ਪੰਜਾਬੀ ਕਵਿਤਾਵਾਂ : ਮੇਦਨ ਸਿੰਘ ‘ਮੇਦਨ’

Punjabi Poetry : Medan Singh Medan


ਮੇਰੀ ਝੁੱਗੀ ਦਾ ਦਰ

ਮੇਰੀ ਝੁੱਗੀ ਦਾ ਦਰ ਏਨਾ ਨੀਵਾਂ ਹੈ। ਜਦੋਂ ਮੈਂ ਇਹਦੇ ਅੰਦਰ ਜਾਂਦਾ ਹਾਂ, ਤਾਂ ਇਹਨੂੰ ਸਿਰ ਨਿਵਾਉਂਦਾ ਹਾਂ। ਤੇ ਜਦੋਂ ਮੈਂ ਇਸ ਤੋਂ ਬਾਹਰ ਆਉਂਦਾ ਹਾਂ, ਤਾਂ ਪ੍ਰਕਿਰਤੀ ਨੂੰ ।

ਮੈਂ ਝੂਠ ਹਾਂ

ਮੈਂ ਝੂਠ ਹਾਂ, ਮੈਂ ਚਾਰ ਜੁੱਗ ਜਿੱਤ ਚੁਕਾ ਹਾਂ, ਸਤਯੁੱਗ, ਤਰੇਤਾ, ਦੁਆਪਰ, ਤੇ ਕਲ ਯੁੱਗ, ਤੇ ਆਉਣ ਵਾਲਾ ਜੁੱਗ ? ਜਿਨ੍ਹੀ ਗੁਲਾਮੀ ਦਾ ਜੁੱਗ ਹੋਵੇਗਾ। ਜਿਸ ਵਿੱਚ ਮਨੁੱਖੀ ਕਦਰਾਂ ਕੀਮਤਾਂ ਵਿਚਕਾਰ, ਸਿਫਤੀ ਨਾ ਬਰਾਬਰੀ, ਅਜੇ ਬਾਕੀ ਹੋਵੇਗੀ, ਤੇ ਉਸ ਤੋਂ ਅੱਗੇ ? ਉਸ ਤੋਂ ਅੱਗੇ ਮਾਨ ਜੁੱਗ, ਹੱਕ ਬਰਾਬਰੀ ਤੇ, ਸਰਬੱਤ ਦੇ ਭਲੇ ਦਾ ਜੁੱਗ। ਉਦੋਂ ਮੈਂ ਨਹੀਂ ਹੋਵਾਂਗਾ। ‘ਮੇਦਨ’ ਖਿਆਲ ਰੱਖਿਉ, ਮੈਨੂੰ ਡੂੰਘਾ ਕਰਕੇ ਦੱਬਿਉ, ਸੱਚ ਵਾਂਗ ਮੇਰੀ ਕਬਰ ਨਾ ਬਣਾਇਉ।

ਕਹਿਣੀ ਤੇ ਕਰਨੀ

ਉਹਦੀ ਕਹਿਣੀ ਦਾਤਰੀ ਵਰਗੀ, ਤੇ ਕਰਨੀ ਹਥੌੜੇ ਵਰਗੀ, ਤੇ ਇਹ ਦੋਵੇਂ ਸੰਦ, ਮੈਂ ਰੋਜ਼, ਇੱਕ ਬੁੱਤ ਘਾੜੇ ਦੇ ਹੱਥਾਂ ਵਿੱਚ, ਹਰਕਤ ਕਰਦੇ ਵੇਖਦਾ ਹਾਂ, ਤੇ ਜਦੋਂ ਉਹ, ਇਹ ਦੋਵੇਂ ਸੰਦ, ਧਰਤੀ ਨੂੰ ਛੁਹਾਉਂਦਾ ਹੈ, ਤਾਂ ਮਿੱਟੀ ਦੀ ਭਾ, ਸੋਨੇ ਰੰਗੀ ਹੋ ਜਾਂਦੀ ਹੈ। ਹਾਂ ‘ਮੇਦਨ’, ਜਿਸ ਨੂੰ ਤੁਸੀਂ ਰਿਜ਼ਕ ਆਖਦੇ ਹੋ। (ਕਾਵਿ ਸੰਗ੍ਰਿਹ 'ਮਾਰਗ' ਵਿੱਚੋਂ)

ਗ਼ਜ਼ਲਾ

ਗ਼ਜ਼ਲ ਤਾਂ ਨਾਜ਼ਕ ਮਜਾਜ ਔਰਤ ਦੀ ਜਾਤ ਹੈ। ਗ਼ਜ਼ਲਾ ਮੇਰਾ ਆਪਣਾ, ਮਰਦਾਂ ਦਾ ਰੰਗ ਹੈ। ਗ਼ਜ਼ਲ ਤਾਂ ਕਿੱਸਾ , ਸੂਤ ਕੱਤਦੀ ਨਾਰ ਦਾ , ਗ਼ਜ਼ਲਾ ਕਹਿ, ਕੀ? ਕਿਵੇਂ ਕਦਰਾਂ ਦੀ ਜੰਗ ਹੈ। ਹੁਸਨ ਤੇ ਇਸ਼ਕ ਦੀ ਗ਼ਜ਼ਲ ਇਕ ਬਾਤ ਹੈ, ਜੀਉਂਣ ਲਈ ਜਾਨ ਦੀ, ਗ਼ਜ਼ਲਾ ਉਮੰਗ ਹੈ। ਗ਼ਜ਼ਲ ਤਾਂ ਨਿਰੀ ਪੁਰੀ ਆਇਤ ਸ਼ੰਗਾਰ ਦੀ, ਗ਼ਜ਼ਲਾ ਸਿੱਧਾ ਸਾਦਾ, ਮਸਤ ਮਲੰਗ ਹੈ। ਜਿੰਦਗੀ ਦਾ ਗ਼ਜ਼ਲਾ, ਇਕ ਮਾਰੂ ਰਾਗ ਹੈ, ਹੁਸਨ ਦੇ ਸਾਜ਼ ਦੀ, ਗ਼ਜ਼ਲ ਤਰੰਗ ਹੈ। ਲੋਹੇ ਦਾ ਕੜਾ ਜਿਉਂ, ਗਜ਼ਲੇ ਨੂੰ ਆਖੀਏ, ਗ਼ਜ਼ਲ ਤਾਂ ਅੱਤ ਮਲੂਕ ਕੱਚ ਦੀ ਵੰਗ ਹੈ। ਗ਼ਜ਼ਲਾ ਅਚੂਕ ਹੈ ਵਾਰ ਤਲਵਾਰ ਦਾ, ਗ਼ਜ਼ਲ ਬੇ ਕੀਲਿਆ, ਜੁਲਫ ਦਾ ਡੰਗ ਹੈ। ਦੋਹਾਂ ਦਾ ਵੇਖੀਏ ਹੈ ਇੱਕੋ ਮੁਹਾਂਦਰਾ, ਦੋਹਾਂ ਦਾ, ਆਪਣਾ, ਆਪਣਾ ਰੰਗ ਹੈ। ਔਰਤ ਦਾ ‘ਮੇਦਨ’ ਇੱਕ ਜੋੜ ਹੈ, ਗ਼ਜ਼ਲ ਤੇ ਗਜ਼ਲੇ ਦਾ ਅਜ਼ਲਾਂ ਦਾ ਸੰਗ ਹੈ। (ਕਾਵਿ ਸੰਗ੍ਰਿਹ 'ਕਦਮ ਕੁ ਅੰਗਣਾਂ' ਵਿੱਚੋਂ)

ਸਿਆਸਤ

ਆਪਣੇ ਹੀ ਘਰ ਕਤਲੋਗਾਰਤ, ਆਪਣੇ ਹੀ ਘਰ ਸਾੜ ਫੂਕ, ਐਹੇ ਜਿਹੀ ਘਰ ਖਾਣੀ, ਕਿੱਥੋਂ ਸਿਆਸਤ ਆ ਗਈ। ਕਈ ਘਰ ਆਪਣੇ 'ਚ ਹੀ, ਸਿਆਸਤ ਖੇਡਦੇ ਰਹਿੰਦੇ, ਕ੍ੜ੍ਹੀ ਘੋਲਦੇ ਰਹਿੰਦੇ, ਮੜ੍ਹੀ ਬਾਲ਼ਦੇ ਰਹਿੰਦੇ। ਰੱਬਪ੍ਰਸਤ ਕਿਵੇਂ ਕਹਾਂ, ਦੋ ਅਸਲ 'ਚ ਨੇ ਫਿਰਕਾਪ੍ਰਸਤ, ਰੱਬ ਤੇ ਫਿਰਕਾਪ੍ਰਸਤੀ, ਜੋੜ ਕੋਈ ਮਿਲਦਾ ਨਹੀਂ।

ਸਾਰੀ ਉਮਰ ਹੀ ਗਮ 'ਚ ਗੁਜ਼ਰ ਗਈ

ਸਾਰੀ ਉਮਰ ਹੀ ਗਮ 'ਚ ਗੁਜ਼ਰ ਗਈ। ਬਹਾਰ, ਪਤਝੜ 'ਚ , ਖੁਸ਼ੀ ਮਾਤਮ 'ਚ ਗੁਜ਼ਰ ਗਈ। ਖਿਜਾਂ ਵੇਖਦੀ ਰਹਿ ਗਈ, ਰੰਗ ਮੌਸਮ ਦਾ, ਸਿਰ ,ਤੇ ਆਈ ਜਾਂ ਬਦਲੀ, ਇਕ ਦਮ ,ਗੁਜ਼ਰ ਗਈ। ਫਿਜਾ ਤਲਖ਼ ਘੁਟੀ ਘੁਟੀ, ਗਰਮ, ਸਰਦ ਜੈਸੀ, ਇਹ ਜਿੰਦਗੀ, ਹਰ ਮੌਸਮ 'ਚ ਗੁਜ਼ਰ ਗਈ। ਆਪਣੀ ਤਾਂ ਮੈ-ਕਸ਼ੀ 'ਚ ਗੁਜ਼ਰੀ, ਗਮ ਦੇ ਮਾਰੇ ਦੀ, ਸ਼ੇਖ ਦੀ ਸਾਰੀ ਕਸਮ, 'ਚ ਗੁਜ਼ਰ ਗਈ। ਇਰਾਦਾ ਸੀ ਕਿ ਦਿਲ ਫੋਲਾਂਗਾ, ਉਹਨ੍ਹੂੰ ਮਿਲ ਕੇ, ਘੜੀ ਜਾਂ ਆਈ, ਸ਼ਰਮ 'ਚ ਗੁਜ਼ਰ ਗਈ। ਇੱਕ ਲਾਟ, ਇਹੋ ਸ਼ੋਅਲਾ, ਇਕ ਲਾਵਾ, ਕੋਈ ਬਿਜਲੀ ਜਿਹੀ, ਬਜ਼ਮ 'ਚ ਗੁਜ਼ਰ ਗਈ। ਹਸ਼ਰ ਦੇ ਰੋਜ਼ ਜੰਨਤ 'ਚ ਪੈਰ ਪਾਇਆ ‘ਮੇਦਨ’ ਨੇ, ਇਕ ਲਹਿਰ ਜਿਹੀ ਜ਼ੰਮ ਜ਼ੰਮ 'ਚ ਗੁਜ਼ਰ ਗਈ।

ਰੁਬਾਈ

ਇਸ਼ਕ ਮਿਜਾਜੀ, ਹੁਸਨੋ ਕਹਿੰਦੇ, ਇਸ਼ਕ ਹਕੀਕੀ ਰੱਬ ਤੋਂ। ਇਕ ਮੇਲ ਦੂਆ ਮੁਕਤੀ ਲੋਚੇ, ਦੋਵੇਂ ਨਾ ਖਾਲੀ ਲੱਬ ਤੋਂ, ਵੇਖ ਮਨੁੱਖਤਾ ਦੁੱਖਾਂ ਨੂੜੀ, ਜੇ ਲੜ ਮਰਦਾ ਹੈ ‘ਮੇਦਨ’। ਇਸ਼ਕ ਬੇ ਗਰਜਾ, ਦੇਸ਼ ਭਗਤ ਦਾ, ਹੈ ਇਹ ਉੱਤਮ ਸੱਭ ਤੋਂ। ( ਕਾਵਿ ਸੰਗ੍ਰਿਹ 'ਹਸ਼ਰਾਂ ਤੀਕ' ਵਿੱਚੋਂ)