Punjabi Ghazals : Rajnish Bhatti Batala

ਪੰਜਾਬੀ ਗ਼ਜ਼ਲਾਂ : ਰਜਨੀਸ਼ ਭੱਟੀ 'ਬਟਾਲਾ'



1. ਮੇਰਾ ਦਿਲਬਰ

ਮੇਰਾ ਦਿਲਬਰ, ਮੇਰਾ ਸੱਜਣ ਤੇ ਮੇਰੀ ਜਿੰਦ ਜਾਂ ਸੁਣਿਆਂ। ਕਿੰਨੇ ਹੀ ਦਿਨ ਬੀਤੇ, ਉਹਦੇ ਮੁੰਹ 'ਚੋਂ ਆਪਣਾ ਨਾਂ ਸੁਣਿਆਂ। ਮੇਰੇ ਦਿਲ ਦੇ ਘਾਤਕ ਦੁੱਖੜੇ ਤੇ ਰੂਹ ਦੀ ਬੇਚੈਨੀ ਨੂੰ, ਇੱਕੋ ਗੱਲ ਹੈ, ਰੱਬ ਨੇ ਸੁਣਿਆਂ, ਜਾਂ ਫਿਰ ਮੇਰੀ ਮਾਂ ਸੁਣਿਆਂ। ਧਰਮ ਸਥਾਨਾਂ 'ਤੇ ਮੈਂ ਜਾ ਕੇ, ਏਸੇ ਕਾਰਣ ਬਹਿੰਦਾ ਹਾਂ, ਆਪਣਾ ਵੀ ਤਦ ਬ੍ਹਾਂ ਫੜ੍ਹਦੈ, ਜਦ ਫੜ੍ਹਦਾ ਏ ਰੱਬ ਬ੍ਹਾਂ ਸੁਣਿਆਂ। ਸ਼ਹਿਰ ਦੇ ਅੰਦਰ ਮਹਿਲਾਂ ਵਰਗੀ, ਜਿਸਦੀ ਸੁੰਦਰ ਕੋਠੀ ਏ, ਉਸ ਬੇਦਿਲ ਨੂੰ, ਦਿਲ ਵਿੱਚ ਕੋਈ, ਦੇਂਦਾ ਨਾ ਮੈਂ ਥਾਂ ਸੁਣਿਆਂ। ਪਹਿਲਾਂ ਮੇਰੇ ਦੁੱਖੜੇ ਨੂੰ ਉਹ, ਅਣਗੌਲ਼ਾ ਕਰ ਦੇਂਦਾ ਸੀ, ਮੇਰੇ ਤਾਂਈਂ ਲੋੜ ਪਈ ਜਦ, ਮੇਰਾ ਦੁੱਖੜਾ ਤਾਂ ਸੁਣਿਆਂ। ਮੇਰੇ ਦਿਲ ਨੂੰ ਤੋੜ ਕੇ ਉਸਨੇ, ਦਿਲ ਜਿਸਦੇ ਸੰਗ ਲਾਇਆ ਸੀ, ਉਹ ਵੀ ਅੱਜਕਲ ਉਸਦੇ ਕੋਲੋਂ, ਰਹਿੰਦੈ ਬੜਾ ਪਿਛਾਂ ਸੁਣਿਆਂ। ( ੦੮ ਅਕਤੂਬਰ੨੦੧੭,ਬੁੱਧਵਾਰ )

2. ਕਿੱਥੇ ਚਲੇ ਗਏ ?

ਸੱਜਣ ਜਾਨੋਂ ਪਿਆਰੇ, ਕਿੱਥੇ ਚਲੇ ਗਏ ? ਦੇ ਕੇ ਦੁੱਖੜੇ ਭਾਰੇ, ਕਿੱਥੇ ਚਲੇ ਗਏ ? ਮਰ ਕੇ ਤਾਂ ਸਭ ਦੂਰ ਚਲੇ ਹੀ ਜਾਂਦੇ ਨੇ, ਜੀਂਦੇ ਜੀ ਹੀ ਸਾਰੇ, ਕਿੱਥੇ ਚਲੇ ਗਏ ? ਉਹਨਾ ਵਿੱਚ ਇਕ ‘ਦਿਲ ਦਾ ਚੰਨ’ ਵੀ ਸੀ ਮੇਰਾ, ਕੁੱਝ ਅੱਖਾਂ ਦੇ ਤਾਰੇ, ਕਿੱਥੇ ਚਲੇ ਗਏ ? ਤੁਰੇ ਸੀ ਹੱਸਦੇ, ਖੇਡਾਂ ਕਰਦੇ, ਨਾਲ ਮਿਰੇ, ਛੱਡ ਕੇ ਅੱਧ ਵਿਚਕਾਰੇ, ਕਿੱਥੇ ਚਲੇ ਗਏ ? ਸੜੇ ਨਸੀਬਾਂ ਨਾਲ, ਕਦੋਂ ਤੱਕ ਜੀਵਾਂਗਾ ? ਉਹ ਲੇਖਾਂ ਦੇ ਤਾਰੇ, ਕਿੱਥੇ ਚਲੇ ਗਏ ? ਉਹਨਾ ਬਾਝੋਂ, ਹੁਣ ਨੇਰ੍ਹਾ ਹੀ ਨੇਰ੍ਹਾ ਏ, ਚਾਨਣ ਦੇ ਵਣਜਾਰੇ, ਕਿੱਥੇ ਚਲੇ ਗਏ ? ਹਾਸੇ, ਖੇੜੇ, ਬੇਫ਼ਿਕਰੇ ਦਿਨ ਜੀਵਨ ਦੇ, ਨਾਲ ਓਸਦੇ ਸਾਰੇ, ਕਿੱਥੇ ਚਲੇ ਗਏ ? ਆਖ਼ਰ ਅੱਕ ਕੇ ਇਹਨਾਂ ਵੀ, ਮੁੱਖ ਮੋੜ ਲਿਆ, ਹੌਕੇ, ਹੰਝੂ ਖ਼ਾਰੇ, ਕਿੱਥੇ ਚਲੇ ਗਏ ? ਮਾੜੀ ਹੋਈ, ਨਾਲ ਤੇਰੇ, ‘ਰਜਨੀਸ਼’ ਬੜੀ, ਕੁੱਝ ਤਾਂ ਰਹਿੰਦੇ, ਸਾਰੇ, ਕਿੱਥੇ ਚਲੇ ਗਏ ? { ੩੧- ਜਨਵਰੀ - ੨੦੧੮, ਬੁੱਧਵਾਰ }

3. ਮੈਂ ਕਿਸੇ ਦੇ ਰੂਪ 'ਚੋਂ

ਮੈਂ ਕਿਸੇ ਦੇ ਰੂਪ 'ਚੋਂ ਰੱਬੀ ਨਜ਼ਾਰਾ ਵੇਖਿਆ । ਡੋਲਦੀ ਜੀਵਨ ਦੀ ਨਈਆ ਦਾ ਕਿਨਾਰਾ ਵੇਖਿਆ। ਚੱਖ ਲਿਆ ਇੱਕ ਵਾਰ ਜਿਸਨੇ ਜਾਮ ਰੱਬੀ ਪਿਆਰ ਦਾ, ਓਸ ਨੇ ਮੁੜ ਕੇ ਨਹੀਂ ਜੱਗ ਨੂੰ ਦੁਬਾਰਾ ਵੇਖਿਆ। ਦਿਲ ਜਿਗਰ ਤੱਕ ਹੀ ਨਹੀਂ ਸੀਮਤ ਕਹਾਣੀ ਇਸ਼ਕ ਦੀ, ਇਸ਼ਕ ਦਾ ਮੈਂ ਆਤਮਾ ਤੱਕ ਵੀ ਪਸਾਰਾ ਵੇਖਿਆ। ਪਹੁੰਚ ਕੇ ਮੰਜ਼ਿਲ 'ਤੇ ਵੀ ਦਿਲ ਨੂੰ ਮਿਲੀ ਨਾ ਸ਼ਾਂਤੀ, ਬੇਸਿਦਕ ਇਹ ਦਿਲ ਨਕਾਰਾ ਬੇਮੁਹਾਰਾ ਵੇਖਿਆ। ਮਿਲ ਨਹੀਂ ਸਕਿਆ ਪਤਾ ਉਸਦੇ ਟਿਕਾਣੇ ਦਾ ਕਿਤੋਂ, ਭਟਕਦਾ ‘ਰਜਨੀਸ਼’ ਜੰਗਲ ਵਿੱਚ ਵਿਚਾਰਾ ਵੇਖਿਆ।

4. ਦੀਵਾ ਮੇਰੇ ਪਿਆਰ ਦਾ

ਦੀਵਾ ਮੇਰੇ ਪਿਆਰ ਦਾ ਦੀਵਾਲੀ ਨਈਂ ਉਡੀਕਦਾ। ਅੱਠੇ ਪਹਿਰ ਬਲ਼ਦਾ, ਮੁਥਾਜ ਨਈਂ ਤਰੀਕ ਦਾ। ਦੋਵਾਂ ਦਿਆਂ ਮੱਥਿਆਂ 'ਤੇ ਲੀਕ ਹੈ ਨਸੀਬ ਦੀ, ਫ਼ਰਕ ਬੜਾ ਏ ਪਰ! ਤੇਰੀ ਮੇਰੀ ਲੀਕ ਦਾ। ਹਰ ਇੱਕ ਦਿਲ ਦਾ ਸੁਭਾਅ ਵੱਖੋ ਵੱਖ ਹੁੰਦਾ, ਕੋਈ ਦੁੱਖ ਸਹਿੰਦਾ, ਕੋਈ ਗੁੱਸੇ ਵਿੱਚ ਚੀਕਦਾ। ਧੀ ਹਾਂ ਗ਼ਰੀਬ ਦੀ, ਵਿਆਹੀ ਬੇਕਦਰਾਂ ਦੇ, ਤਾਨ੍ਹੇ ਦਿੰਦਾ ਹਰ ਜੀਅ, ਸੂਲਾਂ 'ਤੇ ਧਰੀਕਦਾ। ਬਸ! ਉਹਦੇ ਕੋਲ ਹੀ ਜ਼ਮਾਨਾ ਜਾਣ ਦਿੰਦਾ ਨਈਂ, ਜੀਹਦੇ ਨਾਲ ਸਭ ਤੋਂ ਮੁਲ੍ਹਾਜਾ ਨਜ਼ਦੀਕ ਦਾ। ਮਾਵਾਂ ਦੀ ਸਲਾਹ ਲੈ ਕੇ ਕਾਸ਼! ਕਦੀ ਰੱਬਾ ਤੂੰ, ਬੱਚਿਆਂ ਦੇ ਲੇਖਾਂ ਦੀਆਂ ਲੀਕਾਂ ਨੂੰ ਉਲੀਕਦਾ। ਛੱਡ! ‘ਰਜਨੀਸ਼ ਭੱਟੀ’ ਨਿੱਤ ਖੁਸ਼ ਰਿਹਾ ਕਰ, ਮਨ ਉੱਤੇ ਬੋਝ ਪਾਉਂਦਾ ਸੋਚਣਾ ਬਰੀਕ ਦਾ।

5. ਮੈਂਤੇ ਤੂੰ ਚਿਰਜੀਵੀ

ਮੈਂ ਤੇ ਤੂੰ ਚਿਰਜੀਵੀ ਹੋਈਏ, ਮਰਨੇ ਨੂੰ ਹੁਣ ਜੀ ਨਈਂ ਕਰਦਾ। ਅਮਰ ਵੀ ਕਰ ਸਕਦਾ ਏ ਸਾਨੂੰ, ਕਰਨੇ ਨੂੰ ਰੱਬ ਕੀ ਨਈਂ ਕਰਦਾ? ਕਵੀ ਤੇ ਆਸ਼ਿਕ ਨਾਲ ਵਤੀਰਾ,ਕਰਦਾ ਗੁੰਝਲਦਾਰ ਤੂੰ ਮੌਲਾ, ਵੇਖੇਂ ਨਾ ਜੇ ਕਹਿਰੀਂ ਅੱਖੀਂ, ਨਜ਼ਰ ਸਵੱਲੀ ਵੀ ਨਈਂ ਕਰਦਾ। ਬੰਦੇ 'ਤੇ ਜਦ ਆਵੇ ਔਕੜ, ਬੰਦਾ ਨਈਂ ਇਕੱਲਾਰੋਂਦਾ, ਕੁਦਰਤ ਦੇ ਕਾਨੂਨ 'ਚ ਬੱਝਿਆ, ਤੜਫੇ ਰੱਬ, ਪਰ ਸੀ ਨਈਂ ਕਰਦਾ। ਘਰ ਪਰਿਵਾਰ ਤੇ ਸੱਜਣਤਾਂਈਆਂ, ਸਭਦੇ ਫ਼ਰਜ਼ ਨਿਭਾਉਣੇ ਪੈਂਦੇ, ਹਰ ਇੱਕ ਬੰਦਾ ਔਖਾ ਸੌਖਾ, ਜੀਣ ਲਈ ਕੀ ਕੀ ਨਈਂ ਕਰਦਾ? ਜ਼ਿੰਦਗਾਨੀ ‘ਰਜਨੀਸ਼’ ਗੁਆਚੇ, ਇਹੋ ਸੋਚਾਂ ਸੋਚਦਿਆਂ ਈਂ, ਮੌਲਾ ਓਦਾਂ ਵੀ ਨਈਂ ਕਰਦਾ, ਮੌਲਾ ਏਦਾਂ ਵੀ ਨਈਂ ਕਰਦਾ। (੦੫ - ਜਨਵਰੀ - ੨੦੧੩, ਸ਼ਨੀਵਾਰ)

6. ਮੁਖੜੇ 'ਤੋਂ ਸਾਂਵਰੀ ਦੇ

ਮੁਖੜੇ 'ਤੋਂ ਸਾਂਵਰੀ ਦੇ, ਜ਼ੁਲਫ਼ਾਂ ਸੰਵਾਰ ਦੇਵਾਂ। ਬੀਤੀ ਮੈਂ ਵਾਰ ਚੁਕਿਆਂ, ਰਹਿੰਦੀ ਵੀ ਵਾਰ ਦੇਵਾਂ। ਰੱਬ ਦੇ ਖ਼ਜ਼ਾਨਿਆਂ ਦਾ, ਮੁਨਸ਼ੀ ਅਗਰ ਮੈਂ ਬਣਜਾਂ, ਮੈਂ ਮਾਤ੍ਹੜਾਂ ਦੇ ਵਿਹੜੇ, ਮੋਤੀ ਖਿਲਾਰ ਦੇਵਾਂ। ਉਹ ਕਰ ਗਿਆ ਜੋ ਗ਼ਲਤੀ, ਮੈਂ ਵੀ ਕਰਾਂ ਕਿਉਂ ਓਹੀ, ਮੈਂ ਲਾਡਲੀ ਮੁਹੱਬਤ, ਕੀ ਆਪ ਮਾਰ ਦੇਵਾਂ? ਦਿਲ ਵੀ ਹੈ ਤੇਰਾ ਵੱਟਾ, ਰੱਖਦਾਂ ਏਂ ਮੂੰਹ ਵੀ ਵੱਟ ਕੇ, ਡੁੰਨਵੱਟਿਆ ਵੇ! ਤੈਨੂੰ, ਮੈਂ ਫਿਰ ਵੀ ਪਿਆਰ ਦੇਵਾਂ। ਰੂਹ, ਜਿਸਮ, ਜਾਨ, ਦਿਲ , 'ਚੋਂ, ਜਿਸਦੀ ਹੈ ਲੋੜ, ਲੈ ਜਾ! ਤੂੰ ਸਾਰਿਆ ਨਾ ਮੇਰਾ,ਤੇਰਾ ਤਾਂ ਸਾਰ ਦੇਵਾਂ। ( 19 - ਜੁਲਾਈ - 2017, ਬੁੱਧਵਾਰ )

7. ਉਜਾੜਿਆ ਖ਼ੁਦ ਬਹਾਰ ਨੇ ਹੀ

ਉਜਾੜਿਆ ਖ਼ੁਦ ਬਹਾਰ ਨੇ ਹੀ, ਸੋ ਬਾਗ਼' ਤੇ ਕਿੰਝ ਬਹਾਰ ਆਵੇ। ਸੀ ਨਾਲ ਉਹਨਾ ਦੇ ਮਹਿਕ ਰੰਗਤ, ਉਹ ਆਉਣ ਤਾਂ ਕੁੱਝ ਨਿਖਾਰ ਆਵੇ। ਚਲਾ ਗਿਆ ਉਹ,ਜੇ ਪਰਤਿਆ ਨਾ, ਤਾਂ ਕੀ ਬਣੂੰ ਮੇਰੀ ਜ਼ਿੰਦਗੀ ਦਾ? ਲਬਾਂ 'ਤੇ ਆਉਂਦੀ ਏ ਜਾਨ ਮੇਰੀ, ਜਦੋਂ ਇਹ ਦਿਲ 'ਚ ਵਿਚਾਰ ਆਵੇ। ਅਜੀਬ ਗੱਲ ਹੈ ਜਹਾਨ ਉੱਤੇ,ਹਰੇਕ ਕਰਦਾ ਹੈ ਇਹੋ ਗ਼ਲਤੀ, ਖ਼ੁਦਾ ਦੇ ਘਰ 'ਚੋਂ ਹੀ ਆ ਕੇ ਬੰਦਾ, ਖ਼ੁਦਾ ਨੂੰ ਹੀ ਕਿਉਂ ਵਿਸਾਰ ਆਵੇ? ਕਦੀ ਮਹੀਵਾਲ ਵੀ ਤਾਂ ਜਾਵੇ, ਵਫ਼ਾ ਦੀ ਖ਼ਾਤਿਰ ਚਨਾਬ ਤਰ ਕੇ, ਨਹੀ ਜ਼ਰੂਰੀ, ਉਠਾ ਕੇ ਖ਼ਤਰਾ, ਕਿ ਰੋਜ਼ ਸੋਹਣੀ ਹੀ ਪਾਰ ਆਵੇ। ਰਿਵਾਜ, ਮਜ਼ਹਬ ਤੇ ਜਾਤਾਂ - ਪਾਤਾਂ, ਇਹ ਸਾਰੇ ਦੁਸ਼ਮਣ ਮੁਹੱਬਤਾਂ ਦੇ, ਜੇ ਇਹਨਾ ਹੋਵਣ ਤਾਂ ਦੋ ਦਿਲਾਂ ਦੇ, ਕਦੀ ਵੀ ਹਿੱਸੇ ਨਾ ਹਾਰ ਆਵੇ। ( 28 ਸਤੰਬਰ - 2017, ਵੀਰਵਾਰ )

8. ਨਗੀਨੇ ਮੋਤੀਆਂ ਵਾਂਗੂੰ ਸੰਭਾਲਦਾ ਛਾਲੇ

ਨਗੀਨੇ ਮੋਤੀਆਂ ਵਾਂਗੂੰ ਸੰਭਾਲਦਾ ਛਾਲੇ। ਜਣੇ ਖਣੇ ਨੂੰ ਨਹੀਂ ਮੈਂ ਵਖਾਲਦਾ ਛਾਲੇ। ਹੈ ਵਾਂਗ ਪਿਆਰ ਦੇ ਇਹ ਵੀ ਸੁਗਾਤ ਸੱਜਣਾ ਦੀ, ਮੈਂ ਪਿਆਰ ਵਾਂਗ ਹੀ ਸੱਜਣਾ ਦੇ ਪਾਲਦਾ ਛਾਲੇ। ਇਹ ਹੋਰ ਪੱਕਣ ਤੇ ਦੇਣ ਦੂਣੀਆਂ ਪੀੜਾਂ, ਲਹੂ 'ਚ ਆਪਣੇ ਮੈਂ ਤਾਂਈਓਂ ਉਬਾਲਦਾ ਛਾਲੇ। ਦਿਮਾਗ਼ ਸੋਚਦਾ, ਦਿਲ ਵੀ ਅਜੀਬ ਪਾਗਲ ਹੈ, ਗਲੀ ' ਚੋਂ ਇਸ਼ਕ ਦੀ, ਆਪੇ ਹੀ ਭਾਲ਼ਦਾ ਛਾਲੇ। ਮੜ੍ਹੀ 'ਚ ਪੈਣ ਤੋਂ ਪਹਿਲਾਂ, ਮੈਂ ਬਣਿਆਂ ਖੁਦ ਮੜ੍ਹੀਆਂ, ਜਿਦੇ 'ਚ ਵਾਂਗ ਚਿਤਾਂਵਾਂ, ਮੈਂ ਬਾਲ਼ਦਾ ਛਾਲੇ।

9. ਬਾਗ਼ਾਂ 'ਚ ਜਾ ਕੇ ਪਾ ਰਿਹਾਂ

ਬਾਗ਼ਾਂ 'ਚ ਜਾ ਕੇ ਪਾ ਰਿਹਾਂ ਤਰਲੇ ਬਹਾਰ ਦੇ। ਸਾਰੇ ਗੁਲਾਬ ਯਾਰ ਦੇ ਮੁਖੜੇ 'ਤੋਂ ਵਾਰ ਦੇ। ਸਿਰ ਨੂੰ ਟਿਕਾ ਕੇ ਮੇਰੀ ਹਿੱਕ 'ਤੇ, ਉਹ ਪੁੱਛ ਰਿਹਾ, ਧੜਕਣ ਹੈ ਇਹ ਤੁਹਾਡੀ ਕਿ ਸੁਰ ਨੇ ਸਿਤਾਰ ਦੇ? ਫੁੱਲਾਂ ਨੂੰ ਛੂ ਕੇ ਵਗ ਰਹੀ , 'ਵ੍ਹਾਏ ਨੀ! ਇੰਝ ਕਰੀਂ. ਵਾਲਾਂ 'ਚ ਓਸਦੇ ਮਹਿਕ ਆਪਣੀ ਖਿਲਾਰਦੇ। ਮੌਲਾ ! ਇਵੇਂ ਤਾਂ ਪਿਆਰ ਵਿੱਚ ਹੁੰਦਾ ਨੲ੍ਹੀਂ ਏ, ਪਰ, ਰੂਹ ਨੂੰ ਸਕੂਨ ਬਖਸ਼ ਦੇ, ਦਿਲ ਨੂੰਕਰਾਰ ਦੇ। ਕਰ ਉਸਦੇ ਦਿਲ 'ਚ ਪੈਦਾਮੇਰੇ ਲਈ ਵਫ਼ਾ, ਯਾ ਰੱਬ! ਕਿ ਮੈਂ ਗ਼ਰੀਬ ਦੀ ਕਿਸਮਤ ਸੰਵਾਰ ਦੇ। ( 10 ਮਈ, 2018,ਵੀਰਵਾਰ )

10. ਇਕ ਦਰਦ ਦਿਲ ਦੇ ਅੰਦਰ

ਇਕ ਦਰਦ ਦਿਲ ਦੇ ਅੰਦਰ, ਇਕਸਾਰ ਹੋ ਰਿਹਾ ਏ। ਜੇ ਇਸਨੂੰ ਪਿਆਰ ਕਹਿੰਦੇ, ਤੇ ਫਿਰ ਪਿਆਰ ਹੋ ਰਿਹਾ ਏ। ਦਿਲ, ਜਿਸਮ, ਜਾਨ, ਰੂਹ ਦਾ ਮਾਲਿਕ ਏਂ ਤੂੰ ਖ਼ੁਦਾਇਆ! ਇਹਨਾ ਦਾ ਕੋਈ ਫਿਰ ਕਿਉਂ, ਹੱਕਦਾਰ ਹੋ ਰਿਹਾ ਏ। ਕਲੀਆਂ ਦੇ ਮੁੱਖ ਤੋਂ ਰੰਗਤ, ਫੁੱਲਾਂ 'ਚੋਂ ਮਹਿਕ ਗ਼ਾਇਬ, ਮਾਲੀ! ਇਹ ਕਿਸ ਤਰ੍ਹਾਂ ਦਾ, ਗੁਲਜ਼ਾਰ ਹੋ ਰਿਹਾ ਏ? ਮਾਸੂਮ ਦਿਲ ਦਾ ਆਪਣੇ, ਕੀ ਹਾਲ ਮੈਂ ਸੁਣਾਵਾਂ? ਜ਼ੁਲਮੋ-ਸਿਤਮ ਦਾ ਆਦੀ, ਗ਼ਮਖ਼ਾਰ ਹੋ ਰਿਹਾ ਏ। ਹੁਣ ਕਿਸ ਤਰਾਂ ਨਿਭੇਗੀ, ਉਸ ਘਰ ਦੇ ਨਾਲ, ਜਿੱਥੇ? ਖੰਜ਼ਰ ਪਿਤਾ, ਤੇ ਬੇਟਾ, ਤਲਵਾਰ ਹੋ ਰਿਹਾ ਏ। ਲਿਖਵਾ ਕੇ ਹੋਰਨਾਂ ਤੋਂ, ਜਾਂ ਕਰ ਕੇ ਗੀਤ ਚੋਰੀ, ਲੋਕਾਂ ਦੀ ਉਹ ਨਜ਼ਰ ਵਿੱਚ, ਫ਼ਨਕਾਰ ਹੋ ਰਿਹਾ ਏ। ਦਿਨ ਆ ਰਹੇ ਨੇ ਮਾੜੇ, ਤੇ ਜਾ ਰਹੀ ਏ ਦੌਲਤ, "ਰਜਨੀਸ਼" ਉਸ ਲਈ ਹੁਣ, ਬੇਕਾਰ ਹੋ ਰਿਹਾ ਏ। ( 8 ਅਕਤੂਬਰ, 2016, ਵੀਰਵਾਰ)

11. ਗ਼ਜ਼ਲ-ਫਾਲਤੂ ਸਵਾਲਾਂ ਤੇ ਜਵਾਬਾਂ 'ਚ ਨਈਂ ਪਈ ਦਾ

ਫਾਲਤੂ ਸਵਾਲਾਂ ਤੇ ਜਵਾਬਾਂ 'ਚ ਨਈਂ ਪਈ ਦਾ। ਪਿਆਰ ਵਿੱਚ ਬਹੁਤਿਆਂ ਹਿਸਾਬਾਂ 'ਚ ਨਈਂ ਪਈ ਦਾ। ਜਦੋਂ ਉਹਦੇ ਨਾਮ ਦੀਆਂ ਚੜ੍ਹਣ ਖ਼ੁਮਾਰੀਆਂ, ਫਿਰ ਭੰਗਾਂ, ਚਰਸਾਂ, ਸ਼ਰਾਬਾਂ 'ਚ ਨਈਂ ਪਈ ਦਾ। ਉਹ ਕੰਮ ਕਰੋ ਰੱਬ ਜੀਹਦੇ ਲਈ ਭੇਜਦਾ ਏ, ਜੱਗ ਵਾਲ਼ੇ ਪੁੱਠਿਆਂ ਅਜ਼ਾਬਾਂ 'ਚ ਨਈਂ ਪਈ ਦਾ। ਦਿਲ ਵਿਹੜੇ ਖਿੜੀ ਜਦ ਪਿਆਰ ਦੀ ਚਮੇਲੀ ਹੋਵੇ, ਫਿਰ ਬਾਗ਼ੀਂ ਮਹਿਕਦੇ ਗੁਲਾਬਾਂ 'ਚ ਨਈਂ ਪਈ ਦਾ। ਭੁੱਲਨਾਂ ਹੈ ਭਾਂਵੇੰ ਔਖਾ ਪਰ ਭੁੱਲ ਜਾਣਾ ਚੰਗਾ, ਟੁੱਟ ਚੁਕੇ ਦਿਲ ਅਤੇ ਖ਼ਾਬਾਂ 'ਚ ਨਈਂ ਪਈ ਦਾ। ਇੱਕੋ ਸ਼ੇਅਰ ਦੱਸ ਦੇਂਦਾ ਕਵੀ ਦਾ ਮਿੱਯਾਰ ਕਿੰਨਾ, ਕਿੰਨੀਆਂ ਕੁ ਲਿਖੀਆਂ ਕਿਤਾਬਾਂ 'ਚ ਨਈਂ ਪਈ ਦਾ। ਗੁੰਮਨਾਮ ਸ਼ਾਇਰ ਵੀ ਬੜੇ ਉਸਤਾਦ ਹੁੰਦੇ, ਮਸ਼ਹੂਰ ਸ਼ਾਇਰਾਂ ਜਨਾਬਾਂ 'ਚ ਨਈਂ ਪਈ ਦਾ। ( 27- March - 2021, Sat. )

12. ਗ਼ਜ਼ਲ-ਮੈਂ ਤੇ ਉਹ ਇੱਕ ਦੂਜੇ ਨਾਲ ਘਿਉ ਖਿਚੜੀ

ਦੱਸ ਹੀ ਦੇਨਾਂ ਅੱਜ ਤੁਹਾਨੂੰ ਗੱਲ ਵਿਚਲੀ। ਮੈਂ ਤੇ ਉਹ ਇੱਕ ਦੂਜੇ ਨਾਲ ਘਿਉ ਖਿਚੜੀ। ਮਰਨਾ ਜੰਮਨਾ ਰੱਬ ਦੇ ਹੱਥ ਵਿੱਚ ਸੀ ਪਹਿਲਾਂ, ਹੁਣ ਇਹ ਸ਼ਕਤੀ ਹੈ ਵਿਗਿਆਨੀ ਬੰਦੇ ਦੀ। ਕਾਦਰ ਜੀ! ਕੀ ਹੋਇਆ ਤ੍ਹਾਡੀ ਕੁਦਰਤ ਨੂੰ, ਕੁਰਸੀ 'ਤੇ ਕੀ ਸੋਚ ਬਿਠਾਆ ਬੇਦਰਦੀ ? ਮੈਂ ਤਾਂ ਹਰ ਦਿਨ ਰੁਸੜੇ ਯਾਰ ਮਨਾਉਂਦਾ ਹਾਂ, ਨਾ ਮੰਨਣ ਤਾਂ ਫਿਰ ਬੇਕਦਰਾਂ ਦੀ ਮਰਜ਼ੀ। ਨਾ ਭੁੱਲਦਾ ਏ ਮੈਨੂੰ ਪੱਕਾ ਛੱਡ ਜਾਣਾ, ਨਾ ਭੁੱਲਦੀ ਏ ਪਹਿਲੀ ਤੇਰੀ ਗਲ਼ਵੱਕੜੀ। ਦਿਲ ਉਹ ਮੂਰਖ ਹੈ ਕਿ ਜਿਸਨੇ ਅਜ਼ਲਾਂ ਤੋਂ , ਇੱਕ ਗੱਲ ਵੀ ਨਾ ਮੰਨੀ ਕਿਸੇ ਸਿਆਣੇ ਦੀ। ਜੋ ਦੌਲਤ ਹੀ ਵੇਖੇ ਪਰ ਕਿਰਦਾਰ ਨਹੀਂ, ਮੈਨੂੰ ਇਹੋ ਜੇਹੀ ਯਾਰੀ ਨਈਂ ਪੁੱਗਦੀ। ( 12 - Dec.- 2020, Sat. )

13. ਗ਼ਜ਼ਲ-ਰੂਹਾਨੀ ਇਸ਼ਕ ਦਾ ਕੁਝ ਇਸ ਤਰ੍ਹਾਂ ਇਜ਼ਹਾਰ ਕਰਲਾਂ ਮੈਂ

ਰੂਹਾਨੀ ਇਸ਼ਕ ਦਾ ਕੁਝ ਇਸ ਤਰ੍ਹਾਂ ਇਜ਼ਹਾਰ ਕਰਲਾਂ ਮੈਂ। ਖ਼ੁਦਾ ਮੰਨ ਕੇ ਖ਼ੁਦਾ ਦੇ ਬੰਦਿਆਂ ਨੂੰ ਪਿਆਰ ਕਰਲਾਂ ਮੈਂ। ਬੜੇ ਕਿੱਸੇ ਸੁਣੇ ਤੇ ਖ਼ੁਦ ਹੰਢਾਏ ਵੀ ਬੜੇ ਧੋਖੇ, ਕਿਵੇਂ ਤੇਰੀ ਵਫ਼ਾਦਾਰੀ 'ਤੇ ਫਿਰ ਇਤਬਾਰ ਕਰਲਾਂ ਮੈਂ? ਨੀ ਮੌਤੇ! ਓਸ ਦਿਨ ਤਕ ਠਹਿਰ, ਜਦ ਤਕ "ਉਹ" ਨਹੀਂ ਮਿਲਦੇ, ਕਿਤੋਂ ਢੂੰਡਾਂ ਸਜਣ ਨੂੰ, ਪਿਆਰ ਦਾ ਇਜ਼ਹਾਰ ਕਰਲਾਂ ਮੈਂ। ਕਿਸੇ ਨੂੰ ਫੋਕਿਆਂ ਹੀ ਯਾਦ ਕਰਨਾ ਪਿਆਰ ਨਈੰ ਹੁੰਦਾ, ਤੇ ਕਿਉੁਂ ਨਾ ਤੜਪ, ਬੇਚੈਨੀ ਦਾ ਦਿਲ 'ਤੇ ਵਾਰ ਕਰਲਾਂ ਮੈਂ। ਕਵੀ ਦਰਬਾਰ ਵਿਚ ਵੀ ਉਸ ਬਗਲ਼ ਵਿਚ ਲੈ ਛੁਰੀ ਆਉਣੀ, ਕਲਮ ਦੀ ਵਾਂਗ ਨਸ਼ਤਰ ਹੋਰ ਤਿੱਖੀ ਧਾਰ ਕਰਲਾਂ ਮੈਂ। ਅਸੀਂ ਵਿਛੜੇ ਹਾਂ ਵਰਿਆਂ ਦੇ ਜਮ੍ਹਾਂ ਨੇ ਦਿਲ 'ਚ ਲੱਖ ਬਾਤਾਂ , ਬੁਲਾਵੇ ਉਹ, ਕਰਾਂ ਬਾਤਾਂ ਤੇ ਹੌਲ਼ਾ ਭਾਰ ਕਰਲਾਂ ਮੈਂ। ਬੜਾ ਮੰਨਦਾ ਹੈ ਰੱਬ ਨੂੰ ਓਹ, ਤੇ ਰੱਬ ਸੁਣਦਾ ਵੀ ਹੈ ਉਸਦੀ, ਚਲੋ! ਉਸਦੀ ਹੀ ਬਾਂਹ ਫੜੵਕੇ ਤੇ ਬੇੜਾ ਪਾਰ ਕਰਲਾਂ ਮੈਂ। ( 18 - Dec. 2019, Wed.)

14. ਗ਼ਜ਼ਲ-ਸਾਰੀ ਉਮਰ ਹੈ ਕਿਰਤੀ ਕਰਦਾ ਹੱਡ ਭੰਨਵੀਂ

ਸਾਰੀ ਉਮਰ ਹੈ ਕਿਰਤੀ ਕਰਦਾ ਹੱਡ ਭੰਨਵੀਂ ਮਜ਼ਦੂਰੀ, ਤੌਬਾ! ਜੀਵਨ 'ਚੋਂ ਫਿਰ ਵੀ ਨਾ ਜਾਵੇ ਤੰਗੀ ਤੇ ਮਜਬੂਰੀ, ਤੌਬਾ! ਉਸਨੇ ਸ਼ਾਹ ਤੋਂ ਪੇੜੇ ਮੰਗੇ, ਆਖਣ ਲੱਗਾ ਜਾਨ ਵੀ ਹਾਜ਼ਰ, ਮੈਂ ਵੱਟੀ ਕੁ ਆਟਾ ਮੰਗਿਆ ਵੱਟੀ ਡਾਹਡੀ ਘੂਰੀ, ਤੌਬਾ। ਫੱਕਰ ਬਣ ਕੇ ਰਾਂਝਾ ਥਾਂ ਥਾਂ ਅਲਖ ਜਗਾਵੇ, ਨਾਲੇ ਆਖੇ, ਕੰਨ ਪੜਵਾਉਣੇ ਪੈ ਜਾਂਦੇ ਨੇ, ਖਾ ਨਾ ਬਹਿਣਾ ਚੂਰੀ, ਤੌਬਾ। ਕੀਵੇਂ ਬਾਤ ਬਣੇਗੀ ਕੋਈ ? ਬਹਿਣ ਬਖੇੜਾ ਪਾ ਕੇ ਦੋਵੇਂ, ਰੋਜ਼ ਹਲੀਮੀਂ ਮੇਰੀ ਤੇ ਉਸ ਅੱਥਰੇ ਦੀ ਮਗ਼ਰੂਰੀ, ਤੌਬਾ। ਯਾ ਰੱਬ! ਸਾਨੂੰ ਤੇਰੇ ਉਲਟੇ ਇਸ ਕਾਨੂੰਨ ਦੀ ਸਮਝ ਨਾ ਆਵੇ, ਜੀਵੋ ਵੀ ਤਕਲੀਫ਼ਾਂ ਸਹਿ ਕੇ , ਮੌਤ ਵੀ ਅੰਤ ਜ਼ਰੂਰੀ, ਤੌਬਾ। ( 30 - Oct. 2018, Tue.)

15. ਗ਼ਜ਼ਲ-ਅੱਜੇ ਆਉਣਾ ਸੀ ਦਿਲ ਦੇ ਹਰਨ ਦਾ ਦਿਨ ?

ਅੱਜੇ ਆਉਣਾ ਸੀ ਦਿਲ ਦੇ ਹਰਨ ਦਾ ਦਿਨ ? ਤੇਰੇ ਜਨਮ ਦਾ ਦਿਨ, ਮੇਰੇ ਮਰਨ ਦਾ ਦਿਨ। ਅੱਜ ਡੁਬਿਆਂ ਤੇਰੇ ਪਿਆਰ ਦੇ ਵਿੱਚ, ਅੱਜ ਆਇਆ ਏ ਮੇਰੇ ਤਰਨ ਦਾ ਦਿਨ। ਰੱਬ ਰੋ ਪਿਆ, ਜਦੋਂ ਬਹਿਸ਼ਤ ਵਿੱਚੋਂ , ਮੈਨੂੰ ਆ ਗਿਆ ਵਿਦਿਆ ਕਰਨ ਦਾ ਦਿਨ। ਜੰਮਦੇ ਸਾਰ ਮੈਂ ਰੋਇਆ, ਮਾਂ ਖੁਸ਼ ਹੋਈ , ਉਹ ਸੀ ਮਾਂ ਦਾ ਹਿਰਦਾ ਠਰਨ ਦਾ ਦਿਨ। ਸਿਰ 'ਤੋਂ ਭਾਰ ਲਾਉਂਦੇ, ਹੋਇਆ ਦਿਲ ਭਾਰਾ, ਆਇਆ ਧੀ ਨੂੰ ਵਿਦਿਆ ਕਰਨ ਦਾ ਦਿਨ। ਲੈ ਕੇ ਰੱਬ ਦਾ ਨਾਂ ਮਾਂ ਨੇ ਫੂਕ ਮਾਰੀ, ਝੱਟ ਉੱਡ ਗਿਆ ਮੇਰੇ ਡਰਨ ਦਾ ਦਿਨ। ਅੱਜ ਫਿਰ ਉਹ ਅੜ ਗਿਆ ਅੜੀ ਉੱਤੇ , ਅੱਜ ਫਿਰ ਆਇਆ ਤਰਲੇ ਕਰਨ ਦਾ ਦਿਨ। ਕਦੀ ਸੁੱਖ ਕਾਰਨ ਕਦੀ ਦੁੱਖ ਕਾਰਨ, ਹਰ ਦਿਨ ਹੁੰਦਾ ਅੱਖ ਭਰਨ ਦਾ ਦਿਨ। ਮੇਰੇ ਦਿਲ ਦੇ ਦੁਖੜੇ! ਮੈਂ ਸੱਚ ਆਖਾਂ, ਅੱਜ ਆਖ਼ਰੀ ਏ ਤੈਨੂੰ ਜਰਨ ਦਾ ਦਿਨ। 18 - Aug. - 2021, Wed.

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ