ਪੰਜਾਬੀ ਗ਼ਜ਼ਲਾਂ/ਸ਼ਾਇਰੀ/ਕਵਿਤਾਵਾਂ : ਨਸੀਰ ਬਲੋਚ

Punjabi Poetry : Naseer Baloch


ਸਾਡੇ ਕਾਹਦੇ ਹੀਲੇ ਨੇ

ਸਾਡੇ ਕਾਹਦੇ ਹੀਲੇ ਨੇ ਹੜ੍ਹ ਦੇ ਅੱਗੇ ਤੀਲੇ ਨੇ ਬੁੱਕਲ ਵਿਚ ਰੋ ਲੈਂਦੇ ਨੇ ਦਰਦ ਬੜੇ ਸ਼ਰਮੀਲੇ ਨੇ ਵੇਲ਼ਾ ਆਇਆ ਤੇ ਨੱਸ ਗਏ ਯਾਰ ਬੜੇ ਫੁਰਤੀਲੇ ਨੇ ਰੇਸ਼ਮ ਵਰਗੇ ਲੋਕਾਂ ਦੇ ਬੋਲ ਬੜੇ ਪਥਰੀਲੇ ਨੇ ਹੰਝੂਆਂ ਵਾਂਗਰ ਸੱਪਾਂ ਦੇ ਬੱਚੇ ਵੀ ਜ਼ਹਿਰੀਲੇ ਨੇ ਦੁੱਖਾਂ ਬਾਂਝ ਨਸੀਰ ਤੁਰੇ ਕਿਹੜੇ ਹੋਰ ਕਬੀਲੇ ਨੇ

ਮਨ ਦੇ ਅੰਦਰ ਚੋਰ ਹੁੰਦਾ ਏ

ਮਨ ਦੇ ਅੰਦਰ ਚੋਰ ਹੁੰਦਾ ਏ ਤਾਂ ਬੰਦਾ ਕਮਜ਼ੋਰ ਹੁੰਦਾ ਏ ਤਕੜੇ ਨਾਲ਼ ਲੜਾਈ ਕਾਹਦੀ ਹੀਣੇ ਦਾ ਕੀ ਜ਼ੋਰ ਹੁੰਦਾ ਏ ਸੋਚਾਂ ਬੰਜਰ ਹੋ ਜਾਵਣ ਤੇ ਗੱਲ ਦਾ ਲਹਿਜਾ ਹੋਰ ਹੁੰਦਾ ਏ ਨਾਂ ਬਦਨਾਮ ਦਰਿੰਦਿਆਂ ਦਾ ਏ ਬੰਦਾ ਆਦਮਖ਼ੋਰ ਹੁੰਦਾ ਏ ਬਾਹਰ ਜਿੰਨੇ ਮੌਸਮ ਹੋਵਣ ਦਿਲ ਦਾ ਮੌਸਮ ਹੋਰ ਹੁੰਦਾ ਏ

ਉਹ ਝੂਠਾ ਵੀ ਹੋਵੇ ਤੇ

ਉਹ ਝੂਠਾ ਵੀ ਹੋਵੇ ਤੇ ਇਜ਼ਹਾਰ ਕਿਸੇ ਨਈਂ ਕਰਨਾ ਮੈਂ ਸੱਚਾ ਵੀ ਹੋਵਾਂ ਤੇ ਇਤਬਾਰ ਕਿਸੇ ਨਈਂ ਕਰਨਾ ਮੈਂ ਦਰਿਆ ਦੀ ਮਣ ਤੇ ਤੱਸਾ ਲੜਸਾਂ ਪਰ ਇਕ ਮੰਨੋ ਮੇਰੇ ਤੱਸਿਆਂ ਬਾਲਾਂ ਉੱਤੇ ਵਾਰ ਕਿਸੇ ਨਈਂ ਕਰਨਾ ਜੇ ਵੇਲੇ ਦੀਆਂ ਵਾਗਾਂ ਹੱਥੀਂ ਰਖਸੀਂ ਚੰਗਾ ਰਹਸੀਂ ਪਿੱਛੇ ਅੱਥਰੇ ਘੋੜੇ ਤੇ ਅਸਵਾਰ ਕਿਸੇ ਨਈਂ ਕਰਨਾ ਸੱਚ ਬੋਲਣ ਦੀ ਗ਼ਲਤੀ ਇਕ ਦਿਨ ਗ਼ੁਰਬਤ ਕੋਲੋਂ ਹੋਸੇਂ ਇਹ ਕੰਮ ਔਖਾ ਵੇਖ ਲਵੀਂ ਜ਼ਰਦਾਰ ਕਿਸੇ ਨਈਂ ਕਰਨਾ ਇਸ ਤੋਂ ਵੱਡਾ ਧੋਖੇਬਾਜ਼ ਨਸੀਰ ਕੋਈ ਨਾ ਸਮਝੀਂ ਜਿਹੜਾ ਆਖੇ ਮੈਥੋਂ ਵੱਧ ਕੇ ਪਿਆਰ ਕਿਸੇ ਨਈਂ ਕਰਨਾ

ਜਾ ਨੀ ਕੜਮਈਏ ਭੁੱਖੇ

ਜਾ ਨੀ ਕੜਮਈਏ ਭੁੱਖੇ ਤਨ ਤੇ ਲੀਰ ਨਈਂ ਛੱਡੀ ਚੋਲੇ ਦੀ ਰਹਿ ਗਈ ਸੀ ਇਕ ਇਹੋ ਸਾਥੇ ਪਿਆਰ ਨਿਸ਼ਾਨੀ ਢੋਲੇ ਦੀ ਅੱਖ ਲੱਗ ਗਈ ਤੇ ਵਿਸਰ ਜਾਸਣ ਤੈਥੋਂ ਲਗਦੇ ਲੈਂਦੇ ਵੀ ਝੱਲੀਏ ਤੈਥੋਂ ਭੁੱਲ ਜਾਣੀ ਐਂ ਇਕ ਇਕ ਲੀਰ ਪਟੋਲੇ ਦੀ ਸਾਰੀ ਉਮਰਾਂ ਟੁਰਦਾ ਵੱਤਿਆਂ ਮੈਂ ਪਥਰੀਲੇ ਰਸਤੇ ਤੇ ਸੁਫ਼ਨੇ ਦੇ ਵਿਚ ਵੇਖੀ ਸੀ ਤਸਵੀਰ ਇਕ ਉੱਡਣ ਖਟੋਲੇ ਦੀ ਕਿਹੜੇ ਹੜ੍ਹ ਵਿਚ ਲੁੜ੍ਹੀਆਂ ਰੀਤਾਂ ਵਾਰਿਸ ਦੇ ਪੰਜਾਬ ਦੀਆਂ ਨਾ ਉਹ ਚੱਕੀ ਛੱਜ ਛਾਨਣੀ ਨਾ ਉਹ ਰੀਤ ਭੜੋਲੇ ਦੀ ਪਤਝੜ ਦੇ ਵਿਚ ਮੇਰੇ ਵਾਂਗੂੰ ਰੁੱਖ ਦੇ ਪੀਲੇ ਪੱਤਰਾਂ ਨੂੰ ਰਾਸ ਨਸੀਰ ਨਈਂ ਆਈ ਯਾਰੀ ਤਿੱਖੀ ਵਾਅਦੇ ਝੋਲੇ ਦੀ

ਨੀਵਾਂ ਹੋ ਕੇ ਵਗ

ਨੀਵਾਂ ਹੋ ਕੇ ਵਗ ਦਰਿਆ ਦਿਆ ਪਾਣੀਆ ਤੇਰੇ ਕੰਢੇ ਜੱਗ ਦਰਿਆ ਦਿਆ ਪਾਣੀਆ ਕਿੰਨੀਆਂ ਚੁੰਨੀਆਂ ਲੁੜ੍ਹਾ ਕੇ ਤੇਰੇ ਵਾਸੀਆਂ ਸਿਰਤੇ ਬੱਧੀ ਪੱਗ ਦਰਿਆ ਦਿਆ ਪਾਣੀਆ ਕੱਚੇ ਸੋਹਣੀ ਨਾਲ਼ ਨਹੀਂ ਕੀਤੀਆਂ ਚੰਗੀਆਂ ਤੂੰ ਵੀ ਨਿਕਲਿਓਂ ਠੱਗ ਦਰਿਆ ਦਿਆ ਪਾਣੀਆ ਮੇਰੇ ਵਾਂਗੂੰ ਤੋਂ ਵੀ ਤਰਲੇ ਲੈਂਦਿਓਂ ਤੈਨੂੰ ਜਾਂਦੀ ਲੱਗ ਦਰਿਆ ਦਿਆ ਪਾਣੀਆ ਤੇਰੇ ਕੰਢੇ ਤੱਸਾ ਮਰ ਗਿਆ ਕਾਫ਼ਲਾ ਤੈਨੂੰ ਲੱਗੇ ਅੱਗ ਦਰਿਆ ਦਿਆ ਪਾਣੀਆ

ਮੈਨੂੰ ਇਸ ਕਹਾਣੀ ਦਾ ਕਿਰਦਾਰ ਬਣਾ

ਮੈਨੂੰ ਇਸ ਕਹਾਣੀ ਦਾ ਕਿਰਦਾਰ ਬਣਾ ਮੇਰੀ ਗਰਦਨ ਸੱਜਣਾਂ ਹੱਥ ਤਲਵਾਰ ਬਣਾ ਅੱਜ ਫ਼ਿਰ ਉਹਨੇ ਪੁੱਛੀ ਏ ਔਕਾਤ ਮੇਰੀ ਯਾਰ ਮੁਸੱਵਰ ਕਾਸੇ ਨੂੰ ਦਸਤਾਰ ਬਣਾ ਨਕਸ਼ਾ ਖਿੱਚ ਕੇ ਦੱਸ ਖਾਂ ਸਾਡੇ ਜੀਵਨ ਦਾ ਅੱਗ ਵਿੱਚ ਸੜਦੀ ਪੱਖੂਆਂ ਦੀ ਹਿੱਕ ਡਾਰ ਬਣਾ ਨੀਵੀਂ ਉੱਚੀ ਹੋ ਜਾਂਦੀ ਏ ਸੱਜਣਾਂ ਵਿਚ ਨਿੱਕੀ ਜਿੰਨੀ ਗੱਲ ਨੂੰ ਨਾ ਅਖ਼ਬਾਰ ਬਣਾ ਅੱਜ ਅੱਖਾਂ ਨੂੰ ਅੱਖਾਂ ਵੇਖਣ ਆਈਆਂ ਨੇ ਪਾਣੀ ਵਿਚ ਨਾ ਪਾਣੀ ਦੀ ਦੀਵਾਰ ਬਣਾ ਉਹਨੇ ਫ਼ਿਰ ਐਤਵਾਰ ਦਾ ਕਾਰਾ ਕੀਤਾ ਏ ਸੱਤੇ ਦਿਨ ਈ ਹਫ਼ਤੇ ਦੇ ਐਤਵਾਰ ਬਣਾ

ਅੰਮ੍ਰਿਤਾ ਪ੍ਰੀਤਮ ਨੂੰ (ਨਜ਼ਮ)

ਮੁੜ ਲਿਖ ਕੋਈ ਗੀਤ ਪੰਜਾਬ ਦਾ ਤੈਨੂੰ ਆਖਣ ਪੰਜ ਦਰਿਆ ਜਿੰਦ ਕੱਢ ਕੇ ਦਿਆਂ ਸਰੀਰ ’ਚੋਂ ਤੈਨੂੰ ਦੇਵਾਂ ਆਪਣੇ ਸਾਹ ਤੂੰ ਹਾਲਤ ਵੇਖ ਪੰਜਾਬ ਦੀ ਇੰਜ ਕੀਤੇ ਰੱਜ ਰੱਜ ਵੈਣ ਜਿਵੇਂ ਅਣਖੀ ਮੋਏ ਵੀਰ ਨੂੰ ਕੋਈ ਰੋਵੇ ਚੰਗੀ ਭੈਣ ਤੇਰੇ ਹੱਡੀਂ ਦਰਦ ਵਸੇਬ ਦਾ ਤੇਰੇ ਨੈਣਾਂ ਵਿਚ ਪੰਜਾਬ ਤੇਰੇ ਅੱਖਰ ਢਾਹੀਂ ਮਾਰਦੇ ਤੇਰੇ ਵੈਣਾਂ ਵਿਚ ਪੰਜਾਬ ਤੂੰ ਜੋਗਣ ਦੇਸ ਪੰਜਾਬ ਦੀ ਤੇਰੇ ਹੱਥੀਂ ਪਿਆਰ ਦੀ ਬੀਨ ਤੂੰ ਮੰਗੀ ਖ਼ੈਰ ਪੰਜਾਬ ਦੀ ਤੇਰੇ ਵੰਡੇ ਦਰਦ ਜ਼ਮੀਨ

ਸ਼ੱਕ ਦੀ ਦੀਵਾਰ ਖੜੀ ਕਰ ਲਈ ਏ

ਸ਼ੱਕ ਦੀ ਦੀਵਾਰ ਖੜੀ ਕਰ ਲਈ ਏ ਤੂੰ ਮੇਰੇ ਨਾਲ਼ ਬੜੀ ਕਰ ਲਈ ਏ ਮੈਂ ਤੇਰੇ ਨਾਲ਼ ਬਗ਼ਾਵਤ ਕਰਦਾ ਦਿਲ ਮੇਰੇ ਨਾਲ਼ ਅੜੀ ਕਰ ਲਈ ਏ ਉਹ ਮੇਰੀ ਜ਼ਿੰਦਗੀ ਦਾ ਹਾਸਲ ਏ ਜੋ ਤੇਰੇ ਨਾਲ਼ ਘੜੀ ਕਰ ਲਈ ਏ ਸਿਰ ਝੁਕਾਇਆ ਸੀ ਅਦਬ ਤੋਂ ਮੈਂ ਤੇ ਤੂੰ ਤੇ ਤਲਵਾਰ ਖੜੀ ਕਰ ਲਈ ਏ ਹਿਜਰ ਦੀ ਰਾਤ ਮੁਕਾਵਨ ਦੇ ਲਈ ਮੈਂ ਅੱਗਾਂਹ ਹੋਰ ਘੜੀ ਕਰ ਲਈ ਏ ਖ਼ੌਰੇ ਆਉਣਾਂ ਏ ਕਿਸੇ ਨੇ ਵੇਖਣ ਲਈ ਮੌਤ ਨੇ ਦੇਰ ਬੜੀ ਕਰ ਲਈ ਏ

ਦੁਨੀਆ ਤੇਰੀ ਏ ਦਾਰ ਤੇਰੇ ਨੇ

ਦੁਨੀਆ ਤੇਰੀ ਏ ਦਾਰ ਤੇਰੇ ਨੇ ਕਿੰਨੇ ਪਰਵਰਦਿਗਾਰ ਤੇਰੇ ਨੇ ਤੇਰੀ ਜਿੱਤ ਦਾ ਵਸੀਲਾ ਮੈਂ ਬਣਿਆਂ ਹਾਰ ਮੇਰੀ ਏ ਹਾਰ ਤੇਰੇ ਨੇ ? ਸਦਕੇ ਜਾਵਾਂ ਤੇਰੀ ਅਦਾਲਤ ਤੋਂ ਤੀਰ ਮੇਰੇ ਸ਼ਿਕਾਰ ਤੇਰੇ ਨੇ ਮਾਰ ਕੇ ਰੋਵਣ ਵਾਲਿਆ ਸੁਣ ਲੈ ਮੇਰੀ ਗਰਦਨ ਤੇ ਵਾਰ ਤੇਰੇ ਨੇ ਅੱਜ ਤੋਂ ਇਸੇ ਦੇ ਨਾਲ਼ ਜਚਣਾ ਐਂ ਜਹਿੰਦੇ ਮੋਢੇ ਤੇ ਭਾਰ ਤੇਰੇ ਨੇ ਸਾਹਵੇਂ ਸੀਨੇ ਤੇ ਵਾਰ ਦੁਸ਼ਮਣ ਦੇ ਜਿੰਨੇ ਕੰਡ ਤੇ ਨੇ ਵਾਰ ਤੇਰੇ ਨੇ

ਸਾਥ ਦੇਣਾ ਏ ਮੇਰਾ ਹਰਫ਼ਾਂ ਕਿਵੇਂ

ਸਾਥ ਦੇਣਾ ਏ ਮੇਰਾ ਹਰਫ਼ਾਂ ਕਿਵੇਂ ਇਸ ਦੁਆ ਵਰਗੇ ਨੂੰ ਮੈਂ ਮੰਗਾਂ ਕਿਵੇਂ ਬੇੜੀਆਂ ਤੇ ਬੇੜੀਆਂ ਨੂੰ ਪਾ ਲਵਾਂ ਉਹਦੀਆਂ ਵੰਗਾਂ ਨੂੰ ਮੈਂ ਵੰਗਾਂ ਕਿਵੇਂ ਹੱਸ ਤੇ ਖ਼ੌਰੇ ਲਾਂਗਾ ਮੈਂ ਚੰਨ ਆਖਿਆਂ ਇਸ ਤਰਾਂ ਸੁੰਗੜਾਂ ਕਿਵੇਂ ਸੰਗਾਂ ਕਿਵੇਂ ਯਾਰ ਕੋਈ ਤੇ ਲੈ ਲਵੇਗਾ ਪੁੱਛ ਤੇ ਸਹੀ ਵਿਕਦੀਆਂ ਨੇ ਸ਼ਹਿਰ ਵਿਚ ਪੀੜਾਂ ਕਿਵੇਂ ਸਹਿਕਦੇ ਪਏ ਨੇ ਅਜੀਂ ਵਾਅਦੇ ਤੇਰੇ ਜੀਂਦਿਆਂ ਲਾਸ਼ਾਂ ਨੂੰ ਮੈਂ ਦੱਬਾਂ ਕਿਵੇਂ ਮਿਹਰ ਅਲੀ ਨੂੰ ਪੜ੍ਹ ਲਵੀਂ ਉਹ ਜਾਣਦਾ ਏ ਪਾਣੀਆਂ ਵਿਚ ਵਸਤੀਆਂ ਲੁੜ੍ਹੀਆਂ ਕਿਵੇਂ

ਪਾਣੀ ਨਹੀਂ ਸੀ ਵਰ੍ਹੀਆਂ ਹੋਈਆਂ ਅੱਖਾਂ ਦਾ

ਪਾਣੀ ਨਹੀਂ ਸੀ ਵਰ੍ਹੀਆਂ ਹੋਈਆਂ ਅੱਖਾਂ ਦਾ ਤਰਲਾ ਸੀ ਦੋ ਹਰੀਆਂ ਹੋਈਆਂ ਅੱਖਾਂ ਦਾ ਸ਼ਹਿਰ ਦੇ ਅੰਦਰ ਜਿਉਂ ਮੇਲਾ ਲਗਦਾ ਏ ਸ਼ਾਮ ਸਵੇਰੇ ਮਰੀਆਂ ਹੋਈਆਂ ਅੱਖਾਂ ਦਾ ਦਿਲ ਦੇ ਅੰਦਰੋਂ ਨਾ ਵੇਖਣ ਤੇ ਫ਼ਾਇਦਾ ਕੀ ਚਿਹਰੇ ਉੱਤੇ ਧਰੀਆਂ ਹੋਈਆਂ ਅੱਖਾਂ ਦਾ ਦਸ ਮੈਂ ਤੇਰੇ ਜਜ਼ਬੇ ਨੂੰ ਗਰਮਾਂਦਾ ਕੀ ਸੇਕਾ ਦੇ ਕੇ ਠਰੀਆਂ ਹੋਈਆਂ ਅੱਖਾਂ ਦਾ ਹਾਲੀ ਤੀਕਰ ਮਲਬਾ ਲੱਭਦਾ ਫਿਰਨਾ ਵਾਂ ਤੇਰੇ ਪੈਰੀਂ ਧਰੀਆਂ ਹੋਈਆਂ ਅੱਖਾਂ ਦਾ

ਮੈਂ ਤੈਨੂੰ ਉਸ ਵੇਲੇ ਵੇਖਿਆ ਸੀ

ਮੈਂ ਤੈਨੂੰ ਉਸ ਵੇਲੇ ਵੇਖਿਆ ਸੀ ਜਦੋਂ ਅੱਖਾਂ ਨੇ ਪਹਿਲਾ ਸਾਹ ਲਿਆ ਸੀ ਕਦੀਂ ਰੋਕਿਆ ਕਦੀਂ ਸਾਹ ਆ ਗਿਆ ਸੀ ਹਯਾਤੀ ਨਹੀਂ ਕਿਸੇ ਦੀ ਬਦ ਦੁਆ ਸੀ ਅਸੀਂ ਦੂਜੇ ਕਿਨਾਰੇ ਤੇ ਮਿਲਾਂਗੇ ਕਿਸੇ ਨੇ ਰੋ ਕੇ ਮੈਨੂੰ ਆਖਿਆ ਸੀ ਭਲਾ ਤਿੱਖੀ ਹਵਾ ਦਾ ਖ਼ੌਫ਼ ਕਾਹਦਾ ਬਨੇਰੇ ਤੇ ਹਨੇਰਾ ਬਾਲਿਆ ਸੀ ਮੈਂ ਉਹ ਵੇਲ਼ਾ ਕਿਦਾਂ ਲੱਭ ਕੇ ਲਿਆਵਾਂ ਜਦੋਂ ਹੱਥਾਂ ਚ ਪੱਥਰ ਬੋਲਿਆ ਸੀ ਤੂੰ ਵਾਅਦਾ ਪੂਰਾ ਕਰ ਕੇ ਮਾਰ ਦਿੱਤਾ ਤੇਰਾ ਲਾਰਾ ਤੇ ਮੇਰਾ ਆਸਰਾ ਸੀ ਨਸੀਰ ਉਦੋਂ ਕਿਨਾਰੇ ਚੀਕ ਮਾਰੀ ਜਦੋਂ ਮੈਨੂੰ ਸਮੁੰਦਰ ਖਾ ਗਿਆ ਸੀ

ਸੱਜਣ ਮੇਰੇ ਵਿਹੜੇ ਵੜਿਆ ਰਾਤੀਂ

ਸੱਜਣ ਮੇਰੇ ਵਿਹੜੇ ਵੜਿਆ ਰਾਤੀਂ ਅੱਚਣਚੇਤੀ ਸੂਰਜ ਚੜ੍ਹਿਆ ਰਾਤੀਂ ਹੁਣ ਉਹ ਮੈਨੂੰ ਯਾਦ ਜ਼ਬਾਨੀ ਸਾਰਾ ਉਹਨੂੰ ਅਲਫ਼ੋਂ ਯੇ ਤੱਕ ਪੜ੍ਹਿਆ ਰਾਤੀਂ ਦਿਨ ਚੜ੍ਹਿਆ ਤੇ ਹਰ ਸ਼ੈ ਹੋ ਗਈ ਕੋਲਾ ਦੀਵੇ ਤੇ ਇੱਕ ਤੀਲਾ ਸੜਿਆ ਰਾਤੀਂ ਅੱਖੀਂ ਦਿਲ ਚੇਤਾ ਤੇ ਦਰਦ ਵਿਛੋੜਾ ਸਿਰ ਤੋਂ ਪੈਰਾਂ ਤੀਕਰ ਸੜਿਆ ਰਾਤੀਂ ਉਹਦੀ ਯਾਦ ਦੀ ਖ਼ੁਸ਼ਬੂ ਹੌਕਾ ਭਰਿਆ ਏ ਇੰਜ ਲਗਦਾ ਸੀ ਚੇਤਰ ਚੜ੍ਹਿਆ ਰਾਤੀਂ ਮੇਰਾ ਹੱਥ ਵੀ ਮੇਰੇ ਹੱਥ ਨਹੀਂ ਆਉਂਦਾ ਉਹਨੇ ਮੇਰਾ ਹੱਥ ਕੀ ਫੜਿਆ ਰਾਤੀਂ

ਜਦ ਵੀ ਕਲਾ ਹੋਇਆ ਮੈਂ

ਜਦ ਵੀ ਕਲਾ ਹੋਇਆ ਮੈਂ ਖ਼ੌਰੇ ਕਿਨਾ ਰੋਇਆ ਮੈਂ ਖ਼ੌਰੇ ਕਿਥੋਂ ਟੁਰਿਆ ਸਾਂ ਕਿੱਥੇ ਆਣ ਖਲੋਇਆ ਮੈਂ ਵਿਚੋਂ ਲੀਰਾਂ ਲੀਰਾਂ ਹਾਂ ਉੱਤੋਂ ਨਵਾਂ ਨਰੋਇਆ ਮੈਂ ਅੱਖਾਂ ਓਨਾ ਦੱਸਿਆ ਏ ਜਿੰਨਾ ਪਿਆਰ ਲਕੋਇਆ ਮੈਂ ਤੇਰਾ ਹਿਜਰ ਗੁਲਾਬ ਜਹਿਆ ਪਲਕਾਂ ਨਾਲ਼ ਪਰੋਇਆ ਮੈਂ ਅੱਖਾਂ ਰਾਹੀਂ ਪਿਆਰ ਨਸੀਰ ਦਿਲ ਦੇ ਅੰਦਰ ਬੋਇਆ ਮੈਂ

ਹੱਕ ਵੀ ਦੇਵਣ ਭੀਖ ਤਰ੍ਹਾਂ

ਹੱਕ ਵੀ ਦੇਵਣ ਭੀਖ ਤਰ੍ਹਾਂ ਇਨਸਾਨਾਂ ਨੂੰ ਸਮਝੇ ਨਈਂ ਉਹ ਠੀਕ ਤਰ੍ਹਾਂ ਇਨਸਾਨਾਂ ਨੂੰ ਨੰਗਿਆਂ ਕਰ ਛੱਡਿਆ ਏ ਦੌਰ ਤਰੱਕੀ ਦੇ ਗ਼ਾਰਾਂ ਦੇ ਵਸਨੀਕ ਤਰ੍ਹਾਂ ਇਨਸਾਨਾਂ ਨੂੰ ਮੇਰੀਆਂ ਗ਼ਜ਼ਲਾਂ ਦਾ ਮਿਸਰਾ ਜਾਪੇਗਾ ਮਜ਼ਲੂਮਾਂ ਦੀ ਚੀਕ ਤਰ੍ਹਾਂ ਇਨਸਾਨਾਂ ਨੂੰ ਵਾਹ ਛੱਡਿਆ ਏ ਕਾਦਰ ਦਰਦ ਸਮੁੰਦਰ ਵਿਚ ਪਾਣੀ ਉੱਤੇ ਲੀਕ ਤਰ੍ਹਾਂ ਇਨਸਾਨਾਂ ਨੂੰ ਰਾਸ ਨਈਂ ਆਏ ਖ਼ੁਦਗ਼ਰਜ਼ੀ ਦੇ ਜੰਗਲ਼ ਵਿਚ ਪਿਆਰ ਦੇ ਮੌਸਮ ਠੀਕ ਤਰ੍ਹਾਂ ਇਨਸਾਨਾਂ ਨੂੰ

ਬੇਵਜਾ ਸਾਥੋਂ ਕਿਨਾਰਾ ਨਾ ਕਰੇ

ਬੇਵਜਾ ਸਾਥੋਂ ਕਿਨਾਰਾ ਨਾ ਕਰੇ ਸ਼ਹਿਰ ਨੂੰ ਜੰਗਲ਼ ਦੋਬਾਰਾ ਨਾ ਕਰੇ ਨਾ ਖਿਲਾਰੇ ਜ਼ੁਲਫ਼ ਨੂੰ ਰੁਖ਼ਸਾਰ ਤੇ ਇੰਜ ਘਟਾਵਾਂ ਨੂੰ ਅਵਾਰਾ ਨਾ ਕਰੇ ਦੋਸਤੀ ਵਿਚ ਬੇ ਯਕੀਨੀ ਠੀਕ ਨਈਂ ਰੋਜ਼ ਗੱਲ ਗੱਲ ਦਾ ਨਿਤਾਰਾ ਨਾ ਕਰੇ ਮੇਰੇ ਵਾਂਗੂੰ ਦੋਸਤਾਂ ਦੀ ਭੀੜ ਵਿਚ ਰੱਬ ਕਿਸੇ ਨੂੰ ਬੇਸਹਾਰਾ ਨਾ ਕਰੇ ਸਾੜ ਕੇ ਕੱਖਾਂ ਦੀਆਂ ਕੁੱਲੀਆਂ ਨਸੀਰ ਆਪ ਦਾ ਉੱਚਾ ਚੁਬਾਰਾ ਨਾ ਕਰੇ

ਸਿਰਾਂ ਤੇ ਭਾਰ ਕਿਤਨਾ ਏ

ਸਿਰਾਂ ਤੇ ਭਾਰ ਕਿਤਨਾ ਏ ਸਫ਼ਰ ਦੁਸ਼ਵਾਰ ਕਿਤਨਾ ਏ ਮੁਸੀਬਤ ਵਿਚ ਪਤਾ ਲਗਦਾ ਏ ਕਿਸੇ ਨੂੰ ਪਿਆਰ ਕਿਤਨਾ ਏ ਕਬਰ ਜੋਗੀ ਏ ਥਾਂ ਸਾਰੀ ਮੇਰਾ ਘਰ ਬਾਰ ਕਿਤਨਾ ਏ ਅਜੇ ਮੰਜ਼ਿਲ ਤੇ ਅਪੜਨ ਲਈ ਸਫ਼ਰ ਦਰਕਾਰ ਕਿਤਨਾ ਏ ਮੇਰੀ ਬਰਬਾਦੀਆਂ ਦੇ ਵਿਚ ਤੇਰਾ ਕਿਰਦਾਰ ਕਿਤਨਾ ਏ ਨਸੀਰ ਆ ਰਲ਼ ਕੇ ਬਹਿ ਜਾਈਏ ਦਿਲਾਂ ਤੇ ਭਾਰ ਕਿਤਨਾ ਏ

ਉਹਨੂੰ ਮੇਰੀ ਜ਼ਾਤ ਵਿੱਚ ਲੈ ਆ

ਉਹਨੂੰ ਮੇਰੀ ਜ਼ਾਤ ਵਿੱਚ ਲੈ ਆ ਸੂਰਜ ਕਾਲ਼ੀ ਰਾਤ ਵਿੱਚ ਲੈ ਆ ਜੇ ਕੁੱਝ ਦੇਣਾ ਚਾਹਨਾ ਐਂ ਤੇ ਸੱਜਣਾਂ ਨੂੰ ਬਰਸਾਤ ਵਿੱਚ ਲੈ ਆ ਦਿਲ ਨੂੰ ਘੇਰ ਕੇ ਫ਼ਿਰ ਇਕ ਵਾਰੀ ਅੱਖੀਆਂ ਦੇ ਜੰਗਲ਼ਾਤ ਵਿੱਚ ਲੈ ਆ ਪੱਥਰ ਲੋਕ ਨਸੀਰ ਬੜੇ ਨੇ ਦਿਲ ਨੂੰ ਪੱਕੀ ਧਾਤ ਵਿੱਚ ਲੈ ਆ

ਐਵੇਂ ਤੇ ਨਈਂ ਕੰਢੇ ਉਤੇ ਮਰਿਆ ਸੀ

ਐਵੇਂ ਤੇ ਨਈਂ ਕੰਢੇ ਉਤੇ ਮਰਿਆ ਸੀ ਮੇਰੇ ਨਾਲੋਂ ਢੇਰ ਪਿਆਸਾ ਦਰਿਆ ਸੀ ਨਾ ਕਰਦਾ ਰੁਸ਼ਨਾਈਆਂ ਕੈਦੀ ਨਾ ਬਣਦਾ ਜੁਗਨੂੰ ਆਪਣੇ ਚਾਨਣ ਹੱਥੀਂ ਮਰਿਆ ਸੀ ਮੈਂ ਤੇ ਕਲਮਕੱਲਾ ਬਾਜ਼ੀ ਹਾਰ ਗਿਆ ਤੇਰੇ ਨਾਲ਼ ਤੇ ਸਾਰੇ ਜੱਗ ਦੀ ਪਰ੍ਹਿਆ ਸੀ ਸਾਰੀ ਉਮਰਾਂ ਉਹਦੇ ਹੋਠ ਪਿਆਸੇ ਰਹੇ ਜਿਦ੍ਹੀਆਂ ਅੱਖਾਂ ਵਿਚੋਂ ਵਗਦਾ ਦਰਿਆ ਸੀ ਦੁਨੀਆ ਕਿੰਨੇ ਰੂਪ ਵਟਾਏ ਹੋਏ ਸਨ ਪੱਥਰਾਂ ਦਾ ਮੀਂਹ ਫੁੱਲਾਂ ਵਾਂਗਰ ਵਰ੍ਹਿਆ ਸੀ ਅੱਖਾਂ ਤੀਕ ਕੁੜੱਤਣ ਕਿਸਰਾਂ ਅੱਪੜ ਗਈ ਮੈਂ ਤੇ ਦਿਲ ਦੇ ਅੰਦਰ ਹੌਕਾ ਭਰਿਆ ਸੀ ਰੇਸ਼ਮ ਵਰਗੇ ਲੋਕਾਂ ਡੰਗ ਨਸੀਰ ਲਿਆ ਮੈਂ ਤੇ ਕਾਲੇ ਸੱਪਾਂ ਕੋਲੋਂ ਡਰਿਆ ਸੀ

ਕੱਲਮ ਕੱਲਾ ਕੀ ਕਰਦਾ ਮੈਂ

ਕੱਲਮ ਕੱਲਾ ਕੀ ਕਰਦਾ ਮੈਂ ਦਿਲ ਸੀ ਝੱਲਾ ਕੀ ਕਰਦਾ ਮੈਂ ਦਿਲ ਦੇ ਅੰਦਰ ਖੋਟ ਬੜੇ ਸਨ ਅੱਲ੍ਹਾ ਅੱਲ੍ਹਾ ਕੀ ਕਰਦਾ ਮੈਂ ਦੱਸੋ ਹਾੜ੍ਹ ਦੇ ਸੂਰਜ ਅੱਗੇ ਬਾਂਹ ਦਾ ਠੱਲ੍ਹਾ ਕੀ ਕਰਦਾ ਮੈਂ ਸਾਰੀ ਉਮਰਾਂ ਮੂੰਹ ਵਿਚ ਬੁਰਕੀ ਸਿਰ ਵਿਚ ਖਲ੍ਹਾ ਕੀ ਕਰਦਾ ਮੈਂ ਮੈਂ ਸਾਂ ਇਕ ਮਜ਼ਦੂਰ ਤੇ ਭੁੱਖਾ ਸਾਰਾ ਟਿੱਲਾ ਕੀ ਕਰਦਾ ਮੈਂ ਤੂੰ ਜੇ ਮੇਰਾ ਨਈਂ ਬਣਿਆ ਤੇ ਮੁੰਦਰੀ ਛੱਲਾ ਕੀ ਕਰਦਾ ਮੈਂ

ਚੁੱਪ ਕਰ ਮੁੰਡਿਆ

ਚੁੱਪ ਕਰ ਮੁੰਡਿਆ, ਨਾ ਮੰਗ ਰੋਟੀਆਂ ਖਾਏਂਗਾ ਜ਼ਮਾਨੇ ਹੱਥੋਂ ਨਹੀਂ ਤੇ ਸੋਟੀਆਂ ਦੜ ਵੱਟ ਕੇ ਤੂੰ ਕੱਟ ਏਥੇ ਦਿਨ ਚਾਰ ਸਦੀਆਂ ਤੋਂ ਭੁੱਖੇ ਲੋਕੀਂ ਖਾਂਦੇ ਆਏ ਮਾਰ ਇੱਕ ਮੁੱਕੀ ਚੁੱਕ ਲੈ, ਦੂਸਰੀ ਤਿਆਰ ਦਿਲਾਂ ਵਿਚ ਜਿਨ੍ਹਾਂ ਦੇ ਮੁਹੱਬਤਾਂ ਦਾ ਨੂਰ ਜਾਣ ਠੁਕਰਾਏ ਬਿਨਾਂ ਕੀਤਿਆਂ ਕਸੂਰ ਰਹਿਣ ਸੁਖੀ ਵਾਜਿਦਾਂ ਵਲੀਕਿਆਂ ਦੇ ਯਾਰ ਸਦੀਆਂ ਤੋਂ ਭੁੱਖੇ ਲੋਕੀਂ ਖਾਂਦੇ ਆਏ ਮਾਰ

ਇਸ ਦੀ ਕਰ ਕੇ ਤਮੰਨਾ ਵੇਖੀਏ

ਇਸ ਦੀ ਕਰ ਕੇ ਤਮੰਨਾ ਵੇਖੀਏ ਮਾਰ ਕੇ ਵਾਅ ਨੂੰ ਉਨ੍ਹਾ ਵੇਖੀਏ ਛਾਲ ਵਿਚ ਡੂੰਘੇ ਸਮੁੰਦਰ ਮਾਰ ਕੇ ਪਾਣੀਆਂ ਦਾ ਊੜਾ ਬਣਾ ਵੀਖੀਏ ਚਾਰਈਏ ਮੱਝਾਂ ਕਿਸੇ ਚੂਚਕ ਦਿਆਂ ਜੀਂਦਿਆਂ ਚੋਰੀ ਦਾ ਛੰਨਾਂ ਵੇਖੀਏ ਕਹਿ ਗਿਆ ਸੁਫ਼ਨੇ ਦੇ ਵਿਚ ਆਵਾਂਗਾ ਮੈਂ ਖ਼ਾਬ ਤੇ ਕਰਕੇ ਆਮਨਾ ਵੇਖੀਏ ਕਰ ਲਵਾਂ ਮਨਜ਼ੂਰ ਅੰਨ੍ਹੇ ਜਿਸ ਨੂੰ ਕੋਈ ਅੱਖਾਂ ਵਾਲਾ ਅੰਨ੍ਹਾ ਵੇਖੀਏ ਓਪਰੀ ਜੂਹ ਸ਼ਾਮ ਪੈ ਗਈ ਐ ਨਸੀਰ ਰਹਿਣ ਲਈ ਕੋਈ ਬੂਹਾ ਚਣਾ ਵੇਖੀਏ

ਜਦ ਤੱਕ ਲੀਰੋ ਲੀਰ ਨਈਂ ਹੁੰਦਾ

ਜਦ ਤੱਕ ਲੀਰੋ ਲੀਰ ਨਈਂ ਹੁੰਦਾ ਬੰਦਾ ਸਿੱਧਾ ਤੀਰ ਨਈਂ ਹੁੰਦਾ ਨਿਯਤ ਸੱਜਣਾਂ ਨੀਹ ਹੁੰਦੀ ਏ ਚਿੱਲਿਆਂ ਨਾਲ਼ ਫ਼ਕੀਰ ਨਈਂ ਹੁੰਦਾ ਅੰਦਰੋਂ ਬੰਦਾ ਮੁੱਕ ਜਾਂਦਾ ਏ ਅੱਖਾਂ ਦੇ ਵਿਚ ਨੀਰ ਨਈਂ ਹੁੰਦਾ ਪੱਕੀ ਗੱਲ ਏ ਹੁਣ ਬਾਹਮਣ ਦੇ ਕਬਜ਼ੇ ਵਿਚ ਕਸ਼ਮੀਰ ਨਈਂ ਹੁੰਦਾ ਕਿੱਥੇ ਨਵੀਆਂ ਲਾ ਲਈਆਂ ਨੇਂ? ਤੇਰੇ ਨਾਲ਼ ਨਸੀਰ ਨਈਂ ਹੁੰਦਾ

ਜੀਵਨ ਸੀ ਹਿੱਕ ਲੀਕ ਵਿਛੋੜੇ ਦੀ

ਜੀਵਨ ਸੀ ਹਿੱਕ ਲੀਕ ਵਿਛੋੜੇ ਦੀ ਪਿੱਛੇ ਰਹਿ ਗਈ ਚੀਕ ਵਿਛੋੜੇ ਦੀ ਪਹਿਲੇ ਸਾਹ ਤੇ ਦੂਜੇ ਸਾਹ ਵਿਚਕਾਰ ਕੰਧ ਸੀ ਅੰਬਰਾਂ ਤੀਕ ਵਿਛੋੜੇ ਦੀ ਇਹ ਕੀ ਰੋਜ਼ ਈ ਲੈਲਾ ਮਜਨੂੰ ਦੀ ਗੱਲ ਸੁਣਾ ਕੋਈ ਠੀਕ ਵਿਛੋੜੇ ਦੀ ਤੈਨੂੰ ਖਾਧਾ ਲੋੜ ਨਿਖ਼ਸਮੀ ਨੇ ਮੈਨੂੰ ਪੀ ਗਈ ਡੀਕ ਵਿਛੋੜੇ ਦੀ ਸੱਜੇ ਹੱਥ ਤੇ ਮੇਲ ਮੁਹੱਬਤ ਦੇ ਖੱਬੇ ਹੱਥ ਤੇ ਲੀਕ ਵਿਛੋੜੇ ਦੀ ਵੇਖ ਲਿਆ ਅਜ਼ਮਾ ਕੇ ਜੱਗ ਨੂੰ ਮੈਂ ਰੱਬਾ ਦੇ ਚਾ ਭੀਖ ਵਿਛੋੜੇ ਦੀ ਕੀ ਮਰਜ਼ੀ ਏ ਵਗਦੇ ਪਾਣੀ ਦੀ ਕੰਢੇ ਬੋਲੇ ਲੀਕ ਵਿਛੋੜੇ ਦੀ

ਦੁੱਖ ਹੋਵੇ ਤੇ ਤਾਂ ਛੱਡਦੇ ਨੇ ਘਰ ਨੂੰ

ਦੁੱਖ ਹੋਵੇ ਤੇ ਤਾਂ ਛੱਡਦੇ ਨੇ ਘਰ ਨੂੰ ਮਾਲਿਕ ਘਰ ਦੇ ਐਵੇਂ ਤੇ ਨਈਂ ਅੱਖਾਂ ਵਿਚੋਂ ਅੱਥਰੂ ਹਿਜਰਤ ਕਰਦੇ ਜਿਹੜੀ ਵਾਅ ਦੀ ਸ਼ਹਿ ਤੇ ਉੜਿਆ ਸੀ ਮੈਂ ਉੱਚ ਉਡਾਰੀ ਉਹਨੇ ਸੌ ਸੌ ਕਰ ਛੱਡੇ ਨੇ ਟੋਟੇ ਇਕ ਇਕ ਪਰਦੇ ਦੂਰ ਖਲੋ ਕੇ ਕੰਢਿਆਂ ਉੱਤੇ ਜਾਣ ਕੇ ਮਾਰ ਨਾ ਵਾਜਾਂ ਬੱਧਿਆਂ ਹੋਇਆਂ ਹੱਥਾਂ ਪੈਰਾਂ ਨਾਲ਼ ਨਈਂ ਬੰਦੇ ਤਰਦੇ ਕੱਲ੍ਹ ਕਹਿੰਦਾ ਸੀ ਰੇਸ਼ਮ ਵਰਗੀ ਤੇਰੇ ਪਿੰਡ ਦੀ ਮਿੱਟੀ ਅੱਜ ਕਹਿੰਦਾ ਏ ਪਥਰੀਲੇ ਨੇ ਰਸਤੇ ਤੇਰੇ ਘਰ ਦੇ ਵੇਲਿਆ ਜੇ ਤੂੰ ਜਾਦੂਗਰ ਐਂ ਤੇ ਕੋਈ ਮੰਤਰ ਪੜ੍ਹ ਕੇ ਉਸ ਨੂੰ ਮੋਮ ਬਣਾ ਦੇ ਯਾ ਫਿਰ ਮੈਨੂੰ ਪੱਥਰ ਕਰਦੇ ਜੇ ਮੈਂ ਥੱਕਿਆ ਟੁੱਟਿਆ ਬਹਿ ਵੀ ਜਾਵਾਂ ਮੌਤ ਦੀ ਛਾਵੇਂ ਕੋਈ ਨਈਂ ਹੋਰ ਨਸੀਰ ਬਣਾ ਲਈਂ ਸੰਗੀ ਏਸ ਸਫ਼ਰ ਦੇ

ਮੈਨੂੰ ਪੂਰੇ ਦੇਸ ਦੀ ਚਿੰਤਾ

ਮੈਨੂੰ ਪੂਰੇ ਦੇਸ ਦੀ ਚਿੰਤਾ, ਉਹਨੂੰ ਖ਼ਤਰਾ ਘਰ ਦਾ ਏ ਟੋਟੇ ਕਰ ਕੇ ਜਿਹੜਾ ਸ਼ੀਸ਼ਾ ਕੰਧਾਂ ਦੇ ਵਿਚ ਭਰਦਾ ਏ ਭੁੱਖਿਆਂ ਵਾਂਗੂੰ ਸੂਰਜ ਵੀ ਸਰਮਾਇਆਦਾਰ ਤੋਂ ਡਰਦਾ ਏ ਝੁੱਗੀਆਂ ਨਾਲੋਂ ਪਹਿਲਾਂ ਚਾਨਣ ਮਹਿਲਾਂ ਉੱਤੇ ਕਰਦਾ ਏ ਉਸ ਬੰਦੇ ਦੀ ਤਨਹਾਈ ਦਾ ਤੈਨੂੰ ਕੀ ਅੰਦਾਜ਼ਾ ਏ ਆਪੇ ਗੱਲਾਂ ਕਰਦਾ ਜਿਹੜਾ ਆਪ ਹੁੰਗਾਰੇ ਭਰਦਾ ਏ ਉਹਦੇ ਨਾਲ਼ ਨਿਭਾਣੀ ਪੈ ਗਈ ਵੇਲੇ ਦੀ ਮਜਬੂਰੀ ਏ ਗੱਲ ਗੱਲ ਨਾਲ਼ ਵਿਗੜਦਾ ਜਿਹੜਾ ਗੱਲ ਗੱਲ ਨਾਲ਼ ਸੰਵਰਦਾ ਏ ਥੋੜਾ ਪਾਣੀ ਹੋਵੇ ਕੰਢੇ ਸੀਨਾ ਤਾਣ ਖਲੋਂਦੇ ਨੇ ਇਧਰ ਉਧਰ ਵਾਲਾ ਕੰਢਾ ਤੂਫ਼ਾਨਾਂ ਤੋਂ ਡਰਦਾ ਏ ਹਾਰੇ ਨੂੰ ਹੀਰਾ ਕਹਿੰਦੇ ਨੇ ਇਹ ਪਰ ਗੱਲ ਏ ਉਹਦੇ ਲਈ ਜਿਹੜਾ ਬਾਜ਼ੀ ਜਿੱਤ ਸਕਦਾ ਏ, ਸੱਜਣਾਂ ਪਿੱਛੇ ਹਿਰਦਾ ਏ