Punjabi Ghazals - Muhinderdeep Grewal
ਪੰਜਾਬੀ ਗ਼ਜ਼ਲਾਂ - ਮੁਹਿੰਦਰਦੀਪ ਗਰੇਵਾਲ
1. ਦੂਰ ਹੈਂ ਤੂੰ, ਮਗਰ ਨਜ਼ਰ ਪਹੁੰਚੀ
ਦੂਰ ਹੈਂ ਤੂੰ, ਮਗਰ ਨਜ਼ਰ ਪਹੁੰਚੀ। ਮੇਰੇ ਦਰ ਤੋਂ ਉਹ ਤੇਰੇ ਦਰ ਪਹੁੰਚੀ। ਇਹ ਨਜ਼ਰ ਕੀ, ਕਮਾਲ ਕੀ ਇਸ ਦਾ, ਏਸ ਘਰ ਤੋਂ ਉਹ ਓਸ ਘਰ ਪਹੁੰਚੀ। ਮੈਂ ਸੀ ਅਨਜਾਣ, ਤੁਰ ਪਿਆ ਫਿਰ ਵੀ, ਮੈਨੂੰ ਲੈ ਕੇ ਤੇਰੀ ਡਗਰ ਪਹੁੰਚੀ। ਫੜ ਕੇ ਉਂਗਲੀ ਉਹ ਲੈ ਗਈ ਮੈਨੂੰ, ਬਣ ਕੇ ਮੇਰੀ ਉਹ ਹਮਸਫ਼ਰ ਪਹੁੰਚੀ। ਤੇਰੇ ਬੋਲਾਂ ਨੇ ਆਉਣ ਦਾ ਹੀ ਕਿਹਾ, ਮੇਰੇ ਘਰ ਤੱਕ ਤੇਰੀ ਖ਼ਬਰ ਪਹੁੰਚੀ।
2. ਇਹ ਕਿਧਰੋਂ ਆ ਰਹੀ ਹੈ ਦੂਰ ਤੋਂ ਸਦਾ ਕੋਈ
ਇਹ ਕਿਧਰੋਂ ਆ ਰਹੀ ਹੈ ਦੂਰ ਤੋਂ ਸਦਾ ਕੋਈ। ਕਿਤੇ ਉਡੀਕ ਤਾਂ ਹੋਵੇਗੀ ਉਸ ਜਗ੍ਹਾ ਕੋਈ । ਇਹ ਮੇਰੇ ਹੱਥ ਕਿਵੇਂ ਭਿੱਜ ਗਏ ਨੇ ਚਿਹਰੇ 'ਤੇ, ਮੈਂ ਵਰ੍ਹਾ ਰਿਹਾ ਹਾਂ ਜਾਂ ਇਹ ਵਰ੍ਹ ਰਹੀ ਘਟਾ ਕੋਈ। ਭਟਕ ਰਿਹਾ ਹਾਂ ਮੈਂ ਜਿਸ ਰਾਹ 'ਤੇ ਬਿਨਾਂ ਰੁਕ ਕੇ, ਸਫ਼ਰ ਇਹ ਕੇਹਾ ਹੈ ਜਿਸ ਦਾ ਨਹੀਂ ਸਿਰਾ ਕੋਈ। ਇਹ ਮੇਰੀ ਤੜਪ ਹੈ ਜਾਂ ਲਹਿਰ ਹੈ ਸਮੁੰਦਰ ਦੀ, ਕਦੋਂ ਬਣੀ, ਕਦੋਂ ਮਿਟ ਜਾਏ ਨਾ ਪਤਾ ਕੋਈ। ਕੋਈ ਤਾਂ ਚਿਣਗ ਜੇਹੀ ਫੁੱਟ ਪਈ ਹੈ ਰੂਹ ਅੰਦਰ, ਅਜੀਬ ਸੇਕ ਜਿਹਾ ਜਿਸਮਾਂ 'ਚ ਮਘ ਪਿਆ ਕੋਈ। ਮੈਂ ਉਡਦੇ ਪੰਛੀਆਂ ਦੀ ਡਾਰ ਦੇ ਵਿਚ ਸ਼ਾਮਿਲ ਹਾਂ, ਉਹ ਕਿਹੜਾ ਦੇਸ ਗਰਾਂ ਜਿੱਥੋਂ ਬੁਲਾ ਰਿਹਾ ਕੋਈ।
3. ਮਨ ਵਿਚ ਸ਼ੋਰ ਤੇ ਮੂੰਹ ’ਤੇ ਜਿੰਦੇ
ਮਨ ਵਿਚ ਸ਼ੋਰ ਤੇ ਮੂੰਹ ’ਤੇ ਜਿੰਦੇ ਕਿੰਨਾ ਚਿਰ ਇਉਂ ਰਖਿਆ ਰਹਿੰਦੇ ਰੀਝਾਂ ਨੇ ਨਟਖਟ ਜੇਹੇ ਬੱਚੇ ਟਿਕਣ ਨਾ ਦੇਵਣ ਉਠਦੇ ਬਹਿੰਦੇ ਮਸਤ ਹਵਾ ਤੇ ਸਾਉਣ ਛਰਾਟੇ ਕੌਣ ਇਹ ਕਹਿੰਦਾ ਕੁਝ ਨਹੀਂ ਕਹਿੰਦੇ ਹਾਸੇ ਦਾ ਮਟਕਾ ਕੇ ਸੁਰਮਾ ਪੂੰਝ ਦੇ ਗ਼ਮ ਦੇ ਹੰਝੂ ਵਹਿੰਦੇ ਪੀੜ ਦੇ ਰਿਸ਼ਤੇ , ਗਮ ਦੇ ਸਾਏ ਜਿੱਥੇ ਜਾਈਏ, ਓਥੇ ਰਹਿੰਦੇ ਉਹ ਪੁਛਦੈ ਕਿੰਝ ਪੱਥਰ ਹੋਇਓਂ ਮੈਂ ਕਿਹਾ, ਸੱਟਾਂ ਸਹਿੰਦੇ ਸਹਿੰਦੇ ਆਖ਼ਰ ਕੰਢੇ ਟੁਟਣਗੇ ਹੀ ਲਹਿਰਾਂ ਵਾਂਗ ਰਹੇ ਜੇ ਖਹਿੰਦੇ
4. ਕਿੰਨੀ ਪੀੜ ਦਿਲਾਂ ਵਿਚ ਪਲਦੀ
ਕਿੰਨੀ ਪੀੜ ਦਿਲਾਂ ਵਿਚ ਪਲਦੀ, ਦਿਲ ਨੂੰ ਪੀੜ ਲਗਾ ਕੇ ਵੇਖ ਕਿੰਨਾ ਲਾਵਾ ਅਖੀਓਂ ਫੁੱਟਦਾ, ਪਰਤਾਂ ਹੇਠ ਦਬਾ ਕੇ ਵੇਖ ਕਾਲੇ ਚਿੱਟੇ ਧੱਬੇ ਬਣ ਕੇ ਧੁਪ ਛਾਂ ਧਰਤੀ ’ਤੇ ਘੁੰਮਦੇ ਸੂਰਜ ਤੇ ਕਾਲੇ ਬੱਦਲਾਂ ਦਾ ਮਨ ਵਿਚ ਖੇਲ ਰਚਾ ਕੇ ਵੇਖ ਬਿਨ ਪੱਤੇ ਹੋਏ ਰੁੱਖ੍ਹਾਂ ਦਾ ਜਿਸਮ ਕਿਵੇਂ ਕਾਲਖ ਬਣਦਾ ਆਪਣੇ ਮਨ ਦੇ ਫੁੱਲ ਤੇ ਪੱਤੇ ਕੇਰਾਂ ਪਰੇ ਵਗ੍ਹਾ ਕੇ ਵੇਖ ਦੂਰ ਹੋਇਆਂ ਤੇ ਕਿੰਜ ਟੁੱਟ ਜਾਂਦਾ ਬੰਦਾ ਆਪਣੀ ਛਾਂ ਕੋਲੋਂ ਆਪਣੇ ਦਿਲ ਵਿਚ ਪਿਆਰ ਦਾ ਦੀਵਾ ਜਗਦਾ ਜ਼ਰਾ ਬੁਝਾ ਕੇ ਵੇਖ ਕਿੰਨਾ ਵਿਹੜਾ ਖਿੜ ਜਾਏਗਾ ਸਰਘੀ ਵਾਂਗੂੰ ਵੇਖੀਂ ਫੇਰ ਨਿਘ੍ਘੀ ਪੌਣ ਦਾ ਬੁੱਲਾ ਬਣ ਕੇ ਮੇਰੇ ਦਰ ਤੇ ਆ ਕੇ ਵੇਖ ਨਫਰਤ ਦੀ ਅੱਗ ਸਾੜ ਨਾ ਦੇਵੇ ਸਾਰੇ ਪਾਸੇ ਧਰਤੀ ਨੂੰ ਨੀ ਕਲਮੇਂ ਤੂੰ ਕਲਮਾਂ ਕਠੀਆਂ ਕਰ ਕੇ ਪਿਆਰ ਵਰ੍ਹਾ ਕੇ ਵੇਖ ਆਪਣੀ ਆਂਦਰ ਖਾਤਿਰ ਕਿੰਝ ਕੋਈ ਜਿਸਮ ਸੜਕ ਤੇ ਰੱਖ ਦਿੰਦਾ ਕੇਰਾਂ ਸੜਕ ਤੇ ਇਹਨ੍ਹਾਂ ਵਾਗੂੰ ਘਰ ਦਰ ਵਾਲਿਆ ਆ ਕੇ ਦੇਖ ਨ੍ਹੇਰੇ ਦੀ ਗੱਲ ਛੇੜਣ ਉੱਤੇ ਚਾਨਣ ਵਾਲੇ ਹੱਸਣ ਗਏ ਦੀਪ ਜ਼ਰਾ ਤੂੰ ਓਹਨਾਂ ਤਾਈ ਨ੍ਹੇਰਾ ਪੱਖ ਵਿਖਾ ਕੇ ਵੇਖ
5. ਇੱਕ ਦਾ ਚਿਹਰਾ ਬਣਾ ਕੇ ਮੈਂ
ਇੱਕ ਦਾ ਚਿਹਰਾ ਬਣਾ ਕੇ ਮੈਂ ਖੁਦਾ ਲਿਖਦਾ ਰਿਹਾ ਮੈਥੋਂ ਨਾ ਹੋਇਆ ਕਦੀ ਵੀ ਉਹ ਜੁਦਾ ਲਿਖਦਾ ਰਿਹਾ ਆਈ ਜੋ ਲਹਿਰਾ ਕੇ ਤੇ ਫਿਰ ਰੂਹ ਤੇ ਕਿਣ ਮਿਣ ਕਰ ਗਈ ਬੰਜਰਾਂ ਤੇ ਵਰ੍ਹ ਗਈ ਕਾਲੀ ਘਟਾ ਲਿਖਦਾ ਰਿਹਾ ਮੈਂ ਸਦਾ ਦਿੰਦਾ ਰਿਹਾ ਮੁੜ ਮੁੜ ਕਿ ਹੱਥ ਫੜ ਤੋਰ ਲੈ ਮੁਸਕਰਾ ਕੇ ਓਸ 'ਤੇ ਜਿਹੜਾ ਸ਼ੁਦਾ ਲਿਖਦਾ ਰਿਹਾ ਆਖਿਆ "ਕਾਫ਼ਿਰ", ਜਦੋਂ ਚਾਨਣ ਮੈਂ ਅੰਦਰੋਂ ਭਾਲ ਕੇ ਹਰ ਜਗ੍ਹਾ ਹੈਂ ,ਹਰ ਜਗ੍ਹਾ ਹੈਂ, ਹਰ ਜਗ੍ਹਾ ਲਿਖਦਾ ਰਿਹਾ ਪੱਥਰਾਂ 'ਤੋਂ ਨਚਦੀਆਂ ਤੇ ਟਪਦੀਆਂ ਲਹਿਰਾਂ ਨੂੰ ਵੇਖ ਜ਼ਿੰਦਗੀ ਨੂੰ ਨਦੀ 'ਤੇ ਆਪਣਾ ਵਹਾ ਲਿਖਦਾ ਰਿਹਾ ਲੋਕ ਲੱਭਦੇ ਨੇ ਪਤਾ ਮੇਰਾ ਬਦਲਦੇ ਘਰਾਂ 'ਚੋਂ ਮੈਂ ਹਵਾ ਵਿਚ ਫੈਲ ਕੇ ਤੇਰਾ ਪਤਾ ਲਿਖਦਾ ਰਿਹਾ ਮੋੜਿਆ ਮੁੱਖ ਤੂੰ ਜਦੋਂ ਤਾਂ ਮੇਰਾ ਕੁਰਲਾਉਣਾ ਹੈ ਠੀਕ ਤੇਰੇ ਤੇ ਹੀ ਹੈ ਗਿਲਾ, ਤਾਂ ਹੀ ਗਿਲਾ ਲਿਖਦਾ ਰਿਹਾ ਪਾਣੀਆਂ 'ਚ ਤਾਰ ਕੇ ਕਿਸ਼ਤੀ , ਗਗਨ ਵਿੱਚ ਉੱਡ ਕੇ ਫੜ ਕੇ ਮੈਂ ਉਂਗਲੀ ਤੇਰੀ ਜੀਵਨ ਸਫਾ ਲਿਖਦਾ ਰਿਹਾ
6. ਇਹ ਕੀ ਮੌਸਮ ਨੂੰ ਹੋ ਗਿਆ ਸਿਸਕੇ
ਇਹ ਕੀ ਮੌਸਮ ਨੂੰ ਹੋ ਗਿਆ ਸਿਸਕੇ। ਕੋਈ ਵਰ੍ਹਦੀ ਹੋਈ ਘਟਾ ਸਿਸਕੇ। ਬੰਦ ਕਮਰੇ ਨੂੰ ਸਿਸਕਦਾ ਤਕਦੀ, ਬੰਦ ਕਮਰੇ ਦੀ ਅਜ ਹਵਾ ਸਿਸਕੇ। ਕਿਸ ਨੇ ਦਿੱਤੀ ਸਜ਼ਾ ਹੈ ਨੱਚਣ ਦੀ, ਅੱਜ ਝਾਂਜਰ ਵੀ ਛਣ ਛਣਾ ਸਿਸਕੇ। ਭਿੱਜ ਚੱਲੀ ਏ ਰਾਤ ਦੀ ਚੁੰਨੀ, ਯਾਦ ਆਵੇ ਜਗਾ ਜਗਾ ਸਿਸਕੇ। ਕੋਈ ਸਾਗਰ ਨੂੰ ਮਿਲ ਕੇ ਰੋਇਆ ਹੈ, ਕੋਈ ਪਾਣੀ 'ਤੇ ਬੁਲਬੁਲਾ ਸਿਸਕੇ। ਇਹ ਕੀ ਹੋਇਆ ਕਿ ਮਿਲਣ ਵੇਲੇ ਵੀ, ਕੋਈ ਸੱਜਣਾਂ ਨੂੰ ਗਲ ’ਨਾ ਲਾ ਸਿਸਕੇ। ਆਪਣਾ ਸ਼ੀਸ਼ਾ ਹੀ ਕਰ ਗਿਆ ਜ਼ਖਮੀਂ, ਕੋਈ ਕੱਚ ਨੂੰ ਵੀ ਚੁਣ ਰਿਹਾ ਸਿਸਕੇ। ਲੀਕਾਂ ਖਿਚੀਆਂ ਤਾਂ ਬਣ ਗਈਆਂ ਵਿੱਥਾਂ, ਏਧਰ ਓਧਰ ਕੋਈ ਖੜ੍ਹਾ ਸਿਸਕੇ। ਵੇਖ ਕੇ ਚੀਰ ਹਰਨ ਸ਼ਬਦਾਂ ਦਾ, ਅਜ ਪੀਰਾਂ ਦਾ ਫ਼ਲਸਫ਼ਾ ਸਿਸਕੇ।
7. ਸਾਜ਼ ਸੀ ਕਿ ਉਂਗਲੀਆਂ ਨੂੰ ਤਰਸਿਆ
ਸਾਜ਼ ਸੀ ਕਿ ਉਂਗਲੀਆਂ ਨੂੰ ਤਰਸਿਆ। ਕਿਸ ਤਰ੍ਹਾਂ ਦਾ ਇਹ ਬੇਦਾਵਾ ਮਿਲ ਗਿਆ। ਮੇਰੇ ਹਰ ਪੱਤੇ 'ਚ ਕੀਤਾ ਛੇਕ ਤੂੰ, ਨੇਰ੍ਹੀਏ ਖ਼ਬਰੇ ਕੀ ਤੈਨੂੰ ਹੋ ਗਿਆ। ਧਰਤ ਦੇ ਹੰਝੂ ਤਦੋਂ ਪੂੰਝੇ ਗਏ, ਚੀਰ ਕੇ ਜਦ ਨ੍ਹੇਰ ਸੂਰਜ ਲਿਸ਼ਕਿਆ। ਅੱਜ ਵੀ ਸੱਚ ਨੂੰ ਮਿਲੇ ਉਹੀਓ ਸਜ਼ਾ, ਜ਼ਹਿਰ ਜਾਂ ਫਾਂਸੀ ਦਾ ਫੰਦਾ ਮਿਲ ਗਿਆ। ਮੈਂ ਉਹ ਕੇਹਾ ਰੁੱਖ ਹਾਂ ਕਿ ਰੋਜ਼ ਹੀ, ਕੋਲ ਜਿਸ ਦੇ ਇਕ ਸਿਵਾ ਬਲਦਾ ਰਿਹਾ। ਰਿਸ਼ਤਿਆਂ ਦੀਆਂ ਛਿਲਤਰਾਂ ਨੂੰ ਕੱਢਦਾ, ਰੂਹ ਦੇ ਬਹਿ ਕੇ ਸਰਾਹਣੇ ਵਿਲਕਿਆ। ਮੈਂ ਹਾਂ ਤੇਰੀ ਪੀੜ ਤੂੰ ਪਾਗਲ ਨਾ ਹੋ, ਲਹਿਰ ਨੇ ਪਾਣੀ ਦੇ ਤਾਈਂ ਆਖਿਆ। ਵੇਖ ਪ੍ਰਛਾਵੇਂ ਵੀ ਕੰਬਣ ਲੱਗ ਪਏ, ਦੀਪ ਜਗਦੇ ਨੂੰ ਕੀ ਖ਼ਬਰੇ ਹੋ ਗਿਆ।
8. ਚੁੱਪ ਹਾਂ ਤਾਂ ਚੁੱਪ ਨੂੰ ਤੋੜਣ ਤਾਂ ਦੇ
ਚੁੱਪ ਹਾਂ ਤਾਂ ਚੁੱਪ ਨੂੰ ਤੋੜਣ ਤਾਂ ਦੇ। ਆਪਣੇ ਦਿਲ 'ਤੇ ਬਣੀ ਆਖਣ ਤਾਂ ਦੇ। ਤੇਰੇ ਵਿਚੋਂ ਵੇਖਲਾਂ ਮੈਂ ਅਪਣਾ ਆਪ, ਚਿਹਰਾ ਸ਼ੀਸ਼ਾ ਹੈ, ਜ਼ਰਾ ਵੇਖਣ ਤਾਂ ਦੇ। ਤੇਰਿਆਂ ਪੈਰਾਂ ਵੀ ਦੇਣਾ ਸਾਥ ਫਿਰ, ਘੁੰਗਰੂ ਇਕ ਵਾਰ ਤੂੰ ਛਣਕਣ ਤਾਂ ਦੇ। ਛੱਡ ਵੀ ਦੇ ਫੁੱਲ ਪੱਤੇ ਸਾੜਣੇ, ਬਿਜਲੀਏ ਨੀ ਬਾਗ ਨੂੰ ਟਹਿਕਣ ਤਾਂ ਦੇ। ਰੁੱਖਾਂ ਉੱਤੋਂ ਧੂੜ ਸਾਰੀ ਲਹੇਗੀ, ਬਦਲੀਆਂ ਨੂੰ ਜ਼ੋਰ ਦੀ ਬਰਸਣ ਤਾਂ ਦੇ। ਕਿੰਨਾਂ ਚਿਰ ਇਉਂ ਥਪਥਪਾਉਂਦਾ ਰਹੇਂਗਾ, ਸੁਤਿਆਂ ਤਾਈਂ ਜ਼ਰਾ ਜਾਗਣ ਤਾਂ ਦੇ। ਮੈਂ ਬਣਾਂਗਾ ਗੀਤ ਗਾਈਂ ਏਸ ਨੂੰ, ਉਂਗਲੀਆਂ ਨੂੰ ਸਾਜ਼ 'ਤੇ ਨੱਚਣ ਤਾਂ ਦੇ। ਪੈ ਜਾਏ ਫਿਰ ਲੱਜ ਪਿਪਲੀਂ ਪੀਂਘ ਲਈ ਰੁੱਤ ਮੇਰੀ ਨੂੰ 'ਜੇਹਾ ਸਾਵਣ ਤਾਂ ਦੇ।
9. 'ਜੇਹਾ ਚਾਨਣ ਜਗ੍ਹਾ ਜਗ੍ਹਾ ਕਰੀਏ
'ਜੇਹਾ ਚਾਨਣ ਜਗ੍ਹਾ ਜਗ੍ਹਾ ਕਰੀਏ। ਆਪਣੇ ਸ਼ਬਦਾਂ ਜੋ ਆਖਿਆ, ਕਰੀਏ। ਆਪਣੇ ਦਾਇਰੇ ਨੂੰ ਆਖਕੇ ਵੱਡਾ, ਆਪੋ ਵਿੱਚੀਂ ਨਾ ਫਾਸਿਲਾ ਕਰੀਏ । ਸਭ ਲਿਬਾਸਾਂ 'ਚ ਜਿਹੜਾ ਵਸਦਾ ਹੈ, ਉਸ ਨੂੰ ਹਰ ਇਕ 'ਚ ਵੇਖਿਆ ਕਰੀਏ। ਸੁਰਖ਼ ਲੀਕਾਂ ਤੇ ਖੂਨ ਦੇ ਦਰਿਆ, ਖ਼ਾਬ ਐਸੇ ਨਾ ਚਿਤਰਿਆ ਕਰੀਏ। ਬਹੁਤ ਨਫ਼ਰਤ ਤੇ ਸਾਜਿਸ਼ਾਂ ਸਾੜੇ, ਹੁਣ ਮੁਹੱਬਤ ਲਈ ਦੁਆ ਕਰੀਏ। ਚੰਗਾ ਮੰਦਾ ਜਗ੍ਹਾ ਜਗ੍ਹਾ ਉਂਝ ਤਾਂ, ਚੰਗਾ ਚੰਗਾ ਸੰਭਾਲਿਆ ਕਰੀਏ। ਜੇ ਜਿਉਂਦੇ ਘਰਾਂ 'ਚ ਦੀਵੇ ਬੁਝੇ, ਦੀਵੇ ਕਬਰੀਂ ਨਾ ਬਾਲਿਆ ਕਰੀਏ। ਅੱਖੀਂ ਹਾਸੇ ਗ਼ੁਲਾਬ ਬੁੱਲਾਂ 'ਤੇ, ਆ ਕਦੀ ਇਉਂ ਵੀ ਮਿਲ ਪਿਆ ਕਰੀਏ।
10. ਆਪਣੇ ਹੀ ਸੇਕ ਵਿਚ ਜੋ ਜਲ ਰਿਹਾ
ਆਪਣੇ ਹੀ ਸੇਕ ਵਿਚ ਜੋ ਜਲ ਰਿਹਾ। ਮੈਂ ਹਾਂ ਸੂਰਜ ਅੱਗ ਦੀ ਜੂਨੇ ਪਿਆ। ਕਿਸ ਜਗਾਈ ਆਸ ਖੋਹ ਕੇ ਪੀੜ ਸਭ, ਅੱਖੀਆਂ ਵਿਚ ਲਿਸ਼ਕਦੇ ਹੰਝੂਆਂ ਕਿਹਾ। ਇਕ ਨਦੀ ਪਰਬਤ ਨੂੰ ਖਹਿ ਕੇ ਵਹਿ ਰਹੀ, ਪੱਥਰਾਂ ਤਾਈਂ ਵੀ ਇਸ ਨੇ ਚੀਰਿਆ। ਇਹਨਾਂ ਦੇ ਬੁੱਲਾਂ 'ਤੇ ਅਜ ਦਿਸਦਾ ਲਹੂ, ਕੰਡਿਆਂ ਉੱਤੋਂ ਦੀ ਕਿਹੜਾ ਲੰਘਿਆ। ਲੰਮੀਆਂ ਵਾਟਾਂ ’ਤੇ ਸੜਦੇ ਪੈਰ, ਪਰ, ਸਿਦਕ ਹੈ ਪੈਰਾਂ ਨੂੰ ਜਿਸ ਨੇ ਤੋਰਿਆ। ਬਿਰਖ਼ ਨੂੰ ਪੁੱਛੋ ਕੀ ਬੀਤੇ ਓਸ 'ਤੇ, ਜਿਸਦੇ ਹੇਠਾਂ ਰੋਜ਼ ਭਾਂਬੜ ਬਲ ਰਿਹਾ। ਕਿੰਨਾ 'ਕੱਲਾ ਹੋ ਗਿਆ ਰੋਹੀ ਦਾ ਫੁੱਲ, ਲੱਗ ਕੇ ਪਰਛਾਵਿਆਂ ਗਲ ਰੋ ਪਿਆ। ਇਹ ਤਾਂ ਤੇਰੇ ਹੱਥ ਦੀ ਛੋਹ ਦਾ ਕਮਾਲ, ਦੀਪ ਜੋ ਬੁਝਿਆ ਸੀ ਫਿਰ ਤੋਂ ਬਲ ਪਿਆ।
11. ਲੰਘੀ ਕਿਰਨ ਲਿਸ਼ਕਦੀ ਭਖਵੇਂ ਸਾਹਵਾਂ ਨਾਲ਼
ਲੰਘੀ ਕਿਰਨ ਲਿਸ਼ਕਦੀ ਭਖਵੇਂ ਸਾਹਵਾਂ ਨਾਲ਼। ਤਾਹੀਉਂ ਤਾਂ ਮੈਂ ਉਸ ਨੂੰ ਘੁੱਟ ਘੁੱਟ ਲਾਵਾਂ ਨਾਲ਼। ਆਪਣੇ ਪੈਰਾਂ ਆਪ ਬਣਾਏ ਰਾਹ ਜਿਹੜੇ, ਹੁੰਦਾ ਪਿਆਰ ਸਦੀਵੀ ਉਹਨਾਂ ਰਾਹਵਾਂ ਨਾਲ਼। ਸੁੱਕਣ ਲਗਦਾ ਹੈ ਤਾਂ ਸਭ ਝੜ ਜਾਂਦੇ ਨੇ, ਫੁੱਲ ਖਿੜਾਉਂਦਾ ਰੁੱਖ ਹੈ ਜਿਹੜੇ ਚਾਵਾਂ ਨਾਲ਼। ਇਸ ਬੰਦੇ ਦਾ ਦੁਨੀਆਂ ਵਿਚ ਉਂਝ ਮੁੱਲ ਨਹੀਂ, ਮੁੱਲ ਹੁੰਦਾ ਹੈ ਉਸਦਾ ਉਸ ਦੀਆਂ ਬਾਹਵਾਂ ਨਾਲ਼। ਦੇਹ ਦੀ ਮਿੱਟੀ ਰੰਗ ਬਦਲਦੀ ਰਹਿੰਦੀ ਹੈ, ਆਪਣੇ ਵਗਦੇ ਤੱਤੇ ਠੰਡੇ ਸਾਹਵਾਂ ਨਾਲ਼। ਜਿੱਧਰ ਜਿੱਧਰ ਬੰਦਾ ਤੁਰਿਆ ਜਾਂਦਾ ਹੈ, ਓਧਰ ਓਧਰ ਜਾਂਦਾ ਹੈ ਪਰਛਾਵਾਂ ਨਾਲ਼। ਆਪਣੇ ਘਰ ਦੇ ਬਾਰ ਜਦੋਂ ਤੂੰ ਬੰਦ ਰੱਖਣੇ, ਕਾਹਤੋਂ ਚੁੱਕੀ ਫਿਰਦਾ ਏ ਸਿਰਨਾਵਾਂ ਨਾਲ਼। ਪਿਆਰ ਦੀ ਤੰਦ ਹੀ ਸਾਨੂੰ ਬੰਨ੍ਹ ਕੇ ਰੱਖਦੀ ਹੈ, ਨਹੀਂ ਤਾਂ ਕੁਝ ਨਹੀਂ ਏਥੇ ਰਿਸ਼ਤਿਆਂ ਨਾਵਾਂ ਨਾਲ਼।
12. ਪੈਰ ਡਾਚੀ ਦੇ ਨੇ ਭਾਲਣ ਵਾਸਤੇ
ਪੈਰ ਡਾਚੀ ਦੇ ਨੇ ਭਾਲਣ ਵਾਸਤੇ। ਰਾਹਾਂ ਲਈ ਘੁੰਗਰੂ ਨੇ ਛਣਕਣ ਵਾਸਤੇ। ਨ੍ਹੇਰ ਇਹ ਮਿਟਣਾ ਕਦੇ ਐਵੇਂ ਨਹੀਂ, ਪਿਘਲਨਾ ਪੈਣਾ ਏਂ ਚਾਨਣ ਵਾਸਤੇ। ਕੁਝ ਕੁ ਰੰਗ ਸਰਘੀ ਦਾ ਰੱਖੀਂ ਸਾਂਭ ਕੇ, ਰੰਗ ਕੁਝ ਚਾਹੀਦਾ ਆਥਣ ਵਾਸਤੇ। ਦਿਲ 'ਚ ਕੁਝ ਜਜ਼ਬਾਤ ਮੇਰੇ ਰਹਿਣ ਦੇ, ਰਹਿਣ ਦੇ ਕੁਝ ਕੁ ਤਾਂ ਧੜਕਣ ਵਾਸਤੇ। ਟੀ. ਵੀ. ਦੀ ਸਕਰੀਨ 'ਤੇ ਗਿੱਧਾ ਵੀ ਸੀ, ਤੇ ਲਹੂ ਡੁੱਲਿਆ ਸੀ ਤੜਪਣ ਵਾਸਤੇ। ਜ਼ਿੰਦਗੀ ਦੇ ਨਿੱਘ ਖਾਤਰ ਟੁੱਟਣਾ, ਇਹ ਨਿਰੰਤਰ ਕਰਮ ਕਣ ਕਣ ਵਾਸਤੇ। ਓਸ ਦੇ ਟੁੱਟਣ ਦੀ ਕਿਸ ਨੂੰ ਸਾਰ ਹੈ, ਜਲ ਰਿਹਾ ਸੂਰਜ ਜੋ ਚਾਨਣ ਵਾਸਤੇ। ਜ਼ਿੰਦਗੀ ਦਾ ਸਫ਼ਰ ਕਰਦਾ ਜਾ ਰਿਹਾਂ, ਜ਼ਿੰਦਗੀ ਦੇ ਅਰਥ ਲੱਭਣ ਵਾਸਤੇ।
13. ਰਹਿੰਦੇ ਬਗੀਚਿਆਂ 'ਚ ਜੋ ਫੁੱਲਾਂ ਨੂੰ ਪਾਲ਼ਦੇ
ਰਹਿੰਦੇ ਬਗੀਚਿਆਂ 'ਚ ਜੋ ਫੁੱਲਾਂ ਨੂੰ ਪਾਲ਼ਦੇ। ਤਾਂ ਇਸ ਤਰ੍ਹਾਂ ਨਾ ਝਾਂਜਰਾਂ ਛਵੀਆਂ 'ਚ ਢਾਲ਼ਦੇ। ਕਰਨੀ ਉਡਾਨ ਪੰਛੀਆਂ ਗਗਨਾਂ 'ਚ ਕਿਸ ਤਰ੍ਹਾਂ, ਜੇ ਖੰਭ ਆਪਣੇ ਆਪ ਹੀ ਰਹਿੰਦੇ ਨੇ ਜਾਲ਼ਦੇ। ਖ਼ੁਸ਼ ਹੋ ਤੁਸੀਂ ਕਿ ਮੇਰਿਆਂ ਖੰਭਾਂ ਨੂੰ ਖੋਹ ਲਿਆ, ਖੋਹੋਗੇ ਖੰਭ ਕਿਸ ਤਰ੍ਹਾਂ ਮੇਰੇ ਖ਼ਿਆਲ ਦੇ। ਆਉ ਕਿ ਜਿੱਥੇ ਜ਼ਿੰਦਗੀ ਦੀ ਟਹਿਕ ਚੱਲੀਏ, ਐਥੋਂ ਕੀ ਖ਼ਾਲੀ ਗੁੰਬਦਾਂ ਵਿਚੋਂ ਹਾਂ ਭਾਲ਼ਦੇ। ਇਕ ਫੁੱਲ ਰੰਗਣ ਵਾਸਤੇ ਦਿਲ ਜਿਸ ਨੇ ਚੀਰਿਆ, ਵੇਖੋ ਸ਼ਿਕਾਰੀ ਓਸੇ ਨੂੰ ਫਿਰਦੇ ਨੇ ਭਾਲ਼ਦੇ। ਐਨੇ ਕੁ ਹੰਝੂ ਕਿਰ ਗਏ ਕਿ ਹਰਫ਼ ਮਿਟ ਗਏ, ਪੀੜੇ ਨੀ ਹਰਫ਼ ਹਰਫ਼ ਤੂੰ ਫਿਰ ਤੋਂ ਉਠਾਲ਼ ਦੇ। ਸ਼ਾਇਦ ਜਵਾਬ ਲੱਭ ਲਾਂ ਮੈਂ ਤੇਰੀ ਚੁੱਪ ਦਾ, ਦਿਲ ਦੀ ਤਲੀ 'ਤੇ ਰੱਖ ਕੇ ਆਪਣੇ ਸੁਆਲ ਦੇ। ਸੁਕਰਾਤ ਬਣ ਕੇ ਅੱਜ ਦਾ ਦਰਵੇਸ਼ ਕਹਿ ਰਿਹਾ, ਸਾਨੂੰ ਵੀ ਸਾਡੇ ਹਿੱਸੇ ਦਾ ਪਿਆਲਾ ਪਿਆਲ਼ ਦੇ। ਐ ਦੀਪ, ਤੇਰੀ ਜ਼ਿੰਦਗੀ ਬੇਅਰਥ ਜਾਏ ਨਾ, ਖ਼ੁਦ ਨੂੰ, ਤੂੰ ਖ਼ਤਮ ਹੋਣ ਤੱਕ ਰਾਹਾਂ 'ਚ ਬਾਲ਼ਦੇ।
14. ਆਈ ਰਾਤ ਜਦੋਂ ਚਾਂਦਨੀ ਖਿਲਾਰਦੇ ਰਹੇ
ਆਈ ਰਾਤ ਜਦੋਂ ਚਾਂਦਨੀ ਖਿਲਾਰਦੇ ਰਹੇ। ਮੇਰੇ ਚੰਦ ਤਾਰੇ ਨ੍ਹੇਰੇ ਨੂੰ ਵੰਗਾਰਦੇ ਰਹੇ। ਜਿਹੜੀ ਮਿੱਟੀ ਹੋਂਦ ਉਹਨਾਂ ਦੀ ਸੰਭਾਲਦੀ ਰਹੀ, ਆਈ ਰੁੱਤ ਫੁੱਲ ਕਰਜ਼ਾ ਉਤਾਰਦੇ ਰਹੇ। ਹੰਝੂ ਅੱਖਾਂ ਵਿਚ ਆਏ ਅਸੀਂ ਹੱਸ ਕੇ ਸੁਕਾਏ, ਅਸੀਂ ਪਲਕਾਂ ਦੇ ਨਾਲ਼ ਝੱਲ ਮਾਰਦੇ ਰਹੇ। ਤੈਨੂੰ ਜਿੱਤ 'ਤੇ ਤਸੱਲੀ ਸਾਨੂੰ ਹਾਰਨੇ ਦਾ ਸ਼ੌਕ, ਤਾਹੀਉਂ ਜਿੱਤ ਜਿੱਤ ਬਾਜ਼ੀ ਅਸੀਂ ਹਾਰਦੇ ਰਹੇ। ਸਾਡੀ ਰੁੱਤ ਤੇਰੇ ਕੋਲ ਸਾਡੇ ਫੁੱਲ ਸਾਨੂੰ ਮੋੜ, ਅਸੀਂ ਮਹਿਕਾਂ ਦੇ ਤਿਹਾਏ 'ਵਾਜਾਂ ਮਾਰਦੇ ਰਹੇ। ਸਾਨੂੰ ਬੋਲੀਆਂ ਨਾ ਮਾਰ ਅਸੀਂ ਰਹੇ ਤੇਰੇ ਨਾਲ਼, ਸਾਨੂੰ ਸਾਡੇ ਪਰਛਾਵੇਂ ਇਹ ਪੁਕਾਰਦੇ ਰਹੇ। ਪੌਣ ਤੇਰੇ ਵਲੋਂ ਆਈ ਕੋਲ ਆਪਣੇ ਬਿਠਾਈ, ਘੁੱਟ ਘੁੱਟ ਛਾਤੀ ਨਾਲ਼ ਸੀਨਾ ਠਾਰਦੇ ਰਹੇ। ਸ਼ਾਇਦ ਏਵੇਂ ਪਹੁੰਚ ਜਾਏ ਸਾਡੀ ਤੇਰੇ ਤੀਕ ਬਾਤ, ਫੁੱਲ ਪਾਣੀਆਂ 'ਚ ਤੇਰੇ ਵੱਲ ਤਾਰਦੇ ਰਹੇ।
15. ਨਵੇਂ ਰੁੱਖੀਂ ਨਵੇਂ ਹੀ ਆਲ੍ਹਣੇ ਨੇ
ਨਵੇਂ ਰੁੱਖੀਂ ਨਵੇਂ ਹੀ ਆਲ੍ਹਣੇ ਨੇ। ਇਹਨਾਂ ਨੇ ਬੋਟ ਆਪਣੇ ਪਾਲਣੇ ਨੇ। ਬਚਾ ਕੇ ਰੱਖਣਾ ਵੀ ਸਿੱਖਣਾ ਹੈ, ਨਹੀਂ ਅੱਗ ਨੇ ’ਤੇ ਬਿਜਲੀ ਜਾਲਣੇ ਨੇ। ਜੇ ਹੰਝੂਆਂ ਨਾਲ਼ ਸਿੰਜਣਾ ਜਾਣਦੇ ਨਹੀਂ, ਤਾਂ ਫੁੱਲ ਹਾਸੇ ਵੀ ਕਿੱਥੋਂ ਭਾਲਣੇ ਨੇ। ਖੜ੍ਹੇ ਜੋ ਦੋਸਤਾਂ ਵਿਚ ਵਾਰ ਕਰਦੇ, ਅਸੀਂ ਦੁਸ਼ਮਣ ਵੀ ਤਾਂ ਪਹਿਚਾਨਣੇ ਨੇ। ਇਹ ਰਿਸ਼ਤੇ ਕਿਹੜੇ ਨੇ ਚੰਗੇ ਜਾਂ ਮੰਦੇ, ਅਕਲ ਦੀ ਛਾਨਣੀ ਨਾਲ਼ ਛਾਨਣੇ ਨੇ। ਸਮੰਦਰ ਵਾਂਗ ਅੰਬਰ ਰਿੜਕਦਾ ਜਾ, ਇਹ ਤਾਰੇ ਕੀ? ਅਸੀਂ ਪਹਿਚਾਨਣੇ ਨੇ। ਆ ਪੁੱਛੀਏ ਅੱਗ ਵੰਡਦੀ ਪੌਣ ਕੋਲੋਂ, ਕਿ ਸਾਡੇ ਖੰਭ ਕਦ ਤਕ ਜਾਲਣੇ ਨੇ। ਹਨੇਰੀ ਰਾਤ ਜੇ, ਚਾਨਣ ਦੀ ਖ਼ਾਤਿਰ, ਅਸੀਂ ਅੱਖਰਾਂ ਦੇ ਦੀਵੇ ਬਾਲਣੇ ਨੇ।
16. ਪੁਛਦਾ ਫਿਰਾਂ ਮੈਂ ਥਹੁ ਪਤਾ ਉਸਦੀ ਉਡਾਰ ਦਾ
ਪੁਛਦਾ ਫਿਰਾਂ ਮੈਂ ਥਹੁ ਪਤਾ ਉਸਦੀ ਉਡਾਰ ਦਾ । ਕੋਲੋਂ ਜੋ ਮੇਰੇ ਤੁਰ ਗਿਆ ਮੈਨੂੰ ਪੁਕਾਰਦਾ। ਤੇਰੀ ਉਡੀਕ ਸਾਂਭ ਕੇ ਰੱਖੀ ਹੈ ਅੱਖੀਆਂ ਤੇਰੀ ਮੈਂ ਯਾਦ ਦੱਸ ਕਿਵੇਂ ਦਿਲ 'ਚੋਂ ਵਿਸਾਰਦਾ। ਜਿਉਂਦਾ ਓਹੀ ਜੋ ਆਤਮਾ ਰੱਖਦਾ ਸੰਭਾਲਕੇ ਹਰਦੀ ਨਾ ਜੇਕਰ ਆਤਮਾ ਬੰਦਾ ਨਾ ਹਾਰਦਾ। ਆਉਂਦਾ ਕਦੀ ਨਿਖਾਰ ਨਾ ਨਕਸ਼ੀਂ, ਐ ਜ਼ਿੰਦਗੀ ਜੇ ਕਰ ਕੋਈ ਵੀ ਹੱਥ ਨਾ ਢਾਹੇ ਉਸਾਰਦਾ। ਪਾਣੀ ’ਤੇ ਬਉਰਾ ਹੋ ਕੇ ਕੋਈ ਨੱਚਦਾ ਨਾ ਬੁਲਬੁਲਾ ਛੋਂਹਦਾ ਨਾ ਜੇਕਰ ਓਸ ਨੂੰ ਬੁੱਲਾ ਕੋਈ ਪਿਆਰ ਦਾ। ਹੁੰਦਾ ਕਦੇ ਵੀ ਪੰਛੀ ਨਾ ਦਿਸ-ਹੱਦਿਆਂ 'ਤੋਂ ਪਾਰ ਲਾ ਕੇ ਜੇ ਤਾਣ ਖੰਭ ਨਾ ਆਪਣੇ ਖਿਲਾਰਦਾ। ਸਾਰਾ ਸੁਗੰਧ ਬਣ ਗਿਆਂ ਇਕ ਪਲ ਦੇ ਨੇੜ ਨਾਲ਼ ਇਉਂ ਬੁੱਲਾ ਕੋਲੋਂ ਲੰਘਿਆ ਮਹਿਕਾਂ ਖਿਲਾਰਦਾ। ਡਰਕੇ ਉਡੀ ਸਰਾਂ 'ਤੋਂ ਜੋ ਬਿਜਲੀ ਦੀ ਕੜਕ ਨਾਲ਼ ਕਿਸ ਨੇ ਹੈ ਦਰਦ ਜਾਣਿਆ ਕੂੰਜਾਂ ਦੀ ਡਾਰ ਦਾ।
17. ਤੇਰਾ ਮਿਲਣਾ ਵਿਛੜ ਜਾਣਾ
ਤੇਰਾ ਮਿਲਣਾ ਵਿਛੜ ਜਾਣਾ ਹਾਦਸਾ ਲਗਦਾ ਰਿਹਾ। ਫੇਰ ਵੀ ਇਹ ਰਿਸ਼ਤਿਆਂ ਦਾ ਸਿਲਸਿਲਾ ਚਲਦਾ ਰਿਹਾ। ਕਿਸ ਤਰ੍ਹਾਂ ਦਾ ਇਹ ਰਿਸ਼ਤਾ ਦੁਸ਼ਮਣਾਂ ਦੇ ਸ਼ਹਿਰ ਵਿਚ, ਮਾਰਿਆ ਖੰਜਰ ਸੀ ਜਿਸ ਨੇ ਆਪਣਾ ਲਗਦਾ ਰਿਹਾ। ਇਹ ਸ਼ੁਦਾ ਹੀ ਸੀ ਤੂਫ਼ਾਨ ਉਠਿਆ ਡੁਬੋ ਦੇਵਣ ਨੂੰ ਜੋ, ਐ ਖ਼ੁਦਾ, ਮੈਨੂੰ ਉਹ ਮੇਰਾ ਆਪਣਾ ਲਗਦਾ ਰਿਹਾ। ਆਪਣੇਪਨ ਦਾ ਮੁਹੱਬਤ ਦਾ ਹੀ ਸੀ ਅਹਿਸਾਸ ਕਿ, ਆਲ੍ਹਣਾ ਜਲਿਆ ਹਰਿਕ ਜੋ ਆਪਣਾ ਲਗਦਾ ਰਿਹਾ। ਜਾਣਦਾ ਹਾਂ ਪੌਣ ਕੰਧਿਆਂ 'ਤੇ ਨਾ ਚੜ੍ਹ ਮੁੜਿਆ ਕੋਈ, ਉਹੀਓ ਦਰ ਖੜਕਣ ਤੇ ਫਿਰ ਤੋਂ ਆ ਗਿਆ ਲਗਦਾ ਰਿਹਾ। ਆਪਣੇ ਤੋਂ ਵੀ ਉਹ ਮੈਨੂੰ ਹੋਰ ਮਿਲਿਆ ਘੁੱਟ ਕੇ, ਮਹਿਕ ਦਾ ਬੁੱਲਾ ਜੋ ਮੈਨੂੰ ਓਪਰਾ ਲਗਦਾ ਰਿਹਾ। ਸਾਡੀਆਂ ਰੀਝਾਂ ਨੂੰ ਜਿਸਦਾ ਖਾ ਗਿਆ ਹੈ ਸ਼ਬਦ-ਜਾਲ, ਮੀਸਣਾ ਬੰਦਾ ਉਹ ਮੈਨੂੰ ਦੇਵਤਾ ਲਗਦਾ ਰਿਹਾ। ਕਿਸ ਤਰ੍ਹਾਂ ਦਾ ਹੋ ਗਿਆ ਹੈ ਜ਼ਹਿਰ ਪੀ ਪੀ ਆਦਮੀ, ਵਿਸ-ਕਦਾ ਵੀ ਓਸ ਤਾਈਂ ਮੈ-ਕਦਾ ਲਗਦਾ ਰਿਹਾ। ਕਿਰਚਾਂ ਕਿਰਚਾਂ ਹੋ ਕੇ ਜਿਹੜਾ ਖਿੰਡ ਗਿਆ ਹੈ ਸੜਕ `ਤੇ, ਸਖ਼ਸ਼ ਲੋਕਾਂ ਸਾਹਮਣੇ ਉਹ ਸਾਬਤਾ ਲਗਦਾ ਰਿਹਾ।
18. ਘਣੇ ਜੰਗਲ ਦੀ ਅੱਖ ਨਾ ਫਰਕਦੀ ਹੈ
ਘਣੇ ਜੰਗਲ ਦੀ ਅੱਖ ਨਾ ਫਰਕਦੀ ਹੈ। ਹਨੇਰੀ ਵੇਖ ਲਉ ਸੁੱਤੀ ਪਈ ਹੈ। ਨਿਗਾਹ ਤੇਰੀ ਨੂੰ ਖ਼ਵਰੇ ਹੋ ਗਿਆ ਕੀ, ਤੈਨੂੰ ਸਭ ਧਰਤ ਪੱਧਰੀ ਦਿਸ ਰਹੀ ਹੈ। ਇਕੱਲੇ ਜਿਸਮ ਨੂੰ ਕਰਨਾ ਵੀ ਕੀ ਹੈ, ਜੇ ਇਸ 'ਚੋਂ ਰੂਹ ਮਨਫ਼ੀ ਹੋ ਗਈ ਹੈ। ਤਰੇੜਾਂ ਦਿਸ ਰਹੀਆਂ ਨੇ ਘਰ 'ਚ ਮੇਰੇ, ਨਾ ਦਿਸਦੀ ਕੰਧ ਇਕ ਵੀ ਸਾਬਤੀ ਹੈ। ਜਿਹਨੂੰ ਤੱਕੜੀ ਦੇ ਪਲੜੇ ਸਾਵੇਂ ਦਿਸਦੇ, ਉਹ ਅੱਖ ਸੁੱਤੀ ਪਈ ਕਿ ਜਾਗਦੀ ਹੈ। ਬੁਝਾਈ ਜਾ ਰਹੇ ਨੇ ਹੱਥ ਕਿੰਨੇ, ਜੇ ਅੱਗ ਜੰਗਲ ਦੇ ਸਿਰ 'ਤੇ ਵਰ੍ਹ ਰਹੀ ਹੈ। ਬਚੇਗਾ ਕੀ ਭਲਾ ਰੁੱਖਾਂ ਦਾ ਏਥੇ, ਜਦੋਂ ਅਜ ਅੱਗ ਸਿਰ 'ਤੇ ਵਰ੍ਹ ਰਹੀ ਹੈ। ਜਦੋਂ ਵੀ ਜ਼ੁਲਮ ਸਾਹਵੇਂ ਦੇਖਦਾ ਹਾਂ, ਮੇਰੇ ਸੀਨੇ 'ਚ ਵਰਮੀ ਚੱਲਦੀ ਹੈ।
19. ਹਵਾ ਦਾ ਜ਼ੋਰ ਐਨਾ ਵਧ ਗਿਆ ਹੈ
ਹਵਾ ਦਾ ਜ਼ੋਰ ਐਨਾ ਵਧ ਗਿਆ ਹੈ। ਜੜ੍ਹਾਂ ਤਕ ਬਿਰਖ ਵੇਖੋ ਹਿਲ ਗਿਆ ਹੈ। ਕਿਸੇ ਨੇ ਇਸ ਤਰ੍ਹਾਂ ਹਉਕਾ ਲਿਆ ਹੈ, ਹਵਾ ਦਾ ਜਿਸਮ ਅੱਜ ਪਿੰਜਿਆ ਪਿਆ ਹੈ। ਤੁਹਾਡਾ ਸ਼ੁਕਰੀਆ ਠੋਕਰ ਹੈ ਮਾਰੀ, ਕੋਈ ਸੁੱਤਾ ਪਿਆ ਸੀ ਜਾਗਿਆ ਹੈ। ਜੇ ਤੁਰਦੇ ਸਾਥੀਆਂ ਨੇ ਗੱਲ ਛੇੜੀ, ਹੁੰਗਾਰਾ ਹੋਠਾਂ ਉੱਤੇ ਆ ਗਿਆ ਹੈ। ਸਮੁੰਦਰ ਵਿਚ ਕੋਈ ਜਾਗੀ ਹੈ ਹਲਚਲ, ਕਿ ਪਾਣੀ ਲਹਿਰ ਬਣ ਕੇ ਤੜਪਿਆ ਹੈ। ਜੇ ਮੇਰੀ ਪੀੜ ਹੈਂ ਤਾਂ ਸਾਥ ਵੀ ਦੇ, ਮੇਰੇ ਹੋਠਾਂ 'ਤੇ ਨਗ਼ਮਾ ਆ ਗਿਆ ਹੈ। ਵਧਾ ਕੇ ਹੱਥ ਛੋਹ ਲੈ ਤਾਰਿਆਂ ਨੂੰ, ਕਿ ਅੰਬਰ ਹੋਰ ਨੇੜੇ ਹੋ ਗਿਆ ਹੈ। ਬਦਲਿਆ ਤੂੰ ਨਹੀਂ ਕਿਉਂ ‘ਦੀਪ’ ਹਾਲੇ, ਜ਼ਮਾਨਾ ਵੇਖ ਕਿੰਨਾ ਬਦਲਿਆ ਹੈ।
20. ਸਾਡੇ ਬੁੱਲਾਂ 'ਚੋਂ' ਜਦੋਂ ਬੋਲ ਨਿਕਲ ਜਾਂਦੇ ਨੇ
ਸਾਡੇ ਬੁੱਲਾਂ 'ਚੋਂ' ਜਦੋਂ ਬੋਲ ਨਿਕਲ ਜਾਂਦੇ ਨੇ। ਉਹ ਅਸਰ ਛੱਡਦੇ ਮਨਾਂ ਤਾਈਂ ਬਦਲ ਜਾਂਦੇ ਨੇ। ਇਹ ਤਾਂ ਹੱਥ ਹੀ ਨੇ ਜਦੋਂ ਕਰਮ ਦੀ ਹੱਥੀ ਫੜਦੇ, ਵਾਹੀ ਹੱਥਾਂ ਤੇ ਜੋ ਤਕਦੀਰ ਬਦਲ ਜਾਂਦੇ ਨੇ। ਓਸ ਜੰਗਲ ਨੇ ਤਦੇ ਮੱਚਣਾ ਸੀ ਤੜ ਤੜ ਕਰਕੇ, ਹਉਕੇ ਮਾਸੂਮਾਂ ਦੇ ਜਦ ਓਸ 'ਚ ਜਲ ਜਾਂਦੇ ਨੇ। ਸੁਪਨੇ ਮੋਤੀ ਨੇ ਜੇ ਅੱਖੀਆਂ 'ਚ ਸੰਭਾਲੀ ਰੱਖੀਏ, ਰੋਲ ਦੇਈਏ ਤਾਂ ਇਹ ਮਿੱਟੀ 'ਚ ਹੀ ਰਲ਼ ਜਾਂਦੇ ਨੇ। ਹੱਥ ਦਿਸਦੇ ਹੀ ਨਹੀਂ ਨਾ ਹੀ ਉਹ ਚੱਕੀ ਦਿਸਦੀ, ਵਕਤ ਦੇ ਪੁੜ ਨੇ ਕਿ ਹਰ ਰੋਜ਼ ਹੀ ਦਲ਼ ਜਾਂਦੇ ਨੇ। ਸਾਥ ਕੁਝ ਉਹ ਵੀ ਜੋ ਮਿਲਦੇ ਤਾਂ ਸਦੀਵੀ ਬਣਦੇ, ਲੋਕ ਉਂਝ ਮਿਲਦੇ ਨੇ ਕੋਲੋਂ ਦੀ ਨਿਕਲ ਜਾਂਦੇ ਨੇ। ਭੁੱਲ ਹੋਈ ਕਿ ਕਹਿ ਬੈਠਾ ਮੈਂ ਤੈਨੂੰ ਆਪਣਾ, ਇਹ ਤਾਂ ਜਜ਼ਬਾਤ ਨੇ ਇਹ ਐਵੇਂ ਮਚਲ ਜਾਦੇ ਨੇ। ਨਾ ਉਦਾਸ ਹੋ ਕਿ ਤੇਰੇ ਆਉਣ 'ਤੇ ਇਉਂ ਵੀ ਹੁੰਦਾ, ਜਦ ਖ਼ੁਸ਼ੀ ਵਿਚ ਵੀ ਮੇਰੇ ਹੰਝੂ ਨਿਕਲ ਜਾਂਦੇ ਨੇ। ਆਪਾਂ ਸੂਰਜ ਹਾਂ ਜੋ ਹਰ ਵੇਲੇ ਹੀ ਜਲਦੇ ਰਹੀਏ, ਹੋਣਗੇ ਦੀਵੇ ਜੋ ਬੁਝ ਜਾਂਦੇ ਜੇ ਜਲ ਜਾਂਦੇ ਨੇ।
21. ਗੁੰਮ ਸੁੰਮ ਗੁੰਮ ਸੁੰਮ ਬੈਠਾ ਰਹਿਨਾਂ
ਗੁੰਮ ਸੁੰਮ ਗੁੰਮ ਸੁੰਮ ਬੈਠਾ ਰਹਿਨਾਂ। ਦਿਲ ਦੀ ਦਿਲ ਨੂੰ ਕਹਿੰਦਾ ਰਹਿਨਾਂ। ਪਲਕਾਂ ਵਿਚ ਬਿਠਾ ਕੇ ਤੈਨੂੰ, ਯਾਦ ਦਾ ਚਰਖ਼ਾ ਕਤਦਾ ਰਹਿਨਾਂ। ਵਿਚ ਉਡੀਕਾਂ ਹਾਲ ਇਹ ਮੇਰਾ, ਸੂਰਜ ਵਾਂਗੂੰ ਬਲਦਾ ਰਹਿਨਾਂ। ਯਾਦ ਤਲੀ 'ਤੇ ਪਾਰੇ ਵਾਂਗੂੰ, ਪਲ ਪਲ ਹਰ ਪਲ ਕੰਬਦਾ ਰਹਿਨਾਂ। ਆ ਕੇ ਵੇਖ ਲੈ ਤੇਰੇ ਬਾਝੋਂ, ਕਿਸ ਕਿਸ ਗੱਲੋਂ ਵਿਰਵਾ ਰਹਿਨਾਂ। ਹੋ ਜਾਵਾਂ ਨਾ ਬਿਲਕੁਲ ਸਖਣਾ, ਯਾਦ ਦੇ ਜੁਗਨੂੰ ਫੜ੍ਹਦਾ ਰਹਿਨਾਂ। ਤੂੰ ਵਸਿਆ ਲੋਕਾਂ ਵਿਚ, ਤੈਨੂੰ, ਹਰ ਇਕ ਸ਼ੈਅ 'ਚੋਂ ਤਕਦਾ ਰਹਿਨਾਂ। ਪੂਰਨ ਹੋ ਜਾਵਾਂਗਾ ਇਕ ਦਿਨ, ਦਰਿਆ ਬਣ ਕੇ ਵਹਿੰਦਾ ਰਹਿਨਾਂ।