Punjabi Poetry : Reet Mukatsari
ਪੰਜਾਬੀ ਕਵਿਤਾਵਾਂ : ਰੀਤ ਮੁਕਤਸਰੀ
ਕੋਰੜਾ ਛੰਦ
ਦਿਲੋਂ ਵਾਹਿਗੁਰੂ ਦਾ, ਜੈਕਾਰਾ ਬੋਲਕੇ। ਵੇਖਿਆ ਜੋ ਸੁਪਨਾ, ਅੱਖਾਂ ਨੂੰ ਖੋਲ੍ਹਕੇ । ਟੀਚਾ ਲੜ ਬੰਨ੍ਹ ਕੇ, ਜੀ ਚੱਲਦੇ ਰਹੋ । ਮੰਜਿਲ ਜੋ ਖ਼ਾਬਾਂ ਵਾਲੀ ਮੱਲਦੇ ਰਹੋ। ਯਾਰੀ ਲਾਈ ਹੋਵੇ, ਨਾ ਹਿਸਾਬ ਕਰੋ ਜੀ। ਦਿਲ ਤੋਂ ਜੋ ਕਰੇ, ਉਸ ਉੱਤੇ ਮਰੋ ਜੀ । ਖ਼ਤਾਂ 'ਚ ਪਿਆਰ, ਨਾਲੇ ਘੱਲਦੇ ਰਹੋ । ਮੰਜਿਲ ਜੋ ਖ਼ਾਬਾਂ ਵਾਲੀ ਮੱਲਦੇ ਰਹੋ। ਧਰਤੀ ਦੇ ਉੱਤੇ, ਸਦਾ ਪੈਰ ਰੱਖ ਕੇ । ਮਾਰ ਲੋ ਉਡਾਰੀ, ਅੰਬਰਾਂ ਨੂੰ ਤੱਕ ਕੇ । ਬੁਝਣ ਨਾ ਕੋਲੇ, ਪੱਖੀ ਝੱਲਦੇ ਰਹੋ । ਮੰਜਿਲ ਜੋ ਖ਼ਾਬਾਂ ਵਾਲੀ ਮੱਲਦੇ ਰਹੋ।
ਦੋਹੇ
ਹੰਝੂਆਂ 'ਚ ਹੰਝੂ ਰਲਣ, ਗੁੱਝੇ ਰਹਿਣ ਨ ਚਾਅ । ਰਾਵੀ ਨੂੰ ਮਿਲਦੈ ਜਦੋਂ, ਬਾਹਾਂ ਅੱਡ ਝਨਾਅ।1। ਧੁੰਦਾਂ ਨੇ ਦਿੱਤੀ ਬਦਲ, ਸੂਰਜ ਦੀ ਤਸਵੀਰ। ਪਵੇ ਭੁਲੇਖਾ ਚੰਨ ਦਾ, ਸ਼ੀਤਲ ਵੇਖ ਤਸੀਰ ।2। ਇੱਕੋ ਅੱਖੀਂ ਵੇਖਦਾ, ਨਾ ਉੱਤੇ ਨਾ ਹੇਠ। ਸਮੇਂ ਸ਼ਿਕਾਰੀ ਸਾਮ੍ਹਣੇ, ਪੋਹ ਟਿਕੇ ਨਾ ਜੇਠ ।3। ਫੁਲਕਾਰੀ ਦੇ ਫੁੱਲ ਜੋ, ਖਿੜਦੇ ਦੰਦ ਖਿਲਾਰ। ਬੁੱਕਲ ਵਿਚ ਘੁੱਟੀ ਫਿਰਨ, ਸੂਲਾਂ ਖਾਧੀ ਮਾਰ।4। ਸੀਸ ਝੁਕਾ ਹਥ ਜੋੜਕੇ, ਕਰਦੇ ਹਾਂ ਅਰਦਾਸ। ਦਾਤਾ ਸਭ ਨੂੰ ਦਾਨ ਦੇ, ਗੁਣ-ਵਿਵੇਕ-ਵਿਸ਼ਵਾਸ ।5।
ਗ਼ਜ਼ਲ
ਸ਼ਮਸ ਤੋਂ ਵਾਰੀ ਜਾਵੇ ਧਰਤੀ ਧੁਰ ਦੀ ਪ੍ਰੀਤ ਨਿਭਾਵੇ ਧਰਤੀ ਜਿਸਦੇ ਹੋਈਏ ਉਸਦੇ ਰਹੀਏ ਇਹ ਸਦੀਆਂ ਤੋਂ ਗਾਵੇ ਧਰਤੀ ਕਿੰਨਾ ਕੁੱਝ ਹੈ ਅੰਦਰ ਭਰਿਆ ਜਾਹਿਰ ਨਾ ਕਰ ਪਾਵੇ ਧਰਤੀ ਚੰਨਾਂ! ਕਦੇ ਤਾਂ ਆ ਕੇ ਵੇਖੀਂ ਕੀ-ਕੀ ਦਰਦ ਹੰਢਾਵੇ ਧਰਤੀ ਕਿੰਨੀਆਂ ਅਗਨੀ ਪ੍ਰੀਖਿਆ ਹੋਰ? ਸੋਚੇ, ਕੰਬ-ਕੰਬ ਜਾਵੇ ਧਰਤੀ 'ਰੀਤ' ! ਸਿਰੋਂ ਜੇ ਪਾਣੀ ਲੰਘੇ ਮਹਲ-ਮੁਨਾਰੇ ਢਾਵ੍ਹੇ ਧਰਤੀ
ਗ਼ਜ਼ਲ
ਕਿਸੇ ਦੀ ਰਾਹ ਵਿਚ ਪੱਥਰ ਕਿਸੇ ਦੇ ਰਾਹੀਂ ਟੋਏ ਨੇ ਇਹ ਸਾਰੀ ਖੇਡ ਹੈ ਜਿਸਦੀ ਉਸੇ ਤੋਂ ਸਭ ਅਚੇਤੇ ਨੇ ਧਰਾਂ ਮੁਹਰੇ, ਪਲਟ ਦਿੰਦੇ ਮੇਰੇ ਕਦਮਾ ਨੂੰ ਪਿੱਛੇ ਇਹ ਗਰਾਂ ਦੇ ਰਾਸਤੇ ਕੁੱਝ ਇਸ ਤਰ੍ਹਾਂ ਪੈਰਾਂ ਤੋਂ ਰੁੱਸੇ ਨੇ ਕਹੇ ਬੂਟਾ ਗੁਲਾਬਾਂ ਦਾ ਇਹ ਪੱਤੇ ਟਾਹਣੀਆਂ ਫੁੱਲ ਗਈ ਜਿਸ ਦਿਨ ਤੋਂ ਮਾਏ ਨੀ ਹਜਾਰਾਂ ਵਾਰ ਰੋਏ ਨੇ ਕਦੇ ਖੁਲ੍ਹਦੇ ਸੀ ਬਾਹਾਂ ਅੱਡ ਕੇ ਦਿਨ-ਰਾਤ ਵੇਖੇ ਬਿਨ ਸ਼ਰੀਕਾਂ ਵਾਂਗ ਹੁਣ ਤੱਕਦੇ ਉਹੀ ਕੰਧਾਂ ਤੇ ਬੂਹੇ ਨੇ ਅਜੇ ਤੱਕ ਤੁਰਨਾਂ ਨੀ ਸਿੱਖੀਆਂ, ਇਹ ਉਂਗਲਾਂ, ਫੜੇ ਬਿਨ ਹੱਥ ਤੇਰੇ ਚਾਨਣ ਮੁਨਾਰੇ ਤੋਂ ਬਿਨਾਂ ਠੇਡੇ ਹਨ੍ਹੇਰੇ ਨੇ
ਗ਼ਜ਼ਲ
ਚੰਨ ਜਦ ਖੋਲ੍ਹਦੈ ਬੂਹੇ ਘਰ ਦੇ ਹੌਂਸਲੇ ਵੱਧਦੇ ਹਨ ਸਮੁੰਦਰ ਦੇ ਕੱਚੇ ਤੰਦਾਂ ਦੀ ਬੁਣਤੀ ਹਰ ਰਿਸ਼ਤਾ ਲੜ ਖਿੱਚੀਏ ਨ ਏਸ ਚਾਦਰ ਦੇ ਵਕਤ ਦੀ ਵੰਝਲੀ ਨੇ ਕੀ ਬਦਲੇ ਸੁਰ ਬੋਲ ਪੈ ਛਾਲੇ ਦਿਲ ਦੇ ਅੰਦਰ ਦੇ ਤੂੰ ਨਾ ਆਈ ਅੰਮੀਏ! ਆਏ ਮੁੜ ਓਹੀ ਦਰਦੀਲੇ ਦਿਨ ਦਿਸੰਬਰ ਦੇ 'ਰੀਤ' ਸਾਗਰ ਦੀ ਪੀੜ ਲਿਖਦੇ ਓਹ ਜਿਨ੍ਹਾਂ ਕੰਡਿਆਂ ਦੇ ਦਿਲ ਨੇ ਪੱਥਰ ਦੇ
ਗ਼ਜ਼ਲ
ਆਮ ਹਾਂ ਮੈਂ, ਪ' ਦਿਲ ਨਵਾਬੀ ਹੈ ਸੋਚ ਕਹਿੰਦੇ ਨੇ ਕੁੱਝ ਕਿਤਾਬੀ ਹੈ 'ਲਵ' ਹੀ ਸਾਰੇ ਹਿਸਾਬ ਰਖਦਾ ਫਿਰੇ ਇਸ਼ਕ ਅਨਪੜ੍ਹ ਹੈ ਬੇਹਿਸਾਬੀ ਹੈ ਮੇਰਾ ਹੋ ਕੇ ਵੀ ਮੈਨੂੰ ਨਾ ਸਮਝੇ ਇਹ ਤਾਂ ਕਿਸਮਤ ਦੀ ਹੀ ਖ਼ਰਾਬੀ ਹੈ ਓਹਦਾ ਹਰ ਰੰਗ ਸਹਿਣ ਕਰਕੇ ਹੀ ਸਾਡੇ ਹੰਝੂਆਂ ਦਾ ਰੰਗ ਗੁਲਾਬੀ ਹੈ 'ਰੀਤ' ਨਸ਼ਤਰ ਚੁਭਾ ਕੇ ਹੈਰਾਂ ਓ ਚੀਕ ਨਿਕਲੀ ਨਹੀਂ ਜਵਾਬੀ ਹੈ!
ਗੀਤ
ਕੁੱਝ ਆਪਬੀਤੀਆਂ ਕਹਿ ਭੈਣੇ ਕੁੱਝ ਆਪਣੀ ਆਖ ਸੁਣਾਂਵਾਂ ਮੈਂ ਤੂੰ ਮੇਰਾ ਦੁੱਖ ਵੰਡਾ ਲੈ ਕੁੱਝ ਆ ਤੇਰਾ ਦਰਦ ਹੰਢਾਂਵਾਂ ਮੈਂ। ਕੁੱਝ ਬੋਝ ਨੇ ਮੇਰੇ ਦਿਲ ਤੇ ਵੀ ਕੁੱਝ ਤੇਰਾ ਦਿਲ ਵੀ ਭਾਰੀ ਏ ਸਾਡੇ ਆਪਣੇ-ਆਪਣੇ ਬੇਗਾਨੇ ਜਿਹੇ ਕੁੱਝ ਰਿਸ਼ਤੇ ਵਾਪਾਰੀ ਏ ਹੁਣ ਪੈਰ-ਪੈਰ ਤੇ ਲੇਖਾ ਦੇ ਕੇ ਮੈਂ ਵੀ ਆਂ ਕੁੱਝ ਥੱਕ ਗਿਆ ਕੁੱਝ ਤੇਰੇ ਹਲਾਤਾਂ ਦਾ ਵੇਰਵਾ ਤੇਰਾ ਚੇਹਰਾ ਹੈ ਦੱਸ ਰਿਹਾ ਚਲ ਬੋਝ ਤੂੰ ਹੌਲਾ ਕਰ ਅਪਣਾ ਆ ਤੇਰਾ ਭਾਰ ਵੰਡਾਂਵਾਂ ਮੈ... ਕੁੱਝ ਗਏ ਵਕਤ ਦੀਆਂ ਨੌਂਧ੍ਹਰਾਂ ਜੋ ਸਾਡੇ ਚਿਹਰੇ ਤੇ ਬੋਲਦੀਆਂ ਇਹ ਜ਼ਖ਼ਮ ਉਮਰ ਤੋਂ ਲੰਮੇ ਨੇ ਉਮਰਾਂ ਇਹਨਾਂ ਨੇ ਰੋਲਤੀਆਂ ਕੋਈ ਫੰਭਾ ਇਹਨਾਂ ਤੇ ਲਾ ਦੇ ਤੂੰ ਕੁੱਝ ਸ਼ਿਫ਼ਾ ਦਿਲਾਸਾ ਲਾਂਵਾਂ ਮੈਂ...