Punjabi Poetry : Mohanjeet Kukreja
ਪੰਜਾਬੀ ਕਵਿਤਾਵਾਂ : ਮੋਹਨਜੀਤ ਕੁਕਰੇਜਾ
1. ਮੈਂ 'ਤੇ ਵਾਈਜ਼ (ਗ਼ਜ਼ਲ)
ਦਿਲ ਦੀ ਗੱਲ ਕਰ ਸਕਾਂ, ਉਹ ਤਾਬ ਆਪਣੇ 'ਚ ਲਿਆ ਨਾ ਸਕਿਆ ਜਤਨ ਬਥੇਰੇ ਕਰ ਵੇਖੇ… ਪਰ ਉਸਨੂੰ ਮੈਂ ਕਦੇ ਵੀ ਭੁਲਾ ਨਾ ਸਕਿਆ ਤਜਰਬਿਆਂ ਦੀ ਕੋਈ ਥੋੜ੍ਹ ਨਹੀਂ, ਕਿੱਸੇ-ਕਹਾਣੀਆਂ ਵੀ ਕਾਫ਼ੀ ਸਨ ਲੋਕੀ ਤਾਂ ਸੁਨਣਾ ਚਾਹੁੰਦੇ ਸਨ, ਬੱਸ ਮੈਂ ਹੀ ਕਦੇ ਸੁਣਾ ਨਾ ਸਕਿਆ ਇੱਛਾਵਾਂ ਦੀ ਕੀ ਗੱਲ ਕਰੀਏ ਨਾਲੇ ਪ੍ਰੀਤ ਦਾ ਹੁਣ ਚਰਚਾ ਕਿਹੜਾ ਸੁਫ਼ਨਿਆਂ ਦੇ ਸੱਚ ਨਾ ਹੋਣ ਦੀ ਜ਼ਿਦ ਅੱਖਾਂ ਨੂੰ ਸਮਝਾ ਨਾ ਸਕਿਆ ਕੰਮ ਤਾਂ ਮੈਂ ਵੀ ਕਈ ਕੀਤੇ, ਕੁੱਝ ਸੌਖੇ ਜਿਹੇ ਕੁੱਝ ਮੁਸ਼ਕਲ ਸਨ… ਹੋਸ਼ ਟਿਕਾਣੇ ਅਤੇ ਦਿਲ ਕਾਬੂ ਵਿਚ ਲੇਕਿਨ ਕਦੇ ਆ ਨਾ ਸਕਿਆ ਕੁੱਝ ਨਵੀਆਂ ਕੁੱਝ ਪੁਰਾਣੀਆਂ ਯਾਦਾਂ ਹਰਫ਼ ਬਣਕੇ ਖਿਲਰੀਆਂ ਸਨ ਸਾੜ ਸਕਿਆ ਨਾ ਪਰਵਾਹ ਸਕਿਆ ਉਹ ਵਰਕੇ ਦਫ਼ਨਾ ਨਾ ਸਕਿਆ ਵਾਈਜ਼ ਮੈਨੂੰ ਸੱਦਦਾ ਰਿਹਾ ਮਸੀਤੇ… ਅਤੇ ਮੈਂ ਉਸਨੂੰ ਮੈਖ਼ਾਨੇ ਵਿਚ ਦੋਵੇਂ ਅੜੀ ਦੇ ਪੱਕੇ ਸਾਂ, ਉਹ ਆ ਨਾ ਸਕਿਆ, ਮੈਂ ਜਾ ਨਾ ਸਕਿਆ
2. ਦੋ-ਧਾਰੀ ਤਲਵਾਰ
ਤਬੀਅਤ ਅੱਜ-ਕੱਲ ਬੇਜ਼ਾਰ ਹੋ ਗਈ ਏ… ਬੱਸ ਜਿਵੇਂ ਹਰ ਚੀਜ਼ ਦੁਸ਼ਵਾਰ ਹੋ ਗਈ ਏ! ਸ਼ਿੱਦਤ ਦਰਦ ਦੀ ਅਜੇ ਵੀ ਬਰਕ਼ਰਾਰ ਹੈ ਹੱਦ ਭਾਵੇਂ ਬਰਦਾਸ਼ਤ ਦੀ ਪਾਰ ਹੋ ਗਈ ਏ! ਗੁਆਚ ਗਿਆ ਉਹ ਚੈਨ 'ਤੇ ਸਕੂਨ ਕਿਤੇ ਵਕ਼ਤ ਦੀ ਕੁੱਝ ਇੰਨੀ ਰਫ਼ਤਾਰ ਹੋ ਗਈ ਏ! ਜਜ਼ਬਾਤ ਅਨਮੋਲ ਹੀ ਰਹਿਣ ਤਾਂ ਚੰਗਾ… ਮੁਹੱਬਤ ਤਾਂ ਵੈਸੇ ਵੀ ਕਾਰੋਬਾਰ ਹੋ ਗਈ ਏ! ਜ਼ਖ਼ਮਾਂ ਤੋਂ ਇਸਦੇ ਹੁਣ ਬਚੀਏ ਵੀ ਕਿਵੇਂ ਜ਼ਿੰਦਗੀ ਦੋ-ਧਾਰੀ ਤਲਵਾਰ ਹੋ ਗਈ ਏ!
3. ਖਬਰੇ ਕਿੱਥੇ ਹੈ...
ਜਿਸਮ ਇੱਥੇ ਜ਼ਰੂਰ ਹੈ ਪਰ ਆਪ ਖਬਰੇ ਕਿੱਥੇ ਹੈ ? ਧੜਕਣ ਹੀ ਮੌਜੂਦ ਹੈ ਪਰ ਦਿਲ ਖਬਰੇ ਕਿੱਥੇ ਹੈ ? ਗੱਲਾਂ-ਬਾਤਾਂ ਦਾ ਇੱਕ ਦੌਰ ਇੱਥੇ ਹੈ ਚਲਦਾ ਪਿਆ ਸੁਣਦਾ ਤਾਂ ਹੈ ਜਾਪਦਾ ਪਰ ਖ਼ਿਆਲ ਖਬਰੇ ਕਿੱਥੇ ਹੈ ? ਗਲ ਦੁਆਲੇ ਸਰਨਾਵੇਂ ਦੀ ਪਰਚੀ ਲਟਕਾਈ ਫਿਰੇ… ਬੇਧਿਆਨੀ ਦੀ ਹੱਦ ਵੇਖੋ ਰਹਿੰਦਾ ਖਬਰੇ ਕਿੱਥੇ ਹੈ ? ਮੈਕਦੇ ਦੇ ਖੁਲ੍ਹਦਿਆਂ ਉਹ ਰੋਜ਼ ਹੀ ਆ ਬਹੁੜਦਾ ਬੰਦ ਹੁੰਦਿਆਂ ਸਾਰ ਹੀ ਪਰ ਜਾਂਦਾ ਖਬਰੇ ਕਿੱਥੇ ਹੈ ? ਬਥੇਰੀਆਂ ਹਸਰਤਾਂ ਘੁੱਟ ਘੁੱਟ ਗਲਾ ਹਨ ਮਾਰੀਆਂ ਉਹ ਸਾਰੀਆਂ ਲਾਸ਼ਾਂ ਦਫਨਾਉਂਦਾ ਖਬਰੇ ਕਿੱਥੇ ਹੈ ?
4. ਧੂਏਂ 'ਚ ਅਕਸ
ਤੇਰੇ ਸਾਹ ਦੀ ਮਹਿਕ ਮੈਨੂੰ ਅੱਜ ਵੀ ਤੜਫਾਉਂਦੀ ਹੈ ਤੇਰੇ ਜਿਸਮ ਦੀ ਤਪਸ਼ ਮੈਨੂੰ ਹੁਣ ਤਕ ਧੁਖਾਉਂਦੀ ਹੈ ਆਪਣੇ ਹੀ ਕਦਮਾਂ ਦੀ ਥਾਪ ਕਦੇ ਤੇਰੀ ਜਾਪਦੀ ਹੈ ਆਪਣੀ ਅਵਾਜ਼ 'ਚੋਂ ਤੇਰੀ ਅਵਾਜ਼ ਪਈ ਆਉਂਦੀ ਹੈ ਸਿਗਰਟ ਦੇ ਧੂਏਂ 'ਚ ਵੀ ਤੇਰਾ ਹੀ ਅਕਸ ਉਭਰਦਾ ਹੈ ਹਰ ਧੜਕਣ ਮੇਰੇ ਦਿਲ ਦੀ ਤੇਰੇ ਨਗਮੇ ਗਾਉਂਦੀ ਹੈ ਦਿਲ ਦੇ ਕਿਸੇ ਕੋਨੇ 'ਚੋਂ ਇੱਕ ਹੌਕਾ ਜਿਹਾ ਨਿਕਲਦਾ ਹੈ ਇਕੱਲ 'ਚ ਤੇਰੀ ਯਾਦ ਜਦੋਂ ਆ-ਆ ਕੇ ਸਤਾਉਂਦੀ ਹੈ ਰਾਤਾਂ ਨੂੰ ਜਦ ਜਾਗਕੇ ਮੈਂ ਤਾਰੇ ਗਿਣਿਆ ਕਰਦਾ ਹਾਂ ਹਰੇਕ ਤਾਰੇ ਵਿੱਚ ਮੈਨੂੰ ਤੇਰੀ ਤਸਵੀਰ ਨਜ਼ਰ ਆਉਂਦੀ ਹੈ
5. ਉਮਰ-ਕ਼ੈਦ !
ਅਵਾਜ਼ ਤਾਂ ਅੱਜ ਵੀ ਮਾਰਦਾ ਹਾਂ ਤੈਨੂੰ ਸੁਣਾਈ ਦੇਂਦੀ ਨਹੀਂ ਮੁੜ ਮਿਲਣ ਦੀ ਹੁਣ ਕੋਈ.. ਉਮੀਦ ਵਿਖਾਈ ਦੇਂਦੀ ਨਹੀਂ ! ਜਿਹਨੂੰ ਹਾਸਿਲ ਕਰਨ ਲਈ.. ਜੀਵਨ ਸਾਰਾ ਲੰਘਾ ਦਿੱਤਾ ਮੰਜ਼ਿਲ ਹੁਣ ਨਜ਼ਰ ਆਉਂਦੀ ਹੈ ਰਾਹ ਸੁਝਾਈ ਦੇਂਦੀ ਨਹੀਂ ! ਫੱਟੜ ਜਿਸਮ 'ਤੇ ਜ਼ਮੀਰ ਦੀ.. ਪੁਕਾਰ ਤਾਂ ਕੰਨੀ ਪੈਂਦੀ ਹੈ ਰੂਹ ਵੀ ਲਹੂ-ਲੁਹਾਣ ਹੈ ਲੇਕਨ ਕਦੇ ਦੁਹਾਈ ਦੇਂਦੀ ਨਹੀਂ ! ਸਹਿਣ ਦਾ ਜੇਕਰ ਫ਼ਤੂਰ ਹੋਵੇ ਦੁੱਖ ਅਪਨਾਉਣਾ ਪੈਂਦਾ ਹੈ ਕਿਉਂਜੋ ਇੰਨਾ ਮਜ਼ਾ.. ਕੋਈ ਤਕਲੀਫ਼ ਪਰਾਈ ਦੇਂਦੀ ਨਹੀਂ ! ਉਮਰ ਦੀ ਇਸ ਕ਼ੈਦ 'ਚ ਇੱਕ ਦਰਦ ਨੂੰ ਆਪਾਂ ਜੀਣਾ ਹੈ ਜਦ ਤੱਕ ਮੌਤ ਆਪ ਆਕੇ ਕਿਸੇ ਨੂੰ ਰਿਹਾਈ ਦੇਂਦੀ ਨਹੀਂ !
6. ਤਬਦੀਲੀ
ਸਬਰ ਕਰੋ ਜੇ ਦਿੱਲ ਵਿੱਚ ਇਨਕ਼ਲਾਬ ਮਚਲਦਾ ਏ ਜ਼ਮਾਨਾ ਵੀ ਆਖ਼ਰ ਇੱਕ ਸਮਾਂ ਲਾਕੇ ਬਦਲਦਾ ਏ ! ਤਬਦੀਲੀ ਕਿਤਾਬਾਂ ਤੱਕ ਹੀ ਸਿਮਟ ਕੇ ਰਹਿ ਗਈ ਨੌਜਵਾਨ ਲਹੂ ਵੀ ਹੁਣ ਮਸਾਂ ਕਿਤੇ ਉਬਲਦਾ ਏ ! ਆਬੋ-ਹਵਾ ਅੱਜ ਦੇ ਦੌਰ ਦੀ ਅਜਿਹੀ ਹੋ ਚੁੱਕੀ ਏ ਹਰੇਕ ਸ਼ਖਸ ਇੱਕ-ਦੂਸਰੇ ਤੋਂ ਬਚ ਕੇ ਚਲਦਾ ਏ ! ਸ਼ਾਮ ਹੋਣ ਤੋਂ ਪਹਿਲੋਂ ਰਾਤ ਪੈ ਜਾਂਦੀ ਏ ਅੱਜ-ਕੱਲ੍ਹ ਪਤਾ ਨਹੀਂ ਲੱਗਦਾ ਸੂਰਜ ਖ਼ਬਰੇ ਕਦੋਂ ਢਲਦਾ ਏ ! ਜ਼ਮਾਨਾ ਖ਼ਰਾਬ ਏ, ਇਹਤਿਆਤ ਵਰਤਿਆ ਕਰੋ ਹਰ ਆਸਤੀਨ 'ਚ ਕੋਈ ਨਾ ਕੋਈ ਸੱਪ ਪਲਦਾ ਏ !!
7. ਗੁਜ਼ਾਰਿਸ਼
ਦਿਲ 'ਚ ਨਾ ਕੋਈ ਵੀ ਤੁਸੀ ਮਲਾਲ ਰੱਖਿਓ ਬੱਸ ਹੁਜ਼ੂਰ ਆਪਣਾ ਤੁਸੀ ਖਿਆਲ ਰੱਖਿਓ ਜਿਸ 'ਤੇ ਫ਼ਿਦਾ ਮੇਰੇ ਵਾਂਗ ਹੋਰ ਵੀ ਨੇ ਕਈ ਬਰਕ਼ਰਾਰ ਆਪਣਾ ਤੁਸੀਂ ਜਮਾਲ ਰੱਖਿਓ ਮੁੜ ਸਾਡੀ ਮੁਲਾਕਾਤ ਖ਼ਬਰੇ ਹੁਣ ਕਦੋਂ ਹੋਵੇ ਮੇਰੀਆਂ ਯਾਦਾਂ ਜ਼ਰੂਰ ਤੁਸੀਂ ਸੰਭਾਲ ਰੱਖਿਓ ਇੰਨਾ ਚਾਹੁਣ ਵਾਲਾ ਫਿਰ ਲੱਭੇ ਕਿ ਨਾ ਲੱਭੇ ਦਿਲ 'ਚ ਥੋੜ੍ਹੀ ਥਾਂ ਤੁਸੀ ਫ਼ਿਲਹਾਲ ਰੱਖਿਓ ਆਪਣਿਆਂ 'ਚ ਸ਼ੁਮਾਰ ਨਾ ਕਰ ਸਕੋ ਕਦੇ ਆਸ਼ਕਾਂ ਵਿੱਚ ਮੇਰੀ ਤੁਸੀ ਮਿਸਾਲ ਰੱਖਿਓ
8. ਵਾਟਰ ਆਫ਼ ਇੰਡੀਆ- ਦ ਮੈਜਿਕ ਟ੍ਰਿਕ
ਦੋ-ਚਾਰ ਕਰਤੱਬ ਦੇ ਬਾਅਦ ਜਾਦੂਗਰ ਖਾਲੀ ਗੜਵੀ ਹਵਾ 'ਚ ਲਹਿਰਾਉਂਦਾ ਸੀ; ਤੇ ਉਸ ਦੇ ਵਿਚੋਂ ਫੇਰ ਇਕ ਵਾਰ ਪਾਣੀ ਨਿਕਲ ਆਉਂਦਾ ਸੀ… ਵਰ੍ਹਿਆਂ ਮਗਰੋਂ ਮੈਨੂੰ ਸ਼ਾਇਦ ਕੁਝ ਉਸਦੇ ਵਰਗਾ ਕਰਨਾ ਆ ਗਿਆ ਹੈ; ਮੇਰੇ ਦਿੱਲ ਦੇ ਦਰਦ ਨੂੰ ਕਵਿਤਾ ਦੀ ਸ਼ਕਲ ਵਿਚ ਸਫ਼ੇ 'ਤੇ ਉਕਰਨਾ ਆ ਗਿਆ ਹੈ… ਖ਼ਬਰੇ ਮਾਇਆ ਸੀ ਜਾਂ ਜਾਦੂ ਹਾਲੇ ਤੀਕ ਬਰਕ਼ਰਾਰ ਏ, ਦਰਦ-ਏ-ਦਿੱਲ ਨਾਲ ਵੀ ਹੁੰਦਾ ਉਹੀ ਚਮਤਕਾਰ ਏ, ਪਾਣੀ ਕਦੇ ਮੁੱਕਦਾ ਨਹੀਂ ਸੀ ਦਰਦ ਕਦੇ ਘੱਟਦਾ ਨਹੀਂ ਏ !!
9. ਸਵਾਬ ਹਾਂ ਮੈਂ !
ਜੋ ਪੁੱਛਿਆ ਨਾ ਗਿਆ ਉਸ ਸਵਾਲ ਦਾ ਜਵਾਬ ਹਾਂ ਮੈਂ ਦਿਵਾਨਗੀ-ਏ-ਸ਼ੌਕ ਦੀ, ਇਕ ਖੁੱਲੀ ਕਿਤਾਬ ਹਾਂ ਮੈਂ ! ਇਹ ਬਾਦਾ-ਕਸ਼ੀ ਤੁਹਾਡੇ ਲਈ ਇੱਕ ਗੁਨਾਹ ਹੀ ਸਹੀ ਜਿਸ ਦੇ ਆਦੀ ਹੋ ਜਾਓਗੇ ਬਸ ਉਹੀ ਸ਼ਰਾਬ ਹਾਂ ਮੈਂ ! ਆਪ ਹੀ ਮਿਲ ਗਿਆ ਹਾਂ ਹੁਣ ਹਿਫਾਜ਼ਤ ਨਾਲ ਰੱਖਿਓ ਸੌਖਿਆਂ ਜੋ ਹੱਥ ਨਾ ਆ ਸਕੇ, ਨਗੀਨਾ ਨਾਯਾਬ ਹਾਂ ਮੈਂ ! ਵਿਚਾਰਾਂ ਦੇ ਨਾਲ ਸ਼ਾਇਦ ਤਰੀਕੇ ਵੀ ਪੁਰਾਣੇ ਹੋ ਚੱਲੇ ਨੇ ਇਸ਼ਕ ਦਾ ਤੌਰ ਹੀ ਬਦਲ ਦੇਵੇ ਉਹ ਇਨਕ਼ਲਾਬ ਹਾਂ ਮੈਂ ! ਆਖ਼ਰ ਕਬੂਲ ਹੋਏ ਸਾਰੇ ਸਜਦੇ 'ਤੇ ਤੁਹਾਡੀ ਇਬਾਦਤ ਜੋ ਹਾਸਲ ਕਰਨ ਦੀ ਆਰਜ਼ੂ ਸੀ ਉਹੀ ਸਵਾਬ ਹਾਂ ਮੈਂ !
10. ਉਨ੍ਹੀਂ ਦਿਨੀਂ (ਗ਼ਜ਼ਲ)
ਹਰ ਇੱਕ ਸ਼ੈ ਦੀ ਭਾਵੇਂ ਤਮੰਨਾ ਸੀ ਉਨ੍ਹੀਂ ਦਿਨੀਂ ਮਾਯੂਸੀ ਕੋਹਾਂ ਦੂਰ ਰਿਹਾ ਕਰਦੀ ਸੀ ਉਨ੍ਹੀਂ ਦਿਨੀਂ ਬੱਸ ਆਪਣੇ-ਆਪ 'ਚ ਰੁੱਝੇ, ਖੁਸ਼ ਰਿਹਾ ਕਰਦੇ ਸਾਂ ਸੁਭਾਅ ਵਿੱਚ ਹੀ ਮੌਜ-ਮਸਤੀ ਸੀ ਉਨ੍ਹੀਂ ਦਿਨੀਂ ਜਾਗਦਿਆਂ ਵੀ ਸੁਫ਼ਨੇ, ਹਵਾ 'ਚ ਉਡਦਿਆਂ ਫਿਰਨਾ ਚਹੁੰ-ਪਾਸੇ ਇੱਕ ਵੱਖਰੀ ਰੰਗੀਨੀ ਸੀ ਉਨ੍ਹੀਂ ਦਿਨੀਂ ਜੋ ਦਿੱਲ ਕਰੇ ਕਰੀਦਾ ਸੀ, ਫ਼ਿਕਰ ਕੋਈ ਸੀ ਨਹੀਂ ਅਕਲ ਦੇ ਨਾਲ ਜਿਵੇਂ ਦੁਸ਼ਮਣੀ ਸੀ ਉਨ੍ਹੀਂ ਦਿਨੀਂ ਜੇਬ ਖ਼ਾਲੀ ਸੀ ਲੇਕਿਨ ਦਿੱਲ ਦੇ ਬੜੇ ਰਈਸ ਸਾਂ ਲਹਿਜੇ ਤੋਂ ਹੀ ਅਮੀਰੀ ਝਲਕਦੀ ਸੀ ਉਨ੍ਹੀਂ ਦਿਨੀਂ ਰਹਿੰਦੇ ਬੇਸ਼ੱਕ ਦੂਰ ਦੂਰ, ਮਨ ਹਮੇਸ਼ਾ ਨੇੜੇ ਸਨ ਯਾਰਾਂ ਦੇ ਘਰ ਦੀ ਰਾਹ ਸੁਹਾਉਣੀ ਸੀ ਉਨ੍ਹੀਂ ਦਿਨੀਂ