Punjabi Poetry : Navgeet Kaur

ਪੰਜਾਬੀ ਕਵਿਤਾਵਾਂ : ਨਵਗੀਤ ਕੌਰ



1. ਫੁੱਲ ਪੱਤੀਆਂ ਬਿਨ ਏਦਾਂ ਲੱਗਦਾ-ਗ਼ਜ਼ਲ

ਫੁੱਲ ਪੱਤੀਆਂ ਬਿਨ ਏਦਾਂ ਲੱਗਦਾ, ਜੀਕਣ ਟਾਹਣੀ ਸੁੱਕ ਚੱਲੀ ਹੈ। ਤੇਰੇ ਸਾਥ ਬਿਨਾ ਇਉਂ ਜਾਪੇ ਜ਼ਿੰਦਗੀ ਵੀ ਹੁਣ ਰੁਕ ਚੱਲੀ ਹੈ। ਦੋ ਬੋਲਾਂ ਦੀ ਸਾਂਝ ਕਰੇਂ ਜਦ ਗ਼ਮ ਤੇ ਹੂੰਝ ਲਵੇਂ ਸਭ, ਤੇਜ਼ ਹਨ੍ਹੇਰੀ ਸੁੱਕੇ ਪੱਤੇ, ਹੂੰਝਣ ਮਗਰੋਂ ਚੁੱਕ ਚੱਲੀ ਹੈ। ਸ਼ਿੱਦਤ ਨਾਲ ਸੰਵਾਰਿਆ ਜਿਸ ਨੇ, ਜਦ ਨਾ ਦਿਸੇ ਹਨ੍ਹੇਰਾ ਹੋਵੇ, ਏਸ ਤਰ੍ਹਾਂ ਕਕਿਉਂ ਲੱਗਦਾ ਮੈਨੂੰ ਜਗਦੀ ਬੱਤੀ ਮੁੱਕ ਚੱਲੀ ਹੈ। ਸਹਿਕਦਿਆਂ ਮਰ ਜਾਵਣ ਨਾ ਇਹ ਮਨ ਦੇ ਰਿਸ਼ਤੇ ਸ਼ੀਸ਼ੇ ਵਰਗੇ, ਸਾਹਾਂ ਦੀ ਤੰਦ ਫੜ ਕੇ ਰੱਖੀਂ, ਮੈਨੂੰ ਲੱਗਦਾ ਟੁੱਟ ਚੱਲੀ ਹੈ। ਤੇਰੇ ਬੋਲ ਸਰੋਦੀ ਸੁਣ ਕੇ,ਲੱਗਦਾ ਪੀਂਘ ਪਈ ਸਤਰੰਗੀ, ਏਦਾਂ ਲੱਗਦਾ, ਸਰਗਮ ਤੇਰੀ, ਰੂਹ ਦੇ ਬੰਧਨ ਟੁੱਕ ਚੱਲੀ ਹੈ। ਉਝ ਤਾਂ ਸੂਰਜ ਅੱਗੇ ਵੀ ਮੈਂ,ਅੱਖ ਕਦੇ ਕੀਤੀ ਨਾ ਨੀਵੀਂ, ਪਰ ਤੇਰੇ ਸਤਿਕਾਰ ਚ ਗਰਦਨ , ਵੇਖ ਕਿਵੇਂ ਅੱਜ ਝੁਕ ਚੱਲੀ ਹੈ।

2. ਧਰਤੀ ਤੇ ਮਾਂ

ਮਾਵਾਂ ਧੀਆਂ ਨੇ ਧਰਤੀ ਤੇ ਮਾਂ ਦੋਵੇਂ ਦੇਣ ਫ਼ਲ ਫੁੱਲ, ਦੋਵੇਂ ਦੇਣ ਛਾਂ। ਮਾਂ ਆਪਣੇ ਪਤੀ ਚ ਔਗੁਣ ਸਹੀ ਲੈਂਦੀ, ਕੌੜਾ ਮਿੱਠਾ ਕਹਿ ਲੈਂਦੀ ਪਰ ਔਲਾਦ ਨੂੰ ਹਰ ਖੇਤਰ ਚ ਨਿਪੁੰਨ ਚਾਹੁੰਦੀ। ਧਰਤੀ ਮਾਂ ਵਾਂਗ। ਐਬੀ ਧੀਆਂ ਪੁੱਤਰਾਂ ਨੂੰ ਵੇਖ ਕੇ ਮਾਵਾਂ ਵਾਂਗ ਧਰਤੀ ਵੀ ਰੋਂਦੀ। ਮਾਂ ਜਾਣਦੀ ਹੈ, ਕੁੱਖ ਵਿੱਚ ਪਲਦੇ ਬਾਲ ਨਾਲ ਕੀਤੇ ਕਿੰਨੇ ਇਕਰਾਰ ਤੇ ਵਿਚਾਰ। ਮਾਂ ਕਹਾਉਣ ਲਈ ਬਾਪ ਤੋਂ ਕਿੰਨਾ ਵੱਧ ਖ਼ੂਨ ਖ਼ਰਚਿਆ ਹੈ ਉਸ। ਲੰਮੀ ਘਾਲਣਾ ਕੀਤੀ ਐ। ਔਲਾਦ ਬੂਟਾ ਐਵੇਂ ਗੱਲੀਂ ਬਾਤੀਂ ਨਹੀਂ ਉੱਗਦਾ, ਪਲਦਾ ਤੇ ਫ਼ਲਦਾ। ਤਾਂਹੀ ਤਾਂ ਮਾਂ ਚਾਹੁੰਦੀ ਐ ਝੱਖੜਾਂ ਚ ਵੀ ਸਲਾਮਤ ਰਹੇ। ਧਰਤੀ ਵਾਂਗ ਜੜ੍ਹ ਫੜ ਕੇ ਰੱਖਦੀ। ਅਡੋਲ ਨਿਸਚਿੰਤ ਤੇ ਪੱਕੇ ਪੈਰੀਂ ਰੱਖਦੀ। ਟਾਹਣੀਆਂ ਨੂੰ ਆਖਦੀ ਖੇਡੋ ਮੱਲੋ ਮੇਰੇ ਧੀਆਂ ਪੁੱਤਰੋ ਪਰ ਕਦੇ ਨਾ ਖਹਿਣਾ। ਇਹੀ ਮਾਂ ਦਾ ਕਹਿਣਾ। ਕਿੰਨਾ ਕਿਝ ਰਲਦਾ ਹੈ। ਮਾਂ ਨਿੱਤ ਆਖਦੀ ਹੈ ਮਨ ਦਾ ਸ਼ੀਸ਼ਾ ਸਾਫ ਵੀ ਰੱਖੋ ਤੇ ਸੁਰੱਖਿਅਤ ਵੀ, ਟੁੱਟੇ ਨਾ ਤਿੜਕੇ। ਸੋਚਦੀ ਹਾਂ ਮਾਂ ਕਿਹੜੇ ਸ਼ੀਸ਼ੇ ਦੀ ਗੱਲ ਕਰਦੀ ਹੈ? ਕਦੇ ਨਾ ਭੁੱਲਿਓ! ਜਿਸ ਨਜ਼ਰ ਨਾਲ ਮਾਂ ਵੇਖਦੀ ਉਹ ਨਜ਼ਰ ਮਾਂ ਤੋਂ ਬਿਨ ਸਿਰਫ਼ ਧਰਤੀ ਕੋਲ ਹੋਵੇ। ਮਾਂ ਨਾਲੋਂ ਵੱਧ ਕੌਣ ਪੜ੍ਹ ਸਕਦਾ ਬੱਚਿਆਂ ਦੀ ਅੱਖ ਵਿਚਲੀ ਇਬਾਰਤ। ਆਪਣੇ ਦਰਦ ਛੁਪਾਉਂਦੀ ਆਪਣੀ ਬੁਰਕੀ ਬੱਚਿਆਂ ਦੇ ਮੂੰਹ ਪਾਉਂਦੀ। ਧਰਤੀ ਦੀ ਰੀਸ ਕਰਦੀ ਮਿੱਟੀ ਨਾਲ ਮਿੱਟੀ ਹੋ ਮਹਿਕ ਉਗਾਉਂਦੀ ਮਾਂ ਸੱਚ ਮੁੱਚ ਧਰਤੀ ਦੀ ਪਲੇਠੀ ਧੀ। ਇਸ ਤੋਂ ਘੱਟ ਮੈਂ ਆਖਾਂ ਕੀ? ਤਾਂਹੀਓਂ ਤਾਂ ਪੌਣਾਂ ਗਾਉਂਦੀਆਂ ਮਾਂ ਤੇਰੇ ਬਾਝੋਂ ਦੁਨੀਆਂ ਦੇ ਤਿਲਕਣ ਵਿਹੜੇ। ਡਿੱਗਿਆ ਤੇ ਮਾਂ ਚੁੱਕਦੀ ਕੁਝ ਨਹੀਂ ਹੋਇਆ ਮਾਂ ਸਦਕੇ ਤੇਰਾ ਮਾਮਾ ਰਾਹ ਭੁੱਲਿਆ। ਆਪੇ ਉਠੱ ਤੇ ਵੇਖ ਕੀੜੀ ਦਾ ਆਟਾ ਡੁੱਲ੍ਹਿਆ। ਹਾਏ ਮੈਂ ਮਰ ਜਾਂ ਕਹਿੰਦੀ ਹਰ ਪਲ ਫ਼ਿਕਰਾਂ ਵਿੱਚ ਰਹਿੰਦੀ ਬਿਲਕੁਲ ਧਰਤੀ ਵਾਂਗ।

3. ਰਾਤ ਭਰ

ਚੰਨ ਤਾਰੇ ਰਾਤ ਭਰ ਨਦੀ ਚ ਡੁੱਬਦੇ ਕਦੇ ਤਰਦੇ ਰਹੇ। ਸਾਡੇ ਹਿਜਰ ਦੀ ਵਾਰਤਾ ਸੁਣ ਰੀਝਾਂ ਦੇ ਫੁੱਲ ਸਿਸਕੀਆਂ ਭਰਦੇ ਰਹੇ। ਤੂੰ ਤਾਂ ਕਿਹਾ ਸੀ ਵਿਗਸਾਂਗੇ ਉਮਰ ਭਰ ਸਬਜ਼ ਰੁੱਤ ਬਣਕੇ। ਤੇਰੇ ਕੰਢੇ ਤਾਂ ਰੁੱਖ ਵੀ ਪਿਆਸੇ ਮਰਦੇ ਰਹੇ। ਭਟਕਣ ਮੇਰੀ ਜ਼ਰਬ ਹੁੰਦੀ ਰਹੀ ਤੇ ਮੈਂ ਤਕਸੀਮ। ਅਹਿਸਾਸ ਤਰਲਤਾ ਲਈ ਪੰਨਿਆਂ ਤੇ ਅੱਖਰ ਬਣ ਸਰਕਦੇ ਰਹੇ। ਉਹਦੀ ਜ਼ਿੱਦ ਸੀ ਕਿ ਤੇਰੀ ਬੁੱਕਲ ਚ ਹੀ ਆਊ ਟਿਕਾਅ। ਏਸੇ ਲਈ ਤਾਂ ਸੁਪਨਿਆਂ ਚ ਇਕ ਦੂਜੇ ਨੂੰ ਪਰਛਾਵੇਂ ਵਰਦੇ ਰਹੇ। ਮੌਸਮਾਂ ਦੀ ਸਾਜਿਸ਼ ਦਾ ਸ਼ਿਕਾਰ ਹੋਏ ਮੁਹੱਬਤ ਦੇ ਪਰਿੰਦੇ। ਹਸਰਤਾਂ ਦੇ ਬਨੇਰੇ ਬਹਿਣ ਤੋਂ ਸਦਾ ਡਰਦੇ ਰਹੇ। ਚੂਰੀ ਵਰਗੀਆਂ ਨਜ਼ਮਾਂ ਲਿਖਣ ਦੀ ਚਾਹਤ ਵਿੱਚ ਦਰਦਾਂ ਦੇ ਟੁੱਕਰਾਂ ਨੂੰ ਹਾਉਂਕਿਆਂ ਚ ਭਿਓੰ ਜੀਭ ਤੇ ਧਰਦੇ ਰਹੇ। ਬਲਦੀ ਪੌਣ ਦੇ ਵਰਕੇ ਤੇ ਅੱਖਰਾਂ ਨੂੰ ਜਿਊਣ ਜੋਗਾ ਕਰਨ ਲਈ, ਅੱਗ ਦੀ ਰੁੱਤ ਵਿਚ ਵੀ , ਸ਼ਬਦ ਠਰਦੇ ਰਹੇ। ਜ਼ਿਹਨ ਚ ਤਾਂ ਬੇਹੱਦ ਸ਼ੋਰ ਸੀ ਉਨ੍ਹਾਂ ਦਾ ਕੋਈ ਲਫਜ਼ ਖਾਮੋਸ਼ੀ ਦੀ ਬੁੱਕਲ਼ ਵਿੱਚ ਜਾ ਕੇ ਅਣਿਆਈ ਮੌਤ ਮਰਦੇ ਰਹੇ।

4. ਮੇਰੀ ਨਾਨੀ ਮਾਂ

ਹਿੰਮਤਪੁਰੇ ਵੱਸਦੀ ਮੇਰੀ ਹਿੰਮਤੀ ਨਾਨੀ ਮਾਂ ਚਾਨਣ ਮੁਨਾਰੇ ਵਰਗੀ ਸੀ। ਉਹ ਅਕਸਰ ਕਹਿੰਦੀ ਹੀਰੇ ਨੂੰ ਕੋਈ ਵੀ ਪੱਥਰ ਵੀ ਕਹਿ ਦੇਵੇ ਤਾਂ ਫ਼ਰਕ ਨਹੀਂ ਪੈਂਦਾ। ਕਹਿਣ ਵਾਲਾ ਸਿਰਫ਼ ਆਪਣੀ ਅਕਲ ਦੱਸਦੈ ਕਿ ਕਿੰਨੇ ਕੁ ਪਾਣੀ ਚ ਹੈ। ਹੀਰਾ ਤਾਂ ਜੌਹਰੀਆਂ ਲਈ ਹੀਰਾ ਹੈ ਬੇਕਦਰਿਆਂ ਲਈ ਪੱਥਰ। ਉਹ ਆਖਦੀ ਸੁਗੰਧੀਆਂ ਨੂੰ ਕੌਣ ਜਿੰਦਰੇ ਲਾ ਸਕਦਾ ਭਲੀਏ! ਧੀਏ ਰਾਣੀਏ! ਆਪਣੇ ਜ਼ਖ਼ਮਾਂ ਦੇ ਤਾਣੇ ਪੇਟੇ ਦੀ ਮਜਬੂਤ ਰੱਸੀ ਵੱਟ ਪਿਛਾਂਹ ਸੁੱਟਦੀ ਹੋਈ ਆਖਦੀ ਫੁੱਲਾਂ ਦੀ ਕਿਆਰੀ ਨੂੰ ਪਸ਼ੂ ਮਿੱਧਣ ਮਾਲੀ ਸੰਭਾਲਣ। ਜੀਵਨ ਦਾ ਅਸਲ ਮਕਸਦ ਹਰ ਰੋਜ਼ ਸਮਝਾਉਂਦੀ ਤੇ ਕਹਿੰਦੀ ਤੂੰ ਬੋਲਾਂ ਨਾਲ ਤਿੜਕਣ ਵਾਲੀ ਤਸਵੀਰ ਨਾ ਬਣੀਂ। ਫਰੇਮ ਵਿੱਚ ਬੰਦ ਨਾ ਹੋਈ ਧੀਏ! ਹਰ ਮਨ ਚ ਵੱਸੀਂ। ਕੱਚੇ ਚੌੰਤਰੇ ਤੇ ਚੁੱਲ੍ਹੇ ਮੂਹਰੇ ਮਖਣੀ ਵਾਲੀ ਕੁੱਜੀ ਚ ਗੋਹਿਆਂ ਦੇ ਸੇਕ ਤੇ ਪਿਘਲਦੇ ਘਿਓ ਨੂੰ ਦਿਖਾਉਂਦੀ ਹੋਈ, ਜ਼ਿੰਦਗੀ ਦੇ ਡੂੰਘੇ ਅਰਥ ਬਿਨ ਬੋਲਿਆਂ ਸਮਝਾਉਂਦੀ ਤੇ ਆਖਦੀ। ਧੀਏ!! ਏਸ ਕੁੱਜੀ ਦੇ ਠੀਕਰੀਆਂ ਬਣਨ ਤੋਂ ਬਾਅਦ ਵੀ ਘਿਓ ਦੀ ਥਿੰਦਾਈ ਨਹੀ ਜਾਣੀ। ਐਸੇ ਗੁਣ ਪੈਦਾ ਲਵੀਂ ਬਾਬਲ ਦੀ ਸਰਦਲ ਦਾ ਸਿਰ ਨਾ ਝੁਕੇ। ਮਨ ਦੀ ਸਲੇਟ ਤੇ ਧੂੜ ਨਾ ਪਵੇ ਕਦੇ ਨਿਰਾਸ਼ਾ ਦੀ। ਉਹਦੇ ਝੁਰੜੀਆਂ ਵਾਲੇ ਹੱਥ ਨਹੀਂ ਸਿਆੜਾਂ ਵਾਲੇ ਸਨ ਸੁਪਨਿਆਂ ਦੀਆਂ ਫ਼ਸਲਾਂ ਵਾਲੇ। ਉਹਨਾਂ ਚ ਕਈ ਤਰ੍ਹਾਂ ਦੀਆਂ ਬਰਕਤਾਂ ਸਨ। ਜੋ ਅੱਜ ਵੀ ਜ਼ਿਹਨ ਚ ਨਵੀਆਂ ਨਕੋਰ ਪਈਆਂ। ਜੀਵਨ ਧਾਰਾ ਬਣਕੇ ਨਿਰਮਲ ਨਦੀ ਵਾਂਗ ਵਹਿੰਦੀਆਂ ਬਹੁਤ ਕੁਝ ਕਹਿੰਦੀਆਂ। ਗਿਆਨ ਨੂੰ ਕੌਣ ਚੁਰਾ ਸਕਦਾ ਹੈ ਰੱਜ ਕੇ ਪੜ੍ਹੀਂ ਜਾਗਦੇ ਮਸਤਕ ਹੀ ਘਰਾਂ ਦੇ ਭਾਗ ਲਿਖਦੇ। ਰੀਝਾਂ ਦਾ ਕਦੇ ਮਾਤਮ ਨਾ ਕਰੀਂ। ਬਹੁਤ ਮਰੁੰਡਣਗੇ ਤੇਰੇ ਸੁਪਨਿਆਂ ਦੀਆਂ ਲਗਰਾਂ। ਉਹਦੇ ਦ੍ਰਿੜ ਕਰਵਾਏ ਬੋਲ ਅੱਜ ਵੀ ਕੁਦਰਤੀ ਚੇਤੇ ਆਏ! ਰੱਬੀ ਰੂਹਾਂ ਦੇ ਮੂੰਹੋਂ ਬੋਲਾਂ ਜਹੇ। ਜਿੰਦ ਨੂੰ ਮਖ਼ਮੂਰ ਕਰ ਗਏ। ਉਹ ਅਕਸਰ ਆਖਦੀ ਪੱਥਰ ਕਹਿਣ ਵਾਲਿਆਂ ਨੂੰ ਕੋਹਿਨੂਰ ਬਣ ਕੇ ਦਿਖਾਈਂ। ਦੱਸ ਦੇਵੀਂ! ਹੀਰਾ ਵੀ ਤਾਂ ਤਰਾਸ਼ਿਆ ਪੱਥਰ ਹੁੰਦਾ। ਗਹਿਣਾ ਬਣਨ ਲਈ ਪਾਰਖੂ ਨਜ਼ਰ ਲਾਜ਼ਮੀ। ਜਾਣ ਲੱਗੀ ਬੇਅੰਤ ਦੁਆਵਾਂ ਦਿੰਦੀ ਹੋਈ ਕਹਿੰਦੀ ਰਹੀ ,ਉਦਾਸ ਨਾ ਹੋਵੀਂ। ਧੀਏ! ਜ਼ਰਦ ਪੱਤਿਆਂ ਨੇ ਝੜਨਾ ਈ ਹੁੰਦਾ ਨਵੇਂ ਪੱਤਿਆਂ ਦੇ ਬਹਿਣ ਉੱਠਣ ਲਈ ਝੂਮਣ ਲਈ ਬਹੁਤ ਜ਼ਰੂਰੀ ਹੈ ਝੜਨਾ। ਆਦਿ ਜੁਗਾਦਿ ਤੱਕ ਮੈਂ ਤੇਰੇ ਅੰਦਰ ਬੋਲਾਂਗੀ। ਬੀਬੀ ਧੀਏ! ਘਬਰਾਵੀਂ ਨਾ! ਆਪਣੀ ਧੀ ਨੂੰ ਵੀ ਇਹੀ ਕਹੀਂ! ਵਕਤ ਕਦੇ ਇੱਕਸਾਰ ਨਹੀਂ ਰਹਿੰਦਾ।

5. ਕੁਦਰਤ

ਕਾਲੀ ਬੋਲੀ ਰਾਤ ਵਿਖਾਈ ਕੁਦਰਤ ਨੇ। ਬੰਦਿਆਂ ਨੂੰ ਔਕਾਤ ਵਿਖਾਈ ਕੁਦਰਤ ਨੇ । ਸ਼ਾਮਾਂ ਤੀਕ ਤਾਂ ਹੋਰ ਭਿਆਨਕ ਹੋ ਸਕਦਾ, ਹਾਲੇ ਤਾਂ ਪਰਭਾਤ ਵਿਖਾਈ ਕੁਦਰਤ ਨੇ। ਡਰਦਾ ਸੀ ਦਿਲ, ਜਿਹੜੀ ਗੱਲੋਂ,ਉਹ ਹੋਈ, ਰਾਤ ਕੁਲੱਛਣੀ ,ਦਿਨੇ ਵਿਖਾਈ ਕੁਦਰਤ ਨੇ। ਆਪਣੇ ਆਪ ਨੂੰ ਆਲਮਗੀਰ ਕਹਾਉਂਦੇ ਸੀ, ਹੰਕਾਰੀ ਨੂੰ ਮਾਤ ਵਿਖਾਈ ਕੁਦਰਤ ਨੇ । ਬੰਦਾ ਵੀ ਤਾਂ ਰੱਬ ਬਣਕੇ ਹੀ ਬੈਠਾ ਸੀ, ਇਸਨੂੰ ਇਹਦੀ ਜ਼ਾਤ ਵਿਖਾਈ ਕੁਦਰਤ ਨੇ। ਆਪਣੇ ਘਰ ਵਿੱਚ ਕ਼ੈਦੀ ਡਰ ਕੇ ਬੈਠਾ ਹੈ, ਦਰਵਾਜ਼ੇ ਤੇ ਘਾਤ ਲਗਾਈ ਕੁਦਰਤ ਨੇ। ਸੁਧਰਨ ਖ਼ਾਤਰ ਮਿਲਿਆ ਮੌਕਾ, ਜਾਣ ਨਾ ਦੇ, ਹਾਲੇ ਪਹਿਲੀ ਝਾਤ ਵਿਖਾਈ ਕੁਦਰਤ ਨੇ। ਭੁੱਲੀਂ ਨਾ ਇਹ ਜਨਮ ਅਮੋਲਕ ਹੀਰਾ ਹੈ, ਸਭ ਤੋਂ ਉੱਤਮ ਦਾਤ ਬਣਾਈ ਕੁਦਰਤ ਨੇ।

6. ਹਰ ਧੀ ਅੰਦਰ ਕਿੰਨੀਆਂ ਮਾਵਾਂ

ਮੇਰੀ ਮਾਂ ਨੇ ਮੈਨੂੰ ਦੱਸਿਆ ਹਰ ਧੀ ਅੰਦਰ ਕਿੰਨੀਆਂ ਮਾਵਾਂ। ਇਸ ਦਾ ਅੰਤ ਹਿਸਾਬ ਨਾ ਕੋਈ। ਜਦ ਮੈਂ ਆਪਣੀ ਮਾਂ ਨੂੰ ਪੁੱਛਿਆ ਮੇਰੀ ਨਾਨੀ ਕਿਹੋ ਜਹੀ ਸੀ? ਉਸ ਨੇ ਦੱਸਿਆ ਬਿੱਲਕੁਲ ਪੁੱਤੀਏ ਤੇਰੇ ਵਰਗੀ। ਸੁਹਜ ਪਟਾਰੀ ਤੇ ਸੁਚਿਆਰੀ। ਮੈਂ ਤਾਂ ਆਪਣੀ ਮਾਂ ਕੋਲੋਂ ਬੱਸ ਇਹ ਹੀ ਸੁਣਿਆ। ਨਿਰਛਲ ਪਿਆਰ ਕਰੋ ਜੀ ਰੱਜ ਕੇ। ਕੁਦਰਤ ਵਾਂਗੂੰ ਸਹਿਜ ਮਾਣਦੇ ਹਰ ਪਲ ਕਦੇ ਨਾ ਆਪ ਗੁਆਉ। ਪਹਿਲਾ ਸਬਕ ਜਿਵੇਂ ਚਰਨਾਮਤ, ਇਹ ਗੁਰ ਮੈਨੂੰ ਮਾਂ ਤੋਂ ਮਿਲਿਆ। ਬਿਨ ਦੱਸਿਆਂ ਹੁਣ ਮੇਰੀ ਧੀ ਵੀ ਨਾਨੀ ਵਾਂਗੂੰ ਗੱਲ ਕਰਦੀ ਹੈ। ਆਪਣੇ ਖ਼ਿਆਲ ਸਲੀਕੇ ਅੰਦਰ ਖ਼ੁਦ ਧਰਦੀ ਹੈ। ਹੁਣ ਮੈਂ ਆਪਣੀ ਧੀ ਵਿੱਚ ਤੱਕਿਆ। ਜ਼ਿੰਦਗੀ ਵਾਲੇ ਹਰ ਵਰਕੇ ਵਿੱਚ ਰੰਗ ਭਰਦੀ ਹੈ। ਸਮਝ ਪਈ ਇਹ ਦੇਖਦਿਆਂ ਹੀ, ਧੀਆਂ ਕੇਵਲ ਧੀਆਂ ਹੀ ਨਾ ਕੁਝ ਕੁਝ ਮਾਵਾਂ ਵੀ ਹੁੰਦੀਆਂ ਨੇ। ਪਿਆਰ ਮੁਹੱਬਤ ਦਾ ਸਰਚਸ਼ਮਾ। ਪੀੜ੍ਹੀ ਦਰ ਪੀੜ੍ਹੀ ਪਗਡੰਡੀਆਂ ਕਈ ਪੁਸ਼ਤਾਂ ਨੂੰ ਜੋੜਦੀਆਂ ਨੇ। ਰਿਸ਼ਤੇ ਜੋੜਨ ਵਾਲੀਆਂ ਰਾਹਵਾਂ ਧੀਆਂ ਵਾਲੇ ਘਰ ਵਿੱਚ ਰਹਿਮਤ ਦੂਰ ਦੂਰ ਰਹਿੰਦੀ ਹੈ ਜ਼ਹਿਮਤ। ਠੰਡੀਆਂ ਮਿੱਠੀਆਂ ਰੂਹ ਨੂੰ ਠਾਰਨ ਮਾਪਿਆਂ ਦੀ ਹਿੱਕ ਮਿਲ ਕੇ ਠਾਰਨ। ਸੱਚੀ ਗੱਲ ਹੈ ਬੁੱਕਲ ਨਿੱਘੀ ਥਾਂ ਹੁੰਦੀਆਂ ਨੇ। ਤੁਰਦੀ ਫਿਰਦੀ ਛਾਂ ਹੁੰਦੀਆਂ ਨੇ।

7. ਮਾਂ ਦੀਆਂ ਅਧੂਰੀਆਂ ਸੱਧਰਾਂ

ਮਾਂ!! ਤੂੰ ਸੱਚੀਂ ਏਕਮ ਦੇ ਚੰਨ ਵਰਗੀ ਏਂ। ਬਚਪਨ ਤੋਂ ਦੇਖਿਆ ਮੈਂ ਤੈਨੂੰ। ਪਰ ਉਦੋਂ ਸਮਝ ਨਹੀਂ ਸੀ ਆਉਂਦੀ, ਚੁੱਪ ਦੀ ਕਾਲ਼ ਕੋਠੜੀ ਚ ਕਿਓ ਕੈਦ ਸੀ। ਪੈਰੀਂ ਬਿਆਈਆਂ ਚ ਸਿੰਮਦਾ ਲਹੂ, ਗਰਮ ਮੋਮ ਪਾ ਕੇ ਰਾਤ ਦੇ ਹਨੇਰੇ ਵਿਚ ਹਾਉਂਕਿਆਂ ਨੂੰ ਲੁਕਾਉਣ ਦੀ ਕੋਸ਼ਿਸ਼। ਅੱਜ ਵੀ ਯਾਦ ਐ। ਮੈ ਸੁੱਤੀ ਨਹੀਂ ਸੀ ਹੁੰਦੀ ਕੋਲ਼ ਅੱਖਾਂ ਬੰਦ ਕਰਕੇ ਬਹੁਤ ਸਾਰੇ ਸਵਾਲ ਆਪਣੇ ਆਪ ਨੂੰ ਕਰਦੀ ਹੋਈ ਡੂੰਘੀ ਨੀਂਦ ਚ ਆਪ ਮੁਹਾਰੇ ਤੁਰ ਜਾਂਦੀ। ਪਤਾ ਨਹੀਂ ਸੀ ਲੱਗਦਾ! ਮਾਂ ਤੂੰ ਦਰਦ ਦਾ ਪਿੰਡਾ ਪਹਿਨਿਆ ਸੀ ਜਾਂ ਪਿੰਡੇ ਨੇ ਦਰਦੀਲੀ ਰੂਹ। ਆਪਣੇ ਪਿੰਡੇ ਚੋ ਦਰਦ ਦੀਆਂ ਛਿਲਤਰਾਂ ਆਪੇ ਕੱਢਦੀ ਵੀ ਮੁਸਕਰਾਉਂਦੀ ਰਹਿੰਦੀ। ਜਖਮ ਤੋਂ ਨਾਸੂਰ ਬਣਨ ਦਾ ਸਫਰ ਮੈਂ ਪੂਰਾ ਅੱਖੀਂ ਦੇਖਿਆ। ਪਰ ਮੇਰੇ ਲਈ ਹਰ ਮੁਸ਼ਕਿਲਾਂ ਦੇ ਪਰਬਤ ਅੱਗੇ ਨਦੀ ਬਣ ਕੇ ਰਾਹ ਬਣਾਉਂਦੀ ਗਈ। ਮੋਹ ਦੀਆਂ ਮਸ਼ਕਾਂ ਭਰ ਭਰ ਕੇ ਪਾਉਦੀ ਹੋਈ ਮੇਰੀ ਰੂਹ ਤ੍ਰਿਪਤ ਕਰਦੀ ਗਈ। ਹੁਣ ਤੇਰਾ ਜੀਵਨ ਪੰਧ ਮੁਕਣ ਤੇ ਐ ਪਰ ਤੇਰੀ ਮਮਤਾ ਦਾ ਅਕਸ ਅੱਜ ਵੀ ਸੂਰਜ ਵਾਂਗ ਚਮਕ ਰਿਹਾ। ਭੋਰਾ ਵੀ ਧੁੰਦਲਾ ਨਹੀਂ ਪਿਆ। ਮੇਰੇ ਝੱਲੇ ਦਿਲ ਦੀ ਲੋਚਾ ਏ ਜਾਂ ਉਹੀ ਥੁੜ੍ਹ ਪੂਰੀ ਹੋ ਜਾਵੇ ਜੀਹਨੇ ਹਮੇਸ਼ਾ ਤੈਨੂੰ ਊਣਾ ਰੱਖਿਆ। ਕਿ ਤੂੰ ਫਿਰ ਤੋਂ ਉਹੀ ਕੰਜ ਕੁਆਰੀ ਬਣ ਜਾਵੇਂ, ਜਿਥੇ ਅੱਲੜ ਕੁੜੀਆਂ ਪੂਰੇ ਚੰਨ ਦਾ ਸੁਪਨਾ ਦੇਖਦੀਆਂ। ਜਿਹੜਾ ਤੇਰੇ ਹਿੱਸੇ ਕਦੇ ਨਹੀਂ ਆਇਆ।

8. ਜਜ਼ਬ ਹੋ ਗਈ ਤੇਰੇ ਅੰਦਰ

ਜਜ਼ਬ ਹੋ ਗਈ ਤੇਰੇ ਅੰਦਰ ਡਰ ਨਾ ਕਿਤੇ ਦਿਖਾਈ ਨਹੀਂ ਦੇਵਾਂਗੀ। ਲਿਖਤਾਂ ਵਿਚ ਵੀ ਤੇਰਾ ਜ਼ਿਕਰ ਚੁਪ ਚੁਪੀਤੇ ਹੋ ਜਾਵੇ, ਬਿਨ ਤੇਰੇ ਨਾ ਆਪਣੀ ਕ਼ਲਮ ਨੂੰ ਚੀਜ਼ ਪਰਾਈ ਦੇਵਾਂਗੀ । ਤੇਰੇ ਕੀਤੇ ਯਾਰ ਗੁਨਾਹਾਂ ਨੂੰ ਆਪਣੇ ਸਿਰ ਲੈ ਕੇ ਵੀ ਤੇਰੇ ਖਿਲਾਫ ਭੁੱਲਕੇ ਨਾ ਗਵਾਹੀ ਦੇਵਾਂਗੀ। ਕੌਣ ਦੇਵੇਗਾ ਸਾਥ ਇੰਨ੍ਹਾਂ ਦਾ ਜੇ ਇਹ ਮੈਥੋਂ ਵਿੱਛੜ ਗਏ, ਏਸੇ ਲਈ ਨਾ ਆਪਣੇ ਗ਼ਮ ਨੂੰ ਦਿਲ ਤੋਂ ਜੁਦਾਈ ਦੇਵਾਂਗੀ । ਹੌਕੇ ਹਾਵਾਂ, ਚੀਸਾਂ, ਯਾਦਾਂ ਹਿੱਸਾ ਮੇਰੀ ਦੌਲਤ ਦਾ, ਇਸ ਦੌਲਤ ਚੋਂ ਦੁਨੀਆਂ ਨੂੰ ਨਾ ਇਕ ਵੀ ਪਾਈ ਦੇਵਾਂਗੀ । ਬਦਨਾਮੀ ਕੀਤੀ ਅੰਤਾਂ ਦੀ ਤੇਰੀਆਂ ਝੂਠੀਆਂ ਖਬਰਾਂ ਨੇ, ਆਪਣੀ ਪਾਕ ਮੁਹੱਬਤ ਦੀ ਨਾ ਯਾਰ ਸਫ਼ਾਈ ਦੇਵਾਂਗੀ । ਲਫ਼ਜ਼ਾਂ ਨਾਲ ਇਲਾਜ ਕਰਾਂ ਨਿੱਤ ਤੇਰੇ ਦਿੱਤੇ ਦਰਦਾਂ ਦਾ, ਦਿਲ 'ਤੇ ਲੱਗੇ ਜ਼ਖਮਾਂ ਨੂੰ ਨਾ ਹੋਰ ਦਵਾਈ ਦੇਵਾਂਗੀ।

9. ਪ੍ਰੀਤਮਾ ਜੀਉ

ਤੈਨੂੰ ਕਿਉਂ ਨਹੀਂ ਯਕੀਨ ਆਉਂਦਾ ਆਪਣੇ ਇਕ ਮਿੱਕ ਹੋਣ ਦਾ..... ਆ ਪਰਤ ਚੱਲੀਏ ਫਿਰ ਆਪਣੀ ਐਲਬਮ ਦੇ ਓਸ ਪਿਆਜ਼ੀ ਪੰਨੇ ਤੇ ਜਿਸ ਵਿੱਚ ਮੈਂ ਖਾਮੋਸ਼ ਦੁਲਹਨ ਬਣੀ, ਤੇਰੇ ਜ਼ਿਹਨ ਦੇ ਡੋਲੇ ਚ ਆ ਬੈਠੀ ਸੀ। ਦਿਲ ਦੇ ਵਿਹੜੇ ਵਿਚ ਤੇਰਾ ਦਗਦਾ ਹੁਸਨ ਸਾਬਤ ਸਬੂਤਾ ਧਰ ਲਿਆ ਸੀ। ਤੈਨੂੰ ਯਾਦ ਨਹੀਂ...... ਜਦ ਵੱਟਣਾ ਮਲਿਆ ਸੀ ਚਾਨਣੀ ਨੇ ਮੇਰੇ ਗੋਰੇ ਨਿਛੋਹ ਜਿਸਮ ਤੇ। ਤੇ ਅਸੀਂ ਲਏ ਸੀ ਫੇਰੇ ਸੂਰਜ ਦੇ ਹਵਨ ਕੁੰਡ ਦੁਆਲ਼ੇ ਜਦ ਧਰਤੀ, ਸੂਰਜ ਗਿਰਦੇ ਘੁੰਮ ਰਹੀ ਸੀ ਤੂੰ ਭੁੱਲ ਗਿਆ ਉਹ ਪਲ ਜਦ ਪੱਲਾ ਫੜਿਆ ਸੀ ਅਸੀਂ ਤੇ ਵਿਸ਼ਵਾਸ ਦੇ ਮੰਤਰ ਉਚਾਰੇ ਸੀ। ਸਾਹਾਂ ਤੱਕ ਨਿਭਣ ਵਾਲੇ ਵਾਅਦਿਆਂ ਦੇ ਅੰਬਾਰ ਲਾਏ। ਸਮੱਗਰੀ ਪਾਈ ਸੀ ਕੁੰਡ ਵਿੱਚ ਆਪਣੀ ਨਿੱਤਰੀ ਰੱਤ ਦੀ। ਸਾਰੀ ਬਨਸਪਤੀ ਨੇ ਲਈ ਸੀ ਥਾਂ ਮੰਡਪ ਤੇ ਸਜੇ ਕੇਲਿਆਂ ਦੇ ਪੱਤਿਆਂ ਦੀ। ਚੰਨ ਤਾਰੇ ਬਣੇ ਸੀ ਫਾਨੂਸ ਰੌਸ਼ਨ ਲੜੀਆਂ ਪੰਡਾਲ ਦੀਆਂ। ਸ਼ਿੰਗਾਰ ਕੀਤਾ ਸੀ.... ਮੇਰੇ ਚੁੰਮਣਾਂ ਨੇ ਤੇਰੇ ਮੱਥੇ ਦਾ ਤੇ ਗੁਟਕ ਕੇ ਗਵਾਹੀ ਦਿੱਤੀ ਸੀ ਗਾਨੀ ਵਾਲੇ ਕਬੂਤਰਾਂ ਦੇ ਜੋੜੇ ਨੇ। ਚੁੰਝ ਵਿੱਚ ਚੁੰਝ ਪਾ ਕੇ। ਪਾਈ ਸੀ ਆਪਾਂ ਵਰਮਾਲਾ ਮੋਹਵੰਤੀਆਂ ਬਾਂਹਾਂ ਦੀ। ਫੁੱਲ ਬਰਸਾਏ ਸੀ ਆਪ ਰੱਬ ਨੇ ਸੁੱਚੇ ਤ੍ਰੇਲ ਤੁਪਕਿਆਂ ਦੇ। ਤੇ ਤੂੰ ਮੇਰਾ ਦਗਦਾ ਹੁਸਨ ਪਰਨਾ ਲਿਆਇਆ ਸੈਂ। ਪ੍ਰੀਤਮਾ! ਅਜੇ ਵੀ ਯਕੀਨ ਨਹੀਂ ਆਇਆ ਤੈਨੂੰ ਆਪਣੇ ਇਕ ਹੋਣ ਦਾ..

10. ਸੋਚਾਂ

ਮਾਸੂਮ ਦਿਲੇ ਦੀਆਂ ਝੱਲੀਆਂ ਲੋਚਾਂ। ਫਰਸ਼ ਤੇ ਜੀਵਾਂ ਅਰਸ਼ੀ ਸੋਚਾਂ । ਕੱਠੇ ਕਰ ਲਾਂ ਤਰੇਲ ਦੇ ਤੁਪਕੇ, ਫੁੱਲਾਂ ਦੀ ਖ਼ੁਸ਼ਬੋਈ ਫੜ ਲਾਂ। ਤਾਰੇ ਗੁੰਦਾਂ ਮੀਢੀਆਂ ਦੇ ਵਿੱਚ , ਚੰਨ ਦਾ ਮੱਥੇ ਟਿੱਕਾ ਲਾਵਾਂ। ਤਾਰੀ ਲਾਵਾਂ ਨੀਲ ਗਗਨ ਵਿੱਚ, ਅਰਸ਼ਾਂ ਦੇ ਵਿੱਚ ਪੀਂਘ ਚੜ੍ਹਾਵਾਂ। ਜੀਅ ਕਰਦਾ ਬੁੱਲ੍ਹੇਸ਼ਾਹ ਬਣਕੇ, ਇਸ਼ਕ ਦੀ ਪੈਰੀਂ ਝਾਂਜਰ ਪਾਵਾਂ। ਸੋਦਰ ਗਾਵਾਂ ਯਾਰ ਦੇ ਬੂਹੇ, ਸਦਕੇ ਜਾਵਾਂ ਜੇ ਤਿਸ ਭਾਵਾਂ ਆਪੇ ਦੱਸ ਤੂੰ ਮਹਿਰਮ ਯਾਰਾ, ਕਮਲ਼ੇ ਦਿਲ ਨੂੰ ਕਿੰਝ ਸਮਝਾਵਾਂ!!!

11. ਪੁੱਤ ਫਰਜ਼ਾਂ ਨੂੰ ਭੁੱਲ ਚੱਲੇ ਨੇ

ਪੁੱਤ ਫਰਜ਼ਾਂ ਨੂੰ ਭੁੱਲ ਚੱਲੇ ਨੇ ਮਾਪੇ ਤਾਂ ਹੀ ਰੁਲ਼ ਚੱਲੇ ਨੇ । ਜਗਤ ਦਿਖਾਵਾ ਕਰਨ ਬਥੇਰਾ, ਮਾਪਿਆਂ ਦਾ ਤ੍ਰਿਸਕਾਰ ਕਰਨ। ਗੈਰਾਂ ਨੂੰ ਗਲ਼ ਨਾਲ ਲਗਾਉਂਦੇ, ਮਾਪੇ ਭਾਵੇਂ ਜੀਣ ਮਰਨ। ਰਿਸ਼ਤਿਆਂ ਦੀ ਤੰਦ ਪੀਡੀ ਸੀ ਜੋ, ਟੁੱਟਦੀ ਟੁੱਟਦੀ ਟੁੱਟ ਚੱਲੀ। ਸਾਂਝ ਬਚੀ ਨਾ ਆਂਦਰਾਂ ਵਾਲੀ, ਭੈਣ ਵੀ ਰੋਂਦੀ ਟੁੱਟ ਚੱਲੀ। ਕਲਮੇ ਨੀ! ਅੱਜ ਚੀਕ ਚੀਕ ਕੇ, ਦੱਸ ਜੋ ਦਿਲ ਤੇ ਭਾਰ ਪਿਆ। ਉਮਰਾਂ ਦੇ ਲਈ ਸਾਕ ਨਿਭਾਊਂ , ਵੀਰ! ਉਹ ਲਾਰਾ ਕਿੱਧਰ ਗਿਆ? ਗੈਰਾਂ ਦੇ ਲਈ ਜੱਫੀਆਂ ਨੇ ਪਰ ਮਾਂ ਤੇ ਬਾਪ ਲਈ ਘੂਰੀ ਏ। ਜਾਂ ਤਾਂ ਖੁੱਲ੍ਹ ਕੇ ਦੱਸ ਤੂੰ ਮੈਨੂੰ, ਤੇਰੀ ਕੀ ਮਜਬੂਰੀ ਏ? ਇਹ ਵੇਲਾ ਨਾ ਮੁੜ ਕੇ ਆਉਣਾ, ਸਾਂਭ ਲੈ ਵੀਰਾ ਛਾਵਾਂ ਨੂੰ। ਮਗਰੋਂ ਕੁਝ ਨਹੀਂ ਲੱਭਦਾ ਜੱਗ ਤੇ, ਹੁਣੇ ਸਾਂਭ ਲੈ ਚਾਵਾਂ ਨੂੰ। ਬਾਪੂ ਤੇ ਮਾਂ ਸਾਨੂੰ ਸਭ ਨੂੰ ਜੱਗ ਤੇ ਲੈ ਕੇ ਆਏ ਸੀ। ਯਾਦ ਕਰਾਂ ਰੂਹ ਕੰਬਦੀ, ਉਨ੍ਹਾਂ ਜੋ ਜੋ ਕਸ਼ਟ ਉਠਾਏ ਸੀ। ਹੁਣ ਜੇ ਆਇਆ ਵਕਤ ਬੁਢਾਪਾ, ਇਹ ਉਨ੍ਹਾਂ ਦਾ ਦੋਸ਼ ਨਹੀਂ। ਕਿਉਂ ਕਹਿੰਦੇ ਹਾਂ, ਬਿਰਧ ਬਾਪ ਨੂੰ, ਤੈਨੂੰ ਆਪਣੀ ਹੋਸ਼ ਨਹੀਂ। ਸਭ ਤੇ ਆਉਣਾ ਇਹ ਵੇਲਾ ਵੀ, ਰਹੇ ਨਾ ਬਾਗ ਬਹਾਰ ਸਦਾ। ਖਾਣ ਪੀਣ ਵਾਲੇ ਸਭ ਉੱਡਦੇ ਦੁੱਖ ਵੇਲੇ ਸਭ ਯਾਰ ਸਦਾ। ਇਸ ਵੇਲੇ ਨੂੰ ਸਾਂਭਣ ਵਾਲੇ , ਜੱਗ ਤੇ ਸੋਭਾ ਪਾਉਂਦੇ ਨੇ। ਮਗਰੋਂ ਭਾਵੇਂ ਰੋ ਰੋ ਖਪੀਏ, ਉਹ ਪਲ ਪਰਤ ਨਾ ਆਉਂਦੇ ਨੇ।

12. ਅੱਗ ਦੇ ਭਬੂਕੇ ਅੱਗੇ ਖੜ੍ਹਾ ਸੰਸਾਰ ਹੈ-ਗ਼ਜ਼ਲ

ਅੱਗ ਦੇ ਭਬੂਕੇ ਅੱਗੇ ਖੜ੍ਹਾ ਸੰਸਾਰ ਹੈ। ਜ਼ਿੰਦਗੀ ਤੇ ਮੌਤ ਵਾਲਾ ਫੈਸਲਾ ਤਿਆਰ ਹੈ। ਪਤਾ ਨਾ ਇਹ ਹੋਣੀ ਕੈਸੀ ਧਰਤੀ ਤੇ ਫਿਰਦੀ ਚੁੱਪ ਚੁੱਪ ਲੋਕ ਪਰ ਮੱਚੀ ਹਾਹਾਕਾਰ ਹੈ। ਜਾਂਦਾ ਹੈ ਵਿਛਾਈ ਵੈਰੀ, ਸੱਥਰ ਜ਼ਮੀਨ ਤੇ, ਹੱਥਾਂ ਚ ਬੰਦੂਕ, ਨਾ ਹੀ ਤੀਰ ਤਲਵਾਰ ਹੈ। ਫੁੰਡੀ ਜਾਵੇ ਕੱਚੇ ਪੱਕੇ ਫ਼ਲ ਇਹ ਨਿਸ਼ਾਨਚੀ, ਘਰ ਬੈਠੇ ਜਾਪੇ ਸਾਡੀ ਵਾਰੀ ਵੀ ਤਿਆਰ ਹੈ। ਐਟਮਾਂ ਦਾ ਮਾਣ ਤਾਣ, ਕਿਵੇਂ ਮਿੱਟੀ ਹੋ ਗਿਆ, ਨਵਾਂ ਜੋ ਕਰੋਨਾ ਇਹ ਤਾਂ ਮਾਰੂ ਹਥਿਆਰ ਹੈ। ਡੁੱਬਦਾ ਨਾ ਤਰੇ ਮਨ ਪਿਆ ਡੂੰਘੇ ਸਾਗਰੀਂ, ਭੰਵਰਾਂ ਚ ਬੇੜੀ ਵਾਂਗ ਹੋ ਗਿਆ ਲਾਚਾਰ ਹੈ। ਦੂਰ ਦੂਰ ਬੈਠ ਕੇ ਵੀ ਹੋਇਉ ਦਿਲੋਂ ਦੂਰ ਨਾ, ਕਰੋ ਪਰਵਾਨ ਇਹ ਤਾਂ ਵੇਲੇ ਦੀ ਵੰਗਾਰ ਹੈ। ਹੋਰ ਸਭ ਆਸਰੇ ਤਾਂ ਆਪ ਹੀ ਬੇਆਸਰੇ, ਮਿਹਰ ਕਰੋ! ਰੱਬ ਜੀ ਇਹ ਗੀਤ ਦੀ ਪੁਕਾਰ ਹੈ।

13. ਹਰ ਦਮ

ਹਰ ਪਲ ਹਰ ਦਮ ਨਾਮ ਹੀ ਗਹਿਣਾ ਹਰ ਜੁਗ ਅੰਦਰ ਇਹ ਸੱਚ ਰਹਿਣਾ। ਜੋ ਬਣਿਆ ਹੈ ਇਕ ਦਿਨ ਢਹਿਣਾ। ਇਹ ਮੇਰੇ ਗੁਰੂਦੇਵ ਦਾ ਕਹਿਣਾ। ਇੱਕ ਪਲ ਵੀ ਸੱਚ ਵਿਸਾਰ ਨਾ ਤੂੰ। ਕਰ ਕੂੜ ਦਾ ਵਣਜ ਵਪਾਰ ਨਾ ਤੂੰ। ਕਿਸੇ ਨਾ ਰੋਂਦਿਆਂ ਚੁੱਪ ਕਰਾਉਣਾ। ਜੇ ਮਰਿਆ ਤਾਂ ਲਾਂਬੂ ਲਾਉਣਾ। ਵਗਦੇ ਪਾਣੀ ਵਿੱਚ ਪਰਵਾਹੁਣਾ। ਨਾ ਕਰ ਪਿਆਰੀ ਸੇਜ ਵਿਛਾਉਣਾ। ਕਰ ਦੁਨੀਆਂ ਸੰਗ ਇਕਰਾਰ ਨਾ ਤੂੰ। ਮੁੜ ਆਉਣਾ ਦੂਜੀ ਵਾਰ ਨਾ ਤੂੰ। ਇੱਕ ਪਲ ਵੀ.... ਵੰਡ ਖ਼ੁਸ਼ੀਆਂ ਤੇ ਦਿਨ ਕੱਟ ਕੁੜੇ। ਲੈ ਨਾਮ ਸਾਈਂ ਦਾ ਰੱਟ ਕੁੜੇ। ਵਿੱਛੜਨ ਦੀ ਡਾਢੀ ਸੱਟ ਕੁੜੇ। ਰੂੰ ਉੱਡ ਜੂ , ਪੂਣੀਆਂ ਵੱਟ ਕੁੜੇ। ਜਿੰਦ ਚਰਖ਼ਾ ਕਦੇ ਵਿਸਾਰ ਨਾ ਤੂੰ। ਕਰ ਕੂੜ ਦਾ ਵਣਜ ਵਪਾਰ ਨਾ ਤੂੰ। ਤੇਰੇ ਸਿਰ ਦਾ ਮਾਲਕ ਆਪ ਖ਼ੁਦਾ। ਇੱਕ ਪਲ ਨਾ ਹੋਵੀਂ ਕਦੇ ਜੁਦਾ। ਤੇ ਸ਼ਬਦ ਗੁਰੂ ਮਨ ਫੇਰ ਸਦਾ। ਜੀਵਨ ਦੀ ਇਹ ਹੈ ਅਸਲ ਅਦਾ। ਰੱਬ ਤੇਰੇ ਅੰਦਰ, ਬਾਹਰ ਨਾ ਤੂੰ। ਇੱਕ ਪਲ ਵੀ ਸੱਚ ਵਿਸਾਰ ਨਾ ਤੂੰ।

14. ਇਸ਼ਕ ਤੇਰੇ ਦੀ ਰੋਗਣ ਹੋ ਗਈ-ਗੀਤ

ਇਸ਼ਕ ਤੇਰੇ ਦੀ ਰੋਗਣ ਹੋ ਗਈ, ਤੇਰੇ ਦਰ ਦੀ ਜੋਗਣ ਹੋ ਗਈ। ਰਾਤ ਗਈ ਦਿਨ ਚੜ੍ਹਿਆ ਸੋਹਣਿਆ, ਇਕ ਵਾਰੀ ਅਲਖ ਜਗਾ ਜੋਗੀਆ। ਮੈਨੂੰ ਖ਼ੈਰ ਮੁਹੱਬਤਾਂ ਦੀ ਪਾ ਜੋਗੀਆ। ਭਗਵਾ ਬਾਣਾ ਕੰਨੀਂ ਮੁੰਦਰਾਂ। ਖ਼ੈਰ ਪਾਉਣ ਲਈ ਬੈਠੀ ਸੁੰਦਰਾਂ। ਬੂਹਾ ਟੱਪ ਕੇ ਸਾਡੇ ਵਿਹੜੇ ਕਦੇ ਤਾਂ ਅਲਖ ਜਗਾ ਜੋਗੀਆ। ਕੋਠੇ ਚੜ੍ਹ ਚੜ੍ਹ ਰਾਹਵਾਂ ਤੱਕਦੀ। ਦਿਨ ਤੇ ਰਾਤ ਖੜ੍ਹੀ ਨਾ ਥੱਕਦੀ। ਮਾਰ ਫੂਕ ਤੂੰ ਪਿਆਰ ਦੀ ਐਸੀ ਵੰਝਲੀ ਦੀ ਹੂਕ ਸੁਣਾ ਜੋਗੀਆ। ਸੁੰਨੀ ਸੇਜ ਤੇ ਰੰਗਲੇ ਪਾਵੇ। ਤਨ ਮਨ ਬਿਰਹੋੰ ਵੱਢ ਵੱਢ ਖਾਵੇ। ਮੁੱਕ ਨਾ ਜਾਵੇ ਜਿੰਦ ਕੁਮਲਾ ਕੇ, ਪਿਆਰ ਦਾ ਜਲ ਵਰਤਾ ਜੋਗੀਆ। ਮੈਨੂੰ ਖ਼ੈਰ ਮੁਹੱਬਤਾਂ ਦੀ ਪਾ ਜੋਗੀਆ।

15. ਉਦਾਸ ਨਾ ਹੋ

ਬਹੁਤ ਜ਼ਰੂਰੀ ਹੈ ਇਸ ਵਕਤ ਆਪਣੇ ਮੱਥਿਆਂ ਦੀ ਕਾਰ ਸੇਵਾ। ਬੜੀ ਗਾਰ ਜੰਮ ਗਈ ਹੈ ਇਨ੍ਹਾਂ ਤੇ। ਸਾਨੂੰ ਖੁਦਕੁਸ਼ੀ ਨਹੀਂ ਖ਼ੁਦ ਖ਼ੁਸ਼ੀ ਦਾ ਮਤਲਬ ਜੀਣਾ ਪਏਗਾ। ਖ਼ੁਦ ਨੂੰ ਖੁਸ਼ ਰੱਖਣਾ ਬਹੁਤ ਜ਼ਰੂਰੀ ਹੈ ਉਦਾਸ ਮੌਸਮਾਂ ਵਿੱਚ। ਖ਼ੁਦ ਦੀ ਖੁਸ਼ੀ ਲਈ ਹਮੇਸ਼ਾਂ ਉੱਡਦੇ ਪੰਛੀ ਵੇਖੋ। ਚੜ੍ਹਦੀ ਕਲਾ ਦਾ ਸਿਰਫ਼ ਜੈਕਾਰਾ ਨਹੀਂ ,ਹੁੰਗਾਰਾ ਬਣੋ। ਸਫ਼ਲਤਾ ਸਬਰ ਮੰਗਦੀ ਹੈ। ਖੁਦਕੁਸ਼ੀ ਕਰਨ ਲਈ ਤਾਂ ਬਹੁਤਾ ਕੁਝ ਕਰਨ ਦੀ ਲੋੜ ਨਹੀਂ, ਅਸੰਤੁਸ਼ਟੀ ਤੇ ਕਾਇਰਤਾ ਹੀ ਬਹੁਤ ਹੈ ਏਸ ਕਦਮ ਲਈ। ਜਿੰਦਗੀ ਨੂੰ ਜਿਊਣ ਲਈ ਬਹਾਦਰੀ ,ਜ਼ਿੰਦਾਦਿਲੀ ਤੇ ਰੂਹ ਚ ਪੂਰਾ ਬਲ ਚਾਹੀਦਾ। ਪਰ ਪਹਿਲਾਂ ਆਪ ਤਾਂ ਇਹ ਸਬਕ ਸਿੱਖੀਏ ਔਲਾਦ ਚ ਆਪੇ ਪਹੁੰਚ ਜਾਵੇਗਾ। ਆਲੇ-ਦੁਆਲੇ ਸੋਚ ਸੁਗੰਧੀ ਫੈਲਾਉ। ਖ਼ੁਦਕੁਸ਼ੀ ਕਰਨ ਵਾਲਾ ਇਕ ਵਾਰ ਮਰਦਾ ਪਰ ਪਿਛੇ ਰਹਿ ਗਏ ਹਰ ਪਲ ਤਿਲ ਤਿਲ ਮਰਦੇ। ਮਾਂ-ਬਾਪ ਪੌਦੇ ਨੂੰ ਰੁੱਖ ਬਣਨ ਤੱਕ ਆਪਣੇ ਖ਼ੂਨ ਨਾਲ ਸਿੰਜਦੇ ਨੇ। ਪਰ ਜੀਵਨ ਲੀਲ੍ਹਾ ਖਤਮ ਕਰਨ ਲੱਗਿਆਂ ਤੁਸੀਂ ਇਕ ਪਲ ਵੀ ਨਹੀਂ ਸੋਚਦੇ। ਤੁਹਾਡੇ ਜੀਵਨ ਤੇ ਉਨ੍ਹਾਂ ਦਾ ਵੀ ਹੱਕ ਹੈ। ਜਦ ਮੌਤ ਆਈ ਉਦੋਂ ਤਾਂ ਮਰ ਈ ਜਾਣਾ ਜਿਉਂਦੇ ਜੀ ਤਾਂ ਰੱਜ ਕੇ ਜੀਵੋ। ਸ਼ਾਇਰ ਮੋਹਨ ਸਿੰਘ ਦਾ ਧਿਆਨ ਧਰੋ ਜੀਵਨ ਸੀ ਇਕੋ ਪਹਿਲੀ ਹੀ ਵਾਰੀ ਚ ਹਾਰਿਆ, ਹਾਏ!ਜੇ ਹੋਰ ਹੋਂਵਦੇ ਰੱਜ ਕੇ ਤਾਂ ਹਾਰਦਾ। ਨਿਰਾਸ਼ਾ ਦੀ ਖਾਈ ਚ ਵੜਨਾ ਸੌਖਾ, ਨਿਕਲਣਾ ਔਖਾ ਹੈ ਜਨਾਬ! ਆਪਣੇ ਦੁਆਲੇ ਖਿੜੇ ਮਹਿਕਦੇ ਫੁੱਲਾਂ ਜਿਹਾ ਘੇਰਾ ਮਜਬੂਤ ਰੱਖੋ ਨਿਰਾਸ਼ਾ ਨੂੰ ਅੰਦਰ ਆਉਣ ਦੀ ਸਖ਼ਤ ਮਨਾਹੀ ਕਰੋ। ਕੋਈ ਝੀਥ ਵੀ ਨਾ ਲੱਭੇ ਮਨ ਦੇ ਦੁਆਰ। ਦੂਜਾ ਕਦੇ ਨਹੀਂ ਹਰਾ ਸਕਦਾ ਤੁਹਾਨੂੰ ਜਿੰਨਾ ਚਿਰ ਤੁਸੀਂ ਆਪ ਨਹੀਂ ਹਾਰਦੇ। ਮਨ ਜਿੱਤਿਆਂ ਜਿੱਤ ਹੈ ਤੇ ਮਨ ਹਾਰਿਆਂ ਹਾਰ, ਹਾ ਹਾ ਕਾਰ। ਜਿੰਦ ਤੁਰਦੀ ਹੀ ਚੰਗੀ ਲੱਗਦੀ ਐ। ਜਿਵੇਂ ਨਦੀ ਵਗਦੀ ਹੋਈ, ਹਵਾ ਰੁਮਕਦੀ ਸਹਿਜ ਸੁਭਾਅ। ਝੀਲ ਕੰਢਿਆਂ ਤੀਕ ਭਰੀ ਹੋਈ। ਰੂਹ ਮੁਹੱਬਤ ਚ ਭਿੱਜੀ ਸਰਸ਼ਾਰ ਹੋਈ। ਸੋਹਣੀ ਤੋਰ ਤੁਰਦੀ ਹੋਈ, ਮਿੱਠੇ ਗੀਤ ਦੀ ਰਸੀਲੀ ਤਰਜ਼ ਜਹੀ। ਮਾਹੀ ਦੀ ਬੁੱਕਲ ਚ ਸਾਂਝੇ ਭੇਤ ਜਹੀ। ਅੰਬਰੋਂ ਝਾਤੀਆਂ ਮਾਰਦੇ ਚੰਨ ਤਾਰਿਆਂ ਦੇ ਹੁੰਗਾਰੇ ਜਹੀ। ਧਰਤ ਤੇ ਚੌਧਵੀਂ ਦੇ ਚੰਨ ਦੀਆਂ ਰੇਸ਼ਮੀ ਕਿਰਨਾਂ ਦੇ ਮਖ਼ਮਲੀ ਬਿਸਤਰ ਜਹੀ। ਉਦਾਸ ਨਾ ਹੋ!

16. ਸਭ ਤੋਂ ਔਖਾ ਆਪਣੇ ਅੰਦਰ ਵੜਨਾ ਸੀ-ਗ਼ਜ਼ਲ

ਸਭ ਤੋਂ ਔਖਾ ਆਪਣੇ ਅੰਦਰ ਵੜਨਾ ਸੀ। ਦੂਜਾ ਕੰਮ ਫਿਰ ਅੰਦਰ ਦੀਵਾ ਧਰਨਾ ਸੀ। ਜਿੱਤਣ ਦਾ ਜਜ਼ਬਾ ਨਾ ਹੁੰਦਾ ਅੰਦਰ ਜੇ, ਨਾਲ ਮੁਕੱਦਰਾਂ ਦੱਸੋ ਕਿਸ ਨੇ ਲੜਨਾ ਸੀ। ਸੱਪ ਜ਼ਹਿਰੀਲਾ ਡੰਗ ਵੀ ਜੇਕਰ ਨਾ ਮਾਰੇ, ਕੀਹਨੇ ਫਿਰ ਫੁੰਕਾਰੇ ਕੋਲੋਂ ਡਰਨਾ ਸੀ। ਸ਼ੁਕਰ ਮੌਤ ਨਾ ਦੇਖੇ ਧਨ ਤੇ ਦੌਲਤ ਨੂੰ, ਨਹੀਂ ਤਾਂ ਦੱਸ ਅਮੀਰਾਂ ਨੇ ਕਦ ਮਰਨਾ ਸੀ। ਨਾਲ ਮੁਹੱਬਤ ਬੰਦਾ ਕੁਝ ਵੀ ਕਰ ਸਕਦਾ, ਨਹੀਂ ਤਾਂ ਕੱਚਿਆਂ ਘੜਿਆਂ ਤੇ ਕਿਸ ਤਰਨਾ ਸੀ। ਕਮੀਆਂ ਲੱਖਾਂ ਹੋਣਗੀਆਂ ਪਰ ਸਾਡੇ ਵਿੱਚ, ਗੁਣ ਦੇ ਬਾਝੋਂ ਨਾਲ ਮੇਰੇ ਕਿਸ ਖੜ੍ਹਨਾ ਸੀ। ਜੇ ਨਵਗੀਤ ਵੀ ਪੱਥਰ ਹੁੰਦੀ ਅਣਘੜਿਆ, ਤੂੰ ਵੀ ਕਿੱਥੇ ਦਿਲ ਮੁੰਦਰੀ ਵਿੱਚ ਜੜਨਾ ਸੀ।

17. ਵਕਤ ਬੜਾ ਬਲਵਾਨ

ਰਾਜਾ ਬਦਲ ਦਿੰਦਾ ਹੈ ਵਜ਼ੀਰ ਬਦਲ ਦਿੰਦਾ ਹੈ। ਵਕਤ ਹੈ ਬਲਵਾਨ ਜੀ ਤਕ਼ਦੀਰ ਬਦਲ ਦਿੰਦਾ ਹੈ। ਖ਼ੁਦਾ ਵੀ ਕਿੰਨੇ ਰੰਗ ਦੇ ਹੋ ਗਏ ਨੇ ਮੇਰੇ ਮੁਲਕ ਵਿੱਚ, ਆਦਮੀ ਪਲ ਵਿੱਚ ਹੀ ਹੁਣ ਪੀਰ ਬਦਲ ਦਿੰਦਾ ਹੈ। ਦੇਣ ਤਾਂ ਵਿਗਿਆਨ ਦੀ ਮੋੜਨ ਦੇ ਜੋਗੇ ਹਾਂ ਨਹੀਂ, ਦਿਲ,ਜਿਗਰ ਛੋਟਾ ਜਿਹਾ ਇੱਕ ਚੀਰ ਬਦਲ ਦਿੰਦਾ ਹੈ। ਇਸ ਦੌਰ ਦਾ ਹੁਣ ਇਸ਼ਕ ਵੀ ਬਾਜ਼ਾਰ ਦਾ ਗੁਲਾਮ, ਰਾਂਝਾ ਮੁਨਾਫ਼ੇ ਵਾਸਤੇ ਹੁਣ ਹੀਰ ਬਦਲ ਦਿੰਦਾ ਹੈ। ਖੁਸ਼ੀ,ਗਮੀ ਦਾ ਆਪਣਾ ਹੀ ਵਹਿਣ ਬਾ ਕਮਾਲ, ਅਹਿਸਾਸ ਅੱਖ ‘ਚੋਂ ਵਹਿਣ ਵਾਲਾ ਨੀਰ ਬਦਲ ਦਿੰਦਾ ਹੈ। ਕਰਦਾ ਉਡੀਕ ਨਾ ਕੋਈ, ਭੱਜਣ ਦੀ ਕਾਹਲ ਵਿੱਚ, ਗਰਜ਼ਾਂ ਨੂੰ ਪੂਰਨ ਵਾਸਤੇ ਜ਼ਮੀਰ ਬਦਲ ਦਿੰਦਾ ਹੈ। ਮਾਂ ਦਾ ਹੀ ਦਿਲ ਜੋ ਬਦਲੇ ਨਾ ਮੌਸਮ ਦੇ ਵਾਂਗਰਾਂ, ਸਰਮਾਇਆ ਭੈਣਾਂ ਬਦਲਦਾ ਤੇ ਵੀਰ ਬਦਲ ਦਿੰਦਾ ਹੈ। ਦੀਵਾਰ ਤੇ ਫਰੇਮ ਵਿੱਚ ਮੈਂ ਲਟਕਦੀ ਹਮੇਸ਼, ਕੋਈ ਫ਼ਰਕ ਨਾ ਜੇ ਕੋਈ ਤਸਵੀਰ ਬਦਲ ਦਿੰਦਾ ਹੈ।

18. ਚੰਦਰਮਾ ਤੇ ਜਾਣ ਦੀਆਂ

ਚੰਦਰਮਾ ਤੇ ਜਾਣ ਦੀਆਂ ਜੋ ਗੱਲਾਂ ਕਰਦੇ ਨੇ। ਇਸ ਧਰਤੀ ਤੇ ਦੇਖੋ ਕਿੱਦਾਂ ਲੜ ਲੜ ਮਰਦੇ ਨੇ। ਐਨੇ ਵੈਰ ਪਾਲ਼ ਕੇ ਕਿੱਦਾਂ ਅੱਗੇ ਜਾਵਾਂਗੇ, ਦੁਨੀਆ ਮੁੱਕਦੀ ਜਾਂਦੀ, ਵਧਦੇ ਰੌਲੇ ਜ਼ਾਤਾਂ ਦੇ। ਹਿੰਦੂ ਮਾੜਾ ਆਖੇ ਕੋਈ, ਕੋਈ ਨਿੰਦੇ ਮੁਸਲਮਾਨ। ਲੱਗਦਾ ਮਰਿਆ ਸਾਡੇ ਅੰਦਰੋਂ, ਰੱਬ ਘੜਿਆ ਇਨਸਾਨ। ਏਸ ਹਾਲ ਰਿਹਾ, ਨਾ ਮੁੱਕਣੇ ਪੈੰਡੇ ਲੰਮੀਆਂ ਵਾਟਾਂ ਦੇ। ਇਹ ਦੁਨੀਆਂ ਨਾ ਦਿਲ ਦੇ ਅੰਦਰ ਕਰਦੀ ਲੇਖੇ ਘਾਟਾਂ ਦੇ। ਅੱਲ੍ਹਾ ਅਤੇ ਰਾਮ ਦੇਖ ਲਓ ਫੇਰ ਜਨਾਬ ਲੜਾ ਦਿੱਤੇ। ਕਿਵੇਂ ਸਿਆਸਤਦਾਨਾਂ ਲੋਕੀਂ ਭੱਠੀ ਦੇ ਵਿੱਚ ਪਾ ਦਿੱਤੇ। ਕਾਲ਼ੇ ਚੋਰਾਂ ਉਠਾ ਗਏ ਫਾਇਦਾ ਗੂੜ੍ਹ ਕਾਲੀਆਂ ਰਾਤਾਂ ਦੇ। ਨਾ ਹੀ ਸਾਂਝੇ ਰਹਿ ਗਏ ਵਿਹੜੇ ਨਾ ਰਹੇ ਸਾਂਝੇ ਚੁੱਲ੍ਹੇ ਜੀ ਤੰਗ ਦਿਲਾਂ ਦੇ ਮਾਲਕ ਹੁਣ ਨਾ ਰੱਖਦੇ ਬੂਹੇ ਖੁੱਲ੍ਹੇ ਜੀ। ਦੋ ਵੇਲੇ ਦੀ ਰੋਟੀ ਦਾਤਾ ਸਭ ਨੂੰ ਫੇਰ ਨਸੀਬ ਹੋਵੇ। ਮਿਹਰ ਕਰੀਂ ਸਭ ਦੇ ਸਿਰ ਸਾਈਂਆਂ, ਭਾਵੇਂ ਅਮੀਰ ਗਰੀਬ ਹੋਵੇ। ਨਹੀ ਤਾਂ ਤੇਰੇ ਤੱਕ ਪਹੁੰਚਣਗੇ, ਲਾਂਬੂ ਉੱਠੀਆਂ ਲਾਟਾਂ ਦੇ। ਫੇਰ ਕਿਵੇਂ ਅੱਜ ਲਿਖਣੇ ਪੈ ਗਏ, ਕਿੱਸੇ ਦੁੱਖ ਦੀਆਂ ਬਾਤਾਂ ਦੇ।

19. ਉਹ ਕੁੜੀ

ਕਵਿਤਾ ਵਰਗੀ ਐ ਉਹ ਕੁੜੀ ਮਹਿਕਾਂ ਵਰਗੇ ਬੋਲਾਂ ਨੂੰ ਮਾਨਣਾ ਚਾਹੁੰਦੀ ਐ ਕਦੇ-ਕਦੇ ਉਦਾਸ ਹੋ ਕੇ ਮੁਰਝਾ ਜਾਂਦੀ ਐ ਜਿਵੇਂ ਕਿਸੇ ਨੇ ਫੁੱਲ ਨੂੰ ਮੁੱਠੀ ਚ ਘੁੱਟ ਦਿੱਤਾ ਹੋਵੇ ਕਿਸੇ ਰੂਹਾਨੀ ਤੁਕ ਵਰਗੀ ਐ ਸਰਬੱਤ ਦਾ ਭਲਾ ਮੰਗਦੀ ਐ ਦਰਦ ਪਰਾਇਆ ਦੇਖ ਹੰਝੂ ਵੀ ਵਹਾਉਂਦੀ ਐ ਤ੍ਰਿਪ ਤ੍ਰਿਪ ਕਿਸੇ ਪਿਆਰੇ ਦੀਆਂ ਅੱਖਾਂ ਚ ਅਪਣੱਤ ਦੀ ਆਇਤ ਪੜ੍ਹ ਸਿਜਦੇ ਵਿਚ ਝੁਕ ਜਾਂਦੀ ਐ। ਮੋਮ ਜਹੀ। ਜਦੋਂ ਕੋਈ ਰਿਸ਼ਮਾਂ ਦੀ ਕਲਮ ਨਾਲ ਉਹਦੇ ਅੱਖਰਾਂ ਨੂੰ ਸੁਨਹਿਰੀ ਕਰ ਸੋਹਣੇ ਸਫ਼ੇ ਤੇ ਢਾਲ਼ਦਾ ਹੈ ਤਾਂ ਪਿਘਲ ਜਾਂਦੀ ਹੈ ਸਿਰ ਤੇਂ ਪੈਰਾਂ ਤੀਕ ਮਹਿਕ ਉੱਠਦੀ ਹੈ ਸਾਲਮ ਸਬੂਤੀ ਮਹੀਨ ਜਿਹਾ ਤਲਿੱਸਮ ਉਹਦੀ ਆਤਮਾ ਤੇ ਭਾਰੂ ਹੋ ਜਾਂਦਾ ਹੈ। ਸੂਹੇ ਸੁਫਨਿਆਂ ਦੀ ਵਾਦੀ ਚ ਕੇਸਰੀ ਫੁੱਲ ਖਿੜ ਜਾਂਦੇ ਨੇ ਮਨ ਦੀ ਮਿੱਟੀ ‘ਚ ਤੁਪਕਾ ਤੁਪਕਾ ਅੰਦਰ ਟਪਕਦੇ ਖੂਬਸੂਰਤ ਅਹਿਸਾਸ ਪੁੰਗਰਨ ਲੱਗਦੇ ਨੇ ਸੈਂਕੜੇ ਹਰੇ ਕਚੂਰ ਪੱਤੇ ਲਗਰਾਂ ਟਾਹਣੀਆਂ ਬਣਦੀਆਂ। ਦਿਲ ਕਰੇ ਕੋਈ ਪੀਂਘ ਪਾਵੇ ਸਤਰੰਗੀ। ਅਲਫਾਜ਼ ਗੁੰਗੇ ਹੋ ਜਾਂਦੇ ਨੇ ਸਾਹਾਂ ਚ ਚੰਬੇਲੀ ਮਹਿਕਦੀ ਤੇਜ਼ ਧੜਕਣ ਸੰਗ ਵਜੂਦ ਅੰਦਰ ਧੜਕਦੇ ਨੇ ਬਹੁਤ ਸਾਰੇ ਖ਼ਿਆਲੀ ਜੁਗਨੂੰ। ਓਸ ਪਿਆਰੇ ਲਈ। ਪਰ ਕੁਝ ਅਹਿਸਾਸ!! ਲਫਜ਼ਾਂ ਦਾ ਸਫਰ ਤੈਅ ਕਰਨ ਤੋਂ ਬਾਅਦ ਵੀ ਅਧੂਰੇ ਹੀ ਰਹਿੰਦੇ ਨੇ ਲੱਗਦਾ ਹੈ ਮੁਹੱਬਤ ਕਿਸੇ ਹੋਰ ਜਹਾਨ ਦੀ ਸ਼ੈਅ ਹੈ ਝੱਲੀ, ਜਾਣਦੀ ਨਹੀਂ। ਉਹਦਾ ਮੁਰਝਾਉਣ!! ਉਹਦਾ ਮਹਿਕਣਾ!! ਰੂਹ ਦਾ ਨਸ਼ਿਆਉਣਾ!! ਤੇ ਧੁਰ ਅੰਦਰ ਤੱਕ ਉਤਰ ਜਾਣਾ!! ਇਹ ਮੁਹੱਬਤ ਹੀ ਤਾਂ ਹੈ!! ਸੱਚਮੁੱਚ!! ਮੁਹੱਬਤ ਹੀ ਤਾਂ ਹੈ!

20. ਤੇਰੇ ਨਾਲ ਪੇਕੇ ਮਾਏ

ਤੇਰੇ ਨਾਲ ਪੇਕੇ ਮਾਏ, ਤੇਰੇ ਨਾਲ ਸਤਿਕਾਰ ਸੀ ਤੇਰੇ ਨਾਲ ਹਾਸਿਆਂ ਦੀ ਵਿਹੜੇ ਗੁਲਜ਼ਾਰ ਸੀ ਜੋ ਕੱਠੇ ਬਹਿ ਕੇ ਕੀਤੀਆਂ ਸਲਾਹਾਂ ਯਾਦ ਆਉਣੀਆਂ ਤੇਰੇ ਪਿਛੋਂ ਪਿੰਡ ਦੀਆਂ ਮੈਂ ਰਾਹਵਾਂ ਭੁੱਲ ਜਾਣੀਆਂ ਮੈਨੂੰ ਵੀ ਤੂੰ ਵੀਰਾਂ ਵਾਂਗ ਲਾਡ ਬੜੇ ਕੀਤੇ ਸੀ ਮਿਸ਼ਰੀ ਤੂੰ ਘੋਟ ਘੋਟ ਦੁੱਧ ਮੈਨੂੰ ਦਿੱਤੇ ਸੀ ਤੇਰੇ ਵਿਹੜੇ ਦੀਆਂ ਮੱਝੀਆਂ ਤੇ ਗਾਵਾਂ ਚੇਤੇ ਆਉਣੀਆਂ ਮਾਏ ਤੇਰੇ ਪਿਛੋਂ ਮੈਨੂੰ ਪਿੰਡ ਦੀਆਂ ਰਾਹਵਾਂ ਭੁੱਲ ਜਾਣੀਆਂ ਜਿਹਨਾਂ ਵੀਰਾਂ ਨਾਲ ਬਚਪਨ ਖੇਡ ਖੇਡ ਲੰਘਿਆ ਅੱਜ ਉਹ ਬੁਲਾਏ ਬਿਨਾਂ ਕੋਲ਼ੋ ਮੇਰੇ ਲੰਘਿਆ ਤੇਰੇ ਘਰ ਦੀਆਂ ਹੱਕਦਾਰ ਹੋ ਗਈਆਂ ਭਾਬੋ ਰਾਣੀਆਂ ਮਾਏ ਤੇਰੇ ਪਿਛੋਂ ਮੈਨੂੰ ਪਿੰਡ ਦੀਆਂ ਰਾਹਵਾਂ ਭੁੱਲ ਜਾਣੀਆਂ ਮੈਂ ਤਾਂ ਬਾਬਲੇ ਦੇ ਵਿਹੜੇ ਦੀਆਂ ਖੈਰਾਂ ਸਦਾ ਮੰਗੀਆਂ ਮੈਂ ਪੱਲੇ ਨਾਲ ਬੰਨੀਆਂ ਨੇ ਗੱਲਾਂ ਤੇਰੀਆਂ ਚੰਗੀਆਂ ਮੈਂ ਤਾਂ ਇਹ ਸੱਚ ਦੀਆਂ ਲਿਖੀਆਂ ਕਹਾਣੀਆਂ ਮਾਏ ਤੇਰੇ ਪਿਛੋਂ ਮੈ ਪਿੰਡ ਦੀਆਂ ਰਾਹਵਾਂ ਭੁੱਲ ਜਾਣੀਆਂ ਤੇਰੇ ਨਾਲ ਕੀਤੀਆਂ ਸਲਾਹਾਂ ਚੇਤੇ ਆਉਣੀਆਂ ਤੇਰੇ ਵਿਹੜੇ ਦੀਆਂ ਮੱਝਾਂ ਤੇ ਗਾਵਾਂ ਚੇਤੇ ਆਉਣੀਆਂ ਤੇਰੇ ਪਿਛੋਂ ਪਿੰਡ ਦੀਆਂ ਮੈਂ ਰਾਹਵਾਂ ਭੁੱਲ ਜਾਣੀਆਂ

21. ਦਾਰੂ

ਦਰਦ ਦਾ ਦਾਰੂ ਦਾਰੂ ਤਾਂ ਨਹੀਂ, ਇਹ ਤਾਂ ਖ਼ੁਦ ਮੁਹਤਾਜ। ਦਾਰੂ ਵੀ ਬੋਤਲ ਦਾ ਕੈਦੀ ਕੋਈ ਨਾ ਸੁਣੇ ਆਵਾਜ਼। ਜੀਵਨ ਦੇ ਸਾਹਾਂ ਦੀਆਂ ਲੜੀਆਂ ਨਿਰਭਰ ਚਾਬੀ ਤੇ ਜਿਉਂ ਘੜੀਆਂ ਦੱਸ ਭਲਾ ਆਕਾਸ਼ ਚ ਹੋਵੇ, ਬਿਨ ਖੰਭਾਂ ਪਰਵਾਜ਼। ਜ਼ੱਰਾ ਨੂਰ ਵੀ ਹੋ ਸਕਦਾ ਹੈ। ਹੀਰਾ ਪਾਰਖੂਆਂ ਤੇ ਨਿਰਭਰ, ਕਿਰਨਾਂ ਜੀਕੂੰ ਸੂਰਜ ਰੰਗੀਆਂ ਜ਼ਿੰਦਗੀ ਦਾ ਆਗਾਜ਼। ਝੂਠਾ ਸੱਜਣਾ ਲਾਰਾ ਤੇਰਾ। ਸਾਰੀ ਉਮਰ ਗਵਾਚ ਨਾ ਜਾਵੇ, ਬਿੜਕਾਂ ਲੈਂਦੇ ਨੇ ਕੰਨ ਮੇਰੇ, ਆਏ ਨਾ ਕਿਤੋਂ ਆਵਾਜ਼।

22. ਬੁੱਲ੍ਹਾਂ ਤੇ ਮੁਸਕਾਨ ਹੈ ਅੱਖਾਂ ਚ ਅੱਥਰੂ ਬਥੇਰੇ-ਗ਼ਜ਼ਲ

ਬੁੱਲ੍ਹਾਂ ਤੇ ਮੁਸਕਾਨ ਹੈ ਅੱਖਾਂ ਚ ਅੱਥਰੂ ਬਥੇਰੇ। ਇਹ ਕੀਹਦੀ ਯਾਦ ਆਈ ਅੱਜ ਸਵੇਰੇ ਸਵੇਰੇ। ਸਿਆਹ ਕੇਸਾਂ ਦੀਆਂ ਘਟਾਵਾਂ ਨੂੰ ਜਦ ਪੌਣਾਂ ਨੇ ਚੁੰਮਿਆ, ਮਹਿਸੂਸ ਹੋਇਆ ਤੂੰ ਪੋਟੇ ਛੁਹਾਏ ਜ਼ੁਲਫ਼ਾਂ ਨਾਲ ਮੇਰੇ। ਯਾਦਾਂ ਦੇ ਦੀਵੇ ਹਰ ਪਲ ਹੀ ਮੈਂ ਰੌਸ਼ਨ ਰੱਖਾਂ, ਫੇਰ ਵੀ ਦੂਰ ਹੋਏ ਨਾ ਮੇਰੇ ਦਿਲ ਦੇ ਹਨ੍ਹੇਰੇ। ਦਿਲ ਦੀ ਰੱਤ ਪਾਣੀ ਬਣ ਕੇ ਡੁੱਲ੍ਹੀ ਹੈ ਧਰਤ ਤੇ, ਗ਼ਮਾਂ ਦੀ ਪਹੁੰਚ ਹੋ ਗਈ ਹੈ ਰੂਹ ਤੱਕ ਮੇਰੇ। ਜ਼ਖ਼ਮਾਂ ਤੇ ਆਖ਼ਰ ਅੰਗੂਰ ਆ ਹੀ ਜਾਂਦਾ ਹੈ, ਪਰ ਤਦ ਤੱਕ ਫੱਟ ਮਿਲ ਜਾਂਦੇ ਨੇ ਤੈਥੋਂ ਹੋਰ ਤਿਖੇਰੇ। ਖ਼ਿਆਲ ਬਣ ਕੇ ਜ਼ਿਹਨ ਚ ਖਿਲਰ ਜਾਵਾਂ ਮੈਂ ਕਦੇ, ਹਰਫ਼ ਬਣਕੇ ਨਜ਼ਮਾਂ ਵਿੱਚ ਜੀਰ ਜਾਵਾਂਗੀ ਤੇਰੇ। ਕਿੰਨੀਆਂ ਕੁ ਝੀਥਾਂ ਤੂੰ ਬੰਦ ਕਰੇਂਗਾ ਦਿਲ ਦੀਆਂ , ਹਵਾ ਬਣ ਕੇ ਲੰਘ ਹੀ ਆਵਾਂਗੀ ਦਿਲ ਚ ਤੇਰੇ। ਫਜ਼ਰ ਦੀ ਨਮਾਜ਼ ਵੇਲੇ ਤੂੰ ਛੋਹਿਆ ਇਲਾਹੀ ਰਾਗ , ਤੇਰੇ ਸਾਹਾਂ ਦੀ ਮਹਿਕ ਫਿਰਦੀ ਮੇਰੇ ਦਿਲ ਦੇ ਚੁਫ਼ੇਰੇ।

23. ਮੇਰੇ ਮਹਿਬੂਬ ਨੇ ਕੁਝ ਇਸ ਤਰ੍ਹਾਂ ਐਸੀ ਵਫ਼ਾ ਕੀਤੀ-ਗ਼ਜ਼ਲ

ਮੇਰੇ ਮਹਿਬੂਬ ਨੇ ਕੁਝ ਇਸ ਤਰ੍ਹਾਂ ਐਸੀ ਵਫ਼ਾ ਕੀਤੀ। ਤਮੰਨਾ ਮਰਨ ਦੀ ਥਾਂ ਜੀਣ ਦੀ ਉਨ੍ਹਾਂ ਦੁਆ ਦਿੱਤੀ। ਮਰਨ ਤੋਂ ਬਾਦ ਵੀ ਨੈਣਾਂ ਦੇ ਬੂਹੇ ਮੈਂ ਨਹੀਂ ਭੇੜੇ, ਉਨ੍ਹਾਂ ਨੇ ਫੇਰੀਆਂ ਅੱਖਾਂ, ਕਿਸੇ ਲੂਤੀ ਲਗਾ ਦਿੱਤੀ। ਜਿਨ੍ਹਾਂ ਦੇ ਆਸਰੇ ਮੈਂ, ਕੱਖ ਚੁਣਕੇ ਆਲ੍ਹਣਾ ਬੁਣਿਆ, ਜਦੋਂ ਅਗਨੀ ਧੁਖੀ, ਤਾਂ ਉਹਨਾਂ ਪੱਤਿਆਂ ਹੀ ਹਵਾ ਦਿੱਤੀ। ਮੇਰੇ ਸੁੱਕੇ ਪਿਆਸੇ ਹੋਂਠ ਤੱਕਦੇ ਰੀਝਿਆ ਸਾਕੀ , ਖ਼ੁਮਾਰੀ ਅੱਜ ਵੀ ਕਾਇਮ ਜੋ ਉਸ ਨੈਣੋਂ ਪਿਲਾ ਦਿੱਤੀ। ਭਲਾ ਕੀ ਮੂੰਹ ਵਿਖਾਵੇਂਗਾ ਦਿਲੇ ਦਰਬਾਰ ਦੇ ਅੰਦਰ, ਉਮਰ ਤਾਂ ਬੇਵਜ੍ਹਾ ਹੀ ਫ਼ਾਸਲੇ ਪਾਉਂਦੇ ਗੁਆ ਦਿੱਤੀ

24. ਚੰਨ ਤਾਰੇ ਕਹਿਕਸ਼ਾਂ ਤੋਂ ਬਾਤ ਪੁੱਛ-ਗ਼ਜ਼ਲ

ਚੰਨ ਤਾਰੇ ਕਹਿਕਸ਼ਾਂ ਤੋਂ ਬਾਤ ਪੁੱਛ। ਕਿੰਜ ਬੀਤੀ ਹੌਕਿਆਂ ਵਿੱਚ ਰਾਤ ਪੁੱਛ। ਕਥਾ ਕਰਦੇ ਸੁਣਦਿਆਂ ਦੀਵੇ ਦੀ ਲਾਟ, ਕਿੰਜ ਬੀਤੀ ਤੇ ਬਚੀ ,ਹਾਲਾਤ ਪੁੱਛ। ਵਣਜ ਕਰਨਾ ਸੀ ਸੁਗੰਧਾਂ,ਮਹਿਕ ਦਾ, ਹੋਇਆ ਕਿੰਜ ਵਿਸ਼ਵਾਸ ਦਾ ਤੂੰ ਘਾਤ ਪੁੱਛ। ਮਹਿਕ ਹੈ ਮੇਰੇ ਜੇ ਅੰਦਰ ਬਾਹਰ ਫੇਰ, ਖਿੜ ਗਈ ਹੈ ਕਿਸ ਤਰ੍ਹਾਂ ਪਰਭਾਤ ਪੁੱਛ । ਉਂਝ ਤਾਂ ਮੈਂ ਬੁੱਤ ਸ਼ਿਕਨ ਹਾਂ ਅਜ਼ਲ ਤੋਂ, ਸ਼ਬਦ ਹਾਂ ਮੈਂ, ਨਾ ਤੂੰ ਮੇਰੀ ਜ਼ਾਤ ਪੁੱਛ। ਬਣ ਕੇ ਧੁਨ ਅੰਦਰ ਕਿਤੇ, ਹੈ ਲਰਜ਼ਦਾ, ਵਾਹਿਗੁਰੂ ਦੀ ਸ਼ਕਲ ਨਾ ਤੂੰ ਝਾਤ ਪੁੱਛ। ਠੋਕਰਾਂ ਮੈਨੂੰ ਬਣਾਇਆ ਗ਼ਜ਼ਲ,ਗੀਤ , ਸ਼ਬਦ ਆਪੇ ਕਹਿਣਗੇ,ਹਾਲਾਤ ਪੁੱਛ।

25. ਬੇਕਦਰੀ

ਹੁਸਨ ਗਰੀਬਾਂ ਤੇ ਪੋਹ ਦੀ ਚਾਨਣੀ ਕੀਹਨੇ ਕਦਰਾਂ ਪਾਈਆਂ। ਉਮਰ ਨਿਆਣੀ ਭੱਠ ਘਰ ਝੋਕਣ ਬੁੱਲ੍ਹੀਂ ਸਿੱਕੜੀਆਂ ਆਈਆਂ। ਪੀੜ ਧੀਆਂ ਦੀ ਉਹੀ ਜਾਨਣ ਜਿਨ੍ਹਾਂ ਧੀਆਂ ਜਾਈਆਂ। ਰੱਬ ਦੇ ਨਾਂ ਨੂੰ ਵੇਚ ਕੇ ਖਾਧਾ, ਮੁੱਲਾਂ ਪੰਡਤਾਂ ਭਾਈਆਂ। ਕਾਮੇ ਖਾਵਣ ਸੁੱਕੇ ਟੁੱਕਰ, ਲੋਟੂ ਖਾਣ ਖਤਾਈਆਂ। ਸ਼ਾਲਾ!! ਮਿਲੇ ਨਾ ਦੋਜ਼ਖ਼ ਢੋਈ ਜਿੰਨ੍ਹਾਂ ਧੀਆਂ ਮਾਰ ਮੁਕਾਈਆਂ। ਅੰਤ ਵੇਲੇ ਹੱਥ ਕਿਸੇ ਨਾ ਫੜਨਾ, ਨਾ ਬਾਪੂ ਨਾ ਭਾਈਆਂ। ਜਿਨ੍ਹਾਂ ਉੱਤੇ ਨਦਰਿ ਸਵੱਲੀ, ਸਾਹਿਬ ਨਾਲ ਪ੍ਰੀਤਾਂ ਪਾਈਆਂ। ਹਿਜਰ ਵਸਲ ਦੋਵੇਂ ਰਸ ਮਿੱਠੇ, ਜਿੰਨ੍ਹਾਂ ਸ਼ਹੁ ਨਾਲ ਅੱਖਾਂ ਲਾਈਆਂ। ਦਿਲ ਭਰਿਆ ਜੱਗ ਚਾਲਾਂ ਦੇਖਕੇ, ਬਹੁੜੀਂ ਮੇਰਿਆ ਸਾਈਆਂ।

26. ਹਵਾ ਦਾ ਕਹਿਰ ਤੱਕ ਕੇ ਲਿਫਣ, ਟੁੱਟਣ ਹੱਲ ਨਹੀਂ ਹੁੰਦਾ-ਗ਼ਜ਼ਲ

ਹਵਾ ਦਾ ਕਹਿਰ ਤੱਕ ਕੇ ਲਿਫਣ, ਟੁੱਟਣ ਹੱਲ ਨਹੀਂ ਹੁੰਦਾ। ਕਦੇ ਵੀ ਡੀਂਗ ਨਾ ਮਾਰੋ, ਜੇ ਤਣ ਕੇ ਚੱਲ ਨਹੀਂ ਹੁੰਦਾ। ਥਲਾਂ ਵਿੱਚ ਪੁੰਗਰਨਾ ਸੰਭਵ ਨਹੀਂ ਬਿਨ ਪਾਣੀਓਂ ਲੋਕੋ, ਸੁਨੇਹਾ ਬੇਵਸੀ ਦਾ, ਮੇਘਲੇ ਵੱਲ ਘੱਲ ਨਹੀਂ ਹੁੰਦਾ । ਮੇਰੇ ਅਰਮਾਨ ਦੀ ਤਸਦੀਕ ਕਰਦੇ ਅੱਥਰੂ ਮੇਰੇ, ਤੇਰੀ ਇੱਕ ਯਾਦ, ਅਗਲਾ ਵਰਕ ਦਿਲ ਤੋਂ ‘ਥੱਲ ਨਹੀਂ ਹੁੰਦਾ। ਜਦੋਂ ਹੌਕੇ ਨੂੰ ਸੁਣਨੋਂ ਮਹਿਰਮਾ ਇਨਕਾਰ ਕਰ ਦੇਵੇਂ, ਹਮੇਸ਼ਾਂ ਜਾਪਦਾ ਕੁੱਲ ਜਗਤ ਮੇਰੇ ਵੱਲ ਨਹੀਂ ਹੁੰਦਾ। ਖੜੋਤੇ ਜਾਲ ਬੁਣਦੇ ਰਹਿਣ ਹਰ ਦਮ ਸਾਜਿਸ਼ਾਂ ਵਾਲਾ, ਜਿੰਨ੍ਹਾਂ ਤੋਂ ਦੋ ਕਦਵਮ ਵੀ ਨਾਲ ਮੇਰੇ ਚੱਲ ਨਹੀਂ ਹੁੰਦਾ। ਬਚੀ ਹਿੰਮਤ ਨਹੀਂ ,ਤੇਰੇ ਤੋਂ ਪਿੱਛੋਂ ਦੀਦਿਆਂ ਅੰਦਰ, ਸਮੁੰਦਰ ਦਿਲ ਦਾ ਤਾਂ ਹੀ ਮੇਰੇ ਕੋਲੋਂ ਠੱਲ੍ਹ ਨਹੀਂ ਹੁੰਦਾ। ਇਹ ਪਿੰਜਰਾ ਤਨ ਬਦਨ ਦਾ ਤੋੜ ਜਾਊ ਵੇਖਿਓ ਇੱਕ ਦਿਨ, ਪਰਿੰਦੇ ਤੋਂ ਨਾ ਬਹੁਤਾ ਭਾਰ ਰੂਹ ਤੇ ਝੱਲ ਨਹੀਂ ਹੁੰਦਾ।

27. ਐ ਮੇਰੀ ਪਿਆਰੀ ਨਜ਼ਮ

ਤੇਰੀ ਸ਼ਰਣ ਵਿੱਚ ਆਉਂਦਿਆਂ ਮਿਟ ਜਾਂਦੇ ਨੇ ਰੂਹ ਦੇ ਹਨੇਰ। ਤੇਰੇ ਨਕਸ਼ ਇੰਨ ਬਿੰਨ ਕਦੇ ਕਦੇ ਜਿਸਮ ਦੀਆਂ ਮਹੀਨ ਪਰਤਾਂ ਦੇ ਆਰ ਪਾਰ ਧੁਖ ਰਹੀ ਪੀੜ ਨਾਲ ਮਿਲ ਜਾਂਦੇ ਆ। ਤੂੰ ਰੇਤਲੇ ਟਿੱਬਿਆਂ ਚ ਖੁੰਭ ਵਾਂਗ ਦੂਧੀਆ ਕਰੂੰਬਲ ਬਣ ਕੇ ਫੁੱਟੀ। ਤੈਨੂੰ ਜਨਮ ਦੇਣ ਤੋਂ ਬਾਅਦ ਮੈਂ ਨਿਰਮਲ ਹੋ ਜਾਨੀ ਆਂ ਨਿਰਛਲ, ਨਿਰਕਪਟ, ਵਿਕਾਰ ਹੀਣ ਨਿੱਤਰੇ ਆਕਾਸ਼ ਵਾਂਗ ਮੈਲ ਮੁਕਤ ਇੰਜ ਲੱਗਦਾ ਜਿਵੇਂ ਸਦੀਆਂ ਦਾ ਗਰਦ ਗੁਬਾਰ ਅੰਧਕਾਰ ਦੂਰ ਹੋ ਜਾਵੇ। ਤੇਰੇ ਮੌਲਿਕ ਬਿੰਬਾਂ ਦੀ ਮਹਿਫਲ ਮੈਨੂੰ ਨੇਕ ਤੇ ਹਲੀਮ ਕਰ ਦੇਂਦੀ ਹੈ। ਮਨ ਦੀ ਕਿਆਰੀ ਫੁੱਲਾਂ ਨਾਲ ਭਰ ਦੇਂਦੀ ਹੈ। ਬਰਕਤਾਂ ਨਾਲ ਮਹਿਕ ਜਾਂਦੀ ਐ ਮਨ ਦੀ ਬਸਤੀ ਤੇਰੀ ਸੁਗੰਧੀ ਵਿੱਚ ਵਿਸਮਾਦ ਵੀ, ਹੁਲਾਸ ਵੀ, ਵਿਗਾਸ ਵੀ ਹੂਕ ਵੀ, ਕੂਕ ਵੀ ਮਿੱਠੀ ਮਿੱਠੀ ਕਸਕ ਵੀ । ਤੂੰ ਥੱਕਿਆਂ ਦਾ! ਮਾਂ ਦੀ ਗੋਦ ਵਰਗਾ ਆਸਰਾ ਵੀ ਬਣ ਜਾਨੀ ਏਂ ਕਵਿਤਾ। ਗੀਤ ਗ਼ਜ਼ਲ ਰੁਬਾਈਆਂ ਧੀਆਂ ਪੁੱਤਰਾਂ ਵਾਂਗ ਟਾਹਣੀ ਟਾਹਣੀ ਪੱਤੇ ਪੱਤੇ ਲਹਿਰਾਉਂਦੀਆਂ ਲਗਰਾਂ ਤੇ ਕਰੂੰਬਲਾਂ। ਭਟਕਿਆਂ ਦਾ ਰਹਿਨੁਮਾ ਬਣਕੇ ਤੂੰ ਲਾਡ ਵੀ ਦੁਲਾਰਦੀਂ ਏਂ। ਕਈ ਵਾਰ ਰਿਸ਼ਮਾਂ ਦੀ ਨਿਰਛਲ ਤੇ ਨਿਰਮਲ ਕਲਮ ਜਦੋਂ ਤੈਨੂੰ ਸੰਵਾਰਦੀ। ਤੂੰ ਸਾਡੇ ਅੰਦਰੋਂ ਦਰਦ ਬੁਹਾਰਦੀ। ਲੱਖ ਸਿਆਣਪਾਂ ਛੂ ਮੰਤਰ ਹੋ ਜਾਂਦੀਆਂ। ਗਯਾ ਦੇ ਬੋਧ ਬਿਰਖ ਥੱਲ੍ਹੇ ਬਹਿਣ ਵਰਗਾ ਅਹਿਸਾਸ ਹੁੰਦਾ। ਐ ਨਜ਼ਮ! ਤੇਰੀ ਸ਼ਰਣ ਵਿੱਚ ਆਉਂਦਿਆ ਮਿਟ ਜਾਂਦੇ ਆ ਹਨ੍ਹੇਰ। ਚੜ੍ਹਦੀ ਜਿਵੇਂ ਸਵੇਰ। ਕਿਰਨਾਂ ਦਾ ਪਹਿਲਾ ਪੂਰ ਧਰਤੀ ਮਾਂ ਦੀ ਮਾਂਗ ‘ਚ ਸੰਧੂਰ। ਮੈਂ ਸਹਿਜ ਹੋ ਕੇ ਵਿਚਰਨ ਲੱਗਦੀ ਆਂ ਕਿਰਨਾਂ ਨੂੰ ਪਿੰਡੇ ਤੇ ਮਲਦੀ ਹਾਂ ਸੂਰਜੀ ਦੰਦਾਸਾ, ਹੋਠਾਂ ਦਾ ਹਾਸਾ ਬਣਦਾ। ਸੱਚਮੁੱਚ ਰੂਹ ਹਲਕੀ ਫੁੱਲ ਹੋ ਬ੍ਰਹਿਮੰਡ ਚ ਤਾਰੀਆਂ ਲਾਉਂਦੀ ਹੈ।

28. ਅੱਜ ਲੋੜ ਹੈ ਨਾਨਕ ਬਾਣੀ ਦੀ

ਅੱਜ ਲੋੜ ਹੈ ਨਾਨਕ ਬਾਣੀ ਦੀ ਅੱਜ ਕੌਮ ਦੀ ਨਵੀਂ ਪਨੀਰੀ ਨੂੰ। ਸ਼ਬਦ ਸਾਂਝ ਦੀ ਤਾਕਤ ਸਾਂਭੋ, ਰੂਹ ਦੀ ਅਸਲ ਅਮੀਰੀ ਨੂੰ। ਮੁੜ ਤੋਂ ਦ੍ਰਿੜ ਕਰਵਾਉ ਖ਼ੁਦ ਨੂੰ ਕਿਰਤ, ਸ਼ਬਦ, ਵੰਡ ਮੇਲ। ਜਗੇ ਚਿਰਾਗ ਕਦੇ ਨਾ ਜੱਗ ਤੇ, ਬਿਨ ਬੱਤੀ ਬਿਨ ਤੇਲ। ਲੋੜ ਹੈ ਸੌਦਾ ਖਰਾ ਸਿਖਾਉਣਾ, ਦੇਸ਼ ਦੇ ਧਨੀ ਅਮੀਰਾਂ ਨੂੰ। ਸ਼ਬਦ ਹਲੂਣਾ ਦੇਵੋ ਹੁਣ ਤਾਂ, ਸੁੱਤੀਆਂ ਸਰਦ ਜ਼ਮੀਰਾਂ ਨੂੰ। ਕਾਮੇ ਦੀ ਸੁੱਚੀ ਮਿਹਨਤ ਨੂੰ ਲੁੱਟਦੇ ਸ਼ਾਹੂਕਾਰਾਂ ਨੂੰ। ਲੋੜ ਹੈ ਨਾਨਕ ਬਾਣੀ ਦੀ ਅੱਜ ਧਰਮ ਦੇ ਠੇਕੇਦਾਰਾਂ ਨੂੰ। ਛੱਡ ਕੇ ਮੰਦਰ ਮਸਜਿਦ ਝਗੜੇ ਅੰਦਰ ਝਾਤ ਪਵਾਉਂਦਾ ਜਾਹ। ਸਰਬ ਧਰਮ ਸਤਿਕਾਰ ਦੇ ਬੂਟੇ, ਬੰਜਰ ਮਨ ਵਿੱਚ ਲਾਉਂਦਾ ਜਾਹ। ਸੱਜਣ ਠੱਗ ਤੇ ਕੌਡੇ ਰਾਖ਼ਸ਼ ਖੂਨ ਦੀ ਭੱਠ ਤਪਾਉਂਦੇ ਨੇ। ਖੂਨ ਗਰੀਬ ਦਾ ਕਾੜ੍ਹ ਕਾੜ੍ਹ ਕੇ, ਆਪਣੀ ਪਿਆਸ ਮਿਟਾਉਂਦੇ ਨੇ। ਚੰਦਰੀ ਖੂਨੀ ਦੀ ਭੱਠੀ ਉੱਤੇ, ਪਿਆਰ ਦਾ ਮੀਂਹ ਵਰਸਾਉਂਦਾ ਜਾਹ। ਬਣ ਜਾ ਸਿੱਖ ਅਸਲ ਸਤਿਗੁਰ ਦਾ, ਤਜ ਦੇ ਭੋਜਨ ਭਾਗੋਆਂ ਦਾ। ਭਾਈ ਲਾਲੋ ਬਣ ਜਾ ਬੰਦਿਆ, ਹੱਕ ਦੀ ਅੱਧੀ ਖਾਂਦਾ ਜਾਹ। ਦੇਸ਼ ਦੀ ਹੱਦ ,ਬੋਲੀ ਦੇ ਝਗੜੇ ਕਿਓਂ ਇਹ ਕਰਦੇ ਫਿਰਦੇ ਓ। ਲੋਕਾਂ ਵੱਲ ਜਾਂ ਜੋਕਾਂ ਵੱਲ, ਦੱਸੋ ਜੀ ਕਿਹੜੀ ਧਿਰ ਦੇ ਓ। ਇਕੋ ਮਾਲਕ ਦੇ ਧੀ ਪੁੱਤ ਹਾਂ, ਸਮਝ ਦਾ ਪਾਠ ਪੜ੍ਹਾਉਂਦਾ ਜਾਹ। ਮਾਂ ਬੋਲੀ ਵੱਲ ਜੋ ਪਿੱਠ ਕਰਦਾ, ਜੀਂਦੇ ਜੀਅ ਮਰ ਜਾਂਦਾ ਏ। ਮਾਂ ਬੋਲੀ ਦਾ ਸਰਵਣ ਪੁੱਤ ਬਣ ਇਹ ਸੁਨੇਹਾ ਲਾਉਂਦਾ ਜਾਹ। ਕਰ ਅਰਦਾਸ ਅਗੰਮੀ ਬੋਲ ਚੋੰ ਆਸ ਕਦੇ ਵੀ ਮੁੱਕਦੀ ਨਹੀਂ। ਇਸ ਜੀਵਨ ਚੋਂ ਹਿੰਮਤ ਨੂੰ ਧਰਵਾਸ ਦੀ ਟਾਹਣੀ ਸੁੱਕਦੀ ਨਹੀਂ। ਪਵਣੁ ਗੁਰੂ ,ਪਾਣੀ ਹੈ ਪਿਤਾ ਧਰਤੀ ਮਾਤ ਬੁਲਾਉਂਦਾ ਜਾਹ। ਨਾਨਕ ਦੇ ਸੱਚੇ ਬੋਲਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਜਾਹ।

29. ਦੋਸਤੀ

ਤੇਰੀ ਦੋਸਤੀ ਰਬਾਬ ਦੀ ਤਾਰ ਚੋਂ ਨਿਕਲਦੇ ਸੰਗੀਤ ਵਰਗੀ ਐ। ਜੋ ਧੁਰ ਅੰਦਰ ਤੀਕ ਤਰੰਗਿਤ ਕਰ ਜਾਂਦੀ ਐ ਤਨ ਮਨ। ਕਿਸੇ ਅੱਲੜ੍ਹ ਮੁਟਿਆਰ ਦੇ ਹਾਸੇ ਦੀ ਛਣਕਾਰ ਵਾਂਗ। ਠੁਮਕ ਠੁਮਕ ਤੁਰਦੀ ਨਿੱਕੀ ਬਾਲੜੀ ਦੀ ਮਿੱਠੀ ਕਿਲਕਾਰੀ ਵਰਗੀ। ਚਿੜੀਆਂ ਦੀ ਚਹਿਚਹਾਟ ਵਰਗੀ। ਚੜਦੇ ਸੂਰਜ ਦੀ ਪਹਿਲੀ ਕਿਰਨ ਜੇਹੀ। ਹਵਾ ਦੇ ਬੁੱਲਿਆਂ ਨਾਲ ਝੂਮ ਝੂਮ ਗਾਉਂਦੇ ਪੱਤਿਆਂ ਜੇਹੀ। ਹੁਸੀਨ ਮੁਟਿਆਰ ਦੀਆਂ ਉੱਡਦੀਆਂ ਹੋਈਆਂ ਲਟਾਂ ਚ ਲਿਪਟੇ ਚਿਹਰੇ ਨੂੰ ਚੁੰਮਣ ਦੀ ਅੱਥਰੀ ਕੋਸ਼ਿਸ਼ ਜੇਹੀ। ਸੁਰਮਈ ਬੱਦਲਾਂ ਦੇ ਆਪਮੁਹਾਰੇ ਉੱਡਦੇ ਉੱਡਦੇ ਫੰਬਿਆਂ ਚ ਬੰਸਰੀ ਵਜਾਉਂਦੇ ਰਾਂਝਣ ਦੇ ਆਕਾਰ ਜਿਹੀ। ਰੋਮ ਰੋਮ ਚ ਰਮਦੀ ਕਿਣਮਿਣੀ ਫ਼ੁਹਾਰ ਜਿਹੀ। ਚਰਖੇ ਦੀ ਘੂਕ ਵਰਗੀ। ਪਹਾੜੋੰ ਉੱਤਰੇ ਜੋਗੀ ਦੀ ਹੂਕ ਵਰਗੀ। ਧਰਤੀ ਤੇ ਪਈਆਂ ਪਹਿਲੀਆਂ ਕਣੀਆਂ ਨਾਲ ਮਿੱਟੀ ਦੀ ਮਹਿਕ ਜਹੀ। ਮਾਂ ਦੀ ਚੁੰਨੀ ਦੇ ਪੱਲੇ ਬੱਧੀ ਭਾਨ ਵਰਗੀ। ਦਾਦੀ ਦੇ ਹੱਥਾਂ ਚੋੰ ਆਉਂਦੀ ਚੂਰੀ ਦੀ ਖੁਸ਼ਬੋ ਵਰਗੀ। ਅਮ੍ਰਿਤ ਵੇਲੇ ਦੇ ਇਲਾਹੀ ਰਾਗ ਵਰਗੀ। ਕਿਸੇ ਚਾਨਣੀ ਰਾਤ ਨੂੰ ਛੱਤ ਤੇ ਟਹਿਲਦਿਆਂ, ਉੱਠਿਆਂ , ਬੈਠਿਆ ਬੱਦਲਾਂ ਚੋਂ ਝਾਤੀਆਂ ਮਾਰਦੇ ਪੂਰੇ ਚੰਨ ਦੀ ਝਾਤ ਵਰਗੀ। ਹਰ ਦੋਸਤੀ ਮਹਿਕਦੀ ਹੋਵੇ ਤਾਂ ਰਿਸ਼ਤਾ। ਨਹੀਂ ਤਾਂ!! ਮਣਾਂ ਮੂੰਹੀ ਭਾਰ। ਖੂਬੀਆਂ ਦਾ ਅਦਬ ਕਰੀਏ ਤਾਂ ਲਫਜ਼ ਰੂਹ ਚੋਂ ਉੱਤਰ ਨੰਗੇ ਪੈਰੀਂ ਤੁਰ ਪੈਂਦੇ ਨੇ, ਵਕਤ ਦੇ ਮੋਹ ਭਰੇ ਸਫ਼ਿਆਂ ਤੇ। ਉਦਾਸੀ ਦੇ ਮਾਰੂਥਲ ਚ ਵੀ ਮੌਲਣ ਲੱਗਦੀ ਹੈ ਮੌਲਸਰੀ। ਪਿਆਰੇ ਦੇ ਹਰ ਬੋਲ ਨੂੰ ਸਿੱਪ ਚ ਕਣੀ ਵਾਂਗ ਸਾਂਭ ਕੇ ਰੱਖੀਏ। ਏਦਾਂ ਹੀ ਮੋਤੀ ਬਣਦੇ ਨੇ।

30. ਬਾਗੀ ਨਹੀਂ ਮੈਂ

ਮੈ ਬਾਗੀਂ ਨਹੀਂ ਸਾਂ ਬਣਾਇਆ ਗਿਆ ਹਾਂ। ਮੈ ਨਹੀਂ ਜਾਣਦਾ ਨੇਕੀ ਬਦੀ ਨੂੰ। ਮੈ ਤਾਂ ਕਿਰਤ ਲਈ ਧਰਤ ਤੇ ਲਿਆਇਆ ਗਿਆ ਹਾਂ। ਤੱਕਦਾਂ ਹਾਂ ਕਾਮੇ ਦੀ ਇੱਜ਼ਤ ਰੁਲਦੀ ਗਰੀਬੀ ਹੈ ਸੁੱਕਦੀ ਅਮੀਰੀ ਹੈ ਫੁੱਲਦੀ ਰੋਟੀ ਤੋਂ ਆਤੁਰ ਹੈ ਕਣਕਾਂ ਉਗਾਉਣ ਵਾਲਾ। ਰੋਟੀ ਬਣਾਉਣ ਵਾਲਾ। ਕਿਸਾਨ ਤੜਪ ਰਿਹਾ ਕਿਸਮਤ ਨਾ ਖੁੱਲ੍ਹਦੀ। ਮੈ ਤੱਕਾਂ ਅੱਜ ਮਾਸੂਮ ਧੀ ਨੂੰ ਕੌਡੀ ਕੌਡੀ ਮੰਗਦੀ ਪਈ ਦਰ ਤੇ ਖੜੀ ਨੂੰ। ਸਿੱਕਿਆਂ ਬਰਾਬਰ ਹੈ ਅਣਖ਼ ਪਈ ਵਿਕਦੀ। ਮੈ ਕੰਬ ਜਾਵਾਂ ਦੇਖ ਏਸ ਕੋਮਲ ਲੜੀ ਨੂੰ। ਧਰਮ ਦੀਆਂ ਨਜ਼ਰਾਂ ਚ ਕਾਫਰ ਮੈ ਹੋਈ। ਜੇ ਦਿਲ ਖੋਹਲਾਂ ਮੈਂ ਫੇਰ ਜਰਦਾ ਨਾ ਕੋਈ। ਮਜਬੂਰੀ ਨੇ ਮੈਨੂੰ ਬਾਗੀ ਬਣਾਇਆ। ਜ਼ੁਲਮਾਂ ਦੇ ਅੱਗੇ ਹੈ ਅੜਨਾ ਸਿਖਾਇਆ। ਹੱਕਾਂ ਦੀ ਖਾਤਰ ਮੈਂ ਲੜਦੀ ਰਹਾਂਗੀ। ਮੈਂ ਨਾਨਕ ਦੀ ਬਾਣੀ ਨੂੰ ਪੜ੍ਹਦੀ ਰਹਾਂਗੀ। ਹੱਕ ਦੀ ਕਹਾਣੀ ਨੂੰ ਸ਼ਬਦੀਂ ਪਰੋ ਕੇ, ਜ਼ਿੰਦਗੀ ਨਵੇਂ ਰੰਗ ਦੀ ਘੜਦੀ ਰਹਾਂਗੀ। ਉਹਦੀ ਸੌੰਹ ਮੈਂ ਖਾਵਾਂ ਜਿਸ ਮੈਨੂੰ ਬਣਾਇਆ। ਮੈ ਦੋਸ਼ੀ ਨਹੀਂ ਹਾਂ ਲਿਖਾਇਆ ਗਿਆ ਹਾਂ। ਬਗਾਵਤ ਦੇ ਰਸਤੇ ਮੈਂ ਪਾਇਆ ਗਿਆ ਹਾਂ। ਮੈ ਕੀ ਜਾਣਾ ਜੁਗ ਗਰਦੀ ਕ੍ਰਾਂਤੀ ਦਾ ਸੁਪਨਾ, ਮੈ ਬਾਗੀ ਨਹੀ ਹਾਂ ਬਣਾਇਆ ਗਿਆ ਹਾਂ।

31. ਕਹਿਰ ਕਰੋਨਾ

ਡੋਲ ਗਿਆ ਸਿੰਘਾਸਨ ਬੰਦਿਆ, ਰੁਕ ਗਈ ਤੇਜ਼ ਰਫ਼ਤਾਰ। ਬਣਦਾ ਸੀ ਤੂੰ ਤੀਸ ਮਾਰ ਖਾਂ, ਦੁਨੀਆਂ ਦਾ ਸਰਦਾਰ। ਬੰਬ, ਮਿਜ਼ਾਈਲਾਂ ਨਾ ਕੋਈ ਰਾਕਿਟ, ਮਾਰੀ ਲਘੂ ਵਿਸ਼ਾਣੂ ਮਾਰ। ਘਰ ਦੀ ਰੋਟੀ ਲੱਗਦੀ ਸੀ ਕੌੜੀ, ਖਾ ਗਿਆ ਵੇਖ ਬਾਜ਼ਾਰ। ਸੱਤ ਸਮੁੰਦਰੋਂ ਪਾਰ ਤੇ ਏਧਰ, ਮੱਚ ਗਈ ਹਾ ਹਾ ਕਾਰ। ਨਵੇਂ ਸ਼ਿਕਾਰੀ ਬਿਨ ਹਥਿਆਰੋਂ , ਮਾਰ ਗਏ ਐਸੀ ਮਾਰ। ਸਹਿਮੇ ਬੈਠੇ ਮਰਦ ਔਰਤਾਂ, ਨਾ ਕੋਈ ਕੰਮ ਨਾ ਕਾਰ। ਮਾਰਿਆ ਕਿਸ ਪਟਕਾ ਕੇ ਥੱਲੇ, ਟੁੱਟਿਆ ਭਰਮ ਸੰਸਾਰ। ਹੁਣ ਵੀ ਸੰਭਲ ਤੁਰ ਪਉ ਸੱਜਣਾ, ਲਾਹ ਦੇ ਕੂੜ ਹੰਕਾਰ। ਬਾਣੀ ਨੇ ਸਮਝਾਇਆ ਸਾਨੂੰ, ਵਿਸ਼ ਗੰਦਲਾ ਸੰਸਾਰ। ਪਰ ਬਾਬੇ ਦੀ ਇੱਕ ਨਾ ਮੰਨੀ, ਤੋੜ ਕੇ ਬਹਿ ਗਏ ਤਾਰ। ਉਸੇ ਦਾ ਪੱਲਾ ਫੜ ਕਹਿ ਦਿਉ, ਕਰ ਕਿਰਪਾ ਦਾਤਾਰ।

32. ਇਬਾਰਤ

ਪੂਰੀ ਇਬਾਰਤ ਲਿਖਣ ਦੀ ਨਹੀਂ ਸੀ ਲੋੜ ਮੈਨੂੰ। ਇਕੋ ਖ਼ਾਰੇ ਹੰਝੂ ਨੇ ਹੀ ਖ਼ਤ ਦੀ ਵਾਰਤਾ ਸੁਣਾਈ। ਆਪਣੇ ਹੀ ਕੋਲੋਂ ਪੁੱਛਦੀ ਹਾਂ ਰੋਜ਼ ਰੁਕ ਰੁਕ ਕੇ, ਜ਼ਖ਼ਮੀ ਖੰਭਾਂ ਨਾਲ ਕਿੰਨਾ ਕੁ ਦੂਰ ਹੈਂ ਉੱਡ ਆਈ। ਰੂਹ ਦੇ ਸੱਖਣੇ ਕਾਸੇ ਚ ਤੂੰ ਪਿਆਰ ਦੇ ਫੁੱਲ ਕੀ ਪਾਏ, ਰਸਮਾਂ ਦੀ ਲਛਮਣ ਰੇਖਾ ਮੈਂ ਸਦਾ ਲਈ ਉਲੰਘ ਆਈ। ਸਾਹਾਂ ਦੀ ਵੀਣਾ ਚੋਂ ਤੇਰੇ ਹੀ ਨਾਂ ਦਾ ਲਵਾਂ ਆਲਾਪ, ਦਰਦ ਦੀ ਹਰ ਕੈਦ ‘ ਚੋਂ ਮੰਗਾਂ ਅੱਥਰੂਆਂ ਦੀ ਰਿਹਾਈ। ਸਾਡੀ ਤੜਪ ਨੇ ਹੀ ਭਰਨਾ ਹੈ ਸਾਡੇ ਅੰਦਰ ਦਾ ਖ਼ਲਾਅ, ਹਰਫਾਂ ਦੇ ਗਜ਼ ਨਾਲ ਨਾਪਾਂ ਅੰਦਰ ਦੀ ਡੂੰਘਾਈ। ਸਮੁੰਦਰ ਵਿੱਚ ਛੱਲਾਂ ਦੀ ਘੰਮਕਾਰ ਨਹੀਂ ਹਾਂ ਮੈਂ, ਚੱਟਾਨਾਂ ਦੀ ਗੂੰਜ ਹਾਂ ਜੋ ਹਰ ਲਹਿਰ ਨਾਲ ਟਕਰਾਈ। ਰੁੱਖ ਕਦੇ ਰੁੱਸਦੇ ਨਾ ਛਾਵਾਂ ਨਾਲ, ਧਰਤੀ ਵੀ ਜੜ੍ਹਾਂ ਸਾਂਭੇ, ਮੇਰੀ ਮਾਂ ਨੇ ਸਦਾ ਇਹੋ ਬਾਤ ਬਚਪਨ ਤੋਂ ਸਮਝਾਈ। ਸੁਪਨਾ ਹੀ ਹੈ ਇਹ ਸਗਲ ਬ੍ਰਹਿਮੰਡ ਪਸਾਰਾ, ਆਰਜ਼ੀ ਰੰਗਾਂ ਚ ਗੁੰਮ ਹੋ ਕੇ ਸਭਨਾਂ ਨੇ ਉਮਰ ਗੁਆਈ।

33. ਕਵਿਤਾ

ਅੱਲੜ੍ਹ ਹੁਸੀਨ ਦੇ ਵਾਂਗੂ ਹੈ ਕਵਿਤਾ, ਜੋ ਨੱਚਦੀ ਹੈ ਆਪੇ ਤੇ ਸਭ ਨੂੰ ਨਚਾਵੇ। ਰਵਾਵੇ, ਹਸਾਵੇ ਤੇ ਦਿਲ ਨੂੰ ਬਹਿਲਾਵੇ। ਆਪ ਦੂਰ ਬਹਿ ਕੇ ਇਹ ਪਈ ਮੁਸਕਰਾਵੇ। ਪਪੀਹੇ ਦੀ ਪੀ ਪੀ ਕੋਇਲ ਦੀ ਕੂ ਕੂ, ਨਿੱਖਰੇ ਅਕਾਸ਼ ਤੇ ਬੱਦਲ ਲਿਆਵੇ। ਮਹੁੱਬਤ ਭਰੀ ਰਾਤ ਦੀ ਆਸ਼ਕ ਇਹ ਰਾਣੀ ਵਿਛੜੇ ਮਹਿਬੂਬ ਨੂੰ ਇਹ ਆਪ ਮਿਲਾਵੇ। ਪੜੇ ਜੋ ਇਸਨੂੰ ਸੁਣੇ ਜੋ ਇਸਨੂੰ ਜਿੰਦ ਨਸ਼ਿਆ ਕੇ ਪ੍ਰੇਮ ਗੀਤ ਗਾਵੇ। ਲੋਰੀ ਹੋਵੇ ਮਾਂ ਦੀ ਜਾਂ ਸ਼ਿਕਵਾ ਹੁਸਨ ਦਾ, ਹਰ ਧੜਕਣ ਚ ਧੜਕੇ ਹਵਾ ਬਣ ਜਾਵੇ। ਕਵਿਤਾ ਹੈ ਖੁਸ਼ਬੂ ਕਿਆਰੀ ਫੁੱਲਾਂ ਦੀ ਸੁਗੰਧੀਆਂ ਚੁਫ਼ੇਰੇ ਖਿਲੇਰੇ, ਮਨ ਮਸਤ ਕਰ ਜਾਵੇ। ਨਾਨਕ ਦੀ ਕਵਿਤਾ ਬਣੀ ਅਮਰ ਬਾਣੀ ਮਨੁੱਖਤਾ ਦੇ ਸਰਬ ਰੋਗ ਭੁਲਾਵੇ। ਕਵੀ ਲਈ ਇਹ ਵੱਡਮੁੱਲਾ ਖਜਾਨਾ, ਹੀਰੇ ਮੋਤੀਆਂ ਨਾਲ ਕਦੇ ਵੀ ਇਹ ਤੋਲੀ ਨਾ ਜਾਵੇ।

34. ਮੈਂ ਉਹਨੂੰ ਕਿਹਾ

ਮੈਂ ਉਸ ਨੂੰ ਕਿਹਾ ਕੋਈ! ਹਯਾਤੀ ਮੁੱਕਣ ਦਾ ਵੀ ਇੰਤਜ਼ਾਰ ਕਰਦਾ ਹੈ ਭਲਾ? ਉਹ ਡੂੰਘਾ ਹਾਉਕਾ ਭਰ ਕੇ ਬੋਲੀ। ਹਾਂ ਮੇਰੀ ਜਾਨ! ਦਰਦ ਦੇ ਮੈਦਾਨ ਚ ਜਦ ਕੋਈ ਨਿਹੱਥਾ ਲੜ ਰਿਹਾ ਹੋਵੇ। ਓਦੋਂ ਕਰਦੈ! ਹਰ ਨਦੀ ਦੇ ਭਾਗਾਂ ਚ ਸਮੁੰਦਰ ਤੱਕ ਪੁੱਜ ਜਾਣਾ ਨਹੀਂ ਹੁੰਦਾ। ਕੁਝ ਨੂੰ ਤਾਂ ਕੱਕਾ ਰੇਤਾ ਰਾਹ ਚ ਹੀ ਡਕਾਰ ਜਾਂਦਾ। ਤੇ ਜਦੋਂ ਰੂਹ ਦੀ ਦੇਹਲ਼ੀ ਚਿਰਾਗਾਂ ਤੋ ਸੱਖਣੀ ਹੋਵੇ? ਮਨ ਹਨ੍ਹੇਰ ਚ ਡੁੱਬ ਜਾਂਦਾ ਹੈ। ਬਹੁਤ ਦਰਦਨਾਕ ਹੁੰਦਾ ਹੈ ਆਂਦਰਾਂ ਦਾ ਰਿਸ਼ਤਾ ਰਾਖ ਹੁੰਦਾ ਵੇਖਣਾ। ਭੋਲੀਏ ਧੀਏ! ਅਸੀਂ ਤੇਰੇ ਜ਼ਮਾਨੇ ਦੇ ਨਹੀਂ ਆਂ!!! ਜਿਥੇ ਨਾਰੀ ਦੇ ਖੰਭਾਂ ਨੂੰ ਤੁਰਲਿਆਂ ਚ ਟੰਗਣ ਵਾਲਿਆਂ ਨੂੰ ਦੁਰਗਾ ਬਣ ਕੇ ਦਾਨਵਾਂ ਦੇ ਦਲ ਨੂੰ ਢੇਰੀ ਕਰ ਸਕੀਏ। ਅਸੀਂ ਤਾਂ ਚੁੱਪਚਾਪ ਦਰਦਾਂ ਦੀ ਗੱਠੜੀ ਲੈ ਧੁਖਦੇ ਰਾਹਾਂ ਤੇ ਡਿੱਕਡੋਲੇ ਖਾਂਦੇ ਪੈਰਾਂ ਨਾਲ ਤੁਰਦੀਆਂ ਰਹੀਆਂ ਉਮਰ ਭਰ। ਤੂੰ ਜਿਓਦੀ ਵੱਸਦੀ ਰਹਿ ਧੀਏ। ਤੇਰਾ ਯੁੱਗ ਤੈਨੂੰ ਮੁਬਾਰਕ। ਐਨਾ ਕਹਿ ਮਾਂ ਪਤਾ ਨਹੀਂ ਕਦੋਂ ਚਲੀ ਗਈ? ਅੱਖ ਖੁੱਲ੍ਹੀ ਤਾਂ ਪਹੁ ਫੁਟਾਲਾ ਸੀ। ਸੱਜਰੀ ਸਵੇਰ ਚੜ੍ਹ ਰਹੀ ਸੀ। ਮਾਂ ਦਾ ਮੁਖੜਾ ਸੂਰਜ ਵਰਗਾ , ਬਹੁਤ ਚੇਤੇ ਆਉਂਦਾ ਰਿਹਾ ਦਿਨ ਭਰ।

35. ਜ਼ਖ਼ਮ ਵਿਛੋੜੇ ਦੇ ਮੈਂ ਸੀਣਾ ਸਿੱਖ ਗਿਆ ਹਾਂ-ਗ਼ਜ਼ਲ

ਜ਼ਖ਼ਮ ਵਿਛੋੜੇ ਦੇ ਮੈਂ ਸੀਣਾ ਸਿੱਖ ਗਿਆ ਹਾਂ। ਤੇਰੇ ਬਾਝੋਂ ਸੱਜਣਾਂ ਜੀਣਾ ਸਿਖ ਗਿਆ ਹਾਂ। ਹੱਸ ਲੈਨਾ ਹਾਂ ਹੁਣ ਤਾਂ ਵਿੱਚ ਤਨਹਾਈ ਦੇ ਵੀ, ਪਲਕੀਂ ਡੱਕੇ ਹੰਝੂ ਪੀਣਾ ਸਿੱਖ ਗਿਆ ਹਾਂ। ਤੇਰੀ ਦੀਦ ਬਿਨਾ ਤੜਪਾਉਂਦਾ ਬੜਾ ਸਵੇਰਾ, ਤਾਰਿਆਂ ਦੇ ਸੰਗ ਬਾਤਾਂ ਪਾਉਣਾ ਸਿੱਖ ਗਿਆ ਹਾਂ। ਸਮਝ ਲੈ ਆਪੇ ਭਲਿਆ! ਦਿਲ ਦੀਆਂ ਬਾਤਾਂ ਨੂੰ ਤੂੰ , ਸ਼ਬਦਾਂ ਅੰਦਰ ਦਰਦ ਪਰੋਣਾ ਸਿਖ ਗਿਆ ਹਾਂ ।

36. ਸੂਰਜ ਡੁੱਬਦੇ, ਅੰਬਰ ਚੰਨ ਦੀ ਬਿੰਦੀ ਮੱਥੇ ਤੇ

ਸੂਰਜ ਡੁੱਬਦੇ, ਅੰਬਰ ਚੰਨ ਦੀ ਬਿੰਦੀ ਮੱਥੇ ਤੇ, ਰਾਤ ਦੀ ਰਾਣੀ ਵੇਖ ਵੇਖ ਮੁਸਕਾਈ ਜਾਂਦੀ ਹੈ। ਮੋਤੀ ਬਣ ਕੇ ਤ੍ਰੇਲ ਅੰਬਰ ਤੋਂ ਧਰਤੀ ਨੂੰ ਚੁੰਮਦੀ , ਹਰ ਫੁੱਲ ਦਾ ਮੂੰਹ ਧੋਂਦੀ, ਧਰਤ ਸਮਾਈ ਜਾਂਦੀ ਹੈ। ਭੰਵਰਾ ਚੁੰਮਦਾ ਮੂੰਹ ਕਲੀਆਂ ਦਾ ਸੂਰਜ ਚੜ੍ਹਦੇ ਹੀ, ਦਿਨ ਚੜ੍ਹਦੇ ਦੀ ਲਾਲੀ ਤਲਬ ਵਧਾਈ ਜਾਂਦੀ ਹੈ। ਹੱਸਦੇ ਨਾਲ ਹੀ ਹੱਸੇ ਦੁਨੀਆ, ਸ਼ੀਸ਼ੇ ਵਰਗੀ ਹੈ, ਰੋੰਦਿਆਂ ਨੂੰ ਇਹ ਵੇਖੋ ਹੋਰ ਰੁਆਈ ਜਾਂਦੀ ਹੈ। ਆਵਾਗੌਣ ਦਾ ਚੱਕਰ ਹੈ ਇਹ ਦੁਨੀਆਂ ਅਜ਼ਲਾਂ ਤੋਂ ਖੂਹ ਦੀਆਂ ਟਿੰਡਾਂ ਵਾਂਗੂੰ ਭਰ ਭਰ ਆਈ ਜਾਂਦੀ ਹੈ।

37. ਮਹਿਕ ਭਿੱਜੀ ਪੌਣ ਜਿਹਾ,ਤੇਰਾ ਹੀ ਸਰੂਰ ਏ-ਗ਼ਜ਼ਲ

ਮਹਿਕ ਭਿੱਜੀ ਪੌਣ ਜਿਹਾ,ਤੇਰਾ ਹੀ ਸਰੂਰ ਏ। ਪਿੰਜਰੇ ‘ਚ ਡੱਕ ਨਾ,ਇਹ ਤਾਂ ਨਿਰਾ ਨੂਰ ਏ। ਪੱਟੀ ਮਰਯਾਦਾ ਵਾਲੀ ਘੁੱਟ ਕੇ ਨਾ ਬੰਨ੍ਹ ਵੇ, ਏਸ ਨਾਲ ਹੁੰਦਾ ਸਦਾ ਖ਼੍ਵਾਬ ਚੂਰ ਚੂਰ ਏ। ਪਰਤਾਂ ਮਹੀਨ ਪਾਰ ਦਿਲ ਵਾਲੇ ਬੂਹੇ ਥਾਣੀਂ, ਲੰਘ ਆ ਤੂੰ ਲੰਘ ਆ ਜੇ ਤੈਨੂੰ ਮਨਜ਼ੂਰ ਏ। ਤੋੜ ਕੇ ਜੰਜ਼ੀਰ ਬਣਾਂ ਅੰਬਰੀੰ ਉਡਾਰ ਮੈਂ, ਖੰਭਾਂ ਵਿੱਚ ਤਾਣ ਤੇਰੇ ਸਾਥ ਦਾ ਗਰੂਰ ਏ। ਰਸਮਾਂ ਦੀ ਭੱਠੀ ਵਿੱਚ ਤਪ ਤਪ ਢਲਣਾ, ਕੁੰਦਨ ਵਜੂਦ ਦੇ ਲਈ ਮੈਨੂੰ ਮਨਜ਼ੂਰ ਏ। ਸਿਰੋਂ ਪੈਰਾਂ ਤੀਕ ਤੈਨੂੰ, ਰੋਮ ਰੋਮ ਚਾਹ ਰਿਹਾ, ਹਰ ਪਲ ਯਾਦ ਵਿੱਚ ਜਿੰਦ ਮਖ਼ਮੂਰ ਹਏ। ਲਛਮਣ ਰੇਖਾ ਕਦੇ ਵਾਹੀਂ ਨਾ ਤੂੰ ਮੇਰੇ ਲਈ, ਰਿਸ਼ਤੇ ਦਾ ਏਸ ਤਰ੍ਹਾਂ ਝੜ ਜਾਂਦਾ ਬੂਰ ਏ।

38. ਬੁੱਲ੍ਹਾਂ ਤੇ ਮੁਸਕਾਨ ਹੈ ਅੱਖਾਂ ਚ ਅੱਥਰੂ ਬਥੇਰੇ-ਗ਼ਜ਼ਲ

ਬੁੱਲ੍ਹਾਂ ਤੇ ਮੁਸਕਾਨ ਹੈ ਅੱਖਾਂ ਚ ਅੱਥਰੂ ਬਥੇਰੇ। ਇਹ ਕੀਹਦੀ ਯਾਦ ਆਈ ਅੱਜ ਸਵੇਰੇ ਸਵੇਰੇ। ਸਿਆਹ ਕੇਸਾਂ ਦੀਆਂ ਘਟਾਵਾਂ ਨੂੰ ਜਦ ਪੌਣਾਂ ਨੇ ਚੁੰਮਿਆ, ਮਹਿਸੂਸ ਹੋਇਆ ਤੂੰ ਪੋਟੇ ਛੁਹਾਏ ਜ਼ੁਲਫ਼ਾਂ ਨਾਲ ਮੇਰੇ। ਯਾਦਾਂ ਦੇ ਦੀਵੇ ਹਰ ਪਲ ਹੀ ਮੈਂ ਰੌਸ਼ਨ ਰੱਖਾਂ, ਫੇਰ ਵੀ ਦੂਰ ਹੋਏ ਨਾ ਮੇਰੇ ਦਿਲ ਦੇ ਹਨ੍ਹੇਰੇ। ਦਿਲ ਦੀ ਰੱਤ ਪਾਣੀ ਬਣ ਕੇ ਡੁੱਲ੍ਹੀ ਹੈ ਧਰਤ ਤੇ, ਗ਼ਮਾਂ ਦੀ ਪਹੁੰਚ ਹੋ ਗਈ ਹੈ ਰੂਹ ਤੱਕ ਮੇਰੇ। ਜ਼ਖ਼ਮਾਂ ਤੇ ਆਖ਼ਰ ਅੰਗੂਰ ਆ ਹੀ ਜਾਂਦਾ ਹੈ, ਪਰ ਤਦ ਤੱਕ ਫੱਟ ਮਿਲ ਜਾਂਦੇ ਨੇ ਤੈਥੋਂ ਹੋਰ ਤਿਖੇਰੇ। ਖ਼ਿਆਲ ਬਣ ਕੇ ਜ਼ਿਹਨ ਚ ਖਿਲਰ ਜਾਵਾਂ ਮੈਂ ਕਦੇ, ਹਰਫ਼ ਬਣਕੇ ਨਜ਼ਮਾਂ ਵਿੱਚ ਸਿਮਟ ਜਾਵਾਂਗੀ ਤੇਰੇ। ਕਿੰਨੀਆਂ ਕੁ ਝੀਥਾਂ ਤੂੰ ਬੰਦ ਕਰੇਂਗਾ ਦਿਲ ਦੀਆਂ , ਹਵਾ ਬਣ ਕੇ ਲੰਘ ਹੀ ਆਵਾਂਗੀ ਦਿਲ ਚ ਤੇਰੇ। ਫਜ਼ਰ ਦੀ ਨਮਾਜ਼ ਵੇਲੇ ਤੂੰ ਛੋਹਿਆ ਇਲਾਹੀ ਰਾਗ , ਤੇਰੇ ਸਾਹਾਂ ਦੀ ਮਹਿਕ ਫਿਰਦੀ ਮੇਰੇ ਦਿਲ ਦੇ ਚੁਫ਼ੇਰੇ।

39. ਦਸਤਕ

ਦਸਤਕ ਸੁਣਦਿਆਂ ਹੀ ਯਾਦਾਂ ਲਈ ਖੋਲ੍ਹ ਦੇਵਾਂ ਬੂਹੇ ਕਲਬੂਤ ਰੂਹ ਨੂੰ ਰੋਜ਼ ਆਖੇ ਅੱਜ ਫਿਰ ਤੋਂ ਖਤਾ ਹੋ ਗਈ ਦਿਲ ਦੀਆਂ ਸੁੱਤੀਆਂ ਤਰਬਾਂ ਜਗਾ ਗਿਆ ਕੋਈ ਚਾਨਣ ਚ ਘੁਲ਼ ਕੇ ਮਹਿਕੀ ਹਵਾ ਹੋ ਗਈ ਰੂਹ ਦਾ ਚੰਬਾ ਆਖਿਰ ਉਦੋਂ ਖਿੜਿਆ ਜਦੋਂ ਮੇਰੀ ਉਡੀਕ ਦੀ ਇੰਤਹਾ ਹੋ ਗਈ। ਮੈ ਤਾਂ ਤੌਬਾ ਕਰ ਲਈ ਸੀ ਇਸ ਜੀਣ ਤੋਂ ਰੂਹ ਤੇ ਸਾਹਾਂ ਦੀ ਫਿਰ ਤੋਂ ਸੁਲਾਹ ਹੋ ਗਈ। ਲਰਜ਼ਦਾ ਪੱਤਾ ਬਣ ਡਿੱਗੇ ਉਹ ਝੋਲੀ ਚ ਮੇਰੀ ਏਸੇ ਲਈ ਤਾਂ ਮੈਂ ਹਵਾ ਹੋ ਗਈ। ਸ਼ਾਹਰਗ ਤੋਂ ਵੀ ਨੇੜੇ, ਤੈਨੂੰ ਮਹਿਸੂਸ ਕਰਾਂ, ਹੁਣ ਧੜਕਣ ਵੀ ਚਸ਼ਮਦੀਦ ਗਵਾਹ ਹੋ ਗਈ।

40. ਮੁਹੱਬਤਨਾਮਾ

ਮੁਹੱਬਤ!! ਕੋਈ ਤਿਓਹਾਰ ਨਹੀਂ ਹੁੰਦਾ ਜਿਹੜਾ ਇਕ ਦਿਨ ਮਨਾ ਲਈਏ ਤੇ ਬਸ!!! ਮੁਹੱਬਤ ਤਾਂ ਮਖਮਲੀ ਜਿਹਾ ਸਦੀਵੀ ਤੇ ਪਾਕੀਜ਼ਾ ਅਹਿਸਾਸ। ਖੁਸ਼ਬੂ ਬਣ ਕੇ ਤੁਰਦਾ ਸਾਹਾਂ ਦੇ ਨਾਲ ਨਾਲ। ਉਮਰ ਚਾਹੇ ਕੋਈ ਵੀ ਹੋਵੇ ਜੋਬਨ ਤੇ ਰਹਿੰਦਾ ਸੱਜਰਾ ਅਹਿਸਾਸ ਮੁਹੱਬਤ ਦੀ ਮਹਿਕ ਮੁਹਤਾਜ ਨਹੀਂ ਕਿਸੇ ਇਜ਼ਹਾਰ ਦੀ ਪਹੁੰਚ ਈ ਜਾਂਦੀ ਐ ਮਹਿਬੂਬ ਕੋਲ, ਹਰ ਦੀਵਾਰ ਤੋਂ ਪਾਰ। ਚੰਨ ਤਾਰੇ ਤੋੜਨ ਦੀਆਂ ਬਾਤਾਂ ਪਾਉਣਾ ਮੁਹੱਬਤ ਨਹੀਂ ਹੁੰਦਾ ਰੋੰਦੇ ਅੱਗੇ ਮੋਢਾ ਕਰ ਦੇਣਾ ਵੀ ਮੁਹੱਬਤ ਈ ਹੁੰਦਾ ਮੇਰੀ ਜਾਨ। ਕਿਸੇ ਦੇ ਕਹੇ ,ਲਿਖੇ ਲਿਖਾਏ ਲਫਜਾਂ ਨੂੰ ਪੜ੍ਹ ਸੁਣ ਕੇ ਚੁਪੀਤੇ ਚਿਹਰੇ ਤੇ ਮੁਸਕਾਨ ਆ ਜਾਣੀ ਤੇ ਆਪਣਾ ਆਪਾ ਭਰਿਆ ਭਰਿਆ ਮਹਿਸੂਸ ਹੋਣਾ ਵੀ ਤਾਂ ਮੁਹੱਬਤ ਹੈ, ਕੂਲ਼ਾ ਜਿਆ ਅਹਿਸਾਸ। ਕਦੇ ਕਦੇ ਇਬਾਦਤ ਕਰਦਿਆਂ ਰੂਹ ਨੂੰ ਕੰਬਣੀ ਜਿਹੀ ਛਿੜ ਜਾਵੇ ਮੁਰਸ਼ਦ ਦੇ ਪਿਆਰ ਚ ਅੱਖਾਂ ਆਪ ਮੁਹਾਰੇ ਛਲਕ ਜਾਣ ਮਨ ਮੈਦਾਨ ਕਰ ਵਿਛ ਜਾਣ ਨੂੰ ਦਿਲ ਕਰੇ ਇਹ ਵੀ ਤਾਂ ਮੁਹੱਬਤ ਦਾ ਪਾਕ ਅਹਿਸਾਸ ਹੁੰਦਾ। ਕਦੇ ਕਿਸੇ ਬਜੁਰਗ ਦੇ ਦਰਦਾਂ ਦੀ ਵਾਰਤਾ ਸੁਣ ਕੇ ਉਹਦੇ ਝੁਰੜੀਆਂ ਭਰੇ ਸਰੀਰ ਨੂੰ ਵੇਖਣਾ ਸੀਨੇ ਨਾਲ ਘੁੱਟ ਕੇ ਲੱਗਣਾ ਤੇ ਉਹਦੀ ਰੂਹ ਨੂੰ ਠੰਢ ਪਹੁੰਚਾਉਣਾ ਮੁਹੱਬਤ ਤੋਂ ਘੱਟ ਨਹੀਂ ਹੁੰਦਾ। ਘਰ ਪਰਿਵਾਰ ਲਈ ਸੰਘਰਸ਼ ਦੇ ਥਪੇੜੇ ਖਾਂਦਿਆਂ ਅਸਹਿ ਥਕਾਨ ਚੋਂ ਵੀ ਸਕੂਨ ਮਹਿਸੂਸ ਕਰਨਾ ਇਬਾਦਤੀ ਮੁਹੱਬਤ ਤੋਂ ਘੱਟ ਨਹੀਂ ਹੁੰਦਾ। ਫੁਰਸਤ ਦੇ ਪਲਾਂ ਚ ਆਪਣੇ ਕਿਸੇ 'ਪਿਆਰੇ ਜਿਹੇ' ਨਾਲ ਗੱਲਾਂ ਦੇ ਹੁੰਗਾਰੇ ਭਰਨਾ ਵੀ ਮੁਹੱਬਤ ਹੀ ਹੁੰਦਾ। ਉਹਦੇ ਸ਼ਬਦਜਾਲ ਤੇ ਯਕੀਨ ਜਿਹਾ ਕਰੀ ਜਾਣ ਨੂੰ ਦਿਲ ਕਰਨਾ ਲੋਕਗੀਤ ਵਰਗੇ ਬੋਲਾਂ ਨਾਲ ਧੁਰ ਅੰਦਰੋਂ ਚਾਨਣ ਚਾਨਣ ਹੋਣਾ ਆਪਾ ਮਹਿਕਦਾ ਜਿਹਾ ਮਹਿਸੂਸ ਕਰਨਾ। ਸੰਬੋਧਨਹੀਣ ਮੁਹੱਬਤ ਵਰਗਾ ਹੁੰਦਾ। ਜਿਸਮਾਂ ਤੋਂ ਪਾਰ ਰੂਹਾਂ ਦੀਆਂ ਬਾਤਾਂ ਨੇ ਮੁਹੱਬਤ ਲਈ ਸਰੀਰ ਗ਼ੈਰਹਾਜ਼ਰ ਰਹਿੰਦਾ ਹੈ ਨਜ਼ਦੀਕੀਆਂ ਦੀ ਥਾਂ ਰੂਹਾਂ ਦਾ ਨਜ਼ਦੀਕ ਹੋਣਾ ਜਿਆਦਾ ਅਰਥਵਾਨ ਹੁੰਦਾ ਹੈ। ਇਹ ਕੋਈ ਤਿਓਹਾਰ ਨਹੀਂ ਜੋ ਸੰਤ ਵੈਲੇਨਟਾਈਨ ਦੀ ਯਾਦ ਚ ਮਨਾਇਆ ਜਾਵੇ। ਪੱਛਮੀ ਤਰਜ਼ ਦੀਆਂ ਮੁਹੱਬਤਾਂ ਥੋੜ੍ਹੇ ਚਿਰ ਚ ਈ ਆਪਣਾ ਵਜੂਦ ਗੁਆ ਬੈਠਦੀਆਂ ਆਓ!! ਮੁਹੱਬਤ ਦੇ ਮਿੱਠੇ ਅਹਿਸਾਸ ਨੂੰ ਹਰ ਸਾਹ ਨਾਲ ਮਾਣੀਏ ਜ਼ਿੰਦਗੀ ਗੁਲਜ਼ਾਰ ਹੋ ਜਾਏ। ਪਿਆਰ ਨਾਲ ਸਰਸ਼ਾਰ ਹੋ ਜਾਏ। ਹਰ ਦਿਨ ਹਰ ਪਲ ਹਰ ਸਾਹ ਮੁਹੱਬਤ ਨਾਲ ਭਰਿਆ ਤਿਓਹਾਰ ਹੋ ਜਾਏ

41. ਸਾਹਾਂ ਵਿੱਚ ਮਹਿਸੂਸ ਕਰਾਂ ਮੈਂ, ਏਨੀ ਵੀ ਮਜਬੂਰ ਨਹੀਂ-ਗ਼ਜ਼ਲ

ਸਾਹਾਂ ਵਿੱਚ ਮਹਿਸੂਸ ਕਰਾਂ ਮੈਂ, ਏਨੀ ਵੀ ਮਜਬੂਰ ਨਹੀਂ। ਖ਼ੁਸ਼ਬੂ ਵਰਗੇ ਜੀਣ ਜੋਗਿਆ, ਮੈਂ ਤੇਰੇ ਤੋਂ ਦੂਰ ਨਹੀਂ। ਮੈਂ ਤਾਂ ਪਾਕ ਮੁਹੱਬਤ ਕੀਤੀ ਠੋਕਰ ਲਾ ਤੂੰ ਤੋੜੀਂ ਨਾ, ਢੌਂਗ ਮੁਹੱਬਤ ਵਾਲਾ ਕਰਨਾ ਮੈਨੂੰ ਇਹ ਮਨਜ਼ੂਰ ਨਹੀਂ। ਯਾਰ ਫ਼ਕੀਰਾਂ ਵਰਗੇ ਹੁੰਦੇ ਦੇਣ ਦੁਆਵਾਂ ਸੁਣਿਐਂ ਮੈਂ, ਤੇਰੇ ਦਰ ਤੋਂ ਧੱਕਿਆ ਜਾਂਵਾਂ , ਮੈਨੂੰ ਇਹ ਮਨਜ਼ੂਰ ਨਹੀਂ। ਦਿਲ ਦੇ ਅੰਦਰ ਸਾਂਭ ਕੇ ਰੱਖਿਐ, ਪਿਆਰ ਨਗੀਨੇ ਵਾਂਗੂੰ ਮੈਂ, ਖੋਲ੍ਹ ਵਿਖਾਵਾਂ ਅੜਿਆ ਜੱਗ ਨੂੰ ਮੇਰਾ ਇਹ ਦਸਤੂਰ ਨਹੀਂ। ਕੂੜ ਇਬਾਰਤ ਲਿਖਣਾ ਪੜ੍ਹਨਾ ਸ਼ਬਦਾਂ ਦੀ ਤੌਹੀਨ ਜਹੀ, ਕਲਾ ਕਲੰਕਿਤ ਹੋਣੋਂ ਬਚਦੀ, ਜੇਕਰ ਜੀ ਹਜ਼ੂਰ ਨਹੀਂ। ਜੇਕਰ ਰੱਬ ਨੂੰ ਪਾਉਣਾ ਅੜਿਆ ਅੰਦਰ ਝਾਤੀ ਮਾਰ ਜ਼ਰਾ, ਤੇਰੇ ਕੋਲੋਂ ਇਹ ਦਰਵਾਜ਼ਾ ਕਿਣਕਾ ਭਰ ਵੀ ਦੂਰ ਨਹੀਂ। ਬੁੱਕਲ ਦੇ ਵਿੱਚ ਤਨ ਦੀ ਮਿੱਟੀ, ਰੂਹ ਸੱਜਣਾਂ ਦੇ ਡੇਰੇ ਤੇ, ਮਨ ਮਿਲਿਆਂ ਦੇ ਮੇਲੇ ਤੋਂ ਬਿਨ ਚੜ੍ਹਦਾ ਕਦੇ ਸਰੂਰ ਨਹੀਂ।

42. ਜਿਉਂ ਟਾਹਣੀ ਤੇ ਫੁੱਲ ਅਧਮੋਏ-ਗ਼ਜ਼ਲ

ਜਿਉਂ ਟਾਹਣੀ ਤੇ ਫੁੱਲ ਅਧਮੋਏ। ਮੈ ਮਰਿਆ ਪਰ ਚਾਅ ਨਾ ਮੋਏ। ਲਿਖਤਾਂ ਵਿੱਚ ਮੈ ਵਸਿਆ ਰਸਿਆ, ਫੁੱਲ ਬੈਠੇ ਜਿਓਂ ਮਹਿਕ ਲਕੋਏ। ਜੋ ਵੀ ਤੇਰੇ ਇਸ਼ਕ ਇਸ਼ਕ ਚ ਰੱਤੇ, ਦਿਨੇ ਚੈਨ ਨਾ ਰਾਤੀਂ ਸੋਏ। ਸੁਣਿਐਂ ਮੇਰੇ ਮਰਨ ਤੋਂ ਮਗਰੋਂ, ਦੁਸ਼ਮਣ ਮੇਰੇ ਰੱਜ ਕੇ ਰੋਏ। ਗ਼ਰਜ਼ਾ ਪਿੱਛੇ ਕੀ ਬਣ ਬੈਠਾਂ, ਤੱਕ ਕੇ ਕੁਦਰਤ ਧਾਹੀਂ ਰੋਏ। ਤੇਰੀ ਭੇਂਟ ਚੜ੍ਹਾਉਣ ਲਈ ਮੈਂ, ਨੈਣੋਂ ਮੋਤੀ ਅੱਥਰੂ ਚੋਏ। ਜਿਵੇਂ ਮਲਾਹ ਹੈ ਅੱਜ ਬਦਨੀਤਾ ਪੂਰ ਦਾ ਰਾਖਾ ਅੱਲਾ ਹੋਏ।

43. ਤੂੰ ਰੱਬ ਦੀ ਮਿੱਠੀ ਦਾਤ ਜਿਹਾ-ਗੀਤ

ਤੂੰ ਰੱਬ ਦੀ ਮਿੱਠੀ ਦਾਤ ਜਿਹਾ ਕੋਈ ਪਿਆਰ ਚ ਮਿਲੀ ਸੌਗਾਤ ਜਿਹਾ ਤੈਨੂੰ ਦਿਲ ਦੇ ਆਲ਼ੇ ਵਿਚ ਰੱਖਿਆ, ਕਿਸੇ ਨਾਲ ਵਟਾਇਆ ਜਾਣਾ ਨਹੀਂ। ਵੇ ਅੜਿਆ ਨਾ ਕਰ ਅੜੀਆਂ ਮਿਲਣ ਦੀਆਂ ਪਿਛੋਂ ਪਿਆਰ ਭੁਲਾਇਆ ਜਾਣਾ ਨਹੀਂ। ਤੇਰਾ ਨਾਮ ਇਬਾਦਤ ਰੱਬ ਦੀ ਸੱਜਣਾ ਲੱਗਦੀ ਐ ਮਨ ਮਹਿਕੇ ਜਦ ਪੌਣ ਪੁਰੇ ਦੀ ਵਗਦੀ ਐ। ਇਹ ਗੀਤ ਪਿਆਰ ਦਾ ਤੇਰੇ ਬਿਨ, ਮੈਥੋਂ ਕੱਲਿਆਂ ਗਾਇਆ ਜਾਣਾ ਨਹੀਂ। ਅੜਿਆ ਨਾ ਕਰ ਅੜੀਆਂ ਮਿਲਣ ਦੀਆਂ, ਪਿਛੋਂ ਦਰਦ ਹੰਢਾਇਆ ਜਾਣਾ ਨਹੀਂ। ਇਹ ਨੀਰ ਮੁਹੱਬਤੀ ਮਿੱਠੜਾ ਸੱਜਣਾ ਖੂਹਾਂ ਦਾ। ਇਹ ਸੁੱਚੜਾ ਇਸ਼ਕ ਤਾਂ ਮੇਲ ਸੋਹਣੀਆਂ ਰੂਹਾਂ ਦਾ। ਜਦੋਂ ਉੱਜੜ ਜਾਂਦੇ ਨੇ ਬਾਗ ਤੇ ਪੰਛੀ ਉੱਡ ਜਾਂਦੇ, ਇਹ ਦਰਦ ਹਿਜਰ ਦਾ ਸੱਜਣਾ ਵੇ, ਕਿਸੇ ਕੋਲ ਸੁਣਾਇਆ ਜਾਣਾ ਨਹੀਂ। ਵੇ ਅੜਿਆ ਨਾ ਕਰ ਅੜੀਆਂ ਮਿਲਣ ਦੀਆਂ, ਪਿਛੋਂ ਦਰਦ ਹੰਢਾਇਆ ਜਾਣਾ ਨਹੀਂ। ਤੈਨੂੰ ਰੱਬ ਤੋਂ ਕੋਲ ਬਿਠਾ ਲੇਖੀਂ ਲਿਖਵਾਉਣਾ ਵੇ। ਤੇ ਦਿਲ ਆਪਣੇ ਦਾ ਮਿੱਠੜਾ ਮੀਤ ਬਣਾਉਣਾ ਵੇ। ਸੋਹਣਿਆ !ਡੋਰੀਆਂ ਭਾਵੇਂ ਰੱਬ ਤੇ ਨੇ ਮੈਥੋਂ ਇਸ਼ਕ ਲੁਕਾਇਆ ਜਾਣਾ ਨਹੀਂ। ਵੇ ਅੜਿਆ ਨਾ ਕਰ ਅੜੀਆਂ ਮਿਲਣ ਦੀਆਂ ਪਿਛੋਂ ਪਿਆਰ ਭੁਲਾਇਆ ਜਾਣਾ ਨਹੀਂ

44. ਹੁਸਨ ਇਕ ਸਵੇਰ ਹੈ ਤਾਂ

ਹੁਸਨ ਇਕ ਸਵੇਰ ਹੈ ਤਾਂ ਇਸ਼ਕ ਸ਼ਾਮ ਪਿਆਰ ਦੀ ਸ਼ਾਮ ਢਲ਼ ਕੇ ਰਾਤ ਵਿੱਚ ਹੁਸਨ ਸਦਾ ਨਿਖਾਰ ਦੀ ਹੁਸਨ ਜੇ ਇਕਰਾਰ ਹੈ ਤਾਂ ਇਸ਼ਕ ਵੀ ਇਤਬਾਰ ਹੈ ਇਕਰਾਰ ਭਾਵੇਂ ਟੁੱਟ ਜਾਏ ਹਸਤੀ ਰਹੇ ਇਤਬਾਰ ਦੀ ਹੁਸਨ ਇਕ ਚਾਹਤ ਹੈ ਜੇ ਤਾਂ ਇਸ਼ਕ ਇੰਤਜ਼ਾਰ ਹੈ ਇਸ਼ਕ ਦੀ ਤਾਉਮਰ ਬੀਤੀ ਹੁਸਨ ਦੇ ਇੰਤਜ਼ਾਰ ਦੀ ਹੁਸਨ ਜੇ ਸ਼ਮਾ ਹੈ ਤਾਂ ਹੈ ਇਸ਼ਕ ਪ੍ਰਵਾਨਾ ਜਿਹਾ ਸ਼ਮਾ ਤੇ ਪ੍ਰਵਾਨਿਆਂ ਦੀ ਦਾਸਤਾਂ ਹੈ ਪਿਆਰ ਦੀ ਪਰਵਾਨੇ ਜੰਮਦੇ ਹੀ ਤਾਂ ਨੇ ਬਸ ਸ਼ਮਾਂ ਤੇ ਸੜਨ ਲਈ ਇਹ ਹੈ ਕੈਸੀ ਆਸ਼ਕੀ ਜੋ ਜੰਮਦਿਆਂ ਨੂੰ ਮਾਰਦੀ ਹੁਸਨ ਜਿੱਤਦਾ ਏ ਸਦਾ ਤੇ ਇਸ਼ਕ ਬਾਜੀ ਹਾਰਦਾ ਹਾਰ ਕੇ ਵੀ ਆਖਦਾ ਬੇਇੰਤਹਾ ਖੁਸ਼ੀ ਹਾਰ ਦੀ ਨਾ ਕਰੋ ਦਾਰੂ ਤਬੀਬੋ ਮਰਨ ਦੇਵੋ ਇਸ਼ਕ ਨੂੰ ਜਹਿਰ ਪੀਤੀ ਏਸਨੇ ਹੈ ਹੁਸਨ ਦੀ ਕਟਾਰ ਦੀ ਹੁਸਨ ਜੇ ਹੈ ਜ਼ਿੰਦਗੀ ਤਾਂ ਇਸ਼ਕ ਨਾਂ ਹੈ ਮੌਤ ਦਾ ਮੌਤ ਪਿੱਛੋਂ ਹੀ ਮਿਲੇ ਮੰਜ਼ਿਲ ਹਕੀਕੀ ਪਿਆਰ ਦੀ

45. ਪੈੜ ਤੇਰੀ ਦਾ ਪਿੱਛਾ ਕਰਦੇ

ਪੈੜ ਤੇਰੀ ਦਾ ਪਿੱਛਾ ਕਰਦੇ ਸਾਰੀ ਦੁਨੀਆਂ ਪੈਰੀਂ ਗਾਹ ਤੀ ਕਾਮ ਕ੍ਰੋਧ ਦੇ ਧੱਕੇ ਚੜ੍ਹ ਕੇ ਸਾਰੀ ਉਮਰ ਹੀ ਦਾਅ ਤੇ ਲਾ ਤੀ ਰੱਬ ਰੱਬ ਕਰਨਾ ਜੁਰਮ ਹੋ ਗਿਆ ਯਾਰਾਂ ਸਾਰੇ ਭੰਡੀ ਪਾ ਤੀ ਕੂੜੀ ਦੁਨੀਆ ਕੂੜ ਵਿਹਾਝੀ ਕੂੜੇ ਲਾਰੇ ਉਮਰ ਲੰਘਾ ਤੀ ਮੈਂ ਲੋਚਾਂ ਓਸ ਰੱਬ ਦੀਆਂ ਦੀਦਾਂ ਰੱਬ ਨੇ ਅੱਗਿਉਂ ਵਹੀ ਦਿਖਾ ਤੀ ਇਸ ਧਰਤੀ ਦਾ ਬੰਦਾ ਰੱਬ ਏ ਬੰਦੇ ਦੇ ਕਿਸੇ ਕੰਨੀਂ ਪਾ ਤੀ ਕੀ ਖੱਟਿਆ ਤੇ ਕੀ ਗਵਾਇਆ ਏਸੇ ਗਣਤ ਚ ਵਾਟ ਮੁਕਾ ਤੀ ਆਖਰ ਛੱਡ ਜਹਾਨੋਂ ਤੁਰਿਆ ਤਨ ਦੀ ਲੋਈ ਅੱਗ ਨੇ ਲਾਹ ਤੀ

46. ਯਾਦ ਤੇਰੀ

ਯਾਦ ਤੇਰੀ ਜਦ ਵੀ ਵਿਸਰੀ ਮੇਰੀ ਜਾਨ ਤੇ ਬਣਦੀ ਰਹੀ ਬੱਦਲੀ ਵਾਂਗੂ ਅੱਖ ਮੇਰੀ ਛਮ ਛਮ ਵਰ੍ਹਦੀ ਰਹੀ ਜੋਗੀ ਬਣ ਤੈਨੂੰ ਹੀ ਜੰਗਲੀਂ ਲੱਭਦਾ ਰਿਹਾ ਸੂਹ ਨਾ ਤੇਰੀ ਮਿਲੀ ਸੁੱਧ ਨਾ ਘਰ ਦੀ ਰਹੀ ਦਿਲ ਪਪੀਹੇ ਪੀ ਪੀ ਕਰ ਅਕਾਸ਼ ਸਿਰ ਤੇ ਚੁੱਕ ਲਿਆ ਪੀਣ ਦੀ ਤਾਂ ਸੁਰਤ ਭੁੱਲੀ ਸੁਰਤ ਬਸ ਪੀ ਦੀ ਰਹੀ ਇਹ ਤਾਂ ਮੈਨੂੰ ਪਤਾ ਸੀ ਲੇਖਿਆਂ ਦੀ ਖੁੱਲੂ ਵਹੀ ਕੁਕਰਮ ਵੀ ਕਰਦਾ ਰਿਹਾ ਜਾਨ ਵੀ ਕੰਬਦੀ ਰਹੀ ਆਪਣੇ ਬੇਗਾਨੇ ਯਾਰ ਮਿੱਤਰ ਛੱਡੀ ਜਾਂਦੇ ਸਾਥ ਹੁਣ ਮੌਤ ਦੀ ਬੇਦਰਦ ਹੋਣੀ ਹੱਥ ਮੇਰਾ ਮੰਗਦੀ ਰਹੀ ਸਦਾ ਰਹਿਣਾ ਨੇਰ ਨਹੀਂ ਪਹੁ ਫੁਟਾਲਾ ਹੋਏਗਾ ਕਦੇ ਪਸਰੇਗਾ ਨੂਰ ਉਹਦਾ ਬਾਣੀ ਸੱਚ ਨਾਨਕ ਕਹੀ

47. ਰਾਤ ਰਾਣੀ ਦੇ ਡਲ੍ਹਕਣ ਅੱਥਰੂ

ਰਾਤ ਰਾਣੀ ਦੇ ਡਲ੍ਹਕਣ ਅੱਥਰੂ ਦੇਰ ਰਾਤ ਤੱਕ ਕੰਬਦੇ ਰਹੇ। ਚੁੱਪ ਚੁਪੀਤੇ ਲੋਕ ਬੇਦਰਦੇ ਕੋਲੋਂ ਦੇਖ ਦੇਖ ਲੰਘਦੇ ਰਹੇ। ਕਿਸੇ ਕੋਲ ਵੀ ਵਿਹਲ ਨਹੀਂ ਸੀ ਸੇਜਲ ਅੱਖੀਆਂ ਪੂੰਝਣ ਦੀ, ਰੱਬ ਜਾਣੇ ਕੀ ਹੋਇਆ ਸਭ ਨੂੰ ਕਿਹੜੀ ਗੱਲੋਂ ਸੰਗਦੇ ਰਹੇ। ਸੂਰਜ ਕਿਰਨਾਂ ਅੱਥਰੂ ਪੀ ਲਏ ਫੁੱਲ ਪਿਆਸੇ ਤਰਸ ਰਹੇ, ਹਿਜਰਾਂ ਕੁੱਠੇ ਦਰਦ ਪਰਿੰਦੇ, ਨੂਰ ਪਿਆਲਾ ਮੰਗਦੇ ਰਹੇ। ਨਾ ਪਰਦਾ ਨਾ ਬੁਰਕਾ ਮੂੰਹ ਤੇ ਹੁਸਨ ਨਕਾਬੋਂ ਬਾਗੀ ਹੈ, ਗੱਭਰੂ ਤੇ ਮੁਟਿਆਰਾਂ ਕਿਸ ਤੋਂ ਇਸ਼ਕ ਚੁਆਤੀ ਮੰਗਦੇ ਰਹੇ। ਇਸ਼ਕ ਤੇਰੇ ਵਿਚ ਡੁੱਬ ਕੇ ਖ਼ੌਰੇ ਕਿਹੜੀ ਮੰਗ ਸੀ ਕਰ ਬੈਠੇ , ਬਿਰਹਾ ਮਾਰੂ ਨਾਗ ਖੜੱਪੇ, ਸਾਨੂੰ ਹੀ ਕਿਉਂ ਡੰਗਦੇ ਰਹੇ।

48. ਰਾਤ ਭਰ ਸੀਨੇ ਚ ਮਚਲੇ, ਕਿਉਂ ਨਿਚੱਲੇ ਹੋ ਗਏ-ਗ਼ਜ਼ਲ

ਰਾਤ ਭਰ ਸੀਨੇ ਚ ਮਚਲੇ, ਕਿਉਂ ਨਿਚੱਲੇ ਹੋ ਗਏ। ਆਠਰੇ ਸੀ ਜ਼ਖਮ ਦਿਲ ਦੇ ਫਿਰ ਤੋਂ ਅੱਲੇ ਹੋ ਗਏ। ਦਰਦ,ਪੀੜਾਂ,ਹੌਕੇ ,ਹਾਵੇ ਸਭ ਤੇਰੀ ਸੌਗਾਤ ਨੇ ਜਿੰਦੜੀ ਮਲੂਕ ਉੱਤੇ ,ਫਿਰ ਇਹ ਹੱਲੇ ਹੋ ਗਏ। ਦਰਸ ਦੀ ਸਿੱਕ ਹਾਲੇ ਤੱਕ ਵੀ ਦਿਲ ਮੇਰੇ ਮਹਿਫ਼ੂਜ਼ ਹੈ, ਵੇਖ ਹੁਣ ਵੀ ਨੈਣ ਤਰਸਣ ਕਿੰਨੇ ਝੱਲੇ ਹੋ ਗਏ। ਵੇਖ ਲੈ, ਮੰਡੀ ਚ ਵਿਕਦਾ ਜੋ ਵਿਕਾਊ ਮਾਲ ਹੈ, ਸੱਖਣੀ ਰੂਹ ਭਟਕਦੀ ਤੇ ਭਾਰੇ ਗੱਲੇ ਹੋ ਗਏ। ਚੁੱਪ ਪਸਰੀ ਚਾਰੇ ਪਾਸੇ ਰਾਤ ਵੀ ਖਾਮੋਸ਼ ਹੈ, ਜਗ ਰਹੇ ਦੀਵੇ ਦੁਆਲੇ ਜੁਗਨੂੰ ਝੱਲੇ ਹੋ ਗਏ। ਸੱਜਰੇ ਅਹਿਸਾਸ, ਅਕਲਾਂ ਰੋਲਦੇ ਨੇ ਬੇਸ਼ਨਾਸ, ਚੰਦ ਸਿੱਕੇ ਵੇਖ ਲੈ ਤੂੰ ਜਿਸ ਦੇ ਪੱਲੇ ਹੋ ਗਏ। ਪੰਜ ਤੱਤ ਵਿੱਛੜੇ ਜਦੋਂ , ਅਗਨੀ ਚ ਪੈਣਾ ਪੈ ਗਿਆ, ਕਿੰਜ ਦੱਸਾਂ ਤੇਰੇ ਬਿਨ,ਕਿੰਨੇ ਇਕੱਲੇ ਹੋ ਗਏ। (ਬੇਸ਼ਨਾਸ - ਬੇਕਦਰ)

49. ਘੁੰਡ ਦੇ ਵਿਚੋਂ ਲੁਕ ਲੁਕ ਤੱਕਣਾ

ਘੁੰਡ ਦੇ ਵਿਚੋਂ ਲੁਕ ਲੁਕ ਤੱਕਣਾ ਨੈਣ ਮਿਲਾਵਣ ਢੰਗ ਨੇ ਲੱਖਾਂ ਮਹਿਫਲ ਦੇ ਵਿਚ ਨਜ਼ਰ ਚੁਰਾਉਣੀ ਜੀਅ ਜਲਾਵਣ ਢੰਗ ਨੇ ਲੱਖਾਂ ਗ਼ਮ ਪੀੜਾਂ ਤੇ ਹੰਝੂ ਹਾਓਕੇ ਦਰਦ ਹੰਢਾਵਣ ਢੰਗ ਨੇ ਲੱਖਾਂ ਗੈਰਾਂ ਵਿੱਚ ਬਦਖੋਈ ਕਰਨੀ ਅੱਗ ਲਾਵਣ ਦੇ ਢੰਗ ਨੇ ਲੱਖਾਂ ਝੂਠੇ ਮੂਠੇ ਹਾਸੇ ਹੱਸ ਕੇ ਗ਼ਮ ਲੁਕਾਵਣ ਢੰਗ ਨੇ ਲੱਖਾਂ ਸਿਰ ਲੱਥੇ ਸਿਰ ਮੱਥੇ ਉਤੇ ਸਦਕੇ ਜਾਵਣ ਢੰਗ ਨੇ ਲੱਖਾਂ ਮੈਂ ਤਾਂ ਜੀਣਾ ਯਾਰ ਦੇ ਬੂਹੇ ਬਿਨ ਸੱਜਣ ਮੈਂ ਹੌਲ਼ੀ ਕੱਖਾਂ ਯਾਰਾ ਜੀਵੇਂ ਜੁਗੜਿਆਂ ਤੀਕਰ ਸਾਈੰ ਮੇਰੇ ਦੀਆਂ ਸੌ ਸੌ ਰੱਖਾਂ

50. ਸੱਜਣ ਜੀ

ਸੱਜਣ ਜੀ ਅਸੀਂ ਰਾਹੀਂ ਤੇਰੇ ਹਰ ਪਲ ਨੈਣ ਵਿਛਾਈਏ ਵੇ ।। ਅੱਧੀ ਰਾਤੀਂ ਵਾਂਗ ਤਾਰਿਆਂ ਮੁੜ ਮੁੜ ਟੁੱਟਦੇ ਜਾਈਏ ਵੇ ।। ਕਦ ਪਾਵੇਂਗਾ ਫੇਰਾ ਦਰ 'ਤੇ ਕਾਂਵਾਂ ਚੂਰੀ ਪਾਈਏ ਵੇ ।। ਤੇਰੀ ਰੀਝ ਪੁਗਾਵਣ ਖਾਤਰ ਸੂਲੀ 'ਤੇ ਚੜ ਜਾਈਏ ਵੇ ।। ਤੂੰ ਕੀ ਜਾਣੇ ਤੇਰੇ ਬਾਜੋਂ ਗੀਤ ਹਿਜਰ ਦੇ ਗਾਈਏ ਵੇ ।।

51. ਯਾਦਾਂ ਵਾਲੀ ਪੰਡ ਤੇਰੀ ਅਸੀਂ ਚੁੱਕੀ ਫਿਰਦੇ-ਗੀਤ

ਯਾਦਾਂ ਵਾਲੀ ਪੰਡ ਤੇਰੀ ਅਸੀਂ ਚੁੱਕੀ ਫਿਰਦੇ। ਨੈਣਾਂ ਵਿਚੋਂ ਹੰਝੂ ਮੇਰੇ ਜ਼ਾਰੋ ਜ਼ਾਰ ਕਿਰਦੇ। ਕੋਲ ਆ ਕੇ ਬੈਠ ਕਦੇ ਦੁੱਖੜੇ ਫਰੋਲੀਏ। ਤੇਰੀ ਝਾਕ ਵਿਚ ਬੂਹਾ ਢੋਈਏ ਕਦੇ ਖੋਲ੍ਹੀਏ। ਬੜਾ ਸਮਝਾਵਾਂ ਦਿਲ ਨੂੰ ਛੱਡ ਦੇ ਤੂੰ ਅੜੀਆਂ। ਨੈਣਾਂ ਵਿੱਚੋਂ ਲੱਗਦੀਆਂ ਸਾਉਣ ਦੀਆਂ ਝੜੀਆਂ। ਆਪਣੇ ਪਿਆਰਿਆਂ ਨੂੰ ਉੱਚਾ ਨਾ ਵੇ ਬੋਲੀਏ। ਤੇਰੀ ਝਾਕ ਵਿਚ ਬੂਹਾ ਢੋਈਏ ਕਦੇ ਖੋਲ੍ਹੀਏ। ਪੌਣਾਂ ਹੱਥ ਰਹਿੰਨੀ ਆਂ ਸੁਨੇਹੇ ਨਿੱਤ ਘੱਲਦੀ। ਤੂੰ ਕੀ ਜਾਣੇ ਜਿੰਦੜੀ ਵਿਛੋੜਾ ਕਿਵੇੰ ਝੱਲਦੀ। ਤੇਰੇ ਖ਼੍ਵਾਬ ਜਾਗਦੇ ਨੇ ਨੈਣ ਕਿੱਦਾਂ ਖੋਲ੍ਹੀਏ। ਤੇਰੀ ਝਾਕ ਵਿਚ ਬੂਹਾ ਢੋਈਏ ਕਦੇ ਖੋਲੀਏ ਮਾਰ ਨਾ ਤੂੰ ਤੱਤੜੀ ਨੂੰ ਹਿਜਰਾਂ ਦੀ ਮਾਰ ਵੇ। ਆਪਣੀ ਬਣਾ ਕੇ ਮੈਨੂੰ ਦਿਲੋਂ ਨਾ ਵਿਸਾਰ ਵੇ। ਇਸ਼ਕੇ ਦੀ ਹੱਟ ਪਾ ਕੇ ਪੂਰਾ ਪੂਰਾ ਤੋਲੀਏ। ਤੇਰੀ ਝਾਕ ਵਿਚ ਬੂਹਾ ਢੋਈਏ ਕਦੇ ਖੋਲੀਏ। ਤੇਰੀ ਲਈ ਤਾਂ ਭੁੱਲ ਗਈ ਹਾਂ ਸਾਰਾ ਸੰਸਾਰ ਵੇ। ਹੋਰ ਕੋਈ ਨਾ ਮੰਗ , ਮੰਗਾਂ ਤੇਰਾ ਹੀ ਦੀਦਾਰ ਵੇ। ਭਾਵੇਂ ਜੱਗ ਸੂਲ਼ੀ ਚਾੜੇ ਸਿਦਕੋਂ ਨਾ ਡੋਲੀਏ। ਤੇਰੀ ਝਾਕ ਵਿਚ ਬੂਹਾ ਢੋਈਏ ਕਦੇ ਖੋਲੀਏ

52. ਮੁਹੱਬਤ ਦਾ ਲਾਰਾ

ਮੁਹੱਬਤ ਦਾ ਲਾਰਾ ਸੀ ਮਿੱਠਾ ਜ਼ਹਿਰ ਹਰ ਦੁਆ ਤੇ ਦਵਾ ਬੇਅਸਰ ਹੋ ਗਈ। ਦਿਲ ਹੀ ਦਿਲ ਵਿੱਚ ਚਾਹੁੰਦੇ ਰਹੇ ਫਿਰ ਵੀ ਇਹ ਖਬਰ ਨਸ਼ਰ ਹੋ ਗਈ। ਤੇਰੇ ਤੋਂ ਬਗੈਰ ਕਿਵੇਂ ਜਿਉਣਾ ਹੈ, ਪਤਾ ਨਹੀਂ? ਇਹੀ ਕਹਿੰਦਿਆਂ ਜ਼ਿੰਦਗੀ ਬਸਰ ਹੋ ਗਈ। ਸੋਹਣਿਆਂ ਦਾ ਆਉਣਾ , ਹੁਣ ਲੁਕਿਆ ਨਹੀਂ ਰਹਿਣਾ, ਹਵਾ ਤੈਨੂੰ ਛੋਹ ਕੇ , ਇਤਰ ਹੋ ਗਈ।

53. ਤੇਰੇ ਨਾਲ ਮੁਹੱਬਤਾਂ ਸੱਚੀਆਂ ਨੇ-ਗੀਤ

ਤੇਰੇ ਨਾਲ ਮੁਹੱਬਤਾਂ ਸੱਚੀਆਂ ਨੇ ਮੈ ਦਿਲ ਵਿੱਚ ਸਾਂਭ ਕੇ ਰੱਖੀਆਂ ਨੇ ਜੇ ਤੂੰ ਭਰੇ ਹੁੰਗਾਰਾ ਪਿਆਰਾਂ ਦਾ, ਮੈਂ ਤੇਰਾ ਹਰ ਬੋਲ ਪ੍ਰਵਾਨ ਕਰਾਂ। ਜੀਅ ਕਰਦਾ ਤੇਰੀ ਸੁਹਬਤ ਨੂੰ, ਮੈਂ ਗੀਤਾਂ ਵਿੱਚ ਬਿਆਨ ਕਰਾਂ। ਤੇਰੇ ਬਾਰੇ ਲਿਖਕੇ ਇੰਝ ਲੱਗਦਾ, ਮੈ ਆਪਣੇ ਤੇ ਅਹਿਸਾਨ ਕਰਾਂ। ਤੂੰ ਫੁੱਲਾਂ ਭਰੀ ਚੰਗੇਰਾ ਜਿਹਾ, ਜੋ ਮਹਿਕਾਂ ਵੰਡਦੇ ਸਾਰਿਆਂ ਨੂੰ। ਕਦੇ ਅੰਬਰਾਂ ਦਾ ਸ਼ਿੰਗਾਰ ਲੱਗੇੰ, ਜਦ ਦੇਖਾਂ ਜਗਦੇ ਤਾਰਿਆਂ ਨੂੰ। ਮੈਨੂੰ ਜਦ ਵੀ ਤੇਰੀ ਦੀਦ ਹੋਵੇ, ਤੇਰੇ ਕਦਮਾਂ ਦੇ ਵਿੱਚ ਜਾਨ ਧਰਾਂ। ਤੇਰੇ ਬਾਰੇ ਲਿਖਕੇ ਇੰਝ ਲੱਗਦਾ ਮੈ ਆਪਣੇ ਤੇ ਅਹਿਸਾਨ ਕਰਾਂ ਮੈਂ ਪਿਆਰ ਕਲਾਵੇ ਲੈ ਤੈਨੂੰ, ਇਕ ਵਾਰੀ ਰੱਜ ਕੇ ਤੱਕਣਾ ਏ। ਕਿਤੇ ਮੈਥੋਂ ਕੋਈ ਖੋਹ ਨਾ ਲਵੇ, ਦਿਲ ਵਿਚ ਸਾਂਭ ਕੇ ਰੱਖਣਾ ਏ। ਤੇਰੇ ਨੈਣਾਂ ਚੋਂ ਬੁੱਝ ਗੱਲ ਸਾਰੀ, ਤੇਰਾ ਹਰ ਪੂਰਾ ਅਰਮਾਨ ਕਰਾਂ। ਜੀਅ ਕਰਦਾ ਤੇਰੀ ਮੁਹੱਬਤ ਨੂੰ ਮੈਂ ਗੀਤਾਂ ਵਿੱਚ ਬਿਆਨ ਕਰਾਂ। ਤੇਰੇ ਬਾਰੇ ਲਿਖਕੇ ਇੰਝ ਲੱਗਦਾ ਮੈ ਆਪਣੇ ਤੇ ਅਹਿਸਾਨ ਕਰਾਂ। ਮੇਰੇ ਫਰਕ ਰਹੇ ਦੋ ਹੋਠਾਂ ਤੇ, ਤੂੰ ਕੋਸੇ ਜਹੇ ਸਾਹ ਧਰ ਦੇ ਵੇ। ਇਹ ਮੋਈ ਮਿੱਟੀ ਖਾਬਾਂ ਦੀ, ਇੱਕ ਵਾਰ ਜਿਉਂਦੀ ਕਰ ਦੇ ਵੇ। ਦਿਲ ਸਾਗਰ ਦੇ ਵਿੱਚ ਕੀ ਚੱਲਦਾ, ਕਿੰਜ ਸ਼ਬਦਾਂ ਵਿੱਚ ਬਿਆਨ ਕਰਾਂ। ਤੇਰੇ ਬਾਰੇ ਲਿਖ ਕੇ ਇੰਝ ਲੱਗਦਾ, ਮੈਂ ਆਪਣੇ ਤੇ ਅਹਿਸਾਨ ਕਰਾਂ। ਮੈਂ ਕਿੰਨਾ ਤੈਨੂੰ ਮੋਹ ਕਰਦੀ, ਹਾਏ!ਬੋਲ ਕੇ ਦੱਸਿਆ ਜਾਵੇ ਨਾ। ਜੇ ਝੂਠ ਮੈਂ ਬੋਲਾਂ ਸੱਜਣਾ ਵੇ, ਮੈਨੂੰ ਅਗਲਾ ਸਾਹ ਮੁੜ ਆਵੇ ਨਾ। ਤੇਰੇ ਲਈ ਜੀਵਣ ਜੋਗਿਆ ਵੇ, ਮੈਂ ਜਿੰਦ ਆਪਣੀ ਕੁਰਬਾਨ ਕਰਾਂ। ਜੀਅ ਕਰਦਾ ਤੇਰੀ ਮੁਹੱਬਤ ਨੂੰ ਮੈਂ ਗੀਤਾਂ ਵਿੱਚ ਬਿਆਨ ਕਰਾਂ ਤੇਰੇ ਬਾਰੇ ਲਿਖਕੇ ਇੰਝ ਲੱਗਦਾ, ਮੈ ਆਪਣੇ ਤੇ ਅਹਿਸਾਨ ਕਰਾਂ।

54. ਤੇਰੀ ਮਸਤ ਮਲੰਗਾਂ ਵਾਲੀ ਤੱਕਣੀ

ਤੇਰੀ ਮਸਤ ਮਲੰਗਾਂ ਵਾਲੀ ਤੱਕਣੀ, ਤੇਰੀ ਦੀਦ ਬਿਨਾਂ ਈਦ ਸਾਡੀ ਸੱਖਣੀ, ਮੇਰੇ ਦਿਲ ਵਿਚ ਥਾਂ ਏ ਤੇਰਾ ਪੀਰ ਵਰਗਾ। ਮੈਨੂੰ ਲੱਗਦਾ ਤੂੰ ਟਿੱਲੇ ਦੇ ਫਕੀਰ ਵਰਗਾ ਤੇਰੇ ਮਿਸ਼ਰੀ ਤੋਂ ਵੱਧ ਮਿੱਠੇ ਬੋਲ ਵੇ। ਦੂਰ ਅੱਖੀਆਂ ਤੋਂ ਦਿਲ ਦੇ ਆ ਕੋਲ ਵੇ। ਸੁੱਚੀ ਲੇਖਾਂ ਵਿੱਚ ਲਿਖੀ ਹੋਈ ਲਕੀਰ ਵਰਗਾ। ਤੂੰ ਤੇ ਲੱਗਦਾ ਏਂ ਟਿੱਲੇ ਦੇ ਫਕੀਰ ਵਰਗਾ ਤੈਨੂੰ ਦੇਖ ਦੇਖ ਦਿਲ ਨਹੀਓ ਰੱਜਦਾ। ਤੈਨੂੰ ਵੇਖਿਆਂ ਸਰੂਰ ਚੜ੍ਹੇ ਹੱਜ ਦਾ। ਤੈਨੂੰ ਰੁਤਬਾ ਮੈਂ ਦਿੱਤਾ ਹੈ ਵਜ਼ੀਰ ਵਰਗਾ। ਤੂੰ ਤੇ ਲੱਗਦਾ ਏਂ ਟਿੱਲੇ ਦੇ ਫਕੀਰ ਵਰਗਾ। ਰੱਬਾ ਤੇਰੀ ਬੜੀ ਸ਼ੁਕਰਗੁਜ਼ਾਰ ਵੇ। ਉਹਦੇ ਆਉਣ ਨਾਲ ਆਈ ਏ ਬਹਾਰ ਵੇ। ਹੁਣ ਰਿਸ਼ਤਾ ਬਣਾਈਂ ਖੰਡ ਖੀਰ ਵਰਗਾ। ਤੂੰ ਤਾਂ ਲੱਗਦਾ ਏਂ ਟਿੱਲੇ ਦੇ ਫ਼ਕੀਰ ਵਰਗਾ।

55. ਮਨ ਕਸਤੂਰੀ

ਸ਼ਬਦ ਪਿੱਛੇ ਰਹਿ ਗਏ ਭਾਵਨਾ ਬਹੁਤ ਅੱਗੇ ਨਿਕਲ ਗਏ। ਪਤਾ ਨਹੀਂ ਇਹ ਦੋਸਤੀ ਆ! ਇਬਾਦਤ ਆ! ਜਾਂ ਕੁਝ ਹੋਰ ਪਤਾ ਨਹੀਂ! ਭਾਵਨਾ ਉਮਰ ਦੇ ਭੇਦ ਨੂੰ, ਮੁਹੱਬਤ ਰੁਤਬੇ ਨੂੰ, ਤਾਂਘ ਰਸੂਖ ਨੂੰ! ਕਿਸੇ ਭੇਦ ਨੂੰ ਨਹੀਂ ਜਾਣਦੀ। ਇਹ ਤਾਂ ਰੂਹ ਦੇ ਨੇੜਿਓਂ ਰੂਹ ਦਾ ਨਿੱਘ ਮਾਣਦੀ ਐ । ਆਪੇ ਈ ਸਮਰਪਣ ਹੋ ਜਾਂਦੇ ਨੇ ਸਾਰੇ ਅਹਿਸਾਸ ਤਰਲ ਹੋ ਕੇ। ਛੱਲੀ ਦੇ ਦੋਧੇ ਦਾਣਿਆਂ ਵਰਗੀ ਮਿਠਾਸ ਹੈ ਸਨੇਹੀ ਬੋਲਾਂ ਚ। ਜਿੰਦਗੀ ਜਿਊਣ ਦਾ ਚੱਜ ਆਚਾਰ ਸਿਖਾਉਂਦੀ ਐ ਮੈਨੂੰ ਤੇਰੀ ਦਿੱਤੀ ਸੇਧ। ਸੁਪਨੇ ਕੱਤਦਾ ਤਰਿੰਝਣ ਹੋਰ ਵੀ ਖੂਬਸੂਰਤ ਬਣ ਜਾਂਦਾ। ਗੀਤਾਂ ਦੇ ਗਲੋਟੇ ਲਾਹ ਲਾਹ ਛਿੱਕੂ ਭਰ ਜਾਂਦਾ ਹਰ ਰੋਜ਼। ਪਤਾ ਨਹੀਂ! ਇਹ ਅਦਬ ਐ! ਮੁਹੱਬਤ ਹੈ ਜਾਂ ਕੁਝ ਹੋਰ। ਬਸ! ਐਨਾ ਹੀ ਜਾਣਦੀ ਹਾਂ। ਏਨੀਆਂ ਅਦਬਯੋਗ ਪਾਵਨ ਪੁਸਤਕਾਂ ਤੇ ਰਿਸ਼ਤਿਆਂ ਦੀਆਂ ਕੰਨੀਆਂ ਰੂਹ ਦੇ ਰੱਖਣੇ ਚ ਹੀ ਸਾਂਭ ਕੇ ਰੱਖੀਦੀਆਂ। ਬੇਨਾਮ ਮਹਿਕਦੇ ਰਿਸ਼ਤੇ ਨੂੰ ਨਾਭੀ ਚ ਕਸਤੂਰੀ ਵਾਂਗ ਸਾਂਭੀਦਾ।

56. ਚਿੱਤ ਕਰੇ

ਚਿੱਤ ਕਰੇ ਬਣਾਂ ਤੇਰੇ ਕੰਨੀ ਸੋਹਣਾ ਝੁਮਕਾ ਨੀ , ਗੋਰੀਆਂ ਗੱਲ੍ਹਾਂ ਤੋਂ ਲੈਂਦਾ ਪਿਆਰ ਨੀ। ਟਿੱਕਾ ਬਣਾਂ ਚੁੰਮ ਲਵਾਂ ,ਮੱਥਾ ਤੇਰਾ ਸੂਰਜੀ ਮੈਂ, ਪਿਆਰ ਦਾ ਮੈਂ ਕਰਾਂ ਇਜ਼ਹਾਰ ਨੀ। ਇਕ ਚਿੱਤ ਕਰੇ ਬਣਕੇ ਤਵੀਤੜੀ ਮੈਂ, ਬਣਾਂ ਤੇਰੀ ਧੌਣ ਦਾ ਸ਼ਿੰਗਾਰ ਨੀ। ਕਦੇ ਕਦੇ ਸੋਚਾਂ ਕੀ ਏ ਲੋੜ ਨੀ ਸ਼ਿੰਗਾਰ ਵਾਲੀ ਪਿਆਰ ਵਾਲਾ ਪਾਵਾਂ ਤੈਨੂੰ ਹਾਰ ਨੀ। ਕੱਸ ਲਵਾਂ ਤੈਨੂੰ ਫੇਰ ਨਿੱਘੀ ਗਲਵੱਕੜੀ ਚ, ਦਿਲ ਵੇਖ ਕਿੰਨਾ ਬੇਕਰਾਰ ਨੀ। ਪਰ ਇਹ ਵੀ ਪਤਾ ਮੈਨੂੰ, ਸਦੀਆਂ ਦੇ ਵਿੱਛੜੇ ਹਾਂ, ਸੌਖੇ ਤਾਂ ਨਹੀਂ ਹੋਣੇ ਇਹ ਦੀਦਾਰ ਨੀ। ਪਰ ਚਲੋ! ਇਹ ਵੀ ਸ਼ੁਕਰਾਨਾ ਏਸ ਗੀਤ ਦਾ ਹੈ, ਲੱਥਾ ਸਿਰੋਂ ਗੱਡੇ ਜਿੰਨਾ ਭਾਰ ਨੀ।

57. ਕੁਝ ਰਿਸ਼ਤੇ ਬੇਨਾਮ ਜਹੇ

ਕੁਝ ਰਿਸ਼ਤੇ ਬਿਨਾਂ ਕਿਸੇ ਨਾਮ, ਕਿਸੇ ਬੰਧਨ, ਬਿਨਾਂ ਕਿਸੇ ਪਹਿਚਾਣ ਦੇ ਕਿੰਨੇ ਖੂਬਸੂਰਤ ਹੁੰਦੇ ਨੇ। ਤਾਜ਼ਾ ਖਿੜੇ ਗੁਲਾਬ ਦੀ ਖੁਸ਼ਬੂ ਵਰਗੇ ਹਰ ਸਮੇਂ ਮਹਿਕਦੇ ਰਹਿੰਦੇ ਨੇ, ਹਵਾ ਦੇ ਬੁੱਲੇ ਨਾਲ ਮਸਤੀ ਵਿਚ ਝੂਮਦੇ। ਤੇਜ਼ ਝੱਖੜ ਵਿੱਚ ਸਾਰੇ ਜੱਗ ਤੋਂ ਬਚਾਉਂਦੇ , ਗਲਤ ਰਾਹ ਤੇ ਜਾਣ ਤੋਂ ਪਹਿਲਾਂ ਮਾਂ ਵਾਂਗ ਹੱਥ ਫੜ ਬਚਾ ਲੈਣ ਵਾਲੇ। ਜ਼ਿੰਦਗੀ ਨਾਲ ਮੋਹ ਪਾਉਣ ਵਾਲੇ। ਜਿਹਨਾਂ ਦਾ ਨਾਮ ਨਹੀਂ ਕੋਈ , ਪਰ ਨਾਮ ਵਾਲੇ ਬੰਧਨ ਤੋਂ ਕਿਤੇ ਜ਼ਿਆਦਾ ਆਜ਼ਾਦੀ ਤੇ ਖੁਸ਼ੀ ਦੇਣ ਵਾਲੇ ਇਹਨਾਂ ਰਿਸ਼ਤਿਆਂ ਦਾ ਜੇ ਨਾਮਕਰਣ ਕਰ ਦਿਤਾ ਜਾਵੇ ਤਾਂ ਸ਼ਾਇਦ ਇਹ ਬੰਧਨਾਂ ਵਿੱਚ ਹੀ ਦਮ ਤੋੜ ਜਾਣ ਇਹ ਏਦਾਂ ਹੀ ਸੋਹਣੇ ਲਗਦੇ ਨੇ ਇਕ ਠੰਡੀ ਵਾ ਵਰਗੇ ਜੋ ਜਦ ਜਿਸਮ ਛੂਹ ਕੇ ਲੰਘੇ ਤਾਂ ਰੋਮ ਰੋਮ ਮਹਿਕ ਜਾਵੇ।

58. ਗ਼ਜ਼ਲ-ਝੀਥਾਂ ਵਿੱਚ ਦੀ ਸੁਪਨਾ ਕੋਈ ਦਿਲ ਦੇ ਅੰਦਰ ਧਰ ਗਿਆ ਹੋਣਾ

ਝੀਥਾਂ ਵਿੱਚ ਦੀ ਸੁਪਨਾ ਕੋਈ ਦਿਲ ਦੇ ਅੰਦਰ ਧਰ ਗਿਆ ਹੋਣਾ। ਉਹ ਹੀ ਕਵਿਤਾ ਬਣ ਕੇ ਫੁੱਟਦਾ, ਦਰਦ ਹੀ ਕਾਰਾ ਕਰ ਗਿਆ ਹੋਣਾ। ਚੁੱਪ ਦਾ ਪੱਥਰ ਲੱਦ ਕੇ ਰੂਹ ਤੇ, ਤਰਨਾ ਏਡ ਆਸਾਨ ਨਹੀਂ ਸੀ, ਤਾਂਘ ਮਿਲਣ ਦੀ ਪਰਬਲ ਹੋਊ,ਤਾਂਹੀਉਂ ਸਾਗਰ ਤਰ ਗਿਆ ਹੋਣਾ। ਗੈਰਾਂ ਵਿੱਚ ਕਦੋਂ ਸੀ ਹਿੰਮਤ, ਨੇੜੇ ਆਉਂਦੇ ਤੇ ਹੱਥ ਪਾਉਂਦੇ, ਘੁੰਮਣਘੇਰ ਦੋਚਿੱਤੀ ਅੰਦਰ ਆਪਣੇ ਹੱਥੋਂ ਮਰ ਗਿਆ ਹੋਣਾ। ਨਾਲ ਮੁਹੱਬਤ ਚਾਨਣ ਦਾ ਰੰਗ ਜੇ ਮਿਲ ਜਾਂਦਾ,ਚੰਗਾ ਰਹਿੰਦਾ, ਨਫ਼ਰਤ ਦੀ ਅੱਗ ਧੁਖ਼ਦੀ ਰੱਖ ਕੇ,ਨਾਲ ਹਨ੍ਹੇਰੇ ਭਰ ਗਿਆ ਹੋਣਾ। ਦਿਲ ਵੀ ਧੜਕੇ,ਰੂਹ ਵੀ ਤੜਪੇ,ਉਹਦਾ ਨਾਂ ਆਪਣੇ ਸੰਗ ਸੁਣ ਕੇ, ਦਿਲ ਦਰਿਆ ਵਿੱਚ ਡੁੱਬਦਾ ਕੋਈ, ਨਾਂ ਮੇਰੇ ਉਹ ਕਰ ਗਿਆ ਹੋਣਾ। ਚੋਗ ਚੁਗਣ ਲਈ ਰੂਹ ਦਾ ਪੰਛੀ, ਤੇਰੇ ਦਰ ਬਿਨ ਕਿੱਧਰ ਜਾਂਦਾ, ਤਾੜੀ ਮਾਰ ਉਡਾਵੇ ਦੁਨੀਆਂ,ਸਮਝੀਂ ਨਾ ਮੈਂ ਮਰ ਗਿਆ ਹੋਣਾ। ਏਸੇ ਨਗਰੀ ਦਿਨ ਚੜ੍ਹਿਆ ਸੀ, ਏਸੇ ਥਾਂ ਤੇ ਸ਼ਾਮ ਪਈ ਹੈ, ਕਿਹੜਾ ਆਖੇ ਸੂਰਜ ਡੁੱਬ ਕੇ,ਸੁੰਨ ਬਨੇਰਾ ਕਰ ਗਿਆ ਹੋਣਾ।

59. ਦਰਦ ਗਾਥਾ

ਸੋਨੇ ਰੰਗੀ ਧਰਤੀ ਚੋਂ ਕਦੇ ਕਣਕਾਂ ਦੀ ਖੁਸ਼ਬੂ ਆਉਂਦੀ ਸੀ। ਕਿਤੇ ਝੋਨਾ ਕਿਤੇ ਬਾਸਮਤੀ ਮੁੰਜਰਾਂ ਦੀ ਜੰਜ਼ੀਰੀ ਸਾਰੀ ਧਰਤੀ ਮਹਿਕਾਉੰਦੀ ਸੀ। ਨਹਿਰਾਂ ਚੋਂ ਨੱਚਦਾ ਪਾਣੀ, ਪੈਲੀਆਂ ਪੀਂਦੀਆਂ ਫ਼ਸਲਾਂ ਤੇ ਜਵਾਨੀ ਆਉੰਦੀ ਸੀ। ਅੰਬਰਾਂ ਤੋ ਉੱਤਰ ਬਹਿਸ਼ਤ ਜਿਵੇਂ, ਧਰਤੀ ਤੇ ਚੱਲਕੇ ਆਉੰਦੀ ਸੀ। ਹੁਣ ਸਾਨੂੰ ਦੁੱਧ ਪੁੱਤ ਦੀ ਅਸੀਸ ਤੋਂ ਵਾਂਝੇ ਕਰਨ ਤੇ ਤੁਲਿਆ ਹੈ ਹਾਕਮ। ਸਰਹੱਦਾਂ ਤੇ ਤਾਇਨਾਤ ਹੋ ਕੇ ਹੀ ਨਹੀਂ ਰੋਜ਼ਮੱਰਾ ਦੀਆਂ ਲੋੜਾਂ ਲਈ ਹੀ ਸ਼ਹਾਦਤ ਲਈ ਮਜਬੂਰ ਨੇ ਮੇਰੇ ਪਿਤਾ ਭਾਈ। ਜ਼ੁਲਮ ਦੀ ਇਹ ਕੈਸੀ ਹਨ੍ਹੇਰੀ ਆਈ। ਗਿੱਧਿਆਂ ਦੀ ਰੁੱਤੇ ਉਦਾਸ ਬੋਹੜ ਨਾਲ ਲਮਕਦੀਆਂ ਪੀਂਘਾਂ ਗਲ਼ ਦੇ ਗਲਾਵੇਂ ਬਣੀਆਂ ਖ਼ੁਦਕੁਸ਼ੀ ਲਈ। ਬੇਵਸੀ ਨਾਲ ਝਾਕਦਾ ਨਜ਼ਰ ਆਵੇ ਗੁੰਗਾ ਅਸਮਾਨ। ਸਹਿਮੀਆਂ ਖੁਸ਼ੀਆਂ ਚੁੱਪ ਵੱਟ ਘਰਾਂ ਨੂੰ ਪਰਤ ਗਈਆਂ। ਆਪਣੇ ਹੀ ਲਹੂ ਨਾਲ ਗੁੰਨਣੀ ਪੈ ਰਹੀ ਐ ਮਿੱਟੀ। ਆਪਣੇ ਘਰ ਦੀਆਂ ਨੀਹਾਂ ਉੱਪਰ ਦੀਵਾਰਾਂ ਚਿਣਨ ਲਈ। ਕਿੰਨੀ ਉਦਾਸ ਰੁੱਤ ਹੈ ਆਈ। ਮੇਰੀ ਨਜ਼ਮ ਮਿੱਟੀ ਨਾਲ ਮਿੱਟੀ ਹੋਣ ਵਾਲਿਆਂ ਦਾ ਦਰਦ ਪਛਾਣਦੀ, ਆਪਣੇ ਕਰ ਜਾਣਦੀ। ਪਾਕ ਲਫ਼ਜ਼ਾਂ ਦਾ ਫੇਹਾ ਜ਼ਖ਼ਮਾਂ ਤੇ ਰੱਖਦੀ ਹਾਂ ਸਕੂਨ ਲਈ।

60. ਨਾਭੀ ਵਿੱਚ ਕਸਤੂਰੀ

ਅੱਜ ਦਿਲ ਕਰਦਾ ਏ ਨੱਚਣ ਨੂੰ। ਤੇ ਲਾਟ ਦੇ ਵਾਂਗੂੰ ਮੱਚਣ ਨੂੰ। ਪਰ ਚੁੱਪ ਚੁਪੀਤੇ ਬਹਿ ਜਾਈਏ। ਬਸ ਦਿਲ ਦੀ ਦਿਲ ਨੂੰ ਕਹਿ ਜਾਈਏ। ਕਿਤੇ ਇਹੋ ਜਿਹਾ ਨਾ ਕਹਿਰ ਹੋਵੇ। ਦਿਲ ਧੜਕੇ ,ਪਰ ਨਾ ਲਹਿਰ ਹੋਵੇ। ਮੇਰੇ ਹਰ ਸਾਹ ਅੰਦਰ ਧੜਕਦਾ ਰਹਿ। ਕੁਝ ਮੇਰੀ ਸੁਣ, ਕੁਝ ਆਪਣੀ ਕਹਿ। ਤੁੰ ਸੁਣਿਆ ਅਪਰਮ ਪਾਰ ਵੀ ਹੈ। ਤੇ ਸਭ ਦੀਆਂ ਜਾਨਣਹਾਰ ਵੀ ਹੈਂ। ਤੂੰ ਰੰਗ ਰੂਪ ਤੋਂ ਪਾਰ ਵੀ ਹੈਂ। ਕਮਜ਼ੋਰਾਂ ਦਾ ਤੂੰ ਯਾਰ ਵੀ ਹੈਂ। ਤੂੰ ਅਣਬੋਲਤ ਵਿਸਮਾਦ ਵੀ ਹੈ। ਤੂੰ ਆਦਿ ਅਨਾਦਿ ਜੁਗਾਦਿ ਵੀ ਹੈਂ। ਤੂੰ ਧਰਤੀ ਅੰਬਰ ਸਾਰੇ ਵੀ ਤੂੰ ਚੰਨ ਸੂਰਜ ਤੇ ਤਾਰੇ ਵੀ। ਰਾਧਾ ਲਈ ਕ੍ਰਿਸ਼ਨ ਘਨੱਈਆ ਵੀ। ਮੁਰਲੀ ਦੀ ਤਾਨ ਵਜੱਈਆ ਵੀ। ਤੂੰ ਸ਼ਬਦ ਸਰੂਪ ਵੀ ਬਣ ਜਾਵੇਂ। ਬਣ ਸਿਰ ਤੇ ਛਤਰੀ ਤਣ ਜਾਵੇਂ। ਕਣ ਕਣ ਵਿੱਚ ਤੇਰਾ ਨੂਰ ਵੀ ਹੈ। ਰਹਿਮਤ ਬਾਟਾ ਭਰਪੂਰ ਵੀ ਹੈ। ਤੂੰ ਨਾਭੀ ਵਿੱਚ ਕਸਤੂਰੀ ਬਣ। ਬੁੱਕਲ ਵਿੱਚ ਰਹਿ ਨਾ ਦੂਰੀ ਬਣ। ਤੁੰ ਸਰਬ ਧਰਮ ਦੇ ਪੀਰ ਜਿਹਾ। ਤੇ ਜੀਵਨ ਧਾਰਾ ਨੀਰ ਜਿਹਾ। ਕਦੇ ਧੁੱਪਾਂ ਵਿੱਚ ਕਦੇ ਛਾਵਾਂ ਵਿੱਚ। ਤੈਨੂੰ ਲੱਭਦੀ ਵੱਖ ਵੱਖ ਨਾਵਾਂ ਵਿੱਚ। ਤੂੰ ਦੱਸਿਆ ਨੂਰ ਨਹੀਂ ਵੱਖ ਹੁੰਦਾ। ਮੈਥੋਂ ਏਨਾ ਵੀ ਭੇਤ ਨਾ ਰੱਖ ਹੁੰਦਾ। ਦਿਲ ਕਰਦਾ ਕੇਰੀ ਮੀਤ ਬਣਾਂ। ਮਨ ਮੰਦਰ ਆ, ਨਵਗੀਤ ਬਣਾਂ।

61. ਮਾਏ ਨੀ ਮਾਏ!

ਉਮਰ ਦੀ ਤਿੱਖੜ ਦੁਪਹਿਰ ‘ਚ ਤੂੰ ਮੋਹ ਮੁਹੱਬਤਾਂ ਦੀ ਛਤਰੀ ਤਾਣਦੀ ਰਹੀ। ਤੁਰੇ ਜਾਂਦਿਆਂ ਦੀ ਪਿੱਠ ਨੂੰ ਨਿਹਾਰਦੀ ਰਹੀ ਬੇਬਸ ਨਜ਼ਰਾਂ ਨਾਲ। ਅਲਵਿਦਾ ਚ ਉੱਠਿਆ ਹੱਥ ਕੰਬਦਾ ਰਹਿੰਦਾ ਕਿੰਨਾ ਹੀ ਚਿਰ। ਮਾਏ! ਤੇਰਾ ਘਰ, ਤੇਰਾ ਦਿਲ, ਮਲੂਕ ਜਿਹੀ ਜਿੰਦ ਜਦੋਂ ਚਾਨਣ ਨੂੰ ਹਨ੍ਹੇਰ ਨਾਲ ਭਿੜਦਿਆਂ ਦੇਖਦੀ। ਕੰਧਾਂ ਵੀ ਗੁੰਮ ਸੁੰਮ ਹੋ ਜਾਂਦੀਆਂ। ਪਰ ਕਦੇ-ਕਦੇ ਅਣਹੋਣੀ ਵੀ ਹੋ ਈ ਜਾਂਦੀ ਐ। ਖੁਸ਼ਬੋਈ ਨੂੰ ਫੁੱਲਾਂ ਤੋਂ ਵਿਛੜ ਕੇ ਜਿਓਣਾ ਪੈਂਦਾ। ਮਾਂ!! ਤੈਨੂੰ ਵੀ ਤੇਰੀ ਮਾਂ ਨੇ ਇਹੀ ਗੱਲ ਸਮਝਾਈ ਹੋਵੇਗੀ। ਧੀਆਂ ਨੂੰ ਭਾਵੇਂ ਧੁਰ ਅੰਦਰ ਕਿਤੇ ਆਪਣਿਆਂ ਦਾ ਮਾਣ ਹੁੰਦਾ। ਤਾਂ ਹੀ ਤਾਂ ਗਿੱਧਿਆਂ ਚ ਬੋਲੀ ਪਾਉਂਦੀਆਂ ਮਾਣ ਭਰਾਵਾਂ ਦੇ, ਮੈਂ ਕੱਲ੍ਹੀ ਖੇਤ ਨੂੰ ਜਾਵਾਂ। ਪਰ ਜਦ ਮਾਣ ਟੁੱਟਦਾ ਤਾਂ ਚੇਤੇ ਆਵੇ। ਧੀਆਂ ਗਊਆਂ ਕਾਮਿਆਂ ਦੀ, ਕੋਈ ਪੇਸ਼ ਨਾ ਅੰਮੜੀਏ ਜਾਵੇ। ਪਰ ਇਹ ਵੀ ਆਖਦੀ ਹੁੰਦੀ। ਹੁਣ ਕਾਹਦੇ ਦਾਅਵੇ ਜਿੰਦ, ਰੂਹ ਦਾ ਵੈਰਾਗ ਅੰਦਰ ਖੋਰਦਾ। ਮਾਣ ਟੁੱਟਣ ਦਾ ਖੜਾਕ ਨਹੀਂ ਹੁੰਦਾ। ਅੰਮੜੀਏ! ਹੁਣ ਮੈਂ ਤੈਨੂੰ ਸਮਝਾਉਨੀ ਆਂ। ਫੁੱਲਾਂ ਨੂੰ ਗਰਮ ਪਾਣੀ ਪਾਓਗੇ ਤਾਂ ਜੜ੍ਹਾਂ ਸੁੱਕ ਜਾਣਗੀਆਂ। ਫੁੱਲ ਮੁਰਝਾ ਜਾਣਗੇ। ਮੌਲ ਨਹੀਂ ਸਕਦੇ ਕੋਸੇ ਹੰਝੂਆਂ ਨਾਲ ਬਾਗ ਬਗੀਚੇ ਗੁਲਜ਼ਾਰ। ਇੱਕੀਵੀਂ ਸਦੀ ਤਾਂ ਮੋਹ ਦਾ ਅਖਾੜਾ ਐ। ਇਥੇ ਆਪਣੇ ਖ਼ਿਲਾਫ਼ ਵੀ ਯੁੱਧ ਆਪ ਈ ਲੜਨਾ ਪੈਦਾ। ਸਾਡੇ ਵਿਗਸਣ ਦੀ ਥਾਂ ਤੇਰੇ ਕੋਲ ਨਹੀਂ। ਅਫਸੋਸ! ਹਾਲ ਦੀ ਘੜੀ ਬੱਚਿਆਂ ਕੋਲ ਉਹ ਮੁਬਾਰਕ ਅੱਗ ਨਹੀਂ ਜੋ ਤੇਰੇ ਮਨ ਵਿੱਚ ਰੌਸ਼ਨੀ ਜਗਾਵੇ। ਅੱਛਾ! ਮਾਏ ਫਿਰ ਮਿਲਾਂਗੇ ਮੈਂ ਮਨ ਚੋਂ ਸੇਕ ਹੂੰਝ ਲਵਾਂ।

62. ਹੇ ਸਖੀ ਸਹੇਲੜੀਏ

ਜ਼ਿੰਦਗੀ ਦੀ ਬਾਜ਼ੀ ਖੇਡਣ ਲਈ ਗੀਟੇ ਲੱਭਣ ਦੀ ਲੋੜ ਨਹੀਂ ਹੁੰਦੀ। ਮੰਨਿਆ ਕਿ ਅਤੀਤ ਚਿੱਠਾ ਹੈ ਜਖ਼ਮੀ ਗੀਤਾਂ ਦਾ। ਚੇਤਿਆਂ ਚੋਂ ਮਨਫੀ ਕਰ ਦੇ ਦਰਦ। ਬੇਵਸੀ ਦਾ ਤੌਕ ਲਾਹ ਕੇ ਸੁੱਟ ਦੇ ਗਲ਼ੋਂ। ਉਮੀਦਾਂ ਦਾ ਮਰੂਆ ਅਜੇ ਵੀ ਮਹਿਕ ਰਿਹਾ ਸੱਜਰੀ ਸਵੇਰ ਵਾਂਗ। ਇਸ ਤੋਂ ਪਹਿਲਾਂ ਕਿ ਅਰਮਾਨਾਂ ਦੀ ਫਸਲ ਨੂੰ ਰਵਾਇਤਾਂ ਦੇ ਟਿੱਡੀਦਲ ਤਬਾਹ ਕਰਨ ਉਸ ਤੋਂ ਪਹਿਲਾਂ ਹੀ ਸੰਭਲ। ਤੇਰੀ ਚੁੰਨੀ ਵੀ ਬਣ ਸਕਦੀ ਐ ਜਿੱਤ ਦਾ ਪਰਚਮ। ਧਰਤ ਦੀਆਂ ਨਾਜ਼ੁਕ ਗੱਲ੍ਹਾਂ ਤੇ ਨੰਹੁਦਰਾਂ ਮਾਰਨ ਵਾਲਿਆਂ ਨੂੰ ਪਤਾ ਨਹੀਂ। ਕਿ ਧਰਤ ਜਦੋਂ ਅੰਗੜਾਈ ਲੈਂਦੀ ਆ। ਵੱਡੇ ਤੋਂ ਵੱਡੇ ਗੁੰਬਦ ਵੀ ਮਿੱਟੀ ਕਰ ਦਿੰਦੀ ਐ। ਆਪਣੇ ਸਾਹਾਂ ਦੀ ਵੀਣਾ ਤੇ ਚਿੰਤਾ ਰਾਗ ਨਹੀਂ ਚਿੰਤਨ ਦੀ ਸਰਗਮ ਛੇੜ। ਬਸ! ਫਿਰ ਬੰਦ ਨੇਤਰਾਂ ਨਾਲ ਵੀ ਝਿਲਮਿਲਾਉੰਦਾ ਅਕਾਸ਼ ਨਜ਼ਰ ਆਵੇਗਾ। ਹੇ ਸਖੀ! ਸਹੇਲੜੀਏ! ਯਾਦ ਰੱਖ! ਉੱਚਾ ਉੱਡਣ ਲਈ ਅਕਾਸ਼ ਦੀ ਨਹੀਂ, ਮਜ਼ਬੂਤ ਖੰਭਾਂ ਦੀ ਲੋੜ ਹੁੰਦੀ ਐ।

63. ਤੇਰੇ ਕੋਲ

ਤੇਰੇ ਕੋਲ ਹਰੀ ਸਿਆਹੀ ਵਾਲੀ ਕਲਮ ਹੈ ਹੁਕਮ ਲਿਖਣ ਵਾਲੀ ਮੇਰੇ ਕੋਲ ਅਰਜ਼ੀਆਂ ਵਾਲੀ ਪੈਨਸਿਲ। ਅਜੇ ਮੁਲਾਕਾਤ ਸੰਭਵ ਨਹੀਂ, ਕਦੇ ਫਿਰ ਮਿਲਾਂਗੇ।

64. ਉਸ ਕਿਹਾ

ਉਸ ਕਿਹਾ ਮੈਂ ਤੇਰੇ ਨਾਲ ਤੁਰਨਾ ਹੈ। ਮੈਂ ਕਿਹਾ ਮੈਂ ਇਕੱਲੀ ਨਹੀਂ ਹਾਂ। ਅੰਗ ਸੰਗ ਹੈ ਮੇਰਾ ਪਰਛਾਵਾਂ। ਜਦ ਤੀਕ ਇਹ ਮੇਰੇ ਸੰਗ ਸਾਥ ਹੈ ਮੈਨੂੰ ਕਿਸੇ ਦੀ ਕੋਈ ਲੋੜ ਨਹੀਂ। ਜਦ ਇਹ ਸਾਥ ਨਾ ਰਿਹਾ ਮੈਂ ਆਪ ਬੁਲਾਵਾਂਗੀ।

65. ਚਰਖ਼ਾ ਬੋਲਿਆ

ਚਰਖ਼ੇ ਨੇ ਘੂਕਰ ਨੂੰ ਤਰਸਦਿਆਂ ਚੁੱਪ ਚੀਰਦਿਆਂ ਕਿਹਾ ਕਿੱਧਰ ਗਈਆਂ ਤੇਰੀਆਂ ਕੱਤਣ ਵਾਲੀਆਂ? ਮਾਲ੍ਹ ਟੁੱਟ ਗਈ ਹੈ। ਚਰਮਖ਼ ਚੂਹੇ ਟੁੱਕ ਗਏ ਨੇ। ਹੱਥੀ ਸੱਖਮ ਸੱਖਣੀ। ਮੁੰਨੇ ਉਦਾਸ ਨੇ ਬੇ ਜ਼ਬਾਨ ਜਹੇ। ਤੱਕਲੇ ਨੂੰ ਵਲ਼ ਪੈ ਗਿਆ ਕੋਈ ਆਵੇ ਨਾ ਲੁਹਾਰ ਮੁੰਡਾ ਬਣ ਕੇ।

66. ਤੂਤ

ਤੂਤ ਦੇ ਮੋਛੇ ਪਾ ਸੁੱਟ ਗਏ ਲੱਕੜ ਹਾਰੇ ਉਹ ਫੁੱਟਿਆ ਤੇ ਬੋਲਿਆ ਆਖ਼ਰੀ ਦਮ ਤੀਕ ਪੁੰਗਰਾਂਗਾ। ਵੇਖਦੇ ਰਹਿਣਾ, ਲਗਰਾਂ ਤੋਂ ਛਮਕਾਂ ਬਣਾਂਗਾ।

67. ਪੈੜ

ਤੇਰੇ ਸੁੱਚੇ ਸ਼ਬਦਾਂ ਦੀ ਪੈੜ ਦੱਬ ਕੇ ਮੈਂ ਪਹੁੰਚ ਜਾਂਦੀ ਆਂ ਤੇਰੀ ਰੂਹ ਦੇ ਦਰਵਾਜ਼ੇ। ਬਹਿ ਜਾਂਦੀ ਹਾਂ ਚੁੱਪ ਚਾਪ ਸਾਹ ਧੌਂਕਣੀ ਵਾਂਗ ਚੱਲਦੇ। ਅਣਗਾਹੀਆਂ ਰਾਹਾਂ ਮੱਲਦੇ। ਤੇ ਮਸਾਂ ਸਾਂਭਦੀ ਆਂ ਖਾਨਾਬਦੋਸ਼ ਧੜਕਣ। ਹੌਲੀ-ਹੌਲੀ ਗੁੰਦਣ ਦੀ ਕੋਸ਼ਿਸ਼ ਕਰਦੀ ਹਾਂ, ਹਰਫ਼ਾਂ ਦੇ ਕਲੀਰੇ।

68. ਭੁਲਾਵੇਂ ਅੱਖਰ

ਚੁਗ ਨਾ ਸਕੀ ਕਲਮ ਮੇਰੀ ਸ਼ਬਦ ਕਸੁੰਭੜੇ। ਜ਼ਿਹਨ ਚ ਉੱਡਦੇ ਰਹੇ ਕੂੰਜਾਂ ਦੀਆਂ ਡਾਰਾਂ ਜਹੇ ਖ਼ਿਆਲ। ਲੰਘੇ ਕਿੰਨੇ ਹਾੜ੍ਹ ਤੇ ਸਿਆਲ ਭੁਲਾਵੇਂ ਅੱਖਰ ਬਣ ਗਏ ਨੇ ਵਰਣਮਾਲਾ ਦੇ ਪੈਂਤੀ ਦੇ ਪੈਂਤੀ ਅੱਖਰ। ਥਾਂ ਸਿਰ ਕਰ ਦੇ ਮੈਂ ਅਰਥਾਂ ਨੂੰ ਪੌੜੀ ਲਾਉਣੀ ਹੈ।

69. ਗ਼ਜ਼ਲ-ਸੋਚਾਂ ਦੇ ਸਾਗਰ ਵਿੱਚ ਡੁੱਬੀ

ਸੋਚਾਂ ਦੇ ਸਾਗਰ ਵਿੱਚ ਡੁੱਬੀ,ਕਿਸ ਥਾਂ ਕਦਮ ਟਿਕਾਵਾਂ ਮੈਂ। ਕਿਸ ਚਾਅ ਕਰਕੇ ਲੱਡੂ ਵੰਡਾਂ, ਕੀਹਦੇ ਸੋਹਿਲੇ ਗਾਵਾਂ ਮੈਂ। ਕਾਹਦੇ ਲਈ ਮੈਂ ਘਰ ਸ਼ਿੰਗਾਰਾਂ ਆਖਾਂ ਲੱਛਮੀ ਜੀ ਆਇਆਂ, ਥੱਲਿਉਂ ਧਰਤੀ ਖਿਸਕ ਰਹੀ ਹੈ ,ਕਿਸ ਥਾਂ ਮੈਂ ਦੀਪ ਜਗਾਵਾਂ ਮੈਂ। ਚਾਰ ਚੁਫ਼ੇਰੇ ਆਪਾ ਧਾਪੀ,ਅੱਗ ਵਰ੍ਹਦੀ ਹੈ ਮਨ ਮੰਦਰ, ਬੁੱਤਾਂ ਕੋਲੋਂ ਵੀ ਡਰ ਆਵੇ, ਕਿਸ ਨੂੰ ਪੁਸ਼ਪ ਚੜ੍ਹਾਵਾਂ ਮੈਂ। ਸੱਚ ਦਾ ਸੂਰਜ ਛੁਪਿਆ ਏਥੇ, ਰਾਤ ਬੜੀ ਹੀ ਗੂੜ੍ਹੀ ਹੈ, ਕੂੜ ਫਿਰੇ ਪ੍ਰਧਾਨੀ ਕਰਦਾ, ਤੱਕਿਆ ਹੈ ਸਭ ਥਾਵਾਂ ਮੈਂ। ਵਤਨ ਮੇਰੇ ਵਿੱਚ ਰਾਜ ਡਾਂਗ ਦਾ,ਲੁਕਿਆ ਅਦਲ ਗੁਲਾਮ ਜਿਹਾ, ਰਾਮ ਰਾਜ ਦੇ ਨਾਂ ਤੇ ਲੁੱਟਦੇ, ਕਿਸਨੂੰ ਦਰਦ ਸੁਣਾਵਾਂ ਮੈਂ। ਕੈਸਾ ਮੌਸਮ ਆਇਆ ਮੇਰੀ ਨਗਰੀ ਪੱਤੇ ਝੜ ਚੱਲੇ, ਚੋਣਵਿਆਂ ਬੰਦਿਆਂ ਦੇ ਸਿਰ ਤੇ ਤੱਕੀਆਂ ਗੂੜ੍ਹੀਆਂ ਛਾਵਾਂ ਮੈਂ। ਆਖਣ ਨੂੰ ਅੰਨ-ਦਾਤਾ ਕਹਿੰਦੇ, ਬਣੇ ਸਵਾਲੀ ਸਮਿਆਂ ਦੇ, ਪਾਟੀ ਚਿੱਠੀ ,ਦਰਦ ਕਹਾਣੀ, ਕਿੰਜ ਲਿਖਾਂ ਸਿਰਨਾਵਾਂ ਮੈਂ। ਨੀਲੀ ਚਾਦਰ ਵਰਗਾ ਅੰਬਰ,ਲੀਰਾਂ ਲੀਰਾਂ ਹੋ ਚੱਲਿਆ, ਕੋਮਲ ਕਲੀਆਂ ਅਗਨ ਹਵਾਲੇ, ਕਿਸ ਨੂੰ ਆਖ ਸੁਣਾਵਾਂ ਮੈਂ। ਧਰਮ ਗਰੰਥੋਂ ਪਾਵਨ ਪੱਤਰੇ,ਪਾੜਨ ਵਾਲੇ ਘੁੰਮਦੇ ਨੇ, ਧਰਮਾਂ ਦੇ ਵਣਜਾਰੇ ਦੋਸ਼ੀ, ਕਿਸ ਨੂੰ ਲਾਅਣਤ ਪਾਵਾਂ ਮੈਂ।

70. ਤੇਰੀ ਮਹਿਕ

ਤੇਰੀ ਮਹਿਕ, ਤੇਰਾ ਅਹਿਸਾਸ, ਤੇਰਾ ਮੋਹ, ਤੇਰਾ ਜ਼ਿਕਰ, ਤੇਰਾ ਫ਼ਿਕਰ, ਤੇਰੀ ਉਸਤਤ, ਤੇਰੇ ਖਿਆਲ ਮੇਰੀ ਕਵਿਤਾ ਦਾ ਲਿਬਾਸ ਏ। ਮਨ ਦੀ ਖਿੜਕੀ ਖੋਲ੍ਹਦਿਆਂ ਈ ਭਿੱਜ ਜਾਂਦੀ ਹਾਂ ਤੇਰੇ ਇਸ਼ਕ ਦੇ ਇਤਰਾਂ ਦੀ ਬਰਸਾਤ ਨਾਲ। ਤੇ ਰੂਹ ਦੀ ਮਿੱਟੀ ਵਿੱਚ ਪੁੰਗਰ ਆਉੰਦੀ ਏ ਨਵੀਂ ਮੁਲਾਇਮ ਜਿਹੀ ਕਵਿਤਾ!!!

71. ਰੂਹ ਦੀਆਂ ਚਿੱਠੀਆਂ

ਐਨਾ ਚੀਕਿਆ ਗੁੰਗੀਆਂ ਸੈਨਤਾਂ ਹੋ ਗਿਆ। ਐਨਾ ਉਲਝਿਆ ਖਿਆਲਾਂ ਦੀ ਉਧੇੜ ਬੁਣ ਹੋ ਗਿਆ। ਐਨਾ ਖ਼ਰਚਿਆ ਰੂਹ ਤੱਕ ਖ਼ਾਲੀ ਹੋ ਗਿਆ। ਤੈਨੂੰ ਏਨਾ ਆਰਾਧਿਆ ਫਕੀਰ ਹੀ ਹੋ ਗਿਆ ਐਨਾ ਕੁ ਖ਼ੁਰਿਆ ਰੇਤ ਦਾ ਸਮੁੰਦਰ ਹੋ ਗਿਆ। ਐਨਾ ਸੁਲਗਿਆ ਉਦਾਸ ਨਗਮਾਂ ਹੋ ਗਿਆ। ਐਨਾ ਸੰਵਾਰਿਆ ਸ਼ਿੰਗਾਰਿਆ ਦੁਲਾਰਿਆ। ਪਤਾ ਈ ਨਹੀਂ ਲੱਗਿਆ! ਸੁਹਜ ਹੋ ਗਿਆ। ਕਦੇ ਕੁਹਜ ਹੋ ਗਿਆ। ਤੂੰ ਮੇਰੇ ਮੋਹ ਦੇ ਖਿੱਲਰੇ ਵਰਕਿਆਂ ਨੂੰ ਸਮੇਟ ਕੇ ਵਫਾ ਦੀ ਜਿਲਦ ਵਿੱਚ ਸਾਂਭ ਲਵੀਂ। ਰੂਹ ਦੀ ਚਿੱਠੀ ਬੇਰੰਗ ਨਾ ਰੁਲ਼ਦੀ ਰਹੇ।

72. ਸਦੀਵੀ ਵਿਸਮਾਦ

ਬਹੁਤ ਕੁਝ ਜਾਣਦਾ ਹੈ ਉਹ ਮੇਰੇ ਅੰਦਰਲਾ ਬਹੁਤ ਕੁਝ ਪਰ ਜ਼ਿਕਰ ਨਹੀਂ ਕਰਦਾ। ਪਰ ਫਿਕਰ ਬਹੁਤ ਕਰਦਾ। ਉਹਦਾ ਫਿਕਰ ਕਰਨਾ ਚੰਗਾ ਲੱਗਦਾ ਹੈ ਹਮੇਸ਼ ਮੋਹ ਏਦਾਂ ਜਿਵੇਂ ਸ਼ਹਿਦ ਦੇ ਘੁੱਟ। ਸਨੇਹ ਸਾਗਰ ਦਾ ਹੀ ਤਾਂ ਦੂਜਾ ਰੂਪ ਜੋ ਇਜ਼ਹਾਰ ਨਹੀਂ ਕਰਦਾ ਹਰ ਦਿਨ ਇਕਰਾਰ ਪੂਰਾ ਕਰਦਾ। ਖੁਸ਼ਕ ਮੌਸਮਾਂ ਸੰਗ ਲੜ ਕੇ ਵੀ ਮੇਰੇ ਲਈ ਬਹਾਰਾਂ ਲਿਆਉਂਦਾ। ਅੰਬਰੋਂ ਤਾਰੇ ਤੋੜ ਧਰਤ ਸਜਾਉਂਦਾ ਵਿਛਾਈ ਵਿਛਾਉਂਦਾ ਮੈਨੂੰ ਬਹਾਉਂਦਾ। ਇਕਰਾਰ ਵਾਲੇ ਦਾ ਪਿਆਰ ਜਿਹਾ ਆਉਂਦਾ। ਮੁਰਝਾਵਾਂ ਤਾਂ ਕਿਣਮਿਣ ਬਰਸਦਾ। ਠਰ ਜਾਵਾਂ ਤਾਂ ਸੂਰਜਾਂ ਦੀ ਬਾਤ ਪਾਉਂਦਾ। ਨਿੱਘ ਵਰਤਾਉਂਦਾ। ਮੈਨੂੰ ਉਹ ਰਾਣੋ ਆਖ ਬੁਲਾਉਂਦਾ। ਖੁੱਲ੍ਹੀਆਂ ਅੱਖਾਂ ਨਾਲ ਸਾਰੇ ਸੁਪਨੇ ਵੇਖਦਾ ਪੂਰੇ ਕਰਨੇ ਲੋਚਦਾ। ਜਦੋਂ ਮੈਂ ਉਦਾਸ ਹੋਵਾਂ!! ਉਹਨੂੰ ਸਾਰੀ ਪ੍ਰਕਿਰਤੀ ਓਦਰੀ ਓਦਰੀ ਲੱਗਦੀ। ਮਹਿੰਗੇ ਤੋਹਫ਼ੇ ਤੇ ਗੁਲਾਬ ਨਹੀਂ ਚਿਹਰੇ ਤੇ ਮੁਸਕਾਨ ਲਿਆਉਂਦਾ ਮੈਨੂੰ ਮੋਮ ਬਣਾਉਂਦਾ ਧੁਰ ਅੰਦਰ ਚਿਰਾਗ ਜਗਾਉਂਦਾ ਮੈਨੂੰ ਉਹਦਾ ਅਣਕਿਹਾ ਚੇਤੇ ਆਉਂਦਾ। ਇਕ ਦੂਜੇ ਨੂੰ ਜ਼ਿੰਦਗੀ ਦੀਆਂ ਚੁਣੌਤੀਆਂ ਸਾਹਮਣੇ, ਹੱਥ ਘੁੱਟ ਕੇ ਫੜਿਆਂ ਧੁੰਦ ਵਾਂਗ ਛਟ ਜਾਂਦੇ ਨੇ ਦਰਦਾਂ ਦੇ ਪਹਾੜ। ਇਕ ਦੂਜੇ ਦਾ ਫ਼ਿਕਰਾਂ ਭਰਿਆ ਮੱਥਾ ਪੜ ਲੈਨੇ ਆਂ ਅਸੀਂ ਦੋਵੇਂ। ਧਰਵਾਸ ਦੀ ਥੰਮੀ ਬਣ ਖੜ ਜਾਈਏ। ਜਜ਼ਬਿਆਂ ਦਾ ਜਖੀਰਾ ਸਾਂਭ ਮੁਸ਼ਕਿਲ ਦਾ ਪਰਬਤ ਵੱਡੀਆਂ ਵੱਡੀਆਂ ਪੁਲਾਘਾਂ ਭਰ ਚੜ ਜਾਨੇ ਆਂ ਕਦਮ ਕਦਮ। ਅੱਖਰ ਅੱਖਰ ਸ਼ਬਦ ਸ਼ਬਦ ਸਤਰ ਸਤਰ ਵਾਕ ਵਾਕ ਪੜ ਮੇਰੀ ਰੂਹ ਦਾ ਤਰਜਮਾ ਕਰਦਾ। ਤੇ ਮੈਂ ਹਰਫ਼ਾਂ ਚ ਢਲ਼ਦੀ ਜਾਂਦੀ ਆਂ। ਕਵਿਤਾ ਬਣ ਜਾਂਦੀ ਹਾਂ। ਉਹ ਮੇਰੇ ਖਿਆਲਾਂ ਦੀ ਸੇਜ ਮਾਣਦਾ ਤੇ ਮੈਂ ਕਵਿਤਾ ਦੀ ਜਨਮਦਾਤੀ ਬਣ ਕੇ ਸਫ਼ਿਆਂ ਵਿੱਚ ਬੈਠ ਜਾਂਦੀ ਆਂ। ਅਸੀਂ ਬਹੁਤ ਕੁਝ ਸੁਣ ਲੈਂਦੇ ਆਂ ਅਣਬੋਲਿਆ ਅਣਕਿਹਾ। ਉਹ ਮੇਰੀ ਮੁਹੱਬਤ ਦੀ ਸਤਰੰਗੀ ਪੀੰਘ ਦੀ ਪੂਣੀ ਕਰਾ ਸੀਸ ਤੇ ਸਜਾਉਂਦਾ ਤੇ ਦਸਤਾਰ ਬਣਾਉਂਦਾ। ਰੱਜਵਾਂ ਮੁਸਕਰਾਉੰਦਾ। ਨੀਮ ਗੁਲਾਬੀ ਚਾਨਣੀ ਮੇਰੇ ਲਈ ਚੰਰਮਾ ਤੋਂ ਲਿਆਉਂਦਾ ਮੈਂ ਸੁਪਨਿਆਂ ਚ ਘੁਲ਼ ਜਾਂਦੀ ਹਾਂ। ਤ੍ਰੇਲ ਧੋਤੇ ਫੁੱਲਾਂ ਵਾਂਗ ਤਾਜ਼ਾਤਰੀਨ ਹੋ ਜਾਂਦੀ ਆਂ। ਅਸੀ ਮੋਹ ਭਿੱਜੀ ਤੋਰ ਤੁਰਦੇ ਇਕ ਦੂਜੇ ਦਾ ਹੱਥ ਫੜ। ਮੈਨੂੰ ਉਹਦਾ ਹਿਰਦਾ ਕਿਸੇ ਦਰਗਾਹ ਵਰਗਾ ਲੱਗਦਾ। ਦਿਲ ਕਰਦੈ ਉਮਰ ਭਰ ਬੈਠ ਓਥੇ ਬੰਦਗੀ ਕਰਾਂ ਤੇ ਸਦੀਵੀ ਵਿਸਮਾਦ ਵਰਾਂ।

73. ਜਿਵੇਂ ਹਥੌਲ਼ੇ ਵਰਗੀ ਰਹਿਮਤ ਹੋ ਗਈ ਕਰਮਾਂ ਮਾਰੇ ਤੇ

ਜਿਵੇਂ ਹਥੌਲ਼ੇ ਵਰਗੀ ਰਹਿਮਤ ਹੋ ਗਈ ਕਰਮਾਂ ਮਾਰੇ ਤੇ। ਤਾਂ ਹੀ ਮਿੱਟੀ ਮੋਹ ਵਿੱਚ ਗੁੰਨ੍ਹੀ ਤੇਰੇ ਇੱਕ ਇਸ਼ਾਰੇ ਤੇ। ਛੱਤ ਪਾੜ ਕੇ ਕਿਰਨਾਂ ਅੰਦਰ ਲੰਘ ਆਵਣ ਦੇ ਰੋਕ ਨਾ ਤੂੰ, ਅੰਬਰ ਰੁਦਨ ਕਰੇੰਦਾ ਤੱਕ ਲੈ ਸੱਜਰੇ ਟੁੱਟੇ ਤਾਰੇ ਤੇ। ਸੁਪਨਿਆਂ ਦੀ ਸ਼ਤਰੰਜ ਵਿਛਾ ਕੇ ਲੁੱਟ ਲਿਆ ਤੂੰ ਦਿਲ ਮਾਸੂਮ, ਭੋਰਾ ਤਰਸ ਨਾ ਆਇਆ ਤੈਨੂੰ ਮਹਿਰਮ ਯਾਰ ਪਿਆਰੇ ਤੇ। ਹਰਫਾਂ ਦੇ ਦਰਿਆ ਵਿੱਚ ਤਾਰੀ ਨਿੱਤ ਲਾਵਾਂ ਤੇ ਡੁੱਬ ਜਾਵਾਂ, ਪਿਘਲ ਜਾਣ ਦਰਦੀਲੀਆਂ ਕੜੀਆਂ ਡੂੰਘੀ ਹੂੰਗਰ ਮਾਰੇ ਤੇ। ਮਾਂ ਦੀ ਮਿੱਠੀ ਲੋਰੀ ਵਰਗੀ ਸਭਨਾਂ ਨੂੰ ਜੋ ਦੇਣ ਅਸੀਸ, ਰੁੱਖਾਂ ਦੀ ਦਰਵੇਸ਼ੀ ਭੁੱਲ ਕੇ ਤਣਾ ਚੀਰਦੈਂ ਆਰੇ ਤੇ। ਅੱਖੀਂ ਪੱਟੀ ਬੰਨ੍ਹ ਕੇ ਮੇਲਾ ਦੇਖ ਰਹੇ ਸਾਂ ਉਮਰਾਂ ਤੋਂ, ਹੋ ਗਈਆਂ ਕਾਫ਼ੂਰ ਨੇ ਸੱਧਰਾਂ ਤਾਂਹੀਂਉਂ ਆਣ ਕਿਨਾਰੇ ਤੇ। ਕੱਚੇ ਕੋਠੇ ਆਸ ਦਾ ਦੀਵਾ ਨਿੱਤ ਧਰੀਏ ਜੀ ਚਾਨਣ ਲਈ, ਰੀਝਾਂ ਦੇ ਸਾਲੂ ਸਿਰ ਲੈ ਕੇ ਤੇਰੇ ਝੂਠੇ ਲਾਰੇ ਤੇ।

74. ਗੀਤ

ਯਾਦਾਂ ਵਾਲੀ ਪੋਟਲੀ ਨੂੰ ਅਸੀਂ ਚੁੱਕੀ ਫਿਰਦੇ। ਨੈਣਾਂ ਵਿਚੋਂ ਹੰਝੂ ਮੇਰੇ ਕਿਣ ਮਿਣ ਕਿਰਦੇ। ਕੋਲ ਆ ਕੇ ਬੈਠ ਕਦੇ ਦੁੱਖ ਸੁਖ ਫੋਲੀਏ। ਤੇਰੀ ਝਾਕ ਵਿਚ ਬੂਹਾ ਢੋਈਏ ਕਦੇ ਖੋਲ੍ਹੀਏ। ਬੜਾ ਸਮਝਾਵਾਂ ਦਿਲ ਛੱਡ ਦੇ ਤੂੰ ਅੜੀਆਂ। ਨੈਣਾਂ ਵਿੱਚੋਂ ਛਮ ਛਮ ਸਾਉਣ ਦੀਆਂ ਝੜੀਆਂ। ਜਾਨ ਤੋਂ ਪਿਆਰਿਆਂ ਨੂੰ ਉੱਚਾ ਨਾ ਵੇ ਬੋਲੀਏ। ਤੇਰੀ ਝਾਕ ਵਿਚ ਬੂਹਾ ਢੋਈਏ ਕਦੇ ਖੋਲ੍ਹੀਏ। ਪੌਣਾਂ ਹੱਥ ਰਹਿੰਦੀ ਆਂ ਸੁਨੇਹੇ ਨਿੱਤ ਘੱਲਦੀ। ਕਿਵੇਂ ਦੱਸਾਂ ਜਿੰਦੜੀ ਵਿਛੋੜਾ ਕਿੱਦਾਂ ਝੱਲਦੀ। ਜਾਗਦੇ ਖ਼ਵਾਬ ਨੈਣੀਂ ਬੂਹੇ ਕਿੱਦਾਂ ਖੋਲ੍ਹੀਏ। ਪਲਕਾਂ ਨੂੰ ਤਾਂਹੀਂਉਂ ਕਦੇ ਢੋਈਏ ਕਦੇ ਖੋਲ੍ਹੀਏ। ਤੱਤੜੀ ਨੂੰ ਮਾਰ ਨਾ ਵਿਛੋੜਿਆਂ ਦੀ ਮਾਰ ਵੇ। ਆਪਣੀ ਬਣਾ ਕੇ ਪਹਿਲਾਂ ਹੁਣ ਨਾ ਵਿਸਾਰ ਵੇ। ਦਿਲ ਵੱਟੇ ਦਿਲ ਪਾ ਕੇ ਪੂਰਾ ਸੌਦਾ ਤੋਲੀਏ। ਤੇਰੀ ਝਾਕ ਵਿਚ ਬੂਹਾ ਢੋਈਏ ਕਦੇ ਖੋਲੀਏ। ਤੇਰੇ ਪਿੱਛੇ ਭੁੱਲ ਗਈ ਹਾਂ ਸਾਰਾ ਸੰਸਾਰ ਵੇ। ਹੋਰ ਨਹੀਉਂ ਲੋੜ ,ਮੰਗਾਂ ਤੇਰਾ ਹੀ ਦੀਦਾਰ ਵੇ। ਤੇਰੇ ਸੰਗ ਸਾਥ ਵਿੱਚ ਕਦੇ ਸਿਦਕੋਂ ਨਾ ਡੋਲੀਏ। ਤੇਰੀ ਝਾਕ ਵਿਚ ਬੂਹਾ ਢੋਈਏ ਕਦੇ ਖੋਲੀਏ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ