Punjabi Poetry : Najam Hussain Syed

ਪੰਜਾਬੀ ਕਲਾਮ/ਕਵਿਤਾਵਾਂ : ਨਜਮ ਹੁਸੈਨ ਸੱਯਦ

1. ਪੰਜ ਪੀਰ

ਜਿਹੜੇ ਖ਼ਲਕ ਦੀ ਘਾਲ ਨਮੋਸ਼ੀ ਜੁਗ ਜੁਗ ਜਾਏ ਨੇ
ਜਿਹੜੇ ਰੰਗ ਰੰਗ ਬਾਨੇ ਲਾ ਕੇ ਮੁਲਖੋ ਮੁਲਖ ਫਿਰਨ
ਜਿਹਨਾਂ ਬੋਲ ਬੇੜੀ ਵਿੱਚ ਬਹਿ ਕੇ ਗਾਹੀਆਂ ਪੰਜ ਨੀਏ
ਜਿਹਨਾਂ ਜੀਭ ਰੜੀ ਵਿੱਚ ਸਾਡੀ ਅਖਰਾਂ ਦੇ ਬੀ ਕੇਰੇ
ਜਿਹਨਾਂ ਧੁਖਣੀ ਰਾਤ ਨਿਸਾਰੀ ਦਿਹ ਦੀ ਕਰ ਗੋਡੀ
ਜਿਹੜੇ ਘੁਟ ਵਰਤਾ ਗਏ ਸਾਂਝਾ ਭੇਤ ਅਰੂੜੀ 'ਚੋਂ
ਜਿਹੜੇ ਜਾਗ ਹੋਣੀ ਦੀ ਲਾ ਗਏ ਕਲ ਦੀ ਰਿੜਕੀ ਨੂੰ
ਜਿਹਨਾਂ ਗੰਢ ਨਾਲੇ ਪਰਨਾਲੇ ਦਿਲ ਦਰਿਆ ਕੀਤੇ
ਜਿਹੜੇ ਤਖ਼ਤ ਫ਼ਕੀਰੀ ਤਖ਼ਤਾ ਦੇ ਗਏ ਉੜਿਆਂ ਨੂੰ
ਉਹ ਫ਼ਰੀਦ ਦਮੋਦਰ ਨਾਨਕ ਉਹ ਗੁਰਦਾਸ ਹੁਸੈਨ
ਉਹ ਬਾਹੂ ਉਹ ਬੁੱਲ੍ਹਾ ਵਾਰਸ ਬਰਖੁਦਦਾਰ ਨਜ਼ਾਬਤ
ਉਹ ਮੁਹੰਮਦ ਕਾਦਰ ਯਾਰ ਉਹ ਸਚਲ ਗੁਲਾਮ ਫ਼ਰੀਦ
ਖ਼ਾਲਕ ਖ਼ਲਕ ਰਲਾ ਗਏ ਹਿਕ ਕਰ ਅਰਜ਼ ਸਮਾਅ
ਹੁਣ ਜਣੀ ਖਣੀ ਨੂੰ ਆਖਣ ਅਨਹਦ ਨਾਦ ਸੁਣਾ।

2. ਨਜ਼ਮ

ਜਿਹਨਾਂ ਜਾਣਾ ਹਾ ਉਹ ਤੇ ਟੁਰ ਗਏ
ਚਾੜ੍ਹ ਕੇ ਜੰਦਰੇ ਤੇਰ ਮੇਰ ਦੇ
ਲਾ ਗਏ ਖ਼ਲਕ ਨੂੰ ਭੁੱਖ ਦੁੱਖ ਦੀ ਕੋਠੀ
ਬਹੁੜ ਵੀ ਆਉਣਾ ਨੇਂ
ਲਾਈਆਂ ਜਦ ਨਾ ਪੁੱਗੀਆਂ ਸਾਈਆਂ ਡੁੱਬ ਗਈਆਂ
ਮੇਲਾ ਪਾਉਣਾ ਨੇਂ
ਤਸਬੇ ਕਿਓਂ ਖੜਕਾਈਏ ਪਰੁੱਤੇ ਉਹਨਾਂ ਦੇ
ਇਕ ਦੂਜੀ ਨੂੰ ਜੋੜ ਜੁਗਾੜ ਨਾ ਲਾਈਏ
ਨਵਿਆਂ ਅੱਖਰਾਂ ਦੇ।

3. ਲੱਗੀ ਵਾਲੀਆਂ

ਇਹ ਨੀਏ ਵੈਹਣ ਸਦਾ ਨੇਂ
ਘੱਤੋ ਘੋਲ ਘਚੋਲਾ
ਇਹਨਾਂ ਪੁਣ ਕਢਣਾ ਏ
ਇਹ ਆਪ ਸਮੰਦਰ ਵਾ ਨੇਂ
ਪੁਣਿਆ ਉਢ ਰਲਨਾ ਏ
ਵਰਹ ਜਾਣੈ ਅਣ ਪੋਹਿਆ
ਵਤ ਹੜ੍ਹ ਚੜਨਾ ਏ
ਪਟ ਖੜਨਾ ਏ ਜਿਸ ਗੰਦ ਕਰਖ਼ਾਨਾ ਤੁਹਾਡਾ।

4. ਅਲਖ

ਲਿਖਿਆ ਸੋ ਜੋ ਪੜ੍ਹਿਆਂ ਨੂੰ ਸਮਝ ਨਾ ਆਵੇ
ਸੌਖਿਆਂ ਵਾਤੇ ਔਖਾ ਹੋਵੇ
ਔਖਿਆਂ ਵਾਤੇ ਸੌਖਾ
ਪੂਰੇ ਛਡਣ ਅਧੂਰਾ ਕਰ ਕੇ
ਕਰਣ ਅਧੂਰੇ ਪੂਰਾ
ਲਿਖਿਆ ਸੋ ਜੋ ਮਿਟ ਗਿਆ ਲਿਖਿਆਂ
ਲੋਏ ਨ ਪੜ੍ਹਿਆ ਜਾਵੇ।

5. ਸ਼ਿਕਾਰ ਦੀ ਸਿਆਸਤ ਤੇ

ਬਿੱਲੀਆਂ ਖ਼ਬਰੇ ਕਦੋਂ ਤੋਂ ਸਾਡੇ ਆਈਆਂ ਨੇਂ
ਪਿਛੋਂ ਸ਼ਿਕਾਰੀ ਹੋਈਆਂ
ਸੋ ਮੰਗ ਖਾਵਣ ਤੇ ਖੋਹ ਖਾਵਣ ਵਿੱਚ
ਕਿਤਨੀ ਨੇੜ ਹੈ ਕਿਤਨੀ ਦੂਰੀ
ਇਹ ਨਿਤ ਖੇਡ ਵਿਖਾਵਣ
ਖਾਧਾ ਹੋਵੇ ਤਾਂ ਸਹਿਜ ਸਰੂਰ ਸਮਾਵਣ ਸਾਥੋਂ ਵੱਖਰਾ ਏ
ਹਾਂ ਸੁੱਤਿਆਂ ਪਿਆਂ ਹਵਾ ਵੀ ਲੰਘੇ ਕੋਲੋਂ ਕੰਨ ਭਵਾਵਣ
ਬੰਨਿਆਂ ਤੇ ਆਹਮੋ ਸਾਮ੍ਹਣੇ ਹੋਰ ਅਵਾਜ਼ਾਂ ਕਢ ਡਰਾਵਣ
ਭੋਗ ਨੂੰ ਜੰਗ ਤੇ ਜੰਗ ਨੂੰ ਭੋਗ ਬਣਾਵਣ
ਕੁਝ ਸਾਡਾ ਏ ਕੁਝ ਉਹਨਾਂ ਦਾ
ਸੋ ਇਹ ਨਿਰਵਾਰ ਕੋਈ ਸੌਖਾ ਨਹੀਂ
ਜੋ ਬਿੱਲੀਆਂ ਕੋਲੋਂ ਪੜ੍ਹਿਆ ਅਸੀਂ
ਕੀ ਬਿੱਲੀਆਂ ਅਸੀਂ ਪੜ੍ਹਾਈਆਂ ਨੇਂ?

6. ਸੜਕ

ਨਹੀਂ ਚਾਹੁੰਦੇ
ਇਹ ਸੜਕ ਪਾਰ ਅਸੀਂ ਕਰੀਏ
ਆਪਣਾ ਡਰ ਤੇ ਦਸਦੇ ਕੋਈ ਨਹੀਂ
ਚਹੁੰਦੇ ਨੇ ਅਸੀਂ ਡਰੀਏ
ਆਖਣ ਸੜਕੋ-ਸੜਕ ਚਲੋ
ਨਹੀਂ ਪਾਰ ਤੁਹਾਡੇ ਵਾਰੇ
ਗਏ ਪੁਰਾਣੇ ਲਾਰੇ, ਹੁਣ ਕੀਹ ਤਕਦੇ ਓ
ਗੱਡੀਆਂ ਫ਼ੌਜਾਂ ਨੇ
ਜੇਹੜਾ ਰਾਹ ਮਾਰੇ ਸੋ ਹੈ ਨਹੀਂ
ਵਗਦੀ ਨਾਲ ਵਗੋ
ਇਹ ਜੰਞ ਹੈ ਰਲ ਹੀ ਜਾਸੋ
ਦੇਗਾਂ ਚੜ੍ਹੀਆਂ ਨੇ
ਜੋ ਦਿਲ ਮੰਗਦਾ ਏ ਸੋ ਖਾਸੋ
ਸੜਕ ਪਾਰ ਸਾਨੂੰ ਰਬ ਦੁਆਰਾ
ਨਹੀਂ ਹੈ ਮਿਲਣ ਦਾ ਕਾਰਾ
ਨਹੀਂ ਚਾਹੁੰਦੇ ਅਸੀਂ ਹੀਲਾ ਕਰੀਏ
ਸੜਕ ਨਹੀਂ ਏਹ ਧੂੰ ਦਰਿਆ ਹੈ
ਧੂੰ ਮਗਰਮੱਛ ਚਾਹੁੰਦੇ ਨੇਂ
ਅਸੀਂ ਧੂੰ ਮੱਛੀਆਂ ਬਣ ਤਰੀਏ ।

7. ਗਾਵਣ

ਖ਼ਾਕ ਈ ਹੈ ਅਕਸੀਰੇ ਜਹਾਨ ਤੇ ਆਇਆਂ ਕੂੰ
ਖ਼ਾਕ ਸਮਾਇਆਂ ਕੂੰ
ਅੱਠ ਪਹਿਰ ਮਸ਼ਗੂਲ ਰਿਜ਼ਕ ਰਸਾਵੇ ਪਈ
ਸੁਰਤ ਦੀ ਸੂਈ ਅੰਦਰ ਧਾਗਾ ਪਾਵੇ ਪਈ
ਇਹਦੇ ਸਿਰ ਤੇ ਹੁਕਮ ਜੇਹੜੇ ਘੁਕੀਂਦੇ ਨੇ
ਆਪ ਤੇ ਸੁੱਤੇ ਉਠਦੇ ਕੋਈ ਨਹੀਂ
ਇਹਨੂੰ ਬਾਂਗ ਸੁਣੀਂਦੇ ਨੇ
ਖ਼ਾਕ ਈ ਹੈ ਤਫ਼ਸੀਰ ਕੁਲ ਕਲਮਾਂ ਦੀ
ਆਪਣੇ ਆਪ ਹਜ਼ੂਰ ਕੀ ਲੋੜ ਇਮਾਮਾਂ ਦੀ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ