Punjabi Poetry : Narinder Bahia Arshi

ਪੰਜਾਬੀ ਕਵਿਤਾਵਾਂ : ਨਰਿੰਦਰ ਬਾਈਆ ਅਰਸ਼ੀ

1. ਹਜ਼ਾਰਾਂ ਹੰਝ ਪਲਕਾਂ ਤੇ ਧਰੇ ਵੇਖੇ (ਗ਼ਜ਼ਲ)

ਹਜ਼ਾਰਾਂ ਹੰਝ ਪਲਕਾਂ ਤੇ ਧਰੇ ਵੇਖੇ
ਕਈ ਮੈਂ ਲੋਕ ਜੀਵਤ ਵੀ ਮਰੇ ਵੇਖੇ

ਜਿਨ੍ਹਾਂ ਹੱਕਾਂ ਲਈ ਸੰਘਰਸ਼ ਨਾ ਕੀਤੇ
ਉਹੀ ਇਨਸਾਨ ਲੱਗੇ ਨੁੱਕਰੇ ਵੇਖੇ

ਜਿਨ੍ਹਾਂ ਨੇ ਅਵਸਰਾਂ ਨੂੰ ਪੈਲ੍ਹ ਨਾ ਦਿੱਤੀ
ਉਨ੍ਹਾਂ ਦੇ ਗੋਲ਼ ਹੋਏ ਬਿਸਤਰੇ ਵੇਖੇ

ਗਤੀ ਤੇਜੱਸਵੀ ਦੀ ਤੇਜ਼ ਦੁਨੀਆਂ ਤੇ
ਸਿਆਪੇ ਔਕੜਾਂ ਅੱਗੇ ਧਰੇ ਵੇਖੇ

ਨਗਨਤਾ ਭੁੱਖ ਤੰਗੀ ਤੋਖਲਾ ਚਿੰਤਾ
ਗਰੀਬਾਂ ਕੋਲ ਦੁੱਖਾਂ ਦੇ ਗਰੇ ਵੇਖੇ

ਕਠਿਨ ਹੁੰਦਾ ਬੜਾ ਜੀਣਾ ਗ਼ਰੀਬੀ ਦਾ
ਬਗਲ ਵਿਚ ਬਾਲ ਸਿਰ ਤੇ ਟੋਕਰੇ ਵੇਖੇ

2. ਗੀਤ-ਹਸਰਤਾਂ ਨਾ ਮੁੱਕੀਆਂ

ਹਸਰਤਾਂ ਨਾ ਮੁੱਕੀਆਂ
ਜਿੰਦ ਨਿਮਾਣੀ ਮੁੱਕ ਗਈ
ਮੈਹਿਲ ਮੁਨਾਰੇ ਛੱਡ ਕੇ
ਸ਼ਮਸ਼ਾਨਾਂ ਵਿਚ ਲੁਕ ਗਈ

ਬਹੁਤ ਰੱਖੇ ਰੋਜ਼ੜੇ
ਬਹੁਤ ਭਰੀਆਂ ਚਉਂਕੀਆਂ
ਨਾਜ਼ੁਕ ਮਾਲਾ ਸਾਹਾਂ ਦੀ
ਅੰਤ ਟੁੱਟਦੀ ਟੁੱਟ ਗਈ

ਚੱਲੀ ਨਾ ਵਾਹ ਵੈਦ ਦੀ
ਲੱਭਾ ਨਾ ਰੋਗ ਹਕੀਮ ਨੂੰ
ਦਿਲ ਬਹਿੰਦਾ ਬਹਿ ਗਿਆ
ਨਬਜ਼ ਰੁਕਦੀ ਰੁਕ ਗਈ

ਫਲ ਨਾ ਦਿੱਤਾ ਤੀਰਥਾਂ
ਕੰਮ ਨਾ ਆਈ ਆਰਤੀ
ਜੀਵਨ ਕੱਚੀ ਤੰਦ ਨੂੰ
ਮੌਤ ਫਿਰ ਵੀ ਟੁੱਕ ਗਈ

ਬੇਕਾਰ ਹੈ ਸੰਜੀਵਣੀ
ਬੇਵੱਸ ਹੈ ਲੁਕਮਾਨ ਵੀ
ਜੱਗ ਤੋਂ ਸਾਡੀ ਯਾਤਰਾ
ਅੰਤ ਮੁੱਕਦੀ ਮੁੱਕ ਗਈ

3. ਪਰਿੰਦਾ

ਹੁੰਦਾ ਜੇ ਮੈਂ ਵੀ ਕੋਈ ਪੰਛੀ ਪਰਿੰਦਾ
ਬਾਗਾਂ ਦੀ ਗੋਦੀ ਦਾ ਬਣਦਾ ਵਸ਼ਿੰਦਾ

ਖੁਸ਼ਹਾਲੀ ਕਰਦੀ ਮਿਰੇ ਸੰਗ ਬਸੇਰਾ
ਬਗੀਚਿਆਂ ਫੁਲਵਾੜੀਆਂ ਵਿਚ ਰਹਿੰਦਾ

ਫੁੱਲਾਂ ਦੇ ਜੋਬਨ ਦੀ ਸੁੰਘਦਾ ਸੁਗੰਧੀ
ਹਰਿਆਲੇ ਰੁੱਖਾਂ ਤੇ ਉੱਡ ਉੱਡ ਬਹਿੰਦਾ

ਸਿਖਰ ਦੁਪਿਹਰੇ ਮੈਂ ਉੱਡਦਾ ਅਕਾਸ਼ੀਂ
ਸੁਭਾ ਸ਼ਾਮ ਪ੍ਰਬਤ ਦੀ ਟੀਸੀ ਤੇ ਬਹਿੰਦਾ

ਪੋਹ ਮਾਘ ਰੁੱਤੇ ਮੈਂ ਮਸਤਾਨਾ ਹੋ ਕੇ
ਠੰਡੀ ਤੇ ਸਰਦ ਹਵਾ ਨਾਲ ਖਹਿੰਦਾ

ਮਨਮਾਨੀ ਕਰਦਾ ਹਮੇਸ਼ਾ ਹੀ ਦਿਲ ਦੀ
ਖੂਹਾਂ ਤੇ ਖੇਤਾਂ ਚ ਆਜ਼ਾਦ ਰਹਿੰਦਾ

4. ਬਦਨਾਮ ਸ਼ਾਇਰ

ਇਹ ਸ਼ਿਅਰੋ ਸ਼ਾਇਰੀ ਵੀ ਇਲਜ਼ਾਮ ਹੋ ਗਿਆ
ਮੈਂ ਬਣ ਗਿਆ ਕੀ ਸ਼ਾਇਰ ਬਦਨਾਮ ਹੋ ਗਿਆ

ਮਿਲਿਆ ਹੈ ਕਿੰਨਾ ਖੂਬ ਮੇਰੀ ਮਿਹਨਤਾਂ ਦਾ ਫਲ
ਦੀਵਾਨਿਆਂ ਚ ਦਰਜ ਮੇਰਾ ਨਾਮ ਹੋ ਗਿਆ

ਕਾਲਖ ਕਲੰਕ ਬਣ ਗਏ ਰੁਤਬੇ ਤੇ ਪਦਵੀਆਂ
ਬੜਾ ਆਹਲਾ ਸ਼ਾਇਰੀ ਦਾ ਅੰਜਾਮ ਹੋ ਗਿਆ

ਸਭ ਤੋਹਮਤਾਂ ਅਸਾਡੇ ਬਣ ਗਈਆਂ ਪੁਰਸਕਾਰ
ਸਾਰੇ ਜਹਾਂ ਦੀ ਦੁਰ ਦੁਰ ਈਨਾਮ ਹੋ ਗਿਆ

ਨੀਂਦਰ ਹਰਾਮ ਹੋ ਗਈ ਸੁੱਖ ਚੈਨ ਲੁੱਟ ਗਿਆ
ਸੱਥਾਂ ਚ ਮੇਰਾ ਸ਼ੌਂਕ ਕਤਲੇਆਮ ਹੋ ਗਿਆ

5. ਬੁਰਾ

ਨਾਗਣੀ ਦਾ ਡੰਗ ਬੁਰਾ
ਫੱਟ ਬੁਰਾ ਸ਼ਮਸ਼ੀਰ ਦਾ
ਸ਼ੂਸ਼ਕਾਂ ਦੀ ਮਾਰ ਬੁਰੀ
ਜ਼ਖਮ ਬੁਰਾ ਤੀਰ ਦਾ

ਮਰਾਸੀਆਂ ਦੀ ਟਾਂਚ ਬੁਰੀ
ਠੱਠਾ ਬੁਰਾ ਮੁੰਡੀਰ ਦਾ
ਧਾਵਾ ਬੁਰਾ ਡੂਮਣੇ ਦਾ
ਧੱਕਾ ਬੁਰਾ ਭੀੜ ਦਾ

ਨਤੀਜਾ ਬੁਰਾ ਗੁੰਡਿਆਂ ਦੀ
ਗਿਰੀ ਹੋਈ ਜ਼ਮੀਰ ਦਾ
ਦ੍ਰਿਸ਼ ਬੁਰਾ ਬੁੱਚੜਾਂ ਦੀ
ਚੱਲਦੀ ਸ਼ਮਸ਼ੀਰ ਦਾ

ਔਲ਼ੇ ਦਾ ਸਵਾਦ ਬੁਰਾ
ਚਸਕਾ ਬੁਰਾ ਤਕਰੀਰ ਦਾ
ਮਾਣ ਬੁਰਾ ਅਹੁਦੇ ਦਾ
ਨਸ਼ਾ ਬੁਰਾ ਜਾਗੀਰ ਦਾ

ਗ਼ਰੀਬ ਦਾ ਨਸੀਬ ਬੁਰਾ
ਬੁਢਾਪਾ ਬੁਰਾ ਸਰੀਰ ਦਾ
ਆਹ ਬੁਰੀ ਮਸੂਮ ਦੀ
ਸਰਾਪ ਬੁਰਾ ਫਕੀਰ ਦਾ

ਨਾਗਣੀ ਦਾ ਡੰਗ ਬੁਰਾ
ਫੱਟ ਬੁਰਾ ਸ਼ਮਸ਼ੀਰ ਦਾ

6. ਬੁਝਾਰਤਾਂ

ਜਿਹੜਾ ਚੋਰ ਨੂੰ ਵੇਖ ਕੇ ਵਰਜਦਾ ਨਾ
ਉਸ ਸਜਾਖੇ ਨੂੰ ਕਹੀਏ ਤਾਂ ਕੀ ਕਹੀਏ
ਉੱਤਰ—ਅੰਧਾ

ਜਿਹੜਾ ਆਪਣੇ ਦੁੱਖ ਨਾ ਦੱਸ ਸਕਦਾ
ਉਹ ਤੇਰੀਆਂ ਚੁਗਲੀਆਂ ਕਰੇਗਾ ਕੀ
ਉੱਤਰ—ਗੂੰਗਾ

ਪਹੁ ਫੁੱਟ ਪਈ ਹਲ਼ਾਂ ਨੂੰ ਤੁਰੇ ਹਾਲ਼ੀ
ਆਸ਼ਕਾਂ ਚੋਰਾਂ ਦੇ ਸੌਣ ਦਾ ਵਕਤ ਹੋਇਆ
ਉੱਤਰ—ਸਵੇਰਾ

ਕੁੱਖੋਂ ਕੁਦਰਤ ਦੀ ਜਨਮੀਆਂ ਦੋ ਭੈਣਾਂ
ਇਕ ਠਰਨ ਤੇ ਇਕ ਗਰਮੈਸ਼ ਦਿੰਦੀ
ਉੱਤਰ—ਛਾਂ ਤੇ ਧੁੱਪ

ਨਿੱਤ ਖੇਡ ਦੇ ਹਾਂ ਤੇਰੀ ਹਿੱਕ ਉੱਤੇ
ਤੈਨੂੰ ਏਸੇ ਲਈ ਮਾਂ ਪੁਕਾਰਦੇ ਹਾਂ
ਉੱਤਰ—ਧਰਤੀ

ਮੈਂ ਵੀ ਘੱਟ ਨਾ ਕਿਸੇ ਤੋਂ ਅਰਸ਼ੀਆ! ਵੇ
ਰਸਤਾ ਚੰਨ ਤੇ ਸੂਰਜ ਦਾ ਰੋਕ ਦੇਵਾਂ
ਉੱਤਰ—ਧੁੰਦ

7. ਹਾਇਕੂ

ਗੁਰੂ ਦੀ ਸ਼ਿਕਸ਼ਾ
ਵਿੱਚੋਂ ਹੋਵਣ
ਉਤਪੰਨ ਅਕਲ ਗਿਆਨ

ਤੇਰੀ ਮਮਤਾ ਮਾਂ
ਜੀਵ ਜੰਤੂਆਂ
ਵਿਚ ਵੀ ਬਰਕਰਾਰ

ਧੀਆਂ ਭੈਣਾਂ
ਦੀ ਮੁਸਕਾਨ
ਗੁੰਚੇ ਕਲੀਆਂ ਫੁੱਲ

ਪ੍ਰਭੂ ਸਿਰਜਦਾ
ਵਿਸ਼ਵ ਸ੍ਰਿਸ਼ਟੀ
ਮਾਲੀ ਸਿਰਜੇ ਬਾਗ

ਇਨਸਾਨ ਲਈ
ਸੀਮਾਂ ਸਰਹੱਦਾਂ
ਪੰਛੀ ਉੜੇ ਅਜ਼ਾਦ

ਧੀਆਂ ਭੈਣਾਂ
ਅੱਗ ਦੇ ਭਾਂਬੜ
ਨਿੱਘ ਪ੍ਰੇਮ ਸਤਿਕਾਰ

ਕੰਡੇ ਵੀ ਕਬੂਲ
ਜੇ ਚਾਹਤ
ਫੁੱਲ ਚਹੇਤੇ ਦੀ

ਫੱਕਰ ਦੇ ਲਈ
ਮਸਜਿਦ ਮੰਦਰ
ਇੱਕੋ ਜਿੰਨਾ ਮਾਣ

ਦੋਰਾਹੇ ਤੇ
ਕੈਸੀ ਦੁਬਿਧਾ
ਨੇਕੀ ਫੜ ਸਫਲਤਾ ਪਾ

ਫੁੱਲ ਟਾਂਹਣੀ
ਪੱਤਿਆਂ ਦਾ ਬੰਧਨ
ਰਿਸ਼ਤਾ ਭੈਣ ਭਰਾਵਾਂ ਦਾ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ