Punjabi Poetry : Prabhjot Kaur

ਪੰਜਾਬੀ ਕਵਿਤਾਵਾਂ : ਪ੍ਰਭਜੋਤ ਕੌਰ

ਟੁਰੀ ਜਵਾਨੀ ਕੱਲੀ

ਜਜ਼ਬੇ ਵਸ ਹੋਈ ਝੱਲੀ !
ਜੀਵਨ ਬਿਖੜੇ ਰਾਹਾਂ ਤੇ
ਅਜ ਟੁਰੀ ਜਵਾਨੀ ਕੱਲੀ !

ਪੂਰਨ ਚੰਨ ਦੀ ਤਕ ਰੁਸ਼ਨਾਈ !
ਅਥਾਹ ਡੁੰਘਾਣਾਂ ਹੇਠਾਂ ਸੁਤੀ,
ਲਹਿਰ ਨਾ ਸਾਗਰ ਵਿਚ ਸਮਾਈ ।
ਮਧੁਰ ਗੀਤ ਭੰਵਰੇ ਦਾ ਸੁਣਕੇ,
ਕਲੀਆਂ ਨੇ ਲੀਤੀ ਅੰਗੜਾਈ !

ਕੌਣ ਜਗਾਏ ਸੁਤੀਆਂ ਯਾਦਾਂ
ਚੁਪ ਬਚਪਨ ਤੋਂ ਜਾਗ ਪੈਣ ਕਿੰਜ,
ਇਹ ਪੀੜਾਂ ਫਰਆਦਾਂ ?
ਲੈ ਕੇ ਖੋਹਾਂ ਦੋ ਤੱਤਾਂ ਚੋਂ,
ਸੁਪਨਾ ਘੜਿਆ ਸੋਹਜ ਸੁਆਦਾਂ

ਸੱਚ ਕਰਨ ਲਈ ਜਿਸਨੂੰ ਝੱਲੀ,
ਦੇਸ਼ ਕਿਹੜੇ ਹੈ ਚੱਲੀ ।
ਟੁਰੀ ਜਵਾਨੀ ਕੱਲੀ।

ਨਾਲ ਉਸਦੇ ਕੌਣ ਇਹ ਸਾਵਾਂ ?
ਘੋਰ ਇਕੱਲ ਦੇ ਵਿਚ ਵੀ ਦਿਸਦਾ
ਇਹ ਕਿਸਦਾ ਪਰਛਾਵਾਂ ?

ਪਿਆਰ ਵਿਹੂਣੀ, ਲੈ ਸੁਪਨੇ ਦੀ ਛਾਇਆ
ਰੋਜ਼ ਬਣਾਏ ਵਿਚ ਕਲਪਨਾ ਕਾਇਆ
ਮੁੜ ਮੁੜ ਚੁੰਮੇ,

ਚੁੰਮ ਚੁੰਮ ਪਿਆਰ ਜਤਾਏ
ਉਸ ਪ੍ਰੀਤਮ ਨੂੰ ਨਾਲ ਕਲੇਜੇ ਲਾਏ ।
ਪਿਆਰ-ਵੇਗ ਵਿਚ ਹੋ ਬਉਰਾਨੀ,
ਟੁਰੀ ਜਵਾਨੀ ਕੱਲੀ ।

ਫਿਰ ਵੀ ਭੁਖੀ;
ਨਿਤ ਨਿਤ ਢੂੰਡੇ ਉਸ ਛਾਇਆ ਦੀ ਲਾਲੀ
ਇਕ ਲਗਨ ਨੇ ਅੰਨ੍ਹੀ ਕੀਤੀ,
ਵਿਖਮ ਹਨੇਰਾ ਰਾਹ ਦਾ ਉਸਨੂੰ
ਦਿਤਾ ਨਹੀਂ ਵਿਖਾਲੀ ।

ਮਿਠੀ-ਨੀਂਦਰ 'ਚੋਂ ਜਾਗਣ ਲਈ,
ਦੇਸ ਬਿਗਾਨੇ ਚੱਲੀ ।
ਟੁਰੀ ਜਵਾਨੀ ਕੱਲੀ !

ਮੁਸਕਾਣ ਲਈ

ਅਨੇਕ ਹੜ੍ਹ ਹੰਝੂਆਂ ਦੇ ਲੰਘਣੇ ਪੈਂਦੇ ਨੇ,
ਮੁਸਕਾਣ ਲਈ
ਤੇ ਮੁਸਕਾਣਾਂ ਕਦੋਂ ਏ ਸੌਖਾ,
ਮੁਸਕਾਣਾਂ ਹੀ ਪੈ'ਦਾ ਹੈ,
ਹੰਝੂਆਂ ਨੂੰ ਛੁਪਾਣ ਲਈ ।

ਹੇ ਸਵਾਮੀ,
ਤੈਨੂੰ ਪਾਕੇ ਵੀ ਤੈਥੋਂ ਦੂਰ ਹਾਂ ਮੈਂ
ਇਹੋ ਤੇਰੀ ਰਜ਼ਾ ।
ਰਜ਼ਾ ਵਿਚ ਹੋਣਾ ਪੈਂਦਾ ਹੈ ਰਾਜ਼ੀ,
ਕਿਸੇ ਨੂੰ ਮਨਾਣ ਲਈ ।

ਕੌਣ ਕਹਿੰਦਾ ਹੈ,
ਕਿ ਸਾਡਾ ਅਜ਼ਲਾਂ ਤੋਂ ਨਹੀਂ ਰਿਸ਼ਤਾ,
ਕੀ ਹੈ ਭੁਲੇਖੇ ਕੋਲ ਸ਼ਕਤੀ,
ਸੱਚ ਨੂੰ ਭਰਮਾਣ ਲਈ ?

ਹੇ ਆਉਣ ਵਾਲੇ,
ਉਡੀਕਦੀ ਹਾਂ ਤੈਨੂੰ ਪਲ ਪਲ,
ਤੇ ਤੂੰ ਪਰਖਦਾ ਹੈਂ ਸਬਰ ਮੇਰਾ
ਪਿਆਰ ਨੂੰ ਅਜ਼ਮਾਣ ਲਈ

ਪਿਆਰ ਦੀ ਅਜ਼ਮਾਇਸ਼ ਵੀ ਹੈ ਕੋਈ ?
ਓਹ ਤਾਂ ਸਾਕਾਰ ਪੂਜਾ ਹੈ
ਬੰਧਨਾਂ ਤੋਂ ਪਰ੍ਹੇ
ਚਰਨਾਂ ਤੇ ਚੜ੍ਹਾਨ ਲਈ ।

ਕੌਣ ਕਹਿੰਦਾ ਹੈ,
ਕਿ ਪਿਆਰ ਮੁਥਾਜ ਹੈ ਸ਼ਰਤਾਂ ਦਾ ।
ਅਖਾਂ ਦੀ ਲੋੜ ਹੈ,
ਪਛਾਣ ਲਈ ।

ਸੜਦੇ ਨੇ ਪਤੰਗੇ
ਤਾਂ ਉਸ ਦਾ ਕੀ ਦੋਸ਼ ?
ਦੀਪਕ ਤਾਂ ਜਗਦਾ ਹੈ
ਹਨੇਰੇ ਨੂੰ ਮਿਟਾਣ ਲਈ !

ਅੱਜ ਮੈਂ ਸੁਹਾਗਣ

ਤਕ ਤਕ ਰਾਹ
ਖੋਜ ਖੋਜ-ਬਨ..ਪ੍ਰਬਤ...ਸਾਗਰ
ਸਾਂ ਬਣੀ ਬੈਰਾਗਣ,
ਅੱਜ ਮੈਂ ਸੁਹਾਗਣ !

ਦੇਵ ਮੇਰੇ ਤੁਸੀਂ ਆਏ !
ਹੋਠ ਪਿਆਸੇ ਧਰਤੀ ਦੇ
ਅੱਜ ਗਗਨਾਂ ਨੈਣ ਚੁਆਏ !
ਮੇਰੇ ਸੁਤੇ ਜੰਮੇ ਜਜ਼ਬੇ,
ਲੈ ਲੈ ਉਸਲਵਟੇ ਜਾਗਣ !

ਮਿਲਾਂਗੀ ਅੱਜ ਜ਼ਰੂਰ
ਸੁੰਨੇ ਮੱਥੇ ਬਿੰਦੀ ਲਾ ਕੇ
ਖ਼ਾਲੀ ਹਥੀਂ ਵੰਗਾਂ ਪਾਕੇ !
ਭਰਾਂਗੀ ਮਾਂਗ ਸੰਧੂਰ !

ਮੇਰਾ ਲਾਲ ਸੰਧੂਰੀ ਚੂੜਾ !
ਲਹੂ ਲੁਹਾਨ ਮੇਰਾ ਸਾਲੂ ਰੱਤਾ,
ਲਾਲ ਗ਼ੁਲਾਬੀ ਜੋੜਾ !
ਪਰ... ... ...

ਇਕ ਇਕ ਮੋਤੀ,
ਲਖ ਲਖ ਅਥਰੂ,
ਰੰਗ ਸੰਧੂਰੀ,
ਰੱਤਾ ਲਹੂ !
ਮੇਰੀ ਲਹੂ ਨਾਲ ਮਾਂਗ ਭਰੀ !
ਮੈਨੂੰ ਆਇਆ ਕਾਲ ਵਿਆਹੁਣ
ਅਜ ਮੈਂ ਸੁਹਾਗਣ !

ਰੂਪ ਮੇਰਾ ਅੱਜ ਉਠਿਆ
ਅਜ ਮੈਂ ਹੂਰ !
ਜਾਗ ਪਈਆਂ ਅਗਨੀ ਚੋਂ ਲਾਟਾਂ,
ਮਿਲਾਂਗੀ ਅੱਜ ਜ਼ਰੂਰ !
ਅੱਜ ਪਾਵਾਂਗੀ ਛੋਹ
ਪਾਵਾਂਗੀ ਅੰਗ ਸਰੂਰ
ਠੁਕਰਾਏਗਾ ਕਿੰਜ ਓਹ ਮੈਨੂੰ
ਅੱਜ ਹੈ ਆਇਆ
ਆਪ ਰਿਝਾਵਣ !
ਅੱਜ ਮੈਂ ਸੁਹਾਗਣ !

ਟੁਰਦੇ ਜਾਣ ਕਾਫ਼ਲੇ ਵਾਲੇ

ਟੁਰਦੇ ਜਾਣ ਕਾਫ਼ਲੇ ਵਾਲੇ !
ਟੁਰਦੇ ਜਾਣ ਅਨੰਤ ਖਲਾ ਵਿਚ
ਕੌਣ ਇਨ੍ਹਾਂ ਦੀ ਮੰਜ਼ਲ ਭਾਲੇ !

ਸਮਿਆਂ ਦੇ ਚੱਕਰ ਵਿਚ
ਭੌਂਦੇ ਰਾਹੀ !
ਟੁਰਦਿਆਂ ਟੁਰਦਿਆਂ ਰਾਹ ਵਿਚ
ਉਮਰ ਗਵਾਈ !
ਜੀਵਨ-ਸ਼ਹੁ-ਸਾਗਰ ਹੈ,
ਬਿਨਾਂ ਕਿਨਾਰੇ !
ਗਗਨ-ਮੰਡਲ ਦੇ ਹੇਠਾਂ ਸੌਂਦੇ
ਦੂਰਾਂ ਦੇ ਵਣਜਾਰੇ !

ਅਜ ਆਏ ਤੇ ਕਲ੍ਹ ਟੁਰ ਜਾਣਾ,
ਇਹ ਨਹੀਂ, ਉਹ ਨਹੀਂ, ਹੋਰ ਨਹੀਂ,
ਨਹੀਂ ਕਿਤੇ ਟਿਕਾਣਾ ।
ਲੰਘ ਲੰਘ ਆਏ ਕਈ ਪੜਾ ਇਹ,
ਯਾਦਾਂ ਨੂੰ ਪਰ ਕੌਣ ਸੰਭਾਲੇ,
ਟੁਰਦੇ ਜਾਣ ਕਾਫ਼ਲੇ ਵਾਲੇ !

ਮੈਂ ਝੱਲੀ ਕਹੀ ਲੋਟੀ ਪਾਈ !
ਜਨਮ ਜਨਮ ਦੀ ਸਾਂਭੀ ਪੂੰਜੀ,
ਇਕ ਪ੍ਰਦੇਸੀ ਹੱਥ ਫੜਾਈ !
ਕਰਮ ਜਿਨ੍ਹਾਂ ਦਾ ਟੁਰਦੇ ਜਾਣਾ
ਧਰਮ ਜਿਨ੍ਹਾਂ ਦਾ ਬੇਪ੍ਰਵਾਹੀ !
ਲੈ ਜਾਂਦੇ ਦਿਲ ਲੰਘਦੇ ਲੰਘਦੇ,
ਲਟਬਉਰੇ ਮਤਵਾਲੇ !

ਕਲ ਰਾਤੀਂ ਤੇ ਆਏ ਸਨ ਉਹ,
ਚਲੋ ਚਲੀ ਦੀ ਕਾਹਲੀ ਪਾਈ !
ਉਹ ਕੀ ਸਾਂਭਣਗੇ ਇਹ ਸੁਪਨੇ,
ਆਪਣੀ ਰਾਸ ਨਾ ਜਿਨ੍ਹਾਂ ਬਣਾਈ !

ਹਉਕੇ ਸੇਕ ਪੁਚਾ ਨ ਸਕੇ
ਸਿਸਕੀਆਂ ਦੀ ਇਨ੍ਹਾਂ ਥਾਹ ਨਾ ਪਾਈ !
ਸਹਿਮ ਗਏ ਮੇਰੇ ਚਾਅ ਕੁਆਰੇ,
ਤੱਕ ਕੇ ਉਨ੍ਹਾਂ ਦੀ ਨਿਠੁਰਾਈ !
ਇਕੋ ਰਾਤ ਕਹਾਣੀ ਬਣ ਗਈ,
ਧੁਰ ਦੀਆਂ ਲਿਖੀਆਂ ਕਿਹੜਾ ਟਾਲੇ ?
ਟੁਰਦੇ ਜਾਣ ਕਾਫ਼ਲੇ ਵਾਲੇ !

ਮਾਂਝੀ ਠੇਲ੍ਹ ਦੇ ਬੇੜੀ ਮੇਰੀ

ਮਾਂਝੀ ਠੇਲ੍ਹ ਦੇਹ ਬੇੜੀ ਮੇਰੀ !
ਇਹ ਨਾ ਪੁੱਛ ਕਿ ਕਿਥੇ ਜਾਣੈ
ਤੇ ਹੈ ਮੰਜ਼ਲ ਕਿਹੜੀ !
ਮਾਂਝੀ, ਠੇਲ੍ਹ ਦੇਹ ਬੇੜੀ ਮੇਰੀ !

ਫ਼ਿੱਕਾ ਹੋਇਆ ਨੂਰ ਰਵੀ ਦਾ
ਦਿਨ ਦਾ ਸਫ਼ਰ ਮੁੱਕਾ ਕੇ !
ਧੁੰਧ-ਲਪੇਟੀ ਸੰਝ-ਪਰੀ ਨੇ,
ਕਾਲੇ ਘੁੰਗਰ ਖੋਹਲੇ ਆ ਕੇ !
ਮਧੁਰ ਧੁਨੀ ਵਿਚ ਗਾਵਣ ਲਹਿਰਾਂ
ਨੱਚਣ ਘੁੰਮਰ ਪਾ ਕੇ !
ਪਵਨ ਚੁੰਮਦੀ ਫੁਲ ਪਤਿਆਂ ਨੂੰ,
ਮਧੁਰ ਰਾਗਨੀ ਛੇੜੀ !
ਮਾਂਝੀ ਠੇਲ੍ਹ ਦੇਹ ਬੇੜੀ ਮੇਰੀ !

ਗੀਤ ਮੇਰੇ ਅਜ ਗ਼ੈਬ 'ਚੋਂ ਜਾਗੇ
ਨਚਣਾ ਚਾਹਣ ਤਾਲ ਮਿਲਾ ਕੇ!
ਪੌਣ ਪਾਣੀ ਦੀ ਰਿਮ ਝਿਮ ਅੰਦਰ
ਖੋਲ੍ਹ ਇਨ੍ਹਾਂ ਦੇ ਬੰਧਨ ਆ ਕੇ
ਮੈਂ ਬਉਰੀ, ਤੂੰ ਬਉਰਾ ਹੋ ਜਾ !
ਪੀ ਕੇ ਪ੍ਰੀਤ-ਨੈਣ-ਮਦਰਾ ਨੂੰ
ਤੂੰ ਵੀ ਅਜ ਵਿਸਮਾਦ 'ਚ ਖੋ ਜਾ !
ਛਡ ਦੇਹ ਬੇੜੀ ਆਸ ਸਹਾਰੇ !
ਪਤਵਾਰਾਂ ਨੂੰ ਮਨੋਂ ਭੁਲਾ ਕੇ,
ਮੈਂ ਗਾਵਾਂ ਤੂੰ ਸੁਣ ਅਜ ਪਿਆਰੇ !
ਵਹਿੰਦੀ ਇਸ ਸੰਗੀਤ-ਨਦੀ ਵਿਚ,
ਰੋੜ੍ਹ ਦੇ ਬੀਤੇ ਦੁਖ ਸੁਖ ਸਾਰੇ !

ਰਾਤ ਪਈ ਦੀ ਕਰ ਨ ਚਿੰਤਾ,
'ਅਮਰ ਦੀਪ' ਜਗਦੇ ਪਏ 'ਤਾਰੇ' ।
ਹੌਲੀ ਹੌਲੀ ਵਹਿੰਦੇ ਆਪੇ
ਪਹੁੰਚ ਪਵਾਂਗੇ ਕਿਸੇ ਕਿਨਾਰੇ ।
ਤੂੰ ਤੇ ਮੈਂ ਜੇ ਦੋਵੇਂ ਹੋਈਏ
ਫਿਰ ਚਿੰਤਾ ਹੈ ਕਿਹੜੀ !
ਮਾਂਝੀ ਠੇਲ੍ਹ ਦੇ ਬੇੜੀ ਮੇਰੀ ।

ਇਹ ਹੈ ਨੀਂਦ ਮਹਾਨ

ਘੂਕ ਸੁਤਾ ਭਗਵਾਨ !
ਕੰਬ ਗਈ ਧਰਤੀ
ਟੁੱਟ ਗਏ ਤਾਰੇ
ਲਰਜ਼ ਗਏ ਲਖਾਂ ਅਸਮਾਨ !
ਨੀਂਦ ਨਾ ਖੁਲ੍ਹੀ ਫ਼ੇਰ ਵੀ
ਐਸਾ ਘੂਕ ਸੁਤਾ ਭਗਵਾਨ !

ਤੇ ਇਨਸਾਨ ਵਿਲਕ ਵਿਲਕ ਕੇ,
ਮੰਗ ਰਿਹਾ ਅਜ ਜੀਵਨ-ਦਾਨ !
"ਹੇ ਕਾਲ ਦੇਵ !
ਹੇ ਜੰਗ ਦੇਵ !
ਮੇਰੇ ਪ੍ਰਾਣ ! ਮੇਰੇ ਪ੍ਰਾਣ !"

ਅਮੱਕ ਭੁਖ ਪਰ ਕਾਲ ਦੀ
ਮੁੱਕੀ ਨਹੀਂ ਕਈ ਖੂਹਣੀਆਂ,
ਸ਼ਹਿਰ ਬਣਾ ਸ਼ਮਸ਼ਾਨ !
ਰਜਿਆ ਨਾ ਸ਼ਿਵ ਦੇਉਤਾ,
ਤਕ ਧਰਤੀ ਲਹੂ ਲੂਹਾਨ !
ਸੜ ਗਈ ਬਣਤਰ ਵਿਸ਼ਵ ਦੀ,
ਅੱਗ ਬੜੀ ਬਲਵਾਨ !
ਨੀਂਦ ਨਾ ਖੁਲ੍ਹੀ ਫੇਰ ਵੀ
ਐਸਾ ਘੂਕ ਸੁਤਾ ਭਗਵਾਨ !

ਅਜ ਜ਼ਖ਼ਮ ਜ਼ਖ਼ਮ ਧਰਤੀ,
ਤੇ ਲੀਰ ਲੀਰ ਨੇ ਪ੍ਰਾਣ !
ਖੰਡ ਖੰਡ ਏ ਜ਼ਿੰਦਗੀ,
ਤੇ ਚੂਰ ਚੂਰ ਸਨਮਾਨ !
ਹੇ ਅੰਨ ਦੇਵ ! ਹੇ ਅਮਨ ਦੇਵ !!
ਹੋ ਪਿਆਰੇ ਦੇਵ !!
ਮੰਗ ਰਹੇ ਸਭ ਵਿਲਕ ਵਿਲਕ ਕੇ !
ਜੀਵਨ ਦਾਨ !!
ਅੰਨ ਦਾਨ
ਪਿਆਰ ਦਾਨ !!
ਚੀਕ ਚੀਕ ਕੇ ਹਾਰ ਗ਼ਿਆ ਇਨਸਾਨ
ਪਰ ਇਹ ਨੀਦ ਮਹਾਨ !
ਖੁਲ੍ਹ ਨਾ ਸੱਕੀ ਫੇਰ ਵੀ
ਐਸਾ ਘੂਕ ਸੁਤਾ ਭਗਵਾਨ

ਨਜ਼ਰ ਵਿਚ ਨੂਰ ਹੀ ਨੂਰ ਸਮਇਆ

ਨਜ਼ਰ ਵਿੱਚ ਨੂਰ ਹੀ ਨੂਰ ਸਮਾਇਆ !
ਬਉਰੀ ਹੋ ਹੋ ਭਰਾਂ ਕਲਾਵੇ
ਕਣ ਕਣ ਵਿਚ ਪ੍ਰੀਤਮ ਦੀ ਛਾਯਾ !
ਨਜ਼ਰ ਵਿੱਚ ਨੂਰ ਹੀ ਨੂਰ ਸਮਾਇਆ !

ਸੋਅ ਸੱਜਣ ਦੀ ਨੇ ਕਮਲੀ ਕੀਤਾ
ਪਿਆਰ ਨਾ ਛੁਪੇ ਛਪਾਇਆ !
ਨੈਣ ਥਰਕਦੇ, ਹੋਠ ਫ਼ਰਕਦੇ,
ਮੇਰਾ ਅੰਗ ਅੰਗ ਅਜ ਅਲਸਾਇਆ !
ਨਜ਼ਰ ਵਿੱਚ ਨੂਰ ਹੀ ਨੂਰ ਸਮਾਇਆ !

ਲੋਕ-ਲਾਜ ਦੀ ਲਾਹੀ ਲੋਈ
ਕੀ ਕਰੇਗਾ ਮੇਰਾ ਕੋਈ !
ਮਿਲਨ-ਤਾਂਘ ਵਿੱਚ ਚੜ੍ਹੀ ਜਵਾਨੀ
ਬੰਨ੍ਹ ਬੰਨ੍ਹ ਰੱਖਾਂ ਕਿਉਂ ਦਿਵਾਨੀ ?
ਕਰ ਕਰ ਦੇਖੇ ਚਾਰੇ ਸਾਰੇ ,
ਚੰਨ ਨਾ ਲੁਕੇ ਲੁਕਾਇਆ ।
ਨਜ਼ਰ ਵਿੱਚ ਨੂਰ ਹੀ ਨੂਰ ਸਮਾਇਆ !

ਓਹਲੇ ਨੀ ਮੈਂ ਆਪੇ ਵਾਰੇ !
ਕੀ ਕਰ ਲੈਣਗੇ ਲੋਕ ਇਸ਼ਾਰੇ ?
ਪਿਆਰ-ਲੋਰ ਵਿੱਚ ਹੋਸ਼ ਗਵਾਏ
ਫਿਰ ਕੋਈ ਕਿਉਂ ਰਾਹੇ ਪਾਏ ?
ਸੋਚਾਂ ਸਮਝਾਂ ਮਨੋਂ ਭੁਲਾ ਕੇ
ਅਜ ਮੇਰਾ ਨੱਚਣ ਤੇ ਜੀ ਆਇਆ
ਨਜ਼ਰ ਵਿੱਚ ਨੂਰ ਹੀ ਨੂਰ ਸਮਾਇਆ

ਆਏ ਕਾਫ਼ਲੇ ਵਾਲੇ ਆਏ

ਆਏ ਕਾਫ਼ਲੇ ਵਾਲੇ ਆਏ !
ਵਣਜ ਵਪਾਰ ਇਨ੍ਹਾਂ ਦਾ ਖੋਟਾ;
ਕੋਈ ਨਾ ਆਪਣਾ ਮਨ ਭਰਮਾਏ !
ਆਏ ਕਾਫ਼ਲੇ ਵਾਲੇ ਆਏ !

ਤਾਂਘਾਂ ਲੈ; ਯਾਦਾਂ ਦੇ ਜਾਂਦੇ !
ਪਲ ਛਿਨ ਦੀ ਮਸਤੀ ਦੇ ਬਦਲੇ,
ਜੀਵਨ ਦਾ ਨੇ ਤੋਲ ਤੁਲਾਂਦੇ !
ਲਟ ਬਉਰੀ ਸੂਰਤ ਦੇ ਉਹਲੇ;
ਪੀੜਾਂ ਦੇ ਅੰਬਾਰ ਲਿਆਏ !
ਆਏ ਕਾਫ਼ਲੇ ਵਾਲੇ ਆਏ !

ਇਹਨਾਂ ਦਾ ਨਾ ਕੋਈ ਟਿਕਾਣਾ !
ਫਿਰ ਕੀ ਅਪਣਾ ਮਨ ਭਰਮਾਣਾ !
ਪੂੰਨਮ ਦੀ ਇਕੋ ਹੀ ਰਜਨੀ,
ਪਿੱਛੋਂ ਘੋਰ ਹਨੇਰਾ ਛਾਣਾ !
ਵੇਚ ਵਟਾ ਕੇ ਜਾਵਣਗੇ ਇਹ;
ਜਿਹੜਾ ਸੌਦਾ ਨਾਲ ਲਿਆਏ !

ਚਾਤੁਰ ਬੜੇ ਨੇ ਜਾਲ ਵਿਛਾਂਦੇ !
ਮਧੁਰ ਬੁਲ੍ਹੀਆਂ ਤੋਂ ਚੁਣ ਚੁਣ ਕੇ
ਮੁਸਕਾਨਾਂ ਸੱਭੇ ਲੈ ਜਾਂਦੇ !
ਮਿਠੇ ਗੀਤਾਂ ਵਿਚ ਛੁਪਾ ਕੇ
ਦੇ ਜਾਂਦੇ ਨੇ ਹੌਕੇ, ਹਾਏ !
ਆਏ ਕਾਫ਼ਲੇ ਵਾਲੇ ਆਏ !

ਕਰਦੇ ਨੇ ਇਹ ਮਨ ਪਰਚਾਈ !
ਤਨ ਨੂੰ ਪੀੜ ਨਾ ਇਹਨਾਂ ਲਾਈ !
ਆਏ ਆਏ; ਚਲੇ ਚਲੇ ਜੋ;
ਉਹ ਕੀ ਜਾਣਨ ਦੁਖ ਪਰਾਏ !
ਵਣਜ ਵਪਾਰ ਇਨ੍ਹਾਂ ਦਾ ਖੋਟਾ;
ਕੋਈ ਨ ਅਪਣਾ ਮਨ ਭਰਮਾਏ !
ਆਏ ਕਾਫ਼ਲੇ ਵਾਲੇ ਆਏ !

ਆਂਗਨ ਭਰਿਆ ਭਰਿਆ

ਭਰਿਆ ਨੀ; ਮੇਰਾ ਆਂਗਨ ਭਰਿਆ ਭਰਿਆ !

ਕੁਝ ਤਾਂਘਾਂ, ਕੁਝ ਰੀਝਾਂ ਸਧਰਾਂ
ਆਸ਼ਾ ਦਾ ਪਲੂ ਫੜਿਆ,
ਭਰਿਆ ਨੀ; ਮੇਰਾ ਆਂਗਣ ਭਰਿਆ ਭਰਿਆ !

ਨੈਣਾਂ ਦੇ ਦੋ ਹੰਸ ਵਿਚਾਰੇ !
ਦੇਖਣ ਪਏ ਕਿ ਦੂਰ ਕਿਨਾਰੇ!
ਫਿਰ ਵੀ ਪਤਾ ਨਹੀਂ ਕੋਈ ਕਿਥੇ;
ਛੁਪ ਛੁਪ ਕੇ ਪਿਆ ਕਰੇ ਇਸ਼ਾਰੇ !
ਘੋਰ ਹਨੇਰੇ ਪੱਖ ਦੇ ਉਹਲੇ;
ਚੰਨ ਪੁੰਨਿਆਂ ਵਾ ਚੜ੍ਹਿਆ
ਨੀ ਮੇਰਾ ਆਂਗਣ ਭਰਿਆ ਭਰਿਆ !

ਕੀ ਹੋਇਆ ਜੇ ਮਸਿਆ ਕਾਲੀ !
ਫਿਰ ਵੀ ਅਜ ਦੀ ਰਾਤ ਦੀਵਾਲੀ !
ਜਗਮਗ ਦੀਪਕ ਝਿਲਮਿਲ ਤਾਰੇ,
ਅਹਿ ਪਏ ਜਾਪਣ ਦੂਰ ਕਿਨਾਰੇ !
ਆਸ-ਭਰੇ ਨੈਣਾਂ ਦੇ ਵਿਚੋਂ,
ਨੂਰ-ਸ੍ਵਰਗੀ ਝਰਿਆ ਨੀ
ਮੇਰਾ ਆਂਗਨ ਭਰਿਆ ਭਰਿਆ !

ਮੈਂ ਝੱਲੀ, ਮੈਂ ਬਉਰੀ ਹੋਈ !
ਗਲੀ ਗਲੀ ਪਿਆ ਹੋਕੇ ਦੇਵੇ,
ਤਾਂਘਾਂ ਦਾ ਵਣਜਾਰਾ ਕੋਈ !
ਕਿਤ ਵਲ ਜਾਵਾਂ, ਕਿਸ ਦਰ ਤਕਾਂ ?
ਰਾਹ ਕਿਹੜੇ ਨੂੰ ਰੋਕ ਕੇ ਰੱਖਾਂ ?
ਏਥੇ, ਉਥੇ, ਦੂਰ ਦੂਰ ਤਕ,
ਜਿਥੇ ਦੇਖਾਂ ਓਹੀ ਓਹੀ !
ਵਣ ਤ੍ਰਿਣ ਵਿਚ ਓਹ ਰਵਿਆ ਨੀ !
ਮੇਰਾ ਆਂਗਣ ਭਰਿਆ ਭਰਿਆ !

ਹੱਥ ਨਾ ਆਵੇ, ਦਏ ਛਲਾਵੇ !
ਸੁਪਨਿਆਂ ਦਾ ਜਾਦੂ ਬਣ ਬਣ,
ਨੀਂਦ-ਪਰੀ ਨੂੰ ਰੋਜ਼ ਜਗਾਵੇ !
ਚੁਣ ਚੁਣ ਕੇ ਰੀਝਾਂ ਦੇ ਟੁਕੜੇ,
ਕਿਰਨਾਂ ਪਾ ਚਮਕਾਂਦਾ ਜਾਵੇ !
ਓਹਦੀ ਇਕ ਮੁਸਕਾਣ ਸਹਾਰੇ ,
ਮੈ' ਹੰਝੂਆਂ ਦਾ ਸਾਗਰ ਤਰਿਆ ਨੀਂ
ਮੇਰਾ ਆਂਗਣ ਭਰਿਆ ਭਰਿਆ !

ਹਾੜਾ ਨੀ ਅੰਮੀਏ

ਹਾੜਾ ਨੀ ਅੰਮੀਏ !
ਹਾੜਾ ਨੀ ਅੰਮੀਏ, ਹਾੜਾ ਈ ਓ !
ਖੁਸ ਖੁਸਨਾਂ ਜੀਆ ਮ੍ਹਾੜਾ ਈ ਓ !

ਚੜ੍ਹਦੇ ਫਗਣ ਨੀਆਂ, ਧੁੱਪਾਂ ਨੀ ਪੀਲੀਆਂ ।
ਮੈਂ ਤੱਤੀ ਹਾਏ, ਬਿਰਹੋਂ ਨੇ ਕੀਲੀਆਂ ।
ਪ੍ਰਦੇਸੀ ਤਾਂ ਸਜਣ ਅਸਾੜਾ ਈ ਓ ।
ਹਾੜਾ ਨੀ ਅੰਮੀਏ ! ਹਾੜਾ ਈ ਓ।

ਲਹਿੰਦੇ ਨੇ ਦਿਹੁੰ, ਹਾਏ ਢਲਦੀਆਂ ਨੇ ਰੁੱਤਾਂ,
ਲੰਮੇ ਪ੍ਰਛਾਂਵਿਆਂ ਤੋਂ ਜਾ ਜਾ ਕੇ ਪੁੱਛਾਂ,
ਪ੍ਰੀਤ ਸਦੀਵੀ ਨਿਰਾ ਲਾਰਾ ਈ ਓ ।
ਹਾੜਾ ਨੀ ਅੰਮੀਏ ! ਹਾੜਾ ਈ ਓ।

ਹਾੜ ਤੇ ਸਾਵਣ ਸਿਆਲ ਕੀ ਨਾਪਾਂ ?
ਲੰਮ ਲੰਮੇਰੀਆਂ ਨੇ ਸੁੰਞੀਆਂ ਰਾਤਾਂ !
ਜੋਬਨ ਜਵਾਨੀ ਜੀਅ ਦਾ ਸਾੜਾ ਈ ਓ ।
ਹਾੜਾ ਨੀ ਅੰਮੀਏ ! ਹਾੜਾ ਈ ਓ!

('ਦੋ ਰੰਗ' ਵਿੱਚੋਂ)

ਸ਼ਿਵ ਨਚਦਾ ਪਿਆਂ ਤਾਂਡਵ ਨਾਚ !

ਸ਼ਿਵ ਨਚਦਾ ਪਿਐ ਤਾਂਡਵ ਨਾਚ !
ਕੀਕਣ ਕੋਈ ਉਤਿਪਤ ਹੋਵੇ
ਖਾਵੇ ਕੀ ਇਨਸਾਨ ?
ਮਾਰੂ ਨਾਚ-ਧਵੰਨੀ ਕੁਚਲੇ,
ਪੈਰਾਂ ਹੇਠ ਪ੍ਰਾਣ !
ਪਾਪਾਂ ਦਾ ਪ੍ਰਤੀਕਰਮ ਸਰਾਪ !
ਸ਼ਿਵ ਨਚਦਾ ਪਿਆ ਤਾਂਡਵ ਨਾਚ !

ਜਿਉਂ ਜਿਉਂ ਧਰਤੀ ਅੰਨ ਉਗਲੇ
ਜੰਗ; ਸਾਗਰ, ਤੇ ਅੱਗ ਖਾ ਜਾਵੇ !
ਲੂਸ ਲੂਸ ਪਏ ਭੁਖੇ ਮਰਦੇ,
ਧਰਤੀ ਮਾਂ ਦੇ ਢਿਡੋਂ ਜਾਏ !
ਇਨਸਾਨੀ-ਚੀਕਾਂ ਸੰਗ ਹੋਵੇ,
ਨਾਚ ਦੇ ਨਾਲ ਆਲਾਪ !
ਸ਼ਿਵ ਨਚਦਾ ਪਿਆਂ ਤਾਂਡਵ ਨਾਚ !

ਵਿਕਰਾਲ-ਰੂਪ ਇਨਸਾਨ ਹੋ ਗਿਆ !
ਹਿਰਸ ਹੱਵਸ ਦੀ ਖੇਡ ਕੇ ਹੋਲੀ,
ਨੈਣ ਮੀਟ ਭਗਵਾਨ ਸੌਂ ਗਿਆ !
ਮਾਨੁੱਖ ਦੀ ਰੱਤ ਕਰਦੀ ਜਾਵੇ
ਸ਼ਿਵ-ਸ਼ਰੀਰ ਸਿੰਗਾਰ !
ਸ਼ਿਵ ਨਚਦਾ ਪਿਆ ਤਾਂਡਵ ਨਾਚ !

ਜਿਉਂ ਜਿਉਂ ਧਰਤੀ ਉਗਲੇ ਸੋਨਾ
ਕਬ ਕੰਬ ਜਾਏ ਸਾਗਰ ਸੀਨਾ !
ਸ਼ੰਕਰ ਦੇ ਹਿਲ ਕੇ ਅੰਗ ਸਾਰੇ
ਐਸਾ ਕਰਨ ਖਰੂਦ !
ਬਣਦਾ ਜਾਵੇ ਅੰਨ ਬਰੂਦ !

ਵੇ ਕੋਈ ਦਸੋ ਦਾਰੂ

ਹੰਝੂਆਂ ਦੇ ਬੁਕ ਡੋਲ੍ਹਾਂ ਵੇ
ਕੋਈ ਦਸੋ ਦਾਰੂ !
ਮਿੱਟੀ ਵਿਚ ਮੋਤੀ ਰੋਲਾਂ ਵੇ
ਕੋਈ ਦਸੋ ਦਾਰੂ !

ਦਸਿਓ ਵੇ ਮੈਨੂੰ ਕੋਈ ਸਿਆਣਾ
ਪੀੜ ਪਛਾਣੇ ਤਾਂ ਮੈਂ ਜਾਣਾਂ
ਚੀਸਾਂ ਤਰਾਟਾਂ ਰੋਮ ਰੋਮ ਵਿਚ,
ਕਿਹੜੇ ਦੁਖ ਫਰੋਲਾਂ,
ਵੇ ਕੋਈ ਦਸੋ ਦਾਰੂ !

ਵੇ ਮੈਂ ਯਤਨ ਬਥੇਰੇ ਕੀਤੇ,
ਕੇਰ ਕੇਰ ਕੇ ਹੰਝੂ ਪੀਤੇ
ਦੁਖਾਂ ਦੇ ਸਾਗਰ ਵਿਚ ਫਿਰ ਵੀ,
ਲਹਿਰਾਂ ਵਾਂਗਨ ਡੋਲਾਂ !
ਵੇ ਕੋਈ ਦਸੋ ਦਾਰੂ !

ਹਉਕੇ ਨਿਤ ਗਗਨਾਂ ਨੂੰ ਛੋਂਹਦੇ,
ਵਿਆਕੁਲ ਸੁਪਨੇ ਪਰ ਨਾ ਸੌਂਦੇ
ਕਿਥੋਂ ਸ਼ਾਂਤੀ ਟੋਲਾਂ
ਵੇ ਕੋਈ ਦਸੋ ਦਾਰੂ !

ਭੁਲ ਨਾ ਕਦੀ

ਰਹਿਣ ਦੇ ਸੁੱਤੀ,
ਪੀੜਾ ਉਰ-ਅੰਤਰ ਦੀ !
ਰਹਿਣ ਦੇ ਦਬੀ
ਪਿਆਰ ਮੇਰੇ ਦੀ, ਹਾਰ !

ਟੁੱਟੀ ਹੋਈ ਭਰ ਗਈ ਬੇੜੀ,
ਦੁਖਾਂ ਗ਼ਮਾਂ ਦੇ ਨਾਲ
ਵੇ ਨਾ ਦੇ ਹਚਕੋਲੇ,
ਡੁੱਬ ਜਾਵੇਗੀ
ਵਿਚ ਮੰਝਧਾਰ !

ਨਾ ਜਗਾ, ਨਾ ਛੇੜ,
ਜਾਗੀ ਜੇ,
ਕੂੰਦ ਪਵੇਗੀ ਬਿਜਲੀ ਬਣਕੇ
ਟੁੱਟ ਪਵੇਗੀ ਬਣਕੇ ਤਾਰਾ
ਸੁੱਤੀ ਗ਼ੈਰਤ ਮਨ ਦੀ !

ਮੈਂ ਓਹ ਅਗਨੀ ਦਾ ਸ਼ੋਅਲਾ,
ਜਿਹੜਾ ਰਾਖ 'ਚ ਲਏ ਛੁਪਾ
ਪ੍ਰਲਯ ਕਾਲ ਦੀ ਜਵਾਲਾ !
ਮੈਂ ਡੁਲ੍ਹ ਡਲ੍ਹ ਪੈਂਦਾ-
ਵੀ ਖਾਲੀ,
ਖਾਲੀ ਪਰ-
ਭਰਿਆ ਪਿਆਲਾ !

ਪ੍ਰਚੰਡ-ਅਗਨੀ ਬੁਝ ਵੀ ਨਾ ਸੱਕੀ
ਜਿਵੇਂ ਕਿਵੇਂ ਹੰਝੂਆਂ ਦੇ ਨਾਲ !
ਰੁਕਿਆ ਨਾ,
ਅਜ਼ਲ ਤੋਂ ਅਜ ਤਕ,
ਭਾਵੇਂ ਧਰਤ ਦਾ ਨਾਚ ਬੇਤਾਲ !

ਜੀ ਨਾ ਸਕੀ ਕਦੀ ਮਤ
ਮਰ ਨਾ ਸਕੀ ਕਦੀ ਜ਼ਿੰਦਗੀ !
ਪਰ ਭੜਕ ਪਵੇ ਜਵਾਲਾ
ਪਾੜ ਕੇ ਰਾਖ ਦੇ ਨੂਰੀ ਪਰਦੇ
ਸਾੜ ਸਕੇ ਬ੍ਰਹਿਮੰਡ ਖੰਡ,
ਲਾਟਾਂ ਦੇ ਨਾਲ !

ਭੁਲ ਨਾ ਕਦੀ ਮੈ ਨਾਰ !
ਕਦੀ ਭੁਲ ਨਾ ਸਕੇ ਜੋ ਹਾਰ !
ਸੁੱਤੀ ਰਹਿਣ ਦੇ
ਪੀੜਾ ਉਰ ਅੰਤਰ ਦੀ !

ਇਕ ਪ੍ਰਦੇਸੀ ਆਇਆ

ਆਇਆ ਨੀ, ਇਕ ਪਰਦੇਸੀ ਆਇਆ !
ਪਤਾ ਨਹੀਂ, ਕਿਸ, ਕਿਹੜੇ ਦੇਸੋਂ
ਮਸਤਾਨਾ, ਲਟਬਉਰਾ ਜੋਗੀ,
ਬੀਨ ਵਜਾਂਦਾ ਆਇਆ ।

ਸੁਣ ਉਸ ਦੀ ਮਿੱਠੀ ਸ੍ਵਰ-ਲਹਿਰੀ,
ਬਉਰੇ ਹੋ ਗਏ ਸਭ ਸੰਸਾਰੀ !
ਖੋਲ੍ਹੇ ਮਸਤੀ ਨੈਣ ਨਸ਼ੀਲੇ
ਜਾਂਦੇ ਰਾਹੀਆਂ ਦੇ ਪਗ ਕੀਲੇ ।

ਪੌਣ ਪਾਣੀ ਦੀਆਂ ਲਹਿਰਾਂ ਮੁਕੀਆਂ,
ਧਰਤੀ ਦੀਆਂ ਧੜਕਣਾਂ ਰੁਕੀਆਂ !
ਟੋਰ ਸਮੇ ਦੀ ਆਪਾ ਭੁਲ ਗਈ
ਜਿਹਾ ਅਚੰਭਾ ਛਾਇਆ ਨੀ
ਇਕ ਪ੍ਰਦੇਸੀ ਆਇਆ !

ਦੇਖ ਸਖੀ, ਕਿਹਾ ਕਹਿਰ ਕਮਾਏ !
ਜੀਵਨ ਦੀ ਰੰਗੀਨ ਕਹਾਣੀ,
ਰਾਹਾਂ ਉਤੇ ਲਿਖਦਾ ਜਾਏ !
ਅੱਧ ਖੁਲ੍ਹੇ ਜਹੇ ਨੈਣ ਓਸਦੇ
ਆਪਣੀ ਹੀ ਮਸਤੀ ਵਿਚ ਭਿੱਜੇ,
ਖੋਂਂਹਦੇ ਜਾਵਣ ਹੋਸ਼ ਪਰਾਏ !

ਚੁਣ ਚੁਣ ਅਥਰੂ, ਚੁੰਮ ਚੁੰਮ ਪਲਕਾਂ,
ਸੁਪਨੇ ਵੰਡਣ ਆਇਆ ਨੀ !
ਇਕ ਪ੍ਰਦੇਸੀ ਆਇਆ !

ਮੁਰਝਾਈਆਂ, ਅਲਸਾਈਆਂ ਕਲੀਆਂ,
ਖਿੜੀਆਂ ਚੁੰਬਕ-ਸ਼ਕਤੀ ਪਾਕੇ !
ਮੰਦ ਮੰਦ ਮੁਸਕਾਂਦੀਆਂ ਰਿਸ਼ਮਾਂ,
ਛੋਹ ਛੋਹ ਉਸਦੀਆਂ ਮਧੂ-ਬੁਲ੍ਹੀਆਂ
ਹੋਠ ਪਿਆਸੇ ਚੁੰਮਣ ਆ ਕੇ !

ਕੌਣ ਹੈ ਉਹ, ਕਿਸ ਦੇਸ਼ ਦਾ ਵਾਸੀ ?
ਕਿਥੋਂ ਆਇਆ; ਕਿਥੇ ਜਾਸੀ ?
ਥਹੁ ਪਤਾ ਇਸਦਾ ਨਾ ਕੋਈ
ਦਿਸਦੀ ਖੇਡ ਅਨੋਖੀ ਹੋਈ !

ਆਸ-ਪਰੀ ਦੇ ਨੈਣਾਂ ਵਿਚੋਂ,
ਨੂਰ ਚੂਰਾ ਲੈ ਆਇਆ ਨੀ!
ਇਕ ਪ੍ਰਦੇਸੀ ਆਇਆ ।

ਚਲੀ ਨੀ ਮੈਂ ਦੇਸ਼ ਪੀਆ ਦੇ ਚਲੀ

ਚੱਲੀ ਨੀ ਮੈਂ ਦੇਸ਼ ਪੀਆ ਦੇ ਚੱਲੀ !

ਅੱਜ ਸਖੀ ਕੁਝ ਵੱਸ ਨਹੀਂ ਮੇਰੇ
ਰੋਕ ਨਹੀਂ ਸਕਦੇ ਤਰਲੇ ਤੇਰੇ !
ਜਾਗੀ ਅਜ ਮੂੰਹ ਜ਼ੋਰ ਜਵਾਨੀ
ਪ੍ਰੀਤ-ਲੋਰ ਕੀਤਾ ਦੀਵਾਨੀ !
ਜੋਬਨ ਚਾਰ ਦਿਨਾਂ ਦਾ ਕਹਿੰਦੇ
ਵਹਿੰਦੇ ਵਹਿ ਜਾਂਦੇ ਨੇ ਪਾਣੀ !
ਦੂਰ ਟਿਕਾਣਾ ਜਾਣਾ ਕੱਲੀ -
ਚੱਲੀ ਨੀ ਮੈਂ ਦੇਸ਼ ਪੀਆ ਦੇ ਚੱਲੀ !

ਪ੍ਰੀਤ-ਨਦੀ ਦੇ ਓਸ ਕਿਨਾਰੇ
ਦੇਖ ਸਖੀ ਕੋਈ ਖੜਾ ਪੁਕਾਰੇ !
ਕੱਚੇ ਘੜੇ ਤੇ ਤਰਦੇ ਨਦੀਆਂ;
ਪ੍ਰੀਤਾਂ ਦੇ ਵਣਜਾਰੇ !
ਕੀ ਕਰ ਲੈਣਗੇ ਦੁਨੀਆਂ ਵਾਲੇ,
ਪਿਆਰ ਤੋਂ ਸਭ ਕੁਝ ਵਾਰ ਕੇ ਚੱਲੀ !
ਚੱਲੀ ਨੀ ਮੈਂ ਦੇਸ਼ ਪੀਆ ਦੇ ਚੱਲੀ

ਹਰ ਸਹਾਰਾ ਧੋਖਾ ਦੇ ਦੇ ਜਾਏ

ਮੈਂ ਭਟਕਾਂ ਵਿਨ ਰਾਤ ।
ਲਭਾਂ ਛੁਪਣ ਲਈ,
ਕੋਈ ਪਨਾਹ !
ਜੋ ਦਏ ਸਹਾਰਾ,
ਲਏ ਛੁਡਾ !

ਰੂਹ ਦੀ ਖੋਹ
ਇਹ ਭਟਕ ਸਦੀਵੀ
ਕੱਜਾਂ ... ...
ਕਜ ਕਜ ਰਖਾਂ
ਗੀਤਾਂ ਦਾ ਪਾ ਪਾ ਓਹਲਾ !
ਪਰ ਓਹਨਾਂ 'ਚੋਂ ਹਾਏ !
ਫਿਰ ਫਿਰ ਪੈ ਜਾਏ
ਅਪਣੇ ਨੈਣਾਂ ਦਾ ਝੌਲਾ !

ਦਿਆਂ ਖਿਡੌਣੇ ਦਿਲ ਨੂੰ
"ਤੂੰ ਖੇਡ ਦਿਲਾ !
ਦੁਨੀਆਂ ਲੜੀ ਰੰਗੀਨ,
ਮਿੱਠੀ ਜ਼ਿੰਦਗੀ,
ਕੁਝ ਜੀ !
ਕੁਝ ਮੋਜ ਮਨਾ !!"
ਪਰ ਅਸਲੇ ਦਾ ਪਰਛਾਵਾਂ
ਹਰ ਥਾਂ ਨਾਲ !
ਹੰਝੂ ਨਾ ਲੁਕਦੇ,
ਹੌਕੇ ਨਾ ਛਿਪਦੇ,
ਖ਼ੁਸ਼ੀ ਅਧੂਰੀ
ਯਾਦਾਂ ਨੂੰ ਪਾਲ !
ਬਦਲਾਂ ਦੇ ਟੁਕੜੇ,
ਹਰ ਚੰਦਾ ਦੇ ਨਾਲ !

ਹਰ ਕਜਣ ਪਾਟੇ,
ਹਰ ਓਹਲਾ ਟੁੱਟੇ,
ਝਾਕੇ ਵਿਚੋਂ ਹਾਰ !
ਮੈਂ ਕਿੰਜ ਛੁਪਾਂ,
ਭੁੱਖ ਸਦੀਵੀ ਮਿਟਦੀ ਹੀ ਨਾ !
ਜੋ ਵੀ ਲਾਂ - ਵਧਾਏ ਹੋਰ
ਲੋਰੀ ਦਿਆਂ ਸੁਆਵਾਂ -
ਉਹ ਜਗਾਏ ਹੋਰ ।
ਭੁਖ ਦੀਆਂ ਚੀਸਾਂ
ਕਿੰਜ ਮਿਟਾਂ
ਹਾਏ ਕਿੰਜ ਸਹਾਂ

ਚੋਗਾ ਚੁੱਗ ਗਿਆ ਬਾਜ਼
ਚਿੜੀਆਂ ਦਾ ਰਾਖਾ
ਖੇਤ ਨੂੰ ਖਾ ਗਈ ਵਾੜ
ਫਿਰ ਕੌਣ ਬਚਾਏ,
ਟੁਟਣ ਨਾ ਕਿੰਜ ਤਾਰ
ਹਰ ਸਹਾਰਾ ਧੋਖਾ ਦੇ ਦੇ ਜਾਏ ।

ਨੀ ਮੈਂ ਨੈਣ ਛੁਪਾ ਕੇ ਰਖਦੀ

ਨੀ ਮੈਂ ਨੈਣ ਛੁਪਾ ਕੇ ਰਖਦੀ !
ਪ੍ਰੇਮ-ਕਣ ਨੈਣਾਂ ਵਿਚ ਪਾ ਕੇ,
ਪ੍ਰੀਤਮ ਟੁਰ ਗਿਆ ਲਾਰੇ ਲਾ ਕੇ,
ਉਹ ਤਾਂਘਾਂ ਵਿਚ ਭਖ਼ਦੀ
ਨੀ ਮੈਂ ਨੈਣ ਛੁਪਾ ਕੇ ਰਖਦੀ !

ਇਸ ਦੁਨੀਆਂ ਦੀਆਂ ਚਾਤਰ ਅਖਾਂ,
ਆਪਣਾ ਆਪ ਛੁਪਾ ਕੇ ਰਖਾਂ !
ਛਿਜ ਛਿਜ ਜਾਵਣ ਸਾਰੇ ਓਹਲੇ,
ਭੇਦ ਛੁਪਾਇਆ ਮੂੰਹੋਂ ਬੋਲੇ !
ਡੁਲ੍ਹ ਡੁਲ੍ਹ ਜਾਵਣ, ਹਥ ਨਾ ਆਵਣ,
ਏਸ ਜੋਤ ਦੀਆਂ ਰਿਸ਼ਮਾਂ ਲੱਖਾਂ !
ਇਕੋ ਗਲ ਦੇ ਕਈ ਬਹਾਨੇ,
ਉਹ ਫਿਰ ਵੀ ਛੁਪ ਨਾ ਸਕਦੀ
ਨੀ ਮੈਂ ਨੈਣ ਛੁਪਾ ਕੇ ਰਖਦੀ !

ਮੇਰੀ ਅਜੇ ਪ੍ਰੀਤ ਕੁਆਰੀ !
ਛੁਪ ਜਾਵਾਂ ਮੈਂ ਲਾਜ ਦੀ ਮਾਰੀ !
ਕੈਰੀਆਂ ਨਜ਼ਰਾਂ ਕਰਨ ਇਸ਼ਾਰੇ !
ਮੁਸਕਾਂਦਿਆਂ ਤਕ ਕੌਣ ਸਹਾਰੇ !
ਸੂਰਤ ਉਸਦੀ ਨੈਣੀ ਪਾ ਕੇ,
ਕੀਕਣ ਨੱਚਾਂ ਘੁੰਗਟ ਚਾ ਕੇ ?
ਮੈਲੀ ਨਾ ਕਰ ਦੇਵੇ ਦੁਨੀਆਂ,
ਨੀਵੇਂ ਨੈਣ ਨਿਵਾ ਕੇ ਰਖਦੀ,
ਨੀ ਮੈਂ ਨੈਣ ਛੁਪਾ ਕੇ ਰਖਦੀ !

ਕਿੰਜ ਜੀਵਾਂ

ਦੀਪ ਜਗੇ
ਨਾ ਹੋਈ ਰੌਸ਼ਨੀ ।
ਫਿਰ ਵੀ ਛਾਇਆ,
ਘਟਾ ਟੋਪ ਅੰਧਕਾਰ !
ਓਰ ਛੋਰ ਨਾ ਦਿਸੇ ਕੋਈ
ਮੇਰੀ ਅੰਨ੍ਹੀ ਰੂਹ,
ਪਈ ਧਕੇ ਖਾਵੇ ਬਾਰ ਬਾਰ !

ਸੋਚਾਂ
ਜੇ ਕਦੀ ਸਿਮਟ ਸਕੇ ਇਹ ਲੋਅ
ਪਾ ਲਾਂ ਨੈਣਾਂ ਰਾਹ,
ਕਾਲੀ ਰੂਹ ਵਿਚਕਾਰ !
ਉਹ ਸੁੰਨੀ ਸੁੰਨੀ,
ਖਾਲੀ ਖਾਲੀ,
ਕੱਲਾ ਉਸਦਾ ਪਿਆਰ !
ਜੀਵਣ ਲਈ ਹਾਏ ਦੁਖੀਆ,
ਤਰਲੇ ਕਰੇ ਹਜ਼ਾਰ !
ਕਦੀ ਹਸੇ, ਕਦੀ ਗਾਵੇ,
ਪਰ ਇਕ ਵੀ ਗੀਤ ਨਾ ਗੂੰਜੇ,
ਟੁੱਟੇ ਉਸਦੇ ਤਾਰ !
ਬੁਲ੍ਹ ਹਸਣ,
ਪਰ ਨੈਣ ਪਏ ਰੋਂਦੇ ।
ਨੈਣ ਹਸਾਵਾਂ,
ਰੂਹ ਪਏ ਕਰੇ ਪੁਕਾਰ !
"ਰੁੜ੍ਹਦੇ ਨੂੰ ਤਿਨਕੇ ਦਾ ਸਹਾਰਾ"
ਮੰਗੇ ਜ਼ਿੰਦਗੀ ਹੱਥ ਪਸਾਰ !
ਕਿੰਜ ਪਰਚਾਵਾਂ ਜੀ ਨੂੰ
ਕਿੰਜ ਜੀਵਾਂ ?
ਕਿੰਜ ਲੁਕਾਵਾਂ ਹਾਏ !
ਦਿਲ ਪੀੜਾ ਆਪਾਰ !
ਹੁਸਨ ਤੇ ਵਿਕੇ ਬਜ਼ਾਰ 'ਚ
ਇਸ਼ਕ ਨਾ ਕਿਸੇ ਬਜ਼ਾਰ !
ਨੂਰ ਨੂਰ ਕਰ ਦਏ ਜੋ ਮੈਨੂੰ
ਕਿਥੋਂ ਲਭੇ ਉਹ ਸਚਾ ਪਿਆਰ ।

ਖੇਡਾਂ ਲੱਖ ਲੱਖ ਵਾਰੀ
ਮੇਰੀ ਕਿਸਮਤ !
ਹਰ ਖੇਡ 'ਚ ਮੇਰੀ ਹਾਰ !
ਤਕਦੀਰ ਵਿਕੇ ਤਾਂ ਲੈ ਲਵਾਂ
ਦੇ ਕੇ ਜਨਮ ਹਜ਼ਾਰ !

ਰੋਜ਼ ਗੀਤ ਮੈਂ ਗਾਵਾਂ

ਰੋਜ਼ ਗੀਤ ਮੈਂ ਗਾਵਾਂ
ਨਵੇਂ ਨਵੇਂ ਨਿਤ ਸਾਜ਼ ਵਜਾਵਾਂ !
ਤੈਨੂੰ ਰੀਝਾਵਣ ਲਈ ਪਿਆਰੇ,
ਗੀਤ ਰੂਪ ਧਰ ਆਵਾਂ ।

ਗਾਂਦਿਆਂ ਗਾਂਦਿਆਂ ਕਈ ਯੁਗ ਲੰਘੇ,
ਪੂਰਨ ਅਜੇ ਨਾ ਉਸਤਤ ਹੋਈ,
ਕੈਦ ਤੱਤਾਂ ਦੀਆਂ ਹੱਦਾਂ ਅੰਦਰ,
ਤੇਰੇ ਲਖ ਬ੍ਰਹਿਮੰਡ ਖੰਡਾਂ ਦਾ
ਭੇਦ ਲਵੇ ਪਾ ਕੀਕਣ ਕੋਈ ?
ਮੈਂ ਕੀ ਜਾਣਾ ? ਤੂੰ ਕਿੰਜ ਗਾਵੇਂ ?
ਪਰ ਇਹ ਨਾਦ ਅਜੇਹਾ ਗੂੰਜੇ,
ਇਕ ਲੈਅ ਤੇ ਸੰਸਾਰ ਨਚਾਵੇਂ ।
ਤੂੰ ਮੈਨੂੰ ਅਨੰਤ ਬਣਾਇਆ
ਹਰ ਯੁਗ ਨਵਾਂ ਜਨਮ ਮੈਂ ਪਾਇਆ
ਫਿਰ ਵੀ ਤੈਨੂੰ ਛੋਹ ਨਾ ਸੱਕੀ,
ਰਹੀ ਤੇਰਾ ਪਰਛਾਵਾਂ !
ਰੋਜ਼ ਗੀਤ ਮੈ ਗਾਵਾਂ !

ਹੇ ਮੇਰੇ ਪ੍ਰਾਣਾਂ ਦੇ ਪ੍ਰਾਣ !
ਅੰਤ ਨਾ ਤੇਰਾ
ਅੰਤ ਨਾ ਮੇਰਾ
ਗੂੰਜੇ ਗੀਤ ਮਹਾਨ !
ਤੂੰ ਅਪਾਰ ਹੇ ਜਗਤ ਦੇ ਕਰਤਾ
ਜਾਣ ਨਾਂ ਸਕਿਆ ਕੋਇ !
ਬੰਸੀ ਦੀ ਹੈ ਪੀੜ ਪੁਰਾਣੀ
ਗੀਤ ਨੇ ਨਵੇਂ ਨਰੋਇ !
ਤੇਰੀ ਅਮਰ-ਦਾਤ ਹੈ ਪਿਆਰੇ
ਤੂੰ ਦੇਵੇਂ, ਮੈਂ ਲੈਂਦੀ ਜਾਵਾਂ !
ਤੇਰੇ ਕਦਮ ਛੋਹਣ ਲਈ ਰਾਹ ਤੇ
ਗੀਤ ਮੈਂ ਰੋਜ਼ ਵਿਛਾਵਾਂ
ਰੋਜ਼ ਗੀਤ ਮੈ ਗਾਵਾਂ !

ਲਖ ਪਰਛਾਂਵੇਂ ਤੈਨੂੰ ਕਿਵੇਂ ਪਛਾਣਾ

ਬੜੀ ਦੂਰ ਹੈ ਜਾਣਾ !
ਦੂਰ ਹੈ ਮੰਜ਼ਲ - ਦੂਰ ਟਿਕਾਣਾ
ਬੜੀ ਦੂਰ ਹੈ ਜਾਣਾ !

ਆਦਿ ਕਾਲ ਤੋਂ ਟੁਰਦੇ ਚੰਨ ਸਿਤਾਰੇ
ਰੱਥ ਸਮੇਂ ਦਾ ਚਲੇ, ਚਲ ਚਲ ਹਾਰੇ
ਝਲਕ ਝਲਕ ਝਾਉਲੇ ਭਟਕਾਂਦੇ -
ਲੱਖ ਪਰਛਾਵੇਂ -
ਤੈਨੂੰ ਕਿਵੇਂ ਪਛਾਣਾ ?

ਝਾਕ ਝਾਕ ਬਹੁ ਮੰਦਰ ਵੇਖੇ
ਪਏ ਭੁਲੇਖੇ,
ਅਨਿਕ ਬੂਹੇ ਖੜਕਾਏ
ਰਾਹ ਵਿਚ ਹਾਏ !
ਜੀਵਨ-ਖੇਡ ਅਧੂਰੀ -
ਅਜੇ ਨਾ ਪੂਰੀ !
ਕਣ ਕਣ ਜਫੀਆਂ ਪਾਵਾਂ,
ਤ੍ਰਿਖਾ ਮਿਟਾਵਾਂ।
ਪਰ ਕਿੰਜ ਸ਼ਾਂਤੀ ਆਵੇ ?
ਖੋਹ ਸੌਂ ਜਾਵੇ ।

ਦੂਰ ਹੈ ਮੰਦਰ ਤੇਰਾ,
ਦੂਰ ਬਥੇਰਾ !
ਲੰਘੀ ਵਣ ਤ੍ਰਿਣ ਸਾਰੇ,
ਹੁਣ ਤੇ ਖੋਹਲ ਦਵਾਰੇ !
ਰਾਤ ਦਿਨੇ ਮੈਂ ਇਕ ਸਾਹ ਦੜਾਂ
ਉਸ਼ਾ, ਨਿਸ਼ਾ, ਸੱਮ ਜਾਣਾ ।
ਢੂਰ ਹੈ ਮੰਜ਼ਲ
ਦੂਰ ਟਿਕਾਣਾ !

ਜਾਗ ਪਿਆ ਹੈਵਾਨ

ਸੌਂ ਗਿਆ ਇਨਸਾਨ !
ਤੇ ਜਾਗ ਪਿਆ ਹੈਵਾਨ

ਸੌਂ ਗਈ ਪ੍ਰੀਤ,
ਮਮਤਾ, ਹਮਦਰਦੀ
ਜਾਗ ਪਈ
ਨਫ਼ਰਤ, ਖ਼ੁਦਗਰਜ਼ੀ
ਆਪੋ ਵਿਚ ਦੀ ਖਿੱਚਤਾਣ ਸੰਗ
ਦਹਿਲ ਗਿਆ ਧਰਤੀ ਦਾ ਸੀਨਾ
ਤੇ ਹਲਚਲ ਸਾਗਰ ਵਿਚ
ਮਚ ਗਈ ।
ਕਾਲ-ਪੀੜ ਦੀਆਂ ਚੀਕਾਂ ਸੰਗ
ਗੂੰਜ ਪਿਆ ਅਸਮਾਨ !

ਮਾਨੁਖ ਦੇ ਲਹੂ ਨਾਲ,
ਰੰਗੇ ਗਏ ਸਾਰੇ ਖੇਤ
ਅੰਨ ਵਾ ਇਕ ਇਕ ਦਾਣਾ,
ਲਿਆ ਮਾਵਾਂ ਨੇ,
ਜਿਗਰ ਦਾ ਇਕ ਇਕ ਟੁਕੜਾ ਵੇਚ
ਫਿਰ ਵੀ ਨਿਕਲ ਗਏ,
ਭੁਖ ਸੰਗ ਪੀੜਤ ਪ੍ਰਾਣ
ਜਾਗ ਪਿਆਂ ਹੈਵਾਨ!

ਸੌਂ ਗਈ ਕਲਾ,
ਸੁੰਦਰਤਾ, ਵਿਦਿਆ
ਜਾਗ ਪਿਆ ਕੁਹਜਾਪਨ,
ਕਰੜਾਪਨ, ਅਨਪੜ੍ਹਤਾ
ਸੌਂ ਗਿਆ ਦਿਲ ਦਿਮਾਗ਼
ਜਾਗ ਪਈ ਤਾਕਤ, ਵਹਿਸ਼ੀਪਨ
ਜਿਸਨੇ ਸਾਰੇ ਦੀਪ ਬੁਝਾ ਕੇ
ਇਕੋ ਹੀ ਭਾਂਬੜ ਲਾਇਆ
ਜਿਸ ਵਿਚ ਸੜ ਸੜ,
ਮਰਨ ਜੁਆਨ

ਸੌਂ ਗਈ ਸ਼ਾਂਤੀ,
ਜਾਗ ਪਿਆ ਤੂਫ਼ਾਨ
ਸੌਂ ਗਿਆ ਇਨਸਾਨ
ਜਾਗ ਪਿਆ ਹੈਵਾਨ

ਹੋਈ ਨੀ ਮੈਂ ਜੋਗਣ ਹੋਈ

ਹੋਈ ਨੀ ਮੈਂ ਜੋਗਣ ਹੋਈ
ਕੀ ਦਸਾਂ ਤੇ ਕੀ ਨਾ ਦਸਾਂ,
ਮੇਰਾ ਹਾਲ ਨਾ ਪੁਛੋ ਕੋਈ !

ਭੁਲਿਆ ਕੌਲ 'ਕਰਾਰਾਂ ਵਾਲਾ,
ਯਾਦ ਕੀ ਰਹਿੰਦੀ ਉਸਨੂੰ ਮੇਰੀ,
ਉਹ ਅਨਗਿਣਤ ਪਿਆਰਾਂ ਵਾਲਾਂ !
ਯਤਨ ਕਰੋ ਨੀ, ਹੀਲਾ ਕੋਈ
ਮੈਂ ਬਉਰੀ ਬੈਰਾਗਣ ਹੋਈ ।

ਮੁਸਕਾਦਾ ਕੋਲੋਂ ਲੰਘ ਜਾਵੇ,
ਉਹ ਛਲਵਲੀਆ ਵਿਲ ਦਾ ਕਾਲਾ !
ਤਾਂਘਾਂ, ਸੁਪਨੇ, ਰੀਝਾਂ, ਸੱਧਰਾਂ,
ਰੋਲੇ ਪੈਰਾਂ ਵਿਚ ਨਿਰਮੋਹੀ,
ਹੋਈ ਨੀ ਮੈਂ ਜੋਗਣ ਹੋਈ ।

ਪਾ ਨੀ ਸਖੀ ਸਹੇਲੀ ਮੈਰੀ
ਉਸ ਪ੍ਰੀਤਮ ਦੀ ਪਿਆਰ ਕਹਾਣੀ,
ਜਿਸਦੇ ਸੁਪਨਾਲੇ ਨੈਣਾਂ ਵਿਚ,
ਸੁਤੀ ਮੇਰੀ ਤਰਲ ਜਵਾਨੀ
ਲੈ ਗਏ ਮੇਰੇ ਨਕਸ਼ ਵਹਾ ਕੇ
ਯਾਦ ਜਿਦ੍ਹੀ ਤੋਂ ਵਹਿੰਦੇ ਪਾਣੀ,
ਚੁਣੋ ਨੀ ਕੋਈ ਅਥਰੂ ਮੇਰੇ
ਪ੍ਰੀਤ ਕੰਵਾਰੀ ਹੱਸ ਹੱਸ ਰੋਈ !
ਹੋਈ ਨੀ ਮੈਂ ਜੋਗਣ ਹੋਈ !

ਸਾਥੀ, ਨੈਣ ਮੇਰੇ ਭਰ ਆਏ

ਸਾਥੀ, ਨੈਣ ਮੇਰੇ ਭਰ ਆਏ !

ਗਾ ਨਾ ਸੱਕੀ ਗੀਤ ਅਜੇ ਤਕ
ਜੋ ਧੁਰ ਤੋਂ ਤੜਪਾਏ!
ਰੋਜ਼ ਰੋਜ਼ ਮੈ ਸੁਰ ਕਰਦੀ ਹਾਂ,
ਅਪਣੀ ਮਨ-ਵੀਣਾਂ ਦੀਆਂ ਤਾਰਾਂ
ਸ੍ਵਰ ਬਿਨ ਗੀਤ ਮੇਰੇ ਪਰ ਤੜਪਣ,
ਲੈ ਬਿਨ ਬਣਨ ਪੁਕਾਰਾਂ !
ਕੋਮਲ-ਛੋਹ ਤੇਰੀ ਬਿਨ ਪਿਆਰੇ,
ਟੁੱਟੀਆਂ ਤਾਰਾਂ ਕੌਣ ਵਜਾਏ ?
ਦਿਲ ਵਿਚ ਮੂਕ-ਗੀਤ ਦੀ ਪੀੜਾ
ਕਲ ਵਲ ਖਾਏ ਗਾਵਣ ਦੀ ਚਾਹ !
ਪਰ ਮੈਂ ਝੱਲੀ ਜਾਚ ਨਾ ਜਾਣਾ,
ਮੌਨ-ਭਾਵ ਦਸ ਕੌਣ ਜਗਾਏਂ ?
ਨੈਣ ਮੇਰੇ ਭਰ ਆਏ !

ਪਤਾ ਨਹੀ ਕਿਉਂ ਚੁੱਪ ਚਾਂ ਛਾਈ
ਡੁਲ੍ਹ ਗਏ ਅਥਰੂ,
ਖਿੰਡ ਗਏ ਤਾਰੇ,
ਪਰ ਤਾਰਾਂ ਸੁਰ ਕਰ ਨਾ ਪਾਈ
ਦੂਰ ਬੜੀ ਹਾਂ ਪੂਰਨਤਾ ਤੋਂ
ਕੌਣ ਮਿਲਣ ਦੀ ਆਸ ਬੰਨ੍ਹਾਏ
ਨੈਣ ਮੇਰੇ ਭਰ ਆਏ ।

ਕਦਮ-ਚਾਪ ਸੁਣ ਸੁਣ ਥੱਕੀ ਹਾਂ,
ਹੇ ਅਗਿਆਤ, ਕਦੇ ਤੇ ਆ ਜਾ ।
ਇਸ ਬੰਸੀ ਦੀਆਂ ਸੁਤੀਆਂ ਤਾਨਾਂ
ਕਦੀ ਤੇ ਆਪਣੇ ਹੋਠ ਛੁਹਾ ਜਾ ।
ਹਉਕੇ ਭਰਨ ਹਵਾ ਦੇ ਝੌਂਕੇ
ਕਲੀਆਂ ਕੌਣ ਖਿੜਾਏ ?
ਨੈਣ ਮੇਰੇ ਭਰ ਆਏ ।

ਸੰਝ ਦੀ ਲਾਲੀ

ਸੰਝ ਦੀ ਲਾਲੀ,
ਜੋ ਛੋਹੇ ਸੋ ਰਤਾ ਕਰਦੀ ਜਾਏ !
ਆਸ ਦੀ ਲਾਲੀ,
ਜੋ ਛੋਹੇ ਸੋ ਸੋਨਾ ਕਰਦੀ ਜਾਏ ।

ਪਛੋਂ ਦੇ ਸੂਰਜ ਵਿਚ,
ਇਹ ਦੁਨੀਆਂ ਚਮਕੇ
ਤੇ ਆਸ-ਕਿਰਨ ਵਿਚ,
ਮੇਰਾ ਜੀਵਨ ਚਮਕੇ
ਪਰ ਹਾਏ !
ਇਹ ਕੀ ਹੁੰਦਾ ਜਾਏ
ਜਿਉਂ ਜਿਉਂ ਲਾਲੀ ਤਿਲ੍ਹਕੇ,
ਅੰਧਿਆਰੀ ਛਾਂਦੀ ਜਾਏ
ਜਿਉਂ ਜਿਉਂ ਆਸ-ਕਿਰਨ ਡੁਬੇ
ਮੇਰਾ ਜੀਵਨ ਮੁਕਦਾ ਜਾਏ !

ਮੇਰਾ ਦਿਲ ਬਣਾਏ ਸੁਪਨੇ,
ਸੁਪਨੇ ਨੈਣਾਂ ਵਿਚ ਰਹਿੰਦੇ,
ਮੈਂ ਸੁਪਨਿਆਂ 'ਚ ਵਸਦੀ,
ਤੇ ਸੁਪਨੇ ਮੇਰੇ ।
ਜੋ ਜੀਵਨ ਦੇ ਕੰਨਾਂ ਵਿਚ,
ਨਿਤ ਕੁਝ ਕੁਝ ਕਹਿੰਦੇ ।
ਮੈਂ ਸੁਪਨਿਆਂ ਚ ਭੁਲੀ,
ਮੇਰਾ ਜੀਵਨ ਸੁਪਨਾ
ਜੋ ਨਿਤ ਘੜੇ ਬਣਾਏ
ਪਰ ਆਹ !
ਹੋਣੀ ਨਿਤ ਢਾਏ
ਸੁਪਨੇ ਟੁਟਣ,
ਮੇਰਾ ਜੀਵਨ ਟੁਟਦਾ ਜਾਏ !

ਹੋਰ ਜਨਮ ਦਾ ਚਾਅ

ਨੈਣਾਂ ਤਕਿਆ,
ਨਜ਼ਰਾਂ ਟੋਹਿਆ,
ਰੂਹਾਂ ਲਿਆ ਸਿਆਣ !
ਸਿੱਟੀ ਧਰਤੀ
ਮਿੱਟੀ ਜੀਵਨ,
ਮਿੱਟੀ ਦਾ ਇਨਸਾਨ,
ਫਿਰ ਕੀ ਰੂਹਾਂ ਦੀ ਪਹਿਚਾਣ- ?
ਕੀ ਅਜ਼ਲੋਂ ਜੁੜੇ ਪ੍ਰਾਣ ?
ਕਕਰੋਂ ਠੰਢਾ ਸੀਤ,
ਸੌਂ ਗਈ ਮੇਰੀ ਰੂਹ -
ਇਕ ਕਿਰਨ ਵੀ ਸੇਕ ਦੀ,
ਨਾ ਸੱਕੀ ਧਰਤ ਪਚਾ,
ਕੋਈ ਵੀ ਸ਼ੋਅਲਾ ਅਗ ਦਾ
ਸਕਿਆ ਨਾ ਪਿਘਲਾ ।

ਰੀਝਾ ਨਾ ਸਕੇ ਨੈਣ,
ਰੂਪ ਨਾ ਸਕਿਆ ਮੋਹ
ਰੂਹ ਦਾ ਸਹੁੱਪਣ ਚੀਜ਼ ਦੁਰੇਡੀ
ਨਜ਼ਰ ਨਾ ਸਕੇ ਆ।

ਰੂਹ ਸੂਖ਼ਮ ।
ਠੋਸ ਸਰੀਰ ।
ਸੱਕੇ ਨਾ ਨਿੱਘ ਪਚਾ ।

ਰੂਹਾਨੀ ਕਿਹਾ ਪਿਆਰ ?
ਉਸ ਨੂੰ ਸੱਕੇ ਕੌਣ ਹੰਢਾ ?
ਮਿੱਟੀ ਜੀਵੇ,
ਮਿੱਟੀ ਮਰ ਜਾਏ,
ਫਿਰ ਕੀ ਜਨਮਾਂ ਦਾ ਰਿਸ਼ਤਾ ?
ਫਿਰ ਕਿੰਜ ਪਾਵਾਂ ?

ਰੂਪ ਨਹੀਂ ਮੈਂ
ਜੋ ਅਪਣਾ ਲਏ ਬਣਾ ।
ਅਨੰਤ ਵੇਦਨਾ, ਤੜਪੇ ਜੀਵਨ,
ਫਿਰ ਵੀ ਹੋਰ ਜਨਮ ਦਾ ਚਾਅ

ਮੈਂ ਰਾਹੀ ਅਨਜਾਣ

ਮੈਂ ਰਾਹੀ ਅਨਜਾਣ
ਵਿਚ ਹਨੇਰੇ ਕਿਉਂ ਪਿਆ ਭਟਕਾਂ
ਕਿਉਂ ਨਾਂ ਕਰਾਂ ਅਰਾਮ ?

ਅਜ ਮੈਂ ਹਰ ਅਗਾਂਹ ਨਹੀਂ ਜਾਣਾ
ਭੁਲ ਜਾਸਾਂ ਕਿ ਦੂਰ ਟਿਕਾਣਾ ।
ਛਡ ਦਿਤੇ ਪਤਵਾਰ ਨੇ ਹਥੋਂ
ਕਰਾਂਗਾ ਮੈਂ ਬਿਸਰਾਮ ।
ਸੈੱ' ਰਾਹੀ ਅਨਜਾਣ ।

ਥੱਕ ਗਿਆ ਟੁਰ ਟੁਰ ਦਿਹੋਂ ਸਾਰਾ
ਚਮਕ ਪਿਆ ਹੈ ਸੰਝ ਦਾ ਤਾਰਾ ।
ਕੰਵਲ-ਪਤੀਆਂ ਮੀਟ ਲਏ ਮੂੰਹ
ਥੱਕ ਕੇ ਸੌਂਦੀ ਜਾਏ ਸ਼ਾਮ ।

ਬੁਝੀ ਜੋਤ, ਹਨੇਰਾ ਹੋਇਆ
ਕਿਸਦੀ ਲੋਅ ਵਿਚ ਮੰਜ਼ਲ ਦੇਖਾਂ
ਕੌਣ ਕਰੇ ਮੇਰਾ ਕਲਿਆਣ ।
ਕਿਉਂ ਨਾ ਉਸਦੀ ਆਸ ਤੇ ਛਡਾਂ
ਬੇੜੀ ਵਿਚ ਤੁਫ਼ਾਨ ?
ਕਿਉਂ ਨਾ ਬੰਦ ਕਰਾਂ ਸੰਗਰਾਮ?
ਲੈ ਜਾਵਣਗੀਆਂ ਲਰਿਰਾਂ ਜਿਸ ਥਾਂ
ਓਹੀ ਹੈ ਮੇਰਾ ਅਸਥਾਨ ।
ਮੈਂ ਰਾਹੀ ਅਨਜਾਣ ।

ਅੰਧਕਾਰ

ਅੰਧਕਾਰ ! ਘੋਰ ਅੰਧਕਾਰ !!
ਛਾ ਗਿਆ ਜਹਾਨ ਤੇ
ਛੁਪ ਗਿਆ ਸੰਸਾਰ
ਅੰਧਕਾਰ... ...

ਕਾਲੀ ਰਾਤ ਛਾ ਗਈ
ਤੇ ਜੱਗ ਦਾ ਪਾਪ
ਘੋਰ ਪਾਪ
ਜਾਗ ਕੇ ਬੇਧੜਕ
ਕਰੇ ਕਰਮ ਕਾਲੇ ਰਾਤ ਤੋਂ
ਲਾਲ ਕਰਕੇ ਨੈਣ ਉਹ-
ਰਤੇ ਕਿਸੇ ਦੇ ਖ਼ੂਨ ਸੰਗ,
ਹੁਸਨ ਇਸ਼ਕ ਵੇਚਦਾ ਖ੍ਰੀਦਦਾ-
ਏ ਰਾਤ ਦੇ ਬਾਜ਼ਾਰ ਚੋਂ
ਹਨੇਰਿਆਂ ਵੀ ਔਝੜਾਂ 'ਚ
ਨਗਨ ਹੋ ਕੇ ਚਾਨਣਾ,-
ਹੈ ਨਚ ਰਿਹਾ ਵਿਕਰਾਲ ਨਾਚ
ਅੰਧਕਾਰ !
ਘੋਰ ਅੰਧਕਾਰ !!

ਅੰਧਕਾਰ ਛਾ ਗਿਆ ਜਹਾਨ ਤੇ
ਮਾਂ ਦੀ ਵੇਦਨਾਂ 'ਚ
ਵਿਸ਼ਵ-ਪੀੜ ਗਈ ਸਮਾ
ਪਾਟ ਕੇ ਆਕਾਸ਼
ਵਸਦੇ ਸ਼ਹਿਰਾਂ ਤੇ ਹੈ ਵਸ ਪਿਆ
ਧਰਤੀ ਦਾ ਸੀਨਾ ਚੀਰ ਕੇ
ਚਲਦੇ ਨੇ ਟੈਂਕ
ਆਕਾਸ਼ ਨੂੰ
ਨਾਪਾਕ ਕਰਦੇ ਹਵਾਬਾਜ਼
ਕਿਸ ਲਈ ?
ਕਿਸਦਾ ਧੂੰਆ ਬਣ ਕੇ ਇਹ-
ਹੈ ਅੰਧਕਾਰ ਛਾ ਗਿਆ
ਇਹ ਕਿਸਦੀ ਆਹ ?
ਮਜ਼ਲੂਮ ਦੀ ਸਿਸਕੀ 'ਚੋਂ,
ਉਠੀ ਲਾਟ ਇਕ
ਪੂੰਜੀ ਦੇ ਪੈਰਾਂ ਹੇਠੋਂ ਆਹ
ਦੋਹਾਂ ਦਾ ਧੂੰਆਂ ਬਣ ਕੇ -
ਹੈ ਅੰਧਕਾਰ ਛਾ ਗਿਆ
ਕਾਲੀ ਰਾਤ,
ਕਾਲਾ ਜਹਾਨ,
ਪਾਪ ਦੀ ਏ ਮਾਰਾ ਮਾਰ !!
ਅੰਧਕਾਰ ! ਘੋਰ ਅੰਧਕਾਰ !!

ਬਾਲ ਮੇਰੇ ਰਾਹਾਂ ਦੇ ਦੀਵੇ

ਬਾਲ ਮੇਰੇ ਰਾਹਾਂ ਤੇ ਦੀਵੇ
ਵਾਟ ਮੇਰੀ ਦੀ ਕਾਲੀ ਸ਼ਾਹੀ
ਲਾਟ ਤੇਰੀ 'ਚੋਂ ਪੀਵੇ ।

ਹੇ ਅਨੰਤ-ਜੋਤੀ ਦੀਓ ਕਿਰਨੋਂ,
ਮੇਰੇ ਬੁਝੇ ਦੀਪਾਂ ਨੂੰ
ਅਜ ਆਪਣੇ ਹੋਠ ਛੁਹਾਓ ।
ਅਮਰ ਜੋਤ ਆਪਣੀ 'ਚੋਂ ਮੇਰੀ
ਜੀਵਨ-ਜੋਤ ਜਗਾਓ ।

ਇਸ ਜੀਵਨ ਦੀ ਲਘੂ ਪਿਆਲੀ
ਜ਼ਿੰਦਗੀ ਦਾ ਸਾਗਰ ਕਿੰਜ ਨਾਪੇ,
ਦੂਰ-ਮੰਜ਼ਲ ਦਾ ਰਾਹੀ ਹਾਂ ਮੈਂ,
ਇਕ ਜੀਵਨ ਦੀ ਲੋਅ ਵਿਚ
ਉਹ ਪਈ ਹੋਰ ਵੀ ਦੂਰ ਸਿੰਞਾਪੇ ।
ਕੁਝ ਦੀਵੇ ਤੇ ਹੋਰ ਜਗਾ ਦੇ !
ਨੂਰੀ ਕਿਰਨਾਂ ਇੰਜ ਵਿਛਾ, ਕਿ
ਜੀਵਨ ਸਾਰਾ ਜਗ ਮਗ ਜਾਪੇ ।

ਗੀਤ ਜਗਾਏਗੀ ਛੋਹ ਤੇਰੀ
ਇਕ ਵਾਰੀ ਬੁਲ੍ਹਾਂ ਨੂੰ ਲਾ ਲੈ
ਇਹ ਜੀਵਨ ਦੀ ਬੰਸੀ ਮੇਰੀ
ਅਮਰ-ਗੀਤ ਗੂੰਜਣਗੇ ਦੇਖੀਂ,
ਅਰਸ਼ ਫ਼ਰਸ਼ ਹੋਵਣਗੇ ਖੀਵੇ ।
ਬਾਲ ਮੇਰੇ ਰਾਹਾਂ ਤੇ ਦੀਵੇ ।

ਬਹਿ ਜਾ ਰਾਹੀਆ ਦੋ ਕੂ ਪਲ

ਬਹਿ ਜਾ ਰਾਹੀਆ ਦੋ ਕੂ ਪਲ !
ਤੂੰ ਵੀ ਜਾਣਾ,
ਮੈਂ ਵੀ ਜਾਣਾ,
ਅਜ ਹੋ ਜਾਣਾ ਕਲ੍ਹ ।

ਵਿਚ ਵਿਛੋੜੇ ਹਾਏ ।
ਜੀਵਨ ਇਕ ਭਾਰ ਹੋ ਜਾਏ ।
ਡੋਲ੍ਹ ਨਸ਼ੀਲੇ ਨੈਨਾਂ 'ਚੋਂ ਮਦ
ਹੋਠ ਮੇਰੇ ਤ੍ਰਿਹਾਏ
ਜਾਣ ਦੀ ਕਾਹਲੀ ਅਜੇ ਨਾ ਪਾ ਤੂੰ,
ਕਰ ਲੈ ਕੋਈ ਗਲ ।
ਬਹਿ ਜਾ ਰਾਹੀਆ ਦੋ ਕੂ ਪਲ ।

ਜੀਵਨ ਰਾਹ ਤੇ ਮਿਲੇ ਅਚਾਨਕ
ਜਨਮ ਜਨਮ ਦੇ ਵਿਛੜੇ ਸਾਥੀ ।
ਬਹਿ ਜਾ ਤ੍ਰਿਖਾ ਮਿਟਾਣ ਦੇ ਮੈਨੂੰ,
ਰਹੀ ਬੜੀ ਦੇਰ ਇਕਲਾਪੀ ।
ਪੂਜਾ ਦਾ ਹੈ ਵੇਲਾ ਪਿਆਰੇ,
ਨਾ ਪਾ ਆਪਾ ਧਾਪੀ ।
ਅਰਪਣ ਕਰ ਲਾਂ ਜੀਵਨ ਆਪਣਾ,
ਆ ਜਾਵੇਗੀ ਮੰਜ਼ਲ ਤੇਰੀ,
ਆਪੇ ਏਥੇ ਚਲ ।
ਬਹਿ ਜਾ ਰਾਹੀਆ ਦੋ ਕੂ ਪਲ ।

ਘਿਰ ਘਿਰ ਆਈ ਘੋਰ ਘਟਾ

ਘਿਰ ਘਿਰ ਆਈ ਘੋਰ ਘਟਾ ।
ਹੇ ਕਿਰਣ, ਹੇ ਆਸ਼ਾ ਜੋਤੀ,
ਵਿਖਮ ਹਨੇਰੇ ਵਿਚ ਅੱਜ ਮੈਨੂੰ
ਕੱਲਿਆਂ ਛੋੜ ਨਾ ਜਾ।

ਨਾਲ ਅਥਰੂਆਂ ਭਰ ਗਈ ਬੇੜੀ,
ਦਿਲ ਦੀ ਪੀੜ ਅਥਾਹ ।
ਹਾਏ ਕਾਂਗ ਝਨਾਂ ਵਿਚ ਆਈ,
ਮਾਂਝੀ ਬੇਪ੍ਰਵਾਹ !
ਮੈਂ ਠਿਲ੍ਹੀ ਹਾਂ ਪਿਆਰ ਸਹਾਰੇ ।
ਛੱਡ ਆਈ ਹਾਂ ਦੂਰ ਕਿਨਾਰੇ ।
ਲਹਿਰਾਂ ਹੁੰਦੀਆਂ ਜਾਣ ਭਿਆਨਕ,
ਸ਼ਾਮ ਗਈ ਏ, ਛਾ।

ਦੂਰ ਦੂਰ ਤਕ ਕੋਈ ਨਾ ਦਿਸਦਾ ।
ਜੇ ਡੁੱਬੀ ਤਾਂ ਦੋਸ਼ ਹੈ ਕਿਸਦਾ ?
ਕਾਲੇ ਏਸ ਹਨੇਰੇ ਪੱਖ ਵਿਚ,
ਤੂੰ ਹੀ ਦਸ ਮੈਂ ਕੀਕਣ ਦੇਖਾਂ,
ਜੇ ਤੂੰ ਮੁਖੜਾ ਲਏਂ ਛੁਪਾ ?

ਮੁੱਕੀ ਤੇਰੀ ਖੇਡ ਰਚਾਈ,
ਇਸ ਮੰਜ਼ਲ ਤੇ ਪਹੁੰਚਣ ਖ਼ਾਤਰ
ਹੱਸ ਹੱਸ ਜੀਵਨ-ਰਾਸ ਲੁਟਾਈ ।
ਹੇ ਜੀਵਨ, ਹੇ ਜਗਤ ਦੇ ਅਸਲੇ,
ਹੁਣ ਤੇ ਖੋਲ੍ਹ ਦੇ ਬੰਦ ਦਵਾਰੇ,
ਆਈ ਸਾਂਗ ਨਿਭਾ ।

ਘਿਰ ਘਿਰ ਆਈ ਘੋਰ ਘਟਾ !
ਹੇ ਕਿਰਣ, ਹੇ ਆਸ਼ਾ ਜੋਤੀ,
ਵਿਖਮ ਹਨੇਰੇ ਵਿਚ ਅੱਜ ਮੈਨੂੰ
ਕੱਲਿਆਂ ਛੋੜ ਨਾ ਜਾ।

ਡੋਰੀ ਤੂੰ

ਓਹ ਇੰਜ ਤੇਰੀਆਂ ਗਲਾਂ ਕਰਦੀ ਏ,
ਜਿਵੇਂ ਤੂੰ ਉਸਦਾ ।
ਮੈ ਇੰਜ ਸੁਣਦੀ ਹਾਂ,
ਜਿਵੇਂ ਤੂੰ ਮੇਰਾ !
ਤੂੰ ਨਾ ਉਸਦਾ, ਨਾ ਮੇਰਾ,
ਪਰ ਸਾਡੇ ਪਿਆਰ ਦੀ ਵਲਗਣ ਤੂੰ !
ਅਸੀਂ ਪਜ ਪਾ ਪਾ ਮਿਲੀਏ,
ਨੇੜੇ ਨੇੜੇ ਹੋਈਏ,
ਖੌਰੇ ਲਭ ਜਾਵੇ ਪ੍ਰਛਾਵਾਂ
ਇਹਨਾਂ ਨੈਣਾਂ ਵਿਚ ਹੀ,
ਖੌਰੇ ਇਸ ਨੂੰ ਪਾਵਾਂ
ਨਾ ਉਸਦਾ,
ਨਾ ਮੇਰਾ,
ਪਰ ਸਾਡੇ ਪਿਆਰ ਦੀ ਡੋਰੀ ਤੂੰ !

ਤੂੰ ਵਿਚ ਸਾਡੇ,
ਕਿੰਜ ਹੋ ਸਕਦੈਂ ਵਖਰਾ ?
ਤੂੰ ਸਾਡੀ ਵਲਗਣ,
ਅਸੀਂ ਤੈਨੂੰ ਵਲਿਐ !
ਡੋਰੀ ਦੀ ਖਿਚ ਨੇ ਹੀ,
ਬੰਨ੍ਹ ਲਿਆ ਸਾਰੇ ਬ੍ਰਹਿਮੰਡ ਨੂੰ!
ਡੋਰੀ ਤੂੰ ।

ਚਾਨਣੀ ਅੱਜ ਲਾ ਧੁੰਦਲੀ ਹੋ

ਚਾਨਣੀ ਅੱਜ ਲਾ ਧੁੰਦਲੀ ਹੋ
ਅਜ ਪੁੰਨਮ ਦੀ ਸੁੰਦਰ ਰਜਨੀ,
ਪੀਆ ਮਿਲਣ ਦੀ ਸੋ ।
ਟਿਲਿਓਂ ਉਠਦੇ ਬਗਿਓ ਬਦਲੋ,
ਅਜ ਕੰਨੀਆਂ ਸਾਂਭ ਲਵੋ,
ਨਾ ਵਗ ਅਜ ਪੁਰੇ ਦੀਏ ਵਾਏ
ਧੜਕਨ ਰੋਕ ਖਲੋ ।
ਹੌਲੀ ਹੌਲੀ ਧੜਕ ਨੀ ਜਿੰਦੇ,
ਸੁਣ ਮਿਠੀ ਕਨਸੋ ।
ਅਜ ਪੀਆ ਮਿਲਣ ਦੀ ਸੋ ।

ਤਕੋ ਨੀ ਸਾਗਰ ਦੀਉ ਜਾਈਉ
ਇਕ ਨਾ, ਅਜ ਚੰਨ ਦੋ ।
ਉਮਲੋ ਨੀਂ ਅਜ ਉਮਡ ਉਮਡ ਕੇ,
ਲਉ ਚਰਨ ਪੀਆ ਦੇ ਛੋਹ
ਦੂਰ ਨਹੀਂ ਕੁਝ ਦੂਰ ਸੋਹਣੀਉਂ,
ਵੇਖੋ ਨੇੜੇ ਹੋ,
ਅਜ ਪੀਆ ਮਿਲਣ ਦੀ ਸੋ ।

ਕਰੋ ਨੀ ਮੈਨੂੰ ਉਸ ਦੇ ਯੋਗ ਕਰੋ ।
ਚੁੰਮੋ ਨੀਂ ਮੈਨੂੰ ਚੰਨ ਦੀਉ ਰਿਸ਼ਮੋ,
ਕੁਝ ਆਪਣਾ ਰੂਪ ਦਿਉ
ਪਾਵੋ ਨੀ ਮੈਨੂੰ ਰੰਗਲਾ ਚੂੜਾ,
ਮਾਂਗ ਸੰਧੂਰ ਭਰੋ ।
ਲਾਵੋ ਨੀਂ ਮੈਨੂੰ ਰੱਤੀ ਮਹਿੰਦੀ,
ਪਿਆਰ ਨੀਰ ਵਿੱਚ ਗੋ,
ਚੁਣ ਚੁਣ ਤ੍ਰੇਲ ਦੇ ਸੁਚੇ ਮੋਤੀ,
ਕੇਸਾਂ ਦੇ ਵਿਚ ਦਿਓ ਪਰੋ ।
ਖਿੜੋ ਨੀ ਕਲੀਉ,
ਖਿੜ ਖਿੜ ਕੇ ਅਜ
ਮੇਰੀ ਝੋਲ ਭਰੋ ।
ਅਜ ਜੀਵਨ ਦੀ ਸੁੰਦਰ ਰਜਨੀ
ਪੀਆ ਮਿਲਨ ਦੀ ਸੋ ।

ਜਿੰਦਗੀ ਝੁਲਸ ਗਈ

ਇਹ ਅਗਨੀ ਦੇ ਸ਼ੋਅਲੇ,
ਕੀਕਣ ਛੁ੫ ਸਕਦੇ ਸੀ ?
ਪਾਣੀ ਦੀਆਂ ਬੂੰਦਾਂ ਵਿਚ
ਤੇ ਆਖ਼ਰ ਕਠੇ ਹੋ,
ਬਿਜਲੀ ਬਣ ਤਿਲਕ ਪਏ
ਤੇ ਪਾੜ ਕੇ ਲਿਸ਼ਕ ਪਏ,
ਇਹ ਬਦਲ ਸ਼ਾਂਤ-ਮਈ,
ਅਗਨੀ ਤੜਪ ਪਈ !
ਧਰਤੀ ਦੇ ਸੀਨੇ ਵਿਚ
ਸੀ ਜਵਾਲਾ ਸੁਲਗ ਰਹੀ ।
ਬਦਲਾਂ ਦੀ ਬਿਜਲੀ 'ਚੋਂ
ਇਕ ਅਗਨੀ ਦਾ ਸ਼ੋਅਲਾ
ਉਸਦੇ ਵਿਚ ਡਿਗ ਪਿਆ
ਗਰਮੀ ਕੁਝ ਗਰਮੀ ਪਾ
ਅਗਨੀ ਕੁਝ ਅਗਨੀ ਪਾ
ਫਿਰ ਮੁੜ ਕੇ ਦਹਿਕ ਪਈ
ਤੇ ਨਿਕਲੀ ਲਾਵਾ ਬਣ,
ਕੱਟ ਧਰਤੀ ਧੀਰ ਮਈ ।

ਕੀਕਣ ਰਖ ਸਕਦਾ ਸੀ
ਆਖ਼ਰ ਦਬ ਸੀਨੇ ਵਿਚ
ਇਨਸਾਨ ਵੀ ਨਿਜ ਅਗਨੀ ।
ਨਿਜ-ਸਵਾਰਥ-ਚਿਨਗਾਰੀ,
ਚਹੁੰ ਪਾਸੋਂ ਗਰਮੀ ਪਾ
ਬਣ ਜਵਾਲਾ ਭੜਕ ਪਈ
ਤੇ ਕਾਲ ਦੀਆਂ ਲਾਟਾਂ,
ਜੀਵਨ ਨੂੰ ਛੋਹ ਗਈਆਂ
ਤੋਪਾਂ ਦੀ ਅਗਨੀ ਵਿਚ
ਬੰਬਾਂ ਦੀ ਜਵਾਲਾ ਵਿਚ,
ਭੁੱਖ ਦੀ ਚਿਨਗਾਰੀ ਸੰਗ,
ਇਹ ਜ਼ਿੰਦਗੀ ਝੁਲਸ ਗਈ ।

ਧੀਆਂ ਪ੍ਰਦੇਸਣਾਂ ਨੀ ਮਾਂ

ਧੀਆਂ ਪ੍ਰਦੇਸਣਾਂ ਨੀ ਮਾਂ-
ਧੀਆਂ ਪ੍ਰਦੇਸਣਾਂ ।
ਦੋ ਦਿਨ ਖੇਡੀ ਆਂਗਣ ਤੇਰੇ,
ਦੋ ਦਿਨ ਮਾਣੀ ਛਾਂ
ਧੀਆਂ ਪ੍ਰਦੇਸਣਾਂ !

ਵੀਰ ਮੇਰੇ ਵਰ ਟੋਲਿਆ ਮੇਰਾ, ਬਾਬਲ ਕਾਜ ਰਚਾਇਆ ।
ਪਲ ਵਿਚ ਦੇਸ ਬਿਗਾਨਾ ਹੋਇਆ, ਖੇਡਾਂ ਹੱਥ ਛੁੜਾਇਆ !
ਰੋਂਦਿਆਂ ਅੰਮੀ ਨੇ ਡੋਲੀ ਪਾਇਆ, ਸੁਣੀ ਮੇਰੀ ਟਿਕ ਨਾਂਹ-
ਧੀਆਂ ਪ੍ਰਦੇਸਣਾਂ !

ਘੋੜੀ ਤੇਰੀ ਦੇ ਵੀਰਾ, ਸੁੰਮ ਮੈਂ ਚੁੰਮਨੀ ਆਂ;
ਜਿਸ ਤੈਨੂੰ ਦਸਿਆ ਰਾਹ ।
ਨਿਤ ਨਿਤ ਸ਼ਗਨ ਮਨਾਵਾਂ ਮੈਂ ਤੇਰੇ
ਜਿਸ ਉਹਨੂੰ ਲੱਭ ਲਿਆ
ਸਖੀਆਂ 'ਚ ਬਹਿ ਤੇਰੀ ਵਡਿਆਈ,
ਬਾਬਲ ਦੇ ਜੱਸ ਗਾਂ, ਧੀਆਂ ਪ੍ਰਦੇਸਣਾਂ!

ਅਸਾਂ ਦੋ ਦਿਨ ਇਥੋਂ ਚੁਗਣਾ, ਵੇ ਬਾਬਲਾ !
ਉਡ ਜਾਣਾ ਚਿੜੀਆਂ ਹਾਰ,
ਕੌਣ ਖੇਡੇਗਾ ਅੰਮੀਏਂ ! ਤੇਰੇ ਮਹਿਲਾਂ ਦੇ ਵਿਚਕਾਰ,
ਕਿਹੋ ਜਿਹੇ ਲੇਖ ਲਿਖਾਏ ਧੀਆਂ, ਆਪਣਾ ਦੇਸ ਬਿਗਾਨਾ !
ਧੀਆਂ ਪ੍ਰਦੇਸਣਾਂ ਨੀ ਮਾਂ, ਧੀਆਂ ਪ੍ਰਦੇਸਣਾਂ ।

ਕਿਹਾ ਵਰ ਟੋਲਿਆ !

ਕਿਹਾ ਵਰ ਟੋਲਿਆ ?
ਵੇ ਵੀਰਾ, ਕਿਹਾ ਵਰ ਟੋਲਿਆ !

ਸਾਵਣ ਦੀ ਕਿਣ ਮਿਣ, ਝੜ ਬਦਲਾਂ ਦਾ ।
ਤਰਸ ਨਾ ਆਇਆ, ਹਾਏ ਦਿਲ ਪੱਥਰਾਂ ਦਾ ।
ਛੱਡ ਗਿਆ ਕੱਲੀ, ਪ੍ਰਦੇਸ ਨੇ ਮੋਹ ਲਿਆ ।
ਨਿਮੋਹੀ ਵਰ ਟੋਲਿਆ, ਵੇ ਵੀਰਾ ਕਿਹਾ ਵਰ......

ਲਿਖ ਲਿਖ ਭੇਜਾਂ, ਮੁੜ ਮੁੜ ਆਖਾਂ,
'ਸਿੱਕ ਸਿੱਕ ਰੋ ਰੋ, ਨਹੀਂ ਲੰਘਦੀਆਂ ਰਾਤਾਂ ।
ਰੁਲ ਰੁਲ ਬੀਤੀ ਜੋ ਜਵਾਨੀ ਇਹ ਮੇਰੀ,
ਕੀ ਕਰਾਂਗੀ ਚੰਨਾਂ ਖੱਟੀ ਨੂੰ ਤੇਰੀ ।
ਮਾਣੇਗੀ ਛਾਵਾਂ, ਆ ਕੇ ਕੋਈ ਹੋਰ ਹੀ ।"
ਚੈਨ ਤੇ ਸਾਡਾ ਹਾਏ ਝੋਰੇ ਨੇ ਖੋਹ ਲਿਆ ।
ਅਨੋਖਾ ਵਰ ਟੋਲਿਆ ! ਵੇ ਵੀਰਾ ਕਿਹਾ ਵਰ .....

ਭੈਣ ਤੇਰੀ ਦੀ, ਵੀਰਾ ! ਜਾਨ ਮਲੂਕ ਵੇ,
ਉਤੋਂ ਸੱਸ ਭੈੜੀ, ਉਹਦਾ ਭੈੜਾ ਸਲੂਕ ਵੇ ।
ਛੁੱਟੀ ਨਾ ਮਿਲਦੀ, ਉਹ ਨੌਕਰ ਸਰਕਾਰੀ ।
ਰੋ ਰੋ ਲੰਘਾਂਦੀ, ਤੇਰੀ ਭੈਣ ਪਿਆਰੀ ।
ਸਿਪਾਹੀ ਵਰ ਟੋਲਿਆ-
ਨੌਕਰ ਵਰ ਟੋਲਿਆ ।
ਵੇ ਵੀਰਾ ਕਿਹਾ ਵਰ ਟੋਲਿਆ ।

ਕਿਥੇ ਤਾਂ ਲਾਵਾਂ ਜੀ ਮੈਂ ਟਾਹਲੀਆਂ ?

ਕਿਥੇ ਤਾਂ ਲਾਵਾਂ ਜੀ ਮੈਂ ਟਾਹਲੀਆਂ, ਪਤਾਂ ਵਾਲੀਆਂ
ਮੇਰਾ ਪੀ ਪਰਦੇਸੀ ।
ਕਿਥੇ ਤਾਂ ਲਾਵਾਂ ਜੀ ਮੈਂ ਬਾਗ਼, ਦਿਲ ਵੈਰਾਗ,
ਨੈਣੀਂ ਨੀਰ ਭਰੇਸੀ ।

ਭੁੱਖ ਸਤਾਏ ਵਿਛੜੇ, ਵੇ ਜਾਨੀ ਨਿਖੜੇ
ਇਹ ਦੋ ਨਹੀਂ, ਲੱਖਾਂ ।
ਜੰਗ ਰਚਾਏ ਵੈਰੀਆਂ, ਵੇ ਨੀਤਾਂ ਕੈਰੀਆਂ,
ਮੰਗਾਂ ਰੱਬ ਦੀਆਂ ਰੱਖਾਂ ।

ਹੱਥ ਜੋ ਆਏ ਪਾਪੀਆਂ, ਵੇ ਜਿੰਦਾਂ ਨਾਪੀਆਂ
ਧਰਤੀ ਦੇ ਬੇਟੇ ।
ਬੇਵਸੀ ਘਰ ਪੂਰਦੇ, ਵੇ ਢਿੱਡੋਂ ਝੂਰਦੇ,
ਸੋਹਣੇ ਚਾਕ ਰੰਝੇਟੇ ।

ਘਰ ਪਈਆਂ ਖ਼ਾਲੀ ਗਾਧੀਆਂ, ਵੇ ਯਾਦਾਂ ਜਾਗੀਆਂ,
ਬੁਲ੍ਹੀਆਂ ਤੇ ਹੌਕੇ ।
"ਨਾ ਪਾਸਾਂ ਮੈ ਪਉਂਚੀਆਂ, ਵੇ ਨਾ ਕੈਂਠੀਆਂ"
ਗੋਰੀ ਪਈ ਰੋਕੇ ।

ਕਣਕਾਂ ਵਟਾਇਆ ਰੰਗ, ਵੇ ਧਰਤੀਆਂ ਤੰਗ,
ਕੋਠੀ ਧੜਕੀਆਂ ਰੀਝਾਂ ।
ਰਲ ਮਿਲ ਫ਼ਸਲਾਂ ਗਾਹ ਲਈਆਂ, ਵੇ ਬੋਹਲੀਂ ਪਾ ਲਈਆਂ,
ਨਾ ਟੱਪੀਆਂ ਦਲ੍ਹੀਜਾਂ !

ਹੱਕ ਨਾ ਮਿਲਿਆ ਵਾਲੀਆਂ, ਵੇ ਰਾਤਾਂ ਗਾਲੀਆਂ,
ਮਿਹਨਤ ਇਨਕਾਰੀ ।
ਅੰਨ ਨਾ ਖਾਧਾ ਕਿਰਤੀਆਂ, ਵੇ ਕੀ ਵਿਰਤੀਆਂ,
ਧਰਤੀ ਵੀ ਆਰੀ ।

ਛਾ ਗਈਆਂ ਵੀਰਾਨੀਆਂ, ਵੇ ਹੈਰਾਨੀਆਂ,
ਗਗਨਾਂ ਤੇ ਧੁੰਧਾਂ ।
ਜਿੰਦ ਫਸੀ ਵਿਚ ਰੌਲਿਆਂ, ਵੇ ਵਿਚ ਗੌਲਿਆਂ
ਕੌਨ ਕੀਕਣ ਮੁੰਦਾਂ !

ਭੁਖ ਸਤਾਏ ਵਿਛੜੇ, ਵੇ ਜਾਨੀ ਨਿਖੜੇ,
ਦਿਲ ਦੋ ਨਹੀ' ਲੱਖਾਂ ।
ਜੰਗ ਰਚਾਏ ਵੈਰੀਆਂ, ਵੇ ਨੀਤਾਂ ਕੈਰੀਆਂ,
ਮੰਗਾਂ ਰੱਬ ਦੀਆਂ ਰੱਖਾਂ ।

ਰੇਤ ਉਸਾਰਨ ਮਾੜੀਆਂ, ਵੇ ਗੱਲਾਂ ਗਾਹੜੀਆਂ,
ਅਮਲਾਂ ਦੇ ਲੇਖੇ ।
ਰੱਤ ਪੀਂਦੇ ਪਾਪੀ ਵਿਸਰੇ, ਵੇ ਲੋਕੀ ਨਿਸਰੇ;
ਸਮਿਆਂ ਨੇ ਦੇਖੇ ।

ਰੰਗ ਬੱਗੇ ਹੋਏ ਵੈਰੀਆਂ, ਵੇ ਅੱਖਾਂ ਕੈਰੀਆਂ,
ਕਰਮਾਂ ਦੀ ਤਕੜੀ ।
ਅਜ ਬੇੜੀ ਭਰ ਡੁਬ ਗਈ, ਵੇ ਖੋਭੇ ਖੁੱਭ ਗਈ,
ਸੱਚ ਲਾਈ ਫਕੜੀ ।

ਆਂਗਣ ਤੇ ਲਾਵਾਂ ਟਾਹਲੀਆਂ, ਵੇ ਪਤਾਂ ਵਾਲੀਆਂ,
ਛਾਂਵਾਂ ਨੰਢੀਆਂ ।
ਘਰੇ ਤਾਂ ਰਖਾਂ ਜੀ ਮੈਂ ਲਾਲ, ਵੇ ਦਸਾਂ ਦਿਲ ਦਾ ਹਾਲ,
ਰੁੱਤਾਂ ਹੰਢੀਆਂ ।

('ਪੰਖੇਰੂ' ਵਿੱਚੋਂ)

ਨਨਦੀ ਵੀਰਨ ਨੂੰ ਸਮਝਾ

ਨਨਦੀ, ਵੀਰਨ ਨੂੰ ਸਮਝਾ ।

ਨਿਤ ਉਠ ਚੜ੍ਹੇ ਦਿਸੌਰ ਨੂੰ ਅੜੀਏ,
ਮੈਨੂੰ ਲਾਰੇ ਲਾ ।
ਆਪੂੰ‌ ਜਾਗ ਮੈ ਦਰਦ ਸੁਆਵਾਂ,
ਉਸਨੂੰ ਨਹੀਂ ਪ੍ਰਵਾਹ ।
ਨਨਦੀ ਵੀਰਨ ਨੂੰ ਸਮਝਾ

ਨੀ ਤੇਰੀ ਖਾਤਰ ਪਿੜਾਵਾਂਗੀ ਘੋੜੀ
ਭੇਜਾਂਗੀ ਸ਼ਹਿਰ ਗਿਰਾਂ ।
ਟੋਲੇਗਾ ਤੇਰੇ ਲਈ ਵੀਰ ਨੀ ਤੇਰਾ
ਅਰਸ਼ ਫ਼ਰਸ਼ ਸਭ ਥਾਂ

ਤਾਰਿਆਂ 'ਚੋਂ ਚੁਣ ਚੰਨ ਲਵੇਗਾ
ਮੁੰਡਿਆਂ 'ਚੋਂ ਗ਼ਿਰਧਾਰੀ
ਨੀ ਸੋਹਣੇ ਵੀਰ ਦੀ ਭੈਣ ਪਿਆਰੀ
ਅੱਜ ਮੇਰਾ ਵਾਸਤਾ ਪਾ
ਆਪਣੇ ਵੀਰਨ ਨੂੰ ਸਮਝਾ,
ਨਨਦੀ ਵੀਰਨ ਨੂੰ ਸਮਝਾ ।

ਦਿਹੁੰ ਲਹਿੰਦੇ ਮੈਨੂੰ ਰੋਜ਼ ਉਡੀਕਾਂ ।
ਰਾਤ ਪਵੇ ਮੈਂ ਗਿਣਨੀਆਂ ਤਾਰੇ ।
ਉਸਨੂੰ ਮੇਰੀ ਪੀੜ ਨਾ ਪੋਹੇ,
ਤੂੰ ਦਸ ਮੈਨੂੰ ਕੌਣ ਪਿਆਰੇ ।

ਲਾਮਾਂ ਤੇ ਮੁਕੀਆਂ
ਉਹ ਘਰ ਨਹੀਉਂ ਰਹਿੰਦਾ
ਮਾਂ ਦਾ ਸਿਖਾਇਆ
ਮੇਰੀ ਗਲ ਨਹੀਉਂ ਸਹਿੰਦਾ ।

ਛੁੱਟੀ ਜੇ ਆਵੇ
ਤਾਂ ਪਹਿਰ ਵਿਚ ਜਾਏ ਮੁਕਾ
ਹਾਏ ਗੈਰਾਂ ਲਿਆ ਭਰਮਾ ।
ਨਨਦੀ ਵੀਰਨ ਨੂੰ ਸਮਝਾ ।

ਅੱਖਾਂ 'ਚ ਸਾਂਭਾਂ ਮੈਂ ਘੋਰ ਨਿਰਾਸ਼ਾ,
ਰੋਜ਼ ਵਿਛਾਨੀਆਂ ਰਾਹਾਂ ਤੇ ਆਸ਼ਾ,
ਉਹ ਨਿਤ ਦਾ ਪ੍ਰਦੇਸੀ ਅੜੀਏ,
ਮੈਨੂੰ ਧੁਰ ਤੋਂ ਇਕੋ ਚਾਹ ।
ਨਨਦੀ ਵੀਰਨ ਨੂੰ ਸਮਝਾ ।

('ਸੁਪਨੇ ਸੱਧਰਾਂ' ਵਿਚੋਂ)

ਹਰਿਆ ਨੀ ਹੋ ਹਰਿਆ !

ਹਰਿਆ ਨੀ ਹੋ ਹਰਿਆ ।
ਅਜ ਖ਼ੁਸ਼ੀਆਂ ਨੇ ਵਿਹੜਾ ਭਰਿਆ ।

ਜਾਗੀ ਨੀ ਅਜ ਜਾਗੀ ਧਰਤੀ,
ਦੇਖ ਨੀ ਸਖੀਏ ! ਰੁੱਤ ਹੈ ਪਰਤੀ ।
ਹੱਸ ਪਈਆਂ ਕਲੀਆਂ ਤੇ ਹਸ ਪਏ ਤਾਰੇ;
ਗਗਨਾਂ ਤੋਂ ਚਾਨਣ ਵਰ੍ਹਿਆ, ਹਰਿਆ ਨੀ ਹੋ ਹਰਿਆ ;

ਅੰਬਾਂ ਨੂੰ ਬੂਰ ਸਖੀ ! ਟਾਹਣੀਆਂ ਨੂੰ ਬੂਰ ਹੋ ।
ਫੁੱਲਾਂ ਨੇ ਮਹਿਕ ਵੰਡੀ, ਪਤੀਆਂ ਸਰੂਰ ਹੋ ।
ਝੂਮੀ ਜਵਾਨੀ ਜਹੀ, ਝੂਮ ਪਏ ਸਾਰੇ,
ਨਸ਼ਾ ਪੌਣ ਨੂੰ ਚੜ੍ਹਿਆ, ਨੀ ਹੋ ਹਰਿਆ !

ਕੰਬਿਆ ਨੀ ਹੋ, ਦੇਖ ਮੇਰਾ ਜੀ ਕੰਬਿਆ;
ਕੰਡਿਆਂ ਦੀ ਨੋਕ ਨੂੰ ਵੀ, ਕਣੀਆਂ ਨੇ ਅਜ ਰੰਗਿਆ ।
ਸ਼ਾਮ ਦੀ ਸ਼ਾਹੀ ਨੇ, ਰੂਪ ਪੀਂਘ ਦਾ ਧਰਿਆ ।
ਹਰਿਆ ਨੀ ਹੋ, ਹਰਿਆ ।

('ਪੰਖੇਰੂ' ਵਿੱਚੋਂ)

ਕਾਬਲ

ਹੌਲੇ ਹੌਲੇ ਕੋਮਲ ਕਦਮੀਂ,
ਬੱਦਲ ਜੁੜਦੇ ਜਾਂਦੇ ।
ਕਾਹਲੀ ਪੌਣ ਕੰਧਾੜੇ ਚੜ੍ਹ ਕੇ
ਘੁੱਟ ਘੁੱਟ ਜੱਫੀਆਂ ਪਾਂਦੇ ।

ਗਹਿਰੀ ਧੁੰਦ ਜਹੀ ਹੈ ਪਸਰੀ
ਸ਼ਾਮ ਢਲੀ ਨਾ ਹਾਲੇ ।
ਏਸ ਪੜਾਅ ਤੇ ਸੂਰਜ ਲੱਥਾ
ਦੇਖ ਬੱਦਲ ਘੁੰਘਰਾਲੇ ।

ਭੇਦਾਂ ਭਰਿਆ ਇਕ ਸਨਾਟਾ
ਵਾਦੀ ਉੱਤੇ ਛਾਇਆ।
ਕਾਬਲ ਨਾਲ ਪਹਾੜਾਂ ਘਿਰਿਆ
ਜਾਪੇ ਜਿਵੇਂ ਇਕ ਸਾਇਆ ।

ਚਿੱਟੀ ਦੁਧ ਬਰਫ਼ ਦੇ ਕਿੰਗਰੇ
ਨੈਣੋਂ ਓਹਲੇ ਹੋਏ ।
ਬਸ ਇਕ ਗਗਨ ਸਲੇਟੀ ਰੰਗਾ
ਉੜ ਧਰਤੀ ਨੂੰ ਛੋਹੇ ।

ਬੇ-ਪੱਤੇ ਰੁੱਖਾਂ ਦੀਆਂ ਸ਼ਾਖ਼ਾਂ
ਘੋਰ ਗ਼ਮਾਂ ਵਿੱਚ ਡੁੱਬੀਆਂ ।
ਇਉਂ ਜਾਪਣ ਜਿਉਂ ਏਸ ਸੁੰਞ ਵਿੱਚ
ਪੋਟੇ ਪੋਟੇ ਖੁੱਭੀਆਂ ।

ਪਰ ਇਕ ਅਹਿਲ ਅਡੋਲ ਖ਼ਾਮੋਸ਼ੀ,
ਖਿਲਰੀ ਵਾਂਗ ਵਿਰਾਨੀ ।
ਬਰਫ਼ਾਂ ਲੱਦੀ ਰੂਹ ਧਰਤੀ ਦੀ
ਇਕ ਬੇਦਾਗ਼ ਕਹਾਣੀ ।

ਕਿਰੀਆਂ ਫੇਰ ਬਰਫ਼ ਦੀਆਂ ਪੱਤੀਆਂ
ਕਿਰੀਆਂ ਕੋਮਲ ਪੈਰੀਂ ।
ਬਿਨਾਂ ਅਵਾਜ਼ ਧਰਤ 'ਤੇ ਲੱਥੀਆਂ,
ਬਦਲਵਾਈਆਂ ਖੈਰੀਂ ।

ਚੁੱਕ ਪਰਦਾ ਬਾਰੀ 'ਚੋਂ ਦੇਖਾਂ
ਕੁਦਰਤ ਟੂਣੇਹਾਰੀ ।
ਕੋਮਲ-ਅੰਗੀ ਨੇ ਕਿੰਜ ਕੱਜੀ
ਜੀਵਨ ਦੀ ਚਿੰਗਾਰੀ ?

ਇਕੋ ਚਿੱਟੀ ਚਾਦਰ ਵਿਛ ਗਈ
ਦੂਰ ਦੂਰ ਤਕ ਸਾਰੇ ।
ਇਕੋ ਰੂਪ ਨੇ ਛੰਨਾਂ ਝੁੱਗੀਆਂ
ਮਸਜਦ, ਮਹਿਲ, ਮੁਨਾਰੇ ।

ਰਾਤ ਹਨੇਰੀ; ਪਰ ਚਾਨਣ ਵਿੱਚ
ਜਾਪੇ ਨ੍ਹਾਤੀ ਧੋਤੀ ।
ਲਾਟ ਰੂਪ ਦੀ ਬਰਫ਼ ਚਾਨਣੀ
ਦਘੇ ਪਿਆਂ ਜਿਉਂ ਮੋਤੀ ।

"ਜ਼ਿੰਦਗੀ ਕਿੱਥੇ ?' ਮੈਂ ਪੁੱਛਦੀ,
"ਹੈ ਇਹ ਯਖ਼ ਘਾਤਕ ਜ਼ਹਿਰੀ ।"
ਨਿੱਘ ਬਿਨਾਂ ਨਾ ਜੀਵਨ ਧੜਕੇ
ਹੱਥ ਮੌਤ ਦਾ ਕਹਿਰੀ ।

"ਪੁੱਜਾ ਹੈ ਅੱਜ ਰੂਪ ਸਿੱਖਰ 'ਤੇ".
ਆਖੇ ਕੋਲੋਂ ਕੋਈ ।
"ਸੁੱਚੀ, ਕੂਲੀ, ਕੋਮਲ ਕਾਇਆਂ
ਇਸ ਧਰਤੀ ਦੀ ਹੋਈ ।"

"ਪਰ ਜੀਵਨ ਦਾ ਰੂਪ ਸਿੱਖਰ 'ਤੇ
ਨਾ ਤਨ ਸੁੱਚਾ ਕੂਲਾ ।
ਜੀਵਨ ਜਿੰਦ ਦੀ ਘਾਲ ਘਾਲਣਾ
ਚੁੱਪ ਪੀੜਾਂ ਦਾ ਜੂਲਾ'' ।

ਹਵਾ ਰੁਮਕ ਪਈ ਪਲ ਪਿੱਛੋਂ,
ਸ਼ਾਖ਼ਾਂ ਕੰਬਣ ਲੱਗੀਆਂ ।
ਧੜਕ ਰਹੇ ਜੀਵਨ ਦੀਆਂ ਲਹਿਰਾਂ
ਵਿੱਚ ਖ਼ਲਾਅ ਦੇ ਮਘੀਆਂ ।

ਦੂਰੋਂ ਦੂਰੋਂ ਨਜ਼ਰਾਂ ਮੁੜੀਆਂ
ਲੈ ਕੇ ਨਿੱਘੀਆਂ ਸੂਹਾਂ ।
ਗੋਰੇ ਮੂੰਹ 'ਤੇ ਪਾਏ ਲਕੀਰਾਂ
ਹਵਾ ਵਿੱਚ ਘੁਲਿਆ ਧੂੰਆਂ !

ਸਮੇਂ ਨੂੰ ਖੰਭ ਲਾਉ

ਇਕ ਹਨੇਰੀ ਦੁਪਹਿਰੇ
ਮੈਂ ਨਿਕਲ ਟੁਰੀ ਹਾਂ
ਸਮੇਂ ਦੇ ਸ਼ਾਹਰਾਹ ਵਲ ਜਾਂਦੀ
ਇਕ ਨਿੱਕੀ ਪਗਡੰਡੀ ਤੇ
ਜੋ ਵਲ ਵਲੇਵੇਂ ਖਾਂਦੀ, ਮੇਰੇ ਨੈਣਾਂ ਸਾਹਵੇਂ
ਹੌਲੀ ਹੌਲੀ ਉਜਾਗਰ ਹੁੰਦੀ ਹੈ
ਜਿਵੇਂ ਧਾਗੇ ਦੀ ਅੱਟੀ
ਜਾਂ ਲਿਪਟਿਆ ਹੋਇਆ ਰਿਬਨ ।

ਦੂਰ ਤਕ ਸਾਹਮਣੇ ਵਿਛੀ ਰੇਤ ਵਿਚ
ਲਹਿਰਾਂ ਉਠਦੀਆਂ ਹਨ
ਜਿਵੇਂ ਸਾਗਰ ਦੀ ਹਿੱਕ, ਧੜਕਦੀ ਹੋਵੇ ।

ਅੱਜ ਵੀ ਤਾਂ
ਸਮੇਂ ਦੇ ਵਿਸ਼ਾਲ ਸਾਗਰ ਦੀ ਇਕ ਅਮਰ ਕਣੀ
ਲਹਿਰਾਂ ਵਿਚ ਪੇਲਦੀ ਹੈ
ਤੇ ਦੂਰ ਝਮਕਦੀਆਂ, ਕਹਿਕਸ਼ਾਵਾਂ ਵਲ
ਮਲਕੜੇ ਹੀ, ਮੇਰੀ ਬੇੜੀ ਨੂੰ ਠੇਲਦੀ ਹੈ ।

ਠਹਿਰੋ ! ਠਹਿਰੋ ਮਾਝੀਓ, ਰਤਾ ਉਡੀਕੋ
ਸਾਡੀ ਧਰਤ, ਅਜੇ ਬਾਂਝ ਨਹੀਂ ਹੋਈ
ਅਬੋਲ ਤੇ ਗੁੰਗੀ, ਉਹ, ਸਾਨੂੰ ਵਾਪਸ ਬੁਲਾ ਰਹੀ ਹੈ
ਜਜ਼ਬੇ ਨਾਲ ਲਬਰੇਜ਼, ਕਿਰਦੇ ਹੰਝੂਆਂ ਨਾਲ
ਆਪਣੀਆਂ ਪ੍ਰਾਪਤੀਆਂ ਦੀ ਕਥਾ ਸੁੰਨ ਨੂੰ ਸੁਣਾ ਰਹੀ ਹੈ ।
ਭਲਿਉ ਸਮੇਂ ਨੂੰ ਖੰਭ ਨਾ ਲਾਉ
ਕਿ ਉਹ ਸਦਾ ਲਈ ਉਡ ਜਾਏ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ