Punjabi Poetry : Rajbeer Matta

ਪੰਜਾਬੀ ਕਵਿਤਾਵਾਂ : ਰਾਜਬੀਰ ਮੱਤਾ


ਗੁਆਚੇ ਸੂਰਜ ...

ਸੂਰਜ ਵਾਂਗ ਚਮਕਣ ਦੀ ਆਸ ਰੱਖਣ ਵਾਲਾ ਨੰਦੂ ਕਾ ਘੀਲਾ ਕਿਸ਼ਨੇ ਕਾ ਗੋਰਾ ਭੋਲੋ ਕੀ ਛਿੰਦੀ ਤੇ ਹੋਰ ਵੀ ਕਿੰਨੇ ਹੀ ਸਾਰੇ ਸਕੂਲਾਂ 'ਚ ਪੜ੍ਹਦੇ ਕੰਮੀਆਂ, ਕਿਸਾਨਾਂ ਦੇ ਬੱਚੇ ਜਾਂ ਤਾਂ ਘਰ ਦੀ ਕਬੀਲਦਾਰੀ ਕਾਰਨ ਜਾਂ ਭ੍ਰਿਸ਼ਟਾਚਾਰੀ ਤੇ ਰਿਸ਼ਵਤਖੋਰੀ ਕਾਰਨ ਇਕ ਦਿਨ ਆਪਣੇ ਸੁਪਨਿਆਂ ਸਮੇਤ ਬੱਦਲਾਂ ਹੇਠ ਆ ਜਾਣਗੇ ... ਪਰ ਫਿਰ ਵੀ ਇਹ ਜਿਓਣ ਦੀ ਆਸ ਨਾ ਛੱਡਦੇ ਹੋਏ ਤੁਹਾਨੂੰ ਦਿਸ ਹੀ ਪੈਣਗੇ ਕਿਸੇ ਖਾਲ ਦੀ ਵੱਟ ਘੜਦੇ ਜਾਂ ਆਪਣੀਆਂ ਤੋਕੜ ਮੱਝਾਂ ਲਈ ਘਾਹ ਖੋਤਦੇ ਹੋ ਸਕਦੈ ਤੁਹਾਨੂੰ ਮਿਲ ਹੀ ਜਾਵੇ ਕਿਤੇ ਨਾ ਕਿਤੇ ਨੰਦੂ ਕਾ ਘੀਲਾ ਮੋਢੇ 'ਤੇ ਡਰੰਮੀ ਚੱਕੀ ਆਪਣੇ ਓਸੇ ਲੀਡਰ ਬੇਲੀ ਦੇ ਖੇਤ 'ਚ ਜਿਹੜਾ ਕਦੇ ਘੀਲੇ ਦੇ ਕਲਾਸ 'ਚੋਂ ਫਸਟ ਆਉਣ 'ਤੇ ਉਹਨੂੰ ਚਿੜਾਉਂਦਾ ਹੋਇਆ ਕਹਿੰਦਾ ਹੁੰਦਾ ਸੀ ਕਿ ਸੀਰੀ ਤਾਂ ਤੂੰ ਸਾਡੇ ਹੀ ਰਲਣਾ ਏ ਤੇ ਤੁਹਾਨੂੰ ਇਹ ਸਾਰੇ ਹੀ ਗੁਆਚੇ ਸੂਰਜ ਕਿਤੇ ਨਾ ਕਿਤੇ ਲੱਭ ਹੀ ਜਾਣਗੇ ਖ਼ਾਲ ਦੀਆਂ ਵੱਟਾਂ ਤੋਂ ਘਾਹ ਖੋਤਦੇ , ਨੱਕੇ ਮੋੜਦੇ ਜਾਂ ਖਾਲ ਘੜਦੇ ... ਇਹ ਸਾਰੇ ਹੀ ਗੁਆਚੇ ਸੂਰਜ ...

ਸਾਡੀ ਕਵਿਤਾ ...

ਬਰਸੀਮ ਦੇ ਫੁੱਲਾਂ 'ਤੇ ਬੈਠੀਆਂ ਤਿਤਲੀਆਂ ਦੇ ਰੰਗ ਗਿਣਦੀ ... ਖ਼ਾਲ ਦੇ ਪਾਣੀ 'ਚ ਘਾਹ ਦੀਆਂ ਤਿੜਾਂ ਦੀ ਸਹਿਜਤਾ ਨੂੰ ਮਾਪਦੀ ... ਵੱਟਾਂ ਉੱਤੇ ਉੱਗੇ ਗਾਚੇ 'ਤੇ ਪਈਆਂ ਸ਼ਰਮਾਕਲ ਬੂੰਦਾਂ ਨਿਹਾਰਦੀ ... ਡੱਡੂਆਂ ਦੀ ਟਰੈਂ - ਟਰੈਂ ਨਾਲ਼ ਰੁੱਖਾਂ ਦੇ ਪੱਤਿਆਂ ਦਾ ਸਾਜ ਸੁਣਦੀ ... ਕਣਕਾਂ, ਕਪਾਹਾਂ , ਜਵਾਰਾਂ ਤੇ ਸਰਮਾਂ ਦੇ ਓਰਿਆਂ 'ਚ ਆਪ ਮੁਹਾਰੇ ਹੀ ਉੱਗ ਪੈਂਦੀ ਏ ਸਾਡੀ ਕਵਿਤਾ ... ਏਹਨੂੰ ਕਿਸੇ ਅਖ਼ਬਾਰ ਦੀ ਸੁਰਖੀ ਬਣਨ ਦਾ ਚਾਅ ਨਈਂ ਹੁੰਦਾ ... ਇਹ ਤਾਂ ਸਾਡੇ ਪਿੰਡ ਆਲੇ ਬਾਰੂ ਦੀ ਬਾਟੀ 'ਚੋਂ ਚਾਹ ਦਾ ਘੁੱਟ ਭਰਕੇ ਆਥਣ ਨੂੰ ਸੌ ਖੇਤ ਗਾਹ ਦਿੰਦੀ ਏ ... ਪਕੌੜੀਆਂ ਲਈ ਰੋਂਦੇ ਨਿਆਣਿਆਂ ਦੇ ਪਾਟੇ ਝੱਗਿਆਂ 'ਚੋਂ ਲਾਲੇ ਦੀ ਤੱਕੜੀ ਵਿਚਦੀ ਹੁੰਦੀ ਹੋਈ ਪਹੁੰਚ ਜਾਂਦੀ ਏ ਰੋਡੂ ਕੀ ਚੱਕੀ 'ਤੇ ਆਟਾ ਬਣਨ ... ਤੇ ਅਗਲੇ ਦਿਨ ਫਿਰ ਲਾਲੇ ਦੀ ਹੱਟੀ 'ਤੇ ਆ ਕੇ ਸਾਡੀਆਂ ਝੋਲੀਆਂ 'ਚ ਪੈ ਜਾਂਦੀ ਏ ਸਾਡੇ ਸਾਹਾਂ ਨਾਲ ਸਾਂਝ ਪਾਉਂਦੀ ਸਾਡੇ ਲਹੂ 'ਚ ਰਚ ਜਾਂਦੀ ਏ ... ਸਾਡਿਆਂ ਘਰਾਂ , ਪਿੰਡਾਂ ਤੇ ਖੇਤਾਂ 'ਚ ਕਣਕਾਂ, ਕਪਾਹਾਂ ਦੇ ਓਰਿਆਂ 'ਚ ਆਪ ਮੁਹਾਰੇ ਹੀ ਉੱਗ ਪੈਂਦੀ ਏ ... ਸਾਡੀ ਕਵਿਤਾ....

ਪੌਣ

ਆਵੀਂ ਸਾਡੇ ਵਿਹੜੇ ਝੱਲੀਏ ਪੌਣੇਂ ਨੀਂ ਮੱਥੇ ਉੱਤੇ ਉੱਕਰੇ ਨਕਸ਼ ਦਿਖਾਵਾਂਗੇ । ਹੁੰਦਾ ਕਿੰਝ ਗੁਜ਼ਾਰਾ ਭੁੱਖੇ ਢਿੱਡਾਂ ਦਾ ਪੋਣੇ ਬੱਧੇ ਸੁੱਕੇ ਟੁੱਕ ਖਵਾਵਾਂਗੇ । ਘੜੀ-ਮੁੜੀ ਕਿੰਝ ਮਰਦੇ ਸੁਪਨੇ ਦੇਖੀਂ ਤੂੰ ਸਿੱਟੇ ਚੁਗਦਾ ਬਚਪਨ ਦੇਖਣ ਜਾਵਾਂਗੇ । ਯਾਦ ਕਰੇਗੀ ਤੂੰ ਵੀ ਸਾਡੇ ਜ਼ੇਰਿਆਂ ਨੂੰ ਅੱਖਾਂ ਵਿਚਲੇ ਹੰਝੂਆਂ 'ਚੋਂ ਮੁਸਕਾਵਾਂਗੇ । ਮਾਰ ਲੈ ਬੁੱਕਲ ਛੇਤੀ ਮੋਟੇ ਕੰਬਲ ਦੀ ਪੋਹ ਦੀ ਰਾਤੇ ਪਾਣੀ ਲਾਵਣ ਜਾਵਾਂਗੇ । ਆਸ ਮਰੀ ਨਾ ਸਾਡੀ ਹਾਲੇ ਜਿਉਂਦੀ ਏ ਇਕ ਦਿਨ ਤੈਥੋਂ ਉੱਚਾ ਉੱਡ ਦਿਖਾਵਾਂਗੇ । ਦੇਖੀਂ ਕਿੱਦਾਂ ਚੜ੍ਹਦੇ ਸੇਕੇ ਧੁੱਪਾਂ ਨੂੰ ਭਖ਼ਦੇ ਸੂਰਜ ਕੋਲੋਂ ਗੀਤ ਗਵਾਵਾਂਗੇ ।

ਮੌਲ਼ੀਆਂ,ਧਾਗੇ, ਤਵੀਤ

ਮੌਲ਼ੀਆਂ,ਧਾਗੇ, ਤਵੀਤ ਕਿੰਨੇ ਹੀ ਬੰਨ੍ਹੇ ਪੀਰਾਂ ਦੀਆਂ ਮਜ਼ਾਰਾਂ ਤੋਂ ਇਹ ਤੇਰੇ ਇਸ਼ਕ ਦਾ ਤਾਪ ਹੈ ਕਿ ਉਤਰਣ ਦਾ ਨਾਂ ਨਹੀਂ ਲੈਂਦਾ ...

ਤੇਰੇ ਚੱਲਣ ਨਾਲ਼ ਚੱਲਦੀ ਹੈ

ਤੇਰੇ ਚੱਲਣ ਨਾਲ਼ ਚੱਲਦੀ ਹੈ ਇਹ ਮਹਿਕਦੀ ਹਵਾ ਤੇਰੇ ਛੋਹਣ ਨਾਲ਼ ਪਾਣੀ ਦਾ ਵੀ ਇਸ਼ਨਾਨ ਹੋ ਜਾਂਦਾ ਏ ...

ਮੁਹੱਬਤ

ਮੁਹੱਬਤ ਚਾਹ ਵਰਗੀ ਹੁੰਦੀ ਏ ਜੋ ਹਮੇਸ਼ਾਂ ਸਹਿਜਤਾ ਨਾਲ਼ ਪੀਣ 'ਤੇ ਹੀ ਲੁਤਫ਼ ਦਿੰਦੀ ਏ ਕਾਹਲ ਵਿਚ ਤਾਂ ਬੁੱਲ੍ਹ ਹੀ ਸੜਦੇ ਨੇ ..

ਮੈਂ ਸ਼ੀਸ਼ਾ ਦੇਖਦਾ

ਮੈਂ ਸ਼ੀਸ਼ਾ ਦੇਖਦਾ ਸ਼ੀਸ਼ਾ ਮੈਨੂੰ ਦੇਖਦਾ ਦੋਹਾਂ ਦੇ ਸੰਵਾਦ 'ਚ ਸ਼ੀਸ਼ਾ ਤਿੜਕਣ ਲੱਗਦਾ ਤੇ ਮੈਨੂੰ ਮੇਰੇ ਅੰਦਰਲਾ ਸੱਚ ਡਰਾਉਣ ਲੱਗਦਾ ਬਾਹਰ ਦਰਵਾਜ਼ਾ ਖੜਕਦਾ ਮੈਂ ਸ਼ੀਸ਼ੇ ਦੀਆਂ ਤੇੜਾਂ ਢਕਣ ਲੱਗਦਾ ..

ਹੋਰ ਕਿਸੇ ਗ੍ਰਹਿ ਤੋਂ ਆਏ ਹੋਣੇ ਨੇ

ਹੋਰ ਕਿਸੇ ਗ੍ਰਹਿ ਤੋਂ ਆਏ ਹੋਣੇ ਨੇ ਉਹ ਮੂਰਖ ਲੋਕ ਜੋ ਗਿਰਜੇ ਨੂੰ ਮੰਦਾ ਬੋਲਦੇ ਮਸਜਿਦਾਂ ਢਾਹੁੰਦੇ ਮੰਦਰ ਸਾੜਦੇ ਤੇ ਪਵਿੱਤਰ ਗ੍ਰੰਥ ਪਾੜਦੇ ਸਾਦੇ ਲੋਕ ਤਾਂ ਇੱਟਾਂ ਨੂੰ ਕੀਤੇ ਚਿੱਟੇ ਰੰਗਾਂ ਨੂੰ ਸਲਾਮ ਕਰਦੇ ਕਾਗਜ਼ ਤੇ ਲਿਖੇ ਅਣਜਾਨ ਸ਼ਬਦਾਂ ਨੂੰ ਪੈਰਾਂ ਵਿਚੋਂ ਚੁੱਕ ਮੱਥੇ ਲਾਉਂਦੇ ਤੇ ਸ਼ੁਕਰ ਕਰਦੇ ਵਿੱਦਿਆ ਪੜ੍ਹਾਈ ਦਾ ...

ਸਾਡੀ ਭਾਸ਼ਾ ...

ਹਲੇ ਤਾਂ ਇਹ ਜਿਉਂਦੀ ਐ ਗੁਰੂਆਂ ਦੇ ਨਾਂਅ 'ਤੇ ਪੀਰਾਂ-ਪੈਗੰਬਰਾਂ, ਫ਼ਕੀਰਾਂ ਦੇ ਨਾਂਅ 'ਤੇ ਪੰਜ ਦਰਿਆਵਾਂ ਦੀ ਧਰਤੀ ਦੇ ਨਾਂਅ 'ਤੇ ਤੇ ਇਹ ਜਿਉਂਦੀ ਹੀ ਰਹੇਗੀ ਜਦੋਂ ਤਕ ਸਾਡੇ ਕੰਨਾਂ 'ਚ ਬਾਬੇ ਨਾਨਕ ਦੀ 'ਜਪੁਜੀ' ਗੂੰਜਦੀ ਰਹੇਗੀ, ਸਾਡੀਆਂ ਅੱਖਾਂ ਗੁਰੂ ਅਰਜਨ ਦੀ 'ਸੁਖਮਨੀ' ਦਾ ਸੁੱਖ ਨਿਹਾਰਨਗੀਆਂ ਤੇ ਸ਼ੱਕਰਗੰਜ਼ ਦੇ ਸ਼ੱਕਰ ਵਰਗੇ ਸਲੋਕਾਂ ਦਾ ਸਵਾਦ ਜਦੋਂ ਤਕ ਸਾਡੇ ਹੋਠਾਂ 'ਤੇ ਰਹੇਗਾ ਜਿਉਂਦੀ ਰਹੇਗੀ ਸਾਡੀ ਭਾਸ਼ਾ ...

ਕੋਈ ਕਹਿੰਦਾ

ਕੋਈ ਕਹਿੰਦਾ ਹਿੰਦੁਸਤਾਨ ਨੂੰ ਖਤਰਾ ਕੋਈ ਖਤਰਾ ਕਹੇ ਪੰਜਾਬ ਨੂੰ ਤੇ ਕੋਈ ਫਿਕਰ ਕਰਦਾ ਸੰਸਾਰ ਦੀ ਪਰ ਮੇਰੇ ਸਿਰ 'ਤੇ ਲੱਦਿਆ ਭਾਰ ਦਸਦਾ ਕਿ ਮੈਨੂੰ ਫਿਕਰ ਮੇਰੇ ਰੁਜ਼ਗਾਰ ਦੀ ..

ਨਾਨਕ

ਨਾਨਕ 'ਕੱਲਾ ਤੁਰਿਆ ਸੀ ਚੌਹਾਂ ਕੂਟਾਂ 'ਚ ਸਰਬੱਤ ਦੇ ਭਲੇ ਲਈ ਅਕਲ ਵੰਡਣ ਪਿਆਰ ਦਾ ਸੁਨੇਹਾ ਦੇਣ ਬਹੁਤ ਸਾਰੇ ਲੋਕਾਂ ਨੇ ਝੋਲੀਆਂ ਭਰੀਆਂ ਸੱਜਣ ਠੱਗ , ਲਾਲੋ ਤੇ ਭਾਗੋ ਵਰਗਿਆਂ ਨੇ ਵਿਸ਼ਵਾਸ਼ ਜਾਗਿਆ ਉਨ੍ਹਾਂ 'ਚ ਅਕਾਲ ਪੁਰਖ ਨੂੰ ਪਛਾਨਣ ਦਾ ਕੋਸ਼ਿਸ਼ ਕੀਤੀ ਉਨ੍ਹਾਂ ਨੇ ਤੀਜਾ ਨੇਤਰ ਖੋਲ੍ਹਣ ਦੀ ਤੇ ਤਰ ਗਏ ਭਵਸਾਗਰ .. .. .. ਅਸੀਂ ਮੂੜ-ਮੱਤ ਲੜਦੇ ਰਹਿ ਗਏ ਧਰਮਾਂ ਦੀ ਖਾਤਰ .. .. .. ਅੰਤ ਜਦ ਜਾਂਦੇ ਸਮੇਂ ਵੀ ਨਾਨਕ ਨੇ ਸਵਰਗ ਦੇ ਦਰਵਾਜ਼ੇ ਖੋਲ੍ਹੇ ਸਾਡੇ ਲਈ ਤਾਂ ਵੀ ਅਸੀਂ ਮੂਰਖ ਚਾਦਰ ਪਿੱਛੇ ਲੜ ਪਏ ਮੇਰੀ-ਮੇਰੀ ਕਹਿ ਤੇ ਅੱਜ ਤੱਕ ਲੜਦੇ ਹੀ ਆ ਰਹੇ ਆ ਧਰਮਾਂ ਦੀ ਖਾਤਰ .. .. .. ਬੇ-ਅਦਬੀ ਕਰਦੇ ਹਾਂ ਅਸੀਂ ਧਾਰਮਿਕ ਪੁਸਤਕਾਂ ਦੀ ਪੰਨੇ ਪਾੜ ਕੇ .. .. .. ਭੁੱਲ ਗਏ ਹਾਂ ਅਸੀਂ ਕਿ ਨਾਨਕ 'ਕੱਲਾ ਤੁਰਿਆ ਸੀ ਘਰ-ਪਰਿਵਾਰ ਤਿਆਗ ਧਰਮਾਂ ਦੇ ਪਾੜੇ ਦੂਰ ਕਰਨ ਮਾਨਵਤਾ ਨੂੰ ਉੱਚਾ ਚੁੱਕਣ .. .. .. ਤੇ ਅਸੀਂ ਧਰਮਾਂ ਦੇ ਚੱਕਰਾਂ 'ਚ ਉਲਝ ਗਲੀਆਂ 'ਚ ਰੋਲ ਦਿੱਤਾ ਏ ਮਾਨਵਤਾ ਨੂੰ ਆਪਣੇ ਘਰਾਂ ਨੂੰ ਬੰਨਣ ਖਾਤਰ .. .. .. ਕਿੰਨਾ ਕੁ ਨੇੜੇ ਆ ਅਸੀਂ ਨਾਨਕ ਦੇ .. .. ??

ਮਾਨਵਤਾ ਦਾ ਘਾਣ ਹੋ ਰਿਹਾ

ਮਾਨਵਤਾ ਦਾ ਘਾਣ ਹੋ ਰਿਹਾ ਹਰ ਥਾਂ ਹੀ ਸ਼ਮਸ਼ਾਨ ਹੋ ਰਿਹਾ । ਲੋਕ ਲੋਕਾਈ ਸਮਝ ਨਾ ਆਵੇ ਹਰ ਬੰਦਾ ਬੇਈਮਾਨ ਹੋ ਰਿਹਾ । ਟੁੱਟਦੇ ਘਰ , ਤਿੜਕਦੇ ਸੁਪਨੇ ਕਿਰਤੀ ਹੁਣ ਪ੍ਰੇਸ਼ਾਨ ਹੋ ਰਿਹਾ । ਇਹ ਆਉਂਦੇ - ਜਾਂਦੇ ਰਾਹੀਂ ਪੁੱਛਣ ਕਿਉਂ ਰਸਤਾ ਬੇਜ਼ਾਨ ਹੋ ਰਿਹਾ । ਪੰਛੀਆਂ ਤਾਈਂ ਰੁੱਖ ਨਾ ਲੱਭਣ ਕੁਦਰਤ ਦਾ ਅਪਮਾਨ ਹੋ ਰਿਹਾ । ਰਿਸ਼ਤਿਆਂ ਦੀ ਥਾਂ ਸਿੱਕੇ ਪੂਜੇ ਬੰਦਾ ਸਵਾਰਥਵਾਨ ਹੋ ਰਿਹਾ । ਆਉਂਦਾ ਜਾਂਦਾ ਸਾਹ ਵੀ ਘੁੱਟੇ ਵਾਤਾਵਰਨ ਕਹਿਰਵਾਨ ਹੋ ਰਿਹਾ । ਕਦੇ ਘਾੜਤ ਕਦੇ ਬੰਦਾ ਤੱਕੇ ਰੱਬ ਖ਼ੁਦ 'ਤੇ ਹੈਰਾਨ ਹੋ ਰਿਹਾ ।

ਪੀਰ ,ਗੂਰੁ ,ਪੈਗੰਬਰ ਮਾਵਾਂ

ਪੀਰ ,ਗੂਰੁ ,ਪੈਗੰਬਰ ਮਾਵਾਂ ਪਾਣੀ ,ਧਰਤੀ ,ਅੰਬਰ ਮਾਵਾਂ ... ਸਿਰ ਆਪਣੇ 'ਤੇ ਲੈਣ ਬਲਾਵਾਂ ... ਸਾਨੂੰ ਦਿੰਦੀਆਂ ਰੋਜ਼ ਦੁਆਵਾਂ ... ਮਾਂ ਦੇ ਹੁੰਦਿਆਂ ਡਰਨਾ ਕਾਹਦਾ ਲੱਗਣ ਦੇਣ ਨਾ ਤੱਤੀਆਂ 'ਵਾਵਾਂ ਕਮਲੇ ਤੀਰਥ ਨਹਾਵਣ ਚੱਲੇ ਬੁੱਢੀਆਂ ਘਰ ਵਿਚ ਛੱਡ ਕੇ ਮਾਵਾਂ ... ਜਿਸ ਘਰ ਮਾਂ ਸਤਿਕਾਰੀ ਜਾਵੇ ਰੱਬ ਵੀ ਪੂਜੇ ਐਸੀਆਂ ਥਾਵਾਂ ... ਜਸ ਜਿਨਾਂ ਵਿਚ ਮਾਂ ਦਾ ਹੁੰਦਾ ਪੈਗੰਬਰਾਂ ਪੜ੍ਹੀਆਂ ਉਹ ਕਵਿਤਾਵਾਂ ਰੱਬ ਧਰਤੀ 'ਤੇ ਆਉਣਾ ਲੋਚੇ ਲੱਭਦਾ ਫਿਰੇ ਮਾਂ ਦਾ ਸਿਰਨਾਵਾਂ ਬਾ-ਕਮਾਲ ਏ ਮਾਂ ਦਾ ਸਾਇਆ ਧੁੱਪਾਂ ਵੀ ਬਣ ਜਾਵਣ ਛਾਵਾਂ ...

ਕਣਕ/ਕਿਸਾਨ-ਮਜ਼ਦੂਰ .... ਬਨਾਮ ਬੱਦਲ

ਵਰ੍ਹਣਾ ਏ ਤਾਂ ਵਰ੍ਹ ਬੱਦਲਾਂ ਤੂੰ ਕਿਉਂ ਡਰਾਈ ਜਾਨਾਂ ਏ ਏਸ ਵਰ੍ਹੇ ਜੋ ਲਾਈ ਫਸਲ 'ਤੇ ਆਸ ਮੁਕਾਈ ਜਾਨਾਂ ਏ ਪਹਿਲਾਂ ਤਾਂ ਸ਼ਾਹੂਕਾਰ ਸੀ 'ਕੱਲਾ ਗੱਲ ਨੂੰ ਵੱਢਣ ਪੈ ਜਾਂਦਾ ਹੁਣ ਜਾਪੇ ਤੂੰ ਨਾਲ ਹੈ ਰਲਿਆ ਕਹਿਰ ਹੀ ਢਾਈ ਜਾਨਾਂ ਏ ਜਦ ਸੀ ਦੇਖੇ ਖੇਤ ਸੁਨਿਹਰੀ ਜਾਪੇ ਸੋਨਾ ਉੱਗ ਪਿਆ ਮਿੰਟਾਂ ਵਿੱਚ ਕਿਉਂ ਖੜ੍ਹੀ ਫਸਲ ਦਾ ਸੱਥਰ ਵਿਛਾਈ ਜਾਨਾਂ ਏ ਵੱਢ ਲੈਣ ਦੇ ਕੱਢ ਲੈਣ ਦੇ ਮੰਡੀ ਦੇ ਵਿਚ ਤੁੱਲ ਜਾਣ ਦੇ ਡਰ ਦੀ ਚੂੜੀ ਸਾਡੇ ਵੱਲ ਕਿਉਂ ਕਸੀ - ਕਸਾਈ ਜਾਨਾਂ ਏ ਕਾਲ਼ੀ ਬੋਲ਼ੀ ਘਟਾ ਚੜ੍ਹਾ ਕੇ ਵਿਚੋਂ ਬਿਜਲੀ ਨੂੰ ਲਿਸ਼ਕਾ ਕੇ ਸਾਡੀਆਂ ਰੀਝਾਂ - ਸੱਧਰਾਂ ਨੂੰ ਕਿਉਂ ਦਫ਼ਨਾਈ ਜਾਨਾਂ ਏ ...

ਸੁਣ ਕੁੜੀਏ ਕਵਿਤਾਵਾਂ ਵਰਗੀਏ ...

ਚੰਨ ਨਾਲ ਗੱਲਾਂ ਕਰਿਆ ਨਾ ਕਰ ਤਲੀ ਤੇ ਤਾਰੇ ਧਰਿਆ ਨਾ ਕਰ ਸੱਜਰੇ ਸੂਹੇ ਚਾਵਾਂ ਵਰਗੀਏ ਸੁਣ ਕੁੜੀਏ ਕਵਿਤਾਵਾਂ ਵਰਗੀਏ ... ਪੰਛੀਆਂ ਦੀ ਚੀਂ-ਚੀਂ ਸੁਣਿਆ ਕਰ ਰਾਗ ਮੁਹੱਬਤੀ ਬੁਣਿਆ ਨਾ ਕਰ ਰੋਜ਼ ਮਹਿਕਦੇ ਸਾਹਾਂ ਵਰਗੀਏ ਸੁਣ ਕੁੜੀਏ ਕਵਿਤਾਵਾਂ ਵਰਗੀਏ ... ਬੜਾ ਹੀ ਔਖਾ ਇਸ਼ਕ ਦਾ ਪੈਂਡਾ ਇਨ੍ਹੀਂ ਰਾਹੀਂ ਮੁੜਿਆ ਨਾ ਕਰ ਪੱਛੋਂ ਦੀ ਪੌਣ ਘਟਾਵਾਂ ਵਰਗੀਏ ਸੁਣ ਕੁੜੀਏ ਕਵਿਤਾਵਾਂ ਵਰਗੀਏ ... ਪਾਣੀ 'ਤੇ ਲੀਕਾਂ ਵਾਹਿਆ ਨਾ ਕਰ 'ਸ਼ਿਵ' ਦੇ ਗੀਤ ਵੀ ਗਾਇਆ ਨਾ ਕਰ ਗੂੜੀਆਂ ਮਿੱਠੀਆਂ ਛਾਵਾਂ ਵਰਗੀਏ ਸੁਣ ਕੁੜੀਏ ਕਵਿਤਾਵਾਂ ਵਰਗੀਏ ... ਮਾਂ ਦੀ ਅੱਖ ਦੀ ਘੂਰ ਤੋਂ ਡਰ ਕੇ ਪਿਓ ਦੀ ਅਣਖ ਦਾ ਪਰਦਾ ਕਰਕੇ ਵੀਰ ਛੋਟੇ ਲਈ ਭਰਾਵਾਂ ਵਰਗੀਏ ਸੁਣ ਕੁੜੀਏ ਕਵਿਤਾਵਾਂ ਵਰਗੀਏ ... ਮਾਣਿਆ ਕਰ ਚੜ੍ਹਦੇ ਲਾਲੀ ਢਲਦੇ ਵੱਲ ਨਾ ਤੱਕਿਆ ਕਰ ਪੌਣਾ ਅਤੇ ਫ਼ਿਜ਼ਾਵਾਂ ਵਰਗੀਏ ਸੁਣ ਕੁੜੀਏ ਕਵਿਤਾਵਾਂ ਵਰਗੀਏ ... ਚੰਨ ਨਾਲ ਗੱਲਾਂ ਕਰਿਆ ਨਾ ਕਰ ਤਲੀ ਤੇ ਤਾਰੇ ਧਰਿਆ ਨਾ ਕਰ.....

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਰਾਜਬੀਰ ਮੱਤਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ