Punjabi Kavita
  

Punjabi Poetry : Rajdeep Singh Toor

ਰਾਜਦੀਪ ਸਿੰਘ ਤੂਰ ਪੰਜਾਬੀ ਗ਼ਜ਼ਲਾਂ/ਕਵਿਤਾਵਾਂ1. ਗ਼ਜ਼ਲ-ਵੇਖ ਹਮਾਕਤ ਹਾਕਮ ਦੀ

ਵੇਖ ਹਮਾਕਤ ਹਾਕਮ ਦੀ ਉਹ ਹੁਣ ਐਸਾ ਐਲਾਨ ਕਰੇਗਾ। ਸਾਡੇ ਘਰ 'ਤੇ ਕਬਜ਼ਾ ਕਰਕੇ ਸਾਨੂੰ ਹੀ ਮਹਿਮਾਨ ਕਰੇਗਾ। ਜੋ ਫੁੱਲਾਂ ਦੀ ਰਾਖੀ ਖਾਤਿਰ ਆਪ ਬਿਠਾਇਆ ਸੀ ਆਪਾਂ, ਚਿਤ ਚੇਤੇ ਵੀ ਨਹੀਂ ਸੀ ਮਾਲੀ ਬਾਗਾਂ ਨੂੰ ਵੀਰਾਨ ਕਰੇਗਾ। ਰੋਜ਼ ਡਰਾਉਂਨੈਂ ਖ਼ੌਫ਼ ਵਿਖਾਉਨੈਂ ਤੇਜ਼ ਹਨ੍ਹੇਰੀ ਦਾ ਤੂੰ ਕਿਸਨੂੰ, ਜਿਸ ਦੇ ਦਿਲ ਵਿੱਚ ਰੀਝ ਬਲਣ ਦੀ ਉਸਨੂੰ ਕੀ ਤੂਫ਼ਾਨ ਕਰੇਗਾ। ਸਮਝ ਲਵੋ ਜੇ ਸਮਝ ਸਕੋ ਤਾਂ ਇਸ ਦੇ ਵਿਚਲੀ ਸ਼ੈਤਾਨੀ ਨੂੰ, "ਮੈਂ ਸਾਧੂ ਹਾਂ" ਜਦ ਕੋਈ ਨੇਤਾ ਐਦਾਂ ਦਾ ਐਲਾਨ ਕਰੇਗਾ। ਲੁੱਟੀ ਜਾਂਦੀ ਧਿਰ ਦੇ ਹੱਕ ਵਿੱਚ ਸ਼ਬਦ ਕਦੋਂ ਆਵਾਜ਼ ਬਣਨਗੇ, ਹਾਕਮ ਦੇ ਗੁਣ ਗਾਉਂਦਾ ਲਾਣਾ,ਕਾਨੀ ਕਦ ਕਿਰਪਾਨ ਕਰੇਗਾ। ਮੈਂ ਕੀ ਖਾਵਾਂ,ਮੈਂ ਕੀ ਪੀਵਾਂ,ਮੈਂ ਕੀ ਬੋਲਾਂ, ਮੇਰੀ ਮਰਜ਼ੀ, ਮੇਰੇ ਉੱਪਰ ਆਪਣੀ ਮਰਜ਼ੀ ਕਿਉਂ ਕੋਈ ਸੁਲਤਾਨ ਕਰੇਗਾ। ਖ਼ੌਫ਼ਜ਼ਦਾ ਖ਼ਲਕਤ ਨੂੰ ਕਰਕੇ ਆਪਣੇ ਮਨ ਵਿੱਚ ਇਹ ਨਾ ਸੋਚੇ, ਬੋਲਣ ਵਾਲ਼ੇ ਲੋਕਾਂ ਦੀ ਉਹ ਐਦਾਂ ਬੰਦ ਜ਼ੁਬਾਨ ਕਰੇਗਾ।

2. ਗ਼ਜ਼ਲ-ਅਪਣੇ ਹਿੱਸੇ ਦੀ ਧਰਤੀ ਮੈਂ

ਅਪਣੇ ਹਿੱਸੇ ਦੀ ਧਰਤੀ ਮੈਂ, ਅਪਣਾ ਅੰਬਰ ਭਾਲ਼ ਰਿਹਾਂ । ਬੇਤਰਤੀਬੇ ਜੀਵਨ ਵਿੱਚੋਂ, ਕੁਝ ਪਲ ਬਿਹਤਰ ਭਾਲ਼ ਰਿਹਾਂ । ਰਾਮ,ਮੁਹੰਮਦ,ਨਾਨਕ,ਈਸਾ, ਜਿਸ ਥਾਂ ਸਾਰੇ ਮਿਲ਼ ਜਾਵਣ, ਐਸੀ ਮਸਜਿਦ ਭਾਲ਼ ਰਿਹਾਂ ਮੈਂ, ਐਸਾ ਮੰਦਰ ਭਾਲ਼ ਰਿਹਾਂ । ਦੇਸ਼ ਮੇਰੇ ਦੇ ਦਰਿਆਵਾਂ ਦਾ, ਮੰਥਨ ਕਰ ਵਿਸ਼ ਪੀ ਜਾਵੇ, ਪਾਕ-ਪਵਿੱਤਰ ਜਲ ਖ਼ਾਤਿਰ, ਮੈਂ ਕੋਈ ਸ਼ੰਕਰ ਭਾਲ਼ ਰਿਹਾਂ । ਲੋਕਾਂ ਦਾ ਹੀ, ਲੋਕਾਂ ਵੱਲੋਂ, ਲੋਕਾਂ ਖ਼ਾਤਿਰ ਹੋਵੇ ਜੋ, ਪਿਛਲੇ ਕਈਆਂ ਸਾਲਾਂ ਤੋਂ ਹੀ, ਮੈਂ ਉਹ ਹੀ ਤੰਤਰ ਭਾਲ਼ ਰਿਹਾਂ । ਮੇਰੇ ਦਿਲ ਦਾ ਦਰਦ ਗ਼ਜ਼ਲ ਦੇ ਸ਼ਿਅਰਾਂ ਦੇ ਵਿੱਚ ਘੁਲ਼ ਜਾਵੇ, ਮੈਂ ਕੁਝ ਵਿਧੀ ਤਲਾਸ਼ ਰਿਹਾਂ ਮੈਂ ਐਸੇ ਅੱਖਰ ਭਾਲ਼ ਰਿਹਾਂ।

3. ਗ਼ਜ਼ਲ-ਐਵੇਂ ਨਾ ਫ਼ਿਕਰ ਕੋਈ

ਐਵੇਂ ਨਾ ਫ਼ਿਕਰ ਕੋਈ ਸੀਨੇ ‘ਚ ਪਾਲ਼ ਰੱਖੀਂ । ਇੱਕ ਦਿਨ ਮਿਲ਼ਾਂਗੇ ਆਪਾਂ ਯਾਦਾਂ ਸੰਭਾਲ਼ ਰੱਖੀਂ। ਮੈਂ ਵੀ ਸੰਭਾਲ਼ਿਆ ਹੈ ਤੇਰਾ ਖ਼ਿਆਲ, ਤੂੰ ਵੀ, ਸੀਨੇ ਦੇ ਨਾਲ਼ ਲਾ ਕੇ ਮੇਰਾ ਰੁਮਾਲ ਰੱਖੀਂ । ਹਾਂ ਲੱਭ ਹੀ ਲਵਾਂਗੇ ਰਲ਼ ਮਿਲ਼ ਜਵਾਬ ਆਪਾਂ, ਹਿੰਮਤ ਨਾ ਹਾਰ ਬੈਠੀਂ ਦਿਲ ਵਿੱਚ ਸਵਾਲ ਰੱਖੀਂ । ਯਾਦਾਂ ਮੈਂ ਤੇਰੀਆਂ ਵਿੱਚ ਜੀਵਨ ਗੁਜ਼ਾਰ ਲੈਣਾ, ਚਿੰਤਾ ਕਰੀਂ ਨਾ ਮੇਰੀ ਅਪਣਾ ਖ਼ਿਆਲ ਰੱਖੀਂ । ਆਉਣੇ ਜਵਾਰ ਭਾਟੇ ਇਸ ਜ਼ਿੰਦਗੀ ‘ਚ ਪਰ ਤੂੰ, ਗ਼ਮ ਦੇ ਸਮੁੰਦਰਾਂ ‘ਚੋਂ ਖੁਸ਼ੀਆਂ ਦੀ ਭਾਲ਼ ਰੱਖੀਂ । ਜਿਸ ਨਾਲ਼ ਪਰਖਿਆ ਸੀ ਇੱਕ ਦਿਨ ਤੂੰ ਪਿਆਰ ਮੇਰਾ, ਵੰਗ ਦੇ ਰੰਗੀਨ ਟੋਟੇ ਸਾਰੇ ਸੰਭਾਲ਼ ਰੱਖੀਂ । ਨਾ “ਤੂਰ” ਆਉਣ ਦੇਵੀਂ ਹੋਠਾਂ ‘ਤੇ ਨਾਮ ਭਾਵੇਂ, ਪਰ “ਰਾਜਦੀਪ” ਪੂਰਾ ਤੂੰ ਨਾਲ਼ ਨਾਲ਼ ਰੱਖੀਂ । ਮਿਲਣੀ ਨਿਜ਼ਾਤ ਗ਼ਮ ਤੋਂ ਬਸ ਇਸ ਤਰ੍ਹਾਂ ਹੀ ਤੈਨੂੰ, ਤੂੰ ਸਰਦ ਹੌਕਿਆਂ ਨੂੰ ਗ਼ਜ਼ਲਾਂ ‘ਚ ਢਾਲ਼ ਰੱਖੀਂ ।

4. ਗ਼ਜ਼ਲ-ਮੁਸ਼ਕਿਲਾਂ ਵਿੱਚ ਵੀ ਅਸੀਂ ਤਾਂ

ਮੁਸ਼ਕਿਲਾਂ ਵਿੱਚ ਵੀ ਅਸੀਂ ਤਾਂ ਮੁਸਕਰਾਉਣਾ ਜਾਣਦੇ ਹਾਂ । ਦਰਦ ਦਿਲ ਦਾ ਦਿਲ ਦੇ ਅੰਦਰ ਹੀ ਦਬਾਉਣਾ ਜਾਣਦੇ ਹਾਂ । ਜ਼ਿੰਦਗੀ ਨੂੰ ਜੀਣ ਦੀ ਵੀ ਜਾਚ ਆਉਂਦੀ ਹੈ ਅਸਾਨੂੰ, ਮੌਤ ਰਾਣੀ ਨਾਲ਼ ਅੱਖਾਂ ਵੀ ਮਿਲਾਉਣਾ ਜਾਣਦੇ ਹਾਂ । ਨਾ ਮਿਟਾਇਆਂ ਮਿਟ ਸਕੇਗੀ ਹੋਂਦ ਸਾਡੀ ਦੁਸ਼ਮਣਾਂ ਤੋਂ, ਰਾਖ ‘ਚੋਂ ਕੁਕਨੂਸ ਵਾਂਗੂੰ ਫਿਰ ਜਿਉਣਾ ਜਾਣਦੇ ਹਾਂ । ਹੈ ਪਹਾੜਾਂ ਨਾਲ਼ ਮੱਥਾ ਲਾਉਣ ਦਾ ਇਤਿਹਾਸ ਸਾਡਾ, ਚੋਟੀਆਂ ਨੂੰ ਆਪਣੇ ਪੈਰੀਂ ਝੁਕਾਉਣਾ ਜਾਣਦੇ ਹਾਂ । ਸਿਰ ਝੁਕਾ ਕੇ ਜੀਣ ਦੀ ਆਦਤ ਨਹੀਂ ਸਿੱਖੀ ਅਸਾਂ ਨੇ, ਸੀਸ ਨੂੰ ਤਲ਼ੀਆਂ ਦੇ ਉੱਪਰ ਵੀ ਟਿਕਾਉਣਾ ਜਾਣਦੇ ਹਾਂ । ਜਾਨ ਨਾਲ਼ੋਂ ਵੀ ਵਧੇਰੇ ਪਿਆਰ ਕੀਤੈ ਦੇਸ਼ ਨੂੰ, ਏਸ ਲੇਖੇ ਜ਼ਿੰਦਗੀ ਪੂਰੀ ਲਗਾਉਣਾ ਜਾਣਦੇ ਹਾਂ ।

5. ਗ਼ਜ਼ਲ-ਨਹੀਂ ਹੁੰਦਾ ਸਬਰ ਮੇਰੇ ਤੋਂ

ਨਹੀਂ ਹੁੰਦਾ ਸਬਰ ਮੇਰੇ ਤੋਂ, ਦਿਲ ਦਾ ਕੀ ਕਰੇ ਕੋਈ? ਰਹੇ ਜੋ ਭਾਲ਼ਦੀ ਉਸਨੂੰ, ਨਜ਼ਰ ਦਾ ਕੀ ਕਰੇ ਕੋਈ? ਮਿਲ਼ੇ ਮੰਜ਼ਿਲ ਮੁਸਾਫ਼ਿਰ ਨੂੰ ਤਦੇ ਤੁਰਨਾ ਮੁਨਾਸਿਬ ਹੈ, ਰਹੇ ਜੇ ਭਟਕਦਾ ਤਾਂ ਫਿਰ ਡਗਰ ਦਾ ਕੀ ਕਰੇ ਕੋਈ? ਮੈਂ ਜਾਂਦਾ ਹਾਂ ਮਿਲਣ ਉਸਨੂੰ ਮਗਰ ਮਾਯੂਸ ਮੁੜਦਾ ਹਾਂ, ਕਲਾਵੇ ਵਿੱਚ ਨਹੀਂ ਲੈਂਦਾ, ਨਗਰ ਦਾ ਕੀ ਕਰੇ ਕੋਈ? ਉਦ੍ਹਾ ਟੁੱਟਣਾ ਯਕੀਨੀ ਹੈ, ਜੋ ਫਲ਼-ਫੁੱਲ ਦੀ ਭਰੀ ਹੋ ਕੇ, ਝੁਕੇ ਨਾ ਫੇਰ ਵੀ ਤਾਂ ਉਸ ਲਗਰ ਦਾ ਕੀ ਕਰੇ ਕੋਈ? ਨਿਰੰਤਰ ਹੀ ਰਿਹਾਂ ਤੁਰਦਾ ਲੰਮੇਰੇ ਪੈਂਡਿਆਂ ਉੱਤੇ, ਨਹੀਂ ਮੁੱਕਦਾ ਕਿਤੇ, ਐਸੇ ਸਫ਼ਰ ਦਾ ਕੀ ਕਰੇ ਕੋਈ? ਮੇਰੀ ਹਰ ਸ਼ਾਮ ਹੈ ਬਿਰਹਣ,ਉਦਾਸੀ ਹੈ ਉਦ੍ਹੇ ਬਾਝੋਂ, ਉਦ੍ਹੇ ਬਿਨ ਬੀਤਦੀ ਹੈ ਜੋ ਫ਼ਜ਼ਰ ਦਾ ਕੀ ਕਰੇ ਕੋਈ? ਉਦ੍ਹੇ ਮੁਖੜੇ ਦੀ ਲਾਲੀ ਜਾਪਦੀ ਦੋਮੇਲ ਦੀ ਰੰਗਤ, ਜਦੋਂ ਉਹ ਕੋਲ਼ ਨਾ ਹੋਵੇ, ਸਹਰ ਦਾ ਕੀ ਕਰੇ ਕੋਈ? ਰਹੇਗਾ ਭਟਕਦਾ ਥਾਂ-ਥਾਂ ਕਦੇ ਇੱਕ ਦਾ ਨਹੀਂ ਬਣਦਾ, ਅਜ਼ਲ ਤੋਂ ਬੇਵਫ਼ਾ ਹੈ ਇਹ, ਭੰਵਰ ਦਾ ਕੀ ਕਰੇ ਕੋਈ? ਰਹੇ ਅਹਿਸਾਸ ਨਾ ਜਿਸਦੇ, ਮਰੀ ਸੰਵੇਦਨਾ ਜਿਸ 'ਚੋਂ, ਕਹੋ ਹੁਣ “ਤੂਰ'' ਕਿ ਐਸੇ ਬਸ਼ਰ ਦਾ ਕੀ ਕਰੇ ਕੋਈ ।

6. ਗ਼ਜ਼ਲ- ਰੀਝ ਤੇ ਚਾਅ ਅੱਥਰੇ

ਰੀਝ ਤੇ ਚਾਅ ਅੱਥਰੇ, ਉਹ ਦਿਲ ਚ ਲੈ ਕੇ ਉੱਡਿਆ। ਪਰ ਪਰਿੰਦਾ,ਪਰ ਜਲ਼ਾ ਕੇ,ਪੀੜ ਲੈ ਕੇ ਪਰਤਿਆ। ਰਾਤ ਮੁੱਕੀ ਬਾਤ ਮੁੱਕੀ, ਆਖ ਕੇ ਚੁੱਪ ਹੋ ਗਿਆ। ਇਸ ਤਰਾ੍ਂ ਉਹ ਆਪਣੇ ਸਭ ਵਾਅਦਿਆਂ ਤੋਂ ਮੁਕਰਿਆ। ਓਸ ਵੇਲ਼ੇ ਮੁੱਖ ਤੇਰੇ ਦਾ ਭੁਲੇਖਾ ਪੈ ਗਿਆ। ਪੁੰਨਿਆ ਦਾ ਚੰਨ ਰਾਤੀਂ,ਮੈਂ ਜਦੋਂ ਸੀ ਵੇਖਿਆ। ਰਾਤ ਜੁਗਨੂੰ, ਚੰਦ ਤਾਰੇ, ਫੁੱਲ ਭੌਰੇ, ਰੋ ਪਏ, ਯਾਦ ਤੇਰੀ ਵਿੱਚ ਇਕੱਲਾ ਮੈਂ ਹੀ ਤਾਂ ਨਹੀਂ ਤੜਪਿਆ। ਤਿੜਕਣਾ ਸੀ,ਤਿੜਕਿਆ,ਉਹ ਟੁਕੜਿਆਂ ਵਿੱਚ ਵਟ ਗਿਆ। ਫੇਰ ਵੀ ਸੱਚ ਬੋਲਣੋ,ਸ਼ੀਸ਼ਾ ਕਦੇ ਨਾ ਉੱਕਿਆ। ਕੰਜਕਾਂ ਦੀ ਰੀਝ ਮੋਈ,ਪੀਂਘ ਵੀ ਤੜਪੀ ਉਦੋਂ, ਜਦ ਪੁਰਾਣੇ ਪਿੱਪਲ਼ਾਂ ਨੂੰ,ਲਾਲਚਾਂ ਨੇ ਪੁੱਟਿਆ। ਸਹਿਮਿਆ,ਨਾ ਥਿੜਕਿਆ,ਨਾ ਉਹ ਸਿਦਕ ਤੋਂ ਡੋਲਿਆ, ਜ਼ਾਲਮਾਂ ਨੇ ਜ਼ੋਰ ਲਾ ਕੇ,ਸੀ ਬਥੇਰਾ ਵੇਖਿਆ। ਸੰਤ ਨੇ ਬਣ ਕੇ ਸਿਪਾਹੀ ਚੁੱਕ ਲਈ ਤਲਵਾਰ ਜਦ, ਫਿਰ ਅੋਰੰਗੇ ਵਰਗਿਆਂ ਦਾ,ਵੀ ਸਿੰਘਾਸਣ ਡੋਲਿਆ। ਖਲਬਲੀ ਲਹਿਰਾਂ ਚ ਸੀ ਤੇ ਸੀ ਹਵਾ ਵੀ ਬਦਗੁਮਾਂ, ਜਰਜ਼ਰੀ ਕਿਸ਼ਤੀ ਮੇਰੀ ਪਰ ਫੇਰ ਵੀ ਮੈਂ ਤੁਰ ਪਿਆ। ‘ਤੂਰ’ ਜਿਸਦਾ ਦੇਰ ਤੋਂ ਮੈਂ ਕਰ ਰਿਹਾ ਸਾਂ ਇੰਤਜ਼ਾਰ, ਬੈਠਿਆ,ਨਾ ਬੋਲਿਆ,ਨਾ ਉਹ ਘੜੀ ਪਲ ਠਹਿਰਿਆ