Punjabi Ghazals : M. Mustafa Raaj

ਪੰਜਾਬੀ ਗ਼ਜ਼ਲਾਂ : ਐਮ. ਮੁਸਤਫ਼ਾ ਰਾਜ


ਐਡਾ ਜਿਗਰੇ ਵਾਲਾ ਕਿਹੜਾ?

ਐਡਾ ਜਿਗਰੇ ਵਾਲਾ ਕਿਹੜਾ? ਸੇਕ ਮਿੱਟੀ ਦਾ ਝੱਲੇ ਜਿਹੜਾ। ਪੁੱਟ ਗਈ ਝੁਗੀਆਂ ਮਿਹਰ ਮੁਹੱਬਤ, ਹਰ ਇੱਕ ਨਫ਼ਰਤ ਭਰਿਆ ਵਿਹੜਾ। ਸਭ ਦੇ ਹੱਥੀਂ ਬਲ਼ਦੇ ਕੁੱਢਣ, ਲੱਗੀ ਅੱਗ ਬੁਝਾਵੇ ਕਿਹੜਾ? ਡੰਗ ਟਪਾਉਣੇ ਵਾਲ਼ੀ ਗੱਲ ਏ, ਹਰ ਕੋਈ ਰੇੜ੍ਹੀ ਫਿਰਦਾ ਰਿਹੜਾ। ਸਿੱਧਾ ਕਦੇ ਉਹ ਹੋ ਨਹੀਂ ਸਕਦਾ, ਜਿਹੜਾ ਬੰਦਾ ਅਜ਼ਲੋਂ ਟਿਹੜਾ। ਰੱਬਾ ਘੱਲ ਦੇ ਵੱਸਦਾ ਬੱਦਲ, ਉਜੜੇ ਥਲ ਵਸਾਵੇ ਜਿਹੜਾ। ਭੁੱਖ ਤੇ ਅੱਤ ਦਾ ਰਾਜ ਏ ਇਥੇ, ਦੁੱਖ ਸੁਣਾਵਾਂ ਕਿਹੜਾ ਕਿਹੜਾ।

ਜਦ ਰਿਹਾ ਨੀਂ ਅਤਬਾਰ ਸੱਜਣ

ਜਦ ਰਿਹਾ ਨੀਂ ਅਤਬਾਰ ਸੱਜਣ। ਫਿਰ ਤੋਂ ਕਾਹਦਾ ਯਾਰ ਸੱਜਣ। ਗ਼ੈਰ ਦੇ ਗਲ਼ ਵਿੱਚ ਪਾ ਕੇ ਬਾਂਹ, ਥਾਂ 'ਤੇ ਦਿੱਤੈ ਮਾਰ ਸੱਜਣ। ਸੋਚਾਂ ਦੇ ਮੁਕਲਾਵੇ ਨੇ, ਕਰ ਛਡਿਆ ਬੀਮਾਰ ਸੱਜਣ। ਤੇਰਾ ਪਿਆਰ ਮੈਂ ਜਿੱਤਣ ਲਈ, ਜਿੱਤ ਕੇ ਮੰਨੀ ਹਾਰ ਸੱਜਣ। ਜਿੰਦ ਵੀ ਮੇਰੀ ਹਾਜ਼ਿਰ ਏ, ਦਿਲ ਤੇ ਦਿੱਤੈ ਵਾਰ ਸੱਜਣ। ਇਸ਼ਕ਼ ਸਮੁੰਦਰ ਠਿਲ੍ਹ ਪਏ ਆਂ, ਡੋਬ, ਤੇ ਭਾਵੇਂ ਤਾਰ ਸੱਜਣ। ਸੱਜਣ ਰਾਜ ਵਧਾਉਂਦੇ ਨੇ, ਖ਼ੁਦ ਸਜਣਾਂ ਦੇ ਭਾਰ ਸੱਜਣ।

ਬੇ ਦਰਦਾ ਅਸੀਂ ਬੋਲੇ ਨਹੀਂ

ਬੇ ਦਰਦਾ ਅਸੀਂ ਬੋਲੇ ਨਹੀਂ। ਦਿਲ ਦੇ ਦੁੱਖੜੇ ਫ਼ੋਲੇ ਨਹੀਂ। ਕਿਹੜਾ ਦੁੱਖ ਨਹੀਂ ਦਿੱਤਾ ਤੂੰ, ਫ਼ੇਰ ਵੀ ਪੈਰੋਂ ਡੋਲੇ ਨਹੀਂ। ਅੱਥਰੂ ਤੇਰੀਆਂ ਯਾਦਾਂ ਦੇ, ਮਿੱਟੀ ਦੇ ਵਿੱਚ ਰੋਲੇ ਨਹੀਂ। ਸਾਰੀ ਉਮਰਾ ਸਿਕਦੇ ਰਹੇ, ਤੁਸੀਂ ਪਿਆਰ ਨਾਲ਼ ਬੋਲੇ ਨਹੀਂ। ਇੱਕੋ ਯਾਰ ਬਣਾਇਆ ਮੈਂ, ਲੋਕਾਂ ਵਾਂਗਰ ਟੋਲੇ ਨਹੀਂ। ਸਭ ਦਾ ਪਾਣੀ ਭਰੀਏ ਪਏ, ਅਸੀਂ ਕਿਸੇ ਦੇ ਗੋਲੇ ਨਹੀਂ। ਰਾਜ ਨੇ ਤੋੜ ਨਿਭਾਉਣ ਲਈ, ਦੁੱਖ ਸੁਖ ਸਾਵੇਂ ਤੋਲੇ ਨਹੀਂ।

ਮੂਰਖ ਯਾਰ ਬਣਾਵਾਂ ਕਿੰਜ

ਮੂਰਖ ਯਾਰ ਬਣਾਵਾਂ ਕਿੰਜ ਮੱਝ ਨੂੰ ਬੀਨ ਸੁਨਾਵਾਂ ਕਿੰਜ ਬੰਦੇ ਪੱਥਰ ਹੋ ਗਏ ਨੇਂ ਪੱਥਰਾਂ ਨੂੰ ਸਮਝਾਵਾਂ ਕਿੰਜ ਢਿੱਡ ਨੂੰ ਲੋੜ ਏ ਰੋਟੀ ਦੀ ਗ਼ਜ਼ਲਾਂ ਨਾਲ ਰਜਾਵਾਂ ਕਿੰਜ ਰੋ ਕੇ ਮੰਗੀਆਂ ਸਜਦੇ ਵਿੱਚ ਰੱਦੀਆਂ ਜਾਣ ਦੁਆਵਾਂ ਕਿੰਜ ਮੈਂ ਜਵਾਂਹ ਦਾ ਬੂਟਾ ਰਾਜ ਵੰਡਾਂ ਦੱਸੋ ਛਾਵਾਂ ਕਿੰਜ

ਵੈਰ ਭੁਲਾਉਣ ਦੀ ਗੱਲ ਕਰੀਏ

ਵੈਰ ਭੁਲਾਉਣ ਦੀ ਗੱਲ ਕਰੀਏ ਰਾਂਦ ਮੁਕਾਉਣ ਦੀ ਗੱਲ ਕਰੀਏ ਅੱਧ ਵਿੱਚ ਟੁੱਟੀ ਯਾਰੀ ਨੂੰ ਤੋੜ ਨਿਭਾਉਣ ਦੀ ਗੱਲ ਕਰੀਏ ਧਨ ਜਾਂਦਾ ਤੇ ਜਾਣਦਿਉ ਪੱਤ ਬਚਾਉਣ ਦੀ ਗੱਲ ਕਰੀਏ ਬੇਰੁਖ਼ੀਆਂ ਦੇ ਕੰਡਿਆਂ ਵਿੱਚ ਫੁੱਲ ਉਗਾਉਣ ਦੀ ਗੱਲ ਕਰੀਏ ਦੁੱਖ ਵੰਡਾ ਕੇ ਦੁਖੀਆਂ ਦੇ ਸੁੱਖ ਵਰਤਾਉਣ ਦੀ ਗੱਲ ਕਰੀਏ ਨਫ਼ਰਤ ਵਾਲੀ ਲੱਗੀ ਰਾਜ ਅੱਗ ਬੁਝਾਉਣ ਦੀ ਗੱਲ ਕਰੀਏ

ਨਾ ਪਾ ਰੰਗ ਵਿੱਚ ਭੰਗ ਵੇ ਮਾਹੀਆ

ਨਾ ਪਾ ਰੰਗ ਵਿੱਚ ਭੰਗ ਵੇ ਮਾਹੀਆ ਕਰ ਨਾ ਇੰਨਾ ਤੰਗ ਵੇ ਮਾਹੀਆ ਇਹ ਵੀ ਦੱਸ ਕਿਉਂ ਅੱਜ ਕੱਲ੍ਹ ਤੇਰਾ ا ਫਿੱਕਾ ਪਿਆ ਏ ਰੰਗ ਵੇ ਮਾਹੀਆ ਤੇਰੇ ਨਾਵੀਂ ਲੱਗ ਚੁੱਕਿਆ ਵਾਂ ਹੁਣ ਨਾ ਮੈਥੋਂ ਸੰਗ ਵੇ ਮਾਹੀਆ ਸੱਚ ਪੁੱਛੇਂ ਤੇ ਤੇਰੇ ਬਾਝੋਂ ਔਖੇ ਟੱਪਦੇ ਡੰਗ ਵੇ ਮਾਹੀਆ ਅੱਜ ਵੀ ਸਾਂਭ ਕੇ ਰੱਖੀ ਮੈਂ ਤੇ ਤੇਰੀ ਟੁੱਟੀ ਵੰਗ ਵੇ ਮਾਹੀਆ ਮੇਰੇ ਸ਼ਹਿਰ ਇਚ ਨਫ਼ਰਤ ਵੱਧ ਗਈ ਮੈਂ ਟੁਰ ਚੱਲਿਆਂ ਝੰਗ ਵੇ ਮਾਹੀਆ ਤੇਰੇ ਹੱਥੋਂ ਰਾਜ ਨੇ ਪੀਣੀ ਤਾਜ਼ੀ ਮਿੱਠੀ ਕੰਗ1 ਵੇ ਮਾਹੀਆ 1 ਲੱਸੀ

ਸੱਚ ਨੂੰ ਸੀਸ ਉਠਾਉਣਾ ਪਏਗਾ

ਸੱਚ ਨੂੰ ਸੀਸ ਉਠਾਉਣਾ ਪਏਗਾ, ਝੂਠ ਦਾ ਸਿਰ ਨਿਵਾਉਣਾ ਪਏਗਾ ਇੰਝ ਨਹੀਂ ਮੁਕਣਾ ਜ਼ਾਲਿਮ ਹਨੇਰਾ ਸੂਰਜ ਕੋਲ ਬੁਲਾਉਣਾ ਪਏਗਾ ਬਦਅਮਨੀ ਨੂੰ ਮੁੱਢੋਂ ਪੁੱਟ ਕੇ ਜੱਗ ਤੇ ਅਮਨ ਲਿਆਉਣਾ ਪਏਗਾ ਆਪਣੇ ਚਾਲੇ ਜੇ ਨਾ ਬਦਲੇ ਓੜਕ ਫ਼ਿਰ ਪਛਤਾਉਣਾ ਪਏਗਾ ਜੇਕਰ ਰੱਬ ਨੂੰ ਰਾਜ਼ੀ ਕਰਨਾ ਨਫ਼ਸ ਨੂੰ ਝਾਭੂ ਪਾਉਣਾ ਪਏਗਾ ਹੱਥ ਮਿਲਾਇਆਂ ਗੱਲ ਨਹੀਂ ਬਣਨੀ ਦਿੱਲ ਨਾਲ ਦਿੱਲ ਮਿਲਾਉਣਾ ਪਏਗਾ ਇੰਝ ਨਹੀਂ ਰਾਜ ਮਨੀਂਦੇ ਸੱਜਣ ਪੈਰਾਂ ਨੂੰ ਹੱਥ ਲਾਉਣਾ ਪਏਗਾ

ਹਾਕਮ ਦੇ ਭਰਵਾਸੇ ਰਹਿ ਗਏ

ਹਾਕਮ ਦੇ ਭਰਵਾਸੇ ਰਹਿ ਗਏ ਤਾਹੀਓਂ ਖ਼ਾਲੀ ਕਾਸੇ ਰਹਿ ਗਏ ਖਾਸਾਂ ਦੇ ਨੇਂ ਗੁੜ ਵਿੱਚ ਰੰਬੇ ਆਮਾਂ ਕਾਣ ਦਿਲਾਸੇ ਰਹਿ ਗਏ ਉਹਦੀਆਂ ਰੱਤੀਆਂ ਬਣੀਆਂ ਤੋਲ਼ੇ ਸਾਡੇ ਤੋਲ਼ੇ ਮਾਸ਼ੇ ਰਹਿ ਗਏ ਇਸ਼ਕ਼ ਹਕੀਕੀ ਔਖਾ ਪੈਂਡਾ ਇਥੇ ਅੱਛੇ ਖ਼ਾਸੇ ਰਹਿ ਗਏ ਅੰਦਰੋਂ ਟੁੱਟੇ ਭੱਜੇ ਪਏ ਆਂ ਬਾਹਰੋਂ ਕੂੜੇ ਹਾਸੇ ਰਹਿ ਗਏ ਜਿਹੜੇ ਸਾਕੀ ਕੌਸਰ ਦੇ ਨੇਂ ਕਰਬਲ ਵਿੱਚ ਪਿਆਸੇ ਰਹਿ ਗਏ ਕਰਬਲ ਵਾਲ਼ੀ ਜੰਗ ਵਿੱਚ ਰਾਜ ਕੂਫ਼ੀ ਕਿਹੜੇ ਪਾਸੇ ਰਹਿ ਗਏ

ਦੁੱਖ ਦੇ ਫਲ਼੍ਹਿਆਂ ਗਾਹਿਆ ਸਾਨੂੰ

ਦੁੱਖ ਦੇ ਫਲ਼੍ਹਿਆਂ ਗਾਹਿਆ ਸਾਨੂੰ ਤੂੜੀ ਵਾਂਙ ਉਡਾਇਆ ਸਾਨੂੰ ਦੋਜ਼ਖ਼ ਨਾਲ਼ੋਂ ਘੱਟ ਨਹੀਂ ਦੁਨੀਆ ਥੋੜਾਂ ਨਾਲ਼ ਲੜਾਇਆ ਸਾਨੂੰ ਰੀਝਾਂ ਨੂੰ ਹੁਣ ਮੁੱਢੋਂ ਵੱਢਣਾ ਜਿਨ੍ਹਾਂ ਫਾਹੇ ਲਾਇਆ ਸਾਨੂੰ ਤੇਰੇ ਬੰਦਿਆਂ ਤੇਰੀ ਕਸਮੇਂ ਡੋਰਾਂ ਵਾਂਗਰ ਵਾਹਿਆ ਸਾਨੂੰ ਤੇਰੇ ਕੋਲੋਂ ਵੱਖਰੇ ਹੋ ਕੇ ਜੀਵਣ ਢੰਗ ਨਹੀਂ ਆਇਆ ਸਾਨੂੰ ਤੈਨੂੰ ਇਸ਼ਕਾ ਸ਼ਰਮ ਨਹੀਂ ਆਉਂਦੀ ਗਧੀ ਗੇੜੇ ਪਾਇਆ ਸਾਨੂੰ ਕਿਵੇਂ ਇੱਕ ਮੁੱਠ ਵਸਦੇ ਰਹੇ ਓ ਗੱਲ ਸੁਣਾ ਕੋਈ ਤਾਇਆ ਸਾਨੂੰ ਪੈਰ ਹੱਥ ਚੁੱਮਾਂ ਉਹਦੇ ਜਿਹਨੇ ਮੰਜ਼ਿਲ ਤੀਕ ਪਹੁੰਚਾਇਆ ਸਾਨੂੰ ਰਾਜ ਭਰਾ ਤੂੰ ਭੋਏਂ 'ਤੇ ਸੁੱਟ ਦੇ ਸਿਰ 'ਤੇ ਜਿਹੜਾ ਚਾਇਆ ਸਾਨੂੰ

ਸੋਚਦਾਂ ਪੈਰਾਂ ਤੇ ਭਾਰ ਦਿਆਂ

ਸੋਚਦਾਂ ਪੈਰਾਂ ਤੇ ਭਾਰ ਦਿਆਂ ਹੁਣ ਡਰ ਨੂੰ ਅੰਦਰੋਂ ਮਾਰ ਦਿਆਂ ਨਫ਼ਰਤ ਦੇ ਸੱਭ ਢਾਰੇ ਢਾ ਕੇ ਮੈਂ ਪਿਆਰ ਦੇ ਮੈਹਲ ਉਸਾਰ ਦਿਆਂ ਜੇਕਰ ਮੇਰੇ ਵੱਸ ਵਿੱਚ ਹੋਵੇ ਕਰ ਟਿੱਬਿਆਂ ਨੂੰ ਗੁਲਜ਼ਾਰ ਦਿਆਂ ਹੁਣ ਵੇਲਾ ਆਪੇ ਦੱਸੇ ਗਾ ਕਿੰਝ ਗ਼ੁਰਬਤ ਨੂੰ ਮੈਂ ਹਾਰ ਦਿਆਂ ਸੱਕਿਆਂ ਜਿਹੜੇ ਵਾਧੇ ਕੀਤੇ ਉਹ ਝੱਟ ਇੱਚ ਕਿੰਝ ਵਸਾਰ ਦਿਆਂ ਕਾਵਾਂ ਨੂੰ ਫਾਹੇ ਲਾ ਕੇ ਰਾਜ ਘੁੱਗੀ ਦਾ ਸੀਨਾ ਠਾਰ ਦਿਆਂ

  • ਮੁੱਖ ਪੰਨਾ : ਪੰਜਾਬੀ ਗ਼ਜ਼ਲਾਂ : ਐਮ. ਮੁਸਤਫ਼ਾ ਰਾਜ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ