Punjabi Poetry : Pritam Singh Dardi

ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ : ਪ੍ਰੀਤਮ ਸਿੰਘ ਦਰਦੀ



1. ਯਾਦ ਕਰਾਂ ਮੈਂ ਬਾਤਾਂ ਤੇਰੇ ਸ਼ਹਿਰ ਦੀਆਂ

ਯਾਦ ਕਰਾਂ ਮੈਂ ਬਾਤਾਂ ਤੇਰੇ ਸ਼ਹਿਰ ਦੀਆਂ। ਵੇਖ ਲਈਆਂ ਪ੍ਰਭਾਤਾਂ ਤੇਰੇ ਸ਼ਹਿਰ ਦੀਆਂ। ਨਫਰਤ, ਕੀਨਾ, ਹੱਸਦ,ਤੁਅਸਬ,ਫਿਰਕੂ- ਪਨ, ਭੰਗੜੇ ਪਾਉਣ ਬਰਾਤਾਂ ਤੇਰੇ ਸ਼ਹਿਰ ਦੀਆਂ। ਦਿਨੇ ਦੁਪਹਿਰੇ ਨੱਚਦੀ ਮੌਤ ਬਜ਼ਾਰਾਂ ਵਿੱਚ, ਲਹੂ ਰੰਗੀਆਂ ਸੌਗਾਤਾਂ ਤੇਰੇ ਸ਼ਹਿਰ ਦੀਆਂ। ਅੱਗ ਵਰ੍ਹਦੀ ਹੈ ਵੇਖ ਕਿਵੇਂ ਆਕਾਸ਼ਾਂ ਵਿੱਚ, ਕਿਹੋ ਜਿਹੀਆਂ ਬਰਸਾਤਾਂ ਤੇਰੇ ਸ਼ਹਿਰ ਦੀਆਂ। ਫੁੱਲਾਂ ਵਰਗੇ ਜੋਬਨ ਰੁਲਦੇ ਕਈ ਤੱਕੇ ਮੈਂ ਜਦ, ਕੰਡਿਆਂ ਵਰਗੀਆਂ ਰਾਤਾਂ ਤੇਰੇ ਸ਼ਹਿਰ ਦੀਆਂ। ‘ਦਰਦੀ’ ਏਥੇ ਲੋਕ ਨਿਕੇ ਨਿਕੇ ਕੱਦ ਵਾਲੇ, ਔਰ ਉੱਚੀਆਂ ਉੱਚੀਆਂ ਜਾਤਾਂ ਤੇਰੇ ਸ਼ਹਿਰ ਦੀਆਂ।

2. ਯਾਦ ਆ ਜਾਂਦੀ ਹੈ ਜਦ ਵੀ

ਯਾਦ ਆ ਜਾਂਦੀ ਹੈ ਜਦ ਵੀ ਯਾਦ ਉਸ ਦਿਲਦਾਰ ਦੀ। ਗੱਲ ਮੂੰਹ ਤੋਂ ਨਿਕਲ ਜਾਂਦੀ ਏ ਕਿਸੇ ਦੇ ਪਿਆਰ ਦੀ। ਜਦ ਕਦੀ ਦੀਵਾਰ ਤੇ ਪਾਂਵਾਂ ਮੈਂ ਰੋ ਰੋ ਔਂਸੀਆਂ, ਹਰ ਵਗੀ ਹੋਈ ਲੀਕ ਰਸਤਾ ਰੋਕਦੀ ਜਿੰਦ ਠਾਰਦੀ। ਨਿੱਤ ਮੈਂ ਸਜਾਵਾਂ ਜ਼ਿੰਦਗੀ ਨੂੰ ਜੀਉਣ ਜੋਗਾ ਕਰਨ ਲਈ, ਪਰ ਮੌਤ ਰਹੀ ਰਾਹਾਂ ਤੇ ਹਰ ਰੋਜ਼ ਵਾਜਾਂ ਮਾਰਦੀ। ਹਰ ਰੋਜ਼ ਦੀ ਅਖਬਾਰ ਮੈਨੂੰ ਦਿਨ ਚੜ੍ਹੇ ਇਹ ਦੱਸਦੀ, ਕਿ ਦਸ਼ਾ ਮਾੜੀ ਹੋ ਰਹੀ ਹੈ ਦਿਨੋ ਦਿਨ ਬੀਮਾਰ ਦੀ। ਬਸ ਕਰੋ ਹੁਣ ਬਸ ਕਰੋ ਹੁਣ ਰਸਤਾ ਨਬੇੜੋ ਦਰਦੀਓ, ਜਿੰਦ ਦੀ ਮਿਜ਼ਰਾਬ ਤੇ ਕੋਈ ਤਾਰ ਛੇੜੋ ਪਿਆਰ ਦੀ।

3. ਨਦੀ ਸੂਕਦੀ ਜਾਪਦੀ ਏ

ਨਦੀ ਸੂਕਦੀ ਜਾਪਦੀ ਏ,ਹਿਤ ਦੀ ਮੋਹ ਪਿਆਰ ਦੀ। ਕੁਝ ਮੂਕ ਹੁੰਦੇ ਜਾਪਦੇ,ਉੱਚੇ ਅਲੂੰਬੇ ਅੱਗ ਦੇ, ਪਰ ਸ਼ੂਕਦੀ ਹੈ ਨਦੀ ਏਥੇ ਤੇਜ਼ ਭ੍ਰਸ਼ਟਾ ਚਾਰ ਦੀ। ਪਤਾ ਨਹੀ ਲਗਦਾ ਕਿ ਕੀ ਮਰਜ਼ੀ ਮੇਰੀ ਸਰਕਾਰ ਦੀ। ਟੁੱਟਦਾ ਹੈ ਨਿਸ ਦਿਨ ਜਾਪਦਾ ਮੈਨੂੰ ਘਰੋਂਦਾ ਵਤਨ ਦਾ, ਜਾਂ ਕਮ-ਅਕਲੀ ਆਰ ਦੀ ਜਾਂ ਸਮਝਦਾਰੀ ਪਾਰ ਦੀ। ਅੱਗ ਲਾਈ ਸੰਸਾਰ ਵਿਚ ਚਾਰ ਬਲਦੇ ਜੁਗਨੂਆਂ, ਨੀਹਾਂ ਦੇ ਹੇਠਾਂ ਰੱਖ ਕੇ ਧੁਖਦੀ ਸ਼ਿਲਾ ਅੰਗਿਆਰ ਦੀ। ਮੰਦਰ ਤੇ ਮਸਜਦ ਨੂੰ ਇੱਕ ਤਾਪ ਚੜ੍ਹਿਆ ਜਾਪਦੈ, ਹਰ ਰੋਜ਼ ਵਿਗੜਦੀ ਜਾ ਰਹੀ ਤਕਦੀਰ ਇਸ ਬੀਮਾਰ ਦੀ। ‘ਦਰਦੀ’ ਹਸ਼ਰ ਦੇ ਸਮੇਂ ਲੇਖਾ ਤਾਂ ਦੇਣਾ ਪਵੇਗਾ, ਕਿਸੇ ਕਰਨੀ ਰਈ ਨਹੀਂ ਬ੍ਰਹਮਣ ਦੀ ਜਾਂ ਚਮਿਆਰ ਦੀ।

4. ਪਿਆਰ ਉਨ੍ਹਾਂ ਦਾ ਫੜਦੇ ਫੜਦੇ

ਪਿਆਰ ਉਨ੍ਹਾਂ ਦਾ ਫੜਦੇ ਫੜਦੇ, ਕੰਡਿਆਂ ਦੇ ਨਾਲ ਅੜਦੇ ਅੜਦੇ। ਇਸ਼ਕ ਦੀ ਮੰਜ਼ਲ ਪਹੁੰਚ ਗਏ ਹਾਂ, ਹੌਲੀ ਹੌਲੀ ਚੜ੍ਹਦੇ ਚੜ੍ਹਦੇ। ਹੱਥ ਆ ਗਈ ਅਰਸ਼ਾਂ ਦੀ ਕੰਨੀ, ਉਨ੍ਹਾਂ ਦੀ ਚੁੰਨੀ ਫੜਦੇ ਫੜਦੇ। ਇਸ਼ਕ ਦੀ ਅੱਗ ਸੀ ਚਾਰ ਚੁਫੇਰੇ, ਉਨ੍ਹਾਂ ਬਚਾਇਆ ਸੜਦੇ ਸੜਦੇ। ਅੰਤ ਉਨ੍ਹਾਂ ਨੇ ਪਿਆਰ ਜਤਾਇਆ, ਸੱਜਣ ਬਣ ਕੇ ਸੜਦੇ ਸੜਦੇ। ਗੈਰਾਂ ਦੇ ਵੱਲ ਸਾਨੂੰ ਲੈ ਗਏ, ਆਪਣੇ ਘਰ ਵੱਲ ਖੜਦੇ ਖੜਦੇ। ਸਾਡਾ ਵੀ ਦਿਲ ਤੋੜ ਗਏ ਉਹ, ਆਪਣੇ ਦਿਲ ਨੂੰ ਜੜਦੇ ਜੜਦੇ। ਇਸ਼ਕ ਦੀ ਸਿਖਰੇ ਇਉਂ ਪਹੁੰਚੀਦਾ ਏ, ਹੁਸਨ ਦਾ ਸੂਰਜ ਚੜ੍ਹਦੇ ਚੜ੍ਹਦੇ।

5. ਸਿਆਸਤ ਦਾਨ ਸਿਆਸਤ ਦੀ ਮੜ੍ਹੀ ਉੱਤੇ

ਸਿਆਸਤ ਦਾਨ ਸਿਆਸਤ ਦੀ ਮੜ੍ਹੀ ਉੱਤੇ, ਮਹਿਲ ਹਉਂ ਹੰਕਾਰ ਦਾ ਪਾਉਣ ਲਗ ਪਏ। ਰੋਟੀ ਖੋਹ ਕੇ ਮਾਸੂਮਾਂ ਦੇ ਮੂੰਹ ਵਿੱਚੇ, ਆਪਣੀ ਮਾਇਆ ਦੀ ਹਵਸ ਮਿਟਾਉਣ ਲੱਗ ਪਏ। ਰਾਵਣ ਬਦਲ ਕੇ ਭੇਸ ਪਾਖੰਡ ਦੱਸ ਕੇ, ਕਪਟੀ ਨੇ ਰਾਮ ਦੀ ਸ਼ੋਭਾ ਸੁਣਾਉਣ ਲਗ ਪਏ। ਚਾਤਰ ਲੋਕ ਚਤਰਾਈ ਦੇ ਅੱਖੀਆਂ ਚੋਂ, ਗਲੈਸਰੀਨ ਦੇ ਹੰਝੂ ਵਹਾਉਣ ਲੱਗ ਪਏ।

6. ਮੈਂ ਜ਼ਿੰਦਗੀ ਦੀ ਬਾਜ਼ੀ ਯਾਰੋ ਹਾਰ ਗਿਆ

ਮੈਂ ਜ਼ਿੰਦਗੀ ਦੀ ਬਾਜ਼ੀ ਯਾਰੋ ਹਾਰ ਗਿਆ।. ਜੋ ਆਇਆ ਨਜ਼ਦੀਕ ਦੋ ਢੀਮਾਂ ਮਾਰ ਗਿਆ। ਉਸ ਦਾ ਕੋਮਲ ਪਿੰਡਾ ਭਖਿਆ ਭਖਿਆ ਸੀ, ਛੁਹਿਆ ਸਾਡੇ ਨਾਲ ਤਾਂ ਪਿੰਡਾ ਠਾਰ ਗਿਆ। ਆਇਆ ਸੀ ਵਰ ਦੇਣ ਜੋ ਸਾਨੂੰ ਜ਼ਿੰਦਗੀ ਦਾ, ਜ਼ਿੰਦਗੀ ਦਾ ਉਹ ਪਹਿਲਾ ਰੰਗ ਉਤਾਰ ਗਿਆ। ਸੁਹਣਾ ਸੀ ਖੁਸ਼ਦਿਲ ਸੀ ਮੂੰਹ ਦਾ ਮਿੱਠਾ ਸੀ, ਗੱਲੀਂ ਬਾਤੀਂ ਸਜਣ ਸਾਨੂੰ ਚਾਰ ਗਿਆ।

7. ਲੰਮੀਂ ਉਮਰ ਦੀ ਕਾਮਨਾਂ ਚਿੱਤ ਰੱਖ ਕੇ

ਲੰਮੀਂ ਉਮਰ ਦੀ ਕਾਮਨਾਂ ਚਿੱਤ ਰੱਖ ਕੇ, ਲੋਕ ਕਬਰਾਂ ਤੇ ਮਹਿਲ ਉਸਾਰਦੇ ਨੇ। ਬੇਈ ਮਾਨੀ ਦੇ ਢੇਰ ਤੇ ਖੜੇ ਹੋ ਕੇ, ਅੱਲਾ ਵਾਹਿਗੁਰੂ ਰਾਮ ਪੁਕਾਰਦੇ ਨੇ। ਕੁਫਰ ਨਾਲ ਵਿਆਹੇ ਹੋਏ ਦੋਸਤਾਂ ਦੇ, ਨਿਸ ਦਿਨ ਆਰਤੀ ਯਾਰ ਉਤਾਰਦੇ ਨੇ। ਖਾ ਕੇ ਮਜ਼੍ਹਬੀ ਤੁਅਸਬ ਦੀ ਜ਼ਹਿਰ ‘ਦਰਦੀ’ ਲੋਕੀਂ ਆਪਣੇ ਆਪ ਨੂੰ ਮਾਰਦੇ ਨੇ।

8. ਮੈਂ ਆਪਣੇ ਘਰ ਚੱਲੀ

ਮੈਂ ਆਪਣੇ ਘਰ ਚੱਲੀ, ਨੀਂ ਮੈਨੂੰ ਜਾਣ ਦਿਉ। ਯੁਗਾਂ ਯੁਗਾਂ ਦੀ ਵਿਛੜੀ ਹੋਈ ਹਾਂ, ਦੂਰ ਵਸਾਂ ਮੈਂ ਕੱਲੀ। ਲੋਕੀਂ ਮੈਨੂੰ ਵੱਟੇ ਮਾਰਣ, ਨਾਲੇ ਆਖਣ ਝੱਲੀ। ਨੀਂ ਮੈਨੂੰ ਜਾਣ ਦਿਉ। ਮਾਹੀ ਮੇਰੇ ਦਾ ਦੂਰ ਟਿਕਾਣਾ, ਆਖਰ ਇੱਕ ਦਿਨ ਉਥੇ ਜਾਣਾ, ਕੱਚਿਆਂ ਦੀ ਇਹ ਕੱਚੀ ਨਗਰੀ, ਮੈਂ ਪੱਕੀ ਕਰ ਮੱਲੀ, ਮੈਨੂੰ ਜਾਣ ਦਿਉ। ਕੱਚੀਆਂ ਤੰਦਾਂ ਦਾ ਇੱਕ ਜਾਲ਼ਾ, ਜਿਸ ਦੇ ਹੇਠਾਂ ਬਲ਼ੇ ਜਵਾਲਾ, ਉਸ ਜਾਲ਼ੇ ਦੀ ਉਲਝੀ ਤੰਦ ਨੇ, ਐਵੇਂ ਪਾਈ ਤਰਥੱਲੀ, ਨੀਂ ਮੈਨੂੰ ਜਾਣ ਦਿਉ। ਏਥੇ ਜੇ ਕੋਈਸਜਣ ਸਿਆਣਾ, ਉਸ ਦੀ ਵੀ ਜਿੰਦ ਕਰੂ ਪਿਆਣਾ, ਜੋ ਸਮਝੇ ਕਿ ਮੈਂ ਨਹੀਂ ਜਾਣਾ। ਕਰਦਾ ਗੱਲ ਅਵੱਲੀ, ਮੈਨੂੰ ਜਾਣ ਦਿਉ।

9. ਹਰੀਆਂ ਭਰੀਆਂ ਰੁੱਤਾਂ ਮਾਹੀਆ

ਹਰੀਆਂ ਭਰੀਆਂ ਰੁੱਤਾਂ ਮਾਹੀਆ, ਵਤਨ ਮੇਰੇ ਵਿੱਚ ਸਾਉਣ ਦੀਆਂ, ਪੀਂਘਾਂ ਝੂਟਣ ਰਲ਼ ਮਿਲ ਸਈਆਂ, ਨਾਲ ਤਰੰਗਾਂ ਗਾਉਣ ਦੀਆਂ। ਧਰਤੀ ਤੋਂ ਆਕਾਸ਼ਾਂ ਤੀਕਰ, ਖੁਸ਼ੀਆਂ ਛਹਿਬਰ ਲਾਈ ਏ, ਤਨ ਮਨ ਦੇ ਵਿੱਚ ਲਹਿਰਾਂ ਉੱਠਣ, ਦੇਸ਼ ਤੇਰੇ ਦੀ ਪੌਣ ਦੀਆਂ।

10. ਮਤਾਂ ਜੇ ਕਿਤੇ ਮਿਲ ਜਾਵੇ ਉਹ

ਮਤਾਂ ਜੇ ਕਿਤੇ ਮਿਲ ਜਾਵੇ ਉਹ, ਇਸ ਰਾਧਾ ਦਾ ਕਿਰਸ਼ਨ ਗੁਪਾਲ। ਚੀਚ ਵਹੁਟੀ ਬਣ ਜਾਂਵਾਂ ਪਾ ਕੇ, ਰੇਸ਼ਮ ਰੰਗੇ ਕੱਪੜੇ ਲਾਲ। ਅੰਬਰ ਦੀ ਮਮਟੀ ਤੇ ਬਾਲ਼ਾਂ, ਤੰਨ ਆਪਣੇ ਦਾ ਦੀਪਕ ਮੈਂ, ਅੰਦਰੋਂ ਬਾਹਰੋਂ ਰੰਗ ਲਵਾਂ ਅੰਗ, ਆਪਣੇ ਸਾਰੇ ਮਹਿੰਦੀ ਨਾਲ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ