਾਅ ਫਿਰ ਮੈਨੂੰ ਦੇਖੋ ਅੱਤ ਦਾ। ਲਫ਼ਜ਼-ਲਫ਼ਜ਼ ਉਸਦਾ ਕਵਿਤਾ ਕੋਈ ਬੋਲੇ, ਦਿਲ ਵਾਲ਼ਾ ਪੰਛੀ ਗਾਵੇ ਟੱਪੇ, ਮਾਹੀਏ, ਢੋਲੇ। ਟੁੱਟਿਆ ਸਬਰ ਦਿਲ ਦੇ ਬੰਨ੍ਹੇ ਪਾਣੀ ਦਾ, ਚਸ਼ਮਾਂ ਕੋਈ ਫੁੱਟਿਆ ਪਿਆਰ ਕਹਾਣੀ ਦਾ। ਸੋਚਾਂ ਦਿਆਂ ਪੱਥਰਾਂ ਜੋ ਰੂਹ ਤੇ ਪਾਇਆ ਭਾਰ ਸੀ, ਲੱਥ-ਲੱਥ ਜਾਵੇ ਉਹ ਚੜ੍ਹਿਆ ਖ਼ੁਮਾਰ ਸੀ। ਮਨ ਵਾਲ਼ਾ ਪੰਛੀ ਫਿਰੇ ਭਰਦਾ ਉਡਾਰੀਆਂ, ਕਿੱਕਰਾਂ ਵੀ ਲੱਗਣ ਸਾਨੂੰ ਹੁਣ ਤਾਂ ਪਿਆਰੀਆਂ।

7. ਅੰਬਰ ਨੂੰ

ਅੰਬਰਾ ਵੇ ਮੀਂਹ ਵਰੇਂਦਿਆ, ਕਦੇ ਦੇਸ ਸੱਜਣ ਦੇ ਜਾਹ। ਮੈਂ ਛਾਣੀਆਂ ਸੱਭੇ ਗਲ਼ੀਆਂ, ਇੱਕ ਤੂੰ ਹੀ ਨਾ ਛਣਿਆ। ਮੈਂ ਉਹ ਚਾਦਰ ਜਿਸ ਦੇ, ਸੂਈਆਂ ਵਿੰਨੇ ਫੁੱਲ। ਮਿੱਟੀ ਕਾਲ਼ ਕਲ਼ੂਟੜੀ, ਕਿਸੇ ਨਾ ਪਾਇਆ ਮੁੱਲ। ਮੈਨੂੰ ਚੀਰ ਕੇ ਅੰਦਰੋਂ ਜਾਂਦੀਆਂ, ਪੌਣਾਂ ਇਹ ਕਰੁੱਤੀਆਂ। ਜ਼ਹਿਰ ਕਟੋਰੀ ਜਾਪਣ, ਜੋ ਜੋ ਦਿੰਦੇ ਮੱਤੀਆਂ। ਖੌਰੂ ਜਿਹਾ ਜ਼ਿਹਨ ਵਿੱਚ, ਉੱਠੇ ਵਾਰ ਵਾਰ। ਹਾਏ ਨੀ ਸੋਹਣੀ ਅੰਮੜੀਏ, ਸਾਡੀ ਦਿੰਦੀ ਨਜ਼ਰ ਉਤਾਰ। ਹਿਜ਼ਰਾਂ ਦੀਆਂ ਲੜ੍ਹਨ ਧਮੂੜੀਆਂ, ਪਿਆਰ ਦਾ ਕੜਾ ਦਿਓ ਘਸਾ। ਮੈਂ ਕੀਕੂੰ ਕੱਢਾਂ ਉਮਰਾਂ, ਮੈਥੌਂ ਲੰਘਦਾ ਨਹੀਂ ਚਸਾ। ਦੀਦੇ ਤਰਸੇ ਦੀਦ ਨੂੰ, ਤੂੰ ਬਣ ਹਰਕਾਰਾ ਜਾਹ। ਝੁਕਜੀਂ ਕੂਲ਼ੇ ਪੈਰਾਂ ਤੇ, ਸਿਰ ਵੀ ਦੇਵੀਂ ਨਿਵਾ। ਬੈਠੈ ਨਾ ਕੰਡ ਕਰ ਕੇ, ਇੱਕ ਝਲਕ ਦੇਵੇ ਦਿਖਾ। ਮੇਰੇ ਜਾਗਣ ਭਾਗ ਸੁੱਤੜੇ, ਜਿਹੜੇ ਪਏ ਵਿੱਚ ਚਿਖਾ। ਅੱਖਾਂ ਵਿੱਚ ਭਰ ਅੱਥਰੂ, ਤੂੰ ਉਹਤੋਂ ਪੁੱਛੀਂ ਗੱਲ। ਸ਼ੂਕਦਾ ਦਰਿਆ ਵਿਛੋੜਾ, ਕੀਕਣ ਪਾਵਾਂ ਠੱਲ। ਖੀਰ ਸੇਵੀਆਂ ਦੇਊਂਗੀ ਤੈਨੂੰ, ਨਾਲ਼ੇ ਪੂੜਾ ਦੇਊਂ ਪਕਾ। ਇੱਕ ਵਾਰੀ ਹਾੜਾ ਇੱਕ ਵਾਰੀ, ਸੱਜਣ ਦੇ ਮਿਲਾ।

8. ਦੋ ਪਲ

ਨਾ ਬਣ ਪੱਥਰ, ਬਣ ਮਖਮਲ ਖਹਿਜਾ, ਦੋ ਪਲ ਸਾਡੇ ਕੋਲ਼ ਤਾਂ ਬਹਿ ਜਾ। ਕੌਲੇ ਬਾਟੇ ਛੰਨੇ ਤੇਰੇ, ਚੂਪਣ ਨੂੰ ਅੰਬ ਗੰਨੇ ਤੇਰੇ, ਮਿੱਠੀਆਂ ਰੋਟੀਆਂ ਮੰਨੇ ਤੇਰੇ, ਦੁੱਧ ਘਿਓ ਤੇ ਸ਼ਹਿਦ ਵੀ ਲੈ ਜਾ। ਦੋ ਪਲ ਸਾਡੇ ਕੋਲ਼ ਤਾਂ ਬਹਿ ਜਾ। ਚਿੱਟੇ ਮਖਾਣੇ, ਮਿੱਠੀ ਚੂਰੀ, ਰਸਵੀਂ ਖੀਰ, ਛੋਲੇ ਪੂਰੀ, ਘੋੜਾ ਕਾਬਲੀ, ਮੱਝ ਵੀ ਬੂਰੀ, ਜਾਹੇ ਵਲਾਇਤਣ ਗਾਂ ਵੀ ਲੈ ਜਾ। ਦੋ ਪਲ ਸਾਡੇ ਕੋਲ਼ ਤਾਂ ਬਹਿ ਜਾ। ਮਿੱਸੀ ਰੋਟੀ, ਸਾਗ, ਤਰਕਾਰੀ, ਅੰਬ ਦੀ ਚਟਣੀ, ਮਿਰਚ ਕਰਾਰੀ, ਰੰਗਲਾ ਪੀੜ੍ਹਾ, ਪਲ਼ੰਗ ਨਵਾਰੀ, ਚਾਹੇ ਮੂੜ੍ਹਾ ਗੋਲ਼ ਵੀ ਲੈ ਜਾ। ਦੋ ਪਲ ਸਾਡੇ ਕੋਲ਼ ਤਾਂ ਬਹਿ ਜਾ। ਨਿੰਮ, ਡਕੋਲ਼ੀ ਸਾਡੇ ਹਿੱਸੇ, ਝਿੰਗਾਂ, ਸੂਲ਼ਾਂ ਸਾਡੇ ਕਿੱਸੇ, ਸੁਪਨੇ ਸਾਡੇ ਲਿੱਸੇ-ਲਿੱਸੇ, ਉਧਾਰਾ ਕੁੱਝ ਸਮਾਨ ਤਾਂ ਲੈ ਜਾ। ਦੋ ਪਲ ਸਾਡੇ ਕੋਲ਼ ਤਾਂ ਬਹਿ ਜਾ। ਨਾ ਬਣ ਪੱਥਰ ਬਣ ਮਖਮਲ ਖਹਿਜਾ, ਦੋ ਪਲ ਸਾਡੇ ਕੋਲ਼ ਤਾਂ ਬਹਿ ਜਾ।

9. ਸੁਨੇਹਾ

ਚਿੜੀਏ ਨੀ ਭੋਲ਼ੀਏ, ਹਾਸਿਆਂ ਦੇ ਸੋਨ ਘੁੰਗਰੂ, ਸੰਭਲ਼ ਕੇ ਛਣਕਾਅ। ਸਭ ਥਾਂਈ ਫਿਰਨ ਵਪਾਰੀ, ਤੈਥੋਂ ਲੈਣ ਨਾ ਵਣਜ ਕਮਾ। ਘੁੱਗੀਏ ਨੀ ਸੁਰਮੇਂ ਰੰਗੀਏ, ਤੇਰੇ ਗਲ਼ ਸੋਹਣੀ ਜ਼ੰਜੀਰ। ਬਣ ਲੁਟੇਰੇ ਰਾਂਝੜੇ , ਤੇਰੀ ਲੁੱਟ ਨਾ ਲੈਣ ਤਕਦੀਰ। ਤਿਤਲੀਏ ਬਹੁਰੰਗੀਏ, ਸਾਂਭੀ ਆਪਣੇ ਰੰਗ। ਭੌਰ ਨੇ ਮਗਰੂਰ ਬੜੇ, ਨਾ ਮਾਰਨ ਕਿਧਰੇ ਡੰਗ। ਕੋਇਲੇ ਨੀ ਸੁਰਵੰਤੀਏ, ਤੇਰੇ ਸੁਰਾਂ 'ਚ ਰੱਬ ਦਾ ਵਾਸ। ਤੂੰ ਪੀੜਾਂ ਮਾਰੀ ਗਾਂਵਦੀ, ਤੇਰੇ ਕੰਠ ਦਾ ਕਰਨ ਨਾ ਨਾਸ। ਮੋਰਨੀਏ ਦਿਲ ਚੋਰਨੀਏ, ਧੂੜਾਂ ਵਿੱਚ ਨਾ ਜਾ। ਸ਼ਿਕਰੇ ਤੇਜ ਤਰਾਰ ਨੇ, ਪੈੜਾਂ ਕੂਲ਼ੀਆਂ ਦੇਣ ਮਿਟਾ। ਤੁਸੀਂ ਹੋਵੋ ਸਾਰੀਆਂ 'ਕੱਠੀਆਂ, ਤਿੱਤਰੀ, ਬੁਲਬੁਲ, ਗੁਟਾਰ। ਪੌਣ ਜੇ ਰਸਤਾ ਰੋਕਦੀ, ਕਰ ਲਓ ਖੰਭ ਹਜ਼ਾਰ। ਹਿੰਮਤ ਭਰੋ ਦਿਲਾਂ ਵਿੱਚ, ਜੋਸ਼ ਭਰੋ ਅਵਾਜ਼। ਲਟ ਲਟ ਬਲ਼ਦਾ ਸੂਰਜ ਵੀ, ਥੋਡੀ ਲੂਸੇ ਨਾ ਪਰਵਾਜ਼ ।

10. ਬਿਰਹੋਂ ਦਾ ਰੁੱਖੜਾ

ਝਾੜੋ ਨੀ ਫੁੱਲ ਪੱਤੀਆਂ, ਟਹਿਣ ਦਿਓ ਹਿਲਾ। ਇਹ ਬਿਰਹੋਂ ਦਾ ਰੁਖੜਾ, ਕਰਦਾ ਤੰਗ ਬੜਾ। ਏਸ ਬਿਰਖ ਦੇ ਫੁੱਲ ਅਜਬ ਨੇ, ਨਾ ਵਿੱਚ ਕੋਈ ਖੁਸ਼ਬੋਈ। ਹੱਥ ਲਾਵਾਂ ਤਾਂ ਕਿਰ ਜਾਂਦੇ ਨੇ, 'ਕੱਠੇ ਕਰ ਕਰ ਮੋਈ। ਪੱਤਰ ਨਰਮ ਬੜੇ ਨੇ ਭਾਵੇਂ, ਦੋਵੇਂ ਪਾਸੀਂ ਦੰਦੇ। ਚੀਰਨ ਸੱਧਰਾਂ, ਪਾੜਨ ਰੀਝਾਂ, ਇਹੋ ਕੰਮ ਕਰੇਂਦੇ। ਲਗਰਾਂ ਇਹਦੀਆਂ ਨਾਗਾਂ ਜਿਹੀਆਂ, ਮੈਨੂ ਲੈਣ ਕਲਾਵੇ ਮਾਰ। ਸੂਤ ਕੇ ਮੇਰੇ ਸਾਹਾਂ ਨੂੰ, ਸੁੱਟਦੀਆਂ ਖੋੜਾਂ ਦੇ ਵਿਚਕਾਰ। ਮੈਨੂੰ ਲੱਖ ਭਰੋਸੇ ਓਸ ਤੇ, ਮਣਾ ਮੂੰਹੀਂ ਵਿਸ਼ਵਾਸ। ਅਜੇ ਟੁਰਿਆ ਲੰਮੇ ਰੂਟ ਤੇ, ਪਰ ਕਰਦਾ ਨਹੀਂ ਨਿਰਾਸ਼। ਕੋਈ ਚੁੱਕੋ ਆਰੀ ਦਾਤਰੀ, ਇਹਦਾ ਕਰ ਦੇਵੋ ਨੀ ਨਾਸ। ਮੈਂ ਰੱਜ ਰੱਜ ਜੀਣਾ ਚਾਂਵਦੀ, ਮੈਨੂੰ ਪਿਰ ਦੇਖਣ ਦੀ ਆਸ।

11. ਪੈਗ਼ਾਮ

ਕੁੱਝ ਵੱਖਰੇ ਹੀ ਪੈਗ਼ਾਮ ਉਸ ਕਿਰਨਾਂ ਹੱਥ ਘੱਲੇ, ਉਂਝ ਸੁੱਖ ਸੁਨੇਹੜੇ ਤਾਂ ਹੋਰ ਬੜੇ ਆ ਗਏ। ਤਾਣ ਰੱਖੀ ਸੀ ਚਾਦਰ ਘਸਮੈਲ਼ੇ ਬੱਦਲ਼ਾ ਦੀ, ਕੰਨੀ ਸੋਹਣੇ ਅੰਬਰ ਦੀ ਫੜਾ ਸਾਨੂੰ ਗਏ। ਦੁੱਖ 'ਤੇ ਵੀ ਹੱਸ ਛੱਡਿਆ ਸੀ ਬੜੀ ਵਾਰੀ, ਇਹ ਕੈਸੇ ਸੁੱਖ ਘੱਲੇ ਜਿਹੜੇ ਸਾਨੂੰ ਰੁਆ ਗਏ। ਮੁੱਖੋਂ ਬੋਲਿਆ ਨੀ ਸੀ ਊੜਾ ਆੜਾ ਅਜੇ ਤਾਈਂ, ਬਿਨ ਬੋਲਿਆਂ ਹੀ ਪੈਂਤੀ ਮੁਹੱਬਤਾਂ ਦੀ ਪੜ੍ਹਾ ਗਏ। ਹਾਸਿਆਂ, ਖੁਸ਼ਬੂਆਂ ਜਦ ਉਸਦੇ ਵਿਖੇਰੀਆਂ, ਅਗਨ ਫੁੱਲ ਦਿਲ 'ਚੋਂ ਆਪੂੰ ਹੀ ਮੁਰਝਾ ਗਏ।

12. ਧਰਤੀ

ਸਦੀਆਂ ਤੋਂ ਚੁੱਪ ਸਾਧੀ ਧਰਤ, 'ਗਰ ਕੰਬਦੀ ਸਭ ਅਸਤ ਵਿਅਸਤ। ਸਗਲ ਬਨਸਪਤਿ ਉੱਜੜੇ, ਮੁਰਝਾਏ, ਇਹ ਤਾਂ ਉਸ ਦੀ ਹੀ ਸ਼ਿਕਸਤ। ਰਤੀਲੇ, ਪਥਰੀਲੇ ਪੈਂਡੇ ਧਰਤ ਦੇ, ਹੱਦਾਂ, ਸਰਹੱਦਾਂ, ਫਰਜ਼, ਮਰਿਆਦਾ। ਰਿਸਦੇ ਫਿਸਦੇ ਜ਼ਖ਼ਮਾਂ ਸੰਗ, ਵੱਟੇ ਚੀਸ, ਪੁਗਾਵੇ ਵਾਅਦਾ। ਅੰਬਰ ਸਭ ਜਾਣੇ, ਫ਼ਰਜ਼ ਪਛਾਣੇ, ਰੰਗਲੇ ਮੌਸਮ ਰਹਿੰਦਾ ਘੱਲਦਾ। ਕੋਸੀਆਂ ਧੁੱਪਾਂ ਸੰਗ ਹੰਝ ਧਰਤ ਦੇ, ਪੀ ਪੀ ਰਹਿੰਦਾ ਨਿੱਤ ਦਿਨ ਚੱਲਦਾ। ਖੜਾ ਅਡੋਲ ਰੱਖ ਨਿਸ਼ਚਾ ਉੱਚਾ, ਉੱਛਲ਼ਦਾ ਨਾ ਰਿਮਝਿਮ ਵਰ੍ਹਦਾ। ਹੱਥ ਫੜ ਕਿਰਦਾਰ ਦਾ ਖੂੰਢਾ, ਤਪ ਜਿਹਾ ਹਰਦਮ ਰਹਿੰਦਾ ਕਰਦਾ। ਕਿਸ ਪੜ੍ਹਨੇ ਹਰਫ਼ ਹਿਜਰ ਦੇ , ਕੋਰੇ ਵਰਕੇ ਝੀਲਾਂ ਦੇ। ਸੰਦਲੀ ਅਹਿਸਾਸ ਰਹਿਣ ਮਹਿਕਦੇ, ਚਾਹੇ ਵਿੱਥ ਕਰੋੜਾਂ ਮੀਲਾਂ ਦੇ। ਔਖੇ ਸੌਖੇ ਲੰਘ ਜਾਂਦੇ ਨੇ, ਮੌਸਮ ਜਿਉਂ ਤਨਹਾਈਆਂ ਦੇ। ਮੁੱਲ ਨਾ ਮੰਗਦੇ ਇੱਕ ਦੂਜੇ ਤੋਂ, ਕੀਤੀਆਂ ਰਹਿਨਮਾਈਆਂ ਦੇ।

13. ਔਰਤ

ਜੱਗ ਜਨਣੀ, ਦੇਵੀ, ਧੀ-ਧਿਆਣੀ ਹਾਂ, ਉਂਝ ਖ਼ਾਸ ਬਹੁਤ ਮੈਂ ਆਮ ਨਹੀਂ। ਆਸਾ-ਪਾਸਾ ਨਾ ਦੇਖੋ, ਲੰਘ ਆਓ, ਘਰ ਮੇਰਾ ਹੈ। ਕੀ ਹੋਇਆ ਜੇ ਕਿਸੇ ਇੱਟ ਉੱਤੇ ਮੇਰਾ ਨਾਮ ਨਹੀਂ। ਵਾਹ ਵਾਹ ਸਾਰੀ ਕਾਰੀਗਰ ਲੈ ਗਏ, ਕਿਣਕੇ 'ਕੱਠੇ ਕਰਦੀ ਦੇਹ ਨੂੰ ਅਰਾਮ ਨਹੀਂ। ਸੰਧੂਰ, ਦਸਤਾਵੇਜ਼, ਘਰ ਦੀ ਤਖ਼ਤੀ ਹਰ ਥਾਂ ਨਾਮ ਉਸਦਾ, ਬੱਸ ਜੰਮਣ ਪੀੜਾਂ 'ਤੇ ਹੀ ਨਾਮ ਨਹੀਂ। ਕਲਪਨਾ, ਸੁਨੀਤਾ ਬਣ ਖੇਡੀ ਮੈਂ ਨਾਲ਼ ਚੰਦਰਮਾ, ਮੈਂ ਚੜ੍ਹਦਾ ਸੂਰਜ ਹਾਂ, ਢਲ਼ਦੀ ਸ਼ਾਮ ਨਹੀਂ। ਸੂਤੀਆਂ ਨਾੜਾਂ ਨਾਲ਼ ਗਾਵੇ ਕੋਈ, ਮਾਫ਼ ਕਰਨਾ ਮੈਂ ਐਸਾ ਵੀ ਕਲਾਮ ਨਹੀਂ। ਟੰਗਾਂ ਦੀਵਾਰ 'ਤੇ ਫੋਟੋ ਜੱਗ ਦਿਖਾਉਣ ਵਾਲ਼ਿਆਂ ਦੀ, ਮੇਰੇ ਘਰ 'ਚ ਐਸਾ ਇੰਤਜ਼ਾਮ ਨਹੀਂ। ਆਜਾ ਦੇਵਾਂ ਤੈਨੂੰ ਤੇਰੇ ਹਿੱਸੇ ਦੇ ਮੌਸਮ, ਅਜੇ ਤੀਕ ਆਇਆ ਐਸਾ ਪੈਗ਼ਾਮ ਨਹੀਂ। ਸੀਤਾ, ਦਰੋਪਦੀ ਬਣ ਦਿੱਤੀ ਬਥੇਰੀ ਪ੍ਰੀਖਿਆ, ਅਜੇ ਤੱਕ ਵੀ ਬਦਲਿਆ ਨਿਜ਼ਾਮ ਨਹੀਂ। ਸਹਿਣਾ ਮੇਰਾ ਸੁਭਾਅ, ਮੈਂ ਧਰਤ ਹਾਂ, ਮੇਰੇ ਅੰਦਰ ਤਪ ਹੈ ਕੋਹਰਾਮ ਨਹੀਂ।

14. ਧਰਤ ਕਰੇ ਅਰਜ਼ੋਈ

ਬੇਰੁਖ਼ੀ ਦਾ ਕਾਰਨ ਕੀ, ਪੁੱਛੇ ਅੰਬਰ ਨੂੰ ਧਰਤ। ਰੁੱਸੇ ਜਾਪਣ ਮੇਘਲਾ, ਡਾਹਢੀ ਬੜੀ ਚੁਫੇਰੇ ਤਪਸ਼। ਜੀਅ ਜੰਤ ਤਿਰਹਾਏ ਸੱਭੇ, ਰਿੰਮ ਝਿੰਮ ਰਿਹਾ ਨਾ ਤੂੰ ਬਰਸ। ਪਿੱਤ ਨਿਕਲ਼ੀ ਪੌਣ ਕੁਰਲਾਵੇ, ਖਪ-ਖਪ ਮੋਈ ਮੈਂ ਧਰਤ। ਬੋਟ ਕਰੂੰਬਲ਼ ਪਿਆਸੇ ਸਾਰੇ, ਦਿਨ ਰਾਤ ਕੇਰੇ ਬੜੇ ਅਸ਼ਕ। ਤੂੰ ਹਾਜ਼ਰ ਨਾਜ਼ਰ ਹੋ, ਕਰਾਂ ਅਰਜ਼ੋਈ, ਨਹੀਂ ਤਾਂ ਉੱਠਦੀ ਰਹਿਣੀ ਇਹ ਕਸਕ। ਕੱਢ ਭੁਲੇਖੇ, ਲੈ ਨਾ ਲੇਖੇ, ਖੋਲ ਮੂੰਹ ਤੂੰ ਆਪਣੀ ਮਸ਼ਕ। ਨਾ ਕਰ ਅੜੀ, ਲਾ ਦੇ ਝੜੀ। ਤੇਰੇ ਤੇ ਹੈ ਬੜਾ ਰਸ਼ਕ।

15. ਚੇਤਿਆਂ 'ਚ ਰੱਖੀਂ

ਤੂੰ ਮੈਨੂੰ ਚੇਤਿਆਂ 'ਚ ਰੱਖੀਂ ਕਦੇ ਵਿਸਾਰੀਂ ਨਾ ਮੈਂ ਆਂਵਾਂਗੀ ਜ਼ਰੂਰ ਸੂਰਜ ਦੀ ਪਹਿਲੀ ਕਿਰਨ ਵਾਂਗ ਮਦਮਸਤ ਜਿਹੀ ਹੋ ਕੇ ਛਾ ਜਾਵਾਂਗੀ ਤੇਰੇ ਮਨਮਸਤਕ ਦੇ ਅਕਾਸ਼ ਵਿੱਚ ਸੱਜਰੀ ਸਵੇਰ ਵਰਗਾ ਚਾਨਣ ਬਣ ਕੇ ਤੂੰ ਬੱਸ ਐਨਾ ਅਹਿਸਾਨ ਕਰੀਂ ਮੇਰੀ ਤਪਦੀ ਰੂਹ ਨੂੰ ਆਪਣੇ ਹਉਕਿਆਂ ਦੇ ਪਵਿੱਤਰ ਪਾਣੀ ਨਾਲ਼ ਇਸ਼ਨਾਨ ਕਰਾ ਦੇਵੀਂ ਮੇਰੀ ਰੂਹ ਦੀ ਭਟਕਣਾ ਖਤਮ ਹੋ ਜਾਵੇਗੀ ਤੇਰੇ ਅੰਦਰ ਪਿਆ ਤਨਹਾਈ ਦਾ ਸਮੁੰਦਰ ਖ਼ਾਲੀ ਹੋ ਜਾਵੇਗਾ ਕਦੇ-ਕਦੇ ਏਦਾਂ ਵੀ ਫੇਰਾ ਪਾ ਜਾਂਵਾਂਗੀ ਮੈਂ ਮਲਕੜੇ ਜਿਹੇ ਕਿਰ ਜਾਂਵਾਂਗੀ ਤੇਰੀ ਰੰਗਲ਼ੀ ਕਲਮ 'ਚੋਂ ਸੁੱਚੇ ਮੋਤੀਆਂ ਜਿਹਾ ਇੱਕ-ਇੱਕ ਸ਼ਬਦ ਬਣ ਕੇ ਹੱਸਦੇ, ਰੋਂਦੇ, ਟਸਕਦੇ ਵਾਵਰੋਲ਼ੇ ਬਣੇ ਤੇਰੇ ਵਲਵਲਿਆਂ ਨੂੰ ਤੇਰੇ ਹੀ ਹੱਥੋਂ ਚਿਣਾ-ਚਿਣਾ ਕੇ ਰਖਾਂਵਾਂਗੀ ਤੇਰੀ ਹੀ ਡਾਇਰੀ 'ਤੇ ਤੂੰ ਵਾਰ-ਵਾਰ ਸ਼ਬਦਾਂ ਨੂੰ ਤੱਕੀਂ ਝੀਲ ਜਿਹੀਆਂ ਅੱਖਾਂ ਨਾਲ਼ ਮੈਂ ਰੂਹਾਨੀ ਹਰਫ਼ ਬਣੀ ਡੁੱਬ-ਡੁੱਬ ਜਾਂਵਾਂਗੀ ਉਸ ਝੀਲ ਅੰਦਰ ਤੂੰ ਬੱਸ ਐਨਾ ਅਹਿਸਾਨ ਕਰੀਂ ਮੈਨੂੰ ਚੇਤਿਆਂ 'ਚ ਰੱਖੀਂ ਵਿਸਾਰੀਂ ਨਾ, ਮੈਂ ਆਵਾਂਗੀ ਜ਼ਰੂਰ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ