Punjabi Poetry : Prabhjot Kaur Prabh

ਪੰਜਾਬੀ ਕਵਿਤਾਵਾਂ : ਪ੍ਰਭਜੋਤ ਕੌਰ ਪ੍ਰਭ


ਬਾਬਾ ਸਾਹਿਬ

ਨਾ ਹੱਕ ਲਈ ਲੜਦੀ, ਨਾ ਸੱਚ ਲਈ ਡੱਟਦੀ ਨਾ ਸੋਚ ਸਕਦੀ ,ਨਾ ਬੋਲ ਸਕਦੀ, ਘਰ ਦੀ ਚਾਰਦੀਵਾਰੀ ਮੇਰੀ ਪਹਿਚਾਣ ਹੁੰਦੀ, ਬੇਜ਼ੁਬਾਨ ਹੁੰਦੀ, ਹੱਕੋਂ ਅਣਜਾਣ ਹੁੰਦੀ ਜੇ ਬਾਬਾ ਸਾਹਿਬ ਤੁਸਾਂ ਦੀ ਰਹਿਨੁਮਾਈ ਨਾ ਹੁੰਦੀ, ਆਪਣੇ ਹੱਕਾਂ ਲਈ ਅਣਖ ਜਗਾਈ ਨਾ ਹੁੰਦੀ। ਜੱਗ ਜਾਣਦਾ ਹੈ ਸੱਚ ਕੋਈ ਲੁਕਿਆ ਨਹੀਂ ਔਰਤਾਂ ਦਾ ਦਰਦ ਕਿਸੇ ਕੋਲੋਂ ਛੁਪਿਆ ਨਹੀਂ, ਖੁੱਲ੍ਹੀ ਧਨਾਢ ਦੀ ਜੁੱਤੀ ਆਪਣੇ ਦਰਾਂ ਦੇ ਅੱਗੇ, ਦੇਖ ਦਲਿਤ ਦੀ ਇੱਜ਼ਤ ਸ਼ਰਮਸ਼ਾਰ ਜੋ ਹੁੰਦੀ। 'ਛਾਤੀ ਕਰ' ਦੀ ਘਿਣਾਉਣੀ ਪ੍ਰਥਾ ਖਤਮ ਨਾ ਹੁੰਦੀ, ਜੇ ਨੰਗੇਲੀ ਨੇ ਦਿੱਤੀ ਆਪਣੀ ਜਾਨ ਨਾ ਹੁੰਦੀ, ਗੱਲ ਏਥੇ ਮੁੱਕਦੀ ਸੱਚ ਦੱਸੇ ਪ੍ਰਭ ਹੁਣ, ਪੈਂਦੀ ਦੁਰਕਾਰ ਹਰ ਔਰਤ ਨੂੰ ਇਕਸਾਰ ਸੀ ਹੁੰਦੀ। ਹੁਣ ਮੇਰੀ ਕਲਮ ਬੋਲਦੀ ਐ ਸੱਚ ਝੂਠ ਨਫਾ ਨੁਕਸਾਨ ਸਭ ਤੋਲਦੀ ਐ, ਜੇਕਰ..... ਸੋਚ ਬਾਬਾ ਸਾਹਿਬ ਦੀ ਰਾਹ ਰੁਸ਼ਨਾਉਣ ਵਾਲੀ ਨਾ ਹੁੰਦੀ, ਸਾਨੂੰ ਸੰਵਿਧਾਨ ਵਿੱਚ ਬਰਾਬਰਤਾ ਦਾ ਹੱਕ ਦਿਵਾਉਣ ਵਾਲੀ ਨਾ ਹੁੰਦੀ।

ਵੀਰਾ

ਵੀਰਾ ਮੇਰਾ ਲੜੇ ਮੇਰੇ ਨਾਲ, ਲਗਦਾ ਮੈਨੂੰ ਕਰੇ ਨਾ ਪਿਆਰ, ਹਰ ਵੇਲੇ ਮੈਨੂੰ ਕਰਦਾ ਤੰਗ, ਕਦੇ ਗੁੱਤ ਪੁੱਟੇ ਕਦੇ ਪੁੱਟੇ ਮੇਰੇ ਕੰਨ। ਖਿੱਝਦੀ ਖੱਪਦੀ ਪੈਰ ਪਟਕਾਵਾਂ ਨਾਲੇ ਮਾਂ ਦੇ ਗਲ ਲੱਗ ਜਾਵਾਂ। ਵੀਰਾ ਮੈਨੂੰ ਕਰੇ ਨਾ ਪਿਆਰ, ਮੈਂ ਨੀਂ ਬੋਲਣਾ ਉਹਦੇ ਨਾਲ। ਜਦ ਰੁੱਸ ਜਾਵਾਂ ਮੈਨੂੰ ਮਨਾਵੇ, ਚੂਰੀਆਂ ਕੁੱਟ ਕੁੱਟ ਮੂੰਹ ਵਿਚ ਪਾਵੇ। ਭੈਣ ਭਰਾ ਦਾ ਰਿਸ਼ਤਾ ਪਿਆਰਾ, ਸਾਰੇ ਜਗ ਤੋਂ ਇਹ ਹੈ ਨਿਆਰਾ।

ਰਚਨਾ

ਹਨੇਰਾ ਖਤਮ ਕਿਵੇਂ ਕਰੇਗਾ ਚੜ੍ਹਦੇ ਸੂਰਜ ਨੂੰ, ਕਿ ਰੌਸ਼ਨ ਕਰ ਗਿਆ ਜਹਾਨ ਜੋ ਮਰ ਕੇ ਵੀ ਉਹ। ਸ਼ਖ਼ਸ ਮਿਹਨਤੀ, ਨਿਡਰ, ਜਜ਼ਬਾਤੀ ਸੀ ਬਹੁਤ, ਆਪਣੇ ਦਮ 'ਤੇ ਜਿੱਤਿਆ ਦੁਨੀਆਂ ਹਰ ਕੇ ਵੀ ਉਹ। ਅਸਲੇ, ਦੁਨਾਲੀਆਂ ਦੀਆਂ ਪਾਉਂਦਾ ਰਿਹਾ ਸੀ ਬਾਤਾਂ ਜੋ, ਜਹਾਨੋਂ ਤੁਰਿਆ, ਬਾਪੂ ਦੇ ਮੋਢੇ ਸਿਰ ਧਰ ਕੇ ਵੀ ਉਹ। ਪਾਉਂਦੀ ਰਹੀ ਸੀ ਝਲਕਾਰਾ ਮੌਤ ਉਸਦੇ ਗੀਤਾਂ 'ਚੋਂ, ਜਿਉਂਦੇ-ਜੀ ਨਾ ਡਰਿਆ ਸੀਨੇ ਪੱਥਰ ਧਰ ਕੇ ਵੀ ਉਹ। ਭਾਂਵੇਂ ਬਹੁਤਾ ਨਾ ਜਾਣਾਂ ਉਸ ਨੂੰ ਤੇ ਉਸਦੇ ਗੀਤਾਂ ਨੂੰ, ਕਿਵੇਂ ਛੱਡ ਗਿਆ ਮਾਂ ਨੂੰ ਵੱਡਾ ਜੇਰਾ ਕਰ ਕੇ ਵੀ ਉਹ। ਵਾਰਾਂ ਮਿਰਚਾਂ ਤੇਰੀ ਨਜ਼ਰ ਉਤਾਰਾਂ ਐਹ ਪੰਜਾਬ ਸਿੰਹਾਂ, ਆਖ਼ਿਰ ਕਿੰਨਾ ਸਜਿਆ ਮੌਤ ਲਾੜੀ ਨੂੰ ਵਰ ਕੇ ਵੀ ਉਹ।

ਸਿਆਸਤ

ਕੀ ਜਾਣੇ ਉਹ ਮਤਲਬ ਸ਼ਹੀਦੀ ਦਾ ਕਿੰਨੇ ਘਰਾਂ 'ਚ ਅੱਗ ਲਗਾਈ ਹੋਈ , ਧਰਮ ਰੰਗ ਨਸਲ ਦੇ ਨਾਂ ਦੇ ਉੱਤੇ , ਜੋਤ ਕਈ ਚਿਰਾਗਾਂ ਦੀ ਬੁਝਾਈ ਹੋਈ । ਹੱਥ ਸੇਕਦਾ ਰਹੇ ਭਖ਼ਦੇ ਮਸਲਿਆਂ 'ਤੇ ਅਸਲੀ ਤ੍ਰਾਸਦੀ ਸਭ ਤੋਂ ਲੁਕਾਈ ਹੋਈ , ਲੋਕਾਂ ਵੀ ਵਾਂਗ ਕਬੂਤਰ ਅੱਖਾਂ ਮੀਚੀ, ਮਨ ਦੀ ਬਾਤ 'ਤੇ ਬਾਜੀ ਲਾਈ ਹੋਈ । ਚੜ੍ਹਦੀ ਉਮਰੇ ਖਾ ਗਈ ਮੌਤ ਚੰਦਰੀ ਸੱਜਰੀ ਜਵਾਨੀ ਗੱਭਰੂ 'ਤੇ ਆਈ ਹੋਈ, ਧਾਹਾਂ ਮਾਰੇ ਤੇ ਹੰਝੂਆਂ ਦੀ ਨਦੀ ਵੱਗੇ, ਭੈੜੀਆਂ ਨੀਤੀਆਂ ਜਵਾਨੀ ਝੁਲਸਾਈ ਹੋਈ। ਨਿੱਕੀ ਉਮਰੇ ਅੰਮ੍ਰਿਤ ਪਾ ਗਿਆ ਸ਼ਹੀਦੀ, ਭੈੜਿਓ ਤੁਸਾਂ ਸ਼ਰਮ ਵੀ ਵੇਚ ਕੇ ਖਾਈ ਹੋਈ , ਰੁਤਬਾ ਮਿਲੇ ਜੋ ਉਹਨੂੰ ਮਿਲਣਾ ਚਾਹੀਦਾ, ਐਵੇਂ ਗੱਲਾਂ ਦੀ ਖਿੱਚੜੀ ਬਣਾਈ ਹੋਈ । ਹੱਥ ਜੋੜਾਂ ਬਚਾ ਲਓ ਜਵਾਨੀ ਪੰਜਾਬ ਦੀ ਨੂੰ, ਇਥੇ ਫੋਨਾ ਨਸ਼ਿਆਂ ਦੀ 'ਨੇਰੀ ਆਈ ਹੋਈ , ਅੱਖ ਫੜਕੇ ਤੇ ਮਾਂ ਦਾ ਢਿੱਡ ਕੰਬੇ, 'ਪ੍ਰਭ ਜੀ' ਸਿਆਸਤਦਾਨਾਂ ਸਿਆਸਤ ਚਮਕਾਈ ਹੋਈ।

ਸਹਿਜਤਾ

ਮੈਂ ਜਦ ਵੀ ਆਪਣੇ ਕਮਰੇ ਦੀ ਬਾਰੀ ਖੋਲਦੀ.. ਤਾਂ ਸਾਹਮਣੇ ਤਰੇੜਾਂ ਭਰੀ ਕੰ‌ਧ ਦੇਖਦੀ.. ਸਹਿਜੇ ਮੇਰਾ ਧਿਆਨ ਮੇਰੇ ਹੱਥਾਂ 'ਤੇ ਜਾਂਦਾ.. ਉਬੜ੍ਹ ਖਾਬੜ੍ਹ ਨਹੁੰ.. ਖੁਰਦਰੇ ਰੇਗਮਾਰ ਵਰਗੀਆਂ ਉਂਗਲਾਂ.. ਚਿਰੜ ਚਿਰੜ ਦੀ ਅਵਾਜ਼ ਕਰਦੇ.. ਜਦ ਵੀ ਕੱਪੜਿਆਂ ਨਾਲ ਖਹਿੰਦੇ.. ਹਮੇਸ਼ਾ ਤੋਂ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਦੇ.. ਆਪਣਾ ਧਿਆਨ ਰੱਖਣਾ ਭੁੱਲ ਜਾਂਦੇ.. ਹੱਥ ਅਤੇ ਕੰਧ ਇਕ ਦੂਜੇ ਨੂੰ ਪਿਆਰ ਨਾਲ ਦੇਖਦੇ.. ਆਪੋਂ ਆਪਣੇ ਕੰਮੀਂ ਰੁੱਝ ਜਾਂਦੇ।

ਸੋਹਣੇ

ਉਹਨੂੰ ਬਚਪਨ 'ਚ ਕਿਹਾ ਗਿਆ , ਤੂੰ ਹੱਸਦੀ ਸੋਹਣੀ ਨੀ ਲੱਗਦੀ.. ਕਮਲੀ ਨੇ ਹੱਸਣਾ ਬੰਦ ਕਰ ਦਿੱਤਾ। ਅਤੇ ਜੇ ਕਦੇ ਹਾਸਾ ਆ ਜਾਂਦਾ ਉਹ ਮੂੰਹ ਲੁਕੋ ਕੇ ਹੱਸਦੀ। ਦੱਸ ਭਲਾ ਹੱਸਦਾ ਕੌਣ ਸੋਹਣਾ ਨੀ ਲੱਗਦਾ। ਬੱਸ ਬੈਠ ਗਈ ਦਿਲ 'ਚ ਗੱਲ.. ਮੈਂ ਸੋਹਣੀ ਨੀ.. ਸੋਚਦੇ ਸੋਚਦੇ ਉਮਰ ਬੀਤਦੀ ਗਈ.. ਪਰ ਜਦੋਂ ਸਮਝ ਆਈ.. ਕਿ ਸਾਰੇ ਸੋਹਣੇ ਹੁੰਦੇ.. ਤਾਂ ਵੀ ਬਹੁਤੀ ਦੇਰ ਨਹੀਂ ਹੋਈ ਸੀ, ਕੇਵਲ ਜਵਾਨੀ ਹੌਲ਼ੀ ਜਿਹੀ ਲੰਘ ਚੁੱਕੀ ਸੀ.. ਝੂਰੜੀਆਂ ਦਸਤਕ ਦੇ ਚੁੱਕੀਆਂ ਸਨ.. ਆਪਣੇ ਆਪ ਨੂੰ ਸ਼ੀਸ਼ੇ 'ਚ ਤੱਕਦੀ ਤੇ ਕਹਿੰਦੀ... ਸੋਹਣੀ ਤਾਂ ਹਾਂ.. ਹੁਣ ਉਹ ਹਰ ਬੱਚੇ ਦੀ ਤਾਰੀਫ਼ ਕਰਦੀ.. ਤਾਂ ਜੋ ਕੋਈ ਮੂੰਹ ਲੁਕੋ ਕੇ ਨਾ ਹੱਸੇ.. ਸਾਰੇ ਰੰਗ ਸੋਹਣੇ.. ਸਾਰੇ ਨਕਸ਼ ਸੋਹਣੇ.. ਸਾਰੇ ਹਾਸੇ ਸੋਹਣੇ..

ਕੁਦਰਤ ਰਾਣੀ

(ਸੁਣੋ ਕਹਾਣੀ) ਕੀ ਕੀ ਕਰਦੀ, ਕੁਦਰਤ ਰਾਣੀ, ਬੱਚਿਓ ਸੁਣਿਓ ਨਾਲ ਧਿਆਨ, ਧਰਤੀ, ਅੰਬਰ, ਪੌਣ ਤੇ ਪਾਣੀ, ਸਭ ਦੀ ਸ਼ੁੱਧੀ, ਸੀ ਪਹਿਚਾਣ । ਹੱਸਦੇ ਚਿਹਰੇ ਨੱਚਣ ਗਾਵਣ, ਨਾ ਡਰ ਭੈਅ, ਤੇ ਨਾ ਅਭਿਮਾਨ, ਅਜ਼ਾਦ ਪਰਿੰਦੇ ਉੱਡਦੇ ਫੱਬਦੇ, ਭਰਿਆ ਖੁਸ਼ੀਆਂ ਨਾਲ ਜਹਾਨ। ਇਮਾਰਤਾਂ ਉੱਚੀਆਂ, ਮਹਿੰਗੀਆਂ ਕਾਰਾਂ, ਲੋਕੀ ਬਣਨਾ ਚਾਹੁਣ ਮਹਾਨ, ਦੂਸ਼ਿਤ ਪਾਣੀ, ਅਲੋਪ ਪਰਿੰਦੇ, ਬੰਦਾ ਬਣਿਆ ਹੈ ਸ਼ੈਤਾਨ। ਕੁਦਰਤ ਰਾਣੀ ਗੁੱਸੇ ਹੋ ਕੇ, ਜ਼ਹਿਮਤ ਭੇਜੀ ਮੌਤ ਸਮਾਨ। 'ਉਹ' ਰਾਣੀ ਦੀ ਗੱਦੀ ਖਾਲੀ, ਕੋਵਿਡ ਕੱਢੀ ਜੱਗ ਦੀ ਜਾਨ। ਅੰਦਰੋ ਅੰਦਰੀ ਡੱਕ ਤੇ ਸਾਰੇ, ਸਮਝਣ ਜੋ ਖੁਦ ਨੂੰ ਭਗਵਾਨ। ਹਾਹਾਕਾਰ ਮਚੀ ਹਰ ਪਾਸੇ, ਭਾਈ-ਭਾਈਆਂ ਤੋਂ ਅਣਜਾਣ। ਇੱਕ ਨੰਨ੍ਹੀ ਪਾਕ ਪਰੀ ਨੇ ਬੂਟੇ ਲਾਏ, ਏਹੀ ਆਸ ਬਣੀ ਵਰਦਾਨ। ਆਸ ਦੇ ਬੂਟੇ ਨੇ ਜੜ੍ਹ ਪਕੜੀਂ, ਹਰੀ ਭਰੀ ਧਰਤੀ ਦੀ ਸ਼ਾਨ। ਕੁਦਰਤ ਨੇ ਮੁੜ ਗੱਦੀ ਮੱਲੀ, ਭੱਜਿਆ ਵਾਇਰਸ ਚੱਕ ਸਮਾਨ। ਬਹਾਦਰ ਬੱਚੇ ਕਦੇ ਨਾ ਡਰਦੇ,ਰੱਖਣ ਸਿਹਤ ਦਾ ਪੂਰਾ ਧਿਆਨ। ਜੰਗਲ ਬੇਲੇ, ਸ਼ੇਰ-ਬਘੇਰੇ, ਪੰਛੀ,ਬੰਦੇ, ਕੀਟ-ਪਤੰਗੇ ਨੇ ਵਰਦਾਨ। ਅਰਦਾਸ 'ਪ੍ਰਭ' ਦੀ ਬੀਬੇ ਬਾਲੋ, ਚੰਗਾ ਜੀਵਨ ਜੀਵੇ ਹਰ ਇਨਸਾਨ।

ਨਬਜ਼ ਸਮੇਂ ਦੀ

ਬੜੀ ਕਮਾਲ ਕਹਾਣੀ ਲਫ਼ਜ਼ਾਂ ਦੀ , ਜਿਸ ਵਿੱਚ ਤੇਰ-ਮੇਰ ਦੀ ਥਾਂ ਕੋਈ ਨਾ ਲਫ਼ਜ਼ ਡੋਬ ਦਿੰਦੇ ਯਾ ਤਾਰ ਦਿੰਦੇ ਹੋਵੇ ਮੋਹ ਤੇ ਥੋੜ੍ਹ ਦੀ ਥਾਂ ਕੋਈ ਨਾ। ਤੇਰਾ ਤੇਰਾ ਹੀ ਬਾਬਾ ਜੀ ਬੋਲਿਆ ਸੀ, ਏਥੇ ਊਚ-ਨੀਚ ਦਾ ਰਾਹ ਕੋਈ ਨਾ, ਹੁਣ ਸਮਝ ਜਾਹ ਕਾਹਨੂੰ ਵਕੀਲ ਬਣਿਆ, ਘੜੀ ਪਲ਼ ਦਾ ਏਥੇ ਵਸਾਹ ਕੋਈ ਨਾ। ਧੋਖਾ ਪਿਆਰ ਮੁਹੱਬਤ ਨੂੰ ਦੇਈ ਜਾਨੈਂ, ਫਿਰਦੈਂ ਡੱਸਦਾ ਤੈਨੂੰ ਪਰਵਾਹ ਕੋਈ ਨਾ, ਵੇਖੀਂ ਵਕ਼ਤ ਜਦੋਂ ਹੱਥ ਦਿਖਾਉਂਣ ਲੱਗਾ, ਤੈਨੂੰ ਭੱਜੇ ਨੂੰ ਲੱਭਣਾ ਰਾਹ ਕੋਈ ਨਾ। ਭੋਲ਼ੇ ਬਚਪਨ ਤੇ ਮਸਤ ਜਵਾਨੀ ਉੱਤੇ, ਭਲਾ ਜ਼ੋਰ ਕਿਸੇ ਦਾ ਚੱਲਦਾ ਏ ? ਜਿਹਨੇ ਨਬਜ਼ ਸਮੇਂ ਦੀ ਫੜੀ ਹੋਵੇ , ਔਖੀ ਘੜੀ ਵੀ ਓਹੀ ਠੱਲ੍ਹਦਾ ਏ।

ਘੜਾ

ਸੁਣ ਵੇ ਸੁਣ, ਮਿੱਟੀ ਦਿਆ ਘੜਿਆ, ਮਿੱਟੀ ਤੇਰੀ ਸ਼ਾਨ। ਤੇਰੀ-ਮੇਰੀ ਇੱਕ ਕਹਾਣੀ, ਇੱਕੋ ਹੈ ਬਿਖਿਆਨ। ਪੰਜ-ਤੱਤ ਦਾ ਪੁਤਲਾ ਬੇ-ਸ਼ੱਕ, ਪਲ਼-ਛਿਣ ਦਾ ਮਹਿਮਾਨ। ਤੂੰ ਸੋਹਣੀ ਦੀ ਢਾਕ 'ਤੇ ਚੜ੍ਹਨਾ, ਅਸਾਂ ਨੇ ਲੱਭਣਾ ਹਾਣ। ਐਸੀ ਛੋਹ ਘੁਮਿਆਰ ਨੇ ਦਿੱਤੀ, ਸਿਰਜਣਹਾਰ ਮਹਾਨ। ਧੁੱਪ, ਹਵਾ ਤੇ ਅੱਗ ਸਮਾਏ, ਸਾਹ ਸਾਹ ਵਿੱਚ ਭਗਵਾਨ। ਧਰਤੀ ਦੀ ਕੀ ਹਸਤੀ ਅੜਿਆ, ਜਿੱਤ ਲਿਆ ਅਸਮਾਨ। ਘੜਿਆ ਜਿਸ ਦਿਨ ਤਿੜਕਿਆ, ਵੇ ਤੁਰ ਜਾਣਾ ਛੱਡ ਜਹਾਨ। ਲੋਭ ਹੰਕਾਰ ਤੇ ਹਿਰਸਾਂ ਛੱਡਦੇ, ਕਰਨਾ ਛੱਡ ਗ਼ੁਮਾਨ। ਜੋਤ ਪਿਆਰ ਦੀ ਅੰਦਰ ਤੇਰੇ, ਦਰਦਾਂ ਦੀ ਲੁਕਮਾਨ। ਸਦਕੇ ਜਾਵਾਂ, ਵਾਰੀ ਜਾਂ, ਕਲਬੂਤ 'ਚ ਪਾਈ ਜਾਨ। ਆ ਓ ਸੱਚੇ ਸਾਥੀ, 'ਪ੍ਰਭ' 'ਤੋਂ, ਸਭ ਕੁੱਝ ਕਰ ਕੁਰਬਾਨ।

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਪ੍ਰਭਜੋਤ ਕੌਰ ਪ੍ਰਭ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ